ਸਰਬਜੀਤ ਕੌਰ ਜੱਸ ਆਪਣੇ ਹੀ ਅੰਦਾਜ਼ ਵਿਚ ਕਵਿਤਾ ਲਿਖ ਰਹੇ ਹਨ। ਭਾਵੇਂ ਸਾਡੇ ਸਮਿਆਂ ਦੇ ਮਸਲੇ ਤਾਂ ਸਾਡੇ ਸਭ ਦੇ ਸਾਂਝੇ ਅਤੇ ਜਾਣੇ-ਪਛਾਣੇ ਹੀ ਹੁੰਦੇ ਹਨ ਪਰ ਹਰ ਇਨਸਾਨ ਕੋਲ ਉਨ੍ਹਾਂ ਨੂੰ ਦੇਖਣ-ਪਰਖਣ ਦੀ ਸੂਝ, ਮਸਲਿਆਂ ਦੀਆਂ ਪਰਤਾਂ ਤੇ ਸ਼ਬਦਾਂ ਵਿਚ ਢਾਲਣ ਦਾ ਅੰਦਾਜ਼ ਹੀ ਉਸ ਨੂੰ ਦੂਜੇ ਕਲਮਕਾਰਾਂ ਨਾਲੋਂ ਵੱਖਰਿਆਉਂਦਾ ਹੈ। ਸਰਬਜੀਤ ਜੱਸ ਉੱਤੇ ਵੀ ਇਹੋ ਗੱਲ ਲਾਗੂ ਹੁੰਦੀ ਹੈ। ਇਸੇ ਕਾਰਨ ਉਨ੍ਹਾਂ ਦੀ ਕਵਿਤਾ ਨੂੰ ਖ਼ੂਬ ਪਸੰਦ ਕੀਤਾ ਜਾਂਦਾ ਹੈ। ਪੇਸ਼ ਹੈ ਇਸ ਮਾਣਮੱਤੀ ਸ਼ਾਇਰਾ ਨਾਲ ਕੀਤੀ ਗੱਲਬਾਤ ਦੇ ਕੁਝ ਅੰਸ਼ :-

- ਤੁਹਾਡੀ ਕਵਿਤਾ ਰਚਣ ਦੇ ਸਫ਼ਰ ਦੀ ਸ਼ੁਰੂਆਤ ਕਦੋਂ ਕੁ ਹੋਈ ਸੀ?

ਮੈਂ ਸਮਝਦੀ ਹਾਂ ਕਿ ਕਵੀ ਦੀ ਪਹਿਲੀ ਕਵਿਤਾ ਉਸ ਦਾ ਆਦਿ ਨਹੀਂ ਹੁੰਦੀ ਜਿਵੇਂ ਕਿਸੇ ਬੱਚੇ ਦਾ ਜਨਮ ਦਿਨ ਉਸ ਦਾ ਆਦਿ ਨਹੀਂ ਹੁੰਦਾ। ਕਹਾਣੀ ਉਸ ਤੋਂ ਨੌਂ ਮਹੀਨੇ ਪਹਿਲਾਂ ਸ਼ੁਰੂ ਹੋ ਚੁੱਕੀ ਹੁੰਦੀ ਹੈ। ਬਚਪਨ ਤੋਂ ਹੀ ਮੈਂ ਚੁੱਪ ਰਹਿਣ ਤੇ ਇਕੱਲਤਾ ਪਸੰਦ ਸੁਭਾਅ ਵਾਲੀ ਸਾਂ। ਕਲਪਨਾ, ਸੋਚਾਂ, ਸੁਪਨੇ ਤੇ ਵਿਚਾਰ ਮੇਰੇ ਧੁਰ ਅੰਦਰ ਗ੍ਰਹਿਆਂ ਵਾਂਗ ਪਰਿਕਰਮਾ ਕਰਦੇ ਰਹਿੰਦੇ ਸਨ। ਇਹ ਇਕ ਮਨੋਵਿਗਿਆਨਕ ਤੱਥ ਹੈ ਕਿ ਖ਼ਾਮੋਸ਼ ਲੋਕਾਂ ਦਾ ਝੁਕਾਅ ਅਕਸਰ ਪੁਸਤਕਾਂ ਵੱਲ ਹੋ ਜਾਂਦਾ ਹੈ। ਉਂਜ ਵੀ ਸਾਡੇ ਘਰ ਦਾ ਮਾਹੌਲ ਕੁੜੀਆਂ ਲਈ ਦਮ-ਘੋਟੂ ਜਿਹਾ ਸੀ। ਉੱਚੀ ਹੱਸਣ, ਨੱਚਣ, ਗਾਉਣ, ਟੈਲੀਵਿਜ਼ਨ ਵੇਖਣ ਦੀ ਪਾਬੰਦੀ ਸੀ। ਅਰਤਿੰਦਰ ਜੀ, ਜਦੋਂ ਮਰਦ ਕਹਿੰਦਾ ਹੈ ਕਿ ਉਹ ਖ਼ਾਮੋਸ਼ੀ ਨੂੰ ਪਿਆਰ ਕਰਦਾ ਹੈ ਅਤੇ ਇਕੱਲਤਾ ਨੂੰ ਪਸੰਦ ਕਰਦਾ ਹੈ ਤਾਂ ਇਹ ਉਸ ਦੀ ਖ਼ੁਦ ਦੀ ਚੋਣ ਹੁੰਦੀ ਹੈ ਪਰ ਜਦੋਂ ਔਰਤ ਕਹਿੰਦੀ ਹੈ ਕਿ ਚੁੱਪ ਉਸ ਦਾ ਸੁਭਾਅ ਹੈ ਤੇ ਇਕੱਲਤਾ ਉਸ ਦੀ ਸਾਥਣ ਤਾਂ ਇਹ ਸਮਾਜ ਵੱਲੋਂ ਉਸ ਦੀ ਝੋਲੀ 'ਚ ਪਾਇਆ ਸ਼ਗਨ ਹੁੰਦੀ ਹੈ। ਆਮ ਔਰਤਾਂ ਇਸ ਸ਼ਗਨ ਨੂੰ ਜਿਸ ਰੂਪ ਵਿਚ ਸਮਾਜ ਦਿੰਦਾ ਹੈ, ਉਸੇ ਰੂਪ ਵਿਚ ਅਪਣਾ ਲੈਂਦੀਆਂ ਹਨ। ਮੈਂ ਇਸ ਚੁੱਪ ਤੇ ਇਕੱਲਤਾ ਨੂੰ ਕਿਤਾਬਾਂ ਪੜ੍ਹਨ ਲਾ ਦਿੱਤਾ। ਕਵਿਤਾ ਦੀ ਕਰੂੰਬਲ ਫੁੱਟੀ ਤੇ ਮੈਂ ਤੁਕਬੰਦੀ ਕਰਨ ਲੱਗ ਪਈ। ਫਿਰ ਇਕ ਦਿਨ ਮੈਂ ਆਪਣੇ ਦਾਦਾ ਜੀ ਦੇ ਨਾਂ ਨਜ਼ਮ ਲਿਖੀ 'ਬਾਪੂ ਚੁੱਪ ਰਹਿੰਦਾ ਹੈ'। ਮੈਂ ਇਹ ਪਲੇਠੀ ਨਜ਼ਮ ਸਤਾਰਾਂ-ਅਠਾਰਾਂ ਸਾਲ ਦੀ ਉਮਰ ਵਿਚ ਲਿਖੀ ਸੀ।

