ਇਸ ਨਾਯਾਬ ਪੁਸਤਕ ਦੇ ਲੇਖਕ ਹਨ, ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ, ਉੱਘੇ ਸਿੰਘ ਚਿੰਤਕ ਅਤੇ ਖੋਜੀ ਪ੍ਰੋ. ਕਿਰਪਾਲ ਸਿੰਘ ਬਡੂੰਗਰ (9915805100। ਉਨ੍ਹਾਂ ਦੀ ਕਲਾਤਮਕ ਕਲਮ ਇਸ ਵਿਚਾਰਗੋਚਰੀ ਪੁਸਤਕ ਤੋਂ ਪਹਿਲਾਂ 6 ਬਹੁਕੀਮਤੀ ਪੁਸਤਕਾਂ ਪੰਜਾਬੀ ਪਾਠਕਾਂ ਦੀ ਝੋਲੀ ਪਾ ਚੁੱਕੀ ਹੈ। ਇਸ ਸੱਜਰੀ ਪੁਸਤਕ ਵਿਚ ਸਿੱਖ ਕੌਮ ਦੇ ਉਨ੍ਹਾਂ 17 ਲਾਮਿਸਾਲ ਜਰਨੈਲਾਂ ਅਤੇ ਬੇਜੋੜ ਸੂਰਮਿਆਂ ਬਾਰੇ ਵਡਮੁੱਲੀ ਜਾਣਕਾਰੀ ਦਿੱਤੀ ਗਈ ਹੈ ਜਿਨ੍ਹਾਂ ਦੇ ਮਾਣਮੱਤੇ ਕਾਰਨਾਮਿਆਂ ਨੇ ਸਮੁੱਚੀ ਸਿੱਖ ਕੌਮ ਦਾ ਨਾਂਅ ਦੁਨੀਆ ਭਰ ਵਿਚ ਰੌਸ਼ਨ ਕੀਤਾ ਹੈ। ਪੁਸਤਕ ਦੇ ਲੇਖਾਂ ਵਿਚ ਕੌਮੀ ਸ਼ਹੀਦਾਂ ਦੀਆਂ ਜੀਵਨ ਘਾਲਣਾਵਾਂ ਅਤੇ ਲਾਸਾਨੀ ਕੁਰਬਾਨੀਆਂ ਦੇ ਨਾਲ-ਨਾਲ ਉਨ੍ਹਾਂ ਦੇ ਬੇਮਿਸਾਲ ਹੌਸਲੇ, ਸਿਰੜ, ਪਰਉਪਕਾਰੀ ਸੋਚ ਅਤੇ ਜਜ਼ਬੇ ਬਾਰੇ ਵਡਮੁੱਲੀ ਜਾਣਕਾਰੀ ਦਿੱਤੀ ਗਈ ਹੈ ਤਾਂ ਕਿ ਪਾਠਕ ਇਸ ਤੋਂ ਸੇਧ ਲੈ ਕੇ ਇਨ੍ਹਾਂ ਸੁਭ ਗੁਣਾਂ ਦੇ ਧਾਰਨੀਂ ਹੋ ਸਕਣ।

ਪੁਸਤਕ ਵਿਚ ਪੰਥ ਦੇ 17 ਮਹਾਨ ਸੂਰਬੀਰ ਅਤੇ ਮਾਣਮੱਤੇ ਜਰਨੈਲਾਂ ਬਾਰੇ ਲੇਖ ਸ਼ਾਮਲ ਹਨ। ਆਰੰਭਿਕ ਲੇਖ ਪਹਿਲੇ ਖ਼ਾਲਸਾ ਰਾਜ ਦੇ ਬਾਨੀ ਅਤੇ ਅਜੀਮੋਸ਼ਾਨ ਸ਼ਹੀਦ ਬਾਬਾ ਬੰਦਾ ਸਿੰਘ ਬਹਾਦਰ ਬਾਰੇ ਹੈ। ਬਾਬਾ ਜੀ ਨੇ ਬੇਜ਼ਮੀਨੇ ਹਲ ਵਾਹਕਾਂ ਨੂੰ ਜ਼ਮੀਨਾਂ ਦੀ ਮਾਲਕੀ ਦੇ ਹਕੂਕ ਦਿੱਤੇ। ਵਿਦਵਾਨ ਲੇਖਕ ਦੀ ਦਿਲੀ ਇੱਛਾ ਹੈ ਕਿ ਅਜੋਕੇ ਦੌਰ ਵਿਚ ਅੱਜ ਫਿਰ ਬਾਬਾ ਬੰਦਾ ਸਿੰਘ ਬਹਾਦਰ ਵਰਗੀ ਨਿਸ਼ਕਾਮ ਸ਼ਖ਼ਸੀਅਤ ਦੀ ਲੋੜ ਹੈ।

ਦੂਜਾ ਲੇਖ ਮਹਾਨ ਯੋਧੇ, ਸੇਵਾ ਅਤੇ ਸਿਮਰਨ ਦੇ ਮੁਜੱਸਮੇਂ ਨਵਾਬ ਕਪੂਰ ਸਿੰਘ ਦੀਆਂ ਮਹਾਨ ਪੰਥਕ ਘਾਲਣਾਵਾਂ ਬਾਰੇ ਹੈ। ਨਵਾਬੀ ਦੀ ਪਦਵੀ ਪ੍ਰਾਪਤ ਕਰਨ ਦੇ ਬਾਵਜੂਦ ਉਨ੍ਹਾਂ ਨੇ ਗੁਰੂ ਖ਼ਾਲਸੇ ਨੂੰ ਅਤਿਅੰਤ ਬਿਖੜੇ ਸਮੇਂ ਜਿਹੜੀ ਸੁਚੱਜੀ ਅਗਵਾਈ ਪ੍ਰਦਾਨ ਕੀਤੀ ਅਤੇ ਸੇਵਾ ਨੂੰ ਵੀ ਬਾਦਸਤੂਰ ਜਾਰੀ ਰੱਖਿਆ ਉਹ ਇਤਿਹਾਸ ਦੇ ਸੁਨਹਿਰੀ ਪੰਨੇ ਹਨ।

ਤੀਜਾ ਲੇਖ ਸੁਲਤਾਨ-ਉਲ-ਕੌਮ ਜੱਥੇਦਾਰ ਜੱਸਾ ਸਿੰਘ ਆਹਲੂਵਾਲੀਆ ਦੀ ਅਜੀਮ ਦੇਣ ਬਾਰੇ ਹੈ। ਉਹ ਕਪੂਰਥਲਾ ਰਿਆਸਤ ਦੇ ਬਾਨੀ ਸਨ। ਨਵਾਬ ਕਪੂਰ ਸਿੰਘ ਦੇ ਅਕਾਲ ਚਲਾਣੇ ਤੋਂ ਬਾਅਦ ਪੰਥ ਦੀ ਜੱਥੇਦਾਰੀ ਦੀ ਪੱਗ ਉਨ੍ਹਾਂ ਨੂੰ ਬਨ੍ਹਾਈ ਗਈ ਸੀ। ਜੱਥੇਦਾਰ ਆਹਲੂਵਾਲੀਆ ਨੇ 60 ਸਾਲ ਸਿੱਖ ਪੰਥ ਦੀ ਅਗਵਾਈ ਕੀਤੀ।

ਚੌਥਾ ਲੇਖ ਪੰਥ ਦੀ ਸ਼ਾਨ ਕਹੇ ਜਾਂਦੇ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਬਾਰੇ ਹੈ। ਉਹ ਰਾਮਗੜ੍ਹੀਆ ਮਿਸਲ ਦੇ ਮੁਖੀ ਸਨ । ਉਨ੍ਹਾਂ ਦੇ ਖਾਨਦਾਨ ਨੇ ਇਕ ਸਦੀ ਤਕ ਪੰਥ ਦੀ ਸੇਵਾ ਕੀਤੀ।

ਅਗਲਾ ਲੇਖ ਧਰਮ ਅਤੇ ਸੂਰਬੀਰਤਾ ਦੀ ਮੂਰਤ ਬਾਬਾ ਬਘੇਲ ਸਿੰਘ ਬਾਰੇ ਹੈ। ਜੱਥੇਦਾਰ ਬਘੇਲ ਸਿੰਘ ਨੇ ਕਈ ਵਾਰ ਦਿੱਲੀ ਨੂੰ ਫ਼ਤਹਿ ਕੀਤਾ। ਜਿੱਤਾਂ ਤੋਂ ਬਾਅਦ ਉਨ੍ਹਾਂ ਨੇ ਉੱਥੇ ਰਹਿ ਕੇ 7 ਇਤਿਹਾਸਕ ਗੁਰਧਾਮਾਂ ਦੀ ਉਸਾਰੀ ਕਰਵਾਈ। ਉਨ੍ਹਾਂ ਨੇ ਬੜੀ ਸੰਤੁਲਿਤ ਪਹੁੰਚ ਨਾਲ ਕੌਮੀ ਸੇਵਾਵਾਂ ਨੂੰ ਨਿਭਾਇਆ। ਸ੍ਰੀ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਵਜੋਂ ਸੇਵਾ ਨਿਭਾਉਣ ਦੇ ਨਾਲ-ਨਾਲ ਉਨ੍ਹਾਂ ਨੇ ਮਹਾਰਾਜਾ ਰਣਜੀਤ ਸਿੰਘ ਦੀ ਜੰਗਾਂ, ਯੁੱਧਾਂ ਵਿਚ ਵਧ ਚੜ੍ਹ ਕੇ ਮਦਦ ਕੀਤੀ। ਉਨ੍ਹਾਂ ਰਣਤੱਤੇ ਵਿਚ ਜੂਝਦਿਆਂ ਹੀ ਸ਼ਹਾਦਤ ਪ੍ਰਾਪਤ ਕੀਤੀ।

