ਪੰਜਾਬੀ ਸੱਭਿਆਚਾਰ ਦਾ ਅਨਿੱਖੜਵਾਂ ਅੰਗ ਲੋਕਨਾਚ ਭੰਗੜਾ ਹਮੇਸ਼ਾ ਪੰਜਾਬੀਆਂ ਦੀ ਸ਼ਾਨ ਰਿਹਾ ਹੈ। ਭੰਗੜੇ ਨੇ ਪੰਜਾਬ ਤੇ ਪੰਜਾਬੀਅਤ ਦਾ ਨਾਂ ਪੂਰੀ ਦੁਨੀਆ ’ਚ ਉੱਚਾ ਕੀਤਾ ਹੈ। ਦੁਨੀਆ ਭਰ ’ਚ ਬੈਠੇ ਪੰਜਾਬੀਆਂ ਤੇ ਭੰਗੜੇ ਦੇ ਚਹੇਤਿਆਂ ਨੂੰ ਇਕ ਮੰਚ ’ਤੇ ਇਕੱਠਾ ਕਰਨ ਲਈ ਲਾਇਲਪੁਰ ਖ਼ਾਲਸਾ ਕਾਲਜ ਜਲੰਧਰ ਪਹਿਲਾ ਭੰਗੜਾ ਵਰਲਡ ਕੱਪ ਕਰਵਾ ਰਿਹਾ ਹੈ। ਡਾ. ਇੰਦਰਜੀਤ ਸਿੰਘ ਨੂੰ ਸਮਰਪਿਤ ਇਹ ਭੰਗੜਾ ਵਰਲਡ ਕੱਪ ਅਕਤੂਬਰ ਦੇ ਤੀਜੇ ਹਫ਼ਤੇ ਕਰਵਾਇਆ ਜਾ ਰਿਹਾ ਹੈ, ਜਿਸ ’ਚ ਦੁਨੀਆ ਭਰ ਵਿਚ ਬੈਠੇ ਹਰ ਵਿਅਕਤੀ ਨੂੰ ਖੁੱਲ੍ਹਾ ਸੱਦਾ ਦਿੱਤਾ ਗਿਆ ਹੈ। ਇਟਲੀ ਤੋਂ ਵੀ ਪੰਜਾਬੀ ਭੰਗੜਾ ਬੁਆਇਜ਼ ਐਂਡ ਗਰਲਜ਼ ਗਰੁੱਪ ਆਪਣੀਆਂ ਦੋ ਟੀਮਾਂ ਨਾਲ ਆਨਲਾਈਨ ਭੰਗੜੇ ਦੇ ਮੁਕਾਬਲੇ ’ਚ ਭਾਗ ਲੈਣਗੀਆਂ, ਜਿਸ ’ਚ ਅੱਠ ਕੁੜੀਆਂ, ਜੋ ਸਾਰੀਆਂ ਵਿਦੇਸ਼ੀ ਮੂਲ ਦੀਆਂ ਹਨ ਤੇ ਪੰਜ ਪੰਜਾਬੀ ਮੁੰਡੇ ਭਾਗ ਲੈਣਗੇ। ਗੋਰਿਆਂ ਦਾ ਇਸ ਭੰਗੜਾ ਮੁਕਾਬਲੇ ’ਚ ਹਿੱਸਾ ਲੈਣ ’ਤੇ ਸਾਰੇ ਪੰਜਾਬੀਆਂ ਲਈ ਮਾਣ ਵਾਲੀ ਗੱਲ ਹੋਵੇਗੀ।

ਢੋਲ ਦੀਆਂ ਧੁਨਾਂ ਸਮਝਣ ਦੀ ਕੋਸ਼ਿਸ਼ ਕਰਦੀ ਵੈਨੇਸਾ

ਪੰਜਾਬੀ ਭੰਗੜਾ ਬੁਆਇਜ਼ ਤੇ ਗਰਲਜ਼ ਗਰੁੱਪ ਦੀ ਟੀਮ ਮੈਂਬਰ ਵੈਨੇਸਾ ਇਟਾਲੀਅਨ ਮੂਲ ਦੀ ਹੈ ਅਤੇ ਵਰਬਾਨੀਆ ਸ਼ਹਿਰ ਦੀ ਨਿਵਾਸੀ ਹੈ। ਉਸ ਨੇ ਕੈਮੀਕਲ ਤੇ ਵਾਤਾਵਰਨ ਸਾਇੰਸ ’ਚ ਪੀਐੱਚ.ਡੀ ਕੀਤੀ ਹੈ ਅਤੇ ਜਲ ਰਿਸਰਚ ਨੈਸ਼ਨਲ ਇੰਸਟੀਚਿਊਟ ’ਚ ਨੌਕਰੀ ਕਰਦੀ ਹੈ। ਭੰਗੜਾ ਵਿਸ਼ਵ ਕੱਪ ਬਾਰੇ ਉਸ ਨੇ ਦੱਸਿਆ ਕਿ ਉਹ ਬਾਕੀ ਟੀਮ ਨਾਲ ਪ੍ਰੈਕਟਿਸ ਕਰਦਿਆਂ ਢੋਲ ਦੀਆਂ ਧੁਨਾਂ ਨੂੰ ਸਮਝਣ ਦੀ ਕੋਸ਼ਿਸ਼ ਕਰਦੀ ਹੈ ਕਿਉਂਕਿ ਉਹ ਇਟਾਲੀਅਨ ਹੈ, ਉਸ ਲਈ ਥੋੜ੍ਹਾ ਜਿਹਾ ਔਖਾ ਹੈ। ਉਨ੍ਹਾਂ ਨੂੰ ਢੋਲ ਦੀਆਂ ਧੁਨਾਂ ਦੀ ਆਦਤ ਨਹੀਂ ਹੈ, ਫਿਰ ਵੀ ਉਹ ਹਰ ਰੋਜ਼ ਆਪਣੀ ਕਲਾ ’ਚ ਨਿਖ਼ਾਰ ਲਿਆਉਣ ਦੀ ਕੋਸ਼ਿਸ਼ ਕਰਦੀ ਹੈ। ਇਟਲੀ ’ਚ ਜ਼ਿਆਦਾਤਰ ਕੋਰੀਓਗ੍ਰਾਫੀ ਛੋਟੀ ਹੁੰਦੀ ਹੈ। ਉਸ ਨੇ ਭੰਗੜਾ ਇਕ ਪ੍ਰੋਗਰਾਮ ’ਚ ਦੇਖਿਆ ਸੀ। ਉਸ ਵੇਲੇ ਭੰਗੜੇ ਤੋਂ ਮਿਲਣ ਵਾਲੀ ਊਰਜਾ ਨੇ ਬਹੁਤ ਪ੍ਰਭਾਵਿਤ ਕੀਤਾ। ਫਿਰ ਭੰਗੜਾ ਸਿੱਖਣ ਦਾ ਮੌਕਾ ਮਿਲਿਆ।

