ਭਾਈ ਵੀਰ ਸਿੰਘ ਸਿਰਫ਼ ਆਧੁਨਿਕ ਪੰਜਾਬੀ ਸਾਹਿਤ ਦੇ ਮੋਢੀ ਵਜੋਂ ਹੀ ਨਹੀਂ ਜਾਣੇ ਜਾਂਦੇ ਸਗੋਂ ਧਾਰਮਿਕ ਅਤੇ ਸਮਾਜ ਸੇਵਾ ਦੇ ਖੇਤਰ ’ਚ ਵੀ ਉਨ੍ਹਾਂ ਦਾ ਖ਼ਾਸ ਸਥਾਨ ਹੈ। ‘ਖ਼ਾਲਸਾ ਸਮਾਚਾਰ’ ਰਾਹੀਂ ਉਨ੍ਹਾਂ ਨੇ ਪੰਜਾਬੀ ਪੱਤਰਕਾਰੀ ਦੇ ਇਤਿਹਾਸ ’ਚ ਵੀ ਵਿਲੱਖਣ ਪੈੜਾਂ ਕਾਇਮ ਕੀਤੀਆਂ। 5 ਦਸੰਬਰ ਨੂੰ ਉਨ੍ਹਾਂ ਦੇ ਜਨਮ ਦਿਨ ਮੌਕੇ ਅੰਮਿ੍ਰਤਸਰ ਵਿਚਲੇ ਭਾਈ ਵੀਰ ਸਿੰਘ ਨਿਵਾਸ ਅਸਥਾਨ ’ਤੇ ਉਨ੍ਹਾਂ ਦੇ ਸ਼ੁਭਚਿੰਤਕ ਵੀ ਉਤਸ਼ਾਹ ਨਾਲ ਪਹੁੰਚਦੇ ਹਨ। ਅੰਮਿ੍ਰਤਸਰ ਦੇ ਭਾਈ ਵੀਰ ਸਿੰਘ ਮਾਰਗ, ਜਿਸ ਦਾ ਪ੍ਰਚੱਲਿਤ ਅਤੇ ਪੁਰਾਣਾ ਨਾਂ ਲਾਰੰਸ ਰੋਡ ਹੈ, ਉੱਤੇ ਸਥਿਤ ਭਾਈ ਵੀਰ ਸਿੰਘ ਨਿਵਾਸ ਅਸਥਾਨ ਸਾਡੇ ਸਾਹਿਤਕ, ਅਕਾਦਮਿਕ ਅਤੇ ਅਧਿਆਤਮਕ ਵਿਰਸੇ ਦੀ ਨਿਸ਼ਾਨੀ ਹੈ। ਚਾਰ ਏਕੜ ਵਿਚ ਫੈਲੇ ਹੋਏ ਇਸ ਅਸਥਾਨ ਦੀ ਦੇਖ ਰੇਖ ਅਤੇ ਸਾਂਭ-ਸੰਭਾਲ ਦੀ ਜ਼ਿੰਮੇਵਾਰੀ ਭਾਈ ਵੀਰ ਸਿੰਘ ਸਾਹਿਤ ਸਦਨ, ਨਵੀਂ ਦਿੱਲੀ ਵੱਲੋਂ ਨਿਭਾਈ ਜਾਂਦੀ ਹੈ। ਇਸ ਅਸਥਾਨ ਦੇ ਕੇਂਦਰ ਵਿਚ ਬਣੀ ਹੋਈ ਕੋਠੀ ਵਿਚ ਭਾਈ ਸਾਹਿਬ ਭਾਈ ਵੀਰ ਸਿੰਘ 1930 ਈ. ਵਿਚ ਪ੍ਰਵੇਸ਼ ਕਰਦੇ ਹਨ। ਇਸ ਤੋਂ ਪਹਿਲਾਂ ਉਨ੍ਹਾਂ ਦਾ ਨਿਵਾਸ ਅੰਮਿ੍ਰਤਸਰ ਸ਼ਹਿਰ ਦੇ ਵਿਚਾਲੇ ਕਟੜਾ ਗਰਬਾ ਸਿੰਘ (ਕੂਚਾ ਦੇਵੀ ਵਾਲਾ, ਗਲੀ ਨਲਕੇ ਵਾਲੀ, ਗਿਲਵਾਲੀ ਗੇਟ, ਅੰਮਿ੍ਰਤਸਰ) ਵਿਚ ਸੀ।

