ਕਈ ਵਾਰ ਸੋਚਦਾ ਹਾਂ, ਮਾਤ ਭਾਸ਼ਾ ਤੋਂ ਬਿਨਾਂ ਹੋਰ ਭਾਸ਼ਾਵਾਂ ਰਾਹੀਂ ਦਿੱਤੀ ਜਾ ਰਹੀ ਸਿੱਖਿਆ, ਵਿਸ਼ਿਆਂ ਨੂੰ ਹੋਰ ਗੁੰਝਲਦਾਰ ਤੇ ਔਖਾ ਨਹੀਂ ਬਣਾ ਦਿੰਦੀ? ਜਿਹੜੀ ਗੱਲ, ਨੁਕਤਾ, ਬੱਚਾ ਆਪਣੀ ਮਾਤ-ਭਾਸ਼ਾ ਵਿਚ ਅਸਾਨੀ ਨਾਲ ਸਮਝ ਸਕਦਾ ਹੈ, ਉਹ ਦੂਸਰੀ ਭਾਸ਼ਾ ਵਿਚ ਹੋਰ ਔਖਾ ਤੇ ਕਠਿਨ ਨਹੀਂ ਹੋ ਜਾਂਦਾ? ਕਈ ਹੋਣਹਾਰ ਵਿਦਿਆਰਥੀ ਸਿਰਫ਼ ਪਰਾਈ ਭਾਸ਼ਾਂ ਦੇ ਬੋਝ ਹੇਠ ਦੱਬ ਕੇ ਪੱਛੜ ਨਹੀਂ ਜਾਂਦੇ? ਉਸ ਨੂੰ ਸਮਝਣ ਵਿਚ ਵਧੇਰੇ ਮਗ਼ਜ ਖਪਾਈ ਨਹੀਂ ਕਰਨੀ ਪੈਂਦੀ? ਮਾਤ- ਭਾਸ਼ਾ ਵਿਚ ਵਿਚਾਰਾਂ ਦਾ ਅਦਾਨ-ਪ੍ਰਦਾਨ, ਆਪਣੇ ਸੱਭਿਆਚਾਰ, ਆਪਣੇ ਇਤਿਹਾਸ, ਮਿਥਿਹਾਸ ਨੂੰ ਸਮਝਣਾ-ਸਮਝਾਉਣਾ ਵਧੇਰੇ ਸੌਖਾ ਨਹੀਂ ਹੁੰਦਾ? ਮਾਤ-ਭਾਸ਼ਾ ਵਿਚ ਮਾਤਾ-ਪਿਤਾ ਤੋਂ ਮਿਲੀ ਗੁੜ੍ਹਤੀ ਵਿਚ ਜਿਹੜੇ ਤੱਤ ਮੌਜੂਦ ਹੁੰਦੇ ਹਨ ਉਹ ਕਿਸੇ ਤੋਂ ਹੋਰ ਭਾਸ਼ਾ ਵਿਚ ਉਪਲੱਬਧ ਹੋ ਸਕਦੇ ਹਨ? ਖਾਨਦਾਨੀ, ਪੀੜ੍ਹੀ-ਦਰ-ਪੀੜ੍ਹੀ ਤੁਰੀਆਂ ਆਉਂਦੀਆਂ ਵਿਲੱਖਣਤਾਵਾਂ ਉਨ੍ਹਾਂ ਦੇ ਬਿੰਬ ਅਤੇ ਪਛਾਣ ਮਾਤ-ਭਾਸ਼ਾ ਤੋਂ ਬਿਨਾਂ ਕਿਸੇ ਹੋਰ ਭਾਸ਼ਾ ਰਾਹੀਂ ਸਾਡੇ ਤਕ ਪੁਜ ਸਕਦੇ ਹਨ? ਸ਼ਾਇਦ ਇਹ ਕਿਸੇ ਹੋਰ ਭਾਸ਼ਾ ਵਿਚ ਸੰਭਵ ਹੀ ਨਹੀਂ ਹੈ। ਜੇ ਇਹ ਕਹਿ ਦਿੱਤਾ ਜਾਵੇ ਕਿ ਮਾਤ-ਭਾਸ਼ਾ ਹੀ ਸੰਸਾਰ ਨੂੰ ਨਵੀਂ ਦਿ੍ਰਸ਼ਟੀ ਤੋਂ ਇਸ ਸਿ੍ਰਸ਼ਟੀ ਨੂੰ ਵੇਖਣ ਸਮਝਣ ਤੇ ਘੋਖਣ ਦਾ ਢੰਗ ਵਿਕਸਤ ਕਰ ਸਕਦੀ ਹੈ ਤਾਂ ਇਹ ਅਤਿਕਥਨੀ ਨਹੀਂ ਹੋਵੇਗੀ। ਲੰਮੀ ਗ਼ੁਲਾਮੀ ਕਰਕੇ ਸਾਨੂੰ ਦੂੁਸਰੀਆਂ ਭਾਸ਼ਾਵਾਂ ਵਿਚ ਦੂਸਰੀ ਦੁਨੀਆ ਤੇ ਸਿਰਜਤ ਸੁਪਨਿਆਂ ਅਤੇ ਉਨ੍ਹਾਂ ਦੇ ਅਣਪਛਾਤੇ ਸੰਸਾਰ ਨੂੰ ਵੇਖਣ ਲਈ ਪ੍ਰੇਰਿਆ ਜਾਂਦਾ ਰਿਹਾ। ਸਾਨੂੰ ਗ਼ੁਲਾਮ ਬਣਾਉਣ ਵਾਲਿਆਂ ਨੇ ਆਪਣੀ ਸੱਭਿਅਤਾ ਦੇ ਨਾਲ-ਨਾਲ ਆਧੁਨਿਕਤਾ ਦਾ ਅਜਿਹਾ ਸੰਸਾਰ ਪ੍ਰਸਤੁਤ ਕੀਤਾ ਕਿ ਸਾਡੀਆਂ ਨਜ਼ਰਾਂ ਉਹੋ ਕੁਝ ਵੇਖਣ ਲਈ ਵਿਵਹਲ ਹੋ ਗਈਆਂ ਤੇ ਅਸੀਂ ਆਪਣਾ ਅਮੀਰ ਵਿਰਸਾ ਤੇ ਜ਼ਮੀਨ ਨਾਲ ਜੁੜੀ ਸੱਭਿਅਤਾ ਨੂੰ ਅੱਖੋਂ-ਪਰੋਖੇ ਕਰਦੇ ਗਏ। ਅਸੀਂ ਆਪਣੀ ਸੱਭਿਆਚਾਰਕ ਅਮੀਰੀ ਨੂੰ ਅਜਾਇਬ ਘਰਾਂ ਤੇ ਨੁਮਾਇਸ਼ ਘਰਾਂ ਤਕ ਹੀ ਸੀਮਤ ਕਰ ਲਿਆ।

ਜਿਵੇਂ ਲੈਲਾ ਲਈ ਦੀਵਾਨੇ ਮਜਨੂੰ ਨੂੰ ਕਿਸੇ ਨੇ ਪੁੱਛਿਆ ਸੀ ਕਿ ਜਿਸ ਨੂੰ ਤੂੰ ‘ਲੈਲਾ-ਲੈਲਾ’ ਪੁਕਾਰਦਾ ਫਿਰਦਾ ਹੈ ਉਹ ਤਾਂ ਕਾਲੀ-ਕਲੂਟੀ-ਬਦਸੂਰਤ ਜਿਹੀ ਹੈ। ਅਜਿਹਾ ਕੀ ਹੈ ਉਸ ਵਿਚ, ਜਿਸ ਲਈ ਤੂੰ ਪਾਗ਼ਲ ਹੋਇਆ ਫਿਰਦਾ ਹੈ, ਤਾਂ ਮਜਨੂੰ ਨੇ ਜਵਾਬ ਦਿੱਤਾ ਸੀ, ਕਿ ਤੂੰ ਲੈਲਾ ਨੂੰ ਆਪਣੀ ਨਹੀਂ, ਮੇਰੀ ਅੱਖ ਨਾਲ ਵੇਖ, ਫਿਰ ਤੈਨੂੰ ਪਤਾ ਲੱਗੇਗਾ ਕਿ ਲੈਲਾ ਕੀ ਹੈ। ਸੌ ਗੱਲ ਤਾਂ ਆਪਣੀ ਅੱਖ ਯਾਨੀ ਇਸ ਸੰਸਾਰ ਨੂੰ ਆਪਣੀ ਮਾਤ-ਭਾਸ਼ਾ ਦੀ ਨਜ਼ਰ ਤੇ ਨਜ਼ਰੀਏ ਤੋਂ ਵੇਖਣ ਦੀ ਹੈ।

ਜਦੋਂ ਵੀ ਕੋਈ ਮੁਲਕ, ਦੂਸਰੇ ਮੁਲਕ ਨੂੰ ਗ਼ੁਲਾਮ ਬਣਾਉਂਦਾ ਹੈ ਤਾਂ ਉਹ ਸਭ ਤੋਂ ਪਹਿਲਾਂ ਉਸ ਮੁਲਕ ਦੀਆਂ ਸੱਭਿਆਚਾਰਕ ਜੜ੍ਹਾਂ ’ਤੇ ਹਮਲਾ ਕਰਦਾ ਹੈ। ਉਹ ਉਸ ਮੁਲਕ ਦੀ ਭਾਸ਼ਾ ਦੀ ਕੀਮਤ ਉਨ੍ਹਾਂ ਹੀ ਦੇਸ਼-ਵਾਸੀਆਂ ਦੀ ਨਜ਼ਰ ਵਿਚ ਘਟਾਉਂਦਾ ਹੈ। ਉਨ੍ਹਾਂ ਦੀ ਭਾਸ਼ਾ ਨੂੰ ਨਿਮਨ ਦਰਜੇ ਦੀ ਦੱਸ ਕੇ, ਜਾਂ ਇਸ ਗੱਲ ਦਾ ਅਹਿਸਾਸ ਕਰਾ ਕੇ ਆਪਣੀ ਹੀ ਮਾਤ-ਭਾਸ਼ਾ ਪ੍ਰਤੀ ਹੀਣ-ਭਾਵਨਾ ਤੇ ਨਫ਼ਰਤ ਤਕ ਪੈਦਾ ਕਰਦਾ ਹੈ ਅਤੇ ਉਸ ਦੇਸ਼ ਦੇ ਵਾਸੀ ਆਪਣੀ ਹੀ ਮਾਤ ਭਾਸ਼ਾ ਨੂੰ ਬੋਝ ਪੱਛੜੀ ਤੇ ਬੇਮੁੱਲੀ ਜਿਹੀ ਸਮਝਣ ਲੱਗਦੇ ਹਨ। ਉਹ ਦੇਸ਼ਵਾਸੀ ਆਪ ਹੀ ਗ਼ੈਰ ਮੁਲਕ ਦੀ ਭਾਸ਼ਾ ਤੇ ਉਸ ਦੇ ਸੱਭਿਆਚਾਰ ਦਾ ਗੁਣਗਾਨ ਕਰਨ ਲੱਗਦੇ ਹਨ। ਪੁਰਾਈ ਸੱਭਿਅਤਾ ਦੇ ਰੰਗ ਵਿਚ ਰੰਗ ਕੇ ਆਪਣੇ-ਆਪ ਨੂੰ ਆਧੁਨਿਕ ਜਾਂ ਮਾਡਰੇਟ ਅਖਵਾਉਣ ਲਗਦੇ ਹਨ। ਫਿਰ ਜਦੋਂ ਅਸੀਂ ਆਪਣਾ ਆਪ, ਪਰਾਈ ਭਾਸ਼ਾ ਤੇ ਸੱਭਿਅਤਾ ਰਾਹੀਂ ਪ੍ਰਦਰਸ਼ਿਤ ਕਰਨ ਲੱਗ ਪੈਂਦੇ ਹਾਂ। ਉਸ ਵਿਚ ਹੀ ਮਾਣ ਮਹਿਸੂਸ ਕਰਨ ਲਗਦੇ ਹਾਂ ਅਤੇ ਦੂਸਰਿਆਂ ਨੂੰ ਵੀ ਪ੍ਰੇਰਿਤ ਕਰਨ ਲਗਦੇ ਹਾਂ ਜਾਂ ਇਹ ਗੱਲ ਮਾਣ ਨਾਲ ਦੱਸਣ ਲੱਗਦੇ ਹਾਂ ਕਿ ਸਾਡਾ ਬੱਚਾ ਤਾਂ ਪਰਾਈ ਭਾਸ਼ਾ ਕਿੰਨੇ ਸਾਫ਼-ਸੁਥਰੇ ਢੰਗ ਨਾਲ ਬੋਲ ਲੈਂਦਾ ਹੈ, ਸਮਝ ਲੈਂਦਾ ਹੈ ਤਾਂ ਸਮਝ ਲੈਣਾ ਚਾਹੀਦਾ ਹੈ ਕਿ ਅਸੀਂ ਆਪ ਹੀ ਆਪਣੀਆਂ ਜੜ੍ਹਾਂ ਤੇ ਕੁਹਾੜਾ ਚਲਾ ਲਿਆ ਹੈ, ਅਸੀਂ ਆਪ ਹੀ ਆਪਣੀ ਸੱਭਿਅਤਾ ਨੂੰ ਜੜੋਂ੍ਹ ਪੁੱਟਣ ਦਾ ਘਟੀਆ ਕੰਮ ਕਰ ਲਿਆ ਹੈ। ਅਸੀਂ ਆਪ ਹੀ ਆਪਣੇ-ਆਪ ਨੂੰ ਆਪਣੀ ਮਾਤ-ਭਾਸਾ ਅਤੇ ਮਾਤ-ਸਭਿਅਤਾ ਤੋਂ ਅਲਗ ਕਰਕੇ ਅਖੌਤੀ ਸੱਭਿਅਕ ਵਰਗ ਵਿਚ ਸ਼ਾਮਿਲ ਕਰ ਲਿਆ ਹੈ। ਅਸੀਂ ਆਪਣੇ ਆਪ ਆਪਣੀ ਸੱਭਿਅਤਾ ਤੇ ਪਰਾਈ ਸੱਭਿਅਤਾ ਦੀ ਪਿਉਂਦ ਚਾੜ੍ਹ ਲਈ ਹੈ।

