ਪਹਾੜ ਵਰਗੇ ਜਿਗਰੇ ਵਾਲੇ ਪਿਤਾ ਦੀਆਂ ਅੱਖਾਂ ਵਿੱਚੋਂ ਹੰਝੂ ਵਗਦੇ ਵੇਖ ਮਿਹਰਦੀਪ ਨੇ ਬਾਪੂ ਦੇ ਮੰਜੇ ਉੱਤੇ ਹੀ ਬੈਠਦਿਆਂ ਪੁੱਛਿਆ “ਬਾਪੂ, ਅੱਜ ਅਜਿਹਾ ਕੀ ਹੋਇਆ ਏ? ਜਿਹੜਾ ਪਰਬਤ ਪਾਣੀ ਵਿਚ ਘੁਲਦਾ ਵੇਖ ਰਿਹਾ ਹਾਂ, ਕੁਝ ਮੇਰੇ ਜਾਂ ਮੇਰੇ ਬੱਚਿਆਂ ਕੋਲੋਂ ਗੁਸਤਾਖ਼ੀ ਹੋ ਗਈ ਏ’’?

‘‘ਨਹੀਂ ਉਏ ਪੁੱਤਰਾ, ਐਸਾ ਕੁਝ ਨਹੀਂ ਹੋਇਆ ਬਸ ਇਸ ਸੀਨੇ ਵਿਚ ਇਕ ਬਹੁਤ ‘‘ਪੁਰਾਣਾ ਜ਼ਖ਼ਮ’’ ਸੀ ਜੋ ਆਹ ਟੈਲੀਵਿਜ਼ਨ ਉੱਤੇ ਚੱਲਦੇ ਦੇਸ਼ ਦੀ ਵੰਡ ਬਾਰੇ ਗੀਤ ਨੇ ਫਿਰ ਉਧੇੜ ਦਿੱਤਾ ਏ, ਜੋ ਮੈਂ ਤੇਰੀ ਮਾਂ ਤੋਂ ਬਿਨਾਂ ਕਦੇ ਕਿਸੇ ਨੂੰ ਨਹੀਂ ਦੱਸਿਆ।’’

‘‘ਬਾਪੂ, ਜੇ ਤੂੰ ਆਪਣੇ ਇਸ ਪੁੱਤਰ ਤੋਂ ਹੀ ਜ਼ਖ਼ਮ ਦਾ ਦਰਦ ਛੁਪਾ ਕੇ ਲੈ ਗਿਆ ਤਾਂ ਮੈਂ ਸਮਝਾਂਗਾ ਕਿ ਜ਼ਰੂਰ ਮੇਰੇ ਪਿਆਰ ਸਤਿਕਾਰ ਵਿਚ ਕੋਈ ਕਮੀ ਰਹਿ ਗਈ ਹੋਵੇਗੀ’’।

‘‘ਮੇਰਿਆ ਸੋਹਣਿਆ ਪੁੱਤਰਾ ਐਸਾ ਕਿਉਂ ਸੋਚਿਆ ਈ, ਤੇਰੇ ਮਨ ਵਿਚ ਆਏ ਇਸ ਸ਼ੰਕੇ ਕਰਕੇ ਮੈਂ ਤੈਨੂੰ ਇਹ ਆਪਣੇ ਦਰਦ ਦੀ ਕਹਾਣੀ ਜ਼ਰੂਰ ਦੱਸਾਂਗਾ ਬੇਸ਼ੱਕ ਮੈਂ ਸੁਰਜੀਤ ਕੌਰ ਨੂੰ ਦਿੱਤੀ ਜ਼ੁਬਾਨ ਤੋਂ ਬੇ-ਜ਼ੁਬਾਨਾ ਹੋ ਜਾਵਾਂ।’’

