ਸਿਰਜਣਾ, ਸੁੱਕੀ ਨਹਿਰ ’ਚ ਅਚਾਨਕ ਛੱਡੇ ਪਾਣੀ ਵਾਂਗ ਹੈ ਜਿਸ ਦੇ ਵਹਾਅ ਨੂੰ ਰੋਕਿਆ ਨਹੀਂ ਜਾ ਸਕਦਾ। ਘਾਹ-ਫੂਸ, ਰੋੜੇ-ਕਾਈ, ਇਸ ਵਹਾਅ ਨੂੰ ਕਿੰਨਾ ਕੁ ਚਿਰ ਰੋਕ ਸਕਦੇ ਹਨ। ਸਿਰਜਣਾ ਵਿਚ ਇਹ ਬੰਨ੍ਹ ਜਦੋਂ ਟੁੱਟਦਾ ਹੈ ਤਾਂ ਤੁਹਾਡੇ ਕੋਲ ਲਿਖਤੁਮ ਹਥਿਆਰਾਂ (ਪੈੱਨ ਤੇ ਕਾਗਜ਼) ਦਾ ਹੋਣਾ ਲਾਜ਼ਮੀ ਹੈ। ਇਸ ਸਬੰਧੀ ਕੁਝ ਗੱਲਾਂ ਯਾਦ ਆ ਰਹੀਆਂ ਹਨ। ਖੇਤ ਫ਼ਸਲ ਨੂੰ ਪਾਣੀ ਲਾ ਰਿਹਾ ਸਾਂ। ਅਚਾਨਕ ਇਕ ਕਵਿਤਾ ਦੀ ਆਮਦ ਹੋਈ। ਨਾ ਪੈੱਨ, ਨਾ ਕਾਗਜ਼, ਚੇਤਾ ਬੇਹੱਦ ਮਾੜਾ। ਘਰ ’ਚ ਤਪਿਆ ਬੈਠਾ ਬਾਪ। ਦੁਚਿੱਤੀ ’ਚ ਪੈ ਗਿਆ। ਸਤਰਾਂ ਖ਼ੁਦ ਨੂੰ ਹੀ ਖ਼ੂਬਸੂਰਤ ਲੱਗੀ ਜਾਣ। ਜਿਗਰਾ ਕਰੜਾ ਕਰ ਕੇ, ਨੰਗੇ ਪੈਰੀਂ, ਤੇੜ ਪਰਨੇ ਤੇ ਮੋਢੇ ’ਤੇ ਕਹੀ ਸਮੇਤ ਘਰ ਵੱਲ ਸ਼ੂਟ ਵੱਟ ਲਈ। ਘਰ ਨੇੜੇ ਹੀ ਸੀ। ਘਰੇ ਕਦਮ ਧਰਿਆ ਹੀ ਸੀ ਕਿ ਬਾਪ ਦੀ ਅੱਗ ਵਰਗੀ ਆਵਾਜ਼, ‘‘ਕਿਵੇਂ ਮੰੂਹ ਚੱਕ ਕੇ ਆ ਗਿਆ ਘਰ ਨੂੰ, ਪਾਣੀ ਤੇਰਾ ਪਿਉ ਲਾਊ।’’ ਏਸ ਵਾਰ ਨੂੰ ਮੈਂ ਆਪਣੇ ਸ਼ਬਦਾਂ ਦੀ ਢਾਲ ਨਾਲ ਬੋਚ ਲਿਆ, ‘‘ਪਟਾ ਢਿੱਲਾ ਹੋਇਆ ਪਿਆ, ਸਲਿੱਪ ਮਾਰੀ ਜਾਂਦੈ। ਬਰੋਜ਼ਾ ਲੈਣ ਆਇਆਂ। ਪੁਲ਼ੀ ’ਤੇ ਲਾਉਣਾ।’’ ‘‘ਚੰਗਾ’’ ਕਹਿ ਉਹ ਚੁੱਪ ਕਰ ਗਿਆ। ਮੈਂ ਆਪਣੀ ਬੀ. ਏ. ਦੇ ਸਬਜੈਕਟ ਵਾਲੀ ਕਾਪੀ ਚੁੱਕ, ਵਿਚ ਪੈੱਨ ਧਰ, ਉਸ ਨੂੰ ਆਪਣੇ ਨੇਫ਼ੇ ਵਿਚ ਟੰਗ ਲਿਆ। ਜਿਨ੍ਹੀਂ ਪੈਰੀਂ ਆਇਆ, ਓਨ੍ਹੀਂ ਪੈਰੀਂ ਮੁੜਿਆ ਤੇ ਖੇਤ ਜਾਣ ਸਾਰ ਕਵਿਤਾ ਲਿਖੀ ‘ਚਾਹਤ’। ਉਸ ਤੋਂ ਬਾਅਦ ਖ਼ਿਆਲ ਆਇਆ ਤਾਂ ਦੇਖਿਆ ਕਿ ਕਿਆਰਾ ਕਦੋਂ ਦਾ ਪਾਣੀ ਨਾਲ ਭਰ ਚੁੱਕਿਆ ਸੀ।