- ਕੀ ਘਰ 'ਚ ਕੋਈ ਸਾਹਿਤਕ ਮਾਹੌਲ ਹੈ ਸੀ, ਜਿੱਥੋਂ ਤੁਹਾਨੂੰ ਪ੍ਰੇਰਣਾ ਮਿਲੀ ਤੇ ਇਹ ਤੁਹਾਡੇ ਅੰਦਰਲਾ ਸਾਹਿਤਕ ਪੌਦਾ ਉÎੱਗਿਆ?

ਇਹ ਪਰਖਿਆ ਹੋਇਆ ਸੱਚ ਹੈ ਕਿ ਸੰਵੇਦਨਸ਼ੀਲ, ਜਗਿਆਸੂ ਤੇ ਭਾਵੁਕ ਮਨ ਹੀ ਸਾਹਿਤ ਨਾਲ ਜੁੜ ਸਕਦਾ ਹੈ। ਇਕ ਤਾਂ ਮੇਰਾ ਖ਼ੁਦ ਦਾ ਸੁਭਾਅ ਅਜਿਹਾ ਸੀ। ਬਾਕੀ ਸਾਡੇ ਪਿੰਡ ਸਹਿਜ਼ਾਦਾ ਸੰਤ ਸਿੰਘ (ਮਲਸੀਆਂ) ਵਿਖੇ ਵਿਸ਼ਾਲ ਇਮਾਰਤ ਵਾਲਾ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਖੁੱਲ੍ਹਿਆ ਹੋਇਆ ਹੈ। ਇੱਥੋਂ ਮੈਂ ਮੁੱਢਲੀ ਸਿੱਖਿਆ ਪ੍ਰਾਪਤ ਕੀਤੀ। ਇਸ ਸਕੂਲ ਵਿਚ ਇਕ ਵੱਡ-ਅਕਾਰੀ ਲਾਇਬ੍ਰੇਰੀ ਹੁੰਦੀ ਸੀ ਜਿੱਥੇ ਸਿਰਮੌਰ ਸਾਹਿਤਕਾਰਾਂ ਦੀਆਂ ਆਦਮ-ਕੱਦ ਤਸਵੀਰਾਂ ਲੱਗੀਆਂ ਹੁੰਦੀਆਂ ਸਨ। ਅਣਗਿਣਤ ਕਿਤਾਬਾਂ ਨਾਲ ਭਰੀਆਂ ਅਲਮਾਰੀਆਂ ਤੇ ਸਲੀਕੇ ਨਾਲ ਜੜ੍ਹੀਆਂ ਪੁਸਤਕਾਂ ਵਿਦਿਆਰਥੀਆਂ ਨੂੰ ਖਿੱਚ ਪਾਉਂਦੀਆਂ। ਬਾਰ੍ਹਵੀਂ ਜਮਾਤ ਤਕ ਮੈਂ ਇਸ ਲਾਇਬ੍ਰੇਰੀ ਦੀ ਬਦੌਲਤ ਕਾਫ਼ੀ ਪੁਸਤਕਾਂ ਪੜ੍ਹ ਲਈਆਂ ਸਨ। ਘਰ ਵਿਚ ਵੀ ਵੱਡੇ ਭਰਾ ਦੀ ਬਦੌਲਤ ਪੁਸਤਕਾਂ ਆਉਂਦੀਆਂ ਰਹਿੰਦੀਆਂ ਸਨ। ਉਹ ਤਰਕਸ਼ੀਲ ਸੁਸਾਇਟੀ ਨਾਲ ਜੁੜੇ ਹੋਏ ਸਨ। ਇਨ੍ਹਾਂ ਕਿਤਾਬਾਂ ਨੇ ਮੈਨੂੰ ਨਿੱਗਰ, ਲੋਕਪੱਖੀ ਤੇ ਤਰਕ-ਅਧਾਰਤ ਵਿਚਾਰਧਾਰਾ ਦਿੱਤੀ। ਕਵਿਤਾ ਨਾਲ ਮੈਨੂੰ ਖ਼ਾਸ ਲਗਾਓ ਸੀ। ਇਸੇ ਤਰ੍ਹਾਂ ਮੈਂ ਪੜ੍ਹਦਿਆਂ-ਪੜ੍ਹਦਿਆਂ ਲਿਖਣ ਲੱਗ ਪਈ।