ਅੱਜ ਕੱਲ੍ਹ ਇਸ ਕੋਠੀ ਨੂੰ ਇਕ ਮਿਊਜ਼ੀਅਮ ਦੀ ਤਰ੍ਹਾਂ ਸੰਭਾਲਿਆ ਹੋਇਆ ਹੈ। ਇਸ ਵਿਚ ਉਨ੍ਹਾਂ ਦੀ ਨਿੱਤ ਵਰਤੋਂ ਦੀਆਂ ਵਸਤਾਂ ਜਿਵੇਂ ਦੀਆਂ ਤਿਵੇਂ ਟਿਕਾਈਆਂ ਗਈਆਂ ਹਨ ਤਾਂ ਜੋ ਭਾਈ ਸਾਹਿਬ ਦੀ ਹੋਂਦ ਦਾ ਅਹਿਸਾਸ ਬਰਕਰਾਰ ਰਹਿ ਸਕੇ। ਇਸ ਵਿਸ਼ਾਲ ਕੋਠੀ ਵਿੱਚੋਂ ਅੰਗਰੇਜ਼ੀ ਇਮਾਰਤਸਾਜ਼ੀ ਦੀ ਝਲਕ ਵੇਖੀ ਜਾ ਸਕਦੀ ਹੈ। ਕੋਠੀ ਦੀਆਂ ਤਕਰੀਬਨ ਤਿੰਨ ਫੁੱਟ ਚੌੜੀਆਂ ਕੰਧਾਂ ਇਸ ਦੀ ਮਜ਼ਬੂਤੀ ਅਤੇ ਪੁਰਾਤਨਤਾ ਦੀ ਗਵਾਹੀ ਭਰਦੀਆਂ ਹਨ। ਕੋਠੀ ਵਿਚ ਨੌਂ ਵੱਡੇ ਕਮਰੇ ਹਨ, ਜਿਨ੍ਹਾਂ ਵਿਚ ਭਾਈ ਸਾਹਿਬ ਦਾ ਪੁਰਾਤਨ ਫਰਨੀਚਰ ਜਿਉਂ ਦਾ ਤਿਉਂ ਸੰਭਾਲ ਕੇ ਰੱਖਿਆ ਹੋਇਆ ਹੈ। ਡਰਾਇੰਗ ਰੂਮ ਵਿਚ ਪ੍ਰਵੇਸ਼ ਕਰਦਿਆਂ ਹੀ ਭਾਈ ਸਾਹਿਬ ਦੀ ਵੱਡ ਆਕਾਰੀ ਤਸਵੀਰ ਦੇ ਦਰਸ਼ਨ ਹੁੰਦੇ ਹਨ। ਇਸ ਤਸਵੀਰ ਦੀ ਝਲਕ ਮਿਲਦਿਆਂ ਹੀ ਕਿਸੇ ਰਾਜੇ ਦੇ ਮਹੱਲ ਵਰਗਾ ਅਹਿਸਾਸ ਹੁੰਦਾ ਹੈ। ਬੈਠਕ ਵਿਚ ਸੋਫਾ ਸੈੱਟ, ਇਕ ਪੁਰਾਤਨ ਘੜੀ, ਸਟੈਂਡਿੰਗ ਟੇਬਲ, ਦੋ ਟੇਬਲ ਸ਼ੀਸ਼ੇ ਵਾਲੇ, ਇਕ ਬੁਖਾਰੀ (ਸਰਦੀਆਂ ਵਿਚ ਕਮਰਾ ਨਿੱਘਾ ਕਰਨ ਵਾਸਤੇ), ਪਿੱਤਲ ਦੀ ਪਲੈਕ, ਪਦਮ ਭੂਸ਼ਣ ਸਨਮਾਨ, ਸਟੈਂਡ ਪੋਰਟ, ਸਾਈਡ ਟੇਬਲ, ਸ਼ੋਅ ਕੇਸ, ਭਾਈ ਸਾਹਿਬ ਦੀ ਹੱਥ ਲਿਖਤ ਦਾ ਨਮੂਨਾ, ਅਭਿਨੰਦਨ ਗ੍ਰੰਥ, ਐਨਕ, ਸਟੈਂਪ, ਖ਼ਾਲਸਾ ਸਮਾਚਾਰ ਦੀ ਇਕ ਕਾਪੀ ਅਤੇ ਕੁਝ ਹੋਰ ਸਾਮਾਨ ਪਿਆ ਹੋਇਆ ਹੈ। ਬੈਠਕ ਦੀਆਂ ਕੰਧਾਂ ਉਪਰ ਭਾਈ ਸਾਹਿਬ ਦੀਆਂ ਰਚਨਾਵਾਂ ਦੇ ਕੁਝ ਅੰਸ਼ ਅਤੇ ਉਨ੍ਹਾਂ ਨਾਲ ਮਿਲਦੇ ਜੁਲਦੇ ਪਾਤਰਾਂ ਦੀਆਂ ਤਸਵੀਰਾਂ ਸੁਸ਼ੋਭਿਤ ਹਨ। ਇਨ੍ਹਾਂ ਤਸਵੀਰਾਂ ਵਿੱਚੋਂ ਜ਼ਿਆਦਾਤਰ ਤਸਵੀਰਾਂ ਭਾਈ ਸਾਹਿਬ ਦੇ ਸਮਕਾਲੀ ਚਿੱਤਰਕਾਰ ਅਬਦੁੱਰ ਰਹਿਮਾਨ ਚੁਗਤਾਈ ਦੁਆਰਾ ਬਣਾਈਆਂ ਹੋਈਆਂ ਹਨ ਤੇ ਕੁਝ ਤਸਵੀਰਾਂ ਪੰਜਾਬ ਦੇ ਪ੍ਰਸਿੱਧ ਚਿੱਤਰਕਾਰ ਸੋਭਾ ਸਿੰਘ ਦੀਆਂ ਚਿਤਰੀਆਂ ਹੋਈਆਂ ਹਨ। ਇਸ ਸਥਾਨ ਦਾ ਜਿੰਨਾ ਮਹੱਤਵ ਭਾਈ ਵੀਰ ਸਿੰਘ ਦੇ ਸਮੇਂ ਸੀ, ਓਨਾ ਹੀ ਮਾਨਤਾ ਅੱਜ ਵੀ ਹੈ। ਦੂਰੋਂ ਨੇੜਿਓਂ ਭਾਈ ਵੀਰ ਸਿੰਘ ਦੇ ਸ਼ਰਧਾਲੂ, ਉਨ੍ਹਾਂ ਦੇ ਸਾਹਿਤ ਦੇ ਪ੍ਰੇਮੀ, ਸਾਹਿਤਕਾਰ, ਸਕੂਲਾਂ ਦੇ ਬੱਚੇ, ਵਿਦਵਾਨ ਅਤੇ ਸ਼ਹਿਰ ਵਾਸੀ ਇਸ ਸਥਾਨ ’ਤੇ ਸਿਜਦਾ ਕਰਨ ਆਉਂਦੇ ਰਹਿੰਦੇ ਹਨ। ਇਸ ਤੋਂ ਇਲਾਵਾ ਇੱਥੇ ਸਾਹਿਤਕ, ਅਕਾਦਮਿਕ ਅਤੇ ਧਾਰਮਿਕ ਗਤੀਵਿਧੀਆਂ ਦਾ ਨਿਰੰਤਰ ਆਯੋਜਨ ਹੁੰਦਾ ਰਹਿਣ ਕਰਕੇ ਇਸ ਦੀ ਮਹੱਤਤਾ ਅਤੇ ਮਾਨਤਾ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ।

ਕੋਠੀ ਦੇ ਪਿਛਲੇ ਪਾਸੇ ਕੁਦਰਤੀ ਵਾਤਾਵਰਨ ਵਿਚ ਉਸਰੀ ਅੱਠਕੋਣ ਵਾਲੀ ਸਿਮਰਨ ਕੁਟੀਆ ਅੱਜ ਵੀ ਸੰਗਤ ਦੇ ਸਿਮਰਨ ਲਈ ਪਵਿੱਤਰ ਸਥਾਨ ਵਜੋਂ ਵਰਤੋਂ ਵਿਚ ਆ ਰਹੀ ਹੈ। ਨਿਵਾਸ ਅਸਥਾਨ ਦੀ ਲਾਇਬ੍ਰੇਰੀ ਵਿਚ ਬੇਸ਼ਕੀਮਤੀ ਪੁਸਤਕਾਂ ਦਾ ਭੰਡਾਰ ਹੈ। ਭਾਈ ਸਾਹਿਬ ਦੇ ਆਪਣੇ ਦੁਆਰਾ ਰਚਿਤ ਪੁਸਤਕਾਂ ਦੇ ਨਵੇਂ ਐਡੀਸ਼ਨਜ਼ ਤੋਂ ਇਲਾਵਾ ਉਨ੍ਹਾਂ ਬਾਰੇ ਲਿਖੀਆਂ ਗਈਆਂ ਅਤੇ ਹੋਰ ਆਮ ਪੁਸਤਕਾਂ ਦਾ ਇਹ ਖ਼ਜ਼ਾਨਾ ਅਕਾਦਮਿਕ ਅਤੇ ਸਾਹਿਤਕ ਖੇਤਰ ਵਿਚ ਅਧਿਐਨ, ਅਧਿਆਪਨ ਅਤੇ ਖੋਜ ਕਰਨ ਵਾਲਿਆਂ ਲਈ ਵੱਡੀ ਅਹਿਮੀਅਤ ਰੱਖਦਾ ਹੈ।

ਭਾਈ ਸਾਹਿਬ ਦੁਆਰਾ ਪ੍ਰਕਾਸ਼ਿਤ ਕੀਤੇ ਜਾਂਦੇ ਹਫ਼ਤਾਵਾਰੀ ਪਰਚੇ ‘ਖ਼ਾਲਸਾ ਸਮਾਚਾਰ’ ਦੇ ਪੁਰਾਤਨ ਅੰਕ ਵੀ ਇਥੇ ਸੰਭਾਲੇ ਪਏ ਹਨ। ਭਾਈ ਵੀਰ ਸਿੰਘ ਨਿਵਾਸ ਅਸਥਾਨ ਵਿਚ ਜਿੱਥੇ ਭਾਈ ਸਾਹਿਬ ਦੀ ਕੋਠੀ ਅਤੇ ਭਾਈ ਵੀਰ ਸਿੰਘ ਮੈਮੋਰੀਅਲ ਹਾਲ ਹੈ, ਉੱਥੇ ਨਾਲ ਹੀ ਇਸ ਕੋਠੀ ਦੇ ਆਲੇ ਦੁਆਲੇ ਭਾਈ ਸਾਹਿਬ ਦੁਆਰਾ ਲਗਾਇਆ ਹੋਇਆ ਬਾਗ਼ ਵੀ ਇਸ ਦੀ ਸੋਭਾ ਵਧਾਉਂਦਾ ਹੈ। ਇਸ ਬਾਗ਼ ਵਿਚ ਕਈ ਤਰ੍ਹਾਂ ਦੇ ਫਲਦਾਰ ਬੂਟੇ ਤੇ ਦਰੱਖ਼ਤ ਉਨ੍ਹਾਂ ਆਪਣੇ ਹੱਥੀਂ ਲਗਾਏ ਹੋਏ ਹਨ। ਇਸ ਬਗ਼ੀਚੇ ਦੀ ਸ਼ਾਨ ਵਧਾਉਣ ਵਿਚ ਜਿੱਥੇ ਬਹੁਤ ਹੀ ਦੁਰਲੱਭ ਦਰੱਖ਼ਤਾਂ ਜਿਵੇਂ ਕਟਹਲ, ਢੇਊ, ਅਖਰੋਟ, ਲੀਚੀ, ਅੰਬ, ਜਾਮਨੂੰ ਅਤੇ ਹੋਰ ਫਲਦਾਰ ਬੂਟਿਆਂ ਦਾ ਯੋਗਦਾਨ ਹੈ, ਉੱਥੇ ਹੀ ਵੱਡ ਆਕਾਰੀ ਸਿੰਮਲ ਤੇ ਚੀਲ ਦੀ ਆਪਸੀ ਗਲਵੱਕੜੀ ਵਿਸ਼ੇਸ਼ ਖਿੱਚ ਦਾ ਕੇਂਦਰ ਬਣਦੀ ਹੈ। ਫੁੱਲ ਇਸ ਅਸਥਾਨ ਨੂੰ ਮਹਿਕਾਂ ਨਾਲ ਭਰਦੇ ਹਨ ਅਤੇ ਫਲਦਾਰ ਦਰੱਖ਼ਤਾਂ ਉਪਰ ਲੱਗਣ ਵਾਲੇ ਫਲ ਭਾਈ ਸਾਹਿਬ ਨੂੰ ਪਿਆਰ ਕਰਨ ਵਾਲੇ ਅਤੇ ਇਸ ਅਸਥਾਨ ਨੂੰ ਵੇਖਣ ਆਏ ਸ਼ਰਧਾਲੂਆਂ ਦੀਆਂ ਪ੍ਰਸ਼ਾਦ ਵਜੋਂ ਝੋਲੀਆਂ ਭਰਦੇ ਹੋਏ ਹਰ ਆਉਣ ਜਾਣ ਵਾਲੇ ਨੂੰ ਸਾਂਤੀ ਪ੍ਰਦਾਨ ਕਰਦੇ ਹਨ।

