ਪਰਮਜੀਤ ਕੌਰ ਸਰਹਿੰਦ ਦਾ ਨਾਂ ਕਿਸੇ ਜਾਣ-ਪਛਾਣ ਦਾ ਮੁਥਾਜ ਨਹੀਂ। ਉਨ੍ਹਾਂ ਨੂੰ ਪੰਜਾਬੀ ਸੱਭਿਆਚਾਰ ਦਾ ਇਨਸਾਈਕਲੋਪੀਡੀਆ ਕਹਿ ਲਿਆ ਜਾਵੇ ਤਾਂ ਕੋਈ ਅਤਿਕਥਨੀ ਨਹੀਂ ਹੋਵੇਗੀ। ਹੁਣ ਉਨ੍ਹਾਂ ਦੀ ਸਵੈ-ਜੀਵਨੀ ‘ਰਾਹਾਂ ਦੇ ਰੁਦਨ’ ਪਾਠਕਾਂ ਦੇ ਹੱਥਾਂ ਤਕ ਪੁੱਜੀ ਹੈ। ਆਪਣੀ ਜ਼ਿੰਦਗੀ ਨੂੰ ਹਰਫ਼ਾਂ ਦੇ ਰੂਪ ’ਚ ਉਕੇਰਨਾ ਕੋਈ ਆਸਾਨ ਕੰਮ ਨਹੀਂ ਹੁੰਦਾ ਖ਼ਾਸ ਕਰਕੇ ਔਰਤਾਂ ਲਈ ਤਾਂ ਹੋਰ ਵੀ ਜ਼ਿਆਦਾ ਪੇਚੀਦਾ ਹੁੰਦਾ ਹੈ। ਪੰਜਾਬੀ ਸਾਹਿਤ ’ਚ ਇਹ ਵਿਲੱਖਣ ਕਿਸਮ ਦੀ ਸਵੈ-ਜੀਵਨੀ ਹੈ।

ਇਹ ਪੈਰ-ਪੈਰ ’ਤੇ ਸੱਟਾਂ, ਠੋਕਰਾਂ ਤੇ ਡਿੱਕਡੋਲੇ ਖਾਂਦੀ ਔਰਤ ਦੀ ਗਾਥਾ ਹੈ। ਸਰੀਰਕ ਸੱਟਾਂ ਤਾਂ ਸਮਾਂ ਪਾ ਕੇ ਠੀਕ ਹੋ ਜਾਂਦੀਆਂ ਹਨ ਪਰ ਮਾਨਸਿਕਤਾ ’ਤੇ ਆਪਣਿਆਂ ਵੱਲੋਂ ਮਾਰੀਆਂ ਸੱਟਾਂ ਨਾਸੂਰ ਬਣ ਕੇ ਜ਼ਿੰਦਗੀ ਭਰ ਦਰਦ ਦਾ ਅਹਿਸਾਸ ਕਰਵਾਉਂਦੀਆਂ ਰਹਿੰਦੀਆਂ ਹਨ। ਪਹਿਲਾਂ ਜਵਾਨ ਵੀਰ ਤੇ ਫਿਰ ਜਵਾਨ ਪੁੱਤ ਦੀ ਮੌਤ ਨਾਲ ਝੰਬੀ ਲੇਖਿਕਾ ਦਾ ਦਰਦ ਅੱਖਾਂ ਨਮ ਕਰ ਦੇਣ ਵਾਲਾ ਹੈ। ਰੱਬ ’ਚ ਅੰਤਾਂ ਦੀ ਸ਼ਰਧਾ ਵੀ ਉਦੋਂ ਡਗਮਗਾ ਜਾਂਦੀ ਹੈ ਜਦੋਂ ਲੇਖਿਕਾ ਕਹਿੰਦੀ ਹੈ, ‘ਭਾਪਾ ਜੀ, ਤੁਹਾਡੇ ਬਾਬਾ ਜੀ ਦੇ ਚਸ਼ਮੇ ਦਾ ਨੰਬਰ ਬਦਲਣ ਵਾਲੈ, ਮੇਰੇ ਦੁੱਖ ਤਕਲੀਫ਼ਾਂ ਤਾਂ ਉਨ੍ਹਾਂ ਨੂੰ ਦਿਖਦੇ ਨਈਂ।’