- ਘਰਦਿਆਂ ਦਾ ਪ੍ਰਤੀਕਰਮ ਸੀ ਜਦੋਂ ਉਨ੍ਹਾਂ ਨੂੰ ਪਤਾ ਲੱਗਾ ਕਿ ਉਨ੍ਹਾਂ ਦੀ ਲੜਕੀ ਅੰਦਰ ਵੀ ਕਵਿਤਾ ਦੇ ਬੀਜ ਪੁੰਗਰ ਰਹੇ ਹਨ?

-ਜਿਵੇਂ ਮੈਂ ਪਹਿਲਾਂ ਦੱਸਿਆ ਕਿ ਸਾਡੇ ਘਰ ਦਾ ਮਾਹੌਲ ਧੀਆਂ ਲਈ ਕਾਫ਼ੀ ਸੌੜਾ ਸੀ। ਦਹਿਸ਼ਤ ਦਾ ਸਾਇਆ ਹੋਣ ਕਾਰਨ ਮੈਂ ਲੁਕ ਕੇ ਚੋਰੀ-ਚੋਰੀ ਕਵਿਤਾ ਲਿਖਣ ਲੱਗ ਪਈ ਸੀ। ਇਕ ਵਾਰ ਮੈਂ ਚੋਰੀ ਕਵਿਤਾ ਲਿਖਦੀ ਫੜੀ ਗਈ ਸੀ। ਮੈਂ ਡਰਦਿਆਂ ਕਵਿਤਾ ਪਾੜ ਦਿੱਤੀ। ਘਰਦਿਆਂ ਨੂੰ ਲੱਗਿਆ ਕਿ ਮੈਂ 'ਪ੍ਰੇਮ ਪੱਤਰ' ਲਿਖ ਰਹੀ ਸੀ ਜੋ ਉਨ੍ਹਾਂ ਨੂੰ ਵੇਖ ਕੇ ਪਾੜ ਦਿੱਤਾ। ਉਸ ਤੋਂ ਬਾਅਦ ਕੀ ਹੋਇਆ, ਇਹ ਇਕ ਵੱਖਰਾ ਵਿਸ਼ਾ ਹੈ। ਜਦੋਂ ਮੇਰੇ ਪਿਤਾ ਜੀ ਨੂੰ ਕਵਿਤਾ ਲਿਖਣ ਬਾਰੇ ਪਤਾ ਲੱਗਿਆ ਤਾਂ ਉਨ੍ਹਾਂ ਇੰਨਾ ਜ਼ਰੂਰ ਕਿਹਾ 'ਜੱਟਾਂ ਦੀਆਂ ਕੁੜੀਆਂ ਨਹੀਂ ਕਵਿਤਾਵਾਂ-ਕੁਵਤਾਵਾਂ ਲਿਖਦੀਆਂ ਹੁੰਦੀਆਂ।' ਉਨ੍ਹਾਂ ਲਈ ਕਵਿਤਾ ਲਿਖਣ ਤੇ ਗਾਣੇ ਗਾਉਣ ਦਾ ਇਕ ਹੀ ਅਰਥ ਸੀ। ਉਹ ਕਵਿਤਾ ਰਚਣ ਨੂੰ ਬਹੁਤ ਹਲਕੇ ਪੱਧਰ 'ਤੇ ਲੈਂਦੇ ਸਨ ਸੋ ਕੋਈ ਖ਼ਾਸ ਪ੍ਰਤੀਕਰਮ ਨਹੀਂ ਸੀ।

- ਅਕਸਰ ਲੇਖਕਾਂ ਨੂੰ ਪੁੱਛਿਆ ਜਾਂਦਾ ਹੈ ਕਿ ਤੁਸੀਂ ਕਿਸ ਤਰ੍ਹਾਂ ਜਾਂ ਕਿਸ ਵੇਲੇ ਲਿਖਦੇ ਹੋ? ਤੁਸੀਂ ਸੋਚ ਕੇ ਕਿਸੇ ਕਵਿਤਾ ਦਾ ਮੂੰਹ ਮੁਹਾਂਦਰਾ ਸਿਰਜਦੇ ਹੋ ਜਾਂ ਚੁਫ਼ੇਰੇ ਦੀਆਂ ਘਟਨਾਵਾਂ ਤੇ ਵਰਤਾਰੇ ਤੁਹਾਨੂੰ ਬੇਚੈਨ ਕਰ ਕੇ ਲਿਖਵਾਉਂਦੇ ਹਨ?

