ਸ਼ਬਦ-ਜੋੜ ਕਿਸੇ ਵੀ ਭਾਸ਼ਾ-ਲੇਖਣ ਦੀ ਜਾਨ ਹੁੰਦੇ ਹਨ ਅਤੇ ਜਦੋਂ ਗੱਲ ਆਨਲਾਈਨ ਸਮੱਗਰੀ ਦੀ ਹੋਵੇ ਤਾਂ ਸ਼ਬਦ-ਜੋੜਾਂ ਦਾ ਸਹੀ ਹੋਣਾ ਹੋਰ ਵੀ ਲਾਜ਼ਮੀ ਹੋ ਜਾਂਦਾ ਹੈ। ਇਸ ਲਈ ਪਾਠਕਾਂ ਨੂੰ ਵਧੀਆ ਅਤੇ ਪੜ੍ਹਣਯੋਗ ਸਮਗਰੀ ਉਪਲਬਧ ਕਰਵਾਉਣ ਲਈ ਵੈੱਬਸਾਈਟ ਦੀ ਸਮਗਰੀ ਦਾ ਸ਼ਬਦ-ਜੋੜ ਨਿਰੀਖਣ ਲਾਜ਼ਮੀ ਬਣ ਜਾਂਦਾ ਹੈ। ਪਰ ਬਹੁਤ ਅਫ਼ਸੋਸ ਦੀ ਗੱਲ ਹੈ ਕਿ ਬਹੁਤ ਸਾਰੇ ਪੰਜਾਬੀ ਲੇਖਕ ਤੇ ਵੈੱਬਸਾਈਟਾਂ ਸਹੀ ਸ਼ਬਦ-ਜੋੜਾਂ ਦੇ ਪ੍ਰਯੋਗ ਵੱਲ ਕੋਈ ਜ਼ਿਆਦਾ ਧਿਆਨ ਨਹੀਂ ਦਿੰਦੇ। ਅਸੀਂ ਕੁਝ ਮਸ਼ਹੂਰ ਪੰਜਾਬੀ ਵੈੱਬਸਾਈਟਾਂ ਜਿਨ੍ਹਾਂ 'ਚ ਪੰਜਾਬੀ ਦੀ ਇਕ ਬਹੁਤ ਹੀ ਅਹਿਮ ਵੈੱਬਸਾਈਟ ਪੰਜਾਬੀ ਵਿਕੀਪੀਡੀਆ( https://pa.wikipedia.org/wiki) ਵੀ ਸ਼ਾਮਲ ਹੈ ਦਾ ਅਧਿਐਨ ਕੀਤਾ ਤਾਂ ਉਨ੍ਹਾਂ 'ਤੇ ਉਪਲਬਧ ਸਮੱਗਰੀ 'ਚ ਸ਼ਬਦ-ਜੋੜ ਪੱਧਰ 'ਤੇ ਬਹੁਤ ਕਮੀਆਂ ਪਾਈਆਂ ਗਈਆਂ।

ਵਿਕੀਪੀਡੀਆ ਸੰਸਾਰ ਦਾ ਮੁਫ਼ਤ ਆਨਲਾਈਨ ਬਹੁਭਾਸ਼ੀ ਵਿਸ਼ਵ-ਕੋਸ਼ ਹੈ, ਜੋ ਲਗਾਤਾਰ ਸਾਂਝੇ ਯਤਨਾਂ ਸਦਕਾ ਤਿਆਰ ਕੀਤਾ ਜਾ ਰਿਹਾ ਹੈ। ਇਹ ਸਮਕਾਲੀ ਸਮਾਜ ਲਈ ਪ੍ਰਮਾਣਿਕ ਜਾਣਕਾਰੀ ਦਾ ਮੁੱਖ ਸਾਧਨ ਬਣ ਚੁੱਕਾ ਹੈ। ਕਿਸੇ ਭਾਸ਼ਾ ਦੇ ਕੰਪਿਊਟਰੀਕਰਨ ਦੇ ਪੱਧਰ ਦਾ ਇਕ ਪੈਮਾਨਾ ਵਿਕੀਪੀਡੀਆ 'ਤੇ ਉਸ ਭਾਸ਼ਾ ਵਿਚ ਉਪਲੱਬਧ ਸਮੱਗਰੀ ਵੀ ਮੰਨੀ ਗਈ ਹੈ। ਪੰਜਾਬੀ ਵਿਕੀਪੀਡੀਆ 'ਤੇ ਗੁਰਮੁਖੀ ਲਿਪੀ ਵਿਚ 35 ਹਜ਼ਾਰ ਤੇ ਸ਼ਾਹਮੁਖੀ ਲਿਪੀ ਵਿਚ 53 ਹਜ਼ਾਰ ਲਿਖੇ ਲੇਖ ਹਨ ਹਾਲਾਂਕਿ ਇਹ ਗਿਣਤੀ ਵਿਕਸਿਤ ਭਾਸ਼ਾਵਾਂ ਦੇ ਮੁਕਾਬਲੇ ਬਹੁਤ ਹੀ ਘੱਟ ਹੈ। ਇਸ ਲਈ ਵਿਕੀਪੀਡੀਆ ਵਿੱਚ ਹੋਰ ਵੱਧ ਲੇਖ ਜੋੜਨ ਦੀ ਲੋੜ ਹੈ ਪਰ ਇਸ ਦੇ ਨਾਲ ਹੀ ਇਹ ਵੀ ਜ਼ਰੂਰੀ ਹੈ ਕਿ ਇਸ ਵਿਚ ਵਿਆਕਰਨ ਅਤੇ ਸ਼ਬਦ-ਜੋੜ ਪੱਖੋਂ ਕੋਈ ਖ਼ਾਮੀ ਨਹੀਂ ਹੋਣੀ ਚਾਹੀਦੀ। ਅੰਗਰੇਜ਼ੀ ਦੇ ਵਿਕੀਪੀਡੀਆ ਦੀ ਸਮੱਗਰੀ ਵਿਚਲੇ ਸ਼ਬਦ-ਜੋੜਾਂ 'ਤੇ ਕਦੀ ਕਿਸੇ ਨੇ ਕੋਈ ਸਵਾਲ ਨਹੀਂ ਉਠਾਇਆ ਕਿਉਂਕਿ ਇਹ ਸ਼ਬਦ-ਜੋੜਾਂ ਦੀਆਂ ਗ਼ਲਤੀਆਂ ਪੱਖੋਂ ਲਗਪਗ ਮੁਕਤ ਹੁੰਦੀ ਹੈ ਪਰ ਇਸ ਪੱਖੋਂ ਜਦੋਂ ਪੰਜਾਬੀ ਵਿਕੀਪੀਡੀਆ ਨੂੰ ਘੋਖਿਆ ਗਿਆ ਤਾਂ ਹੋਰਨਾਂ ਭਾਸ਼ਾਵਾਂ ਦੇ ਉਲਟ ਪੰਜਾਬੀ ਵਿਕੀਪੀਡੀਆ ਵਿਚ ਸ਼ਬਦ-ਜੋੜਾਂ ਪੱਖੋਂ ਗ਼ਲਤੀਆਂ ਦੀ ਭਰਮਾਰ ਪਾਈ ਗਈ ਹੈ।

