ਘਰ ਵਿਚ ਵੀ ਉਹ ਬਹੁਤਾ ਸਮਾਂ ਚੁੱਪ ਹੀ ਰਹਿੰਦਾ ਪਰ ਮੋਤੀ ਨਾਲ ਲਾਡ ਲਡਾਉਂਦਾ ਰਹਿੰਦਾ। ਉਹਨੂੰ ਲੱਗਦਾ ਜਿਵੇਂ ਮੋਤੀ ਹੀ ਉਹਦਾ ਸਭ-ਕੁੱਝ ਹੋਵੇ।ਮਾਂ ਪੁੱਤ ਵੀ ਮਨਮੀਤ ਤੋਂ ਡਰਦੇ, ਚੁੱਪ ਦਾ ਮੋਟਾ ਜਿੰਦਰਾ ਸਦਾ ਆਪਣੇ ਮੂੰਹ ਨੂੰ ਲਾਈ ਰੱਖਦੇ। ਉਹਦੀ ਗ਼ੈਰ-ਹਾਜ਼ਰੀ ਵਿਚ, ਦੋਵੇਂ ਆਪਣੇ ਦੁੱਖ-ਸੁੱਖ ਵੰਡਦੇ ਤੇ ਉਹਦੇ ਕਤੂਰੇ ਦਾ ਖ਼ਿਆਲ ਵੀ ਰੱਖਦੇ। ਪਰ ਉਹਦੀ ਹਾਜ਼ਰੀ ਵਿਚ, ਇਕ ਦਰਦ ਭਰੀ ਚੁੱਪ ਸਦਾ ਉਸ ਘਰ ਵਿਚ ਪਸਰੀ ਰਹਿੰਦੀ।

ਪਤਨੀ ਲੋੜੀਂਦੀਆਂ ਚੀਜ਼ਾਂ ਤੇ ਪੁੱਤਰ ਦੀ ਫੀਸ ਦੀ ਪਰਚੀ, ਉਹਦੀ ਮੇਜ਼ ਉੱਪਰ ਰੱਖ ਦਿੰਦੀ ਅਤੇ ਮਿਸਟਰ ਐਕਸ ਵੀ, ਘਰ ਦਾ ਸਾਮਾਨ ਤੇ ਲੋੜੀਂਦੇ ਪੈਸੇ ਉਸੇ ਮੇਜ਼ ਉੱਪਰ ਧਰ ਛੱਡਦਾ।

ਹੁਣ ਨਾ ਘਰ ਵਿਚ ਲੜਾਈ ਸੀ, ਨਾ ਟੋਕਾ-ਟਕਾਈ ਅਤੇ ਨਾ ਹੀ ਮਾਰ ਕੁਟਾਈ ਪਰ ਇਕ ਤਣੀ ਹੋਈ ਖ਼ਾਮੋਸ਼ੀ ਸਦਾ ਘਰ ਵਿਚ ਹਾਵੀ ਰਹਿੰਦੀ।

ਬੀਤਦੇ ਹੋਏ ਸਮੇਂ ਨਾਲ ਮੋਤੀ ਦੀਆਂ ਲੱਤਾਂ ਉਪਰੋਂ, ਪਲੱਸਤਰ ਹਟ ਗਿਆ ਸੀ। ਉਹਦੀ ਚਮੜੀ ਉੱਪਰ ਨਰਮ ਵਾਲ ਉੱਗ ਆਏ ਸਨ, ਜਿਨ੍ਹਾਂ ਉੱਪਰ ਹੱਥ ਫੇਰ ਕੇ, ਉਨ੍ਹਾਂ ਦੇ ਰੇਸ਼ਮੀ ਹੋਣ ਦਾ ਭੁਲੇਖਾ ਪੈਂਦਾ ਤੇ ਓਧਰ ... ਉਹਦੇ ਪੁੱਤਰ ਦੀਆਂ ਮੁੱਛਾਂ ਦੇ ਨਾਲ-ਨਾਲ, ਅਲੂੰਈਂ ਜਿਹੀ ਦਾੜ੍ਹੀ ਵੀ ਉੱਤਰਨ ਲੱਗੀ ਸੀ।