ਮੈਂ ਸਮਝਦੀ ਹਾਂ ਕਿ ਸਾਹਿਤ ਦੀਆਂ ਹੋਰ ਵਿਧਾਵਾਂ ਨਾਲੋਂ ਕਵਿਤਾ ਦਾ ਫ਼ਰਕ ਇਹ ਹੈ ਕਿ ਇਹ ਸੋਚ ਕੇ ਲਿਖੀ ਨਹੀਂ ਜਾ ਸਕਦੀ। ਮੈਨੂੰ ਜਾਪਦਾ ਕਿ ਕਵੀ ਦੇ ਅੰਦਰ ਹਮੇਸ਼ਾ ਵਿਚਾਰਾਂ ਤੇ ਸੋਚਾਂ ਦਾ ਇਕ ਖੂਹ ਗਿੜਦਾ ਰਹਿੰਦਾ ਹੈ ਪਰ ਉਸ ਦੀਆਂ ਟਿੰਡਾਂ ਹਰ ਵਾਰ ਸ਼ਬਦਾਂ ਦੇ ਪਾਣੀ ਨਾਲ ਭਰ ਕੇ ਨਹੀਂ ਆਉਂਦੀਆਂ। ਜਦੋਂ ਕਦੇ ਅਜਿਹਾ ਵਾਪਰਦਾ ਹੈ ਤਾਂ ਇਹ ਇਕ ਕ੍ਰਿਸ਼ਮੇ ਵਾਂਗ ਹੁੰਦਾ ਹੈ। ਪਵਿੱਤਰ ਤੇ ਸੁੱਚੇ ਸ਼ਬਦਾਂ ਦਾ ਜਲ ਰੂਹ ਸਰਸ਼ਾਰ ਕਰ ਜਾਂਦਾ ਹੈ। ਫਿਰ ਕਵੀ ਉਨ੍ਹਾਂ ਸ਼ਬਦਾਂ ਨੂੰ ਕਵਿਤਾ ਦੇ ਘੜੇ ਵਿਚ ਭਰਦਾ ਹੈ। ਬਾਕੀ ਲੇਖਕ ਦਾ ਭਾਵੁਕ ਤੇ ਸੰਵੇਦਨਸ਼ੀਲ ਮਨ ਸਮਾਜ ਅੰਦਰ ਵਾਪਰਦੇ ਅਣਸੁਖਾਵੇਂ ਤੇ ਗ਼ੈਰ ਮਨੁੱਖੀ ਵਰਤਾਰਿਆਂ ਦਾ ਆਮ ਲੋਕਾਂ ਤੋਂ ਵੱਧ ਪ੍ਰਭਾਵ ਕਬੂਲ ਕਰਦਾ ਹੈ ਸੋ ਸੁੱਤੇ-ਸਿੱਧ ਸਮਕਾਲ ਕਵਿਤਾ ਵਿਚ ਪ੍ਰਵੇਸ਼ ਕਰ ਜਾਂਦਾ ਹੈ। ਵਿਚਾਰਧਾਰਾ ਪ੍ਰਤੀ ਪ੍ਰਤਿੱਗਿਆ ਵੀ ਲੇਖਕ ਦਾ ਸੰਕਲਪ ਹੁੰਦੀ ਹੈ ਅਤੇ ਹੋਣੀ ਵੀ ਚਾਹੀਦੀ ਹੈ। ਲਿਖਣ ਵੇਲਾ ਮੇਰਾ ਕੋਈ ਬੱਝਵਾਂ ਨਹੀਂ ਹੈ। ਉਂਜ ਮੇਰੀ ਦਿਲੀ ਕਾਮਨਾ ਹੈ ਕਿ ਮੇਰਾ ਇਕ ਖ਼ਾਸ 'ਲਿਖਣ ਵੇਲਾ' ਤੇ 'ਪੜ੍ਹਨ ਵੇਲਾ' ਹੋਵੇ।

- ਇਕ ਵਾਰ ਪ੍ਰਭਜੋਤ ਕੌਰ ਨੇ ਕਿਹਾ ਸੀ ਕਿ ਮੈਂ ਕਵਿਤਾ ਇੱਕੋ ਵਾਰ ਵਿਚ ਲਿਖ ਲੈਂਦੀ ਹਾਂ ਤੇ ਫਿਰ ਉਸ ਵਿਚਲਾ ਕੁਝ ਵੀ ਸੁਧਾਰਨ ਜਾਂ ਬਦਲਣ ਦੀ ਲੋੜ ਨਹੀਂ ਪੈਂਦੀ। ਕੀ ਤੁਹਾਡੇ ਉÎੱਤੇ ਵੀ ਇਸ ਤਰ੍ਹਾਂ ਦਾ ਕੋਈ ਕਥਨ ਲਾਗੂ ਹੁੰਦਾ ਹੈ?

