‘ਉਏ ਆ ਜਾ ਹੁਣ ਇੱਥੇ ਬੈਠਾ ਕੀ ਧੂਫ ਪਾ ਕੇ ਖੁਆਜ਼ਾ ਮਨੌਣ ਲੱਗਾ ੲੇਂ, ਪਹਿਲਾਂ ਤੇ ਸਵੇਰੇ ਸਾਜਰੇ ਘਰੋਂ ਨੀ ਨਿਕਲਣਾ, ਨਾਲੇ ਰਾਤ ਕਹਿ ਕੇ ਘੱਲਿਆ ਬਈ ਸਵੇਰੇ ਆਪਾਂ ਨਿਆਈ ਆਲੇ ਖੇਤ ਟਾਂਗਰ ਨੂੰ ਅੱਗ ਲਾ ਕੇ ਝੋਨੇ ਦੀ ਪਨੀਰੀ ਬੀਜਣੀ ਐ, ਫੇਰ ਵੀ ਪਤਾ ਨੀ ਕਿਉਂ ਲੌਢਾ ਵੇਲਾ ਕਰ ਆਇਆ?’ ਮਿੰਦੇ ਨੰਬਰਦਾਰ ਨੇ ਪਸ਼ੂਆਂ ਵਾਲੇ ਵਰਾਂਡੇ ਕੋਲ ਬੈਠ ਕੇ ਚਾਹ ਪੀ ਰਹੇ ਆਪਣੇ ਸੀਰੀ ਜੰਟੇ ਨੂੰ ਉੱਚੀ ਦੇਣੇ ਆਵਾਜ਼ ਦੇ ਕੇ ਕਿਹਾ।

