ਅਤਰਜੀਤ ਦੱਬੇ ਕੁਚਲੇ ਲੋਕਾਂ ਦੀ ਆਵਾਜ਼ ਬਣ ਕੇ ਜੀਣ ਵਾਲਾ ਸਮਰੱਥ ਕਹਾਣੀਕਾਰ ਹੈ ਪਿਛਲੀ ਅੱਧੀ ਸਦੀ ਤੋਂ ਉਹ ਨਿਰੰਤਰ ਲਿਖ ਰਿਹਾ ਹੈ। ਗੁਰਸ਼ਰਨ ਭਾਅ ਜੀ ਦੁਆਰਾ ਸ਼ੁਰੂ ਕੀਤੀ ਚੱਲਦੀ ਫਿਰਦੀ ਲਾਇਬ੍ਰੇਰੀ ਦਾ ਵਰਤਮਾਨ ਸਾਰਥੀ ਹੈ। ਅਤਰਜੀਤ ਨੇ ਜ਼ਿੰਦਗੀ ਦੀਆਂ ਕਰੂਰ ਤੋਂ ਕਰੂਰ ਹਾਲਤਾਂ ਵਿਚ ਵੀ ਇਨਕਲਾਬੀ ਵਿਚਾਰਾਂ ਦੀ ਸ਼ਮ੍ਹਾਂ ਨੂੰ ਜਗਦਿਆਂ ਰੱਖਿਆ ਹੈ। ਤੰਗੀਆਂ ਤੁਰਸ਼ੀਆਂ ਵਿਚ ਰਹਿ ਕੇ ਵੀ ਆਪਣੇ ਨਿੱਜੀ ਜੀਵਨ ਨਾਲੋਂ ਸਮੁੱਚੇ ਸਮਾਜ ਦੀ ਬਿਹਤਰੀ ਲਈ ਕਲਮਕਾਰੀ ਕੀਤੀ ਹੈ। ਉਸ ਦੀ ਇਸ ਸਾਹਿਤਕ ਘਾਲਣਾ ਨੂੰ ਵੇਖਦੇ ਹੋਏ ਸਾਹਿਤ ਕਲਾ ਕੇਂਦਰ ਜਲੰਧਰ ਵੱਲੋਂ ਇੰਡੋਜ਼ ਪੰਜਾਬੀ ਸਾਹਿਤ ਅਕਾਦਮੀ ਆਫ ਆਸਟ੍ਰੇਲੀਆ ਦੇ ਸਹਿਯੋਗ ਨਾਲ ਸਥਾਪਤ ਕੀਤਾ ਹੋਇਆ ਚੌਥਾ ਗ਼ਦਰੀ ਬਾਬਾ ਜਵਾਲਾ ਸਿੰਘ ਠੱਠੀਆਂ ਯਾਦਗਾਰੀ ਪੁਰਸਕਾਰ 16 ਫਰਵਰੀ 2020 ਨੂੰ ਦਿੱਤਾ ਜਾ ਰਿਹਾ ਹੈ। ਪੇਸ਼ ਹੈ ਉਨ੍ਹਾਂ ਨਾਲ ਕੀਤੀ ਗਈ ਮੁਲਾਕਾਤ ਦੇ ਕੁਝ ਅੰਸ਼ -