ਦੇਖੋ ਜੀ, ਘਰ ਦੀ ਬਗ਼ੀਚੀ ਵਿਚ ਲੱਗੇ ਫੁੱਲ-ਬੂਟਿਆਂ ਨੂੰ ਵੀ ਕਾਂਟ-ਛਾਂਟ ਦੀ ਲੋੜ ਤਾਂ ਪੈਂਦੀ ਹੀ ਹੈ। ਤਰਤੀਬ ਤੇ ਦਿੱਖ ਦੇ ਵੀ ਮਾਅਨੇ ਹੁੰਦੇ ਹਨ। ਅੱਜ ਦੀ ਕਵਿਤਾ ਵਿਚ ਨਿੱਤ ਨਵੇਂ ਪ੍ਰਯੋਗ ਹੋ ਰਹੇ ਹਨ। ਕੁਝ ਕਲਾਤਮਿਕ ਪੱਖੋਂ ਉÎੱਚਤਮ ਤੇ ਕੁਝ ਹਾਸੋਹੀਣੇ ਵੀ...। ਛੋਟੀ ਕਵਿਤਾ ਤਾਂ ਮੈਂ ਇੱਕੋ ਵਾਰ ਵਿਚ ਲਿਖ ਲੈਂਦੀ ਹਾਂ। ਲੰਮੀ ਕਵਿਤਾ ਕਈ ਵਾਰ ਇਕ ਵਾਰ ਵਿਚ ਲਿਖ ਨਹੀਂ ਹੁੰਦੀ। ਜਦੋਂ ਕਦੇ ਮੇਰੀ ਓਹੀ ਮਨੋਸਥਿਤੀ ਦੁਬਾਰਾ ਬਣਦੀ ਹੈ ਤਾਂ ਮੈਂ ਕਵਿਤਾ ਪੂਰੀ ਕਰ ਲੈਂਦੀ ਹਾਂ। ਹਰ ਕਵਿਤਾ ਦਾ ਆਪਣਾ ਆਭਾ-ਮੰਡਲ ਤੇ ਕਾਵਿਕ ਮਾਹੌਲ ਹੁੰਦਾ ਹੈ। ਕਵਿਤਾ ਲਿਖਣ ਤੋਂ ਬਾਅਦ ਮੈਂ ਉਸ ਨੂੰ ਕੁਝ ਸਮੇਂ ਤਕ ਸਾਂਭ ਦਿੰਦੀ ਹਾਂ। ਜਦੋਂ ਕੁਝ ਸਮੇਂ ਬਾਅਦ ਮੈਂ ਉਹ ਕਵਿਤਾਵਾਂ ਕੱਢ ਕੇ ਦੇਖਦੀ ਹਾਂ ਤਾਂ ਇਕ ਅੱਧ ਸ਼ਬਦ ਦੀ ਕਾਂਟ ਛਾਂਟ ਕਰ ਕੇ, ਕੁਝ ਸਤਰਾਂ ਕੱਟ ਕੇ ਜਾਂ ਉੱਪਰ ਹੇਠਾਂ ਕਰ ਕੇ ਕਵਿਤਾ ਨੂੰ ਅੰਤਿਮ ਰੂਪ ਦੇ ਦਿੰਦੀ ਹਾਂ।

- ਤੁਸੀਂ ਨੌਕਰੀ ਕਰਦੇ ਹੋ। ਸਾਡੇ ਸਮਾਜ ਵਿਚ ਭਾਵੇਂ ਕੋਈ ਔਰਤ ਕੰਮਕਾਜੀ ਹੋਵੇ ਉਸ ਨੂੰ ਹੋਰ ਘਰੇਲੂ ਔਰਤਾਂ ਵਾਂਗ ਘਰ ਦੀਆਂ ਵੀ ਹਰ ਤਰ੍ਹਾਂ ਦੀਆਂ ਜ਼ਿੰਮੇਵਾਰੀਆਂ ਸੰਭਾਲਣੀਆਂ ਪੈਂਦੀਆਂ ਹਨ। ਸਾਡੇ ਸਮਾਜ 'ਚ ਮਰਦ ਲੇਖਕ ਤੇ ਔਰਤ ਲੇਖਕ ਹੋਣਾ ਵੱਖਰੇ ਰੂਪ ਵਾਲਾ ਹੁੰਦਾ ਹੈ। ਤੁਸੀਂ ਇਸ ਸਭ ਕੁਝ ਨੂੰ ਕਿਸ ਤਰ੍ਹਾਂ ਨਿਭਾਉਂਦੇ ਹੋ?

ਤੁਸੀਂ ਬਿਲਕੁਲ ਸਹੀ ਕਿਹਾ। ਜੇ ਮਰਦ ਅਤੇ ਔਰਤ ਦਾ ਲੇਖਕ ਹੋਣਾ ਵੱਖਰੇ-ਵੱਖਰੇ ਰੂਪਾਂ ਵਾਲਾ ਨਾ ਹੁੰਦਾ ਤਾਂ ਅੱਜ ਸਾਹਿਤ ਦੇ ਇਤਿਹਾਸ ਵਿਚ ਜਿਵੇਂ ਵੇਦ ਵਿਆਸ ਤੇ ਕਾਲੀਦਾਸ ਦੇ ਨਾਂ ਚਮਕ ਰਹੇ ਹਨ ਉਵੇਂ ਔਰਤ ਲੇਖਿਕਾਵਾਂ ਦੇ ਨਾਂ ਵੀ ਚਮਕਦੇ ਹੁੰਦੇ। ਸਾਨੂੰ ਪੀਰੋ ਪ੍ਰੇਮਣ ਤੇ ਨੌਰੰਗੀ ਦੇਵੀ ਵਰਗੀਆਂ ਕਵਿੱਤਰੀਆਂ ਨੂੰ ਇਤਿਹਾਸ ਦੇ ਹਨੇਰੇ ਖੂੰਜਿਆਂ 'ਚੋਂ ਟਾਰਚਾਂ ਮਾਰ ਮਾਰ ਕੇ ਲੱਭਣਾ ਨਾ ਪੈਂਦਾ। ਭਾਵੇਂ ਵਰ੍ਹਿਆਂ ਦੇ ਬੀਤਣ ਨਾਲ ਕ੍ਰਾਂਤੀਕਾਰੀ ਤਬਦੀਲੀਆਂ ਆਈਆਂ ਹਨ ਪਰ ਅੱਜ ਵੀ ਔਰਤ ਮਰਦ ਦੇ ਵਖਰੇਵੇਂ ਦੇ ਹਾਲਾਤ ਬਹੁਤੇ ਬਦਲੇ ਨਹੀਂ। ਕਲਾ ਦੇ ਖੇਤਰ ਵਿਚ ਤਾਂ ਇਹ ਵਖਰੇਵੇਂ ਹੋਰ ਵੀ ਘਾਤਕ ਤੇ ਤਕਲੀਫ਼ਦੇਹ ਹਨ। ਆਪਣੇ-ਆਪ ਨੂੰ ਸ਼ੀਸ਼ੇ ਵਿਚ ਵੇਖਦਿਆਂ ਮੈਂ ਮਹਿਸੂਸਦੀ ਹਾਂ ਕਿ ਮੈਂ ਤਿੰਨ ਪੱਧਰਾਂ ਉÎੱਤੇ ਕੰਮ ਕਰ ਰਹੀ ਹਾਂ। ਘਰ ਵਿਚ, ਕੰਮਕਾਜ ਵਾਲੀ ਜਗ੍ਹਾ 'ਤੇ ਅਤੇ ਸਾਹਿਤ ਦੇ ਖੇਤਰ ਵਿਚ। ਤਿੰਨਾਂ ਵਿਚ ਸਮਤੋਲ ਬਣਾਉਣਾ ਤਲਵਾਰ ਦੀ ਧਾਰ 'ਤੇ ਤੁਰਨ ਬਰਾਬਰ ਹੈ ਪਰ ਕਵਿਤਾ ਲਿਖਣਾ ਮੇਰੇ ਲਈ ਸਕੂਨ ਭਰਿਆ ਕਾਰਜ ਹੈ। ਜੇ ਉਪਰੋਕਤ ਦੋਵੇਂ ਕੰਮ ਸਿਰ 'ਤੇ ਰੱਖੇ ਭਾਰੇ ਟੋਕਰੇ ਵਾਂਗ ਹਨ ਤਾਂ ਕਵਿਤਾ ਲਿਖਣਾ ਤਲੀ ਉÎੱਤੇ ਧਰੇ ਫੁੱਲ ਵਰਗਾ ਹੈ।

ਮੈਂ ਜ਼ਿਆਦਾਤਰ ਕੰਮ-ਕਾਰ ਕਰਦਿਆਂ ਕਵਿਤਾ ਲਿਖਦੀ ਹਾਂ। ਇਸੇ ਲਈ ਮੈਂ ਇਕ ਵਾਰ ਲਿਖਿਆ ਸੀ ਕਿ 'ਹੋਰਾਂ ਦੀਆਂ ਰਸੋਈਆਂ ਵਿਚ ਪਕਵਾਨ ਬਣਦੇ ਨੇ, ਮੇਰੀ ਰਸੋਈ ਵਿਚ ਕਵਿਤਾ ਵੀ ਬਣਦੀ ਹੈ।' ਜੇ ਲੇਖਿਕਾਵਾਂ ਨੂੰ ਨਿਸ਼ਚਿਤ ਜਗ੍ਹਾ 'ਤੇ ਨਿਸ਼ਚਿਤ ਸਮਾਂ ਮਿਲੇ ਤਾਂ ਉਹ ਸਾਹਿਤ ਦੇ ਖੇਤਰ ਵਿਚ ਹੋਰ ਵੀ ਨਿੱਗਰ ਤੇ ਸ਼ਲਾਘਾਯੋਗ ਕੰਮ ਕਰ ਸਕਦੀਆਂ ਹਨ। ਜੇ ਉਨ੍ਹਾਂ ਨੂੰ ਵੀ ਬਣਿਆ-ਬਣਾਇਆ ਚਾਹ ਦਾ ਕੱਪ ਮਿਲਦਾ ਤਾਂ ਅੱਜ ਕਲਾ ਦੀਆਂ ਸਿਖ਼ਰਾਂ ਕੁਝ ਹੋਰ ਹੀ ਹੋਣੀਆਂ ਸਨ।