ਮਾਤ-ਭਾਸ਼ਾ ਵਿਚ ਜਿਹੜੇ ਲੋਕਗੀਤ, ਲੋਕ-ਕਹਾਣੀਆਂ, ਲੋਕ-ਕਹਾਵਤਾਂ, ਮੁਹਾਵਰੇ, ਬੁਝਾਰਤਾਂ, ਜਾਂ ਸੁਕਤੀਆਂ ਹੁੰਦੀਆਂ ਹਨ ਕੀ ਉਹ ਹੋਰ ਕਿਸੇ ਭਾਸ਼ਾ ਵਿਚ ਹੋ ਸਕਦੀਆਂ ਹਨ? ਮੰਨ ਲਉ ਜੇ ਹੋਣ ਵੀ, ਤਾਂ ਕੀ ਉਹ ਸਾਡੇ ਸੱਭਿਆਚਾਰ ਅਤੇ ਜੀਵਨ ਨਾਲ ਮੇਲ ਖਾ ਸਕਦੀਆਂ ਹਨ? ਸਾਡੀ ਜੀਵਨ ਸ਼ੈਲੀ, ਜੀਵਨ ਪੱਧਰ ਤੇ ਜਿਊਣ ਦੇ ਅੰਦਾਜ਼ ਨਾਲ ਢੁਕ ਸਕਦੀਆਂ ਹਨ? ਕੀ ਉਹ ਸਾਡੀ ਮਿੱਟੀ ਤੇ ਆਬੋਹਵਾ ਦੀ ਤਾਸੀਰ ਨਾਲ ਮੇਲ ਖਾ ਸਕਦੀਆਂ ਹਨ? ਅਸੀਂ ਪੀੜ੍ਹੀ-ਦਰ-ਪੀੜ੍ਹੀ ਜਿਸ ਸਮਾਜ ਵਿਚ ਵਿਚਰਦੇ ਆਏ ਹਾਂ। ਜਿਸ ਕੁਦਰਤੀ ਅਤੇ ਮਨੋ-ਵਿਗਿਆਨਕ ਮਾਹੌਲ ਵਿਚ ਰਚੇ-ਬਸੇ ਹੋਏ ਹਾਂ, ਕੁਦਰਤ ਨਾਲ ਜਿਹੜੀ ਸਾਂਝ ਬਣਾਈ ਹੈ ਅਤੇ ਉਸ ਨੂੰ ਆਪਣੀ ਰਗ-ਰਗ ਵਿਚ ਸਮੋਇਆ ਹੈ, ਉਸ ਸਾਂਝ, ਨੇੜਤਾ ਤੇ ਆਪਣੇਪਣ ਨੂੰ ਜਿੰਨੀ ਸ਼ਿੱਦਤ, ਪੁਖਤਾ ਤੇ ਮਾਰਮਿਕ ਢੰਗ ਨਾਲ ਅਸੀਂ ਆਪਣੀ ਮਾਤ-ਭਾਸ਼ਾ ਵਿਚ ਬਿਆਨ ਕਰ ਸਕਦੇ ਹਾਂ, ਕੀ ਇਹ ਸਭ ਕਿਸੇ ਹੋਰ ਭਾਸ਼ਾ/ ਬੋਲੀ ਵਿਚ ਕੀਤਾ ਜਾ ਸਕਦਾ ਹੈ? ਮੌਲਿਕ ਲੇਖਨ ਜਿਸ ਡੂੰਘਿਆਈ, ਤੀਬਰਤਾ, ਸੂਖਮਤਾ ਅਤੇ ਆਪਣੀ ਜ਼ਮੀਨ ਨਾਲ ਜੁੜ ਕੇ ਆਪਣੀ ਮਾਤ-ਭਾਸ਼ਾ ਵਿਚ ਕੀਤਾ ਜਾ ਸਕਦਾ ਹੈ, ਸ਼ਾਇਦ ਇੰਨਾ ਕਿਸੇ ਦੂਸਰੀ ਭਾਸ਼ਾ ਵਿਚ ਕਦੇ ਵੀ ਨਹੀਂ ਹੋ ਸਕਦਾ।

ਪੈਦਾ ਹੁੰਦਿਆਂ ਹੀ ਬੱਚੇ ਦਾ ਆਪਣੇ ਪਰਿਵੇਸ਼ ਅਤੇ ਪ੍ਰਕਿਰਤੀ ਨਾਲ ਇਕ ਸਬੰਧ ਸਥਾਪਿਤ ਹੋ ਜਾਂਦਾ ਹੈ। ਉਹ ਆਪਣੇ ਵਾਤਾਵਰਨ, ਵਿਸ਼ੇਸ਼ ਮਾਹੌਲ ਨਾਲ-ਨਾਲ ਆਪਣੀ ਮਾਤ-ਭਾਸ਼ਾ ਨਾਲ ਹੀ ਜੁੜਣਾ ਸ਼ੁਰੂ ਹੋ ਜਾਂਦਾ ਹੈ। ਜੋੜਨ ਵਾਲੀਆਂ ਇਹੋ ਤੰਦਾਂ ਹੌਲੀ-ਹੌਲੀ ਮਜ਼ਬੂਤ ਤੇ ਪੀਡੀਆਂ ਹੁੰਦੀਆਂ ਜਾਂਦੀਆਂ ਹਨ। ਜਦੋਂ ਤਕ ਬੱਚੇ ਨੂੰ ਅੱਖਰ ਗਿਆਨ ਨਹੀਂ ਹੋ ਜਾਂਦਾ, ਉਹ ਮੌਖਿਕ ਲੈਅ ਰਾਹੀਂ ਹੀ ਆਪਣੇ ਆਲੇ-ਦੁਆਲੇ ਨਾਲ, ਆਪਣੇ-ਆਪ ਨੂੰ ਇਕਮਿਕ ਕਰਦਾ ਜਾਂਦਾ ਹੈ। ਬਹੁਤ ਕੁਝ ਉਹ ਆਪੇ ਹੀ ਸਹਿਜ ਰੂਪ ਵਿਚ ਅਰਜਿਤ ਕਰਦਾ ਜਾਂਦਾ ਹੈ, ਜਿਸ ਨੂੰ ਘਰਦਿਆਂ ਨੇ ਕਦੇ ਵੀ ਉਚੇਚੇ ਤੌਰ ’ਤੇ ਸਿਖਾਇਆ ਨਹੀਂ ਹੁੰਦਾ। ਇਹ ਉਹ ਤੰਦਾਂ ਹੁੰਦੀਆਂ ਹਨ, ਜਿਹੜੀਆਂ ਉਸ ਦੇ ਲਹੂ ਨਾਲ ਸਬੰਧ ਸਥਾਪਤ ਕਰ ਲੈਂਦੀਆਂ ਹਨ ਅਤੇ ਉਸ ਨੂੰ ਆਪਣੀ ਸੱਭਿਅਤਾ, ਆਪਣੇ ਪਰੀਵੇਸ਼ ਅਤੇ ਮਾਤ-ਭਾਸ਼ਾ ਨਾਲ ਸਦੀਵੀ ਤੌਰ ’ਤੇ ਜੋੜ ਦਿੰਦੀਆਂ ਹਨ ਜਿਸ ਵਿਚ ਉਹ ਆਤਮ ਵਿਸ਼ਵਾਸ ਹੀ ਨਹੀਂ, ਸਗੋਂ ਮਾਣ-ਮੱਤਾ ਵੀ ਮਹਿਸੂਸ ਕਰਦਾ ਹੈ। ਆਪਣੇ ਪਰੀਵੇਸ਼ ਅਤੇ ਪ੍ਰਕਿ੍ਰਤੀ ਨਾਲ ਕੀਤੇ ਸੰਘਰਸ਼ ਅਤੇ ਸਥਾਪਤ ਕੀਤੇ ਤਾਲਮੇਲ ਤੇ ਸਾਂਝ ਨੇ ਉਸ ਅੰਦਰ ਜਿਹੜਾ ਜੁੜਾਉ ਪੈਦਾ ਕੀਤਾ ਹੁੰਦਾ ਹੈ, ਉਸ ਦੀਆਂ ਗੰਢਾਂ ਬਹੁਤ ਮਜ਼ਬੂਤ ਹੁੰਦੀਆਂ ਹਨ। ਬਸ ਇਹੋ ਉਹ ‘ਨਾਜ਼ੁਕ ਥਾਂ’ ਹੈ ਜਿੱਥੇ ਉਸ ਮੁਲਕ ਨੂੰ ਗ਼ੁਲਾਮ ਬਣਾਉਣ ਵਾਲੇ ਜਾਂ ਆਪਣੇ ਸਾਮਰਾਜ ਫੈਲਾਉਣ ਵਾਲੇ ‘ਹਮਲਾ’ ਕਰਦੇ ਹਨ। ਸਾਨੂੰ ਬੜੇ ਸਲੀਕੇ ਨਾਲ ਆਪਣੀਆਂ ਜੜ੍ਹਾਂ ਤੋਂ ਕੱਟ ਕੇ ਆਪਣੀ ਸੱਭਿਅਤਾ ਤੇ ਆਪਣੀ ਭਾਸ਼ਾ ਦੀ ‘ਪਿਉਂਦ’ ਲਾਉਂਦੇ ਹਨ। ਉਨ੍ਹਾਂ ਵਲੋਂ ਆਪਣੇ ਅਖੌਤੀ ਆਧੁਨਿਕ ਸੱਭਿਆਚਾਰਕ ਸੁਪਨ ਸੰਸਾਰ ਦੀ ਅਜਿਹੀ ਚਕਾਚੌਂਧ ਵਿਖਾਈ ਜਾਂਦੀ ਹੈ ਕਿ ਅਸੀਂ ਆਪਣਾ ਸਭ ਕੁਝ ਭੁੱਲ ਕੇ, ਸਭ ਕੁਝ ਛੱਡ ਕੇ ਉਨ੍ਹਾਂ ਦੇ ਮਗਰ ਲੱਗ ਜਾਂਦੇ ਹਾਂ। ਇਕ ਤਰ੍ਹਾਂ ਨਾਲ ਅਡਿਕਟਡ ਹੋ ਕੇ ਗ਼ੁਲਾਮ ਹੋ ਜਾਂਦੇ ਹਾਂ। ਫਿਰ ਜਦੋਂ ਉਨ੍ਹਾਂ ਦਾ ਸੱਭਿਆਚਾਰ ਅਤੇ ਭਾਸ਼ਾ ਸਾਡਾ ‘ਸਟੇਟਸ ਸਿੰਬਲ’ ਬਣ ਜਾਂਦਾ ਹੈ ਫਿਰ ਤਾਂ ਅਸੀਂ ਉਨ੍ਹਾਂ ਦੀ ਘੋੜ-ਦੌੜ ਦੇ ਘੋੜੇ ਬਣ ਕੇ ਇਸ ਅੰਤਹੀਣ ਰੇਸ ਵਿਚ ਸ਼ਾਮਲ ਹੋ ਜਾਂਦੇ ਹਾਂ ਤੇ ਆਪਣਾ ਸਭ ਕੁਝ ਗੁਆ ਬੈਠਦੇ ਹਾਂ। ਫਿਰ ਨਾ ਤਾਂ ਸਾਡਾ ਆਪਣੀ ਸੱਭਿਅਤਾ ਨਾਲ ਕੋਈ ਰਾਗਮਈ ਸਬੰਧ ਸਥਾਪਤ ਹੁੰਦਾ ਹੈ ਅਤੇ ਨਾ ਹੀ ਸਾਡੇ ਸਾਹਿਤ ਅਤੇ ਹੋਰ ਕਲਾਵਾਂ ਦਾ ਸਹੀ ਤੇ ਸੁੱਚਾ-ਵਿਕਾਸ ਹੋ ਸਕਦਾ ਹੈ। ਮਾਤ-ਭਾਸ਼ਾ ਵਿਚ ਜਿਹੜੀ ਕਲਪਨਾਸ਼ੀਲਤਾ, ਮਿੱਟੀ ਦੀ ਤਸੀਰ, ਗੰਧ ਤੇ ਨਾੜੂਏ ਨਾਲ ਜੁੜਣ ਵਰਗਾ ਸਬੰਧ ਹੈ, ਉਹ ਪਰਾਈ ਭਾਸ਼ਾ ਵਿਚ ਹੋ ਹੀ ਨਹੀਂ ਸਕਦਾ। ਇਸ ਲਈ ਆਪਣੀ ਭਾਸ਼ਾ ਤੇ ਸੱਭਿਆਚਾਰ ਦੀਆਂ ਜੜ੍ਹਾਂ ਨਾਲ ਜੁੜ ਕੇ ਸਾਨੂੰ ਆਪਣੀ ਮਾਂ ਦੀ ਗੋਦ ਵਿਚ ਬੈਠਣ ਵਰਗਾ ਸਕੂਨ ਹਾਸਿਲ ਹੁੰਦਾ ਹੈ ਜੋ ਹੋਰ ਕਿਧਰੇ ਹੋ ਹੀ ਨਹੀਂ ਸਕਦਾ। ਪਰਾਈ ਭਾਸ਼ਾ ਦਾ ਮੂਲ ਸਰੋਤ, ਉਸ ਦੀ ਮੂਲ ਸੱਤਾ, ਉਸ ਦੀਆਂ ਜੜ੍ਹਾਂ, ਉਸ ਦਾ ਸੱਤਾ ਕੇਂਦਰ ਕਿਧਰੇ ਹੋਰ ਹੀ ਹੁੰਦਾ ਹੈ। ਇਸ ਲਈ, ਉਸ ‘ਮਾਂ’ ਤੋਂ ਪੂਰੇ ਹੋਣ ਵਾਲੇ ਮਨੋਰਥਾਂ ਦੀ ਪੂਰਤੀ ਸੰਭਵ ਹੀ ਨਹੀਂ ਹੁੰਦੀ।

ਮਾਤ-ਭਾਸ਼ਾ ਦਾ ਰਿਸ਼ਤਾ ਕਿਸੇ ਵਿਸ਼ੇਸ਼ ਖਿੱਤੇ ਦੇ ਸਮਾਜਕ, ਰਾਜਨੀਤਕ, ਧਾਰਮਕ, ਆਰਥਕ, ਸੱਭਿਆਚਾਰਕ ਭੂਗੋਲਕ, ਇਤਿਹਾਸਕ ਆਦਿ ਸਰੋਕਾਰਾਂ ਨਾਲ ਹੁੰਦਾ ਹੈ। ਇਸ ਲਈ ਮਾਤ-ਭਾਸ਼ਾ ਦਾ ਸਿੱਧਾ ਸਬੰਧ ਉਥੋਂ ਦੀ ਸਿੱਖਿਆ ਨਾਲ ਵੀ ਹੁੰਦਾ ਹੈ। ਮਾਤ-ਭਾਸ਼ਾ ਰਾਹੀਂ ਉਥੋਂ ਦੇ ਲੋਕ-ਗੀਤਾਂ, ਲੋਕ-ਕਥਾਵਾਂ, ਲੋਕ-ਨਾਟਕਾਂ, ਲੋਕ-ਨਾਚਾਂ, ਲੋਕ-ਕਵਿਤਾਵਾਂ ਨੂੰ ਸਮਝ ਸਕਦੇ ਹਾਂ, ਉਸ ਦਾ ਇਜ਼ਹਾਰ ਕਰ ਸਕਦੇ ਹਾਂ। ਉਸ ਵਿਚਲੀ ਲੋਕ ਚੇਤਨਾ ਨੂੰ ਮਹਿਸੂਸ ਕਰ ਸਕਦੇ ਹਾਂ। ਮਾਤ-ਭਾਸ਼ਾ ਵਿਚ ਹੀ ਅਸੀਂ ਉਸ ਖੇਤਰ ਦੇ ਮਜ਼ਦੂਰ, ਕਿਸਾਨ, ਕਾਮਗਾਰ ਵਰਗ ਦੀਆਂ ਲੋੜਾਂ, ਥੁੜਾਂ, ਭਾਵਨਾਵਾਂ ਨੂੰ ਸਮਝ ਸਕਦੇ ਹਾਂ, ਉਨ੍ਹਾਂ ਦਾ ਵਟਾਂਦਰਾ ਕਰ ਸਕਦੇ ਹਾਂ। ਉਨ੍ਹਾਂ ਨੂੰ ਜ਼ਮੀਨੀ ਹਕੀਕਤ ਦੇ ਰੂਬਰੂ ਕਰਾ ਕੇ ਲੋਕ ਸੰਘਰਸ਼ਾਂ ਲਈ ਤਿਆਰ ਕਰ ਸਕਦੇ ਹਾਂ ਅਤੇ ਉਹ ਮਜ਼ਦੂਰ-ਕਿਸਾਨ ਵਰਗ ਹੀ ਵਿਵਸਥਾ ਪਰਿਵਰਤਨ ਵਿਚ ਆਪਣੀ, ਫ਼ੈਸਲਾਕੁੰਨ ਭੂਮਿਕਾ ਅਦਾ ਕਰ ਸਕਦਾ ਹੈ। ਮਾਤ-ਭਾਸ਼ਾ ਰਾਹੀਂ ਹੀ ਅਸੀਂ ਅਜੋਕੇ ਸਾਮਰਾਜਵਾਦ, ਪੂੰਜੀਵਾਦ, ਖਪਤਵਾਦ, ਬਾਜ਼ਾਰਵਾਦ ਦੀ ਘੁਸਪੈਠ ਨਾਲ ਸਾਡੇ ਜੀਵਨ ਵਿਚ ਆ ਰਹੇ ਪਰਿਵਰਤਨਾਂ, ਨਵੀਆਂ ਔਕੜਾਂ ਅਤੇ ਨਵੀਆਂ ਚੁਣੌਤੀਆਂ ਦਾ ਮੁਕਾਬਲਾ ਕਰਨ ਲਈ ਤਿਆਰ ਹੁੰਦੇ ਹਾਂ। ਇਸ ਲਈ ਕਿਸੇ ਵੀ ਰਾਜ ਵਿਚ ਮਾਤ-ਭਾਸ਼ਾ ਰਾਹੀਂ ਦਿੱਤੀ ਸਿੱਖਿਆ ਜੋ ਮਹੱਤਵਪੂਰਣ ਭੂਮਿਕਾ ਨਿਭਾ ਸਕਦੀ ਹੈ, ਉਹ ਸ਼ਾਇਦ ਹੀ ਕੋਈ ਹੋਰ ਉਧਾਰੀ ਲਈ ਹੋਈ ਭਾਸ਼ਾ ਜਾਂ ਬੋਲੀ ਨਿਭਾ ਸਕੇਗੀ।

