ਮਾਨਸੇ ਦੀ ਧਰਤੀ ਦੇ ਪਿੰਡ ਖਿਆਲਾ ਕਲਾਂ ਦਾ ਹਰਮਨਜੀਤ ਛੋਟੀ ਉਮਰੇ ਹੀ ਵੱਡੇ ਕੱਦ ਦੇ ਸਾਹਿਤਕਾਰਾਂ ਵਿਚ ਆ ਖਲ੍ਹੋਇਆ ਹੈ। ਜਦ ਉਸ ਦੀ ਕਿਤਾਬ 'ਰਾਣੀਤੱਤ' ਛਪੀ ਤਾਂ ਪਾਠਕ ਕਿਤਾਬ ਪੜ੍ਹਨ ਲਈ ਉਸ ਮਗਰ ਇਵੇਂ ਪੈ ਗਏ ਜਿਉਂ ਸਿਆਲ ਰੁੱਤ ਵਿਚ ਪਿੰਡਾਂ ਦੀਆਂ ਬੀਬੀਆਂ ਕਸ਼ਮੀਰ ਤੋਂ ਆਏ ਰਾਸ਼ਿਆਂ ਮਗਰ ਸ਼ਾਲ ਖ਼ਰੀਦਣ ਲਈ ਪੈਂਦੀਆਂ ਹਨ। ਹਰਮਨ ਨੂੰ ਯੁਵਾ ਸਾਹਿਤ ਅਕਾਦਮੀ ਦੇ ਪੁਰਸਕਾਰ ਨਾਲ ਸਨਮਾਨਿਆ ਜਾ ਚੁੱਕਾ ਹੈ। ਉਸ ਨੂੰ ਇਹ ਸਨਮਾਨ ਮਿਲਣ ਤੋਂ ਬਾਅਦ ਸਾਹਿਤ ਦੀ ਹੋਰ ਫ਼ਿਕਰ ਹੋਣ ਲੱਗੀ ਹੈ ਕਿਉਂਕਿ ਉਸ ਦੇ ਪਾਠਕ ਵਰਗ ਦਾ ਦਾਇਰਾ ਬਹੁਤ ਵਿਸ਼ਾਲ ਹੈ। 'ਰਾਣੀਤੱਤ' ਨੇ ਤਾਂ ਉਸ ਦੀ ਪਛਾਣ ਬਣਾਈ ਹੀ ਪਰ ਪੰਜਾਬੀ ਫ਼ਿਲਮਾਂ ਵਿਚ ਆਏ ਉਸ ਦੇ ਗੀਤ ਲੌਂਗ ਲਾਚੀ, ਕਲੀ ਜੋਟਾ, ਵੰਗ ਦਾ ਨਾਪ ਤੇ ਆਰ ਨਾਨਕ ਪਾਰ ਨਾਨਕ ਨੇ ਹਰਮਨ ਅਤੇ ਉਸ ਦੇ ਪਿੰਡ ਖਿਆਲਾ ਕਲਾ ਨੂੰ ਰੋਸ਼ਨ ਕਰ ਦਿੱਤਾ। ਹਰਮਨ ਦੀ ਹਰੇਕ ਗੱਲ ਕੁਦਰਤ ਦੀ ਬੁੱਕਲ ਤੋਂ ਸ਼ੁਰੂ ਹੁੰਦੀ ਹੈ ਉਸ ਨੂੰ ਰੋਹੀ ਵਿਚ ਲੱਗੇ ਦਰੱਖ਼ਤ ਆਵਾਜ਼ਾਂ ਮਾਰਦੇ ਨੇ ਜਿਨ੍ਹਾਂ ਨਾਲ ਗੱਲ ਕਰਨ ਤੋਂ ਬਾਅਦ ਹਰਮਨ ਕਵਿਤਾ ਸਿਰਜਦਾ ਹੈ। ਪੰਜਾਬੀ ਸਾਹਿਤ ਨੂੰ ਰਾਣੀਤੱਤ ਵਰਗੀ ਹੀ ਇਕ ਹੋਰ ਕਿਤਾਬ ਦੀ ਉਡੀਕ ਹੈ। ਹਰਮਨ ਦੇ ਕਹਿਣ ਮੁਤਾਬਿਕ ਕੁਝ ਧੁੱਪਾਂ ਦੇ ਚਿਹਰੇ ਵਰਗੀਆਂ ਗੱਲਾਂ ਹੋਈਆਂ ਨੇ ਤੁਹਾਡੇ ਸਨਮੁੱਖ ਕਰ ਰਹੇ ਹਾਂ।

- ਪਿੰਡ ਖਿਆਲਾਂ ਕਲਾਂ ਦੇ ਹਰਮਨਜੀਤ ਦੇ ਖ਼ਿਆਲ ਕਿਸ ਉਮਰੇ ਕਵਿਤਾ ਦਾ ਸ਼ਿੰਗਾਰ ਬਣੇ?

ਇਨ੍ਹਾਂ ਤੰਦਾਂ-ਧਾਗਿਆਂ ਦੀ ਥਾਹ ਪਾਉਣੀ ਔਖੀ ਹੁੰਦੀ ਹੈ ਕਿ ਕਿੱਥੋਂ-ਕਿੱਥੋਂ ਕਿਹੜਾ-ਕਿਹੜਾ ਖ਼ਿਆਲ, ਕਿਹੜੀ-ਕਿਹੜੀ ਮਹਿਕ ਕੋਈ ਆਕਾਰ ਲੈਂਦੀ ਹੈ ਅਤੇ ਕਵਿਤਾ ਦੇ ਵਿਸਮਾਦੀ ਸਾਂਚੇ 'ਚ ਇਨ੍ਹਾਂ ਦਾ ਉਤਾਰਾ ਹੁੰਦਾ। ਮੈਨੂੰ ਲਗਦੈ ਇਹ ਇਕ ਗਤੀਸ਼ੀਲ ਵਰਤਾਰਾ ਹੈ। ਇਕ ਨਿਰੰਤਰ ਯਾਤਰਾ ਹੈ। ਆਪੇ ਦਾ ਸ਼ੁੱਧੀਕਰਨ ਹੈ। ਪੜਾਅ-ਦਰ-ਪੜਾਅ ਤੁਸੀਂ ਨਵੇਂ ਰੰਗਾਂ ਤੇ ਰੋਸ਼ਨੀਆਂ ਦੇ ਰੂਬਰੂ ਹੁੰਦੇ ਹੋ। 'ਕਵਿਤਾ' ਸ਼ਬਦ ਨੂੰ ਅਸੀਂ ਬੜੇ ਸੌਖਿਆਂ ਜਿਹਾ ਹੀ ਵੇਖ ਕੇ ਛੱਡ ਦਿੰਦੇ ਹਾਂ ਪਰ ਸ਼ਾਇਦ ਇਹ ਸ਼ਬਦ 'ਬੁਲੰਦ/ ਕਿਰਿਆਤਮਕ/ ਸਹਿਜ ਜ਼ਿੰਦਗੀ ਅਤੇ ਹੁਸੀਨ ਮੌਤ'। ਖੈਰ, ਮੇਰਾ ਇਸ ਪਾਸੇ ਰੁਝਾਨ 6-7 ਸਾਲ ਦੀ ਉਮਰੇ ਪੈਦਾ ਹੋ ਗਿਆ ਸੀ । ਸਾਡੇ ਘਰ ਮੇਰੇ ਪਿਤਾ ਨੂੰ ਲਿਖਣ-ਪੜ੍ਹਨ ਦਾ ਕਾਫ਼ੀ ਚੱਜ-ਆਚਾਰ ਸੀ। ਘਰ ਦੇ ਇਸ ਮਾਹੌਲ ਨੇ ਮੇਰੇ ਅੰਦਰ ਨਵੀਆਂ ਤਰਬਾਂ ਛੇੜੀਆਂ।

- ਤੁਹਾਡੀ ਕਵਿਤਾ ਪਹਾੜਾਂ, ਝਰਨਿਆਂ, ਧੁੱਪਾਂ ਦੇ ਸਿਰਾਂ 'ਤੇ ਚਿੜੀਆਂ ਦੇ ਬੋਲਾਂ 'ਚੋਂ ਨਿਕਲੀ ਕੀ ਇਹ ਸੱÎਚ ਹੈ?