- ਸਾਡੇ ਸਾਹਮਣੇ ਔਰਤਾਂ ਦਾ ਰਚਿਆ ਬਹੁਤ ਸਾਰਾ ਨਾਰੀ-ਕਾਵਿ ਹੈ। ਕੁਝ ਔਰਤਾਂ ਨੇ ਖੁੱਲ੍ਹ ਕੇ ਮਰਦ ਜਮਾਤ ਦੇ ਵਿਰੋਧ ਵਿਚ ਲਿਖਿਆ, ਕੁਝ ਨੇ ਪਿਆਰ ਨੂੰ ਵਿਸ਼ਾ ਬਣਾਇਆ, ਕੁਝ ਨੇ ਸਮਾਜ ਵਿਚ ਔਰਤ ਨਾਲ ਹੁੰਦੇ ਵਿਤਕਰੇ ਨੂੰ ਆਪਣੀ ਕਵਿਤਾ ਵਿਚ ਅੰਕਿਤ ਕੀਤਾ ਤੇ ਕੁਝ ਹੋਰਾਂ ਨੇ ਸਮਾਜ ਦੇ ਵਰਤਾਰਿਆਂ ਨੂੰ ਆਪਣੀ ਕਵਿਤਾ ਦਾ ਵਿਸ਼ਾ ਬਣਾਇਆ। ਤੁਹਾਡੀ ਕਵਿਤਾ ਦੇ ਮੁੱਖ ਸਰੋਕਾਰ ਕੀ ਹਨ?

ਮੈਨੂੰ ਜਾਪਦਾ ਹੈ ਕਿ ਕਵਿਤਾ ਸਿੱਧੇ ਤੌਰ 'ਤੇ ਕਿਸੇ ਸਰੋਕਾਰ ਨਾਲ ਜੋੜ ਕੇ ਲਿਖੀ ਹੀ ਨਹੀਂ ਜਾ ਸਕਦੀ, ਗੱਦ ਸਾਹਿਤ ਦੀ ਗੱਲ ਹੋਰ ਹੈ। ਸਮਾਜੀ ਸਰੋਕਾਰ ਅਸਿੱਧੇ ਤੌਰ 'ਤੇ ਕਵਿਤਾ ਵਿਚ ਆਪਣੇ ਆਪ ਆ ਜਾਂਦੇ ਹਨ। ਜੇ ਕਵਿੱਤਰੀ ਆਲੇ-ਦੁਆਲੇ ਪ੍ਰਤੀ ਚੇਤੰਨ ਹੈ, ਸਮਾਜਿਕ, ਧਾਰਮਿਕ ਤੇ ਰਾਜਨੀਤਕ ਅਡੰਬਰਾਂ ਨੂੰ ਧੁਰ ਅੰਦਰੋਂ ਮਹਿਸੂਸਦੀ ਹੈ ਤਾਂ ਇਹ ਸਭ ਉਸ ਦੀ ਰਚਨਾ ਵਿਚ ਆਵੇਗਾ ਹੀ ਆਵੇਗਾ।

ਮੈਂ ਸ਼ੁਰੂ ਤੋਂ ਤਰਕ ਅਧਾਰਤ ਕਿਤਾਬਾਂ ਪੜ੍ਹੀਆਂ, ਔਰਤ ਹੋਣ ਦੀ ਹੋਣੀ ਨੂੰ ਜੀਵਿਆ। ਸਮਕਾਲ ਨੂੰ ਜਾਣਨ ਦੀ ਇੱਛਾ ਤੇ ਰੁਚੀ ਮੇਰੇ ਵਿਚ ਬਚਪਨ ਤੋਂ ਹੀ ਸੀ। ਇਸੇ ਤਰ੍ਹਾਂ ਸਮਾਜੀ, ਰਾਜਸੀ ਤੇ ਹੋਰ ਮਾਨਵੀ ਗੁੰਝਲਦਾਰ ਮਸਲੇ ਮੇਰੀ ਕਵਿਤਾ ਦੇ ਵਿਸ਼ੇ ਬਣ ਗਏ।

- ਤੁਹਾਡੀ ਕਵਿਤਾ 'ਪੰਜਾਬੋ-ਮਾਂ ਦਾ ਵੈਣ' ਪਾਠਕਾਂ ਵੱਲੋਂ ਅਤਿਅੰਤ ਸਲਾਹੀ ਗਈ। ਸੋਸ਼ਲ ਮੀਡੀਆ ਉÎੱਤੇ ਵੀ ਛਾਈ ਰਹੀ। ਉਸ ਕਵਿਤਾ ਦੀ ਸਿਰਜਣ ਪ੍ਰਕਿਰਿਆ ਬਾਰੇ ਕੁਝ ਦੱਸੋ?