250 ਦੇ ਕਰੀਬ ਪੁਸਤਕਾਂ ਹੋ ਚੁੱਕੀਆਂ ਪ੍ਰਕਾਸ਼ਿਤ

ਭਾਈ ਵੀਰ ਸਿੰਘ ਜੀ ਨੇ ਪੰਜਾਬੀ ਭਾਸ਼ਾ ਲਈ ਸਲਾਹੁਣਯੋਗ ਕਾਰਜ ਕਰਦਿਆਂ ਪੰਜਾਬੀ ਸਾਹਿਤ ਦੀ ਰਚਨਾ ਕੀਤੀ ਅਤੇ ਅਨਮੋਲ ਖ਼ਜ਼ਾਨਾ ਪਾਠਕਾਂ ਤੇ ਪ੍ਰਸ਼ੰਸਕਾਂ ਦੀ ਝੋਲੀ ਪਾਇਆ। ਹੁਣ ਤਕ ਉਨ੍ਹਾਂ ਦੀਆਂ ਤਕਰੀਬਨ 250 ਦੇ ਕਰੀਬ ਪੁਸਤਕਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ ਜਿਨ੍ਹਾਂ ਵਿਚ ਚਾਰ ਨਾਵਲ ‘ਸੁੰਦਰੀ’, ‘ਬਿਜੈ ਸਿੰਘ’, ‘ਸਤਵੰਤ ਕੌਰ’ ਤੇ ‘ਬਾਬਾ ਨੌਧ ਸਿੰਘ’ ਵਰਨਣਯੋਗ ਹਨ। ਜੀਵਨੀ ਸਾਹਿਤ ਵਿਚ ‘ਗੁਰੂ ਨਾਨਕ ਚਮਤਕਾਰ’, ‘ਸ੍ਰੀ ਕਲਗੀਧਰ ਚਮਤਕਾਰ ਅਤੇ ‘ਸ੍ਰੀ ਅਸ਼ਟ ਗੁਰੂ ਚਮਤਕਾਰ’ ਹਨ ਜਦ ਕਿ ਕਵਿਤਾਵਾਂ ਵਿਚ ‘ਲਹਿਰਾਂ ਦੇ ਹਾਰ’, ‘ਲਹਿਰ ਹੁਲਾਰੇ’, ‘ਕੰਬਦੀ ਕਲਾਈ’ ਅਤੇ ਸਾਹਿਤ ਅਕਾਦਮੀ ਇਨਾਮ ਜੇਤੂ ਪੁਸਤਕ ‘ਮੇਰੇ ਸਾਂਈਆਂ ਜੀਓ ਤੋਂ ਇਲਾਵਾ ‘ਜ਼ਫ਼ਰਨਾਮਾ’ (ਟ੍ਰੈਕਟ) ਵਜੋਂ ਪਾਠਕਾਂ ਤੇ ਪ੍ਰਸ਼ੰਸਕਾਂ ਵਿਚ ਬੇਹੱਦ ਮਕਬੂਲ ਹਨ।

1956 ’ਚ ਮਿਲਿਆ ‘ਪਦਮ ਭੂਸ਼ਣ’ ਸਨਮਾਨ