ਵਿਚਕਾਰਲਾ ਭਰਾ ਸਬਜ਼ੀ ਦਾ ਕੰਮ ਕਰਦਾ ਸੀ। ਉਹ ਸਵੇਰੇ ਚਾਰ ਵਜੇ ਉਠਦਾ ਤੇ ਭੀਖੀ ਤੋਂ ਸੁਨਾਮ ਜਾਂਦਾ ਮੰਡੀ ਤੋਂ ਸਬਜ਼ੀਆਂ ਲੈਣ ਤੇ ਭੀਖੀ ਲਿਆ ਕੇ ਵੇਚਦਾ। ਉਸ ਦੇ ਵਾਪਸ ਭੀਖੀ ਆਉਣ ਤਕ ਮੈਂ ਸਬਜ਼ੀ-ਰੇਹੜੀ ਲੈ ਕੇ ਬੱਸ ਸਟੈਂਡ ’ਤੇ ਪੁੱਜਣਾ ਹੰੁਦਾ ਸੀ। ਇਕ ਦਿਨ ਰੇਹੜੀ ਲੈ ਕੇ ਬੱਸ ਅੱਡੇ ਵੱਲ ਜਾ ਰਿਹਾ ਸਾਂ ਕਿ ਰਸਤੇ ਵਿਚ ਕਵਿਤਾ ਸੁੱਝ ਗਈ, ਜੋ ਕਿ ਅੰਮਿ੍ਰਤਾ ਪ੍ਰੀਤਮ ਜੀ ਬਾਰੇ ਸੀ (ਸ਼ਾਇਦ ਪਿਛਲੇ ਦਿਨਾਂ ’ਚ ‘ਨਾਗਮਣੀ’ ਦੇ ਕੁਝ ਅੰਕ ਪੜ੍ਹੇ ਸਨ ਇਸ ਲਈ)। ਮੈਂ ਰੇਹੜੀ ਤੇਜ਼ ਕਰ ਦਿੱਤੀ, ਜਲਦੀ ਹੀ ਬੱਸ ਸਟੈਂਡ ਪਹੰੁਚ ਗਿਆ। ਅਖ਼ਬਾਰਾਂ ਦੀ ਏਜੰਸੀ ਕੋਲੋਂ, ਅਖ਼ਬਾਰਾਂ ’ਤੇ ਚੜ੍ਹੇ ਕਵਰ ਵਾਲੇ ਕਾਗਜ਼ ਚੁੱਕ ਲਏ, ਅਖ਼ਬਾਰ ਏਜੰਟ ਤੋਂ ਪੈੱਨ ਮੰਗ ਲਿਆ।

