ਪ੍ਰੋ. ਸ਼ੇਰ ਸਿੰਘ ਕੰਵਲ ਅਤੇ ਉਸ ਦੀ ਰਚਨਾ ‘ਕਿੱਸਾ ਪ੍ਰਦੇਸੀ ਰਾਂਝਣ’ ਬਾਰੇ ਚਰਚਾ ਕਰਨ ਤੋਂ ਪਹਿਲਾਂ ਕਿੱਸਾ ਕਾਵਿ ਦੇ ਸਿਧਾਂਤਕ ਪਹਿਲੂਆਂ ਬਾਰੇ ਸੰਖੇਪ ਵਿਚਾਰ ਕਰਨਾ ਉਚਿਤ ਹੋਵੇਗਾ। ਕਿੱਸਾ ਅਰਬੀ ਭਾਸ਼ਾ ਦਾ ਸ਼ਬਦ ਹੈ, ਜਿਸ ਦੇ ਅਰਥ ਕਥਾ, ਕਹਾਣੀ, ਗਾਥਾ ਆਦਿ ਮੰਨੇ ਜਾਂਦੇ ਹਨ। ਕਿੱਸਾ ਪੰਜਾਬੀ ਦਾ ਇਕ ਵਿਸ਼ੇਸ਼ ਕਾਵਿ ਰੂਪ ਹੈ। ਵਾਰ ਅਤੇ ਜੰਗਨਾਮਿਆਂ ਨੂੰ ਕਿੱਸਿਆਂ ਦਾ ਨਾਮ ਦਿੱਤਾ ਜਾਂਦਾ ਹੈ। ਪੰਜਾਬੀ ਕਿੱਸੇ ਵਿਚ ਮਹਾਂਕਾਵਿ ਅਤੇ ਫ਼ਾਰਸੀ ਦੀ ਮਸਨਵੀ ਦੇ ਅੰਸ਼ ਮਿਲਦੇ ਹਨ ਪਰ ਪੰਜਾਬੀ ਕਿੱਸਿਆਂ ਉੱਪਰ ਪੂਰਬੀ ਅਤੇ ਪੱਛਮੀ ਪ੍ਰਭਾਵ ਪੂਰੀ ਤਰ੍ਹਾਂ ਵਿਆਪਤ ਹੈ। ਦੁਖਾਂਤਕ ਕਿੱਸੇ ਯੂਨਾਨੀ ਮਿਥਿਹਾਸ ਤੋਂ ਪ੍ਰਭਾਵਤ ਹਨ, ਜਦਕਿ ਸੁਖਾਂਤਕ ਕਿੱਸਿਆਂ ਵਿਚ ਪੂਰਬੀ ਸਾਹਿਤ ਦਾ ਪ੍ਰਭਾਵ ਪ੍ਰਤੱਖ ਰੂਪ ਵਿਚ ਉਜਾਗਰ ਹੁੰਦਾ ਹੈ। ਵਿਦਵਾਨਾਂ ਦਾ ਮੱਤ ਹੈ ਕਿ ਪੰਜਾਬੀ ਕਿੱਸੇ ਨੂੰ ਰਾਧਾ ਤੇ ਕਿ੍ਰਸਨ ਦੀ ਕਹਾਣੀ ਤੋਂ ਜ਼ਰੂਰ ਪ੍ਰੇਰਣਾ ਮਿਲੀ ਹੋਵੇਗੀ। ‘ਸੱਸੀ ਪੁੰਨੂੰ’ ਦੀ ਕਹਾਣੀ ਵੀ ਹੀਰ ਦੇ ਕਿੱਸੇ ਨਾਲੋਂ ਪਹਿਲਾਂ ਅਪਭ੍ਰੰਸ ਸਾਹਿਤ ਵਿਚ ਮੌਜੂਦ ਸੀ। ਯੂਸੁਫ ਜੁਲੈਖਾਂ, ਸੀਰੀਂ-ਫਰਿਹਾਦ, ਲੈਲਾ ਮਜਨੂੰ, ਆਦਿ ਪ੍ਰੇਮ ਕਥਾਵਾਂ ਸਿੱਧੀਆਂ ਫਾਰਸੀ ਵਿੱਚੋਂ ਆਈਆਂ ਹਨ। ਹਿੰਦ ਦੇ ਮੂਲ ਕਿੱਸਿਆਂ ਵਿਚ ਪੂਰਣ, ਰਸਾਲੂ, ਰੂਪ ਬਸੰਤ ਤੇ ਲਵਕੁਸ਼ ਸ਼ਬਦ ਆਦਿ ਮਸ਼ਹੂਰ ਹਨ। ਪ੍ਰੰਤੂ ਪੰਜਾਬੀ ਕਿੱਸਾਕਾਰਾਂ ਨੂੰ ਸਭ ਤੋਂ ਪਿਆਰਾ ਵਿਸ਼ਾ ਝਣਾਂ ਦੇ ਕੰਢਿਆਂ ਨੇ ਪ੍ਰਦਾਨ ਕੀਤਾ। ਇਸ ਪ੍ਰੀਤਅਗਨੀ ਲੱਗੇ ਦਰਿਆ ਦੇ ਪਤਣਾਂ ਨੇ ‘ਹੀਰ ਰਾਂਝ’ ‘ਸੋਹਣੀ ਮਹੀਵਾਲ’, ਤੇ ‘ਮਿਰਜ਼ਾ ਸਾਹਿਬਾਂ’ ਦੇ ਸਾਕੇ ਹੁੰਦੇ ਵੇਖੇ। ਇਨ੍ਹਾਂ ਸਭ ਵਿੱਚੋਂ ਫੇਰ ‘ਹੀਰ ਰਾਂਝੇ’ ਦੀ ਵਿੱਥਿਆ ਪੰਜਾਬੀ ਕਿੱਸਾਕਾਰੀ ਦੀ ਜਾਨ ਬਣ ਗਈ। ਹੀਰ ਰਾਂਝੇ ਦੀ ਕਹਾਣੀ ਨੂੰ ਕਈਆਂ ਨੇ ਯੂਨਾਨ ਦੇ ਨਾਲ ਜੋੜਿਆ ਹੈ।

ਪੰਜਾਬੀ ਸਾਹਿਤ ਕੋਸ਼ ਅਨੁਸਾਰ ਮਾਲਵੇ ਵਿਚ ਕਿੱਸੇ ਨੂੰ ਚਿੱਠਾ ਆਖਦੇ ਹਨ, ਅਰਥਾਤ ਚਿੱਠਾ ਸਾਹਿਤਕ ਭਾਸ਼ਾ ਵਿਚ ਕਿੱਸਾ ਅਖਵਾਉਂਦਾ ਹੈ। ਇਸ ’ਚ ਆਮ ਤੌਰ ’ਤੇ ਕੋਈ ਕਹਾਣੀ ਹੁੰਦੀ ਹੈ ਪਰ ਕਈ ਕਿੱਸੇ ਅਜਿਹੇ ਵੀ ਹਨ, ਜਿਨ੍ਹਾਂ ਵਿਚ ਕੋਈ ਕਹਾਣੀ ਨਹੀਂ, ਜਿਵੇਂ ਜ਼ਿੰਦਗੀ ਬਿਲਾਸ (ਦਇਆ ਸਿੰਘ ਆਰਫ) ਆਦਿ। ਪੰਜਾਬੀ ਕਾਵਿ ਜਗਤ ਵਿਚ ਕਾਵਿ ਬੱਧ ਪ੍ਰੇਮ ਕਹਾਣੀ ਨੂੰ ਕਿੱਸਾ ਆਖਣ ਦੀ ਰੀਤ ਰਹੀ ਹੈ ਪਰ ਕਿੱਸਾ ਪ੍ਰੀਤ ਬਿਨਾਂ ਹੋਰ ਵਿਸ਼ਿਆਂ ਨੂੰ ਵੀ ਅਪਣਾ ਸਕਦਾ ਹੈ। ਹੀਰ ਦਮੋਦਰ ਪੰਜਾਬੀ ਦਾ ਪਹਿਲਾ ਕਿੱਸਾ ਹੈ। ਇਹ ਇਕ ਪ੍ਰੀਤ ਕਹਾਣੀ ਹੈ, ਜਿਸ ਕਾਰਨ ਕਿੱਸੇ ਨੂੰ ਪ੍ਰੀਤ ਕਹਾਣੀ ਕਿਹਾ ਜਾਣ ਲੱਗ ਪਿਆ। ਕਿੱਸਾ ਉਹ ਬਿਰਤਾਂਤਕ ਤੇ ਬਾਹਰਮੁਖੀ ਕਾਵਿ ਰਚਨਾ ਹੈ, ਜੋ ਕਿ ਇਕ ਲੰਮੀ ਕਥਾ ਨੂੰ ਨਾਟਕੀ ਢੰਗ ਨਾਲ ਬਿਆਨ ਕਰਦਾ ਹੋਇਆ, ਸ਼ਬਦ ਚਿੱਤਰਾਂ ਤੇ ਅਲੰਕਾਰਾਂ ਦਾ ਆਸਰਾ ਲੈਂਦਾ ਹੋਇਆ ਅਖੀਰ ਤਕ ਚੱਲਦਾ ਹੈ। ਕਿੱਸਾ ਕਾਵਿ ਦੇ ਪਿਛੋਕੜ ਨੂੰ ਸਮਝਣ ਲਈ ਪੰਜਾਬੀ ਮਾਨਸਿਕਤਾ ਨੂੰ ਜਾਣਨਾ ਜ਼ਰੂਰੀ ਹੈ, ਜਿਨ੍ਹਾਂ ਕਾਰਨ ਕਿੱਸਾ ਕਾਵਿ ਉਤਪੰਨ ਹੋਇਆ। ਪੰਜਾਬੀ, ਕਿਰਤ ਨਾਲ ਜੁੜੇ ਹੋਏ ਖੁੱਲੇ੍ਹ ਖੁਲਾਸੇ, ਦਲੇਰ ਅਤੇ ਜੀਵਨ ਮੁਖੀ ਹਨ। ਉਹ ਉਸਾਰੂ ਜੀਵਨ ਜਿਉਂਦੇ ਹਨ। ਪੰਜਾਬੀਆਂ ਨੇ ਪਿਛਲੇ ਸਮੇਂ ਵਿਚ ਅਨੇਕਾਂ ਹਮਲਾਵਰਾਂ ਨਾਲ ਟੱਕਰ ਲੈ ਕੇ ਉਨ੍ਹਾਂ ਦੇ ਦੰਦ ਖੱਟੇ ਕੀਤੇ ਸਨ। ਅਜਿਹੀ ਜੁਝਾਰੂ ਪ੍ਰਕਿਤਕ ਭੂਮੀ ਕਿੱਸਾ ਕਾਵਿ ਲਈ ਬਹੁਤ ਉਪਜਾਊ ਹੈ। ਇਸ ਦੇ ਅਨੇਕਾਂ ਕਾਰਨਾਂ ਤੋਂ ਇਲਾਵਾ ਇਹ ਚਾਰ ਪ੍ਰਭਾਵ ਪ੍ਰਮੁੱਖ ਰੂਪ ਵਿਚ ਕੰਮ ਕਰ ਰਹੇ ਹਨ :

1. ਸੰਸਕਿ੍ਰਤ ਦਾ ਪ੍ਰਭਾਵ, 2. ਯੂਨਾਨੀਆਂ ਦਾ ਪ੍ਰਭਾਵ, 3. ਅਰਬੀ ਫ਼ਾਰਸੀ ਦਾ ਪ੍ਰਭਾਵ, 4. ਪੰਜਾਬੀ ਸਾਹਿਤ ਤੇ ਪੰਜਾਬੀਅਤ ਦਾ ਪ੍ਰਭਾਵ