ਮਨਮੀਤ, ਕੁੱਤੇ ਨੂੰ ਆਪਣੇ ਨਾਲ ਗਰਾਊਂਡ ਵਿਚ ਲੈ ਜਾਂਦਾ। ਉਹ ਇਕ ਗੇਂਦ ਨੂੰ ਦੂਰ ਸੁੱਟਦਾ, ਜਿਸ ਨੂੰ ਮੋਤੀ ਨੇ ਚੁੱਕ ਕੇ ਲਿਆਉਣਾ ਹੁੰਦਾ। ਕਦੇ ਕਦੇ, ਉਹ ਮੋਤੀ ਨਾਲ ਐਵੇਂ-ਮੁੱਚੀਂ ਘੁਲਦਾ ਰਹਿੰਦਾ। ਉਹ ਬਾਜ਼ਾਰੋਂ ਕੁੱਤਿਆਂ ਦੇ ਖਾਣ ਵਾਲੀਆਂ, ਕਈ ਪ੍ਰਕਾਰ ਦੀਆਂ ਚੀਜ਼ਾਂ ਦੇ ਪੈਕੇਟ ਲਿਆਉਂਦਾ। ਉਹਨੂੰ ਆਪਣੇ ਹੱਥੀਂ ਸ਼ੈਂਪੂ ਨਾਲ ਨਹਾਉਂਦਾ ਤੇ ਉਹਦੇ ਮੂੰਹੋਂ ਕੁੱਤੇ ਲਈ ਹਮੇਸ਼ਾ ; ਮੋਤੀ-ਪੁੱਤ ਹੀ ਨਿਕਲਦਾ।

ਇਕ ਵਾਰ ਮੋਤੀ ਨੂੰ ਪੇਟ ਦੀ ਸੋਜ਼ਿਸ਼ ਹੋ ਗਈ ਤਾਂ ਮਨਮੀਤ, ਜਿਵੇਂ ਆਪਣਾ ਖਾਣਾ-ਪੀਣਾ ਵੀ ਭੁੱਲ ਗਿਆ ਸੀ। ਸ਼ਹਿਰ ਦੇ ਸਭ ਤੋਂ ਚੰਗੇ ਡਾਕਟਰ ਕੋਲੋਂ ਉਸ ਦਾ ਇਲਾਜ ਕਰਵਾਇਆ ਗਿਆ ਤੇ ਦੋ ਰਾਤਾਂ ਉਹਨੇ, ਮੋਤੀ ਲਈ ਜਾਗ ਕੇ ਲੰਘਾਈਆਂ।

ਮੋਤੀ ਵੀ ਉਹਦਾ ਬੜਾ ਹੀ ਤੇਹ ਕਰਦਾ। ਉਹਦੇ ਦਫ਼ਤਰ ਜਾਣ ਵੇਲੇ ਗਲੀ ਦੇ ਮੋੜ ਤਕ, ਉਸ ਦੇ ਸਕੂਟਰ ਮਗਰ ਭੱਜਦਾ ਅਤੇ ਸ਼ਾਮ ਨੂੰ ਮੁੜਨ ਵੇਲੇ, ਸਦਾ ਉਸੇ ਗਲੀ ਦੇ ਮੋੜ ਉੱਤੇ, ਆ ਹਾਜ਼ਰ ਹੁੰਦਾ। ਜੇ ਕਦੇ ਇਕ ਦੋ ਦਿਨ ਉਹਨੂੰ ਬਾਹਰ ਜਾਣਾ ਪੈਂਦਾ ਤਾਂ ਮੋਤੀ ਉਦਾਸ ਰਹਿੰਦਾ।

ਇਕ ਦਿਨ, ਮਨਮੀਤ ਦਫ਼ਤਰ ਜਾਣ ਲਈ ਘਰੋਂ ਨਿਕਲਿਆ ਤਾਂ ਮੋਤੀ ਵੀ ਹਮੇਸ਼ਾ ਦੀ ਤਰ੍ਹਾਂ, ਉਹਦੇ ਮਗਰ ਭੱਜ ਤੁਰਿਆ। ਉਹ ਗਲੀ ਦਾ ਮੋੜ ਲੰਘ, ਵੱਡੀ ਸੜਕ ਉੱਪਰ ਚੜ੍ਹ ਗਿਆ ਪਰ ਮੋਤੀ ਪਿਛਾਂਹ ਨਾ ਮੁੜਿਆ।