ਲੇਖਿਕਾ ਨੇ ਸਿਰਫ਼ ਇਨਸਾਨ ਹੀ ਨਹੀਂ ਸਗੋਂ ਪਸ਼ੂ-ਪੰਛੀਆਂ ਅਤੇ ਰਾਹਾਂ ਦਾ ਰੁਦਨ ਵੀ ਮਹਿਸੂਸ ਕੀਤਾ ਹੈ। ਇਹ ਲੇਖਿਕਾ ਦੀ ਲਿਖਣ ਸ਼ੈਲੀ ਦਾ ਕਮਾਲ ਹੈ ਕਿ ਪਾਠਕ ਨੂੰ ਵੀ ਰਾਹਾਂ ਦਾ ਰੁਦਨ ਮਹਿਸੂਸ ਹੁੰਦਾ ਹੈ। ਪਿੰਜਰਾ ਬਣਾ ਕੇ ਆਜ਼ਾਦੀ ਦੀ ਭੇਟ ਚੜ੍ਹਾਈਆਂ ਜਵਾਨ ਕੁੜੀਆਂ ਦਾ ਬਿਰਤਾਂਤ ਲੂ ਕੰਡੇ ਖੜ੍ਹਾ ਕਰ ਦਿੰਦਾ ਹੈ। ਲੇਖਿਕਾ ਨੇ ਸਮਕਾਲੀ ਸਮਾਜਿਕ ਤੇ ਰਾਜਸੀ ਹਾਲਾਤ ਦਾ ਵੀ ਵਿਸਥਾਰ ’ਚ ਵੇਰਵਾ ਪੇਸ਼ ਕੀਤਾ ਹੈ। ਪੜ੍ਹਨ ਸਮੇਂ ਪਾਠਕ ਵੀ ਆਪਣੇ ਆਪ ਨੂੰ ਪੁਰਾਣੇ ਪੰਜਾਬ ’ਚ ਵਿਚਰਦਿਆਂ ਮਹਿਸੂਸ ਕਰਦਾ ਹੈ। ਮੱਝਾਂ ਦੇ ‘ਜੁਆਕ ਜੱਲੇ’ ਜਿਹੇ ਸ਼ਬਦ ਇਸ ਗੱਲ ਦੀ ਗਵਾਹੀ ਭਰਦੇ ਹਨ ਕਿ ਲੋਕ ਪਸ਼ੂਆਂ ਨਾਲ ਵੀ ਕਿੰਨੀ ਗੂੜ੍ਹੀ ਸਾਂਝ ਰੱਖਦੇ ਸਨ। ਅਜੋਕੀ ਪੀੜ੍ਹੀ ਲਈ ਇਹ ਅਲੋਕਾਰੀ ਲੱਗੇਗਾ ਜਦੋਂ ਇਨਸਾਨ ਦੀ ਇਨਸਾਨ ਨਾਲ ਸਾਂਝ ਹੀ ਮਨਫ਼ੀ ਹੋ ਕੇ ਰਹਿ ਗਈ ਹੈ। ਸਵੇਰੇ ਜਾਗਣ ਤੋਂ ਲੈ ਕੇ ਰਾਤੀਂ ਸੌਣ ਤਕ ਬੀਬੀਆਂ ਦੇ ਕੰਮਾਂ ਦਾ ਵੇਰਵਾ ਦਿੱਤਾ ਗਿਆ ਹੈ, ਜਿਸ ਤੋਂ ਪਤਾ ਲੱਗਦਾ ਹੈ ਕਿ ਪਹਿਲਾਂ ਉਨ੍ਹਾਂ ਕੋਲ ਕਿੰਨਾ ਕੰਮ ਹੁੰਦਾ ਸੀ। ਆਪਣੇ ਵਿਹਲੇ ਸਮੇਂ ਦੀ ਵੀ ਉਹ ਬੜੀ ਕਲਾਤਮਿਕ ਵਰਤੋਂ ਕਰਦੀਆਂ ਸਨ। ਅਜੋਕੀਆਂ ਕੁੜੀਆਂ ਲਈ ਤਾਂ ਇਹ ਇਤਿਹਾਸ ਬਣ ਕੇ ਰਹਿ ਗਿਆ ਹੈ। ‘ਛੂਛਕ’ ਜਿਹੀਆਂ ਕਈ ਰਸਮਾਂ ਦੀ ਜਾਣਕਾਰੀ ਨਵੀਂ ਪੀੜ੍ਹੀ ਦੇ ਗਿਆਨ ’ਚ ਵਾਧਾ ਕਰਨ ਵਾਲੀ ਹੈ। ਖੇਤਾਂ ’ਚ ਕਹਿਰ ਦੀਆਂ ਠੰਢਾਂ ਤੇ ਤਪਦੀਆਂ ਦੁਪਹਿਰਾਂ ’ਚ ਹਲ ਵਾਹੁੰਦੇ ਕਿਰਤੀ ਲੋਕਾਂ ਨਾਲ ਹੁੰਦੇ ਵਿਤਕਰੇ ਦਾ ਜ਼ਿਕਰ ਵੀ ਕੀਤਾ ਹੈ। ਰਿਸ਼ਤਿਆਂ ਦੇ ਖਲਾਅ ਨੂੰ ਮਹਿਸੂਸਦੀ ਲੇਖਿਕਾ ਨੇ ਇਹ ਭਾਵ ਦਿ੍ਰਸ਼ਟੀਗੋਚਰ ਕੀਤਾ ਹੈ ਕਿ ਜ਼ਿੰਦਗੀ ’ਚ ਰੰਗ ਭਰਨ ਲਈ ਰਿਸ਼ਤਿਆਂ ਦਾ ਹੋਣਾ ਬਹੁਤ ਜ਼ਰੂਰੀ ਹੈ। ਕਬੀਲਦਾਰੀ ’ਚ ਵਿਚਰਦਿਆਂ ਸਾਡਾ ਵਿਹਾਰ ਤੇ ਸੁਭਾਅ ਕਿੱਦਾਂ ਦਾ ਹੋਣਾ ਚਾਹੀਦਾ ਹੈ, ਇਹ ਜੀਵਨ ਜਾਚ ਵੀ ਇਸ ਸਵੈ-ਜੀਵਨੀ ’ਚੋਂ ਸਿੱਖਣ ਵਾਲੀ ਹੈ। ਅਜੋਕੇ ਪਦਾਰਥਵਾਦੀ ਦੌਰ ’ਚ ਮਨੁੱਖੀ ਰਿਸ਼ਤਿਆਂ ਦਾ ਕੌੜਾ ਯਥਾਰਥ ਵੀ ਲੇਖਿਕਾ ਨੇ ਬਿਆਨ ਕੀਤਾ ਹੈ। ਮੋਹ-ਪਿਆਰ ਜਾਂ ਕਲਮ ਦੇ ਸਿਰਜੇ ਰਿਸ਼ਤੇ ਕਿੰਨੇ ਖਿੱਚ ਭਰਪੂਰ ਹੁੰਦੇ ਹਨ, ਇਹ ਸਵੈ-ਜੀਵਨੀ ਪੜ੍ਹ ਕੇ ਮਹਿਸੂਸ ਕੀਤਾ ਜਾ ਸਕਦਾ ਹੈ। ਕਲਮਾਂ ਦੀਆਂ ਗੂੜ੍ਹੀਆਂ ਸਕੀਰੀਆਂ ਖ਼ੂਨ ਦੇ ਰਿਸ਼ਤਿਆਂ ਤੋਂ ਕਿਤੇ ਉੱਚੀਆਂ ਤੇ ਸੁੱਚੀਆਂ ਹੁੰਦੀਆਂ ਹਨ। ਲੇਖਿਕਾ ਦਾ ਇਹ ਜ਼ਿੰਦਗੀ ਭਰ ਦਾ ਤਜਰਬਾ ਹੈ। ਅੱਜ ਭਾਵੇਂ ਹੀ ਅਸੀਂ ਆਪਣੇ ਆਪ ਨੂੰ ਆਧੁਨਿਕ ਸਮਾਜ ਦਾ ਹਿੱਸਾ ਮੰਨਦੇ ਹਾਂ ਪਰ ਔਰਤ ਬਾਰੇ ਹਾਲੇ ਵੀ ਮਰਦਾਂ ਦੀ ਸੋਚ ਤੇ ਵਤੀਰੇ ’ਚ ਕੋਈ ਬਹੁਤੀ ਤਬਦੀਲੀ ਨਹੀਂ ਆਈ। ਢਲਦੀ ਉਮਰੇ ਵੀ ਔਰਤ ਨਾਲ ਮਰਦ ਜਾਤ ਦਾ ਉਹੋ ਵਤੀਰਾ ਹੁੰਦਾ ਹੈ, ਜੋ ਬਚਪਨ, ਅੱਲ੍ਹੜ ਉਮਰ ਤੇ ਜਵਾਨੀ ’ਚ ਹੁੰਦਾ ਹੈ। ‘ਕੰਮ ਕਰਦੀ ਏਂ ਤੇ ਖਾਂਦੀ ਵੀ ਏਂ’ ਜਿਹੇ ਸ਼ਬਦ ਔਰਤ ਦੇ ਕੋਮਲ ਹਿਰਦੇ ਨੂੰ ਬੜੀ ਡੂੰਘੀ ਸੱਟ ਮਾਰਦੇ ਹਨ। ਅਜਿਹੇ ਬੋਲ ਬੋਲਣ ਵਾਲੇ ਉਸ ਨੂੰ ਆਪਣੇ ਘਰ ਦਾ ਪਰਿਵਾਰਕ ਮੈਂਬਰ ਮੰਨਣ ਦੀ ਬਜਾਏ ਨੌਕਰਾਣੀ ਹੀ ਸਮਝਦੇ ਹਨ। ਇਹ ਬੇਇਨਸਾਫ਼ੀ ਨਹੀਂ ਤਾਂ ਹੋਰ ਕੀ ਹੈ? ਅਜਿਹੇ ਕਈ ਸਵਾਲ ਇਹ ਸਵੈ-ਜੀਵਨੀ ਖੜ੍ਹੇ ਕਰਦੀ ਹੈ। ਸਿਆਸੀ ਲੋਕਾਂ ਦੇ ਮਖੌਟਿਆਂ ’ਚ ਛੁਪੇ ਚਿਹਰੇ ਨੂੰ ਵੀ ਲੇਖਿਕਾ ਨੇ ਬੜੀ ਬੇਬਾਕੀ ਨਾਲ ਬੇਨਕਾਬ ਕੀਤਾ ਹੈ।

ਰੂਪਕ ਪੱਖ ਤੋਂ ਵੀ ਇਹ ਸਵੈ-ਜੀਵਨੀ ਵਿਚਾਰਨਯੋਗ ਹੈ। ਇਸ ’ਚ ਕਈ ਥਾਈਂ ਕਾਵਿਕਤਾ ਤੇ ਰਵਾਨੀ ਹੈ। ਲੇਖਿਕਾ ਨੇ ਕਈ ਥਾਈਂ ਆਪਣੀਆਂ ਕਵਿਤਾਵਾਂ ਤੇ ਗ਼ਜ਼ਲਾਂ ਦੀਆਂ ਸਤਰਾਂ ਦਾ ਹਵਾਲਾ ਦੇਣ ਦੇ ਨਾਲ-ਨਾਲ ਆਪਣੇ ਮਰਹੂਮ ਸ਼ਾਇਰ ਵੀਰ ਸ਼ਮਸ਼ੇਰ ਨਿਰਮਲ ਦੀਆਂ ਰਚਨਾਵਾਂ ਤੇ ਹੋਰ ਸ਼ਾਇਰਾਂ ਦੇ ਸ਼ਿਅਰ ਵੀ ਸ਼ਾਮਲ ਕੀਤੇ ਹਨ, ਜੋ ਕਿਤਾਬ ਨੂੰ ਹੋਰ ਚਾਰ ਚੰਨ ਲਾਉਂਦੇ ਹਨ। ਇਸ ਵਿਚ ਸਫ਼ਰਨਾਮੇ ਦੇ ਅੰਸ਼ ਵੀ ਹਨ। ਵਿਦੇਸ਼ ਦੀਆਂ ਕਈ ਥਾਵਾਂ ਬਾਰੇ ਵਿਸਥਾਰਤ ਜਾਣਕਾਰੀ ਦਿੱਤੀ ਗਈ ਹੈ, ਜਿਨ੍ਹਾਂ ਬਾਰੇ ਜ਼ਿਆਦਾਤਰ ਪੰਜਾਬੀ ਪਾਠਕ ਨਹੀਂ ਜਾਣਦੇ। ਖ਼ਾਸ ਕਰਕੇ ਨੌਰਵੇ ਬਾਰੇ ਜਾਣਕਾਰੀ ਬੜੀ ਉਤਸੁਕਤਾ ਭਰਪੂਰ ਹੈ। ਵਿਦੇਸ਼ ਗਏ ਪੰਜਾਬੀਆਂ ਖ਼ਾਸ ਕਰਕੇ ਬਜ਼ੁਰਗਾਂ ਦੀ ਜ਼ਿੰਦਗੀ ਬਾਰੇ ਚਾਨਣਾ ਪਾਇਆ ਗਿਆ ਹੈ।