ਪ੍ਰੋ. ਸ਼ੇਰ ਸਿੰਘ ਕੰਵਲ ਪਿਛਲੇ ਚਾਰ ਦਹਾਕਿਆਂ ਤੋਂ ਅਮਰੀਕਾ ਵਿਚ ਰਹਿ ਰਿਹਾ ਹੈ। ਉਹ ਪੰਜਾਬੀ ਦਾ ਬਹੁਪੱਖੀ ਸਾਹਿਤਕਾਰ ਹੈ। ਉਸਨੇ ਕਵਿਤਾ, ਗ਼ਜ਼ਲ ਗੀਤ, ਕਿੱਸਾ, ਰੇਖਾ ਚਿਤ੍ਰ, ਸੱਭਿਆਚਾਰਕ ਖੋਜ, ਨਿਬੰਧ ਅਤੇ ਲੇਖਾਂ ਦੀ ਰਚਨਾ ਕੀਤੀ ਹੈ। ਉਸ ਦੀਆਂ ਦੋ ਦਰਜਨ ਦੇ ਕਰੀਬ ਪੁਸਤਕਾਂ ਹਨ। ਉਸ ਨੇ ਆਪਣੀ ਪਲੇਠੀ ਪੁਸਤਕ ਪੱਥਰ ਦੀ ਅੱਖ (1970) ਨਾਲ ਕਾਵਿ ਸਫ਼ਰ ਆਰੰਭ ਕੀਤਾ। ਲੰਮਾਂ ਸਮਾਂ ਅਮਰੀਕਾ ਤੋਂ “ਜਾਗੋ ਇੰਟਰਨੈਸ਼ਨਲ” ਦੀ ਸੰਪਾਦਨਾ ਕੀਤੀ। ਪਰਵਾਸ ’ਚ ਜਾਣ ਤੋਂ ਪਹਿਲਾਂ ਉਹ ਅਧਿਆਪਨ ਕਾਰਜ ਨਾਲ ਜੁੜਿਆ ਹੋਇਆ ਸੀ। ਪਰਵਾਸ ਹੰਢਾ ਕੇ ਵੀ ਪੰਜਾਬੀ ਵਿਰਸੇ ਨੂੰ ਉਜਾਗਰ ਕਰਦੀਆਂ ਰਚਨਾਵਾਂ ਰਚੀਆਂ। ਉਹ ਪਰਵਾਸ ’ਚ ਰਹਿਕੇ ਵੀ ਪਿੰਡ ਦੀ ਮਿੱਟੀ, ਪੰਜਾਬੀ ਰਹਿਤਲ, ਸੱਭਿਆਚਾਰਕ ਵਿਲੱਖਣਤਾ ਅਤੇ ਪੰਜਾਬ ਦੇ ਦਰਦ ਨੂੰ ਪੂਰੀ ਤਰ੍ਹਾਂ ਸਮਝਦਾ ਹੈ।

ਇੰਨੀ ਦੂਰ ਬੈਠਾ ਵੀ ਪੰਜਾਬੀ ਸਮਾਜ ’ਚ ਵਾਪਰ ਰਹੀਆਂ ਬਹੁਤ ਸੂਖ਼ਮ ਘਟਨਾਵਾਂ ਬਾਰੇ ਪੂਰੀ ਸੋਝੀ ਰੱਖਦਾ ਹੈ। ਉਸ ਨੂੰ ਪੰਜਾਬ ਦੇ ਵਿਨਾਸ਼ ਵੱਲ ਵਧਣ ਦੇ ਕਾਰਨਾਂ ਦੀ ਵੀ ਜਾਣਕਾਰੀ ਹੈ। ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਪੰਜਾਬੀ ਰਾਜ ਦੀ ਚੜ੍ਹਤ ਅਤੇ ਪੰਜਾਬ ਦੀ ਸੱਭਿਆਚਾਰਕ ਤੇ ਆਰਥਿਕ ਤਰੱਕੀ ਉਪਰ ਪੂਰਾ ਨਾਜ਼ ਹੈ। ਉਸ ਦਾ ਮੰਨਣਾ ਹੈ ਕਿ ਸਾਮਰਾਜੀ ਸ਼ਕਤੀਆਂ ਨੇ ਪੰਜਾਬ ਦੇ ਸੋਮਿਆਂ ਨੂੰ ਲੁੱਟ ਕੇ ਪੰਜਾਬੀਆਂ ਨੂੰ ਹੀਣ ਭਾਵਨਾ ਦੀਆਂ ਖਾਈਆਂ ਵੱਲ ਧੱਕਿਆ ਹੈ।

ਉਹ ਦੁਨੀਆ ਦੇ ਸਭ ਤੋਂ ਵੱਡੇ ਮਹਾਨਗਰਾਂ ਨਿਊਯਾਰਕ, ਫੀਨਿਕਸ ਵਿਚ ਵਿਚਰਦਿਆਂ ਹੋਇਆਂ ਕੌਮੀਅਤ ਦੀ ਉਸਾਰੀ ਤੇ ਨਿਘਾਰ ਦੇ ਸੰਕਲਪਾਂ ਨੂੰ ਸਮਝ ਕੇ ਆਪਣੀਆਂ ਕਿਰਤਾਂ ਵਿਚ ਪ੍ਰਗਟਾਉਂਦਾ ਹੈ। 1849 ਦੀ ਚੇਲਿਆਂਵਾਲੀ ਦੀ ਲੜਾਈ ਵਿਚ ਸਿੱਖ ਫ਼ੌਜਾਂ ਹੱਥੋਂ ਅੰਗਰੇਜ਼ੀ ਫ਼ੌਜ ਦੀ ਬਹੁਤ ਵੱਡੀ ਹਾਰ ਹੋਈ। ਅਸਲ ’ਚ ਇਸ ਲੜਾਈ ਵਿਚ ਪੰਜਾਬੀ, ਹਿੰਦੂ, ਸਿੱਖ, ਮੁਸਲਮਾਨ ਸਭ ਇੱਕਜੁਟ ਹੋ ਕੇ ਅੰਗਰੇਜ਼ਾਂ ਵਿਰੁੱਧ ਲੜੇ ਤੇ ਉਨ੍ਹਾਂ ਨੂੰ ਲੋਹੇ ਦੇ ਚਣੇ ਚਬਾ ਦਿੱਤੇ ਸਨ। ਇਸ ਲੜਾਈ ਦੀ ਨਮੋਸ਼ੀ ਦੇ ਸਬੂਤ ਉਸ ਸਮੇਂ ਦੇ ਸਰਕਾਰੀ ਦਸਤਾਵੇਜ਼ਾਂ ਵਿਚ ਉਪਲਬਧ ਹਨ। ਇਸ ਕਾਰਨ ਹੀ ਲੰਡਨ ਤੋਂ ਉਸ ਸਮੇਂ ਦੇ ਕਮਾਂਡਰ-ਇਨ-ਚੀਫ ਨੂੰ ਹਟਾਏ ਜਾਣ ਦੇ ਹੁਕਮ ਜਾਰੀ ਹੋਏ ਸਨ। ਅੰਗਰੇਜ਼ਾਂ ਨੇ ਪੰਜਾਬੀਆਂ ਦੇ ਜੰਗਜੂ ਜਜ਼ਬੇ ਨੂੰ ਖੁੰਢਾ ਕਰਨ ਲਈ ਲੰਮੇ ਸਮੇਂ ਦੀ ਯੋਜਨਾ ਤਿਆਰ ਕੀਤੀ।