ਮਿੰਦੇ ਦੀ ਆਵਾਜ਼ ਸੁਣਦਿਆਂ ਜੰਟੇ ਨੇ ਕੌਲੇ ਵਿਚ ਪਾਈ ਤੱਤੀ ਚਾਹ ਸੜਾਕੇ ਮਾਰਦਿਆਂ ਜੂਸ ਵਾਂਗ ਖਿੱਚ ਲਈ ਤੇ ਤੱਤੀ ਚਾਹ ਨਾਲ ਬੁਲ੍ਹਾਂ ਦੇ ਸੜ ਜਾਣ ਦੀ ਵੀ ਪਰਵਾਹ ਨਾ ਕੀਤੀ। ਆਪਣਾ ਕੌਲਾ ਪਸ਼ੂਆਂ ਵਾਲੀ ਡਿੱਗੀ ਵਿਚ ਹੰਘਾਲਦਿਆਂ ਉਹ ਨੇ ਮਿੰਦੇ ਨੂੰ ਆਵਾਜ਼ ਦੇ ਕੇ ਕਿਹਾ, ‘ਔਨਾਂ ਬਾਈ, ਕੀ ਕਰਾਂ, ਆਉਣਾ ਤਾਂ ਸਾਜਰੇ ਹੀ ਸੀ ਪਰ ਤੜਕੇ ਜਵਾਕ ਢਿੱਲਾ ਹੋ ਗਿਆ ਚੱਕ ਕੇ ਡਾਕਟਰ ਰਾਜ ਦੁਲਾਰ ਦੇ ਲਿਜਾਣਾ ਪਿਆ, ਹਾਲੇ ਤਾਂ ਡਾਕਟਰ ਚੰਗਾ ਘਰੇ ਹੀ ਦਵਾਈ ਦੇ ਦਿੱਤੀ ਨਾਲੇ ਕੋਈ ਪੈਸਾ ਨੀ ਲਿਆ, ਨਈ ਤਾਂ ਅੱਡਾ ਖੁੱਲ੍ਹਣ ਤਕ ਉਡੀਕਣਾ ਪੈਣਾ ਸੀ। ਰੱਬ ਭਲਾ ਕਰੇ ਉਹਦਾ, ਇਹ ਗੱਲ ਉਹਨੇ ਤੰਗਲੀਆਂ, ਦਾਤੀਆਂ ਅਤੇ ਕਹੀ ਜੀਪ ਵਿਚ ਰੱਖਦਿਆਂ ਆਖੀ। ਮਿੰਦਾ ਪਹਿਲਾਂ ਹੀ ਜੀਪ ਵਿਚ ਬੈਠਾ ਰੇਸਾਂ ਮਾਰੀ ਜਾਂਦਾ ਸੀ। ਉਹਨੇ ਜੰਟੇ ਦੇ ਮੂੰਹੋਂ ਜਵਾਕ ਦੇ ਬਿਮਾਰ ਹੋਣ ਵਾਲੀ ਗੱਲ ਸੁਣਦਿਆਂ ਖਿਝ ਕੇ ਕਿਹਾ,‘ਹੁਣ ਅਸੀਂ ਜਵਾਕਾਂ ਨੂੰ ਕੀ ਕਰੀਏ ਉਦੋਂ ਜੰਮ-ਜੰਮ ਢੇਰ ਲਾ ਦਿੰਦੇ ਓ।’ ਜੰਟਾ ਉਹਦੇ ਇਹ ਕਹੇ ਹੋਏ ਬੋਲ ਪਾਣੀ ਵਾਂਗ ਪੀ ਗਿਆ ਅਤੇ ਮਨ ਵਿਚ ਸੋਚ ਰਿਹਾ ਸੀ ਜੇ ਕਿਤੇ ਉਹਨੇ ਵੱਡੀ ਕੁੜੀ ਦੇ ਵਿਆਹ ਵੇਲੇ ਉਹਤੋਂ ਪਹਿਲਾਂ ਪੈਸੇ ਨਾ ਫੜੇ ਹੁੰਦੇ ਤਾਂ ਅੱਜ ਝੱਟ ਕਹਿ ਦਿੰਦਾ, ਆਹ ਚੱਕ ਆਵਦੀ ਸੱਗੀ ਤੇ ਆਹ ਚੱਕ ਆਵਦਾ ਪਰਾਂਦਾ ਤੇ ਕਰ ਦੇ ਮੇਰਾ ਸਾਅਬ, ਤੇਰੇ ਨੂਣ ਦੇ ਸਵਾਦ ਪਿੱਛੇ ਜਵਾਕ ਤਾਂ ਨੀ ਪਣੌਣੇ ਆਵਦੇ, ਨਾਲੇ ਉਹ ਤੇਰੇ ਘਰੋਂ ਖਾਂਦੇ ਐ ਸਾਰਾ ਦਿਨ ਆਪਦਾ ਚੰਮ ਤੜਾਈ ਦਾ ਇਉਂ ਕੋਈ ਕਿਸੇ ਦੇ ਸਿਰ ’ਤੇ ਕੋਈ ਫੋਕਾ ਹੱਥ ਥੋੜੋਂ ਝਾੜਦਾ। ਉਹ ਤਾਂ ਉਹਦੇ ਪਿਉ ਗੁਰਨਾਮ ਦੇ ਮੂੰਹ ਨੂੰ ਪਤਾ ਨਹੀਂ ਹਾਲੇ ਤਕ ਉਹਦੇ ਨਾਲ ਟਿਕਿਆ ਆ ਰਿਹਾ ਸੀ ਜਿਹੜਾ ਬਾਹਲਾ ਦਰਵੇਸ਼ ਬੰਦਾ ਸੀ ਕਦੇ ਪਾਂਜਾ ਦਾਸਾ ਨਹੀਂ ਸੀ ਗਿਣਦਾ। ਜੀਹਦੀ ਪਿਛਲੇ ਸਾਲ ਮੌਤ ਹੋ ਗਈ ਸੀ।

ਖੇਤ ਪਹੁੰਚ ਕੇ ਉਹਨੇ ਜੀਪ ਵਿੱਚੋਂ ਸਾਰਾ ਸਾਮਾਨ ਲਾਹ ਕੇ ਕੋਠੜੀ ਅੱਗੇ ਇਕ ਖਣ ਬਾਲਿਆਂ ਦੇ ਨਾਲ ਛੱਤੇ ਹੋਏ ਵਾਧਰੇ ਹੇਠ ਰੱਖ ਕੇ ਮੋਟਰ ਦੇ ਬੈਂਡ ਦੇ ਨਾਲ ਡਲੇ ਹੇਠ ਪਈ ਚਾਬੀ ਨਾਲ ਕੋਠੜੀ ਦਾ ਬਾਰ ਖੋਲ੍ਹ ਕੇ ਪਾਣੀ ਵਾਲੀ ਕੈਨੀ ਅੰਦਰ ਰੱਖ ਦਿੱਤੀ। ਮਿੰਦਾ ਵੱਡੀ ਟਾਹਲੀ ਹੇਠ ਲਾਂਗੇ ਦਾ ਇਕ ਰੁੱਗ ਭਰ ਕੇ ਮਰੋੜ ਕੇ ਇਉਂ ਦੇਖ ਰਿਹਾ ਸੀ ਜਿਵੇਂ ਟਾਂਗਰ ਦੇ ਸਲ੍ਹਾਬੇ ਹੋਣ ਦਾ ਜਾਇਜ਼ਾ ਲੈ ਰਿਹਾ ਹੋਵੇ, ਹੱਥ ਵਿਚ ਤੰਗਲੀ ਅਤੇ ਮੋਢੇ ’ਤੇ ਕਹੀ ਧਰੀ ਆਉਂਦੇ ਜੰਟੇ ਨੂੰ ਉਹਦੀ ਇਹ ਹਰਕਤ ਬਿਲਕੁੱਲ ਹਾਸੋਹੀਣੀ ਲੱਗੀ, ਕਿਉਂ ਕਿ ਐਨੀ ਗਰਮ ਲੂ ਵਿਚ ਤਾਂ ਬੰਦੇ ਸੁੱਕੀ ਜਾਂਦੇ ਐ ਤਾਂ ਫਿਰ ਇਹ ਲਾਂਗਾ ਏ।

ਨਹਿਰ ਵਾਲੀ ਪਟੜੀ ਅਤੇ ਓਧਰ ਮੱਲਕਿਆਂ ਵਾਲੇ ਪਾਸੇ ਸੜਕ ਦੇ ਨਾਲ-ਨਾਲ ਲੱਗੇ ਛਾਂਦਾਰ ਸੰਘਣੇ ਦਰੱਖ਼ਤ ਅਤੇ ਹੇਠਾਂ ਆੜਾਂ ਵਿਚ ਵਗਦਾ ਪਾਣੀ ਵੇਖ ਉਹਨੂੰ ਪੁਰਾਣੇ ਸਮੇਂ ਵੇਖੇ ਨੱਥੂ ਕਾ ਤੂਤਾਂ ਵਾਲਾ ਖੂਹ ਯਾਦ ਆ ਗਿਆ, ਉਹਨੇ ਤੰਗਲੀ ਹੱਥੋਂ ਛੱਡ ਕੇ ਓਸ ਕੁਦਰਤ ਦਾ ਧੰਨਵਾਦ ਕੀਤਾ ਜੀਹਨੇ ਬੰਦੇ ਲਈ ਐਨਾ ਬੰਦੋਬਸਤ ਕਰ ਕੇ ਰੱਖਿਆ ਹੈ। ਖੜ੍ਹੇ ਤੂਤ ਅਤੇ ਟਾਹਲੀਆਂ ਦੇ ਦਰੱਖ਼ਤ ਤਪਦੀ ਧੁੱਪ ਵਿਚ ਆਪਣੀ ਹਰਿਆਲੀ ਦਾ ਝਲ ਖਿਲਾਰ ਕੇ ਧਰਤੀ ਮਾਂ ਦਾ ਸੀਨਾ ਢਕੀ ਬੈਠੇ ਸਨ। ਜਿਨ੍ਹਾਂ ਦੀ ਛਾਵੇਂ ਜੰਟਾ ਖਾਲਾਂ ਵੱਟਾਂ ਘੜਦਾ ਆਰਾਮ ਕਰਨ ਲਈ ਬੈਠ ਜਾਂਦਾ ਸੀ ਅਤੇ ਕਈ ਵਾਰ ਉਹ ਨੂੰ ਤੂਤਾਂ ਹੇਠ ਪਏ-ਪਏ ਨੂੰ ਨੀਂਦ ਵੀ ਆ ਜਾਂਦੀ ਸੀ। ਅਚਾਨਕ ਹਵਾ ਦੀ ਇਕ ਗੰਢ ਜਿਹੀ ਉੱਠੀ ਤੂੜੀ ਬਣਾਉਣ ਤੋਂ ਬਾਅਦ ਬਚਿਆ ਕਿੰਨਾ ਸਾਰਾ ਟਾਂਗਰ ਉਡਾ ਕੇ ਲੈ ਗਈ ਸੀ ਤੇ ਉਹ ਕਿੰਨਾ ਚਿਰ ਅਸਮਾਨ ਵਿਚ ਓਸ ਟਾਂਗਰ ਵੱਲ ਵੇਖਦਾ ਰਿਹਾ। ਏਨੇ ਨੂੰੂ ਮਿੰਦੇ ਨੇ ਆਪਣੇ ਸੀਰੀ ਜੰਟੇ ਨੂੰ ਆਵਾਜ਼ ਦੇ ਕਿਹਾ ਉਏ ਲਾ ਦੇ ਸੀਖ ਮਸਾਂ ਰੱਬ ਨੇ ਹਵਾ ਦਾ ਭੋਰਾ ਬੁੱਲ੍ਹਾ ਛੱਡਿਆ ਏ, ਆਹ ਦਰੱਖ਼ਤਾਂ ਦਾ ਵੀ ਅੱਜ ਨਾਲ ਹੀ ਕੰਡਾ ਕੱਢਿਆ ਜਾਓ ਐਵੇਂ ਫ਼ਸਲ ਦਾ ਨੁਕਸਾਨ ਕਰਦੇ ਐ, ਨਾ ਬਾਈ ਇਹ ਪਾਪ ਮੈਥੋਂ ਨੀ ਹੋਣਾ, ਦਰੱਖ਼ਤਾਂ ਦਾ ਤਾਂ ਗਊ ਮਾਰਨ ਜਿੰਨਾ ਪਾਪ ਲੱਗਦੈ।