- ਆਪਣੀ ਜਨਮ ਭੂਮੀ ਤੇ ਮੁੱਢਲੇ ਜੀਵਨ ਬਾਰੇ ਦੱਸੋ।

ਮੇਰਾ ਜਨਮ ਪਿੰਡ ਮੰਡੀ ਕਲਾਂ ਜ਼ਿਲ੍ਹਾ ਬਠਿੰਡਾ ਵਿਖੇ ਕਾਗ਼ਜ਼ਾਂ ਮੁਤਾਬਕ 2 ਜਨਵਰੀ, 1941 ਨੂੰ ਹੋਇਆ ਹੈ। ਮੇਰੇ ਪਿਤਾ ਦਾ ਨਾਂ ਪ੍ਰਸਿੰਨ ਸਿੰਘ ਅਤੇ ਮਾਤਾ ਦਾ ਨਾਂ ਨੰਦ ਕੌਰ ਸੀ । ਬਾਪ ਰਾਜਨੀਤੀ ਵਿਚ ਪੂਰਾ ਸਰਗਰਮ ਸੀ ਤੇ ਨਾਲ ਹੀ ਉਸਦਾ ਪਿੰਡ ਦੇ ਵੈਲੀਆਂ ਨਾਲ ਵੀ ਯਰਾਨਾ ਸੀ। ਜਿਸ ਕਿਸਮ ਦੀ ਦੂਹਰੀ ਸ਼ਖ਼ਸੀਅਤ ਦਾ ਮੈਂ ਕੋਈ ਨਿਖੇੜਾ ਨਹੀਂ ਕਰ ਸਕਿਆ। ਮੇਰਾ ਬਚਪਨ ਤਸੀਹੇ ਭਰਿਆ ਬੀਤਿਆ ਹੈ, ਮੈਂ ਉਸ ਸਮੇਂ ਪਹਿਲੀ ਜਮਾਤ ਵਿਚ ਪੜ੍ਹਦਾ ਸੀ ਜਦ ਮੇਰੇ ਪਿਤਾ ਜੀ ਦਾ ਕਤਲ ਹੋ ਗਿਆ ਸੀ, ਮਾਂ ਦੀ ਉਮਰ ਮਸਾਂ 22 ਸਾਲ ਸੀ ਜਦ ਵਿਧਵਾ ਹੋ ਗਈ ਜਿਸ ਦਾ ਪਤੀ ਅਣਆਈ ਮੌਤ ਮਰ ਗਿਆ। ਸਾਰਾ ਜੀਵਨ ਨਰਕ ਵਿਚ ਬਦਲ ਗਿਆ। ਮੇਰੀ ਇਕ ਭੈਣ ਸੀ ਜੋ ਮੇਰੇ ਬਾਪ ਦੀ ਮੌਤ ਤੋਂ ਛੇ ਕੁ ਦਿਨ ਬਾਅਦ ਮਰ ਗਈ ਸੀ। ਸਾਡੀ ਮਾਂ ਸਾਨੂੰ ਦੋਹਾਂ ਭਰਾਵਾਂ ਨੂੰ ਸਾਡੇ ਨਾਨਕੀਂ ਲੈ ਆਈ। ਮੇਰਾ ਨਾਨਕਾ ਪਰਿਵਾਰ ਆਰਥਿਕ ਤੌਰ 'ਤੇ ਬਹੁਤ ਗ਼ਰੀਬ ਸੀ। ਉੱਥੇ ਸਾਡਾ ਜੂਨ ਗੁਜ਼ਾਰਾ ਨਾ ਹੋਇਆ ਫਿਰ ਪਿੰਡ ਵਾਪਸ ਆ ਗਏ ਤੇ ਮੇਰੀ ਮਾਂ ਮੇਰੇ ਤਾਏ ਦੀ ਰੋਟੀ ਪਕਾਉਣ ਲੱਗ ਪਈ।

- ਤੁਸੀਂ ਆਪਣੀ ਵਿੱਦਿਅਕ ਯੋਗਤਾ ਬਾਰੇ ਦੱਸੋ?

ਮੈਂ ਪਿੰਡ ਮੰਡੀ ਕਲਾਂ ਦੇ ਮਿਡਲ ਸਕੂਲ ਤੋਂ ਅੱਠਵੀਂ ਪਾਸ ਕੀਤੀ, ਰਾਮਪੁਰਾ ਫੂਲ ਦੇ ਸਟੇਟ ਹਾਈ ਸਕੂਲ ਤੋਂ 1958 ਵਿਚ ਦਸਵੀਂ ਅਤੇ 1959 ਵਿਚ ਗਿਆਨੀ ਦਾ ਇਮਤਿਹਾਨ ਚੰਗੇ ਨੰਬਰ ਲੈ ਕੇ ਪਾਸ ਕੀਤਾ ਅਪਰੈਲ 1960 ਵਿਚ ਕਰਨਾਲ ਤੋਂ ਓ. ਟੀ ਪੰਜਾਬੀ ਦੇ ਅਧਿਆਪਕ ਦਾ ਕੋਰਸ ਕਰ ਲਿਆ। ਪ੍ਰਾਈਵੇਟ ਤੌਰ 'ਤੇ ਬੀ•ਏ ਐੱਮ. •ਏ. ਪੰਜਾਬੀ ਅਤੇ ਬੀ• ਐੱਡ ਤਕ ਦੀ ਵਿੱਦਿਅਕ ਯੋਗਤਾ ਹਾਸਲ ਕੀਤੀ । ਮੇਰੇ ਤਾਏ ਨੇ ਬੜੀਆਂ ਔਖਾਂ ਝਲ ਕੇ ਪੜ੍ਹਾਇਆ ਮੈਨੂੰ। ਸ਼ੁਰੂ ਦੀਆਂ ਜਮਾਤਾਂ ਵਿਚ ਮੈਂ ਪੜ੍ਹਾਈ ਵਿਚ ਕਮਜ਼ੋਰ ਸੀ ਪਰ ਵੱਡੀਆਂ ਜਮਾਤਾਂ ਮੈਂ ਵਧੀਆ ਨੰਬਰ ਲੈ ਕੇ ਪਾਸ ਕੀਤੀਆਂ।