ਠੀਕ ਅੱਜ ਤੋਂ ਸੱਤਰ ਸਾਲ ਪਹਿਲਾਂ ਜਦੋਂ ਦੇਸ਼ ਦੀ ਵੰਡ ਹੋਈ ਸੀ ਤਾਂ ਅਸੀਂ ਵੀ ਪੂਰੇ ਪਰਿਵਾਰ ਸਮੇਤ ਹਿੰਦੋਸਤਾਨ ਨੂੰ ਤੁਰ ਪਏ ਸਾਂ। ਸਾਨੂੰ ਰਾਵੀ ਦਰਿਆ ਦੇ ਪਾਰਲੇ ਕਿਨਾਰੇ ਉੱਤੇ ਪਹੁੰਚਦਿਆਂ ਹੀ ਮੁਸਲਮਾਨ ਦੰਗਾਕਾਰੀਆਂ ਦੇ ਅੱਠ ਤੋਂ ਦਸ ਮੈਂਬਰਾਂ ਦੇ ਇਕ ਧਾੜਵੀ ਟੋਲੇ ਨੇ ਲੁੱਕ-ਛਿਪ ਕੇ ਹਿੰਦੋਸਤਾਨ ਆ ਰਹੇ ਮੇਰੇ ਪਰਿਵਾਰ ਜਿਸ ਵਿਚ ਮੇਰੇ ਮਾਤਾ-ਪਿਤਾ ਇਕ ਭੈਣ ਤੇ ਦੋ ਛੋਟੇ ਭਰਾ ਅਤੇ ਮੇਰੀ ਪਤਨੀ ਸੁਰਜੀਤ ਕੌਰ ਜੋ ਨੌਂ ਮਹੀਨਿਆਂ ਦੀ ਗਰਭਵਤੀ ਸੀ, ਉੱਪਰ ਆ ਹੱਲਾ ਬੋਲਿਆ। ਹੱਲੇ ਵਿਚ ਮੇਰੇ ਪਰਿਵਾਰ ਦੇ ਸਾਰੇ ਜੀਅ ਬਹੁਤ ਬੁਰੀ ਤਰ੍ਹਾਂ ਵੱਡ-ਟੱੁਕ ਕੇ ਕਤਲ ਕਰ ਦਿੱਤੇ ਗਏ ਅਤੇ ਨਾਲ ਲਿਆਂਦਾ ਜਾ ਰਿਹਾ ਸਾਰਾ ਕੀਮਤੀ ਸਮਾਨ, ਗਹਿਣੇ-ਗੱਟੇ ਤੇ ਪੈਸੇ ਆਦਿ ਵੀ ਲੁੱਟ ਲਿਆ ਗਿਆ। ਮੈਨੂੰ ਜਿਵੇਂ ਪਰਮਾਤਮਾ ਨੇ ਬਚਾਉਣ ਲਈ ਹੀ ਕਿਸੇ ਵਿਧਾਨ ਰਾਹੀਂ ਦੋ-ਚਾਰ ਮਿੰਟ ਲਈ ਆਪ ਹੀ ਆਪਣੇ ਪਰਿਵਾਰ ਨਾਲੋਂ ਵਿਛੋੜ ਕੇ ਬਚਾ ਲਿਆ ਹੋਵੇ। ਕੁਝ ਹਨੇਰਾ ਹੋਣ ਕਰਕੇ ਮੈਂ ਕੁਝ ਹੀ ਦੂਰੀ ਉੱਤੇ ਕਾਈ ਦੇ ਬੂਝਿਆਂ ਓਹਲੇ ਉਨ੍ਹਾਂ ਧਾੜਵੀਆਂ ਨੂੰ ਨਾ ਦਿਸਿਆ ਪਰ ਮੈਂ ਆਪਣੇ ਘਰ ਦੇ ਸਾਰੇ ਜੀਆਂ ਦੀਆਂ ਮਰਦੇ ਸਮੇਂ ਦੀਆਂ ਦਰਦਨਾਕ ਕੂਕਾਂ-ਚੀਕਾਂ ਸਾਰੀਆਂ ਹੀ ਕੰਨੀ ਸੁਣੀਆਂ ਜੋ ਅੱਜ ਵੀ ਮੇਰੇ ਕੰਨਾਂ ਵਿਚ ਗੁੂੰਜਦੀਆਂ ਹਨ। ਮੈਂ ਚਾਹੁੰਦਾ ਹੋਇਆ ਵੀ ਕੁਝ ਨਾ ਕਰ ਸਕਿਆ ਜਿਸ ਦਾ ਮੈਨੂੰ ਅੱਜ ਵੀ ਬਹੁਤ ਅਫਸੋਸ ਤੇ ਸ਼ਰਮਿੰਦਗੀ ਵੀ ਏ। ਦੰਗਾਕਾਰੀਆਂ ਦੇ ਜਾਣ ਤੋਂ ਬਾਅਦ ਮੈਂ ਆਪਣੇ ਪਰਿਵਾਰਿਕ ਮੈਂਬਰਾਂ ਦੀਆਂ ਲਾਸ਼ਾਂ ਦੇ ਨੇੜੇ ਜਾ-ਜਾ ਕੇ ਸਭ ਨੂੰ ਦੇਖਿਆ ਜੋ ਬਿਆਨ ਨਹੀਂ ਕੀਤਾ ਜਾ ਸਕਦਾ। ਮੇਰੇ ਬਾਪੂ ਦਾ ਸਿਰ ਧੜ ਤੋਂ ਅਲੱਗ ਹੋਇਆ ਪਿਆ ਸੀ, ਮੇਰੀ ਮਾਂ ਦੇ ਸੀਨੇ ਉੱਤੇ ਬਹੁਤ ਡੂੰਘਾ ਫੱਟ ਲੱਗਿਆ ਹੋਇਆ ਸੀ, ਮੇਰੀ ਭੈਣ ਤੇ ਭਰਾਵਾਂ ਦੇ ਵੀ ਕਈ ਅੰਗ ਸਰੀਰ ਤੋਂ ਅਲੱਗ ਪਏ ਹੋਏ ਸਨ, ਮੇਰੀ ਪਤਨੀ ਸੁਰਜੀਤ ਕੌਰ ਜੋ ਇਕ ਪਾਸੇ ਪਈ ਹੋਈ ਸੀ, ਦੇ ਪੇਟ ਦੇ ਤਲਵਾਰ ਆਰ-ਪਾਰ ਲੰਘ ਗਈ ਲੱਗ ਰਹੀ ਸੀ। ਜੀਅ ਤਾਂ ਕਰਦਾ ਸੀ ਕਿ ਪਰਮਾਤਮਾ ਮੈਨੂੰ ਇਥੇ ਹੀ ਮੌਤ ਦੇ ਦੇਵੇ ਜਾਂ ਧਰਤੀ ਪਾਟ ਜਾਵੇ ਤੇ ਮੈਂ ਆਪਣੇ ਪਰਿਵਾਰ ਦੀਆਂ ਲਾਸ਼ਾਂ ਸਮੇਤ ਇਸ ਧਰਤੀ ਵਿਚ ਸਮਾ ਜਾਵਾਂ ਪਰ ਜਦੋਂ ਹਾਲਾਤ ਮਾੜੇ ਤੇ ਅਣਸੁਖਾਵੇਂ ਹੋਣ ਤਾਂ ਇਹੋ ਜਿਹੇ ਤਸੀਹੇ ਤੇ ਸਦਮੇ ਸਹਿਣੇ ਹੀ ਪੈਂਦੇ ਨੇ। ਮੈਂ ਰੋਂਦੇ-ਕੁਰਲਾਉਂਦੇ ਨੇ ਆਪਣੇ ਪਰਿਵਾਰ ਦੇ ਸਾਰੇ ਜੀਆਂ ਦੀਆਂ ਲਾਸ਼ਾਂ ਇਕ-ਇਕ ਕਰ ਕੇ ਆਪਣੇ ਹੱਥੀਂ ਰਾਵੀ ਵਿਚ ਵਹਾਅ ਦਿੱਤੀਆਂ ਤੇ ਰਾਵੀ ਕਿਨਾਰੇ ਹੀ ਮਾਤਮ ਵਿਚ ਬੈਠ ਗਿਆ।