ਇਹ ਸਰਵਪ੍ਰਵਾਣਿਤ ਸੱਚਾਈ ਹੈ ਕਿ ਸਾਡੀ ਸੰਸਕਿ੍ਰਤੀ-ਸੱਭਿਅਤਾ ਅਸਲ ਵਿਚ ਕੁਦਰਤ ਅਤੇ ਮਨੁੱਖਾਂ ਵਿਚਲਾ ਆਤਮਕ ਸਬੰਧ ਹੈ। ਕਿਉਂਕਿ ਮਨੁੱਖ ਨੂੰ ਪੈਰ-ਪੈਰ ’ਤੇ ਕੁਦਰਤ ’ਤੇ ਆਸਰਿਤ ਰਹਿਣਾ ਪੈਂਦਾ ਹੈ ਅਤੇ ਇਸ ਲੋੜ ਤੇ ਪੂਰਤੀ ਤੋਂ ਉਪਜਿਆ ਸਬੰਧ ਹੀ ਸਾਡਾ ਕੁਦਰਤ ਨਾਲ ਇਕ ਰਾਗਮਈ, ਸਨੇਹਮਈ ਤੇ ਰੂਹਾਨੀ ਰਿਸ਼ਤਾ ਜੋੜਦਾ ਹੈ। ਉਸ ਕੁਦਰਤੀ ਪਰੀਵੇਸ਼ ਤੋਂ ਉਪਜੀ ਸਾਡੀ ਮਾਤ-ਭਾਸਾ ਵੀ ਸਾਨੂੰ ਉਸ ਕੁਦਰਤ ਦੀ ਸੂਖ਼ਮ ਤੇ ਵਿਸਥਾਰ ਵਾਲੀ ਰਚਨਾ ਨੂੰ ਸਮਝਣ ਵਿਚ ਮਦਦ ਕਰਦੀ ਹੈ। ਉਸ ਮਿੱਟੀ ਅਤੇ ਆਬੋ-ਹਵਾ ਤੋਂ ਉਪਜੀ ਮਾਤ-ਭਾਸ਼ਾ ਵਿਚ ਹੀ ਅਸੀਂ ਕੁਦਰਤ ਨਾਲ ਇਕ ਗੂੜ੍ਹਾ ਸੰਵਾਦ ਸਥਾਪਿਤ ਕਰ ਸਕਦੇ ਹਾਂ। ਉਸ ਕੁਦਰਤ ਤੋਂ ਪ੍ਰਾਪਤ ਕੀਤੇ ਪ੍ਰਤੀਕ, ਬਿੰਬ ਤੇ ਅਲੰਕਾਰ ਸਾਡੀ ਮਾਤ-ਭਾਸ਼ਾ ਦਾ ਸ਼ਿੰਗਾਰ ਬਣਦੇ ਹਨ। ਫਿਰ ਸਾਡੀ ਮਾਤ-ਭਾਸ਼ਾ ਵਿਚ ਸਾਡਾ ਸਾਹਿਤ, ਸਾਡਾ ਧਰਮ-ਕਰਮ, ਸਾਡੀ ਕਲਾ, ਸਾਡਾ ਗੀਤ-ਸੰਗੀਤ, ਕਿਰਤ ਤੇ ਅਦਾਕਾਰੀ ਬੋਲਦੀ ਹੈ। ਉਥੋਂ ਦਾ ਇਤਿਹਾਸ, ਭੂਗੋਲ ਤੇ ਕੁਦਰਤ ਨਾਲ ਅੰਤਰ ਸਬੰਧ ਬੋਲਦੇ ਹਨ। ਮਾਤ-ਭਾਸ਼ਾ ਵਿਚ ਹੀ ਜਿਸ ਸਰਲਤਾ ਤੇ ਸਹਿਜਤਾ ਨਾਲ ਅਸੀਂ ਇਸ ਜਾਣਕਾਰੀ ਨੂੰ ਅਗਲੀ ਪੀੜ੍ਹੀ ਤਕ ਪੂਜਾ ਸਕਦੇ ਹਾਂ, ਉਹ ਕਿਸੇ ਪਰਾਈ ਜਾਂ ਉਧਾਰੀ ਲਈ ਹੋਈ ਭਾਸ਼ਾ ਵਿਚ ਨਹੀਂ। ਇੰਜ ਮਾਤਭਾਸ਼ਾ ਨਾ ਸਿਰਫ਼ ਸਾਡੀ ਸੰਸਕਿ੍ਰਤੀ-ਸੱਭਿਆਚਾਰ ਦੀ ਬੁਨਿਆਦ ਬਣਦੀ ਹੈ ਸਗੋਂ ਉਥੋਂ ਦੀ ਸਿੱਖਿਆ ਦੇ ਵਟਾਂਦਰੇ ਅਤੇ ਪ੍ਰਚਾਰ-ਪ੍ਰਸਾਰ ਲਈ ਮਜ਼ਬੂਤ ਅਧਾਰ ਵੀ ਸਾਬਿਤ ਹੁੰਦੀ ਹੈ।

ਵਿਸ਼ੇਸ਼ ਕਰਕੇ ਇਸ ਗਲੋਬਲਾਈਜੇਸ਼ਨ ਅਤੇ ਬਾਜ਼ਾਰਵਾਦ ਤੇ ਖਪਤਵਾਦ ਦੇ ਦੌਰ ਵਿਚ ਕਿਸੇ ਵਿਸ਼ੇਸ਼ ਖਿੱਤੇ ਨੂੰ ਆਪਣਾ ‘ਬਾਜ਼ਾਰ’ ਬਣਾ ਕੇ ਆਪਣਾ ਮਾਲ (ਪ੍ਰਾਡਕਟ) ਵੇਚਣ ਲਈ ਉਹ ਮਲਟੀ ਨੈਸ਼ਨਲ ਕੰਪਨੀਆਂ (ਐੱਮ.ਐੱਨ.ਸੀ) ਪਹਿਲਾਂ ਉਸ ਵਿਸ਼ੇਸ਼ ਖਿੱਤੇ ਦੀ ਸੰਸਕਿ੍ਰਤੀ ਤੇ ਸੱਭਿਅਤਾ ਦਾ ਸਰਵੇ ਕਰਾਉਂਦੀਆਂ ਹਨ। ਉਨ੍ਹਾਂ ਦੀਆਂ ਸੱਭਿਆਚਾਰਕ ਲੋੜਾਂ ਦੀ ਸੂਚੀ ਤਿਆਰ ਕਰਾਉਂਦੀਆਂ ਹਨ, ਫਿਰ ਉੱਥੋਂ ਦੇ ਲੋਕਾਂ ਦੀਆਂ ਲੋੜਾਂ ਨੂੰ ਮੁੱਖ ਰੱਖ ਕੇ ਆਪਣੇ ‘ਪ੍ਰਾਡਕਟ’ ਬਾਜ਼ਾਰ ਵਿਚ ਭੇਜਦੀਆਂ ਹਨ। ਇਹ ਸਭ ਉੱਥੋਂ ਦੇ ਹੀ ਲੋਕਾਂ ਰਾਹੀਂ, ਉੱਥੋਂ ਦੀ ਭਾਸ਼ਾ ਵਿਚ, ਉੱਥੋਂ ਦੀ ਲੋਕ ਸੰਸਕਿ੍ਰਤੀ ਤੇ ਲੋਕ ਸੱਭਿਆਚਾਰ ਨੂੰ ਸਮਝਣ ਉਪਰੰਤ ਹੀ ਕੀਤਾ ਜਾਂਦਾ ਹੈ।