ਭੰਗੜਾ ਪਾਉਣ ਸਮੇਂ ਉਹ ਬਾਕੀ ਤਣਾਅ ਭੁੱਲ ਜਾਂਦੀ ਹੈ। ਮੇਰਾ ਪਰਿਵਾਰ ਤੇ ਦੋਸਤ ਮੈਨੂੰ ਭੰਗੜਾ ਪਾਉਂਦੀ ਦੇਖ ਕੇ ਬਹੁਤ ਖ਼ੁਸ਼ ਹੁੰਦੇ ਹਨ ਤੇ ਉਹ ਵੀ ਭੰਗੜਾ ਪਾਉਣ ’ਚ ਦਿਲਚਸਪੀ ਰੱਖਦੇ ਹਨ। ਜਦੋਂ ਮੈਂ ਆਪਣੀਆਂ ਫੋਟੋਆਂ ਤੇ ਵੀਡੀਓ ਉਨ੍ਹਾਂ ਨੂੰ ਦਿਖਾਉਂਦੀ ਹਾਂ ਜਾਂ ਸੋਸ਼ਲ ਮੀਡੀਆ ’ਤੇ ਪਾਉਂਦੀ ਹਾਂ ਤਾਂ ਵਧੀਆ ਕੁਮੈਂਟ ਮਿਲਦੇ ਹਨ। ਹਾਲਾਂਕਿ ਸ਼ੁਰੂ-ਸ਼ੁਰੂ ’ਚ ਉਹ ਜ਼ਿਆਦਾ ਗੰਭੀਰਤਾ ਨਹੀਂ ਲੈਂਦੇ ਸੀ ਪਰ ਬਾਅਦ ’ਚ ਅਕਸਰ ਮੇਰੀ ਕਲਾ ਤੋਂ ਖ਼ੁਸ਼ ਹੋਏ ਹਨ। ਪੰਜਾਬੀ ਗਾਣੇ ਉਸ ਨੂੰ ਬਹੁਤ ਪਸੰਦ ਹਨ, ਹਾਲਾਂਕਿ ਉਸ ਨੂੰ ਇਨ੍ਹਾਂ ਦੀ ਪੂਰੀ ਤਰ੍ਹਾਂ ਸਮਝ ਨਹੀਂ ਆਉਂਦੀ ਕਿ ਉਹ ਕੀ ਗਾਉਂਦੇ ਹਨ ਪਰ ਉਹ ਸੰਗੀਤ ਦੀਆਂ ਧੁਨਾਂ ’ਤੇ ਧਿਆਨ ਕੇਂਦਰਿਤ ਕਰਦੀ ਹੈ।

ਪੰਜਾਬੀ ਸਿੱਖਣ ਦੀ ਚਾਹਤ ਰੱਖਦੀ ਮੈਰੀ ਵਰਗਸ

ਪੰਜਾਬੀ ਭੰਗੜਾ ਬੁਆਇਜ਼ ਤੇ ਗਰਲਜ਼ ਗਰੁੱਪ ਦੀ ਟੀਮ ਮੈਂਬਰ ਮੈਰੀ ਵਰਗਸ, ਜੋ ਲੈਤਿਨ ਅਮਰੀਕਾ ਦੀ ਹੈ ਤੇ ਪਿਛਲੇ 20 ਸਾਲ ਤੋਂ ਇਟਲੀ ’ਚ ਰਹਿ ਰਹੀ ਹੈ। ਉਸ ਨੇ ਨਰਸਿੰਗ ਦੀ ਪੜ੍ਹਾਈ ਕੀਤੀ ਹੈ ਤੇ ਹੁਣ ਨਰਸਿੰਗ ਦੀ ਨੌਕਰੀ ਕਰਦੀ ਹੈ। ਉਹ ਫਿਟਨੈੱਸ ਇੰਸਟਰੱਕਟਰ ਹੈ। ਉਹ ਲੈਤਿਨ ਅਮਰੀਕਾ ਦਾ ਡਾਂਸ, ਬੈਲੀ ਡਾਂਸ, ਬਾਲੀਵੁੱਡ ਡਾਂਸ, ਕੱਥਕ ਤੇ ਭੰਗੜਾ ਪਾਉਂਦੀ ਹੈ। ਡਾਂਸ ਕਰਨ ਦੀ ਗੁੜਤੀ ਉਸ ਨੂੰ ਪਰਿਵਾਰ ’ਚੋਂ ਪਿਤਾ ਕੋਲੋਂ ਮਿਲੀ ਹੈ। ਉਸ ਦੇ ਪਿਤਾ ਬੋਲੀਵੀਆ ਦੇ ਮਸ਼ਹੂਰ ਡਾਂਸਰ ਹਨ। ਇਕ ਭੰਗੜਾ ਵਰਕਸ਼ਾਪ ਦੌਰਾਨ ਉਸ ਨੇ ਆਪਣੇ ਕੋਚ ਨਾਲ ਭੰਗੜਾ ਸ਼ੁਰੂ ਕੀਤਾ ਸੀ। ਉਦੋਂ ਉਸ ਨੂੰ ਭੰਗੜੇ ਦੀ ਲੈਅ ਤੇ ਸੰਗੀਤ ਬਹੁਤ ਪਸੰਦ ਆਇਆ ਅਤੇ ਫਿਰ ਉਸ ਨੇ ਭੰਗੜੇ ਦੀ ਵਰਕਸ਼ਾਪ ਨੂੰ ਲਗਾਤਾਰ ਜਾਰੀ ਰੱਖਿਆ। ਹੌਲੀ-ਹੌਲੀ ਉਹ ਇਸ ਗਰੁੱਪ ਦੀ ਮੈਂਬਰ ਬਣ ਗਈ। ਜਦੋਂ ਉਹ ਭੰਗੜਾ ਪਾਉਂਦੀ ਹੈ ਤਾਂ ਉਸ ਨੂੰ ਖ਼ੁਦ ਵਧੀਆ ਲਗਦਾ ਹੈ ਤੇ ਲੋਕ ਵੀ ਭੰਗੜੇ ਨੂੰ ਬਹੁਤ ਪਸੰਦ ਕਰਦੇ ਹਨ। ਜਦੋਂ ਉਸ ਦੇ ਪਰਿਵਾਰ ਨੂੰ ਪਤਾ ਲੱਗਿਆ ਤਾਂ ਉਨ੍ਹਾਂ ਨੂੰ ਬਹੁਤ ਖ਼ੁੁਸ਼ੀ ਹੋਈ ਕਿਉਂਕਿ ਮੈਂ ਵੱਖਰੇ ਸੱਭਿਆਚਾਰ ਨੂੰ ਪਸੰਦ ਕਰਦੀ ਹਾਂ। ਇਹ ਭੰਗੜਾ ਮੁਕਾਬਲਾ ਮੇਰੀ ਜ਼ਿੰਦਗੀ ਲਈ ਬਹੁਤ ਜ਼ਰੂਰੀ ਹੈ ਕਿਉਂਕਿ ਇਹ ਫੋਕ ਭੰਗੜਾ ਸਿੱਖਣ ’ਚ ਮਦਦ ਕਰਦਾ ਹੈ। ਉਸ ਨੂੰ ਪੰਜਾਬੀ ਸਮਝ ਨਹੀਂ ਆਉਂਦੀ ਪਰ ਉਹ ਗਾਣਿਆਂ ਨੂੰ ਸਮਝਣ ਲਈ ਗੀਤਾਂ ਦੀ ਵੀਡੀਓ ਦੇਖਦੀ ਹੈ ਤੇ ਸ਼ਬਦਾਂ ਦਾ ਅਨੁਵਾਦ ਕਰਦੀ ਹੈ। ਉਸ ਨੂੰ ਪੰਜਾਬੀ ਸਿੱਖਣ ਦੀ ਚਾਹਤ ਹੈ ਤੇ ਖ਼ੁਦ ’ਤੇ ਪੂਰਾ ਭਰੋਸਾ ਹੈ ਕਿ ਉਹ ਇਕ ਦਿਨ ਪੰਜਾਬੀ ਜ਼ਰੂਰ ਸਿੱਖ ਲਵੇਗੀ।