ਪਿੱਛੋਂ ਹਿਜਰਤ ਕਰ ਕੇ ਹਿੰਦੋਸਤਾਨ ਆ ਰਹੇ ਕੁਝ ਪਰਿਵਾਰਾਂ ਦੇ ਨਾਲ-ਨਾਲ ਮੈਂ ਵੀ ਅੱਖਾਂ ਵਿਚ ਹੰਝੂਆਂ ਦਾ ਹੜ੍ਹ ਲਈ ਤੇ ਸਿਰ ਉੱਤੇ ਦੁੱਖਾਂ-ਦਰਦਾਂ ਦੀ ਪੰਡ ਚੁੱਕ ਕਿਸੇ ਨਾ ਕਿਸੇ ਤਰੀਕੇ ਰਾਵੀ ਪਾਰ ਕਰ ਆਇਆ। ਉਹ ਪਿੱਛੋਂ ਆਇਆ ਕਾਫ਼ਲਾ ਪਹਿਲਾਂ ਤੋਂ ਹੀ ਹਿੰਦੋਸਤਾਨ ਰਹਿੰਦੇ ਆਪਣੇ ਰਿਸ਼ਤੇਦਾਰਾਂ ਦੇ ਪਿੰਡ ਵੱਲ ਨੂੰ ਕੂਚ ਕਰ ਗਿਆ ਮੈਂ ਕਿਸਮਤ ਦਾ ਮਾਰਿਆ ਭੁੱਖਾ-ਭਾਣਾ ਸਾਰਾ ਦਿਨ ਤੁਰਿਆ ਹੀ ਰਿਹਾ। ਸ਼ਾਮ ਢਲੀ ਤੋਂ ਕਿਸੇ ਛੱਤ ਦਾ ਆਸਰਾ ਲੈਣ ਲਈ ਇਕ ਪਿੰਡ ਦੇ ਪਿੰਡੋਂ ਬਾਹਰਵਾਰ ਪੈਂਦੇ ਇਕ ਛੋਟੇ ਜਿਹੇ ਘਰ ਵਿਚ ਜਾ ਵੜਿਆ ਜੋ ਵੇਖਣ ਤੋਂ ਕਿਸੇ ਉੱਜੜ ਚੁੱਕੇ ਮੁਸਲਮਾਨ ਪਰਿਵਾਰ ਦਾ ਲਗਦਾ ਸੀ। ਅੰਦਰ ਵੜਿਆ ਤਾਂ ਉਹ ਹੀ ਮੰਜ਼ਰ ਦੇਖਿਆ ਜੋ ਰਾਵੀ ਤੋਂ ਪਾਰ ਆਪਣੇ ਪਰਿਵਾਰ ਨਾਲ ਵਾਪਰਿਆ ਦੇਖ ਕੇ ਆਇਆ ਸੀ ਪਰ ਇਕ ਦੁੱਖ ਇਸ ਤੋਂ ਵੀ ਅੱਗੇ ਦਾ ਸੀ ਜੋ ਦਿਲ ਚੀਰ ਦੇਣ ਵਾਲਾ ਸੀ। ਪੰਜ ਲਾਸ਼ਾਂ ਪਈਆਂ ਹੋਈਆਂ ਸਨ ਅਤੇ ਇਕ ਔਰਤ ਜੋ ਅਰਧ ਨਗਨ ਹਾਲਤ ਵਿਚ ਮਰਿਆਂ ਵਾਂਗ ਪਈ ਹੋਈ ਸੀ ਪਰ ਉਹ ਜ਼ਿੰਦਾ ਮਹਿਸੂਸ ਹੋ ਰਹੀ ਸੀ ਅਤੇ ਇੰਜ ਲੱਗ ਰਿਹਾ ਸੀ ਜਿਵੇਂ ਉਹ ਕਿਸੇ ਵਹਿਸ਼ੀ ਦਰਿੰਦਿਆਂ ਦੀ ਦਰਿੰਦਗੀ ਦਾ ਸ਼ਿਕਾਰ ਹੋਈ ਹੋਵੇ। ਉਸਦੀ ਛਾਤੀ ਉੱਤੇ ਇਕ ਡੇਢ ਕੁ ਸਾਲ ਦਾ ਬੱਚਾ ਲੇਟਿਆ ਹੋਇਆ ਸੀ ਹੈਅ ਉਹ ਵੀ ਜਿਉਂਦਾ ਸੀ ਪਰ ਰੋ-ਰੋ ਕੇ ਬੇਹੋਸ਼ ਹੋ ਚੁੱਕਾ ਸੀ, ਜ਼ਾਹਿਰ ਤੌਰ ’ਤੇ ਇਹ ਮੁਸਲਮਾਨ ਪਰਿਵਾਰ ਵੀ ਏਧਰਲੇ ਜਨੂੰਨੀ ਤੇ ਕੱਟੜਵਾਦੀਆਂ ਦੀ ਨਫ਼ਰਤ ਦੀ ਅੱਗ ਦੇ ਭੇਟ ਚੜ੍ਹਿਆ ਹੋਇਆ ਸੀ ਪਰ ਇਥੇ ਬਚੇ ਹੋਏ ਦੋਹਾਂ ਜੀਆਂ ਨੂੰ ਬਚਾਉਣਾ ਮੇਰਾ ਫ਼ਰਜ਼ ਹੀ ਨਹੀਂ ਸੀ ਬਲਕਿ ਜੀਵਨ ਦਾ ਮਕਸਦ ਤੇ ਧਰਮ ਵੀ ਸੀ। ਸ਼ਾਇਦ ਇਸੇ ਕਰਕੇ ਓਸ ਵਾਹਿਗੁਰੂ ਨੇ ਮੈਨੂੰ ਆਪਣੇ ਪਰਿਵਾਰ ਵਿੱਚੋਂ ਇਕੱਲੇ ਨੂੰ ਹੀ ਬਚਾਇਆ ਲੱਗਦਾ ਸੀ। ਮੇਰੇ ਅੰਦਰ ਇਨਸਾਨੀਅਤ ਦਾ ਲਾਵਾ ਫੁੱਟਿਆ ਅਤੇ ਮੈਂ ਅੱਖਾਂ ਬੰਦ ਕਰ ਕੇ ਓਸ ਰੱਬ ਨੂੰ ਯਾਦ ਕੀਤਾ ਕਿ ‘‘ਹੇ ਵਾਹਿਗੁਰੂ’’ ਮੈਨੂੰ ਸ਼ਕਤੀ ਦੇ ਮੈਂ ਇਹ ਮਾਂ ਪੁੱਤਰ ਦੀ ਜਾਨ ਬਚਾ ਸਕਾਂ।