ਪੰਜਾਬ ਨੂੰ ਕੂਟਨੀਤੀ ਨਾਲ ਹੜੱਪਣ ਉਪਰੰਤ ਪੰਜਾਬੀਆਂ ਵਿਚ ਹੀਣ ਭਾਵਨਾ ਉਤਪੰਨ ਕਰਨ ਲਈ ਪੰਜਾਬ ਦੇ ਵਿੱਦਿਅਕ ਸਿਸਟਮ ਨੂੰ ਤਬਾਹ ਕਰਨ ਲਈ ਉਸ ਸਮੇਂ ਲੋਕਾਂ ਨੂੰ ਪੜ੍ਹਾਏ ਜਾਂਦੇ ਕਾਇਦੇ ਇਕੱਤਰ ਕਰ ਕੇ ਸਾੜੇ ਗਏ। ਪੰਜਾਬ ਦੇ ਟੋਟੇ ਕੀਤੇ ਗਏ। ਇਸ ਦਾ ਸਿਖ਼ਰ 1947 ਦੀ ਵੰਡ ਸੀ। ਨਿਰਸੰਦੇਹ ਹਿੰਦੋਸਤਾਨ ਆਜ਼ਾਦ ਹੋ ਗਿਆ ਪਰ ਪਰੋਖ ਰੂਪ ’ਚ ਅੰਗਰੇਜ਼ੀ ਸਾਮਰਾਜਵਾਦ ਦੀਆਂ ਨੀਤੀਆਂ ਨੂੰ ਹੀ ਨਵੇਂ ਰੂਪ ਵਿਚ ਲਾਗੂ ਕੀਤਾ ਗਿਆ। ਪੰਜਾਬ ਨੂੰ ਪ੍ਰਮੁੱਖ ਤੌਰ ’ਤੇ ਚੁਣਿਆ।

ਇੱਥੇ ਹਰੇ ਇਨਕਲਾਬ ਦੇ ਤਹਿਤ ਪੰਜਾਬ ਨੂੰ ਇਕ ਮਾਡਲ ਬਣਾਇਆ, ਜਿਸ ਦਾ ਅਸਰ ਹੋਇਆ ਕਿ ਦੇਖਣ ਨੂੰ ਤਾਂ ਪੰਜਾਬ ਦੀ ਕਿਸਾਨੀ ਬਹੁਤ ਅਮੀਰ ਹੋ ਗਈ, ਪੰਜਾਬੀਆਂ ਦਾ ਰਹਿਣ ਸਹਿਣ, ਬਦਲ ਗਿਆ, ਉਨ੍ਹਾਂ ਦੇ ਸੋਚਣ ਦੇ ਢੰਗ ਤਰੀਕੇ ਬਦਲ ਗਏ, ਪਰ ਅਸਲ ’ਚ ਇਹ ਪੰਜਾਬ ਨੂੰ ਬਰਬਾਦੀ ਦੇ ਰਾਹ ਧੱਕਣਾ ਸੀ। ਇਸ ਨੇ ਪੰਜਾਬ ਦੇ ਪਾਣੀ, ਮਿੱਟੀ, ਵਾਤਾਵਰਣ ਨੂੰ ਦੂਸ਼ਿਤ ਕਰ ਦਿੱਤਾ। ਪੰਜਾਬੀਆਂ ਵਿਚ ਨਿਰਾਸਤਾ ਉਤਪੰਨ ਹੋਣ ਲੱਗ ਪਈ ਅਤੇ ਉਹ ਪੰਜਾਬ ਨੂੰ ਛੱਡ ਕੇ ਵਿਦੇਸ਼ਾਂ ਵਿਚ ਜਾਣ ਲੱਗੇ। ਪਹਿਲਾਂ ਤਾਂ ਸਹਿਜ ਰੂਪ ’ਚ ਪਰਵਾਸ ਹੋ ਰਿਹਾ ਸੀ ਪਰ ਪਿਛਲੇ 10 ਪੰਦਰਾਂ ਸਾਲਾਂ ਤੋਂ ਪੰਜਾਬ ਵਿਚ ਮਸਨੂਈ ਪਰਵਾਸ ਆਰੰਭ ਹੋ ਗਿਆ। ਹੁਣ ਪੰਜਾਬ ਦੀ ਜਵਾਨੀ ਪੈਸਾ ਅਤੇ ਗਿਆਨ ਬਾਹਰ ਵੱਲ ਭੱਜ ਰਿਹਾ ਹੈ ਅਤੇ ਪੰਜਾਬ ਦੇ ਨਿਰਾਸ਼ ਕਿਸਾਨ ਖ਼ੁਦਕੁਸ਼ੀਆਂ ਕਰ ਰਹੇ ਹਨ। ਅੱਜ ਪੰਜਾਬ ਉਪਰਾਮਤਾ ਵਿਚ ਉਜਾੜੇ ਦੀ ਸਥਿਤੀ ਹੰਢਾਅ ਰਿਹਾ ਹੈ। ਪੰਜਾਬ ਵਿਚ ਡੈਮੋਗ੍ਰਾਫਿਕ ਤਬਦੀਲੀ ਆ ਰਹੀ ਹੈ ਜੋ ਆਉਣ ਵਾਲੇ ਸਮੇਂ ਵਿਚ ਬਹੁਤ ਮਾਰੂ ਸ਼ਕਲ ਅਖਤਿਆਰ ਕਰੇਗੀ। ਪੰਜਾਬ ਦੀ ਅਜਿਹੀ ਤ੍ਰਾਸਦਿਕ ਹਾਲਤ ਨੂੰ ਪ੍ਰੋ. ਸ਼ੇਰ ਸਿੰਘ ਕੰਵਲ ਨੇ ਬਹੁਤ ਪਹਿਲਾਂ ਅਨੁਭਵ ਕਰ ਲਿਆ ਸੀ। ਉਸ ਨੇ ‘ਕਿੱਸਾ ਪ੍ਰਦੇਸੀ ਰਾਂਝਣ (2013) ਵਿਚ ਇਨ੍ਹਾਂ ਜ਼ਮੀਨੀ ਹਕੀਕਤਾਂ ਨੂੰ ਬਹੁਤ ਮਾਰਮਿਕ ਢੰਗ ਨਾਲ ਪ੍ਰਸਤੁਤ ਕੀਤਾ ਹੈ। ਅਜੋਕੀਆਂ ਪ੍ਰਸਿਥਤੀਆਂ ਇਹ ਕਿੱਸਾ ਪੂਰੀ ਤਰ੍ਹਾਂ ਪ੍ਰਸੰਗਕ ਹੈ। ਇਹ ਪੰਜਾਬ ਦੇ ਗੌਰਵ ਨੂੰ ਉਭਾਰਨ ਦੇ ਨਾਲ-ਨਾਲ ਪਰਵਾਸ ਵਿਚ ਰਹਿ ਰਹੇ ਪੰਜਾਬੀਆਂ ਨੂੰ ਦਰਪੇਸ਼ ਸਮੱਸਿਆਵਾਂ ਦਾ ਯਥਾਰਥਕ ਚਿੱਤਰ ਪੇਸ਼ ਕਰਦਾ ਹੈ। ਕਿੱਸੇ ਦਾ ਨਾਇਕ ਲਹਿੰਬਰ ਸਿੰਘ ਕਿਸਾਨ ਪਰਿਵਾਰ ਨਾਲ ਸਬੰਧਤ ਉਸ ਸਮੇਂ ਮੁਤਾਬਿਕ ਪੜ੍ਹਿਆ ਲਿਖਿਆ ਬੇਰੁਜ਼ਗਾਰ ਨੌਜਵਾਨ ਹੈ ਉਹ ਬੇਰੁਜ਼ਗਾਰੀ ਤੋਂ ਤੰਗ ਆ ਕੇ ਏਜੰਟਾਂ ਨੂੰ ਪੈਸੇ ਦੇ ਕੇ ਅਮਰੀਕਾ ਜਾਂਦਾ ਹੈ, ਜਿੱਥੇ ਉਸ ਨੂੰ ਬਹੁਤ ਦੁਸ਼ਵਾਰੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਜਾਅਲੀ ਵਿਆਹ ਕਰਾ ਕੇ ਉਥੇ ਪੱਕਾ ਹੁੰਦਾ ਹੈ, ਫਿਰ ਇੱਧਰੋਂ ਆਪਣੀ ਘਰਵਾਲੀ ਪਰਮ ਨੂੰ ਬੁਲਾਉਂਦਾ ਹੈ, ਜੋ ਉਸ ਨਾਲ ਹੱਡ ਭੰਨਵੀਂ ਮਿਹਨਤ ਕਰਦੀ ਹੈ। ਆਪਣੇ ਮਾਪਿਆਂ ਜਾਗਰ ਤੇ ਤੇਜੋ ਨੂੰ ਵੀ ਬੁਲਾਉਂਦਾ ਹੈ ਪਰ ਉਨ੍ਹਾਂ ਦਾ ਦਿਲ ਨਹੀਂ ਲੱਗਾ, ਉਹ ਵਾਪਸ ਪਰਤ ਆਉਂਦੇ ਹਨ।

ਉੱਧਰ ਲਹਿੰਬਰ ਸਟੋਰਾਂ, ਗੈਸ ਸਟੇਸ਼ਨ ਦਾ ਕਾਰੋਬਾਰ ਕਰਦਾ ਹੈ ਤੇ ਪੈਸੇ ਦੀ ਦੌੜ ’ਚ ਭੱਜਦਾ ਹੈ ਪਰ ਉਸਦੀ ਔਲਾਦ ਹੱਥੋਂ ਨਿੱਕਲ ਜਾਂਦੀ ਹੈ। ਇੱਧਰ ਉਸਦੇ ਮਾਪੇ ਉਦਾਸੀ ਵਿਚ ਦੁਨੀਆ ਛੱਡ ਜਾਂਦੇ ਹਨ ਤੇ ਫਿਰ ਲਹਿੰਬਰ ਦਾ ਲੁਟੇਰੇ ਹੱਥੋਂ ਕਤਲ ਹੋ ਜਾਂਦਾ ਹੈ। ਉਸ ਦੀ ਘਰਵਾਲੀ ਪਰਮ ਉੱਪਰ ਬਿੱਪਤਾ ਦੇ ਪਹਾੜ ਟੁੱਟਦੇ ਹਨ। ਇਹ ਕਿੱਸਾ ਇਸ ਕਦਰ ਦੁਖਾਂਤਕ ਹੋ ਨਿਬੜਦਾ ਹੈ ਕਿ ਪਾਠਕ ਸੋਚਣ ਲਈ ਮਜਬੂਰ ਜਾਂਦਾ ਹੈ ਕਿ ਲਹਿੰਬਰ ਨੇ ਕੀ ਖੱਟਿਆ? ਲਹਿੰਬਰ ਅਜੋਕੀਆਂ ਪ੍ਰਸਥਿਤੀਆਂ ਦਾ ਸ਼ਿਕਾਰ ਹੋ ਰਹੇ ਨੌਜਵਾਨਾਂ ਦਾ ਇਕ ਪ੍ਰਤੀਕ ਹੈ।

- ਡਾ. ਭਗਵੰਤ ਸਿੰਘ

Posted By: Harjinder Sodhi