ਅਸੀਂ ਵਿਕੀਪੀਡੀਆ ਦੇ ਸ਼ਬਦ-ਜੋੜਾਂ ਦਾ ਅਧਿਐਨ ਵਿਕੀਪੀਡੀਆ ਵਿਚ ਵਰਤੇ ਗਏ ਲਗਪਗ 19 ਲੱਖ ਸ਼ਬਦਾਂ ਉੱਤੇ ਕੀਤਾ, ਜਿਨ੍ਹਾਂ ਦੀ ਵਿਲੱਖਣ ਗਿਣਤੀ 97, 278 ਹੈ। ਸਾਡਾ ਅਧਿਐਨ ਇਨ੍ਹਾਂ ਵਿਲੱਖਣ ਸ਼ਬਦਾਂ ਉੱਤੇ ਹੀ ਆਧਾਰਿਤ ਹੈ। ਅਚੰਭੇ ਵਾਲੀ ਗੱਲ ਹੈ ਕਿ ਇਨ੍ਹਾਂ ਵਿਲੱਖਣ ਸ਼ਬਦਾਂ ਵਿੱਚੋਂ 9.63 ਫ਼ੀਸਦੀ ਸ਼ਬਦ-ਜੋੜ ਗ਼ਲਤ ਹਨ ਤੇ ਇਨ੍ਹਾਂ ਗ਼ਲਤ ਵਿਲੱਖਣ ਸ਼ਬਦਾਂ ਵਿੱਚੋਂ 2.46% ਸ਼ਬਦ ਜਿਵੇਂ ਕਿ (ÀਾਇÀਾ, ਸਾਦੇ, Àੀਕ, Âਡੀਆ, ਸੈੱਲਅਰੋਗਿਆ Àਮੀਦਵਾਰ) ਜੋ ਕਿ ਗੁਰਮੁਖੀ ਲਿਪਾਂਕਣਕਾਰੀ ਨੇਮਾਂ ਦਾ ਅਨੁਸਰਨ ਵੀ ਨਹੀਂ ਕਰਦੇ, ਪਰ ਫਿਰ ਵੀ ਇਹ ਸ਼ਬਦ ਵਿਕੀਪੀਡੀਆ ਵਿਚ ਵਰਤੇ ਗਏ ਹਨ। ਵਿਕੀਪੀਡੀਆ 'ਤੇ ਗ਼ਲਤ ਸ਼ਬਦ-ਜੋੜਾਂ ਵਾਲੇ 10 ਸਭ ਤੋਂ ਵੱਧ ਵਰਤੇ ਜਾਣ ਵਾਲੇ ਗ਼ਲਤ ਸ਼ਬਦ “ਜਿਹਨਾਂ, ਦੁਨੀਆਂ, ਸਪੱਸ਼ਟ, ਨੇਂ, ਨਾਂਮ, ਨਹੀ, ਇਸਤਰਾਂ, ਅਪਣੇ, ਲੱਗਭੱਗ, ਚਿੰਨ੍ਹ” ਹਨ। ਜਿਸ ਤਰ੍ਹਾਂ ਕਿ ਅਸੀਂ ਦੇਖ ਸਕਦੇ ਹਾਂ ਕਿ ਸਭ ਤੋਂ ਵੱਧ ਸ਼ਬਦ-ਜੋੜ ਗ਼ਲਤੀਆਂ ਬਿੰਦੀ ਅਤੇ ਅਧਕ ਦੇ ਇਸਤੇਮਾਲ ਵਿਚ ਹੋਈਆਂ ਹਨ। ਬਲਕਿ 100 ਸਭ ਤੋਂ ਆਮ ਸ਼ਬਦ-ਜੋੜ ਗ਼ਲਤੀਆਂ ਦੇ ਵਿਸ਼ਲੇਸ਼ਣ ਤੋਂ ਇਹ ਤੱਥ ਸਾਹਮਣੇ ਆਇਆ ਕਿ ਇਨ੍ਹਾਂ ਗ਼ਲਤੀਆਂ ਵਿੱਚੋਂ ਵਧੇਰੇ ਗ਼ਲਤੀਆਂ ਬਿੰਦੀ ਅਤੇ ਅਧਕ ਦੇ ਗ਼ਲਤ ਇਸਤੇਮਾਲ ਨਾਲ ਸਬੰਧਿਤ ਹਨ ਅਤੇ 16% ਗ਼ਲਤੀਆਂ ਪੈਰ ਬਿੰਦੀ ਦੇ ਗ਼ਲਤ ਇਸਤੇਮਾਲ ਨਾਲ ਸਬੰਧਿਤ ਹਨ।

ਇਸ ਤੋਂ ਇਲਾਵਾ ਪੰਜਾਬੀ ਵਿਚ ਅੰਗਰੇਜ਼ੀ ਨਾਵਾਂ ਅਤੇ ਤਕਨੀਕੀ ਮੱਦਾਂ ਦੇ ਸ਼ਬਦ-ਜੋੜਾਂ ਦੀ ਵੀ ਇਕ ਬਹੁਤ ਵੱਡੀ ਸਮੱਸਿਆ ਹੈ। ਪੰਜਾਬੀ 'ਚ ਅੰਗਰੇਜ਼ੀ ਨਾਵਾਂ ਅਤੇ ਤਕਨੀਕੀ ਮੱਦਾਂ ਦੇ ਸ਼ਬਦ-ਜੋੜਾਂ ਦਾ ਪ੍ਰਮਾਣੀਕਰਨ ਵੀ ਨਹੀਂ ਕੀਤਾ ਗਿਆ। ਉਦਾਹਰਨ ਵਜੋਂ ਕਨੇਡਾ ਨੂੰ ਵਿਕੀਪੀਡੀਆ ਵਿਚ ਵੱਖ-ਵੱਖ ਸ਼ਬਦ-ਜੋੜਾਂ ਨਾਲ ਲਿਖਿਆ ਗਿਆ ਹੈ ਜਿਵੇਂ ਕੈਨੇਡਾ, ਕੇਨੇਡਾ, ਕੇਨੈਡਾ, ਕੈਨੈਡਾ, ਕਨਾਡਾ, ਕਨੇਡਾ, ਕਨੈਡਾ, ਕੈਨਡਾ, ਕੈਨਾਡਾ। ਇਸੇ ਤਰ੍ਹਾਂ ਸ਼ਬਦ “ਸਾਫ਼ਟਵੇਅਰ” ਦੇ ਵਿਕੀਪੀਡੀਆ ਵਿੱਚ 7 ਵੱਖ-ਵੱਖ ਤਰ੍ਹਾਂ ਦੇ ਸ਼ਬਦ-ਜੋੜ: ਸਾਫ਼ਟਵੇਅਰ, ਸਾਫਟਵੇਅਰ, ਸਫ਼ਟਵੇਅਰ, ਸਾਫਟਵੇਇਰ, ਸਾਫਟਵੇਰ, ਸੋਫਟਵੇਅਰ ਅਤੇ ਸਾੱਫਟਵੇਅਰ ਮਿਲਦੇ ਹਨ, ਆਖ਼ਰੀ ਸ਼ਬਦ ਵਿਚ ਜੋ ਸ਼ਬਦ-ਜੋੜ ਵਰਤਿਆ ਗਿਆ ਹੈ ਉਹ ਗੁਰਮੁਖੀ ਲਿਪਾਂਕਣਕਾਰੀ-ਨੇਮਾਂ ਦੀ ਵੀ ਉਲੰਘਣਾ ਕਰਦਾ ਹੈ ਕਿਉਂਕਿ “ਅਧਕ” ਨੂੰ “ਕੰਨਾ” ਮਾਤਰਾ ਦੇ ਨਾਲ ਨਹੀਂ ਵਰਤਿਆ ਜਾ ਸਕਦਾ ਪਰ ਜੋ ਲੇਖਕ ਹਿੰਦੀ ਤੋਂ ਪੰਜਾਬੀ ਵਿਚ ਅਨੁਵਾਦ ਕਰਦੇ ਹਨ ਉਹ ਇਸੇ ਸ਼ਬਦ-ਜੋੜ ਦਾ ਪ੍ਰਯੋਗ ਕਰਦੇ ਹਨ। ਇਕ ਲੇਖਕ ਨੇ ਤਾਂ ਇਕ ਹੀ ਲੇਖ ਵਿਚ ਇਕ ਸ਼ਬਦ Alephanta ਦੇ ਤਿੰਨ ਵੱਖ-ਵੱਖ ਸ਼ਬਦ-ਜੋੜਾਂ ਐਲੀਫ਼ੈਂਟਾ, ਏਲਿਫੇਂਟਾ, ਏਲੀਫੇਂਟਾ ਦਾ ਪ੍ਰਯੋਗ ਕੀਤਾ ਹੈ। ਅੰਗਰੇਜ਼ੀ ਸ਼ਬਦਾਂ ਤੋਂ ਇਲਾਵਾ ਹੋਰਨਾਂ ਭਾਰਤੀ ਭਾਸ਼ਾਵਾਂ ਵਾਂਗ ਪੰਜਾਬੀ ਭਾਸ਼ਾ ਵਿਚ ਆਮ ਵਰਤੋਂ ਵਾਲੇ ਸ਼ਬਦਾਂ ਦੇ ਵੀ ਵੱਖ-ਵੱਖ ਸ਼ਬਦ-ਜੋੜ ਮਿਲਦੇ ਹਨ ਅਤੇ ਇਨ੍ਹਾਂ ਸਭ ਸ਼ਬਦ-ਜੋੜਾਂ ਖ਼ਾਸ ਤੌਰ 'ਤੇ ਅਧਕ ਨਾਲ ਸਬੰਧਿਤ ਵਿਭਿੰਨ ਸ਼ਬਦ-ਜੋੜਾਂ (ਵਿਚ/ਵਿੱਚ) ਅਤੇ ਪੈਰ ਬਿੰਦੀ ਵਾਲੇ ਵਿਭਿੰਨ ਸ਼ਬਦ-ਜੋੜਾਂ (ਗ਼ਲਤ/ਗ਼ਲਤ, ਖ਼ਰੀਦ/ਖਰੀਦ) ਨੂੰ ਮਾਨਤਾ ਵੀ ਮਿਲ ਗਈ ਹੈ। ਹਥਲੇ ਅਧਿਐਨ ਵਿੱਚ ਇਸ ਤਰ੍ਹਾਂ ਦੇ ਸ਼ਬਦ-ਜੋੜਾਂ ਨੂੰ ਨਜ਼ਰਅੰਦਾਜ਼ ਕਰਦੇ ਹੋਏ ਦੋਵਾਂ ਸ਼ਬਦ-ਜੋੜਾਂ ਨੂੰ ਸਹੀ ਮੰਨਿਆ ਗਿਆ ਹੈ।