ਜਿਵੇਂ ਮੈਂ ਪਿਛਲੇ ਜਵਾਬ ਵਿਚ ਵੀ ਕਿਹਾ ਕਿ 'ਕਵਿਤਾ' ਦਾ ਦਾਇਰਾ ਕਾਫ਼ੀ ਵੱਡਾ ਹੁੰਦਾ ਹੈ। ਅੱਧਾ ਦਿਸਦਾ ਤੇ ਅੱਧਾ ਅਣ-ਦਿਸਦਾ। ਪਰਮਾਤਮਾ ਦੀ ਸਿਰਜੀ ਅਤੇ ਸਾਜੀ ਹਰੇਕ ਸ਼ੈਅ ਦਾ ਆਪਣਾ ਮੁਕਾਮ, ਆਪਣੀ ਤੀਬਰਤਾ, ਆਪਣਾ ਵੇਗ ਅਤੇ ਆਪਣਾ ਵੈਰਾਗ ਹੈ। ਨਿਕਲੀ ਕਵਿਤਾ ਕਿਤੋਂ ਵੀ ਹੋਵੇ, ਓਹਦੇ ਵਿਚ ਇਕ ਭਰਵਾਂ ਜਲੌਅ, ਇਕ ਗੁੰਦਵਾਂ ਸੁਹੱਪਣ, ਖ਼ਿਆਲ ਦੀ ਸੁਥਰੀ ਵਿਸ਼ਾਲਤਾ ਅਤੇ ਇਕ ਪਾਵਨ ਅਕੀਦਾ ਘੁਲਿਆ ਹੋਵੇ। ਪੜ੍ਹਨ ਵਾਲਾ ਓਹਨੂੰ ਪੜ੍ਹ ਕੇ ਹੈਰਾਨ ਵੀ ਹੋਵੇ, ਆਨੰਦਿਤ ਵੀ ਅਤੇ ਆਪਣੀ ਮਾਨਵ-ਹਸਤੀ ਦੀ ਵਡਿਆਈ ਤੋਂ ਜਾਣੂ ਵੀ ਹੋਵੇ। 'ਕਵਿਤਾ' ਦੀ ਮਹਾਂ-ਮੌਲਿਕ ਬਣਤਰ ਦੀ ਡੂੰਘਾਈ ਤਕ ਲੱਥਣ ਲਈ ਤਾਂ ਜਨਮ ਲੱਗ ਜਾਂਦੇ ਨੇ ਤੇ ਕਦੇ-ਕਦੇ ਮਿਹਰ ਦਾ ਇਕ ਪਲ ਯੁੱਗਾਂ 'ਤੇ ਭਾਰੂ ਵੀ ਪੈ ਜਾਂਦਾ। ਮੇਰਾ ਸਫ਼ਰ ਜਾਰੀ ਹੈ।

- ਰਾਣੀਤੱਤ ਕਿਤਾਬ ਬਾਰ੍ਹਵੇਂ ਐਡੀਸ਼ਨ ਵਿਚ ਪੁੱਜ ਗਈ ਹੈ, ਕੀ ਮਹਿਸੂਸ ਕਰਦੇ ਹੋ?

ਚੰਗਾ ਹੀ ਲੱਗਦਾ ਹੈ ਕਿ ਲੋਕ ਇਸ ਪਾਸੇ ਰੁਚਿਤ ਹਨ। ਕਿਤਾਬਾਂ ਖ਼ਰੀਦਣ/ ਪੜ੍ਹਨ ਦਾ ਦੌਰ ਵਾਪਸ ਆਇਆ ਲਗਦਾ ਹੈ। ਹੋਰ ਵੀ ਖ਼ੁਸ਼ੀ ਹੁੰਦੀ ਹੈ ਜਦੋਂ ਨੌਜਵਾਨ ਵਰਗ ਦਾ ਵੱਡਾ ਹੁੰਗਾਰਾ ਮਿਲਦਾ ਹੈ । ਆਪਣੀ ਭਟਕਣ, ਆਪਣੀ ਸਥਿਰਤਾ ਜਾਂ ਆਪਣੀ ਕਿਸੇ ਨਿਵੇਕਲੀ ਕਮਾਈ ਦੇ ਖ਼ਜ਼ਾਨੇ ਲੈ ਕੇ ਜਦੋਂ ਉਹ ਮਿਲਦੇ ਨੇ ਅਤੇ ਕਿੰਨੇ ਹੀ ਵਿਸ਼ਿਆਂ ਬਾਰੇ ਆਪਣੇ ਖ਼ਿਆਲਾਂ ਦੀ ਕੱਢਵੀਂ ਸਾਂਝ ਪਾਉਂਦੇ ਨੇ ਤਾਂ ਇਕ ਅਜੀਬ ਸਕੂਨ ਵੀ ਜਲਵਾਨੁਮਾ ਹੁੰਦਾ ਹੈ। ਦੁਨੀਆ, ਉਤਾਰ-ਚੜ੍ਹਾਅ ਦੇ ਨਮੂਨਿਆਂ ਨਾਲ ਹੀ ਸ਼ਿੰਗਾਰੀ ਹੋਈ ਕੋਈ ਸ਼ੈਅ ਹੈ। ਕੁਝ ਵੀ ਮੁੱਢੋਂ ਨਹੀਂ ਖ਼ਤਮ ਹੁੰਦਾ। ਓਹੀ ਹਰਕਤਾਂ, ਓਹੀ ਬਰਕਤਾਂ ਧਰਤੀਆਂ ਪੁੱਟ ਕੇ ਫੇਰ ਨਿਕਲ ਆਉਂਦੀਆਂ ਨੇ। ਜੋ ਕੁਝ ਹੋਣਾ ਸੀ, ਸੋਈ ਹੋ ਰਿਹਾ ਹੈ।