ਹਵਾ ਰੁਕੀ ਤੋਂ ਅੱਗ ਲਾ ਦੇਵਾਂਗੇ। ਇਨ੍ਹਾਂ ਵਿਚਾਰੇ ਬੇਜ਼ੁਬਾਨਾਂ ਦਾ ਕੀ ਦੋਸ਼, ਮੈਂ ਤਾਂ ਇਨ੍ਹਾਂ ਨੂੰ ਪੀਪੀਆਂ ਭਰ-ਭਰ ਪਾਣੀ ਪਾਉਂਦਾ ਰਿਹਾ ਤੇ ਅੱਜ ਆਪਣੇ ਹੱਥੀਂ...? ਇਹ ਤਾਂ ਸਾਡੀ ਕੁਜਰਤ ਨੇ ਬਣਾਏ ਸਾਧਨ ਐ, ਜਿਹੜੇ ਸਾਨੂੰ ਧਰਤੀ ’ਤੇ ਜਿਉਂਦੇ ਰੱਖਦੇ ਐ, ਨਾਲੇ ਟੀਵੀ ’ਚ ਤਾਂ ਨਿੱਤ ਦੱਸਦੇ ਐ ਬਈ ਦਰੱਖ਼ਤਾਂ ਦੀ ਸੰਭਾਲ ਕਰੋ, ਵੱਧ ਤੋਂ ਦਰੱਖ਼ਤ ਲਾਓ ਤੇ ਫਿਰ ਤੂੰ, ਇਉਂ...?’

ਇਹ ਸ਼ਬਦ ਹਾਲੇ ਉਹਦੇ ਮੂੰਹ ਵਿਚ ਹੀ ਸੀ ਉਹ ਨੇ ਸੀਰੀ ਦੇ ਹੱਥੋਂ ਸੀਖਾਂ ਵਾਲੀ ਡੱਬੀ ਫੜਦਿਆਂ ਕਿਹਾ.‘ ਲਿਆ ਉਰੇ ਫੜਾ ਡੱਬੀ ਵੱਡਾ ਵਿਗਿਆਨੀ, ਹੁਣ ਵੇਖੀਂ ਕਿਵੇਂ ਨਾਲੇ ਸੱਪ ਵੀ ਮਰ ਜਾਣਾ ਤੇ ਲਾਠੀ ਵੀ ਬਚ ਜਾਣੀ ਐ।’

ਡੱਬੀ ਦੀ ਸੀਖ ਲਾਉਂਦਿਆਂ ਹੀ ਅੱਗ ਟਾਂਗਰ ਨੂੰ ਭੜਕ ਕੇ ਪੈ ਗਈ ਜਿਵੇਂ ਤੇਲ ਦੇ ਡਿਪੂ ਨੂੰ ਅੱਗ ਲੱਗੀ ਹੋਵੇ, ਵੇਖਦਿਆਂ-ਵੇਖਦਿਆਂ ਅੱਗ ਸਾਰੇ ਖਾਲਾਂ ਬੰਨੇ ਟੱਪ ਗਈ। ਅਸਮਾਨ ਵਿਚ ਧੂਏ ਦਾ ਐਨਾ ਉੱਚਾ ਗੁਬਾਰ ਚੜ੍ਹਿਆ ਕਿ ਪਟੜੀ ਕੋਲ ਨਰੇਗਾ ਦਾ ਕੰਮ ਕਰਦੇ ਬੰਦੇ ਬੁੜੀਆਂ ਦੇਖਦੇ ਰਹਿ ਗਏ। ਧੂੰਏ ਨਾਲ ਜੰਟੇ ਦੀਆਂ ਅੱਖਾਂ ਮਚਣ ਲੱਗੀਆਂ ਅਤੇ ਸਾਹ ਰੁਕਦਾ ਮਹਿਸੂਸ ਹੋਇਆ। ਉਹਦੇ ਹੱਥ ਪੈਰ ਮਚਣ ਲੱਗੇ ਜਿਵੇਂ ਕਿਸੇ ਨੇ ਭੁੱਬਲ ਦਾ ਬੱਠਲ ਭਰ ਕੇ ਉਹਦੇ ਸਿਰ ਵਿਚ ਪਾ ਦਿੱਤਾ ਹੋਵੇ।