ਉਹ ਸਕੂਟਰ ਦੇ ਬਰਾਬਰ ਭੱਜ ਰਿਹਾ ਸੀ। ਮਨਮੀਤ ਨੇ ਬੜੀ ਕੋਸ਼ਿਸ਼ ਕੀਤੀ, ਉਹਨੂੰ ਘਰ ਭੇਜਣ ਦੀ, ਪਰ ਅੱਜ ਤਾਂ ਜਿਵੇਂ ਮੋਤੀ ਉਹਦਾ ਕਹਿਣਾ ਨਹੀਂ ਸੀ ਮੰਨ ਰਿਹਾ। ਉਹਨੇ ਮੋਤੀ ਨੂੰ ਮੋੜਨ ਲਈ ਸੜਕ ’ਤੇ ਪਿਆ, ਅੱਧੀ ਇੱਟ ਦਾ ਰੋੜਾ ਚੁੱਕ, ਉਹਦੇ ਵੱਲ ਵਗਾਹ ਮਾਰਿਆ। ਮੋਤੀ ਤ੍ਰਭਕ ਕੇ, ਸੜਕ ਦੇ ਵਿਚਕਾਰ ਹੀ ਖੜ੍ਹ ਗਿਆ ਤੇ ਉਦੋਂ ਹੀ ...ਇਕ ਤੇਜ ਰਫ਼ਤਾਰ ਟਰੱਕ ਦੇ ਟਾਇਰ ਮੋਤੀ ਨੂੰ ਦਰੜ ਗਏ।

ਮਨਮੀਤ ਨੇ ਫੌਰਨ, ਲਪਕ ਕੇ ਮੋਤੀ ਨੂੰ ਗੋਦੀ ਵਿਚ ਚੁੱਕ ਲਿਆ। ਉਹ ਉਹਦੇ ਨਰਮ ਵਾਲਾਂ ਉੱਪਰ ਹੱਥ ਫੇਰਦਾ ਹੋਇਆ, ਉਹਦਾ ਨਾਂ ਲੈ ਪੁਕਾਰਨ ਲੱਗਾ , ਪਰ ਮੋਤੀ ਨੂੰ ਤਾਂ ਜਿਵੇਂ ਉਹਦਾ ਕੋਈ ਵੀ ਬੋਲ ਨਹੀਂ ਸੀ ਸੁਣ ਰਿਹਾ। ਉਹਨੂੰ ਲੈ ਕੇ ਮਿਸਟਰ ਐਕਸ, ਸਿੱਧਾ ਕੁੱਤਿਆਂ ਦੇ ਹਸਪਤਾਲ ਵੱਲ ਦੌੜ ਪਿਆ।

ਡਾਕਟਰ ਨੇ ਕੁੱਤੇ ਦੀ ਜਾਂਚ ਪਰਖ ਕੀਤੀ ਤੇ ਆਖਰ ਉਹਨੇ ਸਿਰ ਫੇਰ ਦਿੱਤਾ।

ਉਹਦਾ ਪਿਆਰਾ ਮੋਤੀ ਮਰ ਗਿਆ ਸੀ। ਉਹਦੀਆਂ ਅੱਖਾਂ ’ਚੋਂ ਹੰਝੂ ਟਪਕਣ ਲੱਗੇ। ਕੁਝ ਦੇਰ ਉਹ ਅਹਿਲ ਬੈਠਾ ਰਿਹਾ ਤੇ ਫੇਰ ਉਹਨੇ ਦਫ਼ਤਰ ਦੇ ਸੇਵਾਦਾਰ ਨੂੰ, ਫੋਨ ਕਰਕੇ ਬੁਲਾ ਲਿਆ।

ਮੋਤੀ ਲਈ ਉਹਨੇ, ਇਕ ਲਾਲ ਰੰਗ ਦਾ ਕੰਬਲ ਅਤੇ ਲੂਣ ਦਾ ਗੱਟਾ ਖ਼ਰੀਦਿਆ। ਉਹਨੇ, ਮੋਤੀ ਦੇ ਮੁਰਦਾ ਸਰੀਰ ਨੂੰ ਕੰਬਲ ਵਿਚ ਵਲ੍ਹੇਟਿਆ ਤੇ ਸਕੂਟਰ ਦੇ ਪਾਏਦਾਨ ਉੱਪਰ ਟਿਕਾ ਦਿੱਤਾ। ਸੇਵਾਦਾਰ ਨੂੰ ਲੂਣ ਦਾ ਗੱਟਾ ਸੰਭਾਲ, ਪਿੱਛੇ ਬਿਠਾਇਆ ਤੇ ਨਹਿਰ ਦੀ ਪਟੜੀ ’ਤੇ ਪਹੁੰਚ ਗਿਆ।

ਪਟੜੀ ਦੇ ਨਾਲ ਬਣੇ ਖਤਾਨਾਂ ਵਿਚ ਉਤਰ, ਫ਼ਸਲ ਨੂੰ ਪਾਣੀ ਲਾਉਂਦੇ ਜੱਟ ਤੋਂ ਉਹਨੇ ਕਹੀ ਫੜੀ। ਆਪਣੇ ਹੱਥੀਂ ਡੂੰਘਾ ਟੋਆ ਪੁੱਟਿਆ ਤੇ ਮੋਤੀ ਨੂੰ ਕੰਬਲ ਸਮੇਤ, ਉਹਦੇ ਵਿਚ ਟਿਕਾ ਦਿੱਤਾ। ਗੱਟਾ ਖੋਲ੍ਹ, ਸਾਰੇ ਦਾ ਸਾਰਾ ਲੂਣ ਉਹਨੇ ਮੋਤੀ ਉੱਪਰ ਉਲੱਦ ਦਿੱਤਾ ਤੇ ਫੇਰ ਟੋਆ ਪੂਰ, ਰੋਣ ਲੱਗਾ।

ਸੇਵਾਦਾਰ ਨੇ ਮੋਢਿਓਂ ਫੜ, ਆਪਣੇ ਸੁਪਰਡੈਂਟ ਨੂੰ ਉਠਾਇਆ ਤੇ ਦਫ਼ਤਰ ਜਾਣ ਲਈ ਕਹਿਣ ਲੱਗਾ। ਨਾ ਚਾਹੁੰਦਿਆਂ ਹੋਇਆਂ ਵੀ ਉਹ ਦਫ਼ਤਰ ਚਲਾ ਗਿਆ। ਉਹਨੂੰ ਰਹਿ-ਰਹਿ ਕੇ ਮੋਤੀ ਯਾਦ ਆ ਰਿਹਾ ਸੀ ਅਤੇ ਉਹਨੂੰ ਯਾਦ ਕਰਦਿਆਂ ਉਹਦੀਆਂ ਅੱਖਾਂ ਸਲਾਭੀਆਂ ਜਾਂਦੀਆਂ।

ਅਣਮੰਨੇ ਮਨ ਨਾਲ, ਅੱਧਾ ਕੁ ਦਿਨ ਉਹ ਆਪਣੀ ਸੀਟ ’ਤੇ ਬੈਠਾ ਰਿਹਾ ਅਤੇ ਫੇਰ ਬਿਨਾਂ ਕਿਸੇ ਨੂੰ ਕੁਝ ਕਹੇ; ਉਹ ਬਾਜ਼ਾਰ ਵੱਲ ਨਿਕਲ ਗਿਆ ।

ਸ਼ਾਮ ਤਕ ਉਹ ਬੇ-ਮਕਸਦ ਘੁੰਮਦਾ ਰਿਹਾ ਤੇ ਫੇਰ ਨਿਢਾਲ ਹੋਇਆ ਰੇਲਵੇ ਸਟੇਸ਼ਨ ਦੇ ਓਸੇ ਖ਼ਾਲੀ ਬੈਂਚ ਉੱਪਰ ਜਾ ਬੈਠਾ, ਜਿਸ ਉੱਪਰ ਉਹ ਕਦੇ ਆਪਣੇ ਪੁੱਤਰ ਤੇ ਪਤਨੀ ਨੂੰ ਕੁੱਟਣ ਤੋਂ ਬਾਅਦ ਬੈਠਾ ਰਿਹਾ ਸੀ।

ਉਹਦੇ ਦਿਮਾਗ਼ ਵਿਚ ਸੋਚਾਂ ਦੀ ਲੜੀ ਦੌੜਨ ਲੱਗੀ। ਉਹਨੇ ਮਹਿਸੂਸ ਕੀਤਾ ਕਿ ਉਹਦੇ ਘਰ ਵਾਲੀ ਤੋਂ ਕਦੇ, ਕੋਈ ਗੰਭੀਰ ਗ਼ਲਤੀ ਤਾਂ ਹੋਈ ਹੀ ਨਹੀਂ ਸੀ। ਉਹ ਸੋਚਣ ਲੱਗਾ,“ਕੀ ਮੇਰਾ, ਘਰ ਵਾਲੀ ਅਤੇ ਪੁੱਤਰ ਨੂੰ ਕੁੱਟਣਾ ਜਾਇਜ਼ ਸੀ?... ਜੇ ਪਤਨੀ ਘੱਟ ਪੜ੍ਹੀ ਲਿਖੀ ਸੀ ਤਾਂ ਇਹਦੇ ਵਿਚ ਉਹਦਾ ਕੀ ਕਸੂਰ?... ਉਹਦਾ ਮਾਸੂਮ ਪੁੱਤ, ਜੀਹਦਾ ‘ਪਾਪਾ ਜੀ-ਪਾਪਾ ਜੀ’ ਕਹਿੰਦੇ ਦਾ ਮੂੰਹ ਨਹੀਂ ਥੱਕਦਾ, ਉਹਨੇ ਐਵੇਂ ਹੀ ਝੰਬ ਦਿੱਤਾ ਸੀ।’’