ਵਿਕੀਪੀਡੀਆ ਵਿਚ ਉਪਲਬਧ ਗ਼ਲਤ ਸ਼ਬਦ-ਜੋੜਾਂ ਵਾਲੇ ਸ਼ਬਦਾਂ ਦੇ ਸੂਖਮ ਅਧਿਐਨ ਦੁਆਰਾ ਪੰਜਾਬੀ ਵਿਕੀਪੀਡੀਆ 'ਤੇ ਲੇਖਕਾਂ ਦੁਆਰਾ ਕੀਤੀਆਂ ਵੱਖ-ਵੱਖ ਬੋਧਾਤਮਕ ਗ਼ਲਤੀਆਂ ਨੂੰ ਨਿਮਨਲਿਖਤ ਸ਼੍ਰੇਣੀਆਂ ਵਿਚ ਸ਼੍ਰੇਣੀਗਤ ਕੀਤਾ ਜਾ ਸਕਦਾ ਹੈ : (ਨਿਮਨਲਿਖਤ ਉਦਾਹਰਨਾਂ ਵਿਚ ਬਰੈਕਟ ਵਿਚ ਦਿੱਤਾ ਗਿਆ ਪਹਿਲਾ ਸ਼ਬਦ ਗ਼ਲਤ ਸ਼ਬਦ-ਜੋੜ ਨਾਲ ਹੈ ਜਦਕਿ ਦੂਜਾ ਸ਼ਬਦ ਸਹੀ ਸ਼ਬਦ-ਜੋੜ ਨਾਲ ਹੈ।)

ਬਿੰਦੀ ਨਾਲ ਸਬੰਧਿਤ ਗ਼ਲਤੀਆਂ

ਸ਼ਬਦ-ਜੋੜਾਂ ਵਿਚ ਪਾਈਆਂ ਜਾਣ ਵਾਲੀਆਂ ਸਭ ਤੋਂ ਆਮ ਗ਼ਲਤੀਆਂ ਬਿੰਦੀ ਦੇ ਅਭਾਵ ਨਾਲ, ਬਿੰਦੀ ਦੀ ਬੇਲੋੜੀ ਵਰਤੋਂ ਨਾਲ ਅਤੇ ਬਿੰਦੀ ਦੀ ਗ਼ਲਤ ਵਰਤੋਂ ਨਾਲ ਸਬੰਧਿਤ ਹਨ। ਕੁਝ ਸ਼ਬਦਾਂ (ਭਾਵੇ/ਭਾਵੇਂ, ਜਾਦਾ/ਜਾਂਦਾ, ਜਿਵੇ/ਜਿਵੇਂ, ਅਸੀਂ/ਅਸੀਂ, ਸਮੇ/ਸਮੇਂ, ਨਹੀ/ਨਹੀਂ, ਥਾ/ਥਾਂ, ਜਦੋ/ਜਦੋਂ, ਕਿਉਕਿ/ਕਿਉਂਕਿ) ਵਿਚ ਨਾਸਿਕਤਾ ਨੂੰ ਅਣਦੇਖਿਆ ਕਰ ਕੇ ਬਿੰਦੀ ਦੀ ਵਰਤੋਂ ਨਹੀਂ ਕੀਤੀ ਗਈ ਅਤੇ ਕੁਝ ਅਜਿਹੇ ਸ਼ਬਦ, ਜਿਨ੍ਹਾਂ ਵਿਚ ਨਾਸਕੀ ਵਿਅੰਜਨ ਆਉਣ ਨਾਲ ਉਨ੍ਹਾਂ ਦੇ ਅਗਲੇ ਤੇ ਪਿਛਲੇ ਸ੍ਵਰ ਨਾਸਕੀ ਹੋ ਜਾਂਦੇ ਹਨ ਪਰ ਇਸ ਨਾਸਿਕਤਾ ਨੂੰ ਪ੍ਰਗਟਾਉਣ ਲਈ ਬਿੰਦੀ ਦੇ ਪ੍ਰਯੋਗ ਦੀ ਲੋੜ ਨਹੀਂ ਪੈਂਦੀ, ਵਿਚ ਬਿੰਦੀ ਦਾ ਪ੍ਰਯੋਗ ਬਿਨਾਂ ਲੋੜ ਤੋਂ (ਨਾਂਮ/ਨਾਮ, ਨੇਂ/ਨੇ, ਹਮੇਸ਼ਾਂ/ਹਮੇਸ਼ਾ, ਦੁਨੀਆਂ/ਦੁਨੀਆ) ਕੀਤਾ ਗਿਆ ਹੈ। ਜਦ ਕਿ ਕੁਝ ਸ਼ਬਦਾਂ ਵਿੱਚ ਨਾਸਿਕਤਾ ਦੀ ਗ਼ਲਤ ਵਰਤੋਂ ਕਰਦਿਆਂ ਬਿੰਦੀ ਦੀ ਸਥਾਨ ਬਦਲੀ ਕਰਕੇ (ਰਾਂਹੀ/ਰਾਹੀਂ, ਜਾਦਾਂ/ਜਾਂਦਾ) ਗ਼ਲਤੀ ਕੀਤੀ ਗਈ ਹੈ।