ਕਟੜਾ ਗਰਬਾ ਸਿੰਘ ਅੰਮਿ੍ਰਤਸਰ ਵਿਖੇ ਪਿਤਾ ਡਾ. ਚਰਨ ਸਿੰਘ ਅਤੇ ਮਾਂ ਉੱਤਮ ਕੌਰ ਦੇ ਘਰ ਜਨਮੇ ਭਾਈ ਵੀਰ ਸਿੰਘ ਨੇ 1891 ਵਿਚ ਪੰਜਾਬ ਯੂਨੀਵਰਸਿਟੀ ਤੋਂ ਮੈਟਿ੍ਰਕ ਦਾ ਇਮਤਿਹਾਨ ਪਾਸ ਕੀਤਾ ਤੇ ਜ਼ਿਲ੍ਹਾ ਬੋਰਡ ਅੰਮਿ੍ਰਤਸਰ ਵਲੋਂ ਸੋਨੇ ਦਾ ਤਮਗਾ ਇਨਾਮ ਮਿਲਿਆ। 1892 ’ਚ ਉਨ੍ਹਾਂ ਸਿੰਘ ਸਭਾ ਲਹਿਰ ਦੀ ਅਗਵਾਈ ਕੀਤੀ ਅਤੇ ਵਜ਼ੀਰ ਹਿੰਦ ਪ੍ਰੈਸ ਦਾ ਆਰੰਭ ਕੀਤਾ। 1894 ਸੰਨ ’ਚ ਖ਼ਾਲਸਾ ਟ੍ਰੈਕਟ ਸੁਸਾਇਟੀ ਅੰਮਿ੍ਰਤਸਰ ਦੀ ਸਥਾਪਨਾ ਕੀਤੀ। 1898 ’ਚ ‘ਸੁੰਦਰੀ’ ਵਜ਼ੀਰ ਹਿੰਦ ਪ੍ਰੈਸ ਦਾ ਵਿਸਥਾਰ ਕੀਤਾ। 1899 ’ਚ ਖ਼ਾਲਸਾ ਸਮਾਚਾਰ ਜਾਰੀ ਕੀਤਾ। ਸੰਨ 1902 ’ਚ ਚੀਫ਼ ਖ਼ਾਲਸਾ ਦੀਵਾਨ ਦੀ ਸਥਾਪਨਾ ਕੀਤੀ ਅਤੇ ਖ਼ਾਲਸਾ ਕਾਲਜ ਅੰਮਿ੍ਰਤਸਰ ਨੂੰ ਪੰਥਕ ਪ੍ਰਬੰਧ ਥੱਲੇ ਲਿਆਂਦਾ।

1904 ’ਚ ਸੈਂਟ੍ਰਲ ਖ਼ਾਲਸਾ ਯਤੀਮਖਾਨਾ ਅੰਮਿ੍ਰਤਸਰ ਦੀ ਸਥਾਪਨਾ ਕੀਤੀ। 1935 ’ਚ ਸੈਂਟ੍ਰਲ ਅੰਧ ਵਿਦਿਆਲਾ ਦੀ ਸਥਾਪਨਾ ਕੀਤੀ। 1953 ’ਚ ‘ਮੇਰੇ ਸਾਈਆਂ ਜੀਓ’ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਵਿਸਥਾਰ ਟੀਕਾ ਕੀਤਾ। 1956 ਸੰਨ ’ਚ ਭਾਈ ਵੀਰ ਸਿੰਘ ਜੀ ਨੂੰ ‘ਪਦਮ ਭੂਸ਼ਣ’ ਨਾਲ ਸਨਮਾਨਿਤ ਕੀਤਾ ਗਿਆ। ਉਨ੍ਹਾਂ ਦੀ ਪਤਨੀ ਦਾ ਨਾਂ ਚਤਰ ਕੌਰ ਸੀ ਅਤੇ ਭਾਈ ਸਾਹਿਬ ਦੀਆਂ ਦੋ ਬੇਟੀਆਂ ਬੀਬੀ ਕਰਤਾਰ ਕੌਰ ਅਤੇ ਬੀਬੀ ਸੁਸ਼ੀਲ ਕੌਰ ਸਨ ਜਦ ਕਿ 10 ਜੂਨ 1957 ਨੂੰ ਭਾਈ ਵੀਰ ਸਿੰਘ ਜੀ ਪਰਲੋਕ ਗਮਨ ਕਰ ਗਏ।