ਮਨਮੀਤ ਨੂੰ ਯਾਦ ਆਇਆ, “ਬਚਪਨ ਵਿਚ ਜਦੋਂ ਉਹਦਾ ਪਿਓ, ਬਿਨਾਂ ਕਿਸੇ ਕਸੂਰ ਤੋਂ, ਉਹਦੀ ਮਾਂ ਨੂੰ ਕੁੱਟ ਧਰਦਾ ਸੀ ਤੇ ਉਹ ਆਪ ਖੱਲਾਂ-ਖੂੰਜਿਆਂ ਵਿਚ ਲੁਕਦਾ ਫਿਰਦਾ ਹੁੰਦਾ ਸੀ ਤਾਂ ਕਿ ਮਾਂ ਦੇ ਕੁਟਾਪੇ ਦਾ ਭਿਆਨਕ ਦਿ੍ਰਸ਼, ਉਹਦੀ ਨਜ਼ਰ ਨਾ ਪੈ ਜਾਵੇ। ਉਹਦਾ ਕਿੰਨਾ ਜੀਅ ਕਰਦਾ ਸੀ ਕਿ ਆਪਣੇ ਬਾਪ ਨੂੰ ਰੋਕ ਲਵੇ ਪਰ ਉਹ ਤਾਂ, ਕਦੇ ਵੀ ਉਹਨੂੰ ਰੋਕਣ ਦਾ ਹੀਆ ਨਹੀਂ ਸੀ ਕਰ ਸਕਿਆ। ਉਹਦਾ ਪਿਓ ਤਾਂ ਕੋਰਾ ਅਨਪੜ੍ਹ ਸੀ ਪਰ ਉਹ ਤਾਂ ਪਿਓ ਵਾਲੇ ਠੱਪੇ ਤੋਂ ਆਜ਼ਾਦ ਹੋ, ਪੜ੍ਹਿਆਂ- ਲਿਖਿਆਂ ਵਿਚ ਸ਼ਾਮਲ ਹੋ ਗਿਆ ਸੀ ਪਰ ਉਹਦੀ ਪੜ੍ਹਾਈ ਵੀ ਤਾਂ ਉਹਨੂੰ ਪਤਨੀ ਨੂੰ ਕੁੱਟਣੋਂ ਨਹੀਂ ਸੀ ਵਰਜ ਸਕੀ.... ਪੜ੍ਹ ਲਿਖ ਕੇ, ਉਹ ਕੀ ਸਿੱਖ ਸਕਿਆ ਸੀ? ਕਰੂਰਤਾ ਤੇ ਜਾਹਲਪੁਣਾ? ...ਦਫ਼ਤਰ ਵਿਚ ਲੋਕਾਂ ਦੀਆਂ ਜੇਬਾਂ ਸਾਫ਼ ਕਰਨੀਆਂ ਤੇ ਘਰ ਵੜਦਿਆਂ ਜਨਾਨੀ ਨੂੰ ਕੁੱਟ ਕੁਟਾਪਾ ਕਰਨਾ .... ਕੀ ਉਹ ਆਪਣੇ ਅਨਪੜ੍ਹ ਬਾਪ ਵਾਂਗ ਜਾਹਲ ਸੀ ?... ਲਾਵਾਂ ਲੈਂਦਿਆਂ, ਪਤਨੀ ਨਾਲ ਹਰ ਦੁੱਖ ਸੁੱਖ ਵੰਡਾਉਣ ਦਾ ਪ੍ਰਣ, ਕੀ ਐਵੇਂ ਸੋਸਾ ਹੀ ਸੀ?.... ਜੇ ਉਹ ਪੈਸੇ ਕਮਾਉਂਦਾ ਸੀ ਤਾਂ ਕੀ ਆਪਣੀ ਘਰ ਵਾਲੀ ਅਤੇ ਪੁੱਤ ’ਤੇ, ਕੋਈ ਅਹਿਸਾਨ ਕਰਦਾ ਸੀ? ... ਭਰੇ- ਭਕੁੰਨੇ ਤੇ ਹੱਸਦੇ ਵੱਸਦੇ ਘਰ ਨੂੰ ਉਹਨੇ ਬੁੱਚੜਖਾਨਾ ਕਿਉਂ ਬਣਾ ਛੱਡਿਆ ਸੀ ?’’