- ਮਿੱਟੀ ਦੇ ਸੋਹਲੇ ਗਾਉਣ ਵਾਲੇ ਹਰਮਨ ਨੂੰ ਕਦੋਂ ਲੱਗਿਆ ਕਿ ਉਸ ਦੀ ਕਵਿਤਾ ਵਿਚ ਸਮਕਾਲ ਦਾ ਚਿੰਤਨ ਹੈ?

ਮੈਨੂੰ ਮਿੱਟੀ ਤੋਂ ਵੱਡਾ ਕੋਈ ਚਿੰਤਨ ਜਾਂ ਵੈਰਾਗ ਨਹੀਂ ਲੱਭਾ। ਮਿੱਟੀ ਦੇ ਪੁਤਲੇ ਜਦੋਂ ਮਿੱਟੀ ਤੋਂ ਹੀ ਇਨਕਾਰੀ ਹੋ ਜਾਂਦੇ ਨੇ ਤਾਂ ਮਿੱਟੀ ਦੀ ਬਾਤ ਛੇੜਨੀ ਲਾਜ਼ਮੀ ਹੋ ਜਾਂਦੀ ਹੈ। ਸਮਕਾਲ ਦੀ/ ਪੰਜਾਬ ਦੀ ਇਕ ਵੱਡੀ ਤ੍ਰਾਸਦੀ ਵੀ ਮਿੱਟੀ ਨਾਲ ਹੀ ਜੁੜੀ ਹੈ। ਸਮਕਾਲ ਕੀ, ਹਰ ਯੁੱਗ, ਹਰ ਕਥਾ, ਹਰ ਕਹਾਣੀ ਮਿੱਟੀ ਦੀ ਪਰਿਕਰਮਾ ਹੀ ਤਾਂ ਕਰਦੀ ਹੈ। ਅਸਲ ਵਿਚ ਦੁਨੀਆ ਪਰਤਦਾਰ ਹੈ। ਕੀ ਮਿੱਟੀ, ਕੀ ਹਵਾ, ਕੀ ਚਮੜੀ, ਕੀ ਲਹੂ ਹਰ ਕਿਤੇ ਪਰਤਾਂ ਨੇ। ਪਰਤਾਂ 'ਚ ਵਿਚਰਦੇ ਅਸੀਂ ਸੰਕੇਤਕ ਗੱਲਾਂ ਕਰ ਜਾਂਦੇ ਹਾਂ। ਕਵਿਤਾ ਤਾਂ ਹੁੰਦੀ ਹੀ ਸੰਕੇਤਕ ਹੈ। ਜੇ ਸਾਰਾ ਕੁਝ ਹੀ ਦੱਸਣਾ ਪੈ ਗਿਆ ਤਾਂ ਫੇਰ ਉਹ ਕਵਿਤਾ ਘੱਟ, ਅਖ਼ਬਾਰ ਦੀ ਕੋਈ ਖ਼ਬਰ ਜ਼ਿਆਦਾ ਬਣ ਜਾਂਦੀ ਹੈ। ਹੁਣ ਇੱਥੇ ਮਿੱਟੀ ਦੇ ਵੀ ਅਨੇਕਾਂ ਹੀ ਮਤਲਬ ਨੇ। ਧਰਤੀ 'ਤੇ ਭੌਤਿਕ ਰੂਪ ਵਿਚ ਦਿਖਾਈ ਦੇ ਰਿਹਾ ਰੇਤਾ, ਉੱਡ ਰਹੀ ਧੂੜ, ਖ਼ਾਕ ਤੋਂ ਪਾਰ ਵੀ ਇਸ ਦੇ ਗੁੱਝੇ ਅਤੇ ਅੰਦਰੂਨੀ ਭਾਵ ਹਨ। ਜੇ ਤੁਸੀਂ ਅਸਲੀ ਮਾਅਨੇ ਵਿਚ ਕਵੀ ਹੋ ਤੇ ਕਵਿਤਾ ਤੁਹਾਡੇ ਜ਼ਰੀਏ ਆਕਾਰ ਲੈ ਰਹੀ ਹੈ ਤਾਂ ਤੁਹਾਡਾ ਹਰ ਬੋਲ, ਹਰ ਸ਼ਬਦ, ਹਰ ਸਤਰ ਹੀ ਸਮਾਜ ਲਈ ਹੁੰਦਾ ਹੈ। ਬੇਸ਼ੱਕ, ਤੁਸੀਂ ਕਿਸੇ ਵੀ ਢੰਗ-ਤਰੀਕੇ ਲਿਖ ਰਹੇ ਹੋ। ਹੁਣ ਮਸਲਾ ਇਹ ਹੈ ਕਿ ਕੀ ਕਵੀ ਕਹਾਉਣ ਵਾਲੇ ਅਸੀਂ ਸਾਰੇ ਵਾਕਈ ਕਵੀ ਹੋਣ ਦੀ ਕਸਵੱਟੀ 'ਤੇ ਖਰੇ ਉਤਰ ਰਹੇ ਹਾਂ ਜਾਂ ਨਹੀਂ?