ਵਗਦੇ ਖਾਲ ਵਿੱਚੋਂ ਪਾਣੀ ਦੇ ਦੋ ਬੁੱਕ ਭਰ ਕੇ ਪੀਣ ਤੋਂ ਬਾਅਦ ਉਹਨੇ ਦੋ ਬੁੱਕ ਭਰ ਕੇ ਮੂੰਹ ’ਤੇ ਵੀ ਮਾਰੇ, ਫੇਰ ਉਹ ਨੂੰ ਮਾੜੀ ਜੀ ਸੁਰਤ ਆਈ।

ਏਨੇ ਨੂੰ ਅੱਗ ਸੜਕ ਅਤੇ ਨਹਿਰ ਦੇ ਨਾਲ ਲੱਗੇ ਦਰੱਖ਼ਤਾਂ ਕੋਲ ਜਾ ਪਹੁੰਚੀ ਜੀਹਦੀ ਲਪੇਟ ਵਿਚ ਆਏ ਕਿੰਨੇ ਬੇਵਸ ਜਾਨਵਰਾਂ ਦੀ ਬੂ ਦੁਹਾਈ ਸੀਰੀ ਨੂੰ ਬੇਚੈਨ ਕਰ ਰਹੀ ਸੀ। ਉਹਨੇ ਆਪਣੇ ਦੋਵੇਂ ਹੱਥ ਕੰਨਾਂ ’ਤੇ ਰੱਖ ਲਏ ਜਿਵੇਂ ਉਨ੍ਹਾਂ ਦੀਆਂ ’ਵਾਜ਼ਾਂ ਤੋਂ ਉਹਨੂੰ ਡਰ ਲੱਗਦਾ ਹੋਵੇ ਅਤੇ ਆਪਣੇ ਮੂੰਹ ਵਿਚ ਹੀ ਕਿਹਾ ਭਲੀ ਕਰੀ।’’ ਮਿੰਦਾ ਤੰਗਲੀ ਨਾਲ ਅੱਗ ਦੀਆਂ ਚੁਆਤੀਆਂ ਬਚੇ ਹੋਏ ਟਾਂਗਰ ਨੂੰ ਲਾਉਂਦਾ ਉਹਨੂੰ ਰਾਕਸ਼ ਲੱਗ ਰਿਹਾ ਸੀ । ਜਿਹੜਾ ਕੁਦਰਤ ਨਾਲ ਧੱਕੇਸ਼ਾਹੀ ਕਰ ਰਿਹਾ ਸੀ। ਫਿਰ ਪਤਾ ਨਹੀਂ ਕਿਵੇਂ ਉਹਦੇ ਮਨ ਵਿਚ ਆਪਣੇ ਘਰ ਸਾਹ ਦੀ ਬਿਮਾਰੀ ਨਾਲ ਮੰਜੇ ’ਤੇ ਪਈ ਘਰਵਾਲੀ ਅਤੇ ਆਪਣੇ ਛੋਟੇ ਮੁੰਡੇ ਗੱਗੂ ਦਾ ਚੇਤਾ ਆ ਗਿਆ ਜਿਹੜਾ ਇਕ ਦਿਨ ਉਹ ਨੂੰ ਕਹਿੰਦਾ ਸੀ, ਭਾਪਾ ਸਾਡਾ ਮਾਸਟਰ ਕਹਿੰਦਾ ਸੀ ਬਈ ਪੰਜਾਬ ਕੋਲ ਪੀਣ ਵਾਲਾ ਪਾਣੀ ਬਸ ਦਸ ਕੁ ਸਾਲਾਂ ਦਾ ਹੀ ਰਹਿ ਗਿਆ, ਕਿਸਾਨ ਖੇਤਾਂ ’ਚ ਝੋਨਾ ਲਾ ਕੇ ਪਾਣੀ ਦੀ ਬਰਬਾਦੀ ਕਰੀ ਜਾਂਦੇ ਐ, ਜੇ ਬੰਦੇ ਨੇ ਵੱਧ ਤੋਂ ਵੱਧ ਦਰੱਖ਼ਤ ਨਾ ਲਾਏ, ਵਾਤਾਵਰਨ ਨੂੰ ਸ਼ੁੱਧ ਨਾ ਰੱਖਿਆ ਅਤੇ ਪਾਣੀ ਦੀ ਵਰਤੋਂ ਸੰਜਮ ਨਾਲ ਨਾ ਕੀਤੀ ਤਾਂ ਇੱਥੇ ਟਿੱਬੇ ਬਣ ਜਾਣੈ ਤੇ ਅੱਕ ਵੀ ਨੀ ਉੱਗਣੇ।’