ਜਰਨੈਲ ਹਰੀ ਸਿੰਘ ਨਲੂਆ ਮਹਾਰਾਜਾ ਰਣਜੀਤ ਸਿੰਘ ਦੇ ਸਭ ਤੋਂ ਸਿਰਮੌਰ ਜਰਨੈਲ ਸਨ। ਉਹ ਰਿਆਸਤ ਕਸ਼ਮੀਰ ਦੇ ਗਵਰਨਰ ਵੀ ਰਹੇ। ਬਹਾਦਰ ਮੰਨੇ ਜਾਂਦੇ ਪਠਾਣ ਉਨ੍ਹਾਂ ਦਾ ਨਾਂਅ ਸੁਣ ਕੇ ਹੀ ਭੈਅ ਭੀਤ ਹੋ ਜਾਂਦੇ ਸਨ। ਖ਼ਾਲਸਾ ਰਾਜ ਦੇ ਪਸਾਰ ਵਿਚ ਉਨ੍ਹਾਂ ਦਾ ਮਹਾਨ ਯੋਗਦਾਨ ਹੈ।

ਅਗਲਾ ਲੇਖ ਤਿੱਬਤ ਦੀ ਜੰਗ ਦੇ ਨਾਇਕ ਜਨਰਲ ਜ਼ੋਰਾਵਰ ਸਿੰਘ ਬਾਰੇ ਹੈ। ਉਹ 1841 ਵਿਚ ਲੇਹ ਲੱਦਾਖ ਦੀ ਜੰਗ ਦੇ ਜੇਤੂ ਨਾਇਕ ਸਨ। ਉਨ੍ਹਾਂ ਬਾਰੇ ਸਰਦਾਰ ਇੰਦਰਜੀਤ ਸਿੰਘ ਦੀ ਅੰਗ੍ਰੇਜ਼ੀ ਨਜ਼ਮ ਦਾ ਪੰਜਾਬੀ ਤਰਜੁਮਾ ਕਾਬਿਲੇਜ਼ਿਕਰ ਹੈ।

ਜੱਥੇਦਾਰ ਸ਼ਾਮ ਸਿੰਘ ਅਟਾਰੀ ਨੇ ਸਿੱਖ ਰਾਜ ਦੇ ਪਤਨ ਮਗਰੋਂ ਪੰਜਾਬ ਉੱਤੇ ਕਾਬਜ਼ ਫਿਰੰਗੀ ਫ਼ੌਜਾਂ ਨੂੰ ਸਭਰਾਉੁਂ ਦੀ ਜੰਗ ਵਿਚ ਦਿਨੇ ਤਾਰੇ ਵਿਖਾ ਦਿੱਤੇ। ਇਸ ਦਾ ਜ਼ਿਕਰ “ਜੰਗਨਾਮਾ ਸਿੰਘਾਂ ਅਤੇ ਫਿਰੰਗੀਆਂ’’ ਦੇ ਲੇਖਕ ਸ਼ਾਹ ਮੁਹੰਮਦ ਨੇ ਬਾਖੂਬੀ ਕੀਤਾ ਹੈ। ਜੰਗੇ ਆਜ਼ਾਦੀ ਦੇ ਪਹਿਲੇ ਸ਼ਹੀਦ ਬਾਬਾ ਮਹਾਰਾਜ ਸਿੰਘ ਬਾਰੇ ਲੇਖ ਬਾਕਮਾਲ ਅਤੇ ਦੁਰਲੱਭ ਜਾਣਕਾਰੀ ਨਾਲ ਭਰਪੂਰ ਹੈ। ਇਸੇ ਤਰ੍ਹਾਂ ਸਾਰਾਗੜ੍ਹੀ ਜੰਗ ਦੇ ਹੀਰੋ ਹਵਾਲਦਾਰ ਈਸ਼ਰ ਸਿੰਘ ਆਈ. ਐੱਮ. ਓ. ਬਾਰੇ ਲੇਖ ਬਹੁਤ ਅਸਾਵੀਂ ਜੰਗ ਵਿਚ 36 ਸਿੱਖ ਰੈਜੀਮੈਂਟ ਦੇ 21 ਸਿੱਖ ਫ਼ੌਜੀਆਂ ਵੱਲੋਂ 10,000 ਕਬਾਇਲੀ ਹਮਲਾਵਰਾਂ ਦਾ ਬੇਮਿਸਾਲ ਬਹਾਦਰੀ ਨਾਲ ਮੁਕਾਬਲਾ ਕਰਨ ਅਤੇ ਮੂੰਹ ਭੰਨਣ ਦਾ ਵੇਰਵਾ ਲੂ ਕੰਡੇ ਖੜ੍ਹੇ ਕਰਨ ਵਾਲਾ ਹੈ। ਦੁਨੀਆ ਦੇ ਕਈ ਦੇਸ਼ਾਂ ਦੇ ਸਕੂਲੀ ਪਾਠਕ੍ਰਮ ਵਿਚ ਇਸ ਅਦੁੱਤੀ ਜੰਗ ਬਾਰੇ ਗਾਥਾ ਪੜ੍ਹਾਈ ਜਾਂਦੀ ਹੈ ਪਰ ਅਫਸੋਸ ਕਿ ਸਾਡੇ ਆਪਣੇ ਦੇਸ਼ ਦੇ ਆਵਾਮ ਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਜਾ ਰਹੀ।