ਪੂਰੇ ਜੋਸ਼ ਨਾਲ ਤਿਆਰੀ ਕਰਵਾ ਰਿਹੈ ਕੋਚ ਰਵੀ

ਪੰਜਾਬੀ ਭੰਗੜਾ ਬੁਆਇਜ਼ ਤੇ ਗਰਲਜ਼ ਗਰੁੱਪ ਦੀ ਟੀਮ ਦੇ ਕੋਚ ਤੇ ਮੈਂਬਰ ਵਰਿੰਦਰਦੀਪ ਸਿੰਘ ਰਵੀ, ਜੋ ਪੰਜਾਬ ਦੇ ਪਿੰਡ ਕਾਲਾ ਬੱਕਰਾ (ਜਲੰਧਰ) ਤੋਂ ਹੈ, ਇਟਲੀ ਦੇ ਸ਼ਹਿਰ ਪਾਦੋਵਾ ’ਚ ਰਹਿੰਦਾ ਹੈ। ਉਹ ਤੇ ਉਨ੍ਹਾਂ ਦੀ ਟੀਮ ਭੰਗੜੇ ਦੇ ਵਿਸ਼ਵ ਕੱਪ ਲਈ ਪੂਰੇ ਜੋਸ਼ ਨਾਲ ਤਿਆਰੀ ਕਰ ਰਹੀ ਹੈ। ਉਮੀਦ ਹੈ ਕਿ ਸਾਡੀ ਟੀਮ ਬਹੁਤ ਵਧੀਆ ਪੇਸ਼ਕਾਰੀ ਕਰੇਗੀ। ਭੰਗੜੇ ਨੇ ਉਸ ਨੂੰ ਨਾਂ ਵੀ ਦਿੱਤਾ ਤੇ ਪਛਾਣ ਵੀ। ਜਿੰਨੀ ਦੇਰ ਤਕ ਉਸ ਦੀ ਸਿਹਤ ਫਿੱਟ ਹੈ, ਉਦੋਂ ਤਕ ਉਹ ਭੰਗੜੇ ਨੂੰ ਉਤਸ਼ਾਹਿਤ ਕਰਦਾ ਰਹੇਗਾ।

ਭੰਗੜਾ ਪਾ ਕੇ ਆਨੰਦ ਮਾਣਦੀ ਮਰਤੀਨਾ

ਮਰਤੀਨਾ ਵੀ ਪੰਜਾਬੀ ਭੰਗੜਾ ਬੁਆਇਜ਼ ਤੇ ਗਰਲਜ਼ ਗਰੁੱਪ ਦੀ ਟੀਮ ਮੈਂਬਰ ਹੈ, ਜੋ ਇਟਾਲੀਅਨ ਮੂਲ ਦੀ ਹੈ। ਉਹ ਇਟਲੀ ਦੇ ਮੋਨਜਾ ਬਰਿਆਂਜਾ ਜ਼ਿਲ੍ਹੇ ਦੇ ਮੇਦਾ ਦੀ ਰਹਿਣ ਵਾਲੀ ਹੈ। ਉਹ ਵੱਖ-ਵੱਖ ਸਕੂਲਾਂ ’ਚ ਬੈਲੀ ਡਾਂਸ ਤੇ ਭੰਗੜਾ ਸਿਖਾਉਂਦੀ ਹੈ ਤੇ ਇਕ ਡਾਂਸ ਸਕੂਲ ’ਚ ਸਕੱਤਰ ਦੀ ਨੌਕਰੀ ਵੀ ਕਰਦੀ ਹੈ। ਉਹ ਪਹਿਲੀ ਵਾਰ ਅੰਤਰਰਾਸ਼ਟਰੀ ਪੱਧਰ ’ਤੇ ਭੰਗੜਾ ਮੁਕਾਬਲੇ ’ਚ ਭਾਗ ਲੈ ਰਹੀ ਹੈ। ਉਹ ਇਹ ਨਹੀਂ ਲੁਕਾਉਂਦੀ ਕਿ ਉਹ ਡਰੀ ਹੋਈ ਹੈ ਪਰ ਫਿਰ ਵੀ ਮਨ ’ਚ ਭੰਗੜਾ ਕੱਪ ਜਿੱਤਣ ਦਾ ਜਨੂੰਨ ਹੈ। ਕਿਸੇ ਵੀ ਮੁਕਾਬਲੇ ’ਚ ਹਿੱਸਾ ਲੈਣ ਲਈ ਵਚਨਬੱਧਤਾ, ਗੰਭੀਰਤਾ, ਸਿਖਲਾਈ ਤੇ ਪਸੀਨਾ ਵਹਾਉਣਾ ਪੈਂਦਾ ਹੈ। ਭੰਗੜੇ ਤੇ ਭੰਗੜਾ ਪਾਉਣ ਸਮੇਂ ਪਾਏ ਜਾਂਦੇ ਪਹਿਰਾਵੇ ਨੇ ਮੈਨੂੰ ਪਹਿਲੀ ਵਾਰ ਹੀ ਪ੍ਰਭਾਵਿਤ ਕਰ ਦਿੱਤਾ ਸੀ। ਪੰਜਾਬੀ ਨਾ ਆਉਂਦਿਆਂ ਵੀ ਪੰਜਾਬੀ ਗਾਣੇ ਤੇ ਸੰਗੀਤ ਬਹੁਤ ਮਜ਼ੇਦਾਰ ਲਗਦੇ ਹਨ। ਇਟਾਲੀਅਨ ਹੁੰਦਿਆਂ ਕੁਲਵਿੰਦਰ ਬਿੱਲਾ ਪੰਜਾਬੀ ਗਾਇਕਾਂ ’ਚੋਂ ਪਸੰਦੀਦਾ ਹੈ। ਉਹ ਪੰਜਾਬੀ ਸਿੱਖਣਾ ਵੀ ਚਾਹੁੰਦੀ ਹੈ। ਜਦੋਂ ਉਹ ਭੰਗੜਾ ਪਾਉਂਦੀ ਹੈ ਤਾਂ ਬਹੁਤ ਵਧੀਆ ਮਹਿਸੂਸ ਕਰਦੀ ਹੈ ਤੇ ਆਨੰਦ ਮਾਣਦੀ ਹੈ। ਮਾਤਾ-ਪਿਤਾ ਤੇ ਦੋਸਤ ਉਸ ਦੇ ਭੰਗੜਾ ਪਾਉਣ ਤੋਂ ਬਹੁਤ ਖ਼ੁਸ਼ ਹਨ ਕਿਉਂਕਿ ਉਹ ਇਸ ’ਚ ਕੁਝ ਵੱਖਰਾ ਹੀ ਦੇਖਦੇ ਹਨ।