ਅਧਕ ਨਾਲ ਸਬੰਧਿਤ ਗ਼ਲਤੀਆਂ

ਅਧਕ ਨਾਲ ਸਬੰਧਿਤ ਕੁਝ ਸ਼ਬਦ, ਜਿਨ੍ਹਾਂ ਦੇ ਦੋਹਾਂ ਸ਼ਬਦ-ਜੋੜਾਂ (ਅਧਕ ਸਹਿਤ ਅਤੇ ਅਧਕ ਬਗ਼ੈਰ) ਜਿਵੇਂ (ਇੱਕ/ਇਕ, ਵਿੱਚ/ਵਿਚ ਆਦਿ) ਨੂੰ ਮਾਨਤਾ ਦਿੱਤੀ ਗਈ ਹੈ, ਨੂੰ ਨਜ਼ਰਅੰਦਾਜ਼ ਕੀਤਾ ਗਿਆ ਹੈ, ਪ੍ਰੰਤੂ ਕਈ ਸ਼ਬਦਾਂ ਵਿਚ ਅਧਕ ਦਾ ਪ੍ਰਯੋਗ ਬਿਨਾਂ ਲੋੜ (ਸਪੱਸ਼ਟ/ਸਪਸ਼ਟ, ਲੱਗਭੱਗ/ਲਗਭਗ, ਤੱਦ/ਤਦ, ਮੱਦਦ/ਮਦਦ, ਸੱਭ/ਸਭ, ਸੱਕਦੇ/ਸਕਦੇ, ਲਿੱਪੀ/ਲਿਪੀ) ਤੋਂ ਕੀਤਾ ਗਿਆ ਜਾਂ ਫਿਰ ਅਧਕ ਦੀ ਲੋੜ ਵਾਲੇ ਸ਼ਬਦਾਂ (ਵਸਦੇ/ਵੱਸਦੇ, ਸਿਖ/ਸਿੱਖ) ਵਿੱਚੋਂ ਅਧਕ ਗਾਇਬ ਸੀ ਜਾਂ ਫਿਰ ਅਧਕ ਦਾ ਪ੍ਰਯੋਗ ਗ਼ਲਤ ਸਥਾਨ (ਮੁੱਹਈਆ/ਮੁਹੱਈਆ, ਇੱਕਠੇ/ਇਕੱਠੇ) ਉੱਤੇ ਕੀਤਾ ਗਿਆ ਹੈ।

ਪੈਰ ਬਿੰਦੀ ਅੱਖਰਾਂ ਦਾ ਗ਼ਲਤ ਪ੍ਰਯੋਗ

ਪੰਜਾਬੀ ਵਿਕੀਪੀਡੀਆ ਵਿਚ ਪੈਰ ਬਿੰਦੀ ਵਾਲੇ ਅੱਖਰਾਂ ਨਾਲ ਸਬੰਧਿਤ ਵੀ ਸ਼ਬਦ-ਜੋੜਾਂ ਦੀਆਂ ਬਹੁਤ ਸਾਰੀਆਂ ਗ਼ਲਤੀਆਂ ਮਿਲਦੀਆਂ ਹਨ ਜਿਨ੍ਹਾਂ ਵਿੱਚੋਂ 'ਖ਼, ਗ਼, ਜ਼, ਫ਼' ਦੀਆਂ ਗ਼ਲਤੀਆਂ (ਕਮਜੋਰ/ਕਮਜ਼ੋਰ, ਅੰਦਾਜਾ/ਅੰਦਾਜ਼ਾ, ਅਜਾਦੀ/ਅਜ਼ਾਦੀ, ਜ਼ਹਾਜ਼/ਜਹਾਜ਼, ਫ਼ਿਰ/ਫਿਰ) ਨੂੰ ਨਜ਼ਰਅੰਦਾਜ਼ ਕੀਤਾ ਜਾ ਸਕਦਾ ਹੈ ਕਿਉਂਕਿ ਇਨ੍ਹਾਂ ਅੱਖਰਾਂ ਨਾਲ ਸਬੰਧਿਤ ਦੋਵੇਂ ਤਰ੍ਹਾਂ ਦੇ ਸ਼ਬਦ-ਜੋੜ (ਸਮੇਤ ਪੈਰ ਬਿੰਦੀ ਅਤੇ ਬਗ਼ੈਰ ਪੈਰ ਬਿੰਦੀ) ਮਾਨਤਾ ਪ੍ਰਾਪਤ ਹਨ ਪਰ 'ਸ਼' ਨਾਲ ਸਬੰਧਿਤ ਗ਼ਲਤੀਆਂ (ਵਿਸ਼ਵਾਸ਼/ਵਿਸ਼ਵਾਸ, ਵਿਸ਼ੇਸ/ਵਿਸ਼ੇਸ਼, ਸਬਦ/ਸ਼ਬਦ) ਗੰਭੀਰ ਹਨ। ਇਸ ਤੋਂ ਇਲਾਵਾ ਕੁਝ ਇਹੋ ਜਿਹੇ ਅੱਖਰਾਂ ਨਾਲ ਸੰਬੰਧਿਤ (ਕਰੋੜ/ਕਰੋੜ, ਏਕੜ/ਏਕੜ) ਗ਼ਲਤੀਆਂ ਵੀ ਮਿਲਦੀਆਂ ਹਨ ਜਿਨ੍ਹਾਂ ਦੀ ਹੋਂਦ ਪੰਜਾਬੀ ਵਿੱਚ ਹੈ ਹੀ ਨਹੀਂ।

ਪੈਰੀਂ ਹਾਹਾ ਦੀ ਗ਼ਲਤੀ ਵਾਲੇ ਸ਼ਬਦ-ਜੋੜ

ਪੰਜਾਬੀ ਭਾਸ਼ਾ ਵਿਚਲੀ ਸੁਰ ਨੂੰ ਪ੍ਰਗਟ ਕਰਨ ਲਈ ਪੈਰੀਂ ਹਾਹਾ ਦੀ ਵਰਤੋਂ ਕੀਤੀ ਜਾਂਦੀ ਹੈ। ਸੁਰ ਪੰਜਾਬੀ ਭਾਸ਼ਾ ਦਾ ਇਕ ਅਜਿਹਾ ਲੱਛਣ ਹੈ ਜੋ ਇਸ ਨੂੰ ਦੂਸਰੀਆਂ ਆਰੀਅਨ ਭਾਸ਼ਾਵਾਂ ਨਾਲੋਂ ਵੱਖਰਿਆਉਂਦਾ ਹੈ ਪਰ ਵਿਕੀਪੀਡੀਆ ਵਿਚ ਬਹੁਤ ਸਾਰੇ ਸ਼ਬਦਾਂ (ਚਿੰਨ/ਚਿੰਨ੍ਹ, ਜਿਨਾਂ/ਜਿਨ੍ਹਾਂ, ਉਨਾਂ/ਉਨ੍ਹਾਂ, ਪੜੋ/ਪੜ੍ਹੋ, ਬੰਨਿਆ/ਬੰਨ੍ਹਿਆ) ਵਿਚ ਸੁਰ ਨੂੰ ਨਜ਼ਰਅੰਦਾਜ਼ ਕਰਦਿਆਂ ਪੈਰੀਂ ਹਾਹਾ ਦੀ ਵਰਤੋਂ ਨਾ ਕਰ ਕੇ ਸ਼ਬਦ-ਜੋੜਾਂ ਦੀਆਂ ਗ਼ਲਤੀਆਂ ਕੀਤੀਆਂ ਗਈਆਂ ਹਨ।