ਬੈਠ ਗਿਆ ਲਿਖਣ, ਰੇਹੜੀ ’ਤੇ ਬੈਠ ਕੇ ਹੀ। ਆਲੇ-ਦੁਆਲੇ ਬੱਸਾਂ-ਟਰੱਕਾਂ ਦਾ ਸ਼ੋਰ। ਹੋਸ਼ ਉਦੋਂ ਆਈ ਜਦੋਂ ਕਵਿਤਾ ਮੁਕੰਮਲ ਕਰ ਲਈ। ਕਵਿਤਾ ਸੀ, ‘‘ਖ਼ਿਜ਼ਰ ’ਚ ਗੁਆਚੀਆਂ ਕਚੂਰ ਫ਼ਸਲਾਂ।’’ ਅਜਿਹੀਆਂ ਅਨੇਕ ਉਦਾਹਰਨਾਂ ਹਨ ਜਦੋਂ ਅਚਾਨਕ ਆਮਦ ਹੋਈ ਤਾਂ ਲਿਖਣ ਸਰੋਤਾਂ ਲਈ ਇਕ ਮਿਸ਼ਨ ਵਾਂਗ ਕਾਰਜ ਕੀਤਾ। ਗੱਲ ਯਾਦ ਆਈ - ਮੈਂ ਤੇ ਮੇਰਾ ਮਿੱਤਰ ਡਾ. ਸੁਮੀਤ ਸ਼ੰਮੀ ਸੈਰ ’ਤੇ ਸਾਂ। ਉਸ ਨੇ ਕਿਸੇ ਸਾਥੀ ਨੂੰ ਫੋਨ ਕੀਤਾ, ਅੱਗਿਓਂ ਕਿਸੇ ਕਾਮਰੇਡ ਨੇ ਦੋ ਟੁੱਕ ਜਵਾਬ ਦਿੱਤਾ, ‘‘ਬੈਟਰੀ ਬਹੁਤ ਡਾਊਨ ਐ, ਗੱਲਾਂ ਬਹੁਤ ਨੇ ਕਰਨ ਆਲੀਆਂ, ਮਿੰਟ ਕੁ ਬਾਅਦ ਫੋਨ ਕਰਦਾਂ।’’ ਮੈਨੂੰ ਇਹ ਗੱਲ ਕਿਸੇ ਵੱਡੇ ਸੱਚ ਵਰਗੀ ਲੱਗੀ ਕਿ ਜਦੋਂ ਮੁਕੰਮਲ ਚਾਰਜ ਹੋਣ ਦਾ ਵੇਲਾ ਸੀ, ਅੜਨ, ਲੜਨ, ਖੜ੍ਹਨ ਦਾ ਵਕਤ, ਬਦਲਾਓ ਦਾ ਸਮਾਂ, ਤਦ ਅਨੇਕ ਖੇਮਿਆਂ ’ਚ ਵੰਡੇ ਸਾਥੀਆਂ ਦੀਆਂ ਬੈਟਰੀਆਂ ਡਾਊਨ ਹੋ ਰਹੀਆਂ ਨੇ ਅਤੇ ਗੱਲਾਂ ਬਹੁਤ ਨੇ ਕਰਨ ਵਾਲੀਆਂ। ਇਕ ਮਿੰਟ, ਇਕ ਸਦੀ ਤੋਂ ਵੱਧ (ਪ੍ਰਸੰਗ 1917) ਸਮੇਂ ਤੋਂ ਬਦਲਾਅ ਦੀ ਉਡੀਕ ਵਿਚ ਅੱਡੀਆਂ ਚੁੱਕ-ਚੁੱਕ ਉਡੀਕ ਰਿਹਾ ਹੈ। ਕਵਿਤਾ ਲਿਖੀ ‘ਚੌਕ’-

ਜਦ ਉੱਸਰਿਆ

ਨਾਮ ਸੀ

ਸ਼ਹੀਦ ਭਗਤ ਸਿੰਘ ਚੌਕ

ਉਸਰੱਈਏ

ਮਜ਼ਦੂਰ

ਅੱਜ ਇਸ ਚੌਕ ਦਾ ਨਾਂ

ਲੇਬਰ ਚੌਕ ਹੈ

ਭਗਤ ਸਿੰਘ

ਪੰਨਿਆਂ ’ਚੋਂ

ਸਾਥੀਆਂ ਨੂੰ ਮੁਖ਼ਾਤਿਬ ਹੈ

ਸਾਥੀ ਮਾਰਕਸ ਨੂੰ

ਪਰਿਭਾਸ਼ਿਤ ਕਰਨ ਵਿਚ ਮਸਰੂਫ਼...

ਮਨ ਦੀ ਇਹ ਪੀੜ ਇਸ ਲਈ ਹੈ ਕਿ ਇਕ ਵਿਚਾਰ ਸਿਰਫ਼ ਇਕ ਵਿਚਾਰ ਸਮਾਜਵਾਦ ਮੇਰੇ ਲਈ ਦੁਨੀਆ ਦਾ ਸਭ ਤੋਂ ਵੱਡਾ ਸੁਪਨਾ ਤੇ ਆਸ ਹੈ। ਜਿਨ੍ਹਾਂ ਜ਼ਿੰਦਗੀਆਂ ਦਾਅ ’ਤੇ ਲਾਈਆਂ ਉਨ੍ਹਾਂ ’ਤੇ ਮਾਣ ਹੈ ਤੇ ਸਵਾਲ ਵੀ ਉਨ੍ਹਾਂ ਨੂੰ ਹੀ ਹੈ ਜਾਂ ਉਨ੍ਹਾਂ ਰਾਹਾਂ ’ਤੇ ਤੁਰਿਆਂ ਹੋਇਆਂ ਨੂੰ, ਬਲਕਿ ਉਨ੍ਹਾਂ ਬਹਾਨੇ ਖ਼ੁਦ ਨੂੰ ਵੀ-