- ਤੁਸੀਂ ਰੋਜ਼ੀ-ਰੋਟੀ ਲਈ ਅਧਿਆਪਕ ਕਿੱਤਾ ਅਪਣਾਇਆ ਜਾਂ ਅਧਿਆਪਕ ਬਣਨ ਦੀ ਦਿਲੀ ਇੱਛਾ ਸੀ?

ਘਰ ਵਿਚ ਪੜ੍ਹਨ ਦਾ ਮਾਹੌਲ ਨਹੀਂ ਸੀ। ਰੋਟੀ ਦਾ ਹੀ ਫ਼ਿਕਰ ਲੱਗਿਆ ਰਹਿੰਦਾ ਸੀ ਜਿਸ ਕਰਕੇ ਮੈਨੂੰ ਦਿਹਾੜੀ ਵੀ ਜਾਣਾ ਪੈਂਦਾ ਸੀ। ਸਾਡੇ ਘਰ, ਸਰਦਾਰਾਂ ਦੇ ਮੁਜ਼ਾਹਰੇ ਸਨ ਜਿਸ ਕਰਕੇ ਮੇਰੇ ਤੋਂ ਖੇਤਾਂ ਵਿਚ ਵੀ ਕੰਮ ਕਰਵਾਉਂਦੇ ਸਨ। ਸ਼ੁਰੂਆਤ ਤਾਂ ਮੈਂ ਕਹਿ ਸਕਦਾ ਹਾਂ ਕਿ ਰੋਜ਼ੀ ਰੋਟੀ ਦੀ ਖ਼ਾਤਰ ਹੀ ਹੋਈ ਪਰ ਬਾਅਦ ਵਿਚ ਇਕ ਸੁਯੋਗ ਅਧਿਆਪਕ ਬਣਨ ਦੇ ਲਗਾਤਾਰ ਯਤਨ ਕੀਤੇ। ਆਪਣੇ ਕਾਰਜ ਪ੍ਰਤੀ ਪੂਰਾ ਪ੍ਰਤੀਬੱਧ ਹੋ ਕੇ ਤੁਰਿਆ। ਸੇਵਾ ਮੁਕਤੀ ਤਕ ਮੈਂ ਨਵੀਆਂ ਲੀਹਾਂ ਪਾਉਣ ਵਿਚ ਸਫਲ ਹੋਇਆ ਤੇ ਸਮਾਜ ਵਿਚ ਨਾਮਣਾ ਖੱਟ ਕੇ ਸੀਨੀਅਰ ਸੈਕੰਡ212ਰੀ ਸਕੂਲ, ਪਿੰਡ ਕੋਟ ਭਾਰਾ ਵਿੱਚੋਂ ਸ਼ਾਨੋ ਸ਼ੌਕਤ ਨਾਲ ਸੇਵਾ ਮੁਕਤ ਹੋਇਆ।

- ਤੁਸੀਂ ਪੰਜਾਬ ਦੀ ਅਧਿਆਪਕ ਯੂਨੀਅਨ ਵਿਚ ਵੀ ਪੂਰੀ ਤਰ੍ਹਾਂ ਸਰਗਰਮ ਰਹੇ ਹੋ ਆਧੁਨਿਕ ਜਥੇਬੰਦੀਆਂ ਬਾਰੇ ਕੀ ਵਿਚਾਰ ਹਨ?