- ਤੁਹਾਡੀ ਵਾਰਤਕ ਵੀ ਹਵਾਵਾਂ, ਪੰਛੀਆਂ, ਮਿੱਟੀ ਦੀਆਂ ਡਲੀਆਂ ਨੂੰ ਆਵਾਜ਼ਾਂ ਮਾਰਦੀ ਹੈ। ਕਦੇ ਖ਼ਿਆਲ ਨਹੀਂ ਆਇਆ ਕਿ ਵਿਸ਼ਾ ਬਦਲਿਆ ਜਾਵੇ?

ਮੇਰਾ ਖ਼ਿਆਲ ਹੈ ਕਿ ਇਸ ਸਵਾਲ ਦਾ ਜਵਾਬ ਉੱਪਰਲੇ ਜਵਾਬਾਂ ਵਿਚ ਹੀ ਕਿਤੇ ਲੁਕਿਆ ਹੋਇਆ ਹੈ। ਹਰ ਆਦਮੀ ਦਾ ਆਪਣਾ ਸਫ਼ਰ, ਆਪਣੀ ਥਕਾਵਟ ਅਤੇ ਆਪਣੀ ਕਮਾਈ ਹੈ। ਮੈਨੂੰ ਇਨ੍ਹਾਂ ਹਵਾਵਾਂ ਜਾਂ ਮਿੱਟੀ ਦੀਆਂ ਡਲੀਆਂ ਵਿੱਚੋਂ ਦੀ ਗੁਜ਼ਰਦੇ ਹੋਏ ਆਪਣੀ ਗੱਲ ਕਹਿਣੀ ਸੌਖੀ ਲਗਦੀ ਹੈ। ਇਹ ਹਵਾਵਾਂ ਮੇਰੇ ਸ਼ਬਦਾਂ ਲਈ ਕਿਸੇ ਝਰਨੇ ਦਾ ਕੰਮ ਕਰਦੀਆਂ ਨੇ ਤੇ ਇਹ ਮਿੱਟੀ ਉਨ੍ਹਾਂ ਛੰਡੇ ਹੋਏ ਸ਼ਬਦਾਂ ਨੂੰ ਅਸਲ ਹਕੀਕਤ ਨਾਲ ਜੋੜੀ ਰੱਖਦੀ ਹੈ।

- ਯੁਵਾ ਸਾਹਿਤ ਅਕਾਦਮੀ ਐਵਾਰਡ ਲੈਣ ਤੋਂ ਬਾਅਦ ਕੀ ਜ਼ਿੰਮੇਵਾਰੀ ਵਧੀ ਹੈ?