ਵੈੱਬ ਡਿਜ਼ਾਈਨਰ ਤੇ 3ਡੀ ਆਰਟਿਸਟ ਵਲੇਰੀਆ

ਇਟਲੀ ਦੇ ਮੇਦਾ ਦੀ ਰਹਿਣ ਵਾਲੀ ਵਲੇਰੀਆ ਇਟਾਲੀਅਨ ਮੂਲ ਦੀ ਹੈ, ਜੋ ਵੈੱਬ ਡਿਜ਼ਾਈਨਰ ਤੇ 3ਡੀ ਆਰਟਿਸਟ ਦੀ ਨੌਕਰੀ ਕਰ ਰਹੀ ਹੈ। ਮੁਕਾਬਲੇ ਦੀ ਤਿਆਰੀ ਲਈ ਉਹ ਹਰ ਰੋਜ਼ ਅਭਿਆਸ ਕਰਦੀ ਹੈ ਤਾਂ ਜੋ ਉਸ ਦੀ ਪੇਸ਼ਕਾਰੀ ਜ਼ਿਆਦਾ ਵਧੀਆ ਹੋ ਸਕੇ। ਉਸ ਨੇ ਆਪਣੇ ਦੋਸਤ ਦੇ ਦੱਸਣ ’ਤੇ ਭੰਗੜੇ ਦੀ ਕਲਾਸ ਸ਼ੁਰੂ ਕੀਤੀ ਸੀ। ਉਦੋਂ ਤੋਂ ਲਗਾਤਾਰ ਭੰਗੜਾ ਪਾ ਰਹੀ ਹੈ। ਉਸ ਦਾ ਕਹਿਣਾ ਹੈ ਕਿ ਭੰਗੜਾ ਪਾ ਕੇ ਉਸ ਨੂੰ ਖ਼ੁਸ਼ੀ ਮਿਲਦੀ ਹੈ। ਸੰਗੀਤ ਦੀਆਂ ਧੁਨਾਂ, ਪੰਜਾਬੀ ਪਹਿਰਾਵੇ ਤੇ ਭੰਗੜਾ ਪਾਉਣ ਵਾਲੇ ਨੂੰ ਜੋ ਊਰਜਾ ਮਿਲਦੀ ਹੈ, ਦੇਖਣ ਵਾਲੇ ਨੂੰ ਵੀ ਓਨਾ ਹੀ ਸਕੂਨ ਮਿਲਦਾ ਹੈ। ਇਟਲੀ ਦੇ ਜ਼ਿਆਦਾਤਰ ਲੋਕ ਭੰਗੜੇ ਤੋਂ ਜਾਣੂ ਨਹੀਂ ਹਨ ਪਰ ਜਦੋਂ ਕੋਈ ਵੀ ਇਕ ਵਾਰ ਭੰਗੜਾ ਦੇਖ ਲੈਂਦਾ ਹੈ ਤਾਂ ਭੰਗੜਾ ਪਾਉਣ ਸਮੇਂ ਪਾਏ ਜਾਂਦੇ ਪਹਿਰਾਵੇ ਤੇ ਭੰਗੜੇ ਦੀਆਂ ਧੁਨਾਂ ਦੇਖਣ ਲਈ ਅਗਲੀ ਪੇਸ਼ਕਾਰੀ ਦੀ ਉਡੀਕ ਕਰਦੇ ਹਨ। ਉਸ ਨੇ ਜਦੋਂ ਤੋਂ ਭੰਗੜਾ ਪਾਉਣਾ ਸ਼ੁਰੂ ਕੀਤਾ ਹੈ, ਉਦੋਂ ਤੋਂ ਹੀ ਪੰਜਾਬੀ ਗੀਤ ਵੀ ਸੁਣ ਰਹੀ ਹੈ ਤੇ ਸਮਝਣ ਦੀ ਕੋਸ਼ਿਸ਼ ਕਰ ਰਹੀ ਹੈ। ਹਾਲਾਂਕਿ ਉਸ ਨੂੰ ਪੰਜਾਬੀ ਦੇ ਕੁਝ ਹੀ ਸ਼ਬਦ ਆਉਂਦੇ ਹਨ ਪਰ ਉਹ ਪੰਜਾਬੀ ਨੂੂੰ ਹੋਰ ਜ਼ਿਆਦਾ ਸਿੱਖਣਾ ਚਾਹੁੰਦੀ ਹੈ।

ਮੁਕਾਬਲੇ ਲਈ ਖ਼ੁਦ ਨੂੰ ਕਰ ਰਹੀ ਤਿਆਰ ਮਿਕੇਲਾ

ਪੰਜਾਬੀ ਭੰਗੜਾ ਬੁਆਇਜ਼ ਤੇ ਗਰਲਜ਼ ਗਰੁੱਪ ਦੀ ਟੀਮ ਮੈਂਬਰ ਮਿਕੇਲਾ ਇਟਾਲੀਅਨ ਮੂਲ ਨਾਲ ਸਬੰਧਤ ਹੈ ਤੇ ਇਟਲੀ ਦੇ ਸ਼ਹਿਰ ਕੋਮੋ ’ਚ ਰਹਿੰਦੀ ਹੈ। ਉਸ ਨੇ ਗ੍ਰਾਫਿਕ ਡਿਜ਼ਾਈਨਿੰਗ ’ਚ ਡਿਗਰੀ ਕੀਤੀ ਹੋਈ ਹੈ ਤੇ ਫੈਬਰਿਕ ਡਿਜ਼ਾਈਨਰ ਦੀ ਨੌਕਰੀ ਕਰ ਰਹੀ ਹੈ ਅਤੇ ਆਪਣੇ ਸ਼ਹਿਰ ’ਚ ਭੰਗੜਾ ਵੀ ਸਿਖਾਉਂਦੀ ਹੈ। ਉਹ ਮੁਕਾਬਲੇ ਲਈ ਖ਼ੁਦ ਨੂੰ ਤਿਆਰ ਕਰ ਰਹੀ ਹੈ ਤੇ ਸੰਗੀਤ ਦੀਆਂ ਧੁਨਾਂ ਨਾਲ ਭੰਗੜੇ ਦੇ ਸਟੈੱਪ ਯਾਦ ਕਰ ਰਹੀ ਹੈ। ਉਸ ਲਈ ਥੋੜ੍ਹਾ ਔਖਾ ਜ਼ਰੂਰ ਹੈ ਢੋਲ ਦੀ ਤਾਲ ਨੂੰ ਸਮਝ ਕੇ ਭੰਗੜਾ ਪਾਉਣਾ ਪਰ ਇਸ ਤਰ੍ਹਾਂ ਉਹ ਕੁਝ ਨਵਾਂ ਸਿੱਖ ਰਹੀ ਹੈ। ਉਸ ਨੇ ਸੋਸ਼ਲ ਮੀਡੀਆ ’ਤੇ ਵੀਡੀਓ ਦੇਖੀ ਸੀ ਤੇ ਉਥੋਂ ਦੇਖ ਕੇ ਭੰਗੜਾ ਪਾਉਣ ਦਾ ਫ਼ੈਸਲਾ ਲਿਆ ਸੀ। ਉਸ ਦਿਨ ਤੋਂ ਭੰਗੜਾ ਜਾਰੀ ਰੱਖਿਆ। ਜਦੋਂ ਉਹ ਭੰਗੜਾ ਪਾਉਂਦੀ ਹੈ ਤਾਂ ਕਿਸੇ ਅਲੱਗ ਦੁਨੀਆ ਨੂੰ ਮਹਿਸੂਸ ਕਰਦੀ ਹੈ ਤੇ ਇਸ ਨਾਲ ਉਸ ਦੀ ਦਿਨ ਦੀ ਬਾਕੀ ਥਕਾਨ ਦੂਰ ਹੋ ਜਾਂਦੀ ਹੈ। ਉਹ ਲੋਕ, ਜੋ ਉਸ ਨੂੰ ਜਾਣਦੇ ਹਨ ਤੇ ਜਿਨ੍ਹਾਂ ਉਸ ਨੂੰ ਭੰਗੜਾ ਪਾਉਂਦਿਆਂ ਦੇਖਿਆ ਹੈ, ਉਹ ਬਹੁਤ ਖ਼ੁੁਸ਼ ਹਨ। ਜਦੋਂ ਕਦੇ ਉਹ ਭੰਗੜੇ ਦੀ ਪੇਸ਼ਕਾਰੀ ਕਰਦੇ ਹਨ ਤਾਂ ਉਹ ਪੰਜਾਬੀ ਪਹਿਰਾਵਾ ਦੇਖ ਕੇ ਖ਼ੁਸ਼ ਹੁੰਦੇ ਹਨ। ਪੰਜਾਬੀ ਸੰਗੀਤ ਉਸ ਨੂੰ ਬਹੁਤ ਵਧੀਆ ਲੱਗਦਾ ਹੈ, ਹਾਲਾਂਕਿ ਉਸ ਨੂੰ ਪੰਜਾਬੀ ਦੇ ਕੁਝ ਹੀ ਸ਼ਬਦ ਆਉਂਦੇ ਹਨ।