ਉਹਦੇ ਮਨ ਨੇ, ਉਹਨੂੰ ਲਾਹਨਤ ਪਾਈ - ‘ਮੋਤੀ ਲਈ ਏਨਾ ਵਿਰਲਾਪ ? - ਤੇ ਮੇਰਾ ਪੁੱਤਰ, ਜਿਹੜਾ ਮੇਰਾ ਆਪਣਾ ਖ਼ੂਨ ਹੈ ; ਉਹਦੇ ਲਈ ਮੇਰੇ ਮਨ ਅੰਦਰ ਕਦੇ ਵੀ ਪਿਆਰ ਨਹੀਂ ਉਮੜਿਆ ਤੇ ਨਾ ਹੀ ਉਸ ਦੀ ਮਾਂ ਲਈ, ਜਿਹੜੀ ਮੇਰੀ ਅਰਧਾਂਗਣੀ ਏ... ਕਦੇ ਭੋਰਾ ਵੀ ਤਰਸ ਕਿਉਂ ਨਹੀਂ ਆਇਆ ਮੈਨੂੰ ਉਨ੍ਹਾਂ ਦੋਨਾਂ ਉੱਪਰ?’’

ਉਹਨੂੰ ਆਪਣੇ ਆਪ ’ਚੋਂ, ਕਚਿਆਣ ਜਿਹੀ ਆਈ ਤੇ ਮੂੰਹ ’ਚ ਆਏ ਕੌੜੇ ਥੁੱਕ ਨੂੰ, ਉਹਨੇ ਅੰਦਰੇ ਹੀ ਲੰਘਾ ਲਿਆ।

ਹੰਝੂਆਂ ਨਾਲ ਧੁੰਦਲਾਈਆਂ ਅੱਖਾਂ ਨੂੰ ਹਥੇਲੀ ਨਾਲ ਸਾਫ਼ ਕਰਦਿਆਂ ; ਉਹ ਅਸਮਾਨ ਵੱਲ ਝਾਕਿਆ। ਉਸਨੂੰ ਲੱਗਾ, ਜਿਵੇਂ ਅਸਮਾਨ ’ਤੇ ਚਮਕਦੇ ਤਾਰੇ ਉਸਦੀਆਂ ਬੇਵਕੂਫੀਆਂ ਉੱਪਰ ; ਹੱਸ ਰਹੇ ਹੋਣ।

ਚਾਰੇ ਪਾਸੇ ਖ਼ਾਮੋਸ਼ੀ ਭਰਿਆ ਖ਼ਾਲੀਪਨ ਵਿਦਮਾਨ ਸੀ ਪਰ ਮਨਮੀਤ ਦਾ ਦਿਲ ; ਆਪਣੇ ਪੁੱਤਰ ਤੇ ਪਤਨੀ ਲਈ, ਰਹਿਮ ਅਤੇ ਪਿਆਰ ਦੇ ਨਿੱਘ ਨਾਲ ਭਰਿਆ ਹੋਇਆ ਧੜਕ ਰਿਹਾ ਸੀ।

ਉਹ ਠੰਢੇ ਬੈਂਚ ਤੋਂ ਉੱਠਿਆ ਤੇ ਰੇਲਵੇ ਸਟੇਸ਼ਨ ਦੀ ਗੇਰੂ-ਰੰਗੀ ਇਮਾਰਤ ’ਚੋਂ ਬਾਹਰ ਨਿਕਲ ਕੇ

ਘਰ ਵੱਲ ਜਾਂਦੀ ਸੜਕ ਉੱਪਰ ਤੁਰਨ ਲੱਗਾ।

( ਦੂਜੀ ਤੇ ਆਖ਼ਰੀ ਕਿਸ਼ਤ)

- ਐੱਸ. ਇੰਦਰ

Posted By: Harjinder Sodhi