ਬਸ, ਆਪਣਾ ਕੰਮ ਕਰਨ ਦੀ ਲਗਨ ਹੈ। ਇਕ ਵਿਸ਼ਵਾਸ ਹੈ। ਆਪਣੇ ਹੁਨਰ ਨਾਲ ਇਮਾਨਦਾਰ ਰਹਿਣ ਦੀ ਪ੍ਰਤੀਬੱਧਤਾ ਹੈ। ਰੱਬ ਵਿਚ ਅਟੱਲ ਯਕੀਨ ਬੁਲੰਦ ਰਹੇ। ਗੁਰੂਆਂ, ਪੀਰਾਂ, ਫ਼ਕੀਰਾਂ, ਆਸ਼ਕਾਂ-ਦਰਵੇਸ਼ਾਂ ਦੇ ਸਿਜਦੇ ਵਿਚ ਮੇਰਾ ਮੱਥਾ ਝੁਕਦਾ ਰਹੇ।

- ਕੀ ਅਗਲੀ ਕਿਤਾਬ ਦੀ ਗੱਲ ਵੀ ਉੱਥੋਂ ਹੀ ਸ਼ੁਰੂ ਹੋਵੇਗੀ ਜਿੱਥੋਂ ਛਿਪਕਲੀਆਂ ਮੇਲਣਾ ਬਣ-ਬਣ ਨਿਕਲਦੀਆਂ ਹਨ?

ਜਿੱਥੋਂ ਵੀ ਸ਼ੁਰੂ ਹੋਵੇ, ਬਸ ਵੈਰਾਗ ਦੇ ਉਹ ਹੰਝ ਨਾ ਗੁਆਚਣ ਜਿਹੜੇ 'ਉਹਦੀ' ਹਾਜ਼ਰੀ ਵਿਚ, ਮਹਿਮਾ ਵਿਚ ਅਤੇ ਟੇਕ ਵਿਚ ਆਪ-ਮੁਹਾਰੇ ਵਗ ਪੈਂਦੇ ਨੇ। ਸਿਰਫ਼ 'ਦਿਸ' ਰਹੇ ਤੋਂ ਪਾਰ 'ਅਣ-ਦਿਸਦੇ' ਦੀ ਵੀ ਗੱਲ ਕਰ ਸਕਾਂ। ਆਪਣੇ ਅੰਦਰ ਹੋਰ ਗਹਿਰਾ ਉਤਰ ਸਕਾਂ। ਖੋਖਲੀ 'ਮੈਂ' ਨਾਲ ਜੁੜੇ ਵਾਧੂ ਤਰਕ-ਦਲੀਲਾਂ ਦਾ ਭਾਰ ਉਤਾਰ ਸਕਾਂ। ਸ਼ਰਧਾ-ਸਮਰਪਣ ਦੇ ਕਿਸੇ ਰਾਹ 'ਤੇ ਕਦਮ ਰੱਖ ਸਕਾਂ।

- ਨਵੀਂ ਪੀੜ੍ਹੀ ਸਾਹਿਤ ਪੜ੍ਹਦੀ ਹੈ ਜਾਂ ਨਹੀਂ?

ਬਿਲਕੁਲ ਪੜ੍ਹਦੀ ਹੈ ਅਤੇ ਪੜ੍ਹਦੀ ਰਹੇਗੀ ਵੀ। ਤੁਹਾਡੇ ਅੰਦਰਲਾ ਖ਼ਜ਼ਾਨਾ, ਤੁਹਾਡਾ ਸਹਿਜ ਹੀ ਵੱਡਾ ਸਾਹਿਤ ਹੈ। ਸਾਹਿਤ ਸਭ ਦੇ ਹਿੱਤ ਵਿਚ। ਮੇਰਾ ਦ੍ਰਿੜ੍ਹ ਨਿਸ਼ਚਾ ਹੈ ਕਿ ਕਾਹਲੇਪਣ, ਊਚਾਂ-ਨੀਚਾਂ ਅਤੇ ਬਦਲਦੇ ਦੌਰ 'ਚੋਂ ਲੰਘਦੀ ਹੋਈ ਨਵੀਂ ਪੀੜ੍ਹੀ ਸ਼ਬਦ ਨਾਲ ਕਿਸੇ ਨਾ ਕਿਸੇ ਪਾਸਿਉਂ ਜੁੜੀ ਰਹੇਗੀ। ਇਹੀ ਤਾਂ ਸ਼ਬਦ ਦੀ ਤਾਕਤ ਹੈ। ਅੱਖਰ ਨਹੀਂ ਮਰਦਾ ਹੁੰਦਾ।