‘ਦੇਖ ਲਾ ਭਾਪਾ ਆਪਣੇ ਤਾਂ ਕੋਈ ਖੇਤ ਵੀ ਨੀ, ਨਾ ਆਪਣੇ ਘਰ ’ਚ ਪਾਣੀ ਵਾਲੀ ਮੋਟਰ ਲੱਗੀ ਐ, ਆਪਣਾ ਤਾਂ ਪਾਣੀ ਵੀ ਤਾਏ ਹਾਕੂ ਕਿਉਂ ਭਰ ਕੇ ਲਿਆਉਨੇ ਆ, ਫਿਰ ਆਪਣੇ ਹਿੱਸੇ ਦਾ ਪਾਣੀ ਵੀ ਨੀ ਰਹਿਣਾ।’ ਮੁੰਡੇ ਦੀ ਇਸ ਗੱਲ ਦਾ ਉਹਦੇ ਕੋਲ ਉੱਕਾ ਵੀ ਜਵਾਬ ਨਹੀਂ ਸੀ। ਇਹ ਗੱਲ ਨੇ ਸੱਚੀ ਉਹ ਨੂੰ ਚਿੰਤਾ ਵਿਚ ਪਾ ਦਿੱਤਾ ਸੀ ਕਿ ਜਿਹੜਾ ਪਾਣੀ ਦੀ ਵਰਤੋਂ ਬਹੁਤ ਘੱਟ ਕਰਦਾ, ਉਹ ਦੇ ਹਿੱਸੇ ਦਾ ਪਾਣੀ ਵੀ ਮੁੱਕ ਜਾਣਾ ਐ। ਜਦੋਂ ਉਹਦੀ ਇਹ ਸੋਚਾਂ ਦੀ ਲੜੀ ਟੁੱਟੀ ਤਾਂ ਅਸਮਾਨ ਵਿਚ ਧੰੂਆਂ ਹੀ ਧੰੂਆਂ, ਅੱਗ ਦੇ ਸੇਕ ਨਾਲ ਲੂਸੇ ਦਰੱਖ਼ਤਾਂ ਦੇ ਪੱਤੇ ਹਵਾ ਦੇ ਇਕ ਬੁੱਲੇ ਨਾ ਥੱਲੇ ਡਿੱਗ ਪਏ ਅਤੇ ਚੱਲਦੀਆਂ ਪੰਜਾਂ ਮੋਟਰਾਂ ਦਾ ਦਰਿਆ ਜਿੰਨਾ ਪਾਣੀ ਵੇਖ ਕੇ ਉਹ ਸੱਚੀ ਅੰਦਰੋਂ-ਬਾਹਰੋਂ ਡਰ ਗਿਆ ਸੀ। ਉਹ ਨੂੰ ਆਪਣੇ ਮਾਸੂਮ ਮੁੰਡੇ ਦੀ ਕਹੀ ਹੋਈ ਗੱਲ, ਫਿਰ ਤਾਂ ਆਪਣੇ ਹਿੱਸੇ ਦਾ ਪਾਣੀ ਵੀ ਨੀ ਰਹਿਣਾ ਸੱਚ ਹੁੰਦੀ ਲੱਗ ਰਹੀ ਸੀ।

- ਸਤਨਾਮ ਸਮਾਲਸਰੀਆ

Posted By: Harjinder Sodhi