ਜਸਵੀਰ ਗੱਡੀ ਚਲਾ ਰਿਹਾ ਸੀ। ਕਮਲ ਉਸਦੇ ਨਾਲ ਵਾਲੀ ਸੀਟ ’ਤੇ ਬੈਠੀ ਸੀ। ਖ਼ੁਸ਼ੀ ਦੇ ਭਾਵ ਦੋਵਾਂ ਦੇ ਚਿਹਰਿਆਂ ’ਤੇ ਸਪੱਸ਼ਟ ਦਿਸਦੇ ਸੀ। ਮੈਂ ਪਿਛਲੀ ਸੀਟ ’ਤੇ ਬੈਠੀ ਅਤੀਤ ਦੀਆਂ ਯਾਦਾਂ ਵਿਚ ਗੁੰਮ ਸੀ।

...ਏਸੇ ਤਰ੍ਹਾਂ ਅੱਜ ਤੋਂ 25 ਸਾਲ ਪਹਿਲਾਂ ਮੈਂ ਏਸੇ ਘਰੋਂ ਅੱਜ ਵਾਂਗ ਤੁਰੀ ਸਾਂ ਰਾਏਪੁਰ ਨੂੰ...ਕਿੰਨਾ ਫ਼ਰਕ ਸੀ... ਅੱਜ ਤੇ ਓਦੋਂ ਦਾ। ਕਮਲ ਵਰਗੀ ਸੀ ਓਦੋਂ ਮੈਂ, ਉਮਰੋਂ ਵੀ ਤੇ ਸ਼ਕਲ ਸੂਰਤ ਤੋਂ ਵੀ। ਮੈਂ ਵੀ ਓਦੋਂ ਕਿੰਨੇ ਸੁਪਨੇ ਸੰਜੋਏ ਸੀ। ਆਪਣੀ ਲਿਆਕਤ ਨਾਲ ਵੱਡੇ ਛੋਟਿਆਂ ਦਾ ਪਿਆਰ ਸਤਿਕਾਰ ਲੈਂਦੀ ਹੋਈ ਸਵਰਗ ਬਣਾ ਦੇਵਾਂਗੀ ਸਹੁਰੇ ਘਰ ਨੂੰ।

....ਪਰ....ਸਭ ਕੁਝ ਮੇਰੀ ਸੋਚ ਦੇ ਉਲਟ ਹੋਇਆ। ਸ਼ਾਂਤ ਸੁਭਾਅ ਦੀ ਮੇਰੀ ਸੱਸ ਤਾਂ ਸਾਖਸ਼ਾਤ ਦੇਵੀ ਸੀ। ਸਹੁਰੇ ਦੀ ‘ਮੈਂ’ ਨੂੰ ਮੇਰੀ ਸੱਸ ਵੀ ਹੁਣ ਤਕ ਜਰਦੀ ਆਈ ਸੀ। ਥੋੜ੍ਹੇ ਹੀ ਦਿਨਾਂ ਵਿਚ ਮੈਂ ਸਾਰੇ ਘਰ ਦਾ ਮਾਹੌਲ ਭਾਂਪ ਲਿਆ ਸੀ। ਇਹ ਦੋਵੇਂ ਭੈਣ ਭਰਾ ਤਾਂ ਮਾਂ ਵਰਗੇ ਕੂਨੇ ਹੀ ਸੀ। ਦੇਬੋ ਭੈਣ ਵੱਡੀ ਸੀ, ਵਿਆਹੀ ਹੋਈ ਸੀ। ਉਹਦੇ ਆਵਦੇ ਸਹੁਰਿਆਂ ਦਾ ਵੱਡਾ ਲਾਣਾ ਸੀ, ਤਕੜੀ ਖੇਤੀ ਕਰਦੇ ਸੀ। ਆਵਦੇ ਘਰੇ ਸੁਖੀ ਸੀ, ਕਦੇ ਵਰ੍ਹੇ ਛਿਮਾਹੀ ਹੀ ਗੇੜਾ ਮਾਰਦੀ ਸੀ। ਸਾਡੇ ਵਿਆਹ ’ਚ ਵੀ ਤਿੰਨ ਦਿਨ ਰਹਿ ਕੇ ਚਲੀ ਗਈ ਸੀ।

ਸਾਰੇ ਘਰ ਵਿਚ ਮੇਰੇ ਸਹੁਰੇ ਬਚਿੱਤਰ ਸਿਉਂ ਦਾ ਹੁਕਮ ਚਲਦਾ ਸੀ। ਨਰਮ ਮਾਂ ਪੁੱਤ ਨੇ ਹੁਕਮ ਅਦੂਲੀ ਕਾਹਦੀ ਕਰਨੀ ਸੀ? ਲੈਣ ਦੇਣ ਵਾਲੀ ਵੀ ਕੋਈ ਗੱਲ ਹੀ ਨਹੀਂ ਸੀ, ਇਨ੍ਹਾਂ ਨੇ ਮੂੰਹੋਂ ਕੁਸ਼ ਮੰਗਿਆ ਨੀ ਸੀ, ਤੇ ਨਿਰਮਲ ਤੇ ਕੁਲਵੰਤ ਵੀਰ ਹੋਰਾਂ ਨੇ ਦੇਣ ਵੱਲੋਂ ਕੁਸ਼ ਛੱਡਿਆ ਨੀ ਸੀ। ਮੈਂ ਬਸ ਮਸਾਂ ਡੇਢ ਕੁ ਮਹੀਨਾ ਰਾਏਪੁਰ ਰਹੀ ਹੋਵਾਂਗੀ। ਘੱਟ ਵੀਰ ਨਿਰਮਲ ਵੀ ਨਹੀ ਸੀ...ਤੁਸੀਂ ਤਾਂ ਕੁੜੀ ਵਾਲੇ ਸੀ, ਥੋੜ੍ਹਾ ਨੀਵਾਂ ਹੋ ਜਾਂਦੇ। ਵੀਰ ਨਿਰਮਲ ਤੇ ਸਹੁਰੇ ਬਚਿੱਤਰ ਸਿੰਘ ਦੀ ਹਉਮੈ ਦੀ ਚੱਕੀ ’ਚ ਅਸੀਂ ਦੋਵੇਂ ਬੇਕਸੂਰ ਪਿਸ ਗਏ ਸੀ। ਯੁੱਗ ਬੀਤ ਗਏ 25 ਸਾਲ ਤੋਂ ਪਿਸ ਰਹੀ ਹਾਂ... ਤੇ ਉਹ ਵਿਚਾਰੇ ਮਾਂ, ਪੁੱਤ...। ਡੇਢ ਮਹੀਨੇ ’ਚ ਅਸੀਂ ਨੂੰਹ-ਸੱਸ ਤੋਂ ਮਾਵਾਂ-ਧੀਆਂ ਬਣ ਗਈਆਂ ਸੀ। ਉਹ ਵਿਚਾਰਾ ਹਰਨੇਕ ਸਿੰਘ ਇਹੋ ਜਿਹਾ ਨੇਕ ਪਤੀ ਮਿਲਿਆ ਸੀ। ਸੋਚਿਆ ਸੀ ਦੁਨੀਆ ਦੀਆਂ ਸਾਰੀਆਂ ਖ਼ੁਸ਼ੀਆਂ ਮੈਂ ਹਾਸਲ ਕਰ ਲਈਆਂ ਹਨ। ਪਰ ਇਨ੍ਹਾਂ ਖ਼ੁਸ਼ੀਆਂ ਵਿਚ ਛੇਤੀ ਦੋ ਕੰਧਾਂ ਉੱਸਰ ਗਈਆਂ ਸਨ। ਨਿਰਮਲ ਤੇ ਬਚਿੱਤਰ ਸਿੰਘ ਦੀਆਂ ਹਉਮੈ ਦੀਆਂ ਕੰਧਾਂ। ਇਨ੍ਹਾਂ ਕੰਧਾਂ ਨੂੰ ਢਾਹੁੰਦਾ ਕੌਣ? ਢਾਹੁਣ ਵਾਲਿਆਂ ਨੇ ਤਾਂ ਆਪ ਉਸਾਰੀਆਂ ਸੀ। ਗੱਲ ਵੀ ਕੋਈ ਖ਼ਾਸ ਨਹੀਂ ਸੀ। ਨਿਰਮਲ ਨੂੰ ਵੀ ਥੋੜ੍ਹਾ ਸੋਚ ਕੇ ਬੋਲਣਾ ਚਾਹੀਦਾ ਸੀ। ਮੈਨੂੰ ਲੈਣ ਆਏ ਨਿਰਮਲ ਤੋਂ ਗੱਲਾਂ-ਗੱਲਾਂ ਵਿਚ ਕਹਿ ਹੋ ਗਿਆ ਸੀ ‘ਕੁੜੀ ਤਾਂ ਸਾਡੀ ਨੌਕਰੀ ਕਰਨ ਵਾਲੀ ਸੀ, ਪਰ ਕਰਮਾਂ ਵਿਚ ਘਰ ਦਾ ਕੰਮ ਲਿਖਿਆ ਸੀ।’ ਬੁਰਾ ਮਨਾਇਆ ਸੀ ਬਚਿੱਤਰ ਸਿਓਂ ਨੇ ਤੇ ਉਹਦੀ ਹਉਮੈ ਦਾ ਪਾਰਾ ਅੱਖਾਂ ’ਚ ਆ ਗਿਆ ਸੀ, ਬੋਲ-ਬੁਲਾਰਾ ਹੋ ਕੇ ਗੱਲ ਵਧ ਗਈ ਸੀ। ਅਚਾਨਕ ਕਸ਼ੀਦਗੀ ਦਾ ਮਾਹੌਲ ਖ਼ੁਸ਼ੀਆਂ ’ਤੇ ਭਾਰੂ ਹੋ ਗਿਆ ਸੀ। ਦਿਲ ਬੈਠ ਗਿਆ ਸੀ ਮੇਰਾ ਡਰ ਨਾਲ, ਚਿਹਰੇ ਤਾਂ ਮਾਂ-ਪੁੱਤ ਦੇ ਵੀ ਹਰਾਸੇ ਗਏ ਸੀ। ਮੈਂ ਨਿਰਮਲ ਨਾਲ ਪੇਕੇ ਆਈ, ਕਿਸੇ ਅਣਹੋਣੀ ਦੇ ਡਰੋਂ ਭਰਜਾਈਆਂ ਦੇ ਗਲ਼ ਲੱਗ ਕਿੰਨਾ ਚਿਰ ਰੋਂਦੀ ਰਹੀ ਸੀ। ....ਤੇ ਓਸੇ ਦਾ ਖਮਿਆਜਾ ਭੁਗਤਦੀ ਨੂੰ ਮੈਨੂੰ ਪੇਕੇ ਆਈ ਨੂੰ 25 ਸਾਲ ਹੋ ਗਏ। ਇਨ੍ਹਾਂ 25 ਸਾਲਾਂ ਵਿਚ ਕਿੰਨਾ ਕੁਝ ਹੋਇਆ ਬੀਤਿਆ ਸੀ। ਮੇਰੀ ਮਾਂ ਮੇਰੇ ਦੁੱਖ ’ਚ ਤੁਰ ਗਈ। ਆਹ ਕਮਲ ਓਦੋਂ 5 ਸਾਲ ਦੀ ਸੀ। ਇਹਨੂੰ ਪਾਲ਼-ਪੋਸ ਕੇ ਸਕੂਲ ਜਾਣ ਜੋਗੀ ਕਰ ਗਈ ਸੀ। ਭਰਜਾਈਆਂ ਨੇ ਵੀ ਕੋਈ ਮੱਥੇ ਵੱਟ ਨੀ ਪਾਇਆ ਸੀ। ਪੂਰਾ ਆਦਰ ਮਾਣ ਕਰਦੀਆਂ ਸਨ। ਨਿਰਮਲ ਤੇ ਕੁਲਵੰਤ ਨੇ ਕਮਲ ਨੂੰ ਵੀ ਆਪਣੇ ਬੱਚਿਆਂ ਵਾਂਗ ਸਮਝਿਆ ਸੀ। ਮੈਂ ਵੀ ਸੀਨੇ ਵਿਚ ਇਕ ਕਸਕ ਲੈ ਕੇ ਕੰਮ ਵਿਚ ਰੁੱਝੀ ਰਹਿੰਦੀ। ਭਤੀਜੇ, ਭਤੀਜੀਆਂ ਤੇ ਕਮਲ ਨੂੰ ਇਕੱਠਿਆਂ ਸਕੂਲ ਲਈ ਤਿਆਰ ਕਰ ਦਿੰਦੀ।