ਜਦੋਂ ਸਾਰੇ ਮੋਹਰੇ

ਉਨ੍ਹਾਂ ਕੋਲ ਸਨ

ਹਵਾ, ਪਾਣੀ, ਧਰਤੀ, ਪਿਆਦੇ ਸਭ

ਅਸੀਂ ਤਦ ਵੀ ਲੜੇ

ਲੜੇ ਤੇ ਹਾਰੇ

ਹਾਰ ਨੇ

ਸਾਡੇ ਗਲ਼ਾਂ ’ਚ

ਅਣਖ ਦੇ ਹਾਰ ਪਾਏ

ਆਖ਼ਰ ਏਸ ਯੁੱਧ ਵਿਚ

ਅਣਖ ਇੱਜ਼ਤ

ਮਾਣ-ਸਨਮਾਨ ਦੀ ਲੜਾਈ ਲਈ

ਜੂਝਦੇ ਲੋਕ

ਵਕਤ ਦੀ ਅੱਖ ’ਚ ਅੱਖ ਪਾ ਤੁਰੇ

ਖ਼ੂਬ ਤੁਰੇ! (ਯਾਤਰਾ)

ਸੰਕਟਾਂ ਦਾ ਝੰਬਿਆ ਇਕ ਪਾਤਰ ਮੋਚੀ ਦੀ ਦੁਕਾਨ ’ਤੇ ਬੈਠਾ ਮਿਲਿਆ। ਉਮਰ 55 ਕੁ ਸਾਲ। ਮਾੜਚੂ ਜਿਹਾ। ਮੰੂਹੋਂ ਮੋਟਾ ਸੰਤਰਾ ਦੀ ਹਵਾੜ। ਮੈਂ ਜੁੱਤੇ ਠੀਕ ਕਰਾਉਂਦਿਆਂ, ਉਨ੍ਹਾਂ ਨੂੰ ਸ਼ਾਇਰ ਦੇਵਨੀਤ ਦੀ ਖ਼ੂਬਸੂਰਤ ਨਜ਼ਮ ‘ਕਵਾਈ ਟੈਂਪਲ’ ਦਾ ਥੀਮ ਸੁਣਾਉਣ ਲੱਗ ਪਿਆ। ਮੇਰੇ ਗੱਲ ਛੋਹਣ ਦੀ ਦੇਰ ਸੀ ਕਿ ਉਸ ਦਾ ਕੜ ਪਾਟ ਗਿਆ-

‘‘ਦਿਹਾੜੀ ਮਿਲਦੀ ਨੀ। ਅਗਲਾ ਪਹਿਲਾਂ ਦੇਹ ਦੇਖਦਾ,

ਫੇਰ ਕੰਮ ’ਤੇ ਲਿਜਾਂਦਾ। ਅੱਧੀ ਦਿਹਾੜੀ ’ਤੇ ਲਿਜਾਣ ਨੂੰ

ਤਿਆਰ ਨੀ ਕੋਈ... ਖਾਤੇ ਖਲ੍ਹਾਤੇ ਸਰਕਾਰ ਨੇ

ਬੈਲੰਸ ਅੱਜ ਤਕ ਨੀ, ਮੰੁਡਾ ਫੀਸ ਭਾਲਦਾ।’’

‘‘ਪਤਨੀ ਕਰਦੀ ਹੋਣੀ ਕੋਈ ਕੰਮ?’’