ਨਿਵਾਸ ਅਸਥਾਨ ਤੋਂ ਰੋਜ਼ਾਨਾ ਪਹੁੰਚਦੇ ਨੇ ਦਰਬਾਰ ਸਾਹਿਬ ਗੁਲਦਸਤੇ

ਭਾਈ ਵੀਰ ਸਿੰਘ ਨਿਵਾਸ ਅਸਥਾਨ ਤੋਂ ਦਰਬਾਰ ਸਾਹਿਬ ਭੇਜੇ ਜਾਣ ਵਾਲੇ ਗੁਲਦਸਤਿਆਂ ਦੀ ਸੇਵਾ ਨਿਰੰਤਰ ਜਾਰੀ ਹੈ। ਅੱਜ ਕੱਲ੍ਹ ਇਹ ਸੇਵਾ ਭਾਈ ਵੀਰ ਸਿੰਘ ਜੀ ਦੇ ਸ਼ੁਭਚਿੰਤਕ ਬੀਬੀ ਭਜਨ ਕੌਰ ਵਲੋਂ ਨਿਭਾਈ ਜਾ ਰਹੀ ਹੈ। ਉਹ ਰੋਜ਼ਾਨਾ ਰਾਤ ਨੂੰ ਡੇਢ ਵਜੇ ਪ੍ਰਕਾਸ਼ ਤੋਂ ਪਹਿਲਾਂ ਮੌਸਮੀਂ ਫੁੱਲਾਂ ਦੇ ਦੋ ਗੁਲਦਸਤੇ ਲੈ ਕੇ ਦਰਬਾਰ ਸਾਹਿਬ ਪਹੁੰਚਦੇ ਹਨ। ਬੀਬੀ ਭਜਨ ਕੌਰ ਨੇ ਦੱਸਿਆ ਕਿ ਪਹਿਲਾਂ ਗੁਲਦਸਤਿਆਂ ਦੀ ਸੇਵਾ ਭਾਈ ਸਾਹਿਬ ਦੇ ਸ਼ੁਭਚਿੰਤਕ ਬੀਬੀ ਅੰਮਿ੍ਰਤ ਕੌਰ ਜੀ ਵਲੋਂ ਕੀਤੀ ਜਾਂਦੀ ਸੀ ਉਹ ਰੋਜ਼ ਪੰਜ ਗੁਲਦਸਤੇ ਲੈ ਕੇ ਜਾਂਦੇ ਹੁੰਦੇ ਸਨ। ਉਨ੍ਹਾ ਤੋਂ ਪਹਿਲਾਂ ਗੁਲਦਸਤਿਆਂ ਦੀ ਇਹ ਸੇਵਾ ਭਾਈ ਵੀਰ ਸਿੰਘ ਜੀ ਵਲੋਂ ਕੀਤੀ ਜਾਂਦੀ ਸੀ। ਭਾਈ ਵੀਰ ਸਿੰਘ ਜੀ ਗੁਲਦਸਤਿਆਂ ਦੀ ਸੇਵਾ ਲਈ ਰਾਤ 12 ਵਜੇ ਹੀ ਉੱਠ ਪੈਂਦੇ ਸਨ ਅਤੇ ਉਨ੍ਹਾਂ ਦੇ ਪਿਤਾ ਜੀ ਨੂੰ ਵੀ ਇਸ ਸੇਵਾ ਬਾਰੇ ਪਤਾ ਨਹੀਂ ਸੀ ਹੁੰਦਾ। ਇਨ੍ਹਾਂ ਗੁਲਦਸਤਿਆਂ ਵਿਚ ਗੁਲਦਾਉਦੀ, ਗੇਂਦਾ ਅਤੇ ਗੁਲਾਬ ਆਦਿ ਫੁੱਲ ਸਜਾਏ ਜਾਂਦੇ ਹਨ। ਇੱਥੇ ਅੱਜ ਕੱਲ੍ਹ ਡਾ. ਸੁਖਬੀਰ ਕੌਰ ਮਾਹਲ ਵਲੋਂ ਆਨਰੇਰੀ ਡਾਇਰੈਕਟਰ ਵਜੋਂ ਸੇਵਾਵਾਂ ਨਿਭਾਈਆਂ ਜਾ ਰਹੀਆਂ ਹਨ।

- ਰਮੇਸ਼ ਰਾਮਪੁਰਾ

Posted By: Harjinder Sodhi