ਘਰਾਂ ’ਚੋਂ ਭੂਆ ਲਗਦੀ ਸੰਤੋ ਵੀ ਰਾਏਪੁਰ ਵਿਆਹੀ ਹੋਈ ਸੀ। ਓਹੀ ਮੇਰੀ ਵਿਚੋਲਣ ਸੀ। ਸਾਕ ਤਾਂ ਭੂਆ ਸੰਤੋ ਨੇ ਚੰਗਾ ਘਰ ਵੇਖ ਕੇ ਕਰਾਇਆ ਸੀ...ਮੇਰੀ ਕਿਸਮਤ...। ਭੂਆ ਆਉਂਦੀ ਜਾਂਦੀ ਰਾਏਪੁਰ ਵਾਲਿਆਂ ਦੀ ਖ਼ਬਰ ਸਾਰ ਦਸਦੀ ਰਹਿੰਦੀ ਸੀ।

ਛੇ ਸਾਲ ਪਹਿਲਾਂ ਬਚਿੱਤਰ ਸਿੰਘ ਮੇਰੀ ਸੱਸ ਤੇ ਹਰਨੇਕ ਸਿੰਘ ਨੂੰ ਦੁੱਖਾਂ ਦੇ ਪਹਾੜ ਥੱਲੇ ਦੇ ਕੇ ਤੁਰ ਗਿਆ ਸੀ। ਭੂਆ ਸੰਤੋ ਦਸਦੀ ਸੀ, ਕਿਵੇਂ ਵਿਚਾਰੀ ਮਾਂ ਬੁੱਢੇ ਬਾਰੇ ਦੀਦੇ ਗਾਲ਼ ਗਾਲ਼ ਕੇ ਪੁੱਤ ਲਈ ਰੋਟੀ ਟੁੱਕ ਕਰਦੀ ਸੀ। ਕਰਨ ਵਾਲਾ ਤਾਂ ਤੁਰ ਗਿਆ ਸੀ। ਦੋਵੇਂ ਮਾਂ ਪੁੱਤ ਬੈਠੇ ਭਰੀ ਜਾਂਦੇ ਸੀ।

ਕਮਲ ਪੜ੍ਹਾਈ ਵਿਚ ਹੁਸ਼ਿਆਰ ਸੀ। ਦੋਵੇਂ ਮਾਮੇ ਮਾਮੀਆਂ ਆਪਣੇ ਬੱਚਿਆਂ ਵਾਂਗ ਸਮਝਦੇ ਸੀ। ਕਮਲ ਵੀ ਸਿਆਣੀ ਆ। ਕਾਲਜ ਪੜ੍ਹਦੀ 10 ਦਿਨ ਐੱਨ.ਐੱਸ.ਐੱਸ ਦਾ ਕੈੰਪ ਰਾਏਪੁਰ ਲਾ ਕੇ ਆਉਂਦੀ ਰਹੀ ਤਾਂ ਦਾਦੀ ਤੇ ਪਿਤਾ ਦੀ ਸਿਆਣੂ ਹੋ ਗਈ। ਘਰੇ ਆਉਂਦੀ ਜਾਂਦੀ ਰਹੀ। ਆਵਦੀ ਦੇਬੋ ਭੂਆ ਨੂੰ ਵੀ ਮਿਲਦੀ ਰਹੀ। ਕਮਲ ਨੇ ਤਾਂ ਮੈਨੂੰ ਦੱਸਿਆ ਤਕ ਨੀ ਕਿ ਮੈਂ ਰਾਏਪੁਰ ਕੈੰਪ ਲਾਇਆ ਸੀ ਤੇ ਘਰੇ ਵੀ ਜਾਂਦੀ ਰਹੀ ਆਂ।