ਪੰਜਾਬੀ ਸੱਭਿਆਚਾਰ ਨੂੰ ਜਾਣਨ ਦੀ ਚਾਹਵਾਨ ਏਲੀਸਾਬੈਥਾ

ਏਲੀਸਾਬੈਥਾ ਇਟਲੀ ਦੇ ਸ਼ਹਿਰ ਕੋਮੋ ’ਚ ਰਹਿੰਦੀ ਹੈ, ਜਿਸ ਨੇ ਅਰਥ ਸ਼ਾਸਤਰ ਤੇ ਮੈਨੇਜਮੈਂਟ ’ਚ ਮਾਸਟਰ ਡਿਗਰੀ ਕੀਤੀ ਹੈ। ਉਹ ਮਨੁੱਖੀ ਸਰੋਤ ਦਫ਼ਤਰ ’ਚ ਨੌਕਰੀ ਕਰਦੀ ਹੈ। ਢੋਲ ਦੀ ਤਾਲ ਨੂੰ ਸਮਝਣ ਲਈ ਵੀ ਕਾਫ਼ੀ ਅਭਿਆਸ ਕਰਦੀ ਹੈ ਕਿਉਂਕਿ ਉਸ ਲਈ ਢੋਲ ਦੀ ਤਾਲ ਗਾਣਿਆਂ ਦੀ ਤਾਲ ਤੋਂ ਅਲੱਗ ਹੈ ਅਤੇ ਇਹ ਸਿੱਖਣ ਦਾ ਵਧੀਆ ਮੌਕਾ ਹੈ। ਇਕ ਭੰਗੜਾ ਵਰਕਸ਼ਾਪ ਜੋ ਉਨ੍ਹਾਂ ਦੇ ਕੋਚ ਰਵੀ ਵੱਲੋਂ ਲਗਾਈ ਗਈ ਸੀ, ਉਹ ਤਾਂ ਉਸ ਨੇ ਸਿਰਫ਼ ਉਤਸੁਕਤਾ ਕਰਕੇ ਲਾਈ ਸੀ ਪਰ ਜਦੋਂ ਉਹ ਭੰਗੜੇ ਬਾਰੇ ਜਾਣੂ ਹੋ ਗਈ, ਫਿਰ ਦੁਬਾਰਾ ਉਸ ਨੇ ਭੰਗੜਾ ਬੰਦ ਨਹੀਂ ਕੀਤਾ। ਜਦੋਂ ਉਹ ਭੰਗੜਾ ਪਾਉਂਦੀ ਹੈ ਤਾਂ ਉਸ ਨੂੰ ਹੋਰ ਕੁਝ ਯਾਦ ਨਹੀਂ ਰਹਿੰਦਾ। ਉਸ ਦੇ ਮਾਪੇ ਤੇ ਦੋਸਤ ਉਸ ਨੂੰ ਭੰਗੜਾ ਪਾਉਂਦਿਆਂ ਦੇਖ ਬਹੁਤ ਖ਼ੁਸ਼ ਹੁੰਦੇ ਹਨ। ਉਸ ਦੀ ਪੰਜਾਬੀ ਸੱਭਿਆਚਾਰ ਤੇ ਪ੍ਰੰਪਰਾਵਾਂ ਨੂੰ ਜਾਣਨ ਦੀ ਬਹੁਤ ਇੱਛਾ ਹੈ। ਪੰਜਾਬੀ ਗੀਤਾਂ ਉਸ ਨੂੰ ਬਹੁਤ ਪਸੰਦ ਹਨ ਤੇ ਉਹ ਉਨ੍ਹਾਂ ਦਾ ਅਨੁਵਾਦ ਕਰ ਕੇ ਸਮਝਣ ਦੀ ਕੋਸ਼ਿਸ਼ ਕਰਦੀ ਹੈ। ਨਾ ਸਮਝ ਆਉਣ ’ਤੇ ਉਹ ਆਪਣੇ ਕੋਚ ਕੋਲੋਂ ਇਸ ਦੀ ਜਾਣਕਾਰੀ ਲੈਂਦੀ ਹੈ। ਉਸ ਨੇ ਉਮੀਦ ਪ੍ਰਗਟਾਈ ਕਿ ਉਨ੍ਹਾਂ ਦਾ ਕੋਚ ਉਨ੍ਹਾਂ ਨੂੰ ਭਵਿੱਖ ’ਚ ਵੀ ਇਸੇ ਤਰ੍ਹਾਂ ਜਾਣਕਾਰੀ ਦਿੰਦੇ ਰਹਿਣਗੇ।