ਨੰਨਾ ਅਤੇ ਣਾਣਾ ਦੇ ਪ੍ਰਯੋਗ ਵਿਚ ਗ਼ਲਤੀ

ਪੰਜਾਬੀ ਭਾਸ਼ਾ ਦੀ ਧੁਨੀ-ਵਿਉਂਤ ਅਨੁਸਾਰ /ਣ, ਰ, ਲ਼, ੜ/ ਤੋਂ ਬਾਅਦ /ਣ/ ਦਾ ਉਚਾਰਨ ਨਹੀਂ ਹੁੰਦਾ ਬਲਕਿ /ਨ/ ਦਾ ਉਚਾਰਨ ਹੁੰਦਾ ਹੈ ਇਸ ਲਈ ਅਜਿਹੇ ਸ਼ਬਦਾਂ ਵਿੱਚ 'ਣ' ਦੀ ਜਗ੍ਹਾ 'ਨ' ਦਾ ਪ੍ਰਯੋਗ ਹੁੰਦਾ ਹੈ। ਪਰ ਪੰਜਾਬੀ ਵਿਕੀਪੀਡੀਆ ਵਿਚ ਲਿਖਣ ਵਾਲੇ ਬਹੁਤ ਸਾਰੇ ਲੇਖਕ ਪੰਜਾਬੀ ਭਾਸ਼ਾ ਦੀ ਇਸ ਵਿਸ਼ੇਸ਼ਤਾ ਤੋਂ ਅਣਜਾਣ ਅਜਿਹੇ ਸ਼ਬਦਾਂ ਵਿਚ 'ਨ' ਦੀ ਜਗ੍ਹਾ 'ਣ' ਦਾ ਪ੍ਰਯੋਗ ਕਰਦੇ ਹੋਏ (ਸਧਾਰਣ/ਸਧਾਰਨ, ਸੰਪੂਰਣ/ਸੰਪੂਰਨ, ਕਿਰਣਾਂ/ਕਿਰਨਾਂ, ਤੋੜਣ/ਤੋੜਨ) ਵਾਰ-ਵਾਰ ਇਸ ਗ਼ਲਤੀ ਨੂੰ ਦੁਹਰਾਉਂਦੇ ਹਨ। ਇਸ ਤੋਂ ਇਲਾਵਾ ਕੁਝ ਸ਼ਬਦਾਂ (ਬਨਾਉਣ/ਬਣਾਉਣ, ਆਪਨੇ/ਆਪਣੇ, ਕਹਾਨੀ/ਕਹਾਣੀ) ਵਿਚ ਹਿੰਦੀ ਦੇ ਪ੍ਰਭਾਵ ਹੇਠ 'ਣ' ਦੀ ਜਗ੍ਹਾ 'ਨ' ਦਾ ਪ੍ਰਯੋਗ ਕਰਦੇ ਹੋਏ ਗ਼ਲਤ ਸ਼ਬਦ-ਜੋੜਾਂ ਦਾ ਪ੍ਰਯੋਗ ਕੀਤਾ ਗਿਆ ਹੈ।

ਹੋੜਾ ਅਤੇ ਕਨੌੜਾ ਦੇ ਪ੍ਰਯੋਗ ਵਿਚ ਗ਼ਲਤੀ

ਪੰਜਾਬੀ ਵਿਕੀਪੀਡੀਆ ਵਿਚ ਬਹੁਤ ਸਾਰੇ ਸ਼ਬਦਾਂ (ਸਮਝੋਤੇ/ਸਮਝੌਤੇ, ਚੋੜਾਈ/ਚੌੜਾਈ, ਦੋਰ/ਦੌਰ, ਦੋਰਾਨ/ਦੌਰਾਨ, ਮੋਜੂਦਾ/ਮੌਜੂਦਾ, ਮੋਤ/ਮੌਤ) ਵਿਚ ਕਨੌੜੇ ਦੀ ਜਗ੍ਹਾ ਹੋੜੇ ਦੀ ਵਰਤੋਂ ਕਰਕੇ ਵੀ ਪੰਜਾਬੀ ਸ਼ਬਦ-ਜੋੜਾਂ ਵਿਚ ਗ਼ਲਤੀਆਂ ਕੀਤੀਆਂ ਗਈਆਂ ਹਨ। ਅਸਲ ਵਿਚ ਪੰਜਾਬੀ ਭਾਸ਼ਾ ਦੇ ਸ਼ਹਿਰੀ ਉਚਾਰਨ ਵਿੱਚੋਂ /ਔ/ ਸ੍ਵਰ ਦਾ ਉਚਾਰਨ ਦਿਨੋ-ਦਿਨ ਲੋਪ ਹੋ ਰਿਹਾ ਹੈ ਅਤੇ /ਔ/ ਦੀ ਜਗ੍ਹਾ /ਓ/ ਸ੍ਵਰ ਦੇ ਉਚਾਰਨ ਦਾ ਪ੍ਰਚਲਨ ਵਧਦਾ ਜਾ ਰਿਹਾ ਹੈ। ਇਸ ਤੋਂ ਇਲਾਵਾ ਕੁਝ ਸ਼ਬਦਾਂ (ਚੌਣ/ਚੋਣ, ਤੌਂ/ਤੋਂ, ਮੌਢੀ/ਮੋਢੀ) ਵਿੱਚ ਹੋੜੇ ਦੀ ਜਗ੍ਹਾ ਕਨੌੜੇ ਦੀ ਵਰਤੋਂ ਕਰਕੇ ਗ਼ਲਤੀ ਕੀਤੀ ਗਈ ਹੈ।

ਔਂਕੜ ਤੇ ਦੁਲੈਂਕੜ ਦੇ ਪ੍ਰਯੋਗ ਵਿਚ ਗ਼ਲਤੀ

ਪੰਜਾਬੀ ਵਿਕੀਪੀਡੀਆ ਵਿਚ ਔਂਕੜ ਤੇ ਦੁਲੈਂਕੜ ਦੀ ਗ਼ਲਤ ਵਰਤੋਂ ਕਰਦੇ ਹੋਏ ਵੀ ਸ਼ਬਦ-ਜੋੜਾਂ ਦੀਆਂ ਬਹੁਤ ਸਾਰੀਆਂ ਗ਼ਲਤੀਆਂ (ਉਰਜਾ/ਊਰਜਾ, ਗੁਰੁ/ਗੁਰੂ, ਦੁਜੀ/ਦੂਜੀ, ਨੁੰ/ਨੂੰ, ਸ਼ੂਰੂਆਤ/ਸ਼ੁਰੂਆਤ, ਸਮੂੰਦਰ/ਸਮੁੰਦਰ, ਲੂਟੇਰਾ/ ਲੁਟੇਰਾ) ਕੀਤੀਆਂ ਗਈਆਂ ਹਨ।