ਮੈਂ ਕਮਰੇ ਅੰਦਰ ਮਟਕੇ ਵਿਚ ਪਿਆ ਪਾਣੀ ਕੋਲ ਹੀ ਪਏ ਕੌਲੇ ਨਾਲ ਉਸ ਔਰਤ ਅਤੇ ਬੱਚੇ ਦੇ ਮੂੰਹ ਵਿਚ ਪਾਇਆ ਤਾਂ ਪਰਮਾਤਮਾ ਨੇ ਕਿ੍ਰਸ਼ਮਾ ਕੀਤਾ ਔਰਤ ਕੁਝ ਹਿੱਲੀ। ਮੈਂ ਉਸਦੇ ਸਰੀਰ ਉੱਤੇ ਨੇੜੇ ਪਈ ਚਾਦਰ ਦਿੱਤੀ। ਉਸਦੇ ਪੈਰਾਂ ਦੀਆਂ ਤਲੀਆਂ ਝੱਸੀਆਂ ਉਹ ਜਲਦੀ ਹੀ ਹੋਸ਼ ਵਿਚ ਆ ਗਈ ਉਸਨੇ ਆਪਣੇ ਬੱਚੇ ਨੂੰ ਆਪਣੀ ਛਾਤੀ ਨਾਲ ਘੁੱਟਿਆ ਤੇ ਬੱਚਾ ਵੀ ਹਰਕਤ ਕਰਨ ਲੱਗ ਪਿਆ। ਉਸਨੇ ਆਪਣੇ ਪਰਿਵਾਰ ਦੀਆਂ ਲਾਸ਼ਾਂ ਵੱਲ ਵੇਖਿਆ ਤੇ ਜਲਦੀ ਹੀ ਸਾਰੀ ਗੱਲ ਸਮਝ ਗਈ। ਮੈਂ ਉਸ ਨੂੰ ਜਲਦੀ-ਜਲਦੀ ਆਪਣੇ ਬਾਰੇ ਅਤੇ ਆਪਣੇ ਉੱਤੇ ਗੁਜ਼ਰੀ ਕਹਾਣੀ ਸੰਖੇਪ ਸ਼ਬਦਾਂ ਵਿਚ ਦੱਸ ਦਿੱਤੀ ਅਤੇ ਉਸਨੂੰ ਆਪਣੀ ਅਤੇ ਉਸ ਬੱਚੇ ਦੀ ਜਾਨ ਬਚਾਉਣ ਲਈ ਇੱਥੋਂ ਕਿਤੇ ਹੋਰ ਮਹਿਫੂਜ਼ ਜਗ੍ਹਾ ’ਤੇ ਜਾਣ ਲਈ ਰਾਜ਼ੀ ਕਰ ਲਿਆ ਪਰ ਉਸਨੇ ਮੇਰੇ ਸਾਹਮਣੇ ਆਪਣੇ ਪਰਿਵਾਰ ਨੂੰ ਦਫ਼ਨਾਉਣ ਦੀ ਸ਼ਰਤ ਰੱਖੀ, ਮੈਂ ਉਸਨੂੰ ਸਮਝਾਇਆ ਕਿ ‘‘ਇਹ ਜੀਅ ਮਰ ਚੁੱਕੇ ਹਨ ਜੇਕਰ ਅਸੀਂ ਇਨ੍ਹਾਂ ਦੀਆਂ ਅੰਤਿਮ ਰਸਮਾਂ ਵਿਚ ਪੈ ਗਏ ਤਾਂ ਸ਼ਾਇਦ ਅਸੀਂ ਆਪਣੀ ਵੀ ਜਾਨ ਗੁਆ ਲਵਾਂਗੇ’’ ਕਿਉਂਕਿ ਬਾਰਡਰ ਦੇ ਨਜ਼ਦੀਕ ਹੋਣ ਕਰਕੇ ਲੁੱਟਾਂ-ਖੋਹਾਂ ਕਰਨ ਵਾਲੇ ਤੇ ਇੱਜ਼ਤਾਂ ਲੁੱਟਣ ਵਾਲੇ ਸਿਰ ਫਿਰੇ ਲੋਕ ਹਰਲ-ਹਰਲ ਫਿਰ ਰਹੇ ਸਨ। ਮੇਰੀ ਮੰਨਸ਼ਾ ਬਿਲਕੁੱਲ ਸਾਫ਼ ਸੀ ਤੇ ਸਾਫ਼ ਮੰਨਸ਼ਾ ਵਿਚ ਉਹ ਅਕਾਲ ਪੁਰਖ ਆਪ ਸਹਾਈ ਹੁੰਦਾ ਹੈ। ਬੇਸ਼ੱਕ ਉਹ ਔਰਤ ਕਿਸੇ ਵੀ ਸੂਰਤ ਵਿਚ ਆਪਣੇ ਪਰਿਵਾਰਿਕ ਮੈਂਬਰਾਂ ਦੀਆਂ ਲਾਸ਼ਾਂ ਨੂੰ ਇਸ ਤਰ੍ਹਾਂ ਕਾਵਾਂ-ਕੁੱਤਿਆਂ ਲਈ ਛੱਡ ਕੇ ਨਹੀਂ ਜਾਣਾ ਚਾਹੁੰਦੀ ਸੀ ਪਰ ‘‘ਮਰਿਆਂ ਨਾਲ ਮਰਿਆ ਨਹੀਂ ਜਾ ਸਕਦਾ’’ ਮੇਰੇ ਇਹ ਗੱਲ ਸਮਝਾਉਣ ’ਤੇ ਉਹ ਮੇਰੀ ਗੱਲ ਨਾਲ ਸਹਿਮਤ ਹੋ ਗਈ ਤੇ ਮੇਰੇ ਨਾਲ ਹੋ ਤੁਰੀ।