ਭੰਗੜੇ ਦੀਆਂ ਵੀਡੀਓ ਦੇਖ ਅਭਿਆਸ ਕਰਦੀ ਸੈਰੇਨਾ

ਇਟਲੀ ਦੇ ਮੋਨਜਾ ਬਰਿਆਂਜਾ ਦੀ ਰਹਿਣ ਵਾਲੀ ਸੈਰੇਨਾ, ਜਿਸ ਨੇ ਬੀਏ ਤੋਂ ਬਾਅਦ ਸਾਇੰਸ ਦੀ ਮਾਸਟਰ ਕੀਤੀ ਹੈ ਤੇ ਮਿਲਾਨ ਨੇੜੇ ਪ੍ਰਸ਼ਾਸਨਿਕ ਦਫ਼ਤਰ ’ਚ ਨੌਕਰੀ ਕਰਦੀ ਹੈ। ਜਦੋਂ ਉਸ ਨੇ ਪਹਿਲੀ ਵਾਰ ਭੰਗੜੇ ਦੀ ਪੇਸ਼ਕਾਰੀ ਕੀਤੀ ਸੀ ਤਾਂ ਬਹੁਤ ਵਧੀਆ ਲੱਗਿਆ ਸੀ। ਭੰਗੜਾ ਪਾ ਕੇ ਉਸ ਨੂੰ ਬਹੁਤ ਖ਼ੁੁਸ਼ੀ ਮਹਿਸੂਸ ਹੁੰਦੀ ਹੈ ਤੇ ਉਸ ਦੇ ਪਰਿਵਾਰਕ ਮੈਂਬਰ ਤੇ ਦੋਸਤ ਜਦੋਂ ਉਸ ਨੂੰ ਭੰਗੜੇ ਦੇ ਪਹਿਰਾਵੇ ’ਚ ਦੇਖਦੇ ਹਨ ਤਾਂ ਉਨ੍ਹਾਂ ਨੂੰ ਬਹੁਤ ਵਧੀਆ ਲਗਦਾ ਹੈ ਕਿਉਂਕਿ ਇਟਲੀ ’ਚ ਭੰਗੜੇ ਬਾਰੇ ਬਹੁਤ ਘੱਟ ਨੂੰ ਪਤਾ ਹੈ। ਸਾਰੇ ਉਸ ਦੇ ਭੰਗੜਾ ਪਾਉਣ ’ਤੇ ਹੈਰਾਨ ਵੀ ਹਨ ਕਿ ਭੰਗੜਾ ਪਾਉਣ ਲਈ ਕਿੰਨੀ ਤਾਕਤ ਲੱਗਦੀ ਹੈ। ਜਦੋਂ ਉਹ ਕੰਮ ਤੋਂ ਘਰ ਆਉਂਦੀ ਹੈ ਤਾਂ ਭੰਗੜੇ ਦੀਆਂ ਵੀਡੀਓ ਦੇਖ ਕੇ ਅਭਿਆਸ ਕਰਦੀ ਹੈ। ਪੰਜਾਬੀ ਗਾਣੇ ਉਸ ਨੂੰ ਬਹੁਤ ਵਧੀਆ ਲੱਗਦੇ ਹਨ ਤੇ ਹਮੇਸ਼ਾ ਇੰਟਰਨੈੱਟ ’ਤੇ ਇਨ੍ਹਾਂ ਗਾਣਿਆਂ ਨੂੰ ਸਮਝਣ ਦੀ ਕੋਸ਼ਿਸ਼ ਕਰਦੀ ਹੈ। ਜੇ ਕੋਈ ਸ਼ਬਦ ਨਹੀਂ ਆਉਂਦਾ ਤਾਂ ਉਹ ਆਪਣੇ ਕੋਚ ਨੂੰ ਇਸ ਬਾਰੇ ਪੁੱਛਦੀ ਹੈ।

ਪੰਜਾਬੀ ਪਹਿਰਾਵਾ ਏਲੀਓਨੌਰਾ ਦਾ ਪਸੰਦੀਦਾ

ਏਲੀਓਨੌਰਾ ਇਟਲੀ ਦੇ ਸ਼ਹਿਰ ਕੋਮੋ ਦੇ ਕਸਬਾ ਕਾਂਤੂ ਵਿਖੇ ਰਹਿੰਦੀ ਹੈ, ਜੋ ਫੈਬਰਿਕ ਡਿਜ਼ਾਈਨਿੰਗ ਫੈਕਟਰੀ ’ਚ ਕੰਮ ਕਰਦੀ ਹੈ। ਹਾਲਾਂਕਿ ਉਹ ਇਸ ਵਾਰ ਮੁਕਾਬਲੇ ’ਚ ਹਿੱਸਾ ਨਹੀਂ ਲੈ ਸਕਦੀ ਕਿਉਂਕਿ ਉਸ ਦੇ ਦੋ ਛੋਟੇ ਬੱਚੇ ਹਨ ਪਰ ਉਹ ਘਰ ਬੈਠ ਕੇ ਆਪਣੇ ਗਰੁੱਪ ਦੀ ਪ੍ਰੈਕਟਿਸ ਦੇਖਦੀ ਰਹਿੰਦੀ ਹੈ। ਉਸ ਨੇ ਭੰਗੜੇ ਦੀ ਪ੍ਰੈਕਟਿਸ ਦੀ ਵੀਡੀਓ ਸ਼ੋਸ਼ਲ ਮੀਡੀਏ ਜ਼ਰੀਏ ਦੇਖੀ ਸੀ ਤੇ ਉਸ ਦੀ ਦੋਸਤ ਉਸ ਨੂੰ ਭੰਗੜੇ ਦੀ ਕੋਚਿੰਗ ’ਚ ਲੈ ਕੇ ਗਈ ਸੀ। ਭੰਗੜਾ ਪਾਉਣਾ ਉਸ ਨੂੰ ਵਧੀਆ ਲਗਦਾ ਹੈ ਤੇ ਇਸ ਨਾਲ ਉਸ ਨੂੰ ਖ਼ੁਸ਼ੀ ਤੇ ਊਰਜਾ ਮਿਲਦੀ ਰਹਿੰਦੀ ਹੈ। ਪਹਿਲਾਂ-ਪਹਿਲਾਂ ਤਾਂ ਉਸ ਦੇ ਪਰਿਵਾਰ ਨੂੰ ਉਸ ਦੇ ਭੰਗੜਾ ਚੁਣਨ ਦੀ ਸਮਝ ਨਹੀਂ ਲੱਗੀ ਪਰ ਜਦੋਂ ਉਨ੍ਹਾਂ ਦੇਖਿਆ ਕਿ ਉਹ ਭੰਗੜਾ ਪਾ ਕੇ ਬਹੁਤ ਖ਼ੁਸ਼ ਹੁੰਦੀ ਹੈ ਤਾਂ ਫਿਰ ਉਹ ਵੀ ਉਸ ਨੂੰ ਭੰਗੜਾ ਪਾਉਂਦਿਆਂ ਦੇਖ ਖ਼ੁਸ਼ ਹੁੰਦੇ ਹਨ। ਪੰਜਾਬੀ ਪਹਿਰਾਵਾ ਉਸ ਨੂੰ ਬਹੁਤ ਪਸੰਦ ਹੈ ਅਤੇ ਉਸ ਦੀ ਬੇਟੀ ਇਸੇ ਤਰ੍ਹਾਂ ਦਾ ਪੂਰਾ ਪਹਿਰਾਵਾ ਮੰਗਦੀ ਰਹਿੰਦੀ ਹੈ। ਬੁਹਤੇ ਲੋਕ ਸੋਚਦੇ ਹਨ ਕਿ ਭੰਗੜਾ ਪਾਉਣਾ ਔਖਾ ਕੰਮ ਹੈ ਤੇ ਮੈਨੂੰ ਖ਼ੁਸ਼ੀ ਹੁੰਦੀ ਹੈ ਕਿ ਅਸੀਂ ਇਸ ਔਖੇ ਕੰਮ ਨੂੰ ਕਰ ਰਹੇ ਹਾਂ। ਪੰਜਾਬੀ ਗਾਣੇ ਉਸ ਨੂੰ ਬਹੁਤ ਪਸੰਦ ਹਨ ਤੇ ਉਹ ਆਪਣੇ ਕੋਚ ਰਵੀ ਤੇ ਇੰਟਰਨੈੱਟ ਦੀ ਮਦਦ ਨਾਲ ਉਨ੍ਹਾਂ ਗਾਣਿਆਂ ਨੂੰ ਸਮਝਣ ਦੀ ਕੋਸ਼ਿਸ਼ ਕਰਦੀ ਰਹਿੰਦੀ ਹੈ।