ਅੱਜ ਅਧਿਆਪਕ ਯੂਨੀਅਨਾਂ ਪਹਿਲਾਂ ਵਾਂਗ ਮਜ਼ਬੂਤ ਨਹੀਂ ਇਸ ਦੇ ਕਈ ਕਾਰਨ ਹੋ ਸਕਦੇ ਹਨ। ਸਰਕਾਰਾਂ ਨੂੰ ਪਤਾ ਹੈ ਕਿ ਅਧਿਆਪਕ ਵਰਗ ਹੀ ਸਮਾਜ ਦਾ ਚੇਤੰਨ ਵਰਗ ਹੁੰਦਾ ਹੁੰਦਾ ਹੈ ਇਨ੍ਹਾਂ ਨੂੰ ਉਲਝਾ ਕੇ ਰੱਖੋ ਹੁਣ ਤਾਂ ਯੂਨੀਅਨਾਂ ਦੇ ਹਾਲ ਵੀ ਨੌ ਪੂਰਬੀ ਤੇ ਅਠਾਰਾਂ ਚੁੱਲ੍ਹੇ ਵਾਲਾ ਹੋ ਗਿਆ ਹੈ। ਅਨੇਕਾਂ ਯੂਨੀਅਨਾਂ ਬਣ ਗਈਆਂ ਹਨ, ਅਧਿਆਪਕਾਂ ਨੂੰ ਬਿਜ਼ਨਸ ਨੇ ਘੇਰਾ ਪਾ ਲਿਆ ਹੈ। ਸੋ ਜਥੇਬੰਦੀਆਂ ਨੂੰ ਆਪਣੇ ਅਣਖੀ ਵਿਰਸੇ ਨੂੰ ਯਾਦ ਰੱਖਣਾ ਚਾਹੀਦਾ ਹੈ।

- ਤੁਹਾਡਾ ਸਾਹਿਤ ਦੇ ਖੇਤਰ ਵਿਚ ਕੋਈ ਸਾਹਿਤਕ ਗੁਰੂ ਹੈ?

ਸਾਹਿਤ ਦੇ ਖੇਤਰ ਵਿਚ ਮੈਂ ਕੋਈ ਗੁਰੂ ਧਾਰਨ ਨਹੀਂ ਕੀਤਾ ਸਾਹਿਤ ਅਤੇ ਨਕਸਲੀ ਲਹਿਰ ਨੇ ਮੈਨੂੰ ਸਾਹਿਤਕ ਖੇਤਰ ਵੱਲ ਉਤਸ਼ਾਹਿਤ ਕੀਤਾ ਹੈ। ਮਰਹੂਮ ਅਧਿਆਪਕ ਹਰਬੰਸ ਸਿੰਘ ਸੋਹੀ ਦੀ ਪ੍ਰੇਰਨਾ ਨਾਲ ਪਹਿਲਾਂ ਮੈਂ ਪ੍ਰੀਤ ਲੜੀ ਦਾ ਪਾਠਕ ਬਣਿਆ ਅਤੇ ਫਿਰ ਕਾਫ਼ੀ ਸਾਰਾ ਸੋਵੀਅਤ ਸਾਹਿਤ ਪੜ੍ਹਿਆ ਜਿਸ ਦਾ ਪ੍ਰਭਾਵ ਕਬੂਲਦੇ ਹੋਏ ਮੈਂ ਸਾਹਿਤ ਦੀ ਕਹਾਣੀ ਵਿਧਾ ਨਾਲ ਜੁੜ ਗਿਆ। ਗੁਰਸ਼ਰਨ ਭਾਅ ਜੀ ਨੇ ਮੇਰੀ ਲੇਖਣੀ ਦੀ ਪਛਾਣ ਕਰਦਿਆਂ 1973 ਵਿਚ ਮਾਸ ਖੋਰੇ ਕਹਾਣੀ ਸੰਗ੍ਰਹਿ ਬਲਰਾਜ ਸਾਹਨੀ ਯਾਦਗਾਰੀ ਪ੍ਰਕਾਸ਼ਨ ਵੱਲੋਂ ਛਾਪ ਕੇ ਸਾਹਿਤ ਦੇ ਖੇਤਰ ਵਿਚ ਪ੍ਰਵੇਸ਼ ਕਰਵਾ ਦਿੱਤਾ ਫਿਰ ਚੱਲ ਸੋ ਚੱਲ।

- ਹੁਣ ਤਕ ਦੀ ਤੁਹਾਡੀ ਕਿਤਾਬਾਂ ਦੇ ਰੂਪ ਵਿਚ ਸਾਹਿਤ ਨੂੰ ਦੇਣ?