ਮੈਂ ਉਨ੍ਹਾਂ ਦੋਵੇਂ ਮਾਂ ਪੁੱਤ ਨੂੰ ਨਾਲ ਲੈ ਕੇ ਓਥੋਂ ਨਿਕਲ ਤੁਰਿਆ ਅਤੇ ਰਾਤ ਭਰ ਤੁਰਿਆ ਹੀ ਰਿਹਾ ਵਿਚ-ਵਿਚ ਬੱਚਾ ਮੈਂ ਵੀ ਚੁੱਕ ਲੈਂਦਾ। ਰਾਤ ਭਰ ਅਸੀਂ ਚੁੱਪ-ਚਾਪ ਤੁਰਦੇ-ਤੁਰਦੇ ਬਾਰਡਰ ਤੋਂ ਕਾਫੀ ਦੂਰ ਨਿਕਲ ਆਏ ਜਿਵੇਂ ਉਸ ਪਰਮਾਤਮਾ ਨੇ ਸੱਚਮੁੱਚ ਹੀ ਕਿ੍ਰਪਾ ਕੀਤੀ ਹੋਵੇ ਰਸਤੇ ਵਿਚ ਕਿਤੇ ਕੋਈ ਅੜਚਨ ਨਾ ਆਈ, ਹਾਂ ਭੁੱਖ ਨਾਲ ਸਾਡਾ ਤਿੰਨਾਂ ਦਾ ਬੁਰਾ ਹਾਲ ਸੀ ਅਸੀਂ ਦਿਨ ਦੇ ਚੜਾਅ ਨਾਲ ਇਕ ਪਿੰਡ ਦੇ ਕੋਲ ਪੈਂਦੀ ਇਕ ਪੀਰ ਦੀ ਮਜ਼ਾਰ ਉਤੇ ਆ ਰੁਕੇ ਜਿੱਥੇ ਇਕ ਸੇਵਾਦਾਰ ਸਾਫ਼ ਸਫ਼ਾਈ ਕਰ ਕੇ ਆਪਣੇ ਪੀਰੋ-ਮੁਰਸ਼ਦ ਦੀ ਫੋਟੋ ਅੱਗੇ ਧੂਫ਼ਬੱਤੀ ਕਰ ਰਿਹਾ ਸੀ। ਅਸੀਂ ਉਸ ਨੂੰ ਜਾ ਬੇਨਤੀ ਕੀਤੀ ਕਿ ‘‘ਬਾਬਾ ਜੀ ਬੱਚਾ ਕੱਲ੍ਹ ਦਾ ਭੁੱਖਾ ਹੈ ਦੋ ਘੁੱਟ ਦੁੱਧ ਮਿਲ ਜਾਵੇ ਤਾਂ ਬਹੁਤ ਮਿਹਰਬਾਨੀ ਹੋਵੇਗੀ’’।

‘‘ਠੀਕ ਹੈ, ਪਰ ਤੁਸੀਂ ਕੌਣ ਹੋ ਭਗਤੋ?

‘‘ਕਿੱਥੋਂ ਆਏ ਹੋ?’’

ਮੈਂ ਕੁਝ ਬੋਲਦਾ ਉਹ ਔਰਤ ਪਹਿਲਾਂ ਹੀ ਬੋਲ ਪਈ,

‘‘ਜੀ ਇਹ ਮੇਰੇ ਪਤੀ ਨੇ ਤੇ ਇਹ ਸਾਡਾ ਬੱਚਾ ਏ ਅਸੀਂ ਪਾਕਿਸਤਾਨ ਤੋਂ ਉਜੜ ਕੇ ਆਏ ਹਾਂ’’

‘‘ਓ ਮੇਰੇ ਅੱਲ੍ਹਾ ਓ ਮੇਰੇ ਅੱਲ੍ਹਾ’’ ਇਸ ਖ਼ਲਕਤ ਦੀ ਮੱਤ-ਪੱਤ ਦੀ ਆਪ ਰਾਖੀ ਕਰੋ ਓਸ ਫੱਕਰ ਸੇਵਾਦਾਰ ਨੇ ਦੋਵੇਂ ਹੱਥ ਉੱਪਰ ਨੂੰ ਚੁੱਕ ਅੱਲ੍ਹਾ ਅੱਗੇ ਦੁਆ ਕੀਤੀ।

ਉਸ ਫ਼ੱਕਰ ਨੇ ਜਲਦੀ ਨਾਲ ਅੱਗ ਬਾਲੀ ਤੇ ਰਾਤ ਦਾ ਪਿਆ ਹੋਇਆ ਦੁੱਧ ਗਰਮ ਕੀਤਾ ਜੋ ਓਸ ਫੱਕਰ ਸੇਵਾਦਾਰ ਨੇ ਬੱਚੇ ਨੂੰ ਵੀ ਪੀਣ ਲਈ ਦਿੱਤਾ, ਸਾਨੂੰ ਵੀ ਪਿਆਇਆ ਤੇ ਆਪ ਵੀ ਪੀਤਾ। ਹੁਣ ਅਸੀਂ ਸਰੀਰਕ ਤੌਰ ’ਤੇ ਕੁਝ ਬਲ ਵਿਚ ਆ ਚੁੱਕੇ ਸੀ ਬੇਸ਼ੱਕ ਸੀਨੇ ਵਿਚ ਜ਼ਖਮ ਹੀ ਜ਼ਖ਼ਮ ਸਨ।

ਫ਼ੱਕਰ ਨੇ ਪੁੱਛਿਆ, ‘‘ਹੁਣ ਅੱਗੇ ਜਾਣਾ ਕਿੱਥੇ ਹੈ ਭਗਤੋ?

‘‘ਮਹਾਂਪੁਰਸ਼ੋ ਕੋਈ ਠਿਕਾਣਾ ਨਹੀਂ’’, ਮੈਂ ਬੋਲਿਆ।

‘‘ਜੇਕਰ ਮੈਂ ਤੁਹਾਨੂੰ ਇਸੇ ਪਿੰਡ ਹੀ ਰਹਿਣ ਲਈ ਕੋਈ ਜਗ੍ਹਾ ਦੁਆ ਦੇਵਾਂ ਤਾਂ ਰਹਿ ਲਵੋਗੇ’’?

‘‘ਜ਼ਰੂਰ ਮਹਾਂਪੁਰਸ਼ੋ, ਇਸ ਤੋਂ ਉੱਪਰ ਸਾਡੇ ਕਰਮਾਂ ਮਾਰਿਆਂ ਉੱਤੇ ਹੋਰ ਕੀ ਅਹਿਸਾਨ ਹੋ ਸਕਦਾ ਹੈ’’।

ਓਸ ਰੱਬ ਦੇ ਦੂਤ ਨੇ ਸਾਨੂੰ ਇਸੇ ਪਿੰਡ ਵਿੱਚੋਂ ਉੱਜੜ ਕੇ ਜਾ ਚੁੱਕੇ ਕਿਸੇ ਮੁਸਲਮਾਨ ਪਰਿਵਾਰ ਦਾ ਘਰ ਪਿੰਡ ਦੇ ਮੋਹਤਬਰ ਵਿਅਕਤੀਆਂ ਨਾਲ ਗੱਲਬਾਤ ਕਰ ਕੇ ਦੁਆ ਦਿੱਤਾ।

ਪਹਿਲੀ ਰਾਤ ਮੈਂ ਆਪਣੇ ਦੁੱਖਾਂ ਦੀ ਦਾਸਤਾਨ ਪੂਰੇ ਵਿਸਥਾਰ ਨਾਲ ਉਸ ਔਰਤ ਨੂੰ ਦੱਸੀ ਜਿਸ ਨਾਲ ਉਸ ਨੂੰ ਲੱਗਿਆ ਕਿ ਅਸੀਂ ਦੋਵੇਂ ਇਕੋ ਹੀ ਤਰ੍ਹਾਂ ਦੀ ਦਰਿੰਦਗੀ ਦੇ ਸ਼ਿਕਾਰ ਹਾਂ। ਮੈਂ ਉਸ ਔਰਤ ਨੂੰ ਪੁੱਛਿਆ ਕਿ ਉਸ ਪੀਰ ਦੀ ਦਰਗਾਹ ’ਤੇ ਉਸਨੇ ਮੈਨੂੰ ਆਪਣਾ ਪਤੀ ਡਰਦੇ ਮਾਰੇ ਦੱਸਿਆ ਸੀ ਜਾਂ--

ਅਧੂਰੀ ਗੱਲ ਨੂੰ ਪੂਰਾ ਕਰਦੀ ਉਹ ਫੱਟ ਦੇਣੇ ਬੋਲੀ, “ਸਰਦਾਰਾ, ਜਦੋਂ ਉਸ ਅੱਲ੍ਹਾ ਤਾਲਾ ਨੇ ਹੀ ਮੇਰੀ ਅਤੇ ਮੇਰੇ ਬੱਚੇ ਦੀ ਜਾਨ ਤੇਰੇ ਹੱਥ ਦੇ ਦਿੱਤੀ ਸੀ ਤੇ ਮੈਂ ਕੌਣ ਹੁੰਦੀ ਹਾਂ ਉਸ ਤੋਂ ਮੂੰਹ ਫੇਰਨ ਵਾਲੀ ਸੋ ਹੁਣ ਤੂੰ ਮੇਰਾ ਸਭ ਕੁਝ ਏਂ। ਹਾਂ, ਆ ਇਕ ਵਾਅਦਾ ਕਰੀਏ ਕਿ ਅੱਜ ਤੋਂ ਬਾਅਦ ਇਹ ਰਾਜ਼ ਅਸੀਂ ਕਿਸੇ ਨੂੰ ਨਹੀਂ ਦੱਸਾਂਗੇ ਕਿ ਅਸੀਂ ਇਸ ਤਰ੍ਹਾਂ ਜੀਵਨ ਸਾਥੀ ਬਣੇ ਹਾਂ’’।

ਮੈਂ ਉਸਦੀ ਹਾਂ ਵਿਚ ਹਾਂ ਮਿਲਾਉਂਦੇ ਹੋਏ ਉਸਨੂੰ ਅੱਜ ਤੋਂ ਸੁਰਜੀਤ ਕੌਰ ਦੇ ਨਾਂ ਨਾਲ ਬੁਲਾਉਣ ਲਈ ਵੀ ਦੱਸ ਦਿੱਤਾ ਜਿਸ ਦਾ ਮਤਲਬ ਉਹ ਭਲੀਭਾਂਤ ਸਮਝ ਗਈ ਸੀ। ਜਿਸ ’ਤੇ ਉਸਨੇ ਸਿਰ ਹਿਲਾ ਕੇ ਮੈਨੂੰ ਪੂਰਨ ਪ੍ਰਵਾਨਗੀ ਦੇ ਦਿੱਤੀ। ਫਿਰ ਅਸੀਂ ਉਸ ਘਰ ਵਿਚ ਪੱਕੇ ਤੌਰ ’ਤੇ ਰਹਿਣਾ ਸ਼ੁਰੂ ਕਰ ਦਿੱਤਾ। ਸੁਰਜੀਤ ਕੌਰ ਨੇ ਦਿਨਾਂ ਵਿਚ ਹੀ ਘਰ ਨੂੰ ਸੰਵਾਰ ਲਿਆ ਤੇ ਰੋਟੀ ਰੋਜ਼ੀ ਦੇ ਆਹਰ ਵਿਚ ਮਸਰੂਫ਼ ਹੋ ਗਏ। ਅਸੀਂ ਦੋਵੇਂ ਬੱਚੇ ਦੀ ਪਰਵਰਿਸ਼ ਵਿਚ ਪੂਰੀ ਤਰ੍ਹਾਂ ਮਗਨ ਹੋ ਗਏ।

ਦੁਨੀਆ ਵਿਚ ਆਪਣੇ ਵਰਗੇ ਹੋਰ ਕਿੰਨੇ ਲੋਕਾਂ ਨੂੰ ਰਹਿੰਦਿਆਂ ਵੇਖ ਦੁੱਖ ਕੁਝ ਘਟਣ ਲੱਗਾ। ਮੈਂ ਸਰੀਰੋਂ ਵਾਹਵਾ ਸਡੌਲ ਹੋਣ ਕਰਕੇ ਪਿੰਡ ਵਿਚ ਹੀ ਮਿਹਨਤ ਮਜ਼ਦੂਰੀ ਕਰਨ ਲੱਗ ਪਿਆ। ਹੌਲੀ-ਹੌਲੀ ਮੈਂ ਸਾਰੇ ਇਲਾਕੇ ਦਾ ਜਾਣੂ ਹੋ ਗਿਆ ਤੇ ਜਲਦੀ ਹੀ ਲੋਕ ਵੀ ਮੈਨੂੰ ਤੇ ਮੇਰੀ ਨੇਕ ਨੀਅਤ ਨਾਲ ਕੀਤੀ ਮਿਹਨਤ ਨੂੰ ਜਾਣਨ ਲੱਗ ਪਏ। ਓਧਰ ਉਸ ਔਰਤ ਨੇ ਮੈਨੂੰ ਧੁਰ ਅੰਦਰ ਤਕ ਜਾਣ ਲਿਆ ਸੀ ਤੇ ਸਚਮੁੱਚ ਹੀ ਮੈਨੂੰ ਦਿਲ ਤੋਂ ਆਪਣਾ ਪਤੀ ਸਵੀਕਾਰ ਕਰ ਲਿਆ ਸੀ। ਅਸੀਂ ਸਮਾਜ ਵਿਚ ਪਤੀ-ਪਤਨੀ ਵਾਂਗ ਪੂਰੀ ਤਰ੍ਹਾਂ ਵਿਚਰਨਾ ਸ਼ੁਰੂ ਕਰ ਦਿੱਤਾ। ਮੈਂ ਉਸ ਨੂੰ ਸੁਰਜੀਤ ਕੌਰ ਦੇ ਨਾਂ ਨਾਲ ਬੁਲਾਉਂਦਾ ਤੇ ਉਹ ਮੈਨੂੰ ਸਰਦਾਰ ਜੀ ਕਹਿ ਕੇ ਬੁਲਾਉਂਦੀ, ਜੋ ਮੈਨੂੰ ਬਹੁਤ ਚੰਗਾ ਲੱਗਦਾ। ਉਸਨੇ ਆਪਣਾ ਸਾਰਾ ਜੀਵਨ ਮੈਨੂੰ ਸੁਰਜੀਤ ਕੌਰ ਬਣ ਕੇ ਹੀ ਦੱਸਿਆ ਤੇ ਦਿਲ ਔਰ ਜਾਨ ਤੋਂ ਮੇਰਾ ਅੰਤਿਮ ਸਾਹਾਂ ਤਕ ਸਾਥ ਦਿੱਤਾ।