ਜ਼ਿੰਦਗੀ ਦੇ ਸਫ਼ਰ ’ਚ ਲੇਖਿਕਾ ਨੂੰ ਬੜੀਆਂ ਤਲਖ਼ੀਆਂ ਦਾ ਸਾਹਮਣਾ ਕਰਨਾ ਪਿਆ ਪਰ ਸਾਹਿਤ ਪੜ੍ਹਨ ਨਾਲ ਮਿਲੀ ਸੂਝ ਨੇ ਜ਼ਿੰਦਗੀ ਦੇ ਬਿਖੜੇ ਪੈਂਡਿਆਂ ’ਚ ਬਾਂਹ ਫੜੀ। ਲੇਖਿਕਾ ਦੀ ਇਹ ਗੱਲ ਬੜੀ ਕਾਬਿਲੇ ਗੌਰ ਹੈ ਕਿ ਜਦੋਂ ਵੀ ਅਸੀਂ ਜ਼ਿੰਦਗੀ ਦੀਆਂ ਤਲਖ਼ੀਆਂ ਕਾਰਨ ਡਗਮਗਾਈਏ ਤਾਂ ਆਪਣੇ ਇਤਿਹਾਸ ਤੋਂ ਸਿਦਕ ’ਚ ਰਹਿਣ ਦੀ ਪ੍ਰੇਰਨਾ ਲਈਏ। ਪਰ ਤੇ ਨਿੱਜ ਦੀ ਪੀੜ ਦੇ ਰਲੇਵੇਂ ਨੇ ਲੇਖਿਕਾ ਨੂੰ ਅਸਹਿ ਤੇ ਅਕਹਿ ਦੁੱਖ ਝੱਲਣ ਦੀ ਸਮਰੱਥਾ ਬਖ਼ਸ਼ੀ। ਜ਼ਿੰਦਗੀ ਦੇ ਸਫ਼ਰ ’ਚ ਕਲਮ ਦਾ ਸਾਥ ਮਿਲਣ ’ਤੇ ਗ਼ਮਾਂ ਦਾ ਬੋਝ ਕਿੱਦਾਂ ਘੱਟ ਹੋ ਜਾਂਦਾ ਹੈ, ਇਹ ਲੇਖਿਕਾ ਦਾ ਅਨੁਭਵ ਸਾਨੂੰ ਦਿਖਾਉਂਦਾ ਹੈ। ਉਨ੍ਹਾਂ ਨੇ ਦੋਹਤੀ ਨੂੰ ਵੀ ਸਾਹਿਤ ਦੀ ਗੁੜ੍ਹਤੀ ਤੇ ਕਲਮ ਦਾ ਛਣਕਣਾ ਦਿੱਤਾ ਹੈ।

ਅਕਹਿ ਤੇ ਅਸਹਿ ਦਰਦ ਦੇ ਬਾਵਜੂਦ ਲੇਖਿਕਾ ਨੇ ਸਬਰ, ਸਿਦਕ ਤੇ ਹਿੰਮਤ ਦਾ ਪੱਲਾ ਨਹੀਂ ਛੱਡਿਆ। ਉਨ੍ਹਾਂ ਦੀ ਜ਼ਿੰਦਗੀ ਸਾਨੂੰ ਦੱਸਦੀ ਹੈ ਕਿ ਜ਼ਿੰਦਗੀ ’ਚ ਆਇਆ ਕੋਈ ਤੂਫ਼ਾਨ ਸਿਰਫ਼ ਬਰਬਾਦੀ ਹੀ ਨਹੀਂ ਕਰਦਾ, ਕਈ ਵਾਰ ਉਹ ਸਾਡੇ ਰਾਹਾਂ ’ਚੋਂ

ਕੰਡੇ ਤੇ ਪੱਥਰ ਵੀ ਹੂੰਝ ਕੇ ਲੈ ਜਾਂਦਾ ਹੈ। ਅਤਿ ਨਿਰਾਸ਼ਾ ਦੇ ਦੌਰ ’ਚ ਵੀ ਆਸ਼ਾਵਾਦ ਦਾ ਪੱਲਾ ਫੜਨ ਦਾ ਸੁਨੇਹਾ ਦਿੰਦੀ ਤੇ ਜ਼ਿੰਦਗੀ ਜਿਉਣ ਦਾ ਵੱਲ ਸਿਖਾਉਂਦੀ ਇਹ ਕਿਤਾਬ ਸਭ ਨੂੰ ਪੜ੍ਹਨੀ ਚਾਹੀਦੀ ਹੈ।

- ਗੁਰਪ੍ਰੀਤ ਖੋਖਰ

Posted By: Harjinder Sodhi