ਸਭ ਤੋਂ ਪਹਿਲਾਂ 1973 ਵਿਚ 'ਮਾਸ ਖੋਰੇ' ਕਹਾਣੀ ਸੰਗ੍ਰਹਿ ਫਿਰ 'ਟੁੱਟਦੇ ਬਣਦੇ ਰਿਸ਼ਤੇ', 'ਅਦਨਾ ਇਨਸਾਨ' 'ਕਹਾਣੀ ਕੌਣ ਲਿਖੇਗਾ', 'ਅੰਨ੍ਹੀ ਥੇਹ', 'ਸਬੂਤੇ ਕਦਮ' 'ਰੇਤਾ ਦਾ ਮਹਿਲ', 'ਤੀਜਾ ਯੁੱਧ', 'ਅੰਦਰਲੀ ਔਰਤ', 'ਕੰਧਾਂ 'ਤੇ ਲਿਖੀ ਇਬਾਰਤ' ਸਾਰੇ ਕਹਾਣੀ ਸੰਗ੍ਰਹਿ ਅਤੇ ਨਾਵਲ 'ਨਵੀਆਂ ਸੋਚਾਂ ਨਵੀਆਂ ਲੀਹਾਂ', ਬਾਲ ਸਾਹਿਤ ਪੁਸਤਕਾਂ 'ਬਾਪੂ ਮੰਨ ਗਿਆ', 'ਸੁਰਗ ਦੇ ਝੂਟੇ', 'ਸਿਆਣੀ ਕੀੜੀ', 'ਸੁੰਦਰ ਦੇਸ਼', 'ਆਜ਼ਾਦੀ', 'ਦੁਰਗਾ ਭਾਬੀ' ਜ਼ਿਕਰਯੋਗ ਹਨ। ਖੁੰਬਾਂ ਦੀ ਗੰਦੀ ਨਸਲ ਨਿਬੰਧ ਸੰਗ੍ਰਹਿ, ਖੋਜ ਪੁਸਤਕ 'ਸੱਭਿਆਚਾਰ ਦੀ ਉਤਪਤੀ ਤੇ ਵਿਕਾਸ 'ਅੱਕ ਦਾ ਦੁੱਧ' ਸਵੈ ਜੀਵਨੀ ਜੋ ਮੇਰੇ ਸੰਘਰਸ਼ੀ ਜੀਵਨ ਦਾ ਚਿਤਰਨ ਕਰਦੀ ਹੈ ਅਤੇ ਇਸ ਤੋਂ ਇਲਾਵਾ ਸੱਤ ਪੁਸਤਕਾਂ ਦੀ ਸੰਪਾਦਨਾ ਵੀ ਕੀਤੀ ਹੋਈ ਹੈ।

- ਅੱਜ ਪੰਜਾਬੀ ਕਹਾਣੀ ਵਿਚ ਦਲਿਤ ਸਾਹਿਤ ਦੀ ਬਹੁਤ ਚਰਚਾ ਹੈ, ਕੀ ਤੁਹਾਡਾ ਨਾਂ ਵੀ ਇਨ੍ਹਾਂ ਲੇਖਕਾਂ ਵਿਚ ਸ਼ੁਮਾਰ ਹੈ?

ਮੇਰਾ ਨਾਂ ਵੀ ਦਲਿਤ ਲੇਖਕਾਂ ਦੀ ਸ਼੍ਰੇਣੀ ਵਿਚ ਰੱਖਿਆ ਗਿਆ ਹੈ ਪਰ ਮੇਰੇ ਤੇ ਹੋਰ ਬਹੁਤੇ ਲੇਖਕਾਂ ਦਾ ਇਕ ਬੁਨਿਆਦੀ ਫ਼ਰਕ ਹੈ। ਮੈਂ ਹਰ ਗੱਲ ਨੂੰ ਵਿਗਿਆਨਕ ਨਜ਼ਰੀਏ ਤੋਂ ਵੇਖਦਾ ਹਾਂ ਜਦੋਂ ਕਿ ਬਹੁਤ ਦਲਿਤ ਲੇਖਕ ਸੰਸਾਰ ਪ੍ਰਤੀ ਵਿਗਿਆਨਕ ਨਜ਼ਰੀਆ ਨਹੀਂ ਰੱਖਦੇ ਮੈਂ ਕਿਸੇ ਵੀ ਵਰਤਾਰੇ ਨੂੰ ਇਤਿਹਾਸਕ ਵਿਕਾਸ ਦੇ ਪਰਿਪੇਖ ਵਿਚ ਰੱਖ ਕੇ ਲਿਖਦਾ ਹਾਂ ਜਦੋਂ ਕਿ ਦੂਜੇ ਜ਼ਿਆਦਾਤਰ ਸੰਕੀਰਣਤਾ ਤੋਂ ਪੱਲਾ ਨਹੀਂ ਛੁਡਾ ਸਕਦੇ। ਮੇਰਾ ਅਨੁਭਵ ਕਹਿੰਦਾ ਹੈ ਕਿ ਹੁਣ ਦਲਿਤਵਾਦ ਪਹਿਲਾਂ ਦੇ ਮੁਕਾਬਲੇ ਤਰਲ ਹੋ ਰਿਹਾ ਹੈ। ਸਾਨੂੰ ਰੂੜੀਵਾਦ ਛੱਡ ਕੇ ਆਪਣੇ ਵੱਲ ਵਧਦੇ ਹੱਥਾਂ ਨੂੰ ਜੀਓ ਆਇਆਂ ਆਖਣਾ ਚਾਹੀਦਾ ਹੈ।