- ਅਗਲਾ ਸਫ਼ਰ ਕੀ ਹੈ। ਆਖਰ 'ਚ ਕੋਈ ਸੁਨੇਹਾ?

ਬਸ ਅਰਦਾਸ ਹੈ ਕਿ ਵੇਲਿਆਂ ਦੀ ਤਰਲਤਾ, ਇਰਾਦਿਆਂ ਦੀ ਠੋਸਤਾ, ਇਸ਼ਕ ਦਾ ਸੰਘਣਾਪਣ ਅਤੇ ਮੁਹੱਬਤ ਦੀ ਮਹਿਰਾਬ ਸਭ ਦੇ ਭਾਗਾਂ 'ਚ ਲਿਸ਼ਕੇ। ਹਰ ਕੋਈ ਉੱਚਾ ਉੱਠੇ। ਜੋ ਵੀ ਬੋਲੀਏ, ਸੋਚੀਏ, ਕਰੀਏ, ਜਿੱਧਰ ਵੀ ਜਾਈਏ, ਕੁਝ ਵੀ ਲਿਖੀਏ-ਪੜ੍ਹੀਏ ਪਿੱਛੇ ਖ਼ਾਲੀ ਥਾਵਾਂ ਛੱਡਦੇ ਜਾਈਏ ਨਾ ਕਿ ਸ਼ਿਕਵਿਆਂ, ਆਸਾਂ-ਉਮੀਦਾਂ, ਲੈਣ-ਦੇਣ, ਭੂਤ-ਭਵਿੱਖ ਤੇ ਖ਼ਾਹਿਸ਼ਾਂ ਦੀ ਬੱਚਤ-ਖੁੱਚਤ।

- ਹਰਮਨ 'ਰਾਣੀਤੱਤ' ਕਰਕੇ ਚਰਚਿਤ ਹੈ ਕਿ ਫ਼ਿਲਮਾਂ 'ਚ ਆਏ ਗੀਤਾਂ ਸਦਕਾ?

ਚਰਚਿਤ ਹੋਣਾ ਜਾਂ ਨਾ ਹੋਣਾ ਵੱਡੀ ਗੱਲ ਨਹੀਂ ਹੁੰਦੀ। ਵੱਡੀ ਗੱਲ ਇਹ ਹੈ ਕਿ ਗੱਲ ਵਿਚ ਪਕਿਆਈ ਅਤੇ ਅਟੱਲਤਾ ਕਿੰਨੀ ਕੁ ਹੈ। ਬਾਕੀ, ਦੁਨੀਆ ਵਿਚ ਭਾਂਤ-ਸੁਭਾਂਤੇ ਕਿਰਦਾਰ ਨੇ। ਸਭ ਆਪੋ-ਆਪਣੇ ਹਿੱਸੇ ਦਾ ਚੋਗਾ ਚੁਗਦੇ ਨੇ। ਜਿਹੜੀ ਗੱਲ ਇਕ ਬੰਦੇ ਨੂੰ ਪਸੰਦ ਨਹੀਂ ਹੁੰਦੀ, ਓਹੀ ਗੱਲ ਦੂਜਾ ਬੰਦਾ ਸ਼ਿੱਦਤ ਨਾਲ ਨਿਹਾਰ ਰਿਹਾ ਹੁੰਦਾ। ਜਿੰਨੀ ਦ੍ਰਿਸ਼ਟੀ, ਓਨੀ ਸ੍ਰਿਸ਼ਟੀ।

- ਗੁਰਪ੍ਰੀਤ ਡੈਨੀ, 97792-50653

Posted By: Harjinder Sodhi