ਸੱਭਿਆਚਾਰ ਸਾਂਭ ਕੇ ਰੱਖਣ ਲਈ ਯਤਨਸ਼ੀਲ ਹਰਦੀਪ

ਪੰਜਾਬੀ ਭੰਗੜਾ ਬੁਆਇਜ਼ ਤੇ ਗਰਲਜ਼ ਗਰੁੱਪ ਦੀ ਟੀਮ ਦਾ ਮੈਂਬਰ ਹਰਦੀਪ ਸਿੰਘ ਪੰਜਾਬ ਦੇ ਪਿੰਡ ਮੰਝਪੁਰ ਜ਼ਿਲ੍ਹਾ ਹੁਸ਼ਿਆਰਪੁਰ ਦਾ ਰਹਿਣ ਵਾਲਾ ਹੈ ਤੇ ਇਟਲੀ ਦੇ ਸ਼ਹਿਰ ਪਾਦੋਵਾ ’ਚ ਮਾਰਕੀਟਿੰਗ ਦਾ ਕੰਮ ਕਰਦਾ ਹੈ। ਉਸ ਨੂੰ ਆਪਣੇ ਸੱਭਿਆਚਾਰ ’ਤੇ ਮਾਣ ਹੈ ਕਿ ਦੁਨੀਆ ’ਤੇ ਇਸ ਵਰਗਾ ਕੋਈ ਹੋਰ ਸੱਭਿਆਚਾਰ ਨਹੀਂ। ਉਹ ਆਪਣੇ ਸੱਭਿਆਚਾਰ ਨੂੰ ਇਸੇ ਤਰ੍ਹਾਂ ਸੰਭਾਲ ਕੇ ਰੱਖਣਗੇ। ਉਸ ਨੂੰ ਉਦੋਂ ਬਹੁਤ ਵਧੀਆ ਲੱਗਦਾ, ਜਦੋਂ ਦੂਸਰੇ ਦੇਸ਼ਾਂ ਦੇ ਲੋਕਾਂ ਸਾਹਮਣੇ ਉਹ ਭੰਗੜਾ ਪਾਉਂਦੇ ਹਨ ਤੇ ਉਹ ਇਸ ਖ਼ੁਸ਼ੀ ਨੂੰ ਅੱਖਰਾਂ ’ਚ ਬਿਆਨ ਵੀ ਨਹੀਂ ਕਰ ਸਕਦਾ। ਉਹ ਆਉਣ ਵਾਲੇ ਸਮੇਂ ’ਚ ਅੰਤਰਰਾਸ਼ਟਰੀ ਭੰਗੜੇ ਦੇ ਪ੍ਰੋਗਰਾਮਾਂ ’ਚ ਹਿੱਸਾ ਲੈਣਾ ਚਾਹੁੰਦੇ ਹਨ। ਆਪਣੇ ਗਰੁੱਪ ’ਚ ਵਿਦੇਸ਼ੀ ਲੋਕਾਂ ਨਾਲ ਭੰਗੜਾ ਪਾਉਣ ’ਤੇ ਉਸ ਨੂੰ ਬਹੁਤ ਖ਼ੁਸ਼ੀ ਹੁੰਦੀ ਹੈ, ਜਦੋਂ ਕੋਈ ਵਿਦੇਸ਼ੀ ਭੰਗੜਾ ਸਿੱਖਦਾ ਹੈ।

ਵਿਦੇਸ਼ ’ਚ ਪੰਜਾਬੀ ਸੱਭਿਆਚਾਰ ਨਾਲ ਜੁੜਿਆ ਮਨਦੀਪ

ਮਨਦੀਪ ਸਿੰਘ ਇਟਲੀ ਦੇ ਸ਼ਹਿਰ ਪਾਰਮਾਂ ’ਚ ਰਹਿੰਦਾ ਹੈ। ਵਿਦੇਸ਼ੀ ਧਰਤੀ ’ਤੇ ਆ ਕੇ ਵੀ ਉਹ ਆਪਣੇ ਸੱਭਿਆਚਾਰ ਨਾਲ ਜੁੜਿਆ ਹੋਇਆ ਹੈ। ਆਉਣ ਵਾਲੇ ਸਮੇਂ ’ਚ ਉਹ ਆਪਣੇ ਗਰੁੱਪ ਨੂੰ ਬਹੁਤ ਅੱਗੇ ਲੈ ਕੇ ਜਾਣਗੇ ਤੇ ਵੱਡੇ ਪਲੈਟਫਾਰਮ ’ਤੇ ਪੇਸ਼ਕਾਰੀ ਕਰਨਗੇ। ਜਦੋਂ ਇਟਾਲੀਅਨ ਜਾਂ ਹੋਰ ਵਿਦੇਸ਼ੀ ਲੋਕ ਉਨ੍ਹਾਂ ਦੇ ਗਰੱੁਪ ’ਚ ਸ਼ਾਮਲ ਹੋ ਭੰਗੜਾ ਪਾਉਂਦੇ ਹਨ, ਤਾਂ ਉਸ ਨੂੰ ਖ਼ੁਸ਼ੀ ਮਿਲਦੀ ਹੈ। ਉਨ੍ਹਾਂ ਦੇ ਗਰੁੱਪ ਦੇ ਸਾਰੇ ਮੁੰਡੇ-ਕੁੜੀਆਂ ਦੀ ਆਪਸੀ ਸੁੂਝ-ਬੂਝ ਤੇ ਇਕਜੁੱਟਤਾ ਬਹੁਤ ਵਧੀਆ ਹੈ। ਭੰਗੜੇ ਨੂੰ ਹਰ ਨੁੱਕਰ ਤਕ ਪਹੰੁਚਾਉਣਾ ਚਾਹੰੁਦੈ ਗੁਰਕੀਰਤ

ਪੰਜਾਬ ਦੇ ਜ਼ਿਲ੍ਹਾ ਗੁਰਦਾਸਪੁਰ ਦਾ ਗੁਰਕੀਰਤ ਸਿੰਘ ਪਿਛਲੇ ਤਿੰਨ ਸਾਲਾਂ ਤੋਂ ਇਟਲੀ ਦੇ ਪਾਰਮਾਂ ’ਚ ਰਹਿੰਦਾ ਹੈ। ਉਸ ਨੂੰ ਬਹੁਤ ਵਧੀਆ ਲੱਗਦਾ, ਜਦੋਂ ਦੂਸਰੇ ਦੇਸ਼ਾਂ ਦੇ ਲੋਕ ਸਾਨੂੰ ਭੰਗੜਾ ਪਾਉਂਦਿਆਂ ਦੇਖਣ ਆਉਂਦੇ ਹਨ ਤੇ ਸਾਨੂੰ ਤੇ ਸਾਡੇ ਸੱਭਿਆਚਾਰ ਨੂੰ ਦੇਖ ਕੇ ਖ਼ੁਸ਼ ਹੁੰਦੇ ਹਨ। ਉਹ ਭੰਗੜੇ ਨੂੰ ਇਟਲੀ ਦੀ ਹਰ ਨੁੱਕਰ ਤਕ ਪਹੰੁਚਾਉਣ ਦਾ ਚਾਹਵਾਨ ਹੈ। ਉਨ੍ਹਾਂ ਦਾ ਇੱਕੋ ਮਕਸਦ ਰਹੇਗਾ ਕਿ ਉਹ ਖ਼ੁਦ ਨੂੰ ਆਪਣੇ ਸੱਭਿਆਚਾਰ ਨਾਲ ਜੋੜੀ ਰੱਖਣ ਦੇ ਨਾਲ ਹੋਰਨਾਂ ਦੇਸ਼ਾਂ ਦੇ ਲੋਕਾਂ ਨੂੰ ਆਪਣੇ ਸੱਭਿਆਚਾਰ ਤੇ ਭੰਗੜੇ ਨਾਲ ਜੋੜਨਗੇ।