ਇਸ ਦੇ ਨਾਲ-ਨਾਲ ਇਹ ਪੂੰਜੀਵਾਦੀ ਨਿਵੇਸ਼ਕ ਉਸ ਵਿਸ਼ੇਸ਼ ਖਿੱਤੇ ਦੇ ਉਸ ਵਰਗ ਦੀ ਤਲਾਸ਼ ਵੀ ਕਰ ਲੈਂਦਾ ਹੈ ਜਿਹੜਾ ਉਧਾਰੀ ਭਾਸ਼ਾ, ਉਧਾਰੇ ਸੱਭਿਆਚਾਰ ਅਤੇ ਵੱਖਰੇ ‘ਸਟੇਟਸ ਸਿੰਬਲ’ ਵਾਲੀ ਜੀਵਨ ਸ਼ੈਲੀ ਜਿਉਂਦਾ ਹੈ ਪਰ ਵਧੇਰੇ ਲਾਭ ਉਹ ਉਥੋਂ ਦੀ ਮਾਤ-ਭਾਸ਼ਾ ਤੇ ਲੋਕ-ਸੱਭਿਆਚਾਰ ਨਾਲ ਹੀ ਜੁੜ ਕੇ ਪ੍ਰਾਪਤ ਕਰਦਾ ਹੈ। ਇੱਥੋਂ ਹੀ ਗੱਲ ਧਿਆਨ ਰੱਖਣਯੋਗ ਹੈ ਕਿ ਇਸ ਪੂੰਜੀਵਾਦ ਅਤੇ ਬਾਜ਼ਾਰਵਾਦ ਦੇ ਦੌਰ ਵਿਚ ਉਸਦੀ ਮਾਤ-ਭਾਸ਼ਾ ਤੇ ਲੋਕ ਸੱਭਿਆਚਾਰ ਨਾਲ ਰੁਚੀ ਸਿਰਫ਼ ਤੇ ਸਿਰਫ਼ ਆਪਣਾ ਮਾਲ ਵੇਚ ਕੇ ਮੁਨਾਫ਼ਾ ਕਮਾਉਣ ਤਕ ਹੀ ਹੁੰਦੀ ਹੈ, ਉਸ ਨੂੰ ਮਾਤ-ਭਾਸ਼ਾ ਦੇ ਪ੍ਰਚਾਰ-ਪ੍ਰਸਾਰ ਜਾਂ ਸੱਭਿਆਚਾਰਕ ਸਰੋਕਾਰਾਂ ਨਾਲ ਕੋਈ ਲੈਣਾ-ਦੇਣਾ ਨਹੀਂ ਹੁੰਦਾ। ਉਸ ਨੇ ਉਸ ਸੱਭਿਆਚਾਰ ਨਾਲ ਜੁੜੀ ਹਰ ਉਸ ਚੀਜ਼ ਵਿਚ ਮੁਨਾਫ਼ਾ ਹੀ ਹਾਸਿਲ ਕਰਨਾ ਹੁੰਦਾ ਹੈ ਅਤੇ ਉਸ ਦੀ ਆੜ ਵਿਚ ਆਪਣੀ ਭਾਸ਼ਾ ਤੇ ਰਸਮੋ-ਰਿਵਾਜਾਂ ਦਾ ਹੀ ਪ੍ਰਚਾਰ ਤੇ ਪ੍ਰਸਾਰ ਹੀ ਕਰਨਾ ਹੁੰਦਾ ਹੈ।

ਸਿੱਖਿਆ ਦਾ ਮੂਲ ਮਨੋਰਥ ਹੈ ਸਤਿਅਮ-ਸ਼ਿਵਮ-ਸੁੰਦਰਮ। ਸਾਡੀਆਂ ਲੋਕ-ਕਥਾਵਾਂ, ਲੋਕ-ਗੀਤਾਂ ਵਿਚ ਸੁੰਦਰ ਸੁਪਨਿਆ, ਸੱਚੇ-ਸੁੱਚੇ ਜੀਵਨ ਦੇ ਸੁਨਹਿਰੇ ਭਵਿੱਖ ਦੀ ਕਾਮਨਾ ਹੀ ਤਾਂ ਕੀਤੀ ਗਈ ਹੈ। ਇਹ ਸੁੰਦਰਤਾ ਇਸ ਕੁਦਰਤ ਨਾਲ ਆਤਮਿਕ ਸਬੰਧਾਂ ਅਤੇ ਮਿੱਟੀ-ਆਧਾਰਿਤ ਗੁਣਾਂ ਦੀ ਗੰਧ ਤੇ ਤਾਸੀਰ ਵਿੱਚੋਂ ਹੀ ਉਪਜੀ ਹੈ। ਇਹ ਰਚਨਾਤਮਕਤਾ ਅਤੇ ਸੰਰਚਨਾ ਜਿੰਨੀ ਸਰਲਤਾ ਤੇ ਸਹਿਜਤਾ ਨਾਲ ਮਾਤ-ਭਾਸ਼ਾ ਰਾਹੀਂ ਸਮਝੀ ਜਾ ਸਕਦੀ ਹੈ ਸ਼ਾਇਦ ਕਿਸੇ ਹੋਰ ਭਾਸ਼ਾ ਵਿਚ ਨਹੀਂ। ਇੱਥੇ ਇਕ ਸਵਾਲ ਪੈਦਾ ਹੁੰਦਾ ਹੈ ਜੇ ਚੀਨ ਦੇ ਲੋਕ ਚੀਨੀ ਭਾਸ਼ਾ ਵਿਚ, ਰੂਸ ਦੇ ਰੂਸੀ ਵਿਚ, ਜਰਮਨ ਦੇ ਜਰਮਨੀ ਵਿਚ, ਫਰਾਂਸ ਦੇ ਫਰਾਂਸੀਸੀ ਵਿਚ, ਜਪਾਨ ਦੇ ਜਪਾਨੀ ਵਿਚ ਸਿੱਖਿਆ ਪ੍ਰਾਪਤ ਕਰ ਕੇ ਵਿਕਸਤ ਮੁਲਕਾਂ ਦੀ ਸ਼੍ਰੇਣੀ ਵਿਚ ਆ ਸਕਦੇ ਹਨ ਤਾਂ ਅਸੀਂ ਆਪਣੀ ਮਾਤ-ਭਾਸ਼ਾ ਵਿਚ ਸਿੱਖਿਆ ਪ੍ਰਾਪਤ ਕਰ ਕੇ ਤਰੱਕੀ ਕਿਉਂ ਨਹੀਂ ਕਰ ਸਕਦੇ