- ਆਲੋਚਨਾ ਦੇ ਖੇਤਰ ਬਾਰੇ ਤੁਸੀਂ ਕੀ ਰਾਇ ਰੱਖਦੇ ਹੋ?

ਇਸ ਖੇਤਰ ਬਾਰੇ ਮੈਂ ਮੁੱਢ ਤੋਂ ਹੀ ਬੇਪਰਵਾਹ ਹੋ ਕੇ ਚੱਲਿਆ ਹਾਂ। ਮੇਰੀਆਂ ਰਚਨਾਵਾਂ ਨੂੰ ਪਾਠਕ ਵਰਗ ਵੱਲੋਂ ਅਥਾਹ ਪਿਆਰ ਮਿਲਿਆ ਹੈ। ਮੇਰੀ ਇਸ ਨਾਲ ਤਸੱਲੀ ਹੈ। ਆਲੋਚਕਾਂ ਨੇ ਜਦੋਂ ਦਲਿਤ ਸਾਹਿਤ ਨੂੰ ਇਕ ਕੋਨੇ ਵਿਚ ਲਿਆ ਕੇ ਖੜ੍ਹਾ ਕਰ ਦਿੱਤਾ ਤੇ ਫਿਰ ਉਸ ਉੱਪਰ ਗੱਲ ਕਰਨੀ ਬੰਦ ਕਰ ਦਿੱਤੀ ਤਾਂ ਕੁਦਰਤੀ ਸੀ ਕਿ ਮੈਂ ਵੀ ਉਸ ਅਵੇਸਲੇਪਣ ਦਾ ਸ਼ਿਕਾਰ ਹੋਣਾ ਸੀ। ਚੰਦ ਕੁ ਆਲੋਚਕ ਹਨ ਜੋ ਮੇਰੇ ਪ੍ਰਤੀ ਸੁਹਿਰਦ ਹਨ। ਕਈ ਤਾਂ ਮੇਰੀ ਰਚਨਾ ਨੂੰ ਚਿਮਟੇ ਨਾਲ ਵੀ ਛੂਹਣ ਦਾ ਕਸ਼ਟ ਨਹੀਂ ਕਰਦੇ। ਫਿਰ ਵੀ ਮੈਂ ਕਹਾਣੀ ਖੇਤਰ ਵਿਚ ਜੋ ਸਥਾਨ ਬਣਾ ਲਿਆ ਉਸ ਨੂੰ ਤਾਂ ਉਹ ਮਿਟਾ ਨਹੀਂ ਸਕਦੇ। ਮੇਰੇ ਪਾਠਕਾਂ ਦਾ ਘੇਰਾ ਚਰਚਿਤ ਕਹਾਣੀਕਾਰਾਂ ਨਾਲੋਂ ਕਿਤੇ ਵਸੀਹ ਹੈ। ਮੇਰੀਆਂ ਰਚਨਾਵਾਂ ਉੱਪਰ ਬਹੁਤ ਸਾਰੇ ਵਿਦਿਆਰਥੀਆਂ ਨੇ ਖੋਜ ਨਿਬੰਧ ਲਿਖੇ ਹਨ ਜਿਨ੍ਹਾਂ ਨੇ ਮੇਰੀ ਕਹਾਣੀ ਨੂੰ ਬਹੁਤ ਹੀ ਖ਼ੂਬਸੂਰਤੀ ਨਾਲ ਫੜਨ ਦਾ ਯਤਨ ਕੀਤਾ ਹੈ। ਮੇਰੀਆਂ ਕੁਝ ਕੁ ਰਚਨਾਵਾਂ ਯੂਨੀਵਰਸਿਟੀਆਂ ਦੇ ਸਿਲੇਬਸ ਦਾ ਵੀ ਹਿੱਸਾ ਹਨ ਜਿਸ ਤੋਂ ਮੈਨੂੰ ਤਸੱਲੀ ਹੈ।

- ਅਜੋਕੇ ਸਮਾਜਿਕ ਵਿਕਾਸ ਵਿਚ ਸਾਹਿਤ, ਬੋਲੀ ਅਤੇ ਪੁਸਤਕ ਦਾ ਕੀ ਭਵਿੱਖ ਹੈ?