ਸਿਹਾਰੀ ਅਤੇ ਬਿਹਾਰੀ ਦੇ ਪ੍ਰਯੋਗ ਵਿਚ ਗ਼ਲਤੀ

ਔਂਕੜ ਅਤੇ ਦੁਲੈਂਕੜ ਵਾਂਗ ਸਿਹਾਰੀ ਅਤੇ ਬਿਹਾਰੀ ਦੀ ਆਪਸ ਵਿਚ ਅਦਲਾ-ਬਦਲੀ ਕਾਰਨ ਵੀ ਸ਼ਬਦ-ਜੋੜਾਂ ਦੀਆਂ ਬਹੁਤ ਸਾਰੀਆਂ ਗ਼ਲਤੀਆਂ (ਦਿਵਾਨ/ਦੀਵਾਨ, ਅਨੁਸੂਚੀਤ/ਅਨੁਸੂਚਿਤ, ਸਿੱਖੀਆ/ਸਿੱਖਿਆ, ਤੀਮਾਹੀ/ਤਿਮਾਹੀ, ਮੁਕਾਬਲੀਆਂ/ਮੁਕਾਬਲਿਆਂ, ਜਿੱਤੀਆ/ਜਿੱਤਿਆ) ਸਾਮ੍ਹਣੇ ਆਈਆਂ ਹਨ। ਅਜਿਹੀਆਂ ਗ਼ਲਤੀਆਂ ਵੀ ਲੇਖਕ ਦੀ ਪੰਜਾਬੀ ਭਾਸ਼ਾ ਪ੍ਰਤੀ ਨਾਸਮਝੀ ਜਾਂ ਗ਼ੈਰਸੰਜੀਦਗੀ ਨੂੰ ਹੀ ਸਾਮ੍ਹਣੇ ਲਿਆਉਂਦੀਆਂ ਹਨ। ਜਦਕਿ ਕੁਝ ਗ਼ਲਤੀਆਂ (ਦੁਨਿਆ/ਦੁਨੀਆ, ਪਰੀਵਾਰ/ਪਰਿਵਾਰ) ਹਿੰਦੀ ਸ਼ਬਦ-ਜੋੜਾਂ ਦੀ ਨਕਲ ਦਾ ਨਤੀਜਾ ਹਨ।

ਸਿਹਾਰੀ ਦੇ ਪ੍ਰਯੋਗ ਵਿੱਚ ਗ਼ਲਤੀ

ਪੰਜਾਬੀ ਵਿੱਚ ਅਰਬੀ-ਫ਼ਾਰਸੀ ਮੂਲ ਦੇ ਜਿਨ੍ਹਾਂ ਸ਼ਬਦਾਂ (ਸਿਪਾਹੀ, ਕਿਤਾਬ, ਸਾਹਿਬ) ਵਿੱਚ ਅਰੰਭਲੇ ਵਿਅੰਜਨ ਨੂੰ ਜਾਂ ਅੰਤਲੇ ਤੋਂ ਪਹਿਲੇ ਵਿਅੰਜਨ ਨੂੰ ਸਿਹਾਰੀ ਕਾਇਮ ਰਹਿੰਦੀ ਹੈ ਭਾਵ ਇੱਥੇ/ ਸ੍ਵਰ ਦਾ ਉਚਾਰਨ ਪੰਜਾਬੀ ਵਿਚ ਕਾਇਮ ਰਹਿੰਦਾ ਹੈ। ਅਜਿਹੇ ਸ਼ਬਦਾਂ (ਸਪਾਹੀ/ਸਿਪਾਹੀ, ਕਤਾਬ/ਕਿਤਾਬ, ਸਾਹਬ/ਸਾਹਿਬ) ਵਿਚ ਸਿਹਾਰੀ ਨਾ ਪਾ ਕੇ ਗ਼ਲਤੀ ਕੀਤੀ ਗਈ ਹੈ। ਇਸ ਤੋਂ ਇਲਾਵਾ ਕੁਝ ਸ਼ਬਦ ਜਿਵੇਂ (ਪਹਲੀ/ਪਹਿਲੀ) ਵਿੱਚ ਹਿੰਦੀ ਦੀ ਨਕਲ ਕਰਨ ਕਰਕੇ ਸਿਹਾਰੀ ਨਾ ਪਾਉਂਦੇ ਹੋਏ ਗ਼ਲਤੀ ਕੀਤੀ ਗਈ ਹੈ। ਸਿਹਾਰੀ ਨਾਲ ਸਬੰਧਿਤ ਕੁਝ ਹੋਰ ਸ਼ਬਦਾਂ (ਸਿੱਖਆ/ਸਿੱਖਿਆ, ਮੁਨਾਸਿਬ/ਮੁਨਾਸਬ) ਦੀਆਂ ਵੀ ਗ਼ਲਤੀਆਂ ਸਾਮ੍ਹਣੇ ਆਈਆਂ ਹਨ।

ਐੜਾ ਅਤੇ ਐੜਾ+ਕੰਨਾ ਦੀ ਪਰਸਪਰ ਅਦਲਾ-ਬਦਲੀ ਨਾਲ ਸਬੰਧਿਤ ਗ਼ਲਤੀ

'ਅ' ਅਤੇ 'ਆ' ਦੀ ਪਰਸਪਰ ਅਦਲਾ-ਬਦਲੀ ਨਾਲ ਸਬੰਧਿਤ ਗ਼ਲਤੀਆਂ ਜਿਵੇਂ (ਅਪਣੀ/ਆਪਣੀ, ਅਧੁਨਿਕ/ਆਧੁਨਿਕ, ਆਹੁਦਾ/ਅਹੁਦਾ, ਆਜੋਕੇ/ਅਜੋਕੇ, ਆਦਾਰਾ/ਅਦਾਰਾ, ਸਭਿਆਤਾਵਾਂ/ਸਭਿਅਤਾਵਾਂ, ਗਿਅਰਾਂ/ਗਿਆਰਾਂ, ਦਰਮਿਅਨ/ਦਰਮਿਆਨ, ਬਾਆਦ/ਬਾਅਦ, ਵਿਗਿਅਨੀ/ਵਿਗਿਆਨੀ) ਵੀ ਸਾਮ੍ਹਣੇ ਆਈਆਂ ਹਨ ਜਿਹੜੀਆਂ ਅਜਿਹੇ ਸ਼ਬਦਾਂ ਦੇ ਪੰਜਾਬੀ ਉਚਾਰਨ ਦੀ ਅਗਿਆਨਤਾ ਕਾਰਨ ਕੀਤੀਆਂ ਗਈਆਂ ਪ੍ਰਤੀਤ ਹੁੰਦੀਆਂ ਹਨ।

ਲਾਵਾਂ ਅਤੇ ਦੁਲਾਵਾਂ ਦੇ ਪ੍ਰਯੋਗ ਵਿਚ ਗ਼ਲਤੀ

ਪੰਜਾਬੀ ਵਿਕੀਪੀਡੀਆ ਵਿਚ ਲਾਵਾਂ ਅਤੇ ਦੁਲਾਵਾਂ ਦੀ ਅਦਲਾ-ਬਦਲੀ ਨਾਲ ਸਬੰਧਿਤ ਗ਼ਲਤ ਸ਼ਬਦ-ਜੋੜ (ਟੇਨਿਸ/ਟੈਨਿਸ, ਪ੍ਰੋਫ਼ੇਸਰ/ਪ੍ਰੋਫ਼ੈਸਰ, ਨੈਪਾਲ/ਨੇਪਾਲ, ਤੈਲਗੂ/ਤੇਲਗੂ) ਵੀ ਮਿਲਦੇ ਹਨ ਜੋ ਲੇਖਕ ਦੀ ਸ਼ਬਦ-ਜੋੜਾਂ ਪ੍ਰਤੀ ਗ਼ੈਰਸੰਜੀਦਗੀ ਕਾਰਨ ਹੀ ਹੋਏ ਪ੍ਰਤੀਤ ਹੁੰਦੇ ਹਨ।