ਹੁਸ਼ਿਆਰ, ਸਿਆਣੀ ਕਮਲ ਨੇ ਐੱਮ.ਏ, ਬੀ.ਐੱਡ ਕਰ ਲਈ ਜਦ ਨੂੰ ਕਮਲ ਲਈ ਚੰਗਾ ਰਿਸ਼ਤਾ ਮਿਲ ਗਿਆ। ਜਸਵੀਰ ਪੜ੍ਹਿਆ ਲਿਖਿਆ ਸਾਊ ਮੁੰਡਾ ਸੀ। ਕਮਲ ਦੀ ਪੜ੍ਹਾਈ ਤੇ ਰੰਗ ਰੂਪ ਵੇਖ ਕੇ ਕੁਸ਼ ਨਾ ਲੈਣ ਦੇਣ ਦੀ ਤਾਕੀਦ ਤਾਂ ਜਸਵੀਰ ਦੇ ਮਾਂ ਪਿਉ ਨੇ ਪਹਿਲਾਂ ਹੀ ਕਰ ਦਿੱਤੀ ਸੀ। ਜਸਵੀਰ ਦੇ ਭਰੇ ਭਰੇ ਘਰ ਨੂੰ ਕਮਲ ਨੇ ਹੋਰ ਭਰ ਦਿੱਤਾ ਸੀ। ਜਸਵੀਰ ਨੌਕਰੀ ਲੱਗਾ ਹੋਇਆ ਸੀ। ਦੋ ਭਰਾ ਸੀ ਰਘਵੀਰ ਤੇ ਜਸਵੀਰ। ਰਘਵੀਰ ਵੱਡਾ ਸੀ, ਰਜਿੰਦਰ ਵੀ ਕਮਲ ਨਾਲ਼ ਭੈਣਾਂ ਵਾਂਗ ਰਹਿੰਦੀ ਸੀ। ਸੱਸ, ਸਹੁਰਾ ਸਰਕਾਰੀ ਅਧਿਆਪਕ ਸਨ। ਪੜ੍ਹਿਆ ਲਿਖਿਆ ਸੰਤੁਲਤ ਪਰਿਵਾਰ ਸੀ।

ਕਮਲ ਦੇ ਸਹੁਰੇ ਪਰਿਵਾਰ ਓਦੋਂ ਖ਼ੁਸ਼ੀਆਂ ਦਾ ਹੋਰ ਵਾਧਾ ਹੋ ਗਿਆ ਜਦ ਕਮਲ ਨੂੰ ਸਰਕਾਰੀ ਟੀਚਰ ਦੀ ਜੌਬ ਮਿਲ ਗਈ।...ਚਲੋ ਮੇਰੀ ਤਾਂ ਕਿਸਮਤ ਜਿਹੋ ਜਿਹੀ ਸੀ, ਪਰ ਮੇਰੀ ਬੇਟੀ ਤੇ ਰੱਬ ਪੂਰਾ ਮਿਹਰਬਾਨ ਸੀ ਨੌਕਰੀ ਦੀ ਖ਼ੁਸ਼ੀ ਸਾਂਝੀ ਕਰਨ ਜਸਵੀਰ ਨਾਲ ਰਾਏਪੁਰ ਕਮਲ ਆਪ ਗਈ ਸੀ। ਦਾਦੀ ਤੇ ਪਿਤਾ ਕਿੰਨੇ ਖ਼ੁਸ਼ ਹੋਏ ਹੋਣਗੇ। ਪਤਾ ਨਹੀਂ ਤਾਂ ਏਸ ਕੁੜੀ ਵਿਚ ਹੀ ਕੀ ਕਰਾਮਾਤੀ ਗੁਣ ਸੀ। ਹੁਣ ਤਕ ਨਿਰਮਲ ਵੀਰ ਵੀ ਅੱਗੇ ਨਾਲੋਂ ਕਾਫ਼ੀ ਬਦਲ ਗਿਆ ਸੀ। ਏਨੇ ਵਰ੍ਹੇ ਮੈਂ ਆਪਣੀ ਕਿਸਮਤ ਸਮਝ ਕੇ ਪੇਕੇ ਪਰਿਵਾਰ ਕੋਲ ਕਦੇ ਆਪਣਾ ਦੁੱਖ ਚਿਹਰੇ ’ਤੇ ਨਾ ਆਉਣ ਦਿੱਤਾ।

ਧੀ ਮੇਰੀ ਸਿਆਣੀ, ਸਮਝਦਾਰ ਸੀ। ਮੈਂ ਆਪਣੀ ਧੀ ਦਾ ਕਦੇ ਕਿਹਾ ਮੋੜਿਆ ਹੀ ਨਹੀ ਸੀ। ਜਸਵੀਰ ਤੇ ਕਮਲ ਨੇ ਨਿਰਮਲ ਵੀਰ ਨਾਲ ਸਾਰੀ ਗੱਲ ਕਰ ਲਈ ਸੀ। ਮੈਨੂੰ ਤਾਂ ਮੌਕੇ ’ਤੇ ਹੀ ਦੱਸਿਆ ਸੀ।..ਮੈਂ ਵੀ ਕਈ ਦਿਨਾਂ ਦੀ ਸੋਚਦੀ ਸੀ ਕੇ ਕੀ ਕੰਮ ਹੈ?, ਕਮਲ ਤੇ ਜਸਵੀਰ ਐਨੀ ਭੱਜ ਨੱਠ ਕਰ ਰਹੇ ਹਨ। ਸਭ ਕੁਝ ਆਪਣੇ ਮਾਮੇ ਨਿਰਮਲ ਨੂੰ ਪੁੱਛ ਦੱਸ ਰਹੇ ਹਨ। ਰਾਏਪੁਰ ਤਾਂ ਇਨ੍ਹਾਂ ਦਾ ਆਉਣਾ ਜਾਣਾ ਕਾਫੀ ਵਧ ਗਿਆ ਸੀ।