ਅਜੋਕੇ ਵਿਗਿਆਨਕ ਯੁਗ ਵਿਚ ਕੰਪਿਊਟਰ ਯੁਗ ਆ ਗਿਆ ਹੈ ਜਿਸ ਨੇ ਸਾਹਿਤ, ਬੋਲੀ ਅਤੇ ਪੁਸਤਕਾਂ ਦੇ ਭਵਿੱਖ ਤੇ ਸਵਾਲੀਆ ਨਿਸ਼ਾਨ ਲਾ ਦਿੱਤਾ ਹੈ। 1960-70 ਵਿਆਂ ਵਿਚ ਲੋਕ ਐਨਾ ਸਾਹਿਤ ਪੜ੍ਹਦੇ ਸਨ ਕਿ ਕਿਤਾਬੀ ਚੇਟਕ ਰੱਖਣ ਵਾਲਿਆਂ ਦੇ ਘਰ-ਘਰ ਆਪਣੀਆਂ ਨਿੱਜੀ ਲਾਇਬ੍ਰ੍ਰੇਰੀਆਂ ਹੁੰਦੀਆਂ ਸਨ। ਲੋਕਾਂ ਵਿਚ ਕਿਤਾਬਾਂ ਖ਼ਰੀਦਣ ਅਤੇ ਪੜ੍ਹਨ ਦਾ ਸ਼ੌਕ ਹੁੰਦਾ ਸੀ ਅੱਜ-ਕੱਲ੍ਹ ਮੈਂ ਵੇਖਦਾ ਹਾਂ ਬਹੁਤ ਅਧਿਆਪਕ ਪੁਸਤਕ ਪ੍ਰਦਰਸ਼ਨੀ ਕੋਲ ਵੀ ਨਹੀਂ ਆਉਂਦੇ, ਬੋਲੀ ਦਾ ਹਾਲ ਵੀ ਇਸ ਤਰ੍ਹਾਂ ਦਾ ਹੁੰਦਾ ਜਾਂਦਾ ਹੈ। ਪਬਲਿਕ ਸਕੂਲਾਂ ਵਿਚ ਪੜ੍ਹਾਉਂਦੇ ਬੱਚੇ ਸ਼ੁੱਧ ਉੁਚਾਰਨ ਨਹੀਂ ਕਰ ਸਕਦੇ, ਪੜ੍ਹ ਨਹੀਂ ਸਕਦੇ ਸੋਚਣ ਦੀ ਜ਼ਰੂਰਤ ਹੈ।

- ਤੁਸੀਂ ਲਿਖਣ ਕਾਰਜ ਵੱਲ ਅੱਜ ਕੱਲ੍ਹ ਘੱਟ ਰੁਚਿਤ ਹੋ। ਚੱਲਦੀ ਫਿਰਦੀ ਲਾਇਬ੍ਰੇਰੀ ਕਰਕੇ ਜ਼ਿਆਦਾ ਚਰਚਾ ਹੈ ਅਜਿਹਾ ਕਾਰਨ?