ਸੰਯੁਕਤ ਸ਼ਬਦ

ਸਬੰਧਕਾਂ ਨੂੰ ਵੱਖਰੇ ਰੂਪ ਵਿਚ ਲਿਖਣ ਦੀ ਥਾਂ ਸੰਯੁਕਤ ਪਿਛੇਤਰ/ਵਿਭਕਤੀਆਂ ਵਜੋਂ ਪ੍ਰਗਟ ਕਰਨ ਕਰਕੇ ਵੀ ਬਹੁਤ ਸਾਰੀਆਂ ਸ਼ਬਦ-ਜੋੜ ਗ਼ਲਤੀਆਂ (ਉਨ੍ਹਾਂਨੇ/ਉਨ੍ਹਾਂ ਨੇ, ਛੱਡਕੇ/ਛੱਡ ਕੇ, ਇਸਤੋਂ/ਇਸ ਤੋਂ, ਸਭਤੋਂ/ਸਭ ਤੋਂ, ਉਸਤੋਂ/ਉਸ ਤੋਂ, ਇਸਦੀਆਂ/ਇਸ ਦੀਆਂ, ਉਨ੍ਹਾਂਨੂੰ/ਉਨ੍ਹਾਂ ਨੂੰ, ਇਸਵਿੱਚ/ਇਸ ਵਿੱਚ) ਸਾਮ੍ਹਣੇ ਆਈਆਂ ਹਨ। ਇਸ ਤੋਂ ਇਲਾਵਾ ਕਿਰਿਆ ਦੇ ਪੂਰਨ ਪੱਖ ਨੂੰ ਪ੍ਰਗਟਾਉਣ ਵਾਲੇ ਨਿਪਾਤ 'ਕੇ' ਨੂੰ ਕਿਰਿਆ ਰੂਪ ਨਾਲ ਸੰਯੁਕਤ ਰੂਪ ਵਿਚ ਪ੍ਰਗਟ ਕਰਨ ਕਰਕੇ ਵੀ ਗ਼ਲਤ ਸ਼ਬਦ-ਜੋੜ (ਬਣਾਕੇ/ਬਣਾ ਕੇ) ਪ੍ਰਾਪਤ ਹੋਏ ਹਨ।

ਇਨ੍ਹਾਂ ਬੋਧਾਤਮਕ ਸ਼ਬਦ-ਜੋੜ ਗ਼ਲਤੀਆਂ ਤੋਂ ਇਲਾਵਾ ਵਿਕੀਪੀਡੀਆ ਵਿਚ ਕਾਫ਼ੀ ਟਾਈਪੋਗ੍ਰਾਫਿਕ ਗ਼ਲਤੀਆਂ ਵੀ ਮਿਲਦੀਆਂ ਹਨ। ਬਹੁਤ ਸਾਰੇ ਸ਼ਬਦ , ਜਿਨ੍ਹਾਂ ਦੇ ਪ੍ਰਮਾਣਿਕ ਸ਼ਬਦ-ਜੋੜ ਨਿਸ਼ਚਤ ਹਨ, ਨੂੰ ਵੀ ਬਹੁਤ ਸਾਰੇ ਗ਼ਲਤ ਰੂਪਾਂ ਵਿਚ ਲਿਖਿਆ ਗਿਆ ਹੈ। ਇਸ ਦੀ ਇਕ ਉਦਾਹਰਨ “ਯੂਨੀਵਰਸਿਟੀ” ਸ਼ਬਦ ਹੈ ਜਿਸ ਲਈ 14 ਵੱਖ ਵੱਖ ਸ਼ਬਦ-ਜੋੜਾਂ (ਯੂਨੀਵਰਸਿਟੀ, ਯੂਨਿਵਰਸਿਟੀ, ਯੂਨੀਵਰਸਟੀ, ਯੁਨੀਵਰਸਿਟੀ, ਯੂਨੀਵਰਿਸਟੀ, ਯੂਨਵਰਸਿਟੀ, ਯੂਨੀਵਰਸਿਟੀ, ਯੂਨੀਰਿਸਟੀ, ਯੁਨੀਵਰਸਿਟੀ, ਯੂਨੀਵਿਰਸਿਟੀ, ਯੂਨੀਵਰਸਟੀ, ਯੂਨੀਵਰਸਤੀ, ਯੂਨਿਵਰਸਟੀ, ਯੁਨੀਵਰਸਟੀ) ਦਾ ਪ੍ਰਯੋਗ ਕੀਤਾ ਗਿਆ ਹੈ।