...ਉੱਤਰੋ ਮੰਮੀ ਜੀ ਆਪਣਾ ਘਰ ਆ ਗਿਆ।

...ਹੈਂ!....ਗੱਡੀ ਰੁਕਣ ਨਾਲ ਕਮਲ ਦੇ ਆਵਾਜ਼ ਦੇਣ ’ਤੇ ਮੈਂ ਅਤੀਤ ’ਚੋਂ ਪਰਤ ਆਉਂਦੀ ਹਾਂ। ਉਹੀ ਰਾਏਪੁਰ ਦੇ ਘਰ ਦੀ ਦਹਿਲੀਜ਼ ’ਤੇ ਮੈਨੂੰ ਖੜ੍ਹਾ ਕਰ ਕੇ ਕਮਲ ਅੰਦਰ ਜਾਂਦੀ ਹੈ। ਮੇਰੇ ਦਿਮਾਗ਼ ਨੂੰ ਪਤਾ ਨੀ ਕੀ ਹੋ ਗਿਆ ਹੈ?, ਮੈਂ ਹਕੀਕਤ ’ਚ ਪਰਤਣ ਦੀ ਕੋਸ਼ਿਸ਼ ਕਰਦੀ ਹਾਂ। ਕਮਲ ਆਪਣੀ ਦਾਦੀ, ਪਿਤਾ ਤੇ ਦੇਬੋ ਭੂਆ ਨਾਲ ਪਾਣੀ ਦੀ ਗੜਵੀ ਲਈ ਦਰਾਂ ’ਤੇ ਆ ਜਾਂਦੀ ਹੈ। ਉਸ ਮਾਂ ਸਰੂਪ ਸੱਸ ਤੇ ਹੁਣ ਤਕ ਮੇਰੇ ਸਤਿਕਾਰੇ ਹਰਨੇਕ ਲਈ ਅੱਖਾਂ ਤੇ ਗੱਚ ਦੋਵੇਂ ਭਰ ਆਉਂਦੇ ਹਨ। ਆਪ ਮੁਹਾਰੇ ਮੇਰੇ ਕੰਬਦੇ ਹੱਥ ਸੱਸ ਮਾਂ ਦੇ ਪੈਰਾਂ ਵੱਲ ਵਧਦੇ ਹਨ। ਭੈਣ ਦੇਬੋ ਧਾਹ ਕੇ ਘੁੱਟ ਕੇ ਮਿਲਦੀ ਹੈ। ਓਹਦੇ ਆਪ ਮੁਹਾਰੇ ਵਗਦੇ ਹੰਝੂ ਮੇਰਾ ਮੋਢਾ ਗਿੱਲਾ ਕਰ ਦਿੰਦੇ ਹਨ। ਸੰਗ ਤੇ ਸਤਿਕਾਰ ਨਾਲ ਦੋਵੇਂ ਹੱਥ ਹਰਨੇਕ ਵੱਲ ਜੋੜ ਦਿੰਦੀ ਹਾਂ। 25 ਸਾਲ ਦੇ ਯੁੱਗ ਨੇ ਚਿਹਰਿਆਂ ਦੀ ਕਾਇਆ ਬਦਲ ਦਿੱਤੀ ਹੈ।