ਤੁਸੀਂ ਸਹੀ ਕਿਹਾ ਸੰਨ 2000 ਵਿਚ ਮੈਨੂੰ ਪੰਜਾਬ ਲੋਕ ਸੱਭਿਆਚਾਰ ਮੰਚ ਦਾ ਪ੍ਰਧਾਨ ਚੁਣ ਲਿਆ ਗਿਆ। ਗੁਰਸ਼ਰਨ ਭਾਅ ਜੀ ਦੀ ਪ੍ਰੇਰਨਾ ਸਦਕਾ ਪੁਸਤਕ ਸੱਭਿਆਚਾਰ ਲਈ ਦਿੱਲੀ ਵਾਲੀ ਕਿਤਾਬਾਂ ਦੀ ਬੱਸ ਪੰਜਾਬ ਵਿਚ ਲੈ ਤੁਰਿਆ। ਲੋਕਾਂ ਵੱਲੋਂ ਚੰਗਾ ਹੁੰਗਾਰਾ ਮਿਲਿਆ ਪਰ ਮੇਰੇ ਵਾਸਤੇ ਵੱਡੇ ਘਾਟੇ ਨਾਲ ਸਕੀਮ ਸਮਾਪਤ ਹੋ ਗਈ। ਫਿਰ ਭਾਅ ਜੀ ਨੇ ਆਪਣਾ ਪ੍ਰਕਾਸ਼ਨ ਮੈਨੂੰ ਸੌਂਪ ਦਿੱਤਾ। ਹੁਣ ਤਕ ਪੰਜਾਬ ਹਰਿਆਣਾ ਦੀਆਂ ਤਿੰਨ ਹਜ਼ਾਰ ਵਿੱਦਿਅਕ ਸੰਸਥਾਵਾਂ ਦਾ ਚੱਕਰ ਲਾ ਸਾਹਿਤ ਨਾਲ ਜੁੜਨ ਦਾ ਹੋਕਾ ਦੇ ਚੁੱਕਾ ਹਾਂ। ਹੁਣ ਮੇਰਾ ਇੱਕੋ ਇਕ ਅਕੀਦਾ ਵਿਦਿਆਰਥੀ ਵਰਗ ਨੂੰ ਪੁਸਤਕ ਸੱਭਿਆਚਾਰ ਨਾਲ ਜੋੜਨਾ ਹੈ, ਹੁਣ ਸਕੂਲ ਦੀਆਂ ਲਾਇਬ੍ਰੇਰੀਆਂ ਨੂੰ ਸੰਭਾਲਣ ਦੀ ਵੀ ਲਹਿਰ ਚੱਲੀ ਹੈ ਇਕ ਚੰਗਾ ਰੁਝਾਨ ਹੈ ਇਹ ਮੈਨੂੰ ਸਕੂਨ ਦਿੰਦਾ ਹੈ ਮੈਂ ਜ਼ਿੰਦਗੀ ਨਾਲ ਆਪਣੀ ਪ੍ਰਤੀਬੱਧਤਾ ਨਿਭਾ ਰਿਹਾ ਹਾਂ ਅਤੇ ਤਾਅ ਉਮਰ ਨਿਭਾਵਾਂਗਾ।

- ਤੁਸੀਂ ਇਕ ਕਹਾਣੀਕਾਰ ਵਜੋਂ ਸਥਾਪਤ ਹੋ, ਸਾਹਿਤ ਦੀਆਂ ਹੋਰ ਵਿਧਾਵਾਂ ਨਾਵਲ, ਵਾਰਤਕ, ਸਵੈ- ਜੀਵਨੀ, ਅਨੁਵਾਦ ਇਹ ਕਿਵੇਂ?

ਮੈਂ ਸਥਾਪਤ ਤਾਂ ਇਕ ਕਹਾਣੀਕਾਰ ਦੇ ਤੌਰ 'ਤੇ ਹੋਇਆ ਹਾਂ, ਮੇਰਾ ਸਥਾਨ ਕਹਾਣੀ ਖੇਤਰ ਵਿਚ ਸਥਾਪਤ ਹੈ ਪਰ ਮੈਨੂੰ ਜਾਪਦਾ ਹੈ ਕਿ ਬਹੁਤ ਸਾਰੀਆਂ ਗੱਲਾਂ ਅਜਿਹੀਆਂ ਹੁੰਦੀਆਂ ਹਨ ਜੋ ਕਹਾਣੀ ਦਾ ਵਿਸ਼ਾ ਨਹੀਂ ਬਣ ਸਕਦੀਆਂ ,ਉਨ੍ਹਾਂ ਲਈ ਕਿਸੇ ਹੋਰ ਵਿਧਾ ਦੀ ਜ਼ਰੂਰਤ ਹੁੰਦੀ ਹੈ ਮੈਂ ਆਪਣੀ ਗੱਲ ਕਹਿਣ ਲਈ ਹੋਰ ਵਿਧਾ 'ਤੇ ਵੀ ਹੱਥ ਅਜ਼ਮਾਇਆ ਹੈ ਤੇ ਸਫ਼ਲ ਵੀ ਹੋਇਆ ਹਾਂ। ਜਦ ਕੋਈ ਰਚਨਾ ਅਨੁਵਾਦ ਦੀ ਮੰਗ ਕਰਦੀ ਹੈ ਤਾਂ ਮੈਂ ਚੰਗੇ ਅਨੁਵਾਦ ਵੀ ਕੀਤੇ ਹਨ। ਕਦੇ -ਕਦਾਈਂ ਕਵਿਤਾ ਵੀ ਲਿਖ ਲੈਂਦਾ ਹਾਂ।

- ਕੁਲਦੀਪ ਸਿੰਘ ਬੰਗੀ

94174-07778

Posted By: Harjinder Sodhi