ਮਾਤ-ਭਾਸ਼ਾ ਰਾਹੀਂ ਸਿੱਖਿਆ ਪ੍ਰਾਪਤੀ ’ਤੇ ਜ਼ੋਰ ਅਤੇ ਦਲੀਲਾਂ ਦੇਣ ਦਾ ਅਰਥ ਇਹ ਬਿਲਕੁਲ ਵੀ ਨਹੀਂ ਹੈ ਕਿ ਮਾਤ-ਭਾਸ਼ਾ ਤੋਂ ਬਿਨਾਂ ਹੋਰ ਕਿਸੇ ਭਾਸ਼ਾ ਨੂੰ ਸਿੱਖੀਏ ਹੀ ਨਾ। ਅਜੋਕੇ ਵਿਸ਼ਵੀਕਰਨ ਦੇ ਦੌਰ ਵਿਚ ਸਾਨੂੰ ਵਿਸ਼ਵ ਪੱਧਰੀ ਇਤਿਹਾਸ, ਭੂਗੋਲ, ਵਿਗਿਆਨ, ਸਮਾਜ ਸ਼ਾਸਤਰ, ਅਰਥ-ਸ਼ਾਸਤਰ ਅਤੇ ਰਾਜਨੀਤੀ ਆਦਿ ਦਾ ਗਿਆਨ ਪ੍ਰਾਪਤ ਕਰਨਾ ਬੇਹੱਦ ਲਾਜ਼ਮੀ ਹੋ ਗਿਆ ਹੈ। ਇਸ ਲਈ ਆਪਣੀ ਮਾਤ-ਭਾਸ਼ਾ ਤੋਂ ਬਿਨਾਂ ਜਿੰਨੀਆਂ ਵੀ ਭਾਸ਼ਾਵਾਂ ਦਾ ਗਿਆਨ ਅਰਜਿਤ ਕੀਤਾ ਜਾ ਸਕਦਾ ਹੈ ਉਹ ਸੋਨੇ ਵਿਚ ਸੁਹਾਗੇ ਵਾਲੀ ਗੱਲ ਹੈ ਤਾਂ ਹੀ ਤਾਂ ਅਸੀਂ ਦੂਸਰੇ ਰਾਜਾਂ, ਦੇਸ਼ਾਂ ਦੇ ਸਾਹਿਤ, ਤਕਨਾਲੋਜੀ, ਪ੍ਰੰਪਰਾਵਾਂ, ਵਿਸ਼ੇਸ਼ਤਾਵਾਂ, ਉਨ੍ਹਾਂ ਦੀਆਂ ਉਪਲੱਬਧੀਆਂ ਅਤੇ ਸਿਰਜਣਾਤਮਕਤਾ ਬਾਰੇ ਜਾਣਕਾਰੀ ਹਾਸਿਲ ਕਰ ਸਕਾਂਗੇ। ਅਜੋਕੇ ਸੂਚਨਾ ਤਕਨਾਲੋਜੀ ਦੇ ਯੁਗ ਵਿਚ ਜੇ ਅਸੀਂ ਆਪਣੀ ਮਾਤਭਾਸ਼ਾ ਤੋਂ ਬਿਨਾਂ ਅੰਗਰੇਜ਼ੀ, ਹਿੰਦੀ, ਊਰਦੂ ਜਾਂ ਹੋਰ ਭਾਸ਼ਾਵਾਂ ਦਾ ਗਿਆਨ ਨਹੀਂ ਰੱਖਾਂਗੇ ਤਾਂ ਅਸੀਂ ਪੱਛੜ ਜਾਵਾਂਗੇ। ਪਰ ਖ਼ਿਆਲ ਇਸ ਗੱਲ ਦਾ ਰੱਖਣਾ ਹੈ ਕਿ ਅਸੀਂ ਆਪਣੀ ਮਾਤ-ਭਾਸ਼ਾ ’ਤੇ ਉਨ੍ਹਾਂ ਭਾਸ਼ਾਵਾਂ ਨੂੰ ਹਾਵੀ ਨਹੀਂ ਹੋਣ ਦੇਣਾ। ਮਾਤ-ਭਾਸ਼ਾ ਰਾਹੀਂ ਹੀ ਸਾਡੀ ਸੰਸਕਿ੍ਰਤੀ ਤੇ ਸੱਭਿਆਚਾਰ ਦਾ ਬਚਾਉ ਹੋ ਸਕਦਾ ਹੈ। ਲੋਪ ਹੋ ਰਹੀਆਂ ਭਾਸ਼ਾਵਾਂ ਦੇ ਸੰਕਟ ਤੋਂ ਆਪਣੀ ਮਾਂ-ਬੋਲੀ ਨੂੰ ਬਚਾਉਣਾ ਸਮੇਂ ਦੀ ਅਹਿਮ ਲੋੜ ਹੈ। ਉਪ-ਬੋਲੀਆਂ ਦੇ ਝਰਨੇ ਮਿਲ ਕੇ ਮਾਤ ਭਾਸ਼ਾ ਦੇ ਦਰਿਆ ਨੂੰ ਸੁੱਕਣ ਤੋਂ ਬਚਾਉਂਦੇ ਹਨ। ਇਸ ਲਈ ਉਪ-ਬੋਲੀਆਂ ਦੀ ਸਾਂਭ ਵੀ ਅਜੋਕੇ ਸਮੇਂ ਦੀ ਮੰਗ ਹੈ, ਕਿਉਂਕਿ ਮਾਂ-ਬੋਲੀ ਸਾਡੀ ਸੰਸਕਿ੍ਰਤੀ-ਸੱਭਿਆਚਾਰ ਤੋਂ ਜਨਮੀ ਹੈ, ਇਸ ਲਈ ਆਪਣੀ ਸੰਸਕਿ੍ਰਤੀ-ਸੱਭਿਆਚਾਰ ਦਾ ਰੁੱਖ ਹਰਿਆ-ਭਰਿਆ ਰੱਖਣ ਲਈ ਆਪਣੀ ਜੰਮਣ-ਭੋਇੰ ਨਾਲ ਜੁੜੇ ਰਹਿਣਾ ਬਹੁਤ ਜ਼ਰੂਰੀ ਹੈ।

- ਡਾ ਧਰਮਪਾਲ ਸਾਹਿਲ

Posted By: Harjinder Sodhi