‘‘ਮੰਮੀ ਜੀ ਰੋਣਾ ਨੀ ਅੱਗੇ ਵਧੋ,...ਪਾਪਾ ਜੀ ਤੁਸੀਂ ਵੀ ਬਾਹਰ ਚੱਲੋ’’ ਕਮਲ ਦੇ ਕਹਿਣ ’ਤੇ ਹਰਨੇਕ ਜੀ ਮੇਰੇ ਨਾਲ ਖੜ੍ਹ ਜਾਂਦੇ ਹਨ। ਕਮਲ ਇਸ਼ਾਰਾ ਕਰਦੀ ਹੈ। ਅਸੀਂ ਦੋਵੇਂ ਦਹਿਲੀਜ਼ ਵੱਲ ਵਧਦੇ ਹਾਂ। ਦਾਦੀ ਦੇ ਕੰਬਦੇ ਹੱਥਾਂ ਨੂੰ ਸਹਾਰਾ ਦੇ ਕਮਲ ਤੇ ਦੇਬੋ ਪਾਣੀ ਵਾਰਨ ’ਚ ਸਹਾਇਤਾ ਕਰਦੀਆਂ ਹਨ। 25 ਸਾਲ ਪਹਿਲਾਂ ਵਾਂਗ ਓਵੇਂ ਜਿਵੇਂ ਅਸੀਂ ਬੈਠ ਜਾਂਦੇ ਹਾਂ। ਚੁੱਪ ਨੂੰ ਤੋੜਦੇ ਕਮਲ ਦੇ ਬੋਲ ਸੁਣਦੇ ਹਨ ‘‘ਮੰਮੀ ਜੀ ਪਿਛਲਾ ਪਿੱਛੇ ਰਹਿ ਗਿਆ ਉਹ ਯੁੱਗ ਬੀਤ ਗਿਆ ਹੈ, ਹੁਣ ਨਵੀਂ ਸ਼ੁਰੂਆਤ ਹੈ। ਅਸੀਂ ਤੁਹਾਡੇ ਨਾਲ ਹਾਂ। ਮੈਂ ਤੇ ਜਸਵੀਰ ਨੇ ਆਪਣੇ ਘਰ ਸਲਾਹ ਕਰ ਕੇ ਫ਼ੈਸਲਾ ਕਰ ਲਿਆ ਹੈ। ਅਸੀਂ ਵੀ ਹੁਣ ਏਥੇ ਹੀ ਤੁਹਾਡੇ ਕੋਲ ਰਹਿਣਾ ਹੈ।... ਮੰਮੀ ਜੀ ਹੋਰ ਕੁਸ਼ ਪੁੱਛਣਾ?,.. ਚਲੋ .. ਹੁਣ ਮੂੰਹ ਮਿੱਠਾ ਕਰੋ ਤੇ ਚਾਹ ਪੀਵੋ’’ ਕਹਿੰਦਿਆਂ ਕਮਲ ਬਦੋਬਦੀ ਬਰਫ਼ੀ ਦਾ ਇਕ-ਇਕ ਟੁਕੜਾ ਮੇਰੇ ਤੇ ਹਰਨੇਕ ਦੇ ਮੂੰਹ ਵਿਚ ਪਾ ਦਿੰਦੀ ਹੈ। ਭੈਣ ਦੇਬੋ ਵੀ ਮੇਰਾ ਤੇ ਹਰਨੇਕ ਦਾ ਮੂੰਹ ਮਿੱਠਾ ਕਰਵਾਉਂਦੀ ਹੈ। ਜਸਵੀਰ ਤੇ ਦਾਦੀ ਨੂੰ ਵੀ ਮੂੰਹ ਮਿੱਠਾ ਕਰਨ ਨੂੰ ਕਹਿੰਦੀ ਹੈ। ਹੰਝੂਆਂ ਵਿਚ ਤੈਰਦੀ ਖ਼ੁਸ਼ੀ ਨਾਲ ਮੇਰੇ ਚਿਹਰੇ ’ਤੇ ਮੁਸਕਾਨ ਆ ਜਾਂਦੀ ਹੈ। ਮੈਂ ਵੇਖਦੀ ਹਾਂ ਹਰਨੇਕ, ਭੈਣ

ਦੇਬੋ ਤੇ ‘ਮੇਰੀ ਮਾਂ’ ਦੇ ਪਲੱਤਣੀ ਚਿਹਰਿਆਂ ’ਤੇ ਵੀ ਖ਼ੁਸ਼ੀ ਦੇ ਭਾਵ ਉਭਰਦੇ ਹਨ। ਅਸੀਮ ਖ਼ੁਸ਼ੀ ਨਾਲ ਜਸਵੀਰ, ਕਮਲ ਤੇ ਭੈਣ ਦੇਬੋ ਸਾਡੇ ਤਿੰਨਾਂ ਵੱਲ ਵੇਖ ਰਹੇ ਹਨ। ਸਾਡੇ ਧੀ ਪੁੱਤ ਨੇ ਘਰ ਦੇ ਉਦਾਸੇ ਬਨੇਰਿਆਂ ਨੂੰ ਫਿਰ ਤੋਂ ਰੁਸ਼ਨਾ ਦਿੱਤਾ ਹੈ। ਸੱਚੀਂ ਮੇਰੀ ਧੀ ਨੇ ਤਾਂ ਯੁੱਗ ਹੀ ਬਦਲ ਦਿੱਤਾ ਹੈ। ‘ਐਸੇ ਉੱਚੀ ਸੋਚ ਵਾਲੇ ਧੀ ਪੁੱਤ ਰੱਬ ਸਭ ਨੂੰ ਦੇਵੇ’। ਮੈਂ ਆਪਣੇ ਮਨ ਹੀ ਮਨ ਵਿਚ ਕਹਿੰਦੀ ਹਾਂ।

- ਗੁਰਦੀਪ ਲੋਪੋਂ

Posted By: Harjinder Sodhi