ਉਸ ਦੀਆਂ ਲਾਲ-ਸੁਰਖ਼ ਅੱਖਾਂ ਪੂਰਾ ਖੁੱਲ੍ਹੀਆਂ, ਸਾਡੇ ਵੱਲ ਝਾਕੀਆਂ ਤੇ ਫਿਰ ਆਵਾਜ਼- ‘‘ਦੂਜਾ ਕੰਮ ਕਰਨ ਜਾਂਦੀ ਆ, ਤਾਂ ਕੁਝ ਮਿਲਦਾ।

ਮੇਰੇ ਕੋਲੇ ਤਾਂ ਸਾਲ਼ੇ ਆਹ ਦੋ ਗੁਰਦੇ ਨੇ।’’

ਅੱਖਾਂ ਨੀਵੀਂ ਪਾ ਬੰਦ ਹੋ ਗਈਆਂ।

ਮੇਰੇ ਅੰਦਰਲੀ ਅੱਖ ਪੂਰਾ ਖੁੱਲ੍ਹੀ, ਸਿੱਲੀ ਹੋਈ।

ਘਰ ਆ ਕੁਝ ਸ਼ਬਦ ਲਿਖੇ ਗਏ-

‘ਕਰੰਟ ਬੈਲੰਸ’ ਜ਼ੀਰੋ ਹੈ

ਮੈਂ ਲੇਬਰ ਚੌਕ ’ਚੋਂ

ਹੁਣੇ ਪਰਤਿਆ ਹਾਂ

ਖ਼ਾਲੀ ਹੱਥ

ਪਤਨੀ ਪਰਤੀ ਹੈ

ਹਨੇਰ ਬਸਤੀ ’ਚੋਂ

ਚਾਰ ਛਿੱਲੜ ਲੈ

ਕੁਝ ਵੀ ਨਹੀਂ ਕੋਲ

ਜੇ ਹੈ

ਤਾਂ ਬਸ!

‘ਸੇਵਿੰਗ ਬੈਲੰਸ’

ਦੋ ਗੁਰਦੇ

ਚਾਰ ਕੁ ਗ੍ਰਾਮ ਖ਼ੂਨ

ਤੇ ਹੋਰ ਨਿੱਕ-ਸੁੱਕ!

(ਸੇਵਿੰਗ ਬੈਲੰਸ)

ਅੱਜ ਦਾ ਦਿ੍ਰਸ਼ ਬਹੁਤ ਘਿਨਾਉਣਾ ਹੈ। ਹਿਟਲਰ ਤੇ ਮੁਸੋਲੀਨੀ ਦਾ ਕਲੋਨ ਹਾਈਟੈੱਕ ਹੈ। ਸਿਰਫ਼ ‘ਇਕ ਫੁੱਲ’ ਨੂੰ ਮਹਿਕਣ ਦੀ ਇਜਾਜ਼ਤ ਹੈ। ਬਾਕੀ ਸਾਰੇ ਫੁੱਲ ਦੇਸ਼ ਧ੍ਰੋਹੀ ਹਨ। ਨਿਆਂ, ਵਿਧਾਨ ਸਾਹਿਬ ਦੇ ਮਾਣ ’ਚ ਹਨ। ‘ਬੁੱਧੂ ਬਕਸਾ’ ਸੁੱਧ-ਬੁੱਧ ਖੋ ਬੈਠਾ ਹੈ। ਵਿਦਿਆਰਥੀਆਂ, ਅਧਿਆਪਕਾਂ, ਚਿੰਤਕਾਂ, ਫ਼ਿਕਰਮੰਦਾਂ ਦੀ ਖ਼ੈਰ ਨਹੀਂ ਹੈ। ਕਲਬੁਰਗੀ, ਦਾਬੋਲਕਰ, ਗੌਰੀ ਲੰਕੇਸ਼ ਦੀ ਆਵਾਜ਼ ਨੂੰ ਖ਼ਤਮ ਕਰ ਦਿੱਤਾ ਹੈ। ਵਰਵਰਾ ਰਾਓ, ਗੌਤਮ ਨਵਲੱਖਾ, ਸੁਧਾ ਭਾਰਦਵਾਜ ਕਿੰਨੇ ਹੀ ਚਿੰਤਕ ਸਲਾਖਾਂ ਦੇ ਪਿੱਛੇ ਡੱਕ ਦਿੱਤੇ। ਕਵੀ ਵਰਵਰਾ ਰਾਓ, ਜਿਸ ਨੇ ਮਜ਼ਦੂਰਾਂ, ਕਿਸਾਨਾਂ ’ਚ ਉਮਰ ਗੁਜ਼ਾਰੀ। ਉਨ੍ਹਾਂ ਦੇ ਦੁੱਖਾਂ ਤਕਲੀਫ਼ਾਂ ਨੂੰ ਹੰਢਾਇਆ ਤੇ ਸ਼ਬਦਾਂ ਦੀ ਜੂਨੇ ਪਾਇਆ। ਅੱਤਿਆਚਾਰ, ਫ਼ਾਸਿਜ਼ਮ, ਭਿ੍ਰਸ਼ਟਾਚਾਰ, ਖੇਤਰਵਾਦ ਦੇ ਖ਼ਿਲਾਫ਼ ਉਮਰ ਭਰ ਕਵਿਤਾ ਰਚੀ, ਉਹ ਦੇਸ਼ ਧ੍ਰੋਹੀ, ਅੱਤਵਾਦੀ ਕਿਵੇਂ ਹੋ ਗਿਆ? ਹਮੇਸ਼ਾ ਫ਼ਸਲਾਂ ਦੀ ਗੱਲ ਕਰਨ ਵਾਲਾ ‘ਰਫ਼ਲਾਂ’ ਦਾ ਜ਼ਖ਼ੀਰੇਬਾਜ਼ ਕਿਵੇਂ ਬਣਾ ਦਿੱਤਾ ਹੈ? ਇਨ੍ਹਾਂ ਸਵਾਲਾਂ ’ਚੋਂ ਇਕ ਲੰਬੀ ਕਵਿਤਾ ਲਿਖੀ ਗਈ-