ਏਅਰ ਕਮਾਂਡਰ ਮੇਹਰ ਸਿੰਘ ਬਾਬਾ, ਏਅਰ ਫੋਰਸ ਦੇ ਉਤਕਿ੍ਰਸ਼ਟ ਅਫਸਰ ਸਨ। 6 ਡਕੋਟਾ ਜਹਾਜ਼ਾਂ ਦੀ ਫਲੀਟ ਨੂੰ ਲੀਡ ਕਰਦਿਆਂ ਉਹ ਲੇਹ ਲੱਦਾਖ ਵਿਖੇ ਲੈਂਡ ਕਰਨ ਵਾਲੇ ਉਹ ਪਹਿਲੇ ਸਿੱਖ ਪਾਇਲਟ ਸਨ। ਉਨ੍ਹਾਂ ਨੂੰ ਅਨੇਕਾਂ ਉੱਚ ਪੁਰਸਕਾਰ ਮਿਲੇ।

ਅਗਲਾ ਲੇਖ ਹੈ 1965 ਦੀ ਭਾਰਤ ਪਾਕਿ ਜੰਗ ਦੇ ਹੀਰੋ ਲੈਫਟੀਨੈਂਟ ਜਨਰਲ ਹਰਬਖਸ਼ ਸਿੰਘ ਦੀ ਲਾਸਾਨੀ ਦੇਣ ਬਾਰੇ ਜਿਨ੍ਹਾਂ ਦੀ ਦਿ੍ਰੜਤਾ, ਦੂਰ ਅੰਦੇਸ਼ੀ ਸੋਚ ਅਤੇ ਤੁਰੰਤ ਫ਼ੈਸਲਾ ਲੈਣ ਦੇ ਗੁਣਾਂ ਸਦਕਾ ਅੱਧਾ ਭਾਰਤ ਪਾਕਿਸਤਾਨ ਹੱਥ ਜਾਣ ਤੋਂ ਬਚ ਗਿਆ। ਉਨ੍ਹਾਂ ਨਾਲ ਕੀਤੀ ਗਈ ਇਕ ਇੰਟਰਵਿਊ ਪੜ੍ਹਨ ਵਾਲੀ ਹੈ।