ਧੁਨਾਂ ਸਮਝਣ ਲਈ ਸੰਗੀਤ ਵਾਰ-ਵਾਰ ਸੁਣਦੀ ਹੈ ਅਲੈਂਸਾਂਦਰਾ

ਅਲੈਂਸਾਂਦਰਾ ਇਟਾਲੀਅਨ ਮੂਲ ਦੀ ਹੈ ਤੇ ਇਟਲੀ ਦੇ ਸ਼ਹਿਰ ਕੋਮੋ ਦੇ ਕਾਰੂਗੋ ’ਚ ਰਹਿੰਦੀ ਹੈ। ਉਸ ਨੇ ਸਿਵਲ ਤੇ ਵਾਤਾਵਰਨ ਇੰਜੀਨੀਅਰਿੰਗ ਕੀਤੀ ਹੋਈ ਹੈ। ਉਹ ਇਕ ਫਰਮ ’ਚ ਸਲਾਹਕਾਰ ਦੀ ਨੌਕਰੀ ਕਰਦੀ ਹੈ। ਉਹ ਭੰਗੜੇ ਦੇ ਅਭਿਆਸ ਦੇ ਨਾਲ-ਨਾਲ ਸੰਗੀਤ ਵੀ ਵਾਰ-ਵਾਰ ਸੁਣਦੀ ਹੈ, ਤਾਂ ਜੋ ਸੰਗੀਤ ਦੀਆਂ ਧੁਨਾਂ ਸਮਝ ਸਕੇ। ਉਸ ਨੇ ਵੈਸੇ ਹੀ ਯੂਟਿਊਬ ’ਤੇ ਭੰਗੜੇ ਦੀ ਵੀਡੀਓ ਦੇਖੀ ਸੀ। ਇਸ ਮਗਰੋਂ ਫਿਰ ਆਪਣੇ ਗਰੁੱਪ ਦੀ ਇਕ ਪੇਸ਼ਕਾਰੀ ਬਹੁਤ ਪਸੰਦ ਆਈ। ਉਸ ਦੇ ਪਰਿਵਾਰਕ ਮੈਂਬਰ ਤੇ ਦੋਸਤ ਉਸ ਨੂੰ ਭੰਗੜਾ ਪਾਉਂਦਿਆਂ ਦੇਖ ਹੈਰਾਨ ਵੀ ਹੁੰਦੇ ਹਨ ਤੇ ਖ਼ੁਸ਼ ਵੀ। ਸਾਰੇ ਉਸ ਨੂੰ ਕਈ ਸਵਾਲ ਵੀ ਕਰਦੇ ਹਨ ਤੇ ਉਸ ਦੇ ਚਿਹਰੇ ਦੀ ਖ਼ੁਸ਼ੀ ਤੇ ਕੱਪੜਿਆਂ ਦੇ ਰੰਗਾਂ ਨੂੰ ਬਹੁਤ ਪਸੰਦ ਕਰਦੇ ਹਨ। ਪੰਜਾਬੀ ਗਾਣੇ ਮੈਨੂੰ ਵਧੀਆ ਲੱਗਦੇ ਹਨ। ਵੈਸੇ ਉਸ ਨੂੰ ਜ਼ਿਆਦਾ ਪੰਜਾਬੀ ਨਹੀਂ ਆਉਂਦੀ ਪਰ ਉਮੀਦ ਹੈ ਕਿ ਉਹ ਹੌਲੀ-ਹੌਲੀ ਪੰਜਾਬੀ ਸਿੱਖ ਲਵੇਗੀ।

‘ਇਟਾਲੀਆ ਗੌਟ ਟੈਲੇਂਟ’ ਦਾ ਖ਼ਿਤਾਬ ਜਿੱਤਣਾ ਚਾਹੰੁਦੈ ਚਰਨਜੀਤ

ਪੰਜਾਬ ਦੇ ਬੰਗਾ ਜ਼ਿਲ੍ਹਾ ਨਵਾਂਸ਼ਹਿਰ ਦਾ ਚਰਨਜੀਤ ਕੁਮਾਰ ਇਟਲੀ ਦੇ ਕਸਬਾ ਗੋਤੋਂਲੈਂਗੋ (ਬਰੇਸ਼ੀਆ) ’ਚ ਰਹਿੰਦਾ ਹੈ ਤੇ ਫੈਕਟਰੀ ’ਚ ਕੰਮ ਕਰਦਾ ਹੈ। ਉਸ ਨੂੰ ਮਾਣ ਹੈ ਕਿ ਉਹ ਵਿਦੇਸ਼ੀ ਧਰਤੀ ’ਤੇ ਆ ਕੇ ਆਪਣੇ ਵਿਰਸੇ ਨੂੰ ਸਾਂਭ ਰਹੇ ਹਨ ਅਤੇ ਉਤਸ਼ਾਹਿਤ ਕਰ ਰਹੇ ਹਨ। ਉਸ ਦੀ ਤਮੰਨਾ ਹੈ ਕਿ ਉਹ ਭੰਗੜਾ ਪਾ ਕੇ ਇਕ ਵਾਰ ‘ਇਟਾਲੀਆ ਗੌਟ ਟੈਲੇਂਟ’ ਦਾ ਫਾਈਨਲ ਜਿੱਤਣਾ ਚਾਹੁੰਦਾ ਹੈ। ਉਸ ਨੂੰ ਖ਼ੁਸ਼ੀ ਹੁੰਦੀ ਹੈ, ਜਦੋਂ ਕੋਈ ਇਟਾਲੀਅਨ ਜਾਂ ਕੋਈ ਹੋਰ ਵਿਦੇਸ਼ੀ ਉਨ੍ਹਾਂ ਨਾਲ ਭੰਗੜਾ ਪਾਉਂਦਾ ਹੈ ਅਤੇ ਉਨ੍ਹਾਂ ਦੇ ਸੱਭਿਆਚਾਰ ਨੂੰ ਅਪਣਾਉਂਦਾ ਹੈ। ਉਨ੍ਹਾਂ ਦੀ ਇਹੀ ਕੋਸ਼ਿਸ਼ ਰਹੇਗੀ ਕਿ ਲੋਕ ਨਾਚ ਭੰਗੜਾ ਇਸੇ ਤਰ੍ਹਾਂ ਬੁਲੰਦੀਆਂ ’ਤੇ ਰਹੇ।

- ਦਲਜੀਤ ਸਿੰਘ ਮੱਕੜ

Posted By: Harjinder Sodhi