ਹੁਣ ਭਾਵੇਂ

ਮੈਨੂੰ ਡੱਕ ਦਿਓ

ਜੇਲ੍ਹ ਅੰਦਰ

ਇਨ੍ਹਾਂ ਸਮਿਆਂ ’ਚ ਬੌਧਿਕ ਚਿੰਤਨ ਖਿੰਡਾਓ ਦਾ ਸ਼ਿਕਾਰ ਹੈ। ਸਭ ਅਲੱਗ-ਅਲੱਗ, ਖਿੰਡੇ-ਖਿੰਡੇ ਨਜ਼ਰ ਆ ਰਹੇ ਹਨ। ਜੇਕਰ ਕੋਈ ਇਕੱਠੇ ਨਜ਼ਰ ਆ ਰਹੇ ਹਨ ਤਾਂ ਸਰਮਾਏਦਾਰ, ਸੱਤਾਧਾਰੀ ਪਾਰਟੀਆਂ, ਬਿਊਰੋਕਰੇਟ। ਹੁਣ ਲੜਾਈ ਮਹਿਜ਼ ਮਜ਼ਦੂਰਾਂ-ਕਿਸਾਨਾਂ ਦੀ ਨਹੀਂ ਰਹਿ ਗਈ, ਸਭ ਦੀ ਹੈ। ਹਰ ਕੋਈ ਹਾਰਿਆ-ਹਾਰਿਆ, ਅਲੱਗ-ਥਲੱਗ ਨਜ਼ਰ ਆ ਰਿਹਾ ਹੈ। ਫੈਲੀਆਂ ਤੰਦਾਂ ਨੂੰ ਕਿਵੇਂ ਜੋੜਿਆ ਜਾਵੇ ‘ਇਹ ਸੰਵਾਦ’ ਤੂੜੀ ਦੇ ਕੁੱਪ ’ਚੋਂ ਸੂਈ ਲੱਭਣ ਵਾਂਗ ਹੈ-

ਸਮਾਗਮ ਦਾ ਨਾਂ ਹੈ

ਸੰਵਾਦ

‘ਕਿਛੁ ਸੁਣੀਐ, ਕਿਛੁ ਕਹੀਐ’

‘ਸੌ ਫੁੱਲ ਖਿੜਨ ਦਿਓ

ਸੌ ਵਿਚਾਰ ਭਿੜਨ ਦਿਓ’

ਦੇ ਮਾਟੋ ਲਿਸ਼ਕ ਰਹੇ ਨੇ

ਕਿਸੇ ਬੁਲਾਰੇ ਦਾ ਹੱਥ

ਸੱਚ ਦੀ ਤਾਰ ’ਤੇ ਟਿਕਦਾ ਹੈ

ਤਾਂ ਕਰੰਟ ਸ਼ੂਕਦਾ ਹੈ

ਸ਼ਾਰਟ ਸਰਕਟ ਹੈ

ਫ਼ਿਊਜ਼ ਉੱਡ ਗਿਆ ਹੈ

ਪੰਡਾਲ ਵਿਚ

ਘੁੱਪ ਹਨੇਰਾ ਹੈ!