ਵਕਤ ਆਪਣੀ ਚਾਲੇ ਚੱਲਦਾ ਗਿਆ ਪਰ ਸਾਡੇ ਘਰ ਹੋਰ ਔਲਾਦ ਪੈਦਾ ਨਹੀਂ ਹੋਈ ਸ਼ਾਇਦ ਇਸ ਵਿਚ ਵੀ ਕੋਈ ਉਸ ਪਰਮਾਤਮਾ ਦੀ ਹੀ ਰਮਜ਼ ਹੋਵੇਗੀ ਕਿ ਬੱਚੇ ਦੇ ਜੀਵਨ ਵਿਚ ਕਿਸੇ ਕਿਸਮ ਦੀ ਕੋਈ ਰੁਕਾਵਟ ਖੜ੍ਹੀ ਨਾ ਹੋ ਜਾਵੇ। ਸੁਰਜੀਤ ਕੌਰ ਮੇਰੇ ਨਾਲ ਜ਼ਿੰਦਗੀ ਦਾ ਸੰਘਰਸ਼ ਕਰਦੀ-ਕਰਦੀ ਉਹ ਬੱਚਾ ਮੇਰੇ ਹਵਾਲੇ ਕਰ ਕੇ ਮੇਰਾ ਸਾਥ ਸਦਾ ਲਈ ਛੱਡ ਕੇ ਰੱਬ ਨੂੰ ਪਿਆਰੀ ਹੋ ਗਈ। ਮੈਂ ਆਪਣਾ ਧਰਮ ਨਿਭਾਇਆ ਉਸ ਬੱਚੇ ਨੂੰ ਆਪਣਾ ਹੀ ਪੁੱਤ ਸਮਝ ਕੇ ਉਸ ਦੀਆਂ ਸਾਰੀਆਂ ਰੀਝਾਂ ਪੂਰੀਆਂ ਕੀਤੀਆਂ ਅਤੇ ਕਿਤੇ ਵੀ ਮਨ ਵਿਚ ਰਤਾ ਭਰ ਖੋਟ ਨਾ ਆਉਣ ਦਿੱਤੀ। ਉਸ ਬੱਚੇ ਨੇ ਵੀ ਮੇਰੀ ਮਿਹਨਤ ਅਤੇ ਤਪੱਸਿਆ ਦਾ ਪੂਰਾ ਮੁੱਲ ਮੋੜਿਆ ਤੇ ਅੱਜ ਉਹ ਬੱਚਾ ਪੜ੍ਹ ਲਿਖ ਕੇ ਸਰਕਾਰੀ ਅਫ਼ਸਰ ਬਣਿਆ ਮੇਰੇ ਸਾਹਮਣੇ ਖੜ੍ਹਾ ਮਿਹਰਦੀਪ ਸਿੰਘ ਏ’’।

ਬਾਪੂ...!

ਪੁੱਤਰ ਦੀਆਂ ਅੱਖਾਂ ਟੱਡੀਆਂ ਹੀ ਰਹਿ ਗਈਆਂ।

‘‘ਹਾਂ ਪੁੱਤਰ, ਬੇਸ਼ੱਕ ਤੂੰ ਮੇਰਾ ਖ਼ੂਨ ਨਹੀਂ ਸੀ ਪਰ ਮੇਰੀ ਜ਼ਿੰਦਗੀ ਦਾ ਆਉਂਦਾ-ਜਾਂਦਾ ਸਾਹ ਸੀ, ਮੇਰੀ ਜ਼ਿੰਦਗੀ ਜੀਣ ਦਾ ਮਕਸਦ ਸੀ, ਮੇਰੀ ਉਮੀਦ ਸੀ।

ਅੱਜ ਮੈਂ ਸੁਰਜੀਤ ਕੌਰ ਨਾਲ ਕੀਤੇ ਰਾਜ਼ ਨਾ ਖੋਲ੍ਹਣ ਦੇ ਵਾਅਦੇ ਨੂੰ ਤੋੜ ਕੇ ਤੈਨੂੰ ਇਸ ਲਈ ਵੀ ਹਕੀਕਤ ਦੱਸ ਰਿਹਾ ਹਾਂ ਕਿ ਜ਼ਿੰਦਗੀ ਦੇ ਸਫ਼ਰ ਦਾ ਕੋਈ ਭਰੋਸਾ ਨਹੀਂ ਕਦੋਂ ਕਿੱਥੇ ਖ਼ਤਮ ਹੋ ਜਾਵੇ ਤੇ ਮੇਰੇ ਮਰਨ ਤੋਂ ਬਾਅਦ ਤੈਨੂੰ ਸਾਡੇ ਜੀਵਨ ਦੀ ਸੱਚਾਈ ਕਿਤੋਂ ਬਾਹਰੋਂ ਪਤਾ ਲੱਗਣ ’ਤੇ ਮੇਰੇ ਤੇ ਸੁਰਜੀਤ ਕੌਰ ਉੱਤੇ ਕੋਈ ਗਿਲਾ ਨਾ ਰਹੇ, ਸੋ ਸਾਨੂੰ ਮਾਫ਼ ਕਰੀਂ ਪੁੱਤਰਾ ਅਸੀਂ ਤੈਨੂੰ ਸਾਰੀ ਉਮਰ ਸੱਚਾਈ ਨਹੀਂ ਦੱਸੀ।

ਪੂਰੀ ਦਰਦ ਕਹਾਣੀ ਆਪਣੇ ਪੁੱਤਰ ਮਿਹਰਦੀਪ ਸਿੰਘ ਨੂੰ ਦੱਸਦਿਆਂ ਇਹ ਵਾਅਦਾ ਵੀ ਲਿਆ ਕਿ ਇਹ ਸਾਰੀ ਕਹਾਣੀ ਉਹ ਆਪਣੀ ਪਤਨੀ ਤੇ ਬੱਚਿਆਂ ਨਾਲ ਕਦੇ ਵੀ ਸਾਂਝੀ ਨਹੀਂ ਕਰੇਗਾ।

ਆਪਣੇ ਬਾਪੂ ਤੋਂ ਇਹ ਸਾਰੀ ਦਰਦ ਕਹਾਣੀ ਸੁਣਨ ਤੋਂ ਬਾਅਦ ਹੁਣ ਮਿਹਰਦੀਪ ਦੀਆਂ ਨਜ਼ਰਾਂ ਵਿਚ ਸੰਸਾਰ ਸਿੰਘ ਉਸਦਾ ਪਿਤਾ ਹੀ ਨਹੀਂ ਸਗੋਂ ਧਰਤੀ ਉੱਤੇ ਇਨਸਾਨ ਦੇ ਰੂਪ ਵਿਚ ‘‘ਜਿਉਂਦਾ-ਜਾਗਦਾ ਰੱਬ’’ ਲੱਗ ਰਿਹਾ ਸੀ।

- ਪ੍ਰਤਾਪ ਪਾਰਸ ਗੁਰਦਾਸਪੁਰੀ

Posted By: Harjinder Sodhi