1971 ਦੀ ਹਿੰਦ-ਪਾਕਿ ਜੰਗ ਦੇ ਹੀਰੋ ਲੈਫਟੀਨੈਂਟ ਜਨਰਲ ਜਗਜੀਤ ਅਰੋੜਾ ਮੂਹਰੇ ਪਾਕਿਸਤਾਨੀ ਫ਼ੌਜ ਦੇ 93,000 ਤੋਂ ਵੱਧ ਅਫਸਰਾਂ ਅਤੇ ਜਵਾਨਾਂ ਨੇ ਲੈਫਟੀਨੈਂਟ ਜਨਰਲ ਕੇ. ਕੇ. ਨਿਆਜੀ ਦੀ ਅਗਵਾਈ ਹੇਠ ਆਤਮ ਸਮਰਪਣ ਕੀਤਾ। ਇਸੇ ਜੰਗ ਦੇ ਹੀਰੋ ਏਅਰ ਫੋਰਸ ਦੇ ਫਲਾਇੰਗ ਅਫਸਰ ਨਿਰਮਲਜੀਤ ਸਿੰਘ ਸੇਖੋਂ, ਲੱਦਾਖ ਜੰਗ ਦੇ ਹੀਰੋ ਜਨਰਲ ਬਿਕਰਮ ਸਿੰਘ ਅਤੇ ਏਅਰ ਚੀਫ ਮਾਰਸਲ ਅਰਜਨ ਸਿੰਘ ਬਾਰੇ ਸਾਰੇ ਲੇਖ ਬਹੁਤ ਧਿਆਨ ਨਾਲ ਪੜ੍ਹਨ ਵਾਲੇ ਹਨ। ਸਰਦਾਰ ਅਰਜਨ ਸਿੰਘ ਵਿਸਵ ਪੱਧਰ ਤੇ ਏਅਰ ਚੀਫ ਸਨ । ਉਹ ਕਈ ਦੇਸਾਂ ਵਿੱਚ ਭਾਰਤ ਦੇ ਰਾਜਦੂਤ ਵੀ ਰਹੇ ।

ਪ੍ਰੋਫੈਸਰ ਬਡੂੰਗਰ ਨੇ ਪੁਸਤਕ ਵਿਚ ਗੁਰਬਾਣੀ ਦੇ ਅਨੇਕਾਂ ਢੁੱਕਵੇਂ ਪ੍ਰਮਾਣ , ਉਰਦੂ ਫਾਰਸੀ ਦੇ ਸ਼ਿਅਰ, ਇਤਿਹਾਸਕਾਰਾਂ ਦੇ ਹਵਾਲੇ ਅਤੇ ਕਾਵਿਕ ਟੋਟੇ ਦੇਣ ਦੇ ਨਾਲ-ਨਾਲ ਪੁਖਤਾ ਸੁਝਾਅ ਵੀ ਦਿੱਤੇ ਹਨ, ਜਿਵੇਂ ਸਿੱਖਾਂ ਦੀ ਬੇਮਿਸਾਲ ਬਹਾਦਰੀ ਅਤੇ ਲਾਸਾਨੀ ਦੇਣ ਨੂੰ ਮੁੱਖ ਰੱਖਦਿਆਂ ਦੇਸ਼ ਦੀ ਫ਼ੌਜ ਵਿਚ ਉਨ੍ਹਾਂ ਦੀ ਨਫਰੀ ਵਧਾਈ ਜਾਵੇ ਅਤੇ ਸੈਨਿਕ ਪਰਿਵਾਰਾਂ ਨੂੰ ਬਣਦਾ ਸਤਿਕਾਰ ਦਿੱਤਾ ਜਾਵੇ। ਹਰ ਘਟਨਾ ਦੀਆਂ ਸਹੀ ਤਰੀਕਾਂ, ਸਥਾਨ ਅਤੇ ਵੇਰਵੇ ਪੁਸਤਕ ਨੂੰ ਸ਼ਾਹਕਾਰ ਰਚਨਾ ਬਣਾਉਂਦੇ ਹਨ। ਟਾਈਟਲ ਸਫੇ ਉੱਤੇ ਸਾਰੇ 17 ਸਿੱਖ ਜਰਨੈਲਾਂ ਦੀਆਂ ਤਸਵੀਰਾਂ ਪੁਸਤਕ ਨੂੰ ਸ਼ਾਨਦਾਰ ਦਿੱਖ ਪ੍ਰਦਾਨ ਕਰਦੀਆਂ ਹਨ। ਮੇਰੀ ਜਾਚੇ, ਹਰੇਕ ਨੂੰ ਇਹ ਪੁਸਤਕ ਜ਼ਰੂਰੀ ਪੜ੍ਹਨੀ ਚਾਹੀਦੀ ਹੈ। ਸਿੰਘ ਬ੍ਰਦਰਜ਼ ਅੰਮਿ੍ਰਤਸਰ ਵਲੋਂ ਪ੍ਰਕਾਸ਼ਤ ਇਸ ਪੁਸਤਕ ਦੇ ਪੰਨੇ 288 ਤੇ ਕੀਮਤ 400 ਰੁਪਏ ਹੈ।

- ਤੀਰਥ ਸਿੰਘ ਢਿੱਲੋਂ

Posted By: Harjinder Sodhi