ਇਨ੍ਹਾਂ ਸਮਿਆਂ ਵਿਚ ਸੱਤਾ ਦੇ ਦਮਨ ਦੀ ਚੜ੍ਹ ਮੱਚੀ ਹੋਈ ਹੈ। ਦੇਸ਼ ਵਿਗਿਆਨਕ ਲੀਹਾਂ ’ਤੇ ਤੁਰਨ ਦੀ ਬਜਾਇ, ਪਿਛਾਂਹ ਵੱਲ ਜਾ ਰਿਹਾ ਹੈ। ਧਰਮ, ਰੰਗ ਤੇ ਨਸਲੀ ਮਸਲਿਆਂ ਵਿਚ ਦੇਸ਼ ਨੂੰ ਉਲਝਾ ਦਿੱਤਾ ਗਿਆ ਹੈ। ਸਿੱਖਿਆ, ਸਿਹਤ ਤੇ ਰੁਜ਼ਗਾਰ ਦੀ ਥਾਂ ’ਤੇ ਧਰਮ, ‘ਰਾਸ਼ਟਰਵਾਦ’, ਨਸਲਪ੍ਰਸਤੀ ਕੇਂਦਰ ਵਿਚ ਆ ਗਈ ਹੈ। ਮਨੁੱਖਤਾ ਜਿਵੇਂ ਦੂਰ ਦੀ ਗੱਲ ਹੋ ਗਈ ਹੈ। ਇਹ ਨਿਰਾਸ਼ਾ ਦਾ ਦੌਰ ਹੈ ਪੰ੍ਰਤੂ ਕਿਸਾਨਾਂ ਦੇ ਸੰਘਰਸ਼ ਨੇ ਇਸ ਨਿਰਾਸ਼ਾ, ਉਦਾਸੀਨਤਾ ਨੂੰ ਸੰਘਰਸ਼ ਦੇ ਰੌਂਅ ਵਿਚ ਬਦਲ ਦਿੱਤਾ ਹੈ। ਨਵੇਂ ਸਮੀਕਰਨ ਤੇ ਨਵੀਂ ਦਿ੍ਰਸ਼ਟੀ ਦਾ ਉਦੈ ਹੋਇਆ ਹੈ। ਨਿਰਾਸ਼ਤਾ ਦੇ ਆਲਮ ਵਿੱਚੋਂ ਲੰਘ ਰਹੀ ਉਲਾਂਭਿਆਂ ਨਾਲ ਭਰੀ ਕਲਮ ਦੀ ਨੋਕ ’ਚੋਂ ਨਵੇਂ ਦੌਰ ਦੀ ਚੇਤਨਾ ਨੇ ਅੰਗੜਾਈ ਲਈ-

ਖੰੁਢੀਆਂ ਕਟਾਰਾਂ ਤਲਵਾਰ ਹੋ ਗਈਆਂ

ਠੰਢੀਆਂ ਕਲਮਾਂ ਅੰਗਿਆਰ ਹੋ ਗਈਆਂ

ਹੁੱਸੜੀਆਂ ਰੁੱਤਾਂ ਵੀ ਬਹਾਰ ਹੋ ਗਈਆਂ

ਘੱਗੀਆਂ ਆਵਾਜ਼ਾਂ ਲਲਕਾਰ ਹੋ ਗਈਆਂ

ਕਿਸਾਨਾ ਤੇਰਾ ਸ਼ੁਕਰੀਆ

ਅੰਨਦਾਤਿਆ ਸ਼ੁਕਰੀਆ

ਕਿਰਤੀਆ ਸ਼ੁਕਰੀਆ

ਕਬੀਲਦਾਰਾ ਸ਼ੁਕਰੀਆ!

ਮੈਂ ਮਹਿਸੂਸ ਕੀਤਾ ਕਿ ਇਹ ਸੰਘਰਸ਼ ਸਿਰਫ਼ ਕਿਸਾਨਾਂ, ਮਜ਼ਦੂਰਾਂ, ਮੁਲਾਜ਼ਮਾਂ ਲਈ ਹੀ ਨਹੀਂ ਬਲਕਿ ਹਰ ਇਕ ਉਸ ਵਿਅਕਤੀ ਲਈ ਹੈ ਜੋ ਬਰਾਬਰਤਾ ਦਾ ਸਮਾਜ ਚਾਹੁੰਦਾ ਹੈ। ਜੋ ਜਾਤ-ਪਾਤ, ਰੰਗ-ਨਸਲ, ਫ਼ਿਰਕਾਪ੍ਰਸਤੀ ਜਿਹੇ ਮੁੱਦਿਆਂ ਤੋਂ ਉਪਰ ਹੋਵੇ। ਜਿੱਥੇ ਕੁਦਰਤ ਮਿਹਰਬਾਨ ਹੋਵੇ, ਪਿਆਰ ਹੋਵੇ, ਜ਼ਿੰਦਗੀ ਸੁਖਦ ਤੇ ਜਿਊਣ ਯੋਗ ਹੋਵੇ। ਇਕ ਕਵਿਤਾ ਦੀ ਆਮਦ ਹੋਈ ‘ਇਕ ਪਿਆਰ ਕਵਿਤਾ’-