ਇਹੀ ਨਹੀਂ ਬਹੁਤ ਸਾਰੇ ਆਮ ਵਰਤੋਂ ਵਾਲੇ ਪੰਜਾਬੀ ਸ਼ਬਦਾਂ ਨੂੰ ਵੀ ਗ਼ਲਤ ਲਿਖਿਆ ਗਿਆ ਹੈ। ਬਿਲਕੁਲ ਸੌਖੇ ਸ਼ਬਦ “ਸਪਸ਼ਟ'', ਜਿਸ ਵਿਚ ਕਿਸੇ ਵੀ ਮਾਤਰਾ ਦਾ ਪ੍ਰਯੋਗ ਨਹੀਂ ਹੁੰਦਾ, ਨੂੰ ਵੀ ਅਧਕ ਦੇ ਗ਼ਲਤ ਪ੍ਰਯੋਗ ਕਾਰਨ 7 ਵੱਖ-ਵੱਖ ਸ਼ਬਦ-ਜੋੜਾਂ (ਸਪਸ਼ੱਟ, ਸਪੱਸਟ, ਸਪੱਸ਼ਟ, ਸ਼ਪਸ਼ਟ, ਸ਼ਪੱਸ਼ਟ, ਸੱਪਸ਼ਟ, ਸੁਪਸ਼ਟ) ਨਾਲ ਲਿਖਿਆ ਗਿਆ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਸ਼ਬਦ “ਉਨ੍ਹਾਂ'' ਨੂੰ 19 ਵੱਖ-ਵੱਖ ਸ਼ਬਦ-ਜੋੜਾਂ ਨਾਲ ਲਿਖਿਆ ਗਿਆ ਹੈ। ਇਨ੍ਹਾਂ 19 ਗ਼ਲਤ ਸ਼ਬਦ-ਜੋੜਾਂ ਵਿੱਚੋਂ ਚਾਰ (ਉੰਨਾਂ, ਉਨ੍ਹਾੰ , ਉਨ੍ਹ, ਉਨ੍ਹਾਂਂ). ਤਾਂ ਬਿੰਦੀ ਅਤੇ ਟਿੱਪੀ ਨਾਲ ਸਬੰਧਿਤ ਗੁਰਮੁਖੀ ਲਿਪਾਂਕਣਕਾਰੀ ਨੇਮਾਂ ਦੀ ਉਲੰਘਣਾ ਕਰਦੇ ਹਨ, ਦੋ ਸ਼ਬਦ-ਜੋੜ (ਉੁਨਾਂ and ਉੁਨ੍ਹਾਂ ) ਯੂਨੀਕੋਡ ਦੁਆਰਾ ਵਰਤੇ ਜਾਂਦੇ ਪੰਜਾਬੀ ਸ਼ਬਦ-ਬਣਤਰ ਦੇ ਨੇਮਾਂ ਦੀ ਉਲੰਘਣਾ ਕਰਦੇ ਹਨ ਜਿਸ ਵਿਚ ਊੜਾ ਅਤੇ ਔਂਕੜ ਨੂੰ ਇਕ ਅੱਖਰ ਮੰਨਿਆ ਜਾਂਦਾ ਹੈ ਅਤੇ ਜੇ ਦੋ ਅੱਖਰਾਂ ਊੜਾ+ਔਂਕੜ ਵਜੋਂ ਅਲੱਗ-ਅਲੱਗ ਲਿਖਿਆ ਜਾਵੇ ਤਾਂ ਇਹ ਗ਼ਲਤ ਸ਼ਬਦ-ਜੋੜ ਮੰਨਿਆ ਜਾਵੇਗਾ। ਹਾਲਾਂਕਿ ਇਹ ਗ਼ਲਤੀ ਸਾਫ਼ ਦਿਖਾਈ ਦਿੰਦੀ ਹੈ ਪਰ ਫੇਰ ਵੀ ਇਸ ਤਰ੍ਹਾਂ ਦੀ ਗ਼ਲਤੀ ਦਾ ਹੋਣਾ ਹੈਰਾਨੀਜਨਕ ਹੈ। ਦੋ ਸ਼ਬਦ (ਉੁਨਾਂ ਅਤੇ ਉੁਨ੍ਹਾਂ) ਜੋ ਕਿ ਦੇਖਣ ਵਿੱਚ ਇੱਕੋ ਜਿਹੇ ਲਗਦੇ ਹਨ ਪਰ ਉਹਨਾਂ ਦੀ ਬਣਤਰ ਵਿਚ ਵਾਧੂ ਅੱਖਰ ਦਾ ਪ੍ਰਯੋਗ ਕੀਤਾ ਗਿਆ ਹੈ । ਪਹਿਲੇ ਸ਼ਬਦ “ਉੁਨ੍ਹਾਂ (ਉੁਨ੍ਹਾਂ)'' ਵਿੱਚ ਊੜਾ+ਔਂਕੜ ਵਿਚ ਇਕ ਵਾਧੂ ਔਂਕੜ ਲੁਕੀ ਹੋਈ ਹੈ। ਜਦਕਿ ਦੂਜਾ ਸ਼ਬਦ “ਉਨ੍ਹਾਂ (ਉੇਨ੍ਹਾਂ)“ ਵਿਚ ਊੜਾ+ਔਂਕੜ ਪਿੱਛੇ ਲਾਵਾਂ ਲੁਕੀ ਹੋਈ ਹੈ। “ਉਨ੍ਹਾਂ“ ਸ਼ਬਦ ਲਈ ਹੋਰ ਜਿਨ੍ਹਾਂ ਸ਼ਬਦ-ਜੋੜਾਂ ਦਾ ਪ੍ਰਯੋਗ ਕੀਤਾ ਗਿਆ ਹੈ, ਉਹ ਇਸ ਤਰ੍ਹਾਂ ਹਨ: ਉਨਾ, ਉਨ੍ਹਾ, ਉਂਨ੍ਹਾਂ, ਉਨਾਂ, ਉਨਾਂਹ, ਉੁੱਨ੍ਹਾਂ, ਓਨਹਾਂ, ਓਨਾਂ, ਓਨ੍ਹਾਂ, ਉਨਉਹਾਂ)

ਇਸ ਤੋਂ ਇਲਾਵਾ ਵਿਕੀਪੀਡੀਆ ਉੱਤੇ ਇੱਕ ਲੇਖ ਤਾਂ ਅਜਿਹਾ ਹੈ ਜਿਸ ਨੂੰ ਦੇਖਣ ਤੋਂ ਲਗਦਾ ਹੈ ਕਿ ਇਹ ਹਿੰਦੀ ਤੋਂ ਲਿਪੀਅੰਤਰਨ ਕੀਤਾ ਗਿਆ ਹੈ ਕਿਉਂਕਿ ਇਸ ਵਿੱਚ ਹਿੰਦੀ ਵਾਲੇ ਸ਼ਬਦ-ਜੋੜਾਂ ਦਾ ਪ੍ਰਯੋਗ ਕੀਤਾ ਗਿਆ ਹੈ। ਜਿਵੇਂ ਅੰਤਰਰਾਸ਼ਟਰੀ ਲਈ ਅਨਤਰਰਾਸ਼ਟ੍ਰੀਯ, ਵਿਆਪਾਰ ਲਈ ਵਯਾਪਾਰ, ਕਿਉਂਕਿ ਲਈ ਕਯੋਂਕਿ, ਵਿਅਕਤੀ ਲਈ ਵਯਕ੍ਰਿਤ।

ਪੰਜਾਬੀ ਦੇ ਸ਼ਬਦ-ਜੋੜ ਦੇ ਨਿਰੀਖਣ ਲਈ ਆਨਲਾਈਨ (http://g2s.learnpunjabi.org/sodhak.aspx) ਅਤੇ ਆਫ਼ਲਾਈਨ (ਅੱਖਰ 2016 ਅਤੇ ਐਮ.ਐਸ.ਵਰਡ) ਵਰਗੇ ਗੁਰਮੁਖੀ ਸ਼ਬਦ-ਜੋੜ ਨਿਰੀਖਕ (Spell Checker) ਉਪਲਬਧ ਹੋਣ ਦੇ ਬਾਵਜੂਦ ਪੰਜਾਬੀ ਵਿਕੀਪੀਡੀਆ ਵਰਗੀ ਚਰਚਿਤ ਵੈੱਬਸਾਈਟ ਵਿਚ ਇੰਨੇ ਗ਼ਲਤ ਸ਼ਬਦ-ਜੋੜਾਂ ਦਾ ਹੋਣਾ ਬਹੁਤ ਵੱਡੀ ਲਾਪਰਵਾਹੀ ਹੈ। ਅੱਜ ਦੇ ਦੌਰ ਵਿਚ ਖੋਜਾਰਥੀ, ਵਿਦਿਆਰਥੀ, ਸਿੱਖਿਆ ਸ਼ਾਸਤਰੀ, ਮੀਡੀਆ ਆਦਿ ਸਾਰੇ ਹੀ ਜਾਣਕਾਰੀ ਲੈਣ ਲਈ ਵਿਕੀਪੀਡੀਆ 'ਤੇ ਬਹੁਤ ਜ਼ਿਆਦਾ ਨਿਰਭਰ ਹਨ ਅਤੇ ਇਸ ਲਈ ਬਹੁਤ ਜ਼ਰੂਰੀ ਹੈ ਕਿ ਉਨ੍ਹਾਂ ਨੂੰ ਜਾਣਕਾਰੀ ਸਹੀ ਸ਼ਬਦ-ਜੋੜਾਂ ਵਿਚ ਉਪਲਬਧ ਕਰਾਈ ਜਾਵੇ।

- ਡਾ. ਗੁਰਪ੍ਰੀਤ ਸਿੰਘ ਲਹਿਲ,

ਡਾ. ਹਰਵਿੰਦਰ ਪਾਲ ਕੌਰ

Posted By: Harjinder Sodhi