ਇਸ ਕਵਿਤਾ ਦੀਆਂ ਆਖ਼ਰੀ ਸਤਰਾਂ 'ਕਮਲਿਆ ਪੁੱਤਾ! ਸਾਰੇ ਦਾ ਸਾਰਾ ਚਿੱਟਾ ਖਾ ਗਿਓਂ, ਹੁਣ ਮੈਂ ਤੇਰੇ 'ਤੇ ਖੱਫ਼ਣ ਕਿਹੜੇ ਰੰਗ ਦਾ ਪਾਵਾਂ'। ਕਾਫ਼ੀ ਸਮਾਂ ਪਹਿਲਾਂ ਦੀਆਂ ਮੇਰੀ ਡਾਇਰੀ ਵਿਚ ਲਿਖੀਆਂ ਪਈਆਂ ਸਨ। ਇਹ ਸਤਰਾਂ ਉਦੋਂ ਲਿਖ ਹੋ ਗਈਆਂ ਜਦੋਂ ਮੇਰੇ ਪੇਕੇ ਪਿੰਡ ਤੋਂ ਇਕ ਲੜਕੇ ਦੀ ਚਿੱਟਾ ਖਾਣ ਨਾਲ ਮੌਤ ਹੋ ਜਾਣ ਦੀ ਖ਼ਬਰ ਮੇਰੇ ਤਕ ਅੱਪੜੀ ਸੀ। ਇਸ ਤੋਂ ਸੱਤ-ਅੱਠ ਮਹੀਨੇ ਬਾਅਦ ਮੈਨੂੰ ਗੁਰਭਜਨ ਗਿੱਲ ਦਾ ਸੁਨੇਹਾ ਮਿਲਿਆ ਕਿ ਕੋਈ ਨਸ਼ਿਆਂ ਉੱਪਰ ਕਵਿਤਾ ਚਾਹੀਦੀ ਹੈ। ਜੇ ਤੁਹਾਡੇ ਕੋਲ ਹੈ ਤਾਂ ਨਿਸ਼ਚਿਤ ਮਿਤੀ ਤਕ ਭੇਜੋ। ਮੇਰੇ ਕੋਲ ਕੋਈ ਸਾਲਮ ਕਵਿਤਾ ਹੈ ਨਹੀਂ ਸੀ। ਕੁਝ ਸਮੇਂ ਬਾਅਦ ਇਹ ਸਤਰਾਂ ਮੇਰੇ ਹੱਥ ਲੱਗ ਗਈਆਂ। ਕੋਸ਼ਿਸ਼ ਕੀਤੀ ਕਵਿਤਾ ਲਿਖਣ ਦੀ ਪਰ ਪਤਾ ਹੀ ਹੈ ਤੁਹਾਨੂੰ ਕਿ ਕੋਸ਼ਿਸ਼ ਕੀਤਿਆਂ ਕਵਿਤਾ ਕਿੱਥੇ ਲਿਖ ਹੁੰਦੀ ਹੈ।

ਕਵਿਤਾ ਭੇਜਣ ਦੀ ਨਿਸ਼ਚਿਤ ਮਿਤੀ ਨਿਕਲ ਗਈ। ਉਸ ਤੋਂ ਬਾਅਦ ਇਕ ਦਿਨ ਬੈਠਿਆਂ-ਬੈਠਿਆਂ ਮੇਰੇ ਕੋਲੋਂ 'ਕਮਲਿਆ ਪੁੱਤਾ'! ਸਿਰਲੇਖ ਹੇਠ ਕੁਝ ਬੰਦ ਲਿਖ ਹੋ ਗਏ। ਫਿਰ ਇਹ ਮੈਂ 'ਸਿਰਜਣਾ' ਮੈਗ਼ਜ਼ੀਨ ਵਿਚ ਛਪਣ ਲਈ ਭੇਜ ਦਿੱਤੀ। ਜਿਸ ਨੂੰ ਪਾਠਕ-ਵਰਗ ਦਾ ਖ਼ੂਬ ਹੁੰਗਾਰਾ ਮਿਲਿਆ। ਕਈ ਭਾਸ਼ਾਵਾਂ ਵਿਚ ਅਨੁਵਾਦ ਵੀ ਹੋਈ।

- ਤੁਹਾਡੀਆਂ ਹੁਣ ਤਕ ਕਿੰਨੀਆਂ ਕਾਵਿ ਪੁਸਤਕਾਂ ਆ ਚੁੱਕੀਆਂ ਹਨ?

ਮੇਰੀਆਂ ਤਿੰਨ ਕਾਵਿ ਪੁਸਤਕਾਂ ਆ ਚੁੱਕੀਆਂ ਹਨ। ਸਭ ਤੋਂ ਪਹਿਲੀ ਪੁਸਤਕ 'ਬਲਦੀਆਂ ਛਾਵਾਂ' ਨੂੰ ਤਾਂ ਮੈਂ ਅਭਿਆਸੀ ਕਵਿਤਾਵਾਂ ਦਾ ਹੀ ਸੰਗ੍ਰਹਿ ਮੰਨਦੀ ਹਾਂ। ਉਸ ਤੋਂ ਬਾਅਦ 'ਰਾਹਾਂ ਦੀ ਤਪਸ਼' ਛਪੀ। ਜਿਸ ਨੂੰ ਪਾਠਕਾਂ ਦਾ ਚੰਗਾ ਹੁੰਗਾਰਾ ਮਿਲਿਆ। ਉਸ ਤੋਂ ਚਾਰ ਸਾਲ ਬਾਅਦ 'ਸ਼ਬਦਾਂ ਦੀ ਨਾਟ-ਮੰਡਲੀ' ਛਪੀ ਜਿਹੜੀ ਕਾਫ਼ੀ ਮਕਬੂਲ ਹੋਈ।

- ਅਰਤਿੰਦਰ ਸੰਧੂ

98153-02081

Posted By: Harjinder Sodhi