ਸੰਘਰਸ਼ ਦੇ ਏੇਸ ਤਿੱਖੇ ਦੌਰ ਵਿਚ

ਲਿਖੀ ਹੈ ਇਕ ਪਿਆਰ ਕਵਿਤਾ

ਇਹ ਵੀ ਓਟ ਹੈ

ਸੰਘਰਸ਼ ’ਚ ਜੂਝਦੇ ਸੂਰਮਿਆਂ ਦੀ

ਉਹ, ਇਹ ਲੜਾਈ ਵੀ

ਲੜ ਰਹੇ ਨੇ

ਕਿ ਜਿਉਂਦੀ ਰਹੇ

ਪਿਆਰ ਕਵਿਤਾ।

ਪੜ੍ਹਨ-ਲਿਖਣ ਦਾ ਜਨੂੰਨ

ਲਿਖਣ ਵਾਂਗ ਹੀ ਪੜ੍ਹਨ ਦਾ ਜਨੂੰਨ ਵੀ ਹੱਦ ਦਰਜੇ ਦਾ ਸੀ। ਘਰ ਤੋਂ ਬੱਸ ਅੱਡਾ ਤਿੰਨ ਕੁ ਕਿਲੋਮੀਟਰ ਦੂਰ ਹੋਵੇਗਾ। ਐਤਵਾਰ ਵਾਲੇ ਦਿਨ ਸਵੇਰੇ ਜਲਦੀ ਉਠ ਪੈਦਲ ਤੁਰ ਪੈਣਾ ਬੱਸ ਅੱਡੇ ਵੱਲ। ਐਤਵਾਰ ਦੇ ਅਖ਼ਬਾਰ ਪੜ੍ਹਨ ਦਾ ਜਨੂੰਨ ਸੀ। ਜੇਕਰ ਦੇਰੀ ਨਾਲ ਉਠਣਾ ਤਾਂ ਦੌੜ ਕੇ ਜਾਣਾ। ਉਥੋਂ ਪੰਜਾਬੀ ਟਿ੍ਰਬਿਊਨ, ਨਵਾਂ ਜ਼ਮਾਨਾ, ਅੱਜ ਦੀ ਆਵਾਜ਼ ਲੈ ਕੇ ਆਉਣਾ, ਪੜ੍ਹਨਾ। ਫੇਰ ਕਿਸੇ ਹੋਰ ਕਾਰਜ ਵੱਲ ਮਨ ਕਰਦਾ। ਇਹ ਨੌਵੀਂ-ਦਸਵੀਂ ਵੇਲੇ ਦੀਆਂ ਗੱਲਾਂ ਹਨ। ਸਕੂਲ ’ਚ ਪੜ੍ਹਦਿਆਂ ਕਈ ਵਿਦਿਆਰਥੀ ਦੋਸਤਾਂ ’ਤੇ ਪੈਰੋਡੀ ਗੀਤ ਲਿਖੇ। ਅਧਿਆਪਕਾਂ ਦੇ ਵਰਤਾਓ ਬਾਰੇ ਕੁਝ ਰਚਨਾਵਾਂ ਲਿਖੀਆਂ, ਉਨ੍ਹਾਂ ਤੋਂ ‘ਸੇਵਾ ਕਰਵਾਈ’ ਤੇ ਪੈਰੋਡੀਆਂ ਲਿਖਣੀਆਂ ਬੰਦ ਕੀਤੀਆਂ।ਸਤਰ ਜੋ ਕਿ 1988 ਵਿਚ ਲਿਖੀ ਗਈ ਸੀ, ਸਮੇਂ ਹੀ ਹੋ ਗਿਆ ਸੀ।

- ਸਤਪਾਲ ਭੀਖੀ

Posted By: Harjinder Sodhi