ਪੰਜਾਬੀ ਸਾਹਿਤ ਖੇਤਰ ਵਿਚ ਮਾਲਵੇ ਖਿੱਤੇ ਦੀ ਵੱਖਰੀ ਪਛਾਣ ਹੈ। ਇੱਥੋਂ ਦੇ ਲੇਖਕਾਂ ਅੰਦਰਲੀ ਜਨਵਾਦੀ ਸੁਰ ਇਨ੍ਹਾਂ ਲਿਖਤਾਂ ਵਿੱਚੋਂ ਆਪਮੁਹਾਰੇ ਸਾਹਮਣੇ ਆਉਂਦੀ ਹੈ ਕਿਉਂਕਿ ਇਹ ਖਿੱਤਾ ਲੋਕ-ਪੱਖੀ ਲਹਿਰਾਂ ਦਾ ਮੁੱਖ ਕੇਂਦਰ ਰਿਹਾ ਹੈ। ਇੱਥੋਂ ਦੇ ਲੋਕਾਂ ਅੰਦਰ ਸਾਦਗੀ ਤੇ ਸਾਫ਼ਗੋਈ ਹੈ। ਮਾਲਵੇ ਦੇ ਕਿਸੇ ਵਿਅਕਤੀ ਨੂੰ ਮਿਲਣ 'ਤੇ ਮਨੁੱਖਤਾ ਨਾਲ ਇਸ ਪੀਢੀ ਸਾਂਝ ਦਾ ਅਹਿਸਾਸ ਹੁੰਦਾ ਹੈ।

ਮਾਲਵੇ ਦੇ ਸਾਹਿਤਕ ਲਹਿਰ ਦੇ ਮੋਢੀਆਂ ਵਿਚ ਪ੍ਰੋ. ਪ੍ਰੀਤਮ ਸਿੰਘ ਰਾਹੀ ਦਾ ਨਾਂ ਵੀ ਸ਼ੁਮਾਰ ਹੈ। ਉਨ੍ਹਾਂ ਨੇ ਬਰਨਾਲੇ ਦੀ ਸਾਹਿਤਕ ਲਹਿਰ ਵਿਚ ਪੂਰੇ ਛੇ ਦਹਾਕੇ ਭਰਵਾਂ ਯੋਗਦਾਨ ਪਾਇਆ। ਪ੍ਰੋ. ਪ੍ਰੀਤਮ ਰਾਹੀ ਨਾਲ ਮੇਰੀ ਮੁਲਾਕਾਤ ਸੰਗਰੂਰ ਵਿਚ ਸਾਹਿਤ ਸਭਾ ਦੇ ਸਮਾਗਮ ਦੌਰਾਨ ਹੋਈ। ਇਹ 1998 ਦੀ ਗੱਲ ਹੈ। ਮੈਨੂੰ ਇਹ ਗੱਲ 2005 ਵਿਚ ਪਤਾ ਲੱਗੀ ਕਿ ਪ੍ਰੀਤਮ ਸਿੰਘ ਰਾਹੀ ਵੈਦਖਾਨਾ ਵੀ ਚਲਾਉਂਦੇ ਹਨ। ਉਦੋਂ ਕੇਂਦਰੀ ਲੇਖਕ ਸਭਾ (ਸੇਖੋਂ) ਦੀ ਮੀਟਿੰਗ ਬਰਨਾਲੇ ਰੱਖੀ ਗਈ ਸੀ। ਡਾ. ਭਗਵੰਤ ਹੋਰਾਂ ਨਾਲ ਪ੍ਰੋਗਰਾਮ ਬਣਾ ਕੇ ਬਰਨਾਲੇ ਪਹੁੰਚੇ ਤਾਂ ਡਾ. ਸਾਹਿਬ ਇਕ ਵੈਦਖਾਨੇ ਲੈ ਗਏ। ਜਦੋਂ ਡਾ. ਸਾਹਿਬ ਨੇ ਦੱਸਿਆ ਕਿ ਮੀਟਿੰਗ ਇੱਥੇ ਹੋਣੀ ਹੈ ਤਾਂ ਬੜੀ ਹੈਰਾਨੀ ਹੋਈ। ਰਾਹੁਲ ਨੇ ਸਾਨੂੰ ਚਾਹ ਪਿਲਾਈ ਤੇ ਦੁਕਾਨ ਦੇ ਅੰਦਰ ਚਲਾ ਗਿਆ। ਫਿਰ ਪਤਾ ਲੱਗਿਆ ਕਿ ਅੱਗੇ ਇਕ ਵਿਹੜੇ ਵਿਚ ਮੀਟਿੰਗ ਹੋਣੀ ਸੀ ਜਿੱਥੇ ਟੈਂਟ ਵਿਚ ਕੁਰਸੀਆਂ ਲੱਗੀਆਂ ਹੋਈਆਂ ਸਨ। ਮੇਰਾ ਧਿਆਨ ਦਵਾਈਆਂ ਦੀਆਂ ਸ਼ੀਸ਼ੀਆਂ ਤੋਂ ਹਟ ਕੇ ਦੂਜੇ ਕਮਰੇ ਦੀ ਅਲਮਾਰੀ ਵੱਲ ਗਿਆ। 'ਇਹ ਸਾਹਿਤਕ ਪੁਸਤਕਾਂ ਕੌਣ ਪੜ੍ਹਦਾ ਹੈ' ਜਿਹੇ ਕਈ ਸਵਾਲ ਮੇਰੇ ਮਨ ਵਿਚ ਆਏ।

ਗੱਲਾਂ-ਗੱਲਾਂ ਵਿਚ ਪਤਾ ਲੱਗਿਆ ਕਿ ਪ੍ਰੋ. ਪ੍ਰੀਤਮ ਰਾਹੀ ਸਰੀਰਕ ਰੋਗਾਂ ਦਾ ਇਲਾਜ ਹੀ ਨਹੀਂ ਕਰਦੇ ਸਗੋਂ ਮਨੁੱਖ ਦੀ ਬਿਮਾਰ ਮਾਨਸਿਕਤਾ ਦਾ ਇਲਾਜ ਵੀ ਕਰਦੇ ਸਨ। ਉਨ੍ਹਾਂ ਦੀ ਸੰਗਤ ਵਿਚ ਬੈਠਣ ਵਾਲਾ ਵਿਅਕਤੀ ਨਿਰਾਸ਼ਾਮਈ ਮਾਹੌਲ ਤੋਂ ਰਾਹਤ ਮਹਿਸੂਸ ਕਰਦਾ ਹੋਇਆ ਪੁਸਤਕਾਂ ਸੰਗ ਦੋਸਤੀ ਪਾ ਕੇ ਆਪਣੇ ਸਫ਼ਰ 'ਤੇ ਤੁਰਦਾ। ਇਹ ਦੁਕਾਨ ਬਰਨਾਲੇ ਤੇ ਹੋਰ ਆਲੇ-ਦੁਆਲੇ ਦੇ ਸਾਹਿਤਕਾਰਾਂ ਲਈ ਸਤਿਕਾਰਯੋਗ ਥਾਂ ਸੀ। ਸਾਹਿਤ ਦੇ ਨਵੇਂ ਰੁਝਾਨ, ਪ੍ਰਵਿਰਤੀਆਂ, ਸਾਹਿਤਕ ਮਸਲੇ, ਭਾਸ਼ਾ ਤੇ ਸਭਿਆਚਾਰ ਆਦਿ ਬਾਰੇ ਮੁੱਲਵਾਨ ਉਸਾਰੂ ਵਿਚਾਰ ਇੱਥੇ ਪਨਪਦੇ ਸਨ।

ਪ੍ਰੀਤਮ ਰਾਹੀ ਨਵੇਂ ਲੇਖਕਾਂ ਨੂੰ ਲਿਖਣ ਲਈ ਪ੍ਰੇਰਦੇ ਅਤੇ ਚੰਗੀ ਰਚਨਾ ਨੂੰ ਉਤਸ਼ਾਹਿਤ ਕਰਦੇ ਸਨ। ਉਨ੍ਹਾਂ ਦਾ ਇਹ ਦਵਾਖ਼ਾਨਾ 24 ਘੰਟੇ ਖੁੱਲ੍ਹਾ ਰਹਿੰਦਾ ਸੀ। ਉਨ੍ਹਾਂ ਨੇ ਗਿਆਨੀ, ਬੀ.ਏ. ਤੇ ਛੇ ਵਿਸ਼ਿਆਂ ਵਿਚ ਐੱਮ.ਏ. ਕੀਤੀ। ਉਨ੍ਹਾਂ ਨੂੰ ਕਈ ਜ਼ੁਬਾਨਾਂ ਦਾ ਗਿਆਨ ਸੀ। ਉਹ ਪ੍ਰੋਫ਼ੈਸਰ ਵੀ ਬਣੇ ਤੇ ਜਨਵਾਦੀ ਲੇਖਕ ਵੀ। ਕਵਿਤਾ ਦੀਆਂ ਇਕ ਦਰਜਨ ਤੋਂ ਵੱਧ ਪੁਸਤਕਾਂ ਛਪਵਾਈਆਂ। ਉਹ ਕਿਸੇ ਨੂੰ ਸਮਝਾਉਂਦਿਆਂ ਕਦੇ ਵੀ ਕਾਹਲੇ ਨਹੀਂ ਪੈਂਦੇ ਸਨ ਸਗੋਂ ਉਹ ਬਹੁਤ ਹੀ ਸਲੀਕੇ ਨਾਲ ਆਪਣੀ ਗੱਲ ਸਮਝਾ ਲੈਂਦੇ ਸਨ। 'ਕਰੁਣਾ', 'ਕਚਨਾਰੇ', 'ਕੰਜਕਾਂ', 'ਕਾਇਆ ਦੇ ਰੁੱਖ', 'ਅੱਥਰਾ ਘੋੜਾ', 'ਸੁਹ ਸੁਗੰਧ', 'ਪਰਤ ਦਰ ਪਰਤ', 'ਸੁੱਕੇ ਪੱਤੇ ਦੀ ਦਸਤਕ' ਆਦਿ ਕਾਵਿ-ਸੰਗ੍ਰਹਿ ਉਨ੍ਹਾਂ ਦੀ ਨਿਰੰਤਰਤਾ ਦੇ ਵਿਚਾਰਧਾਰਕ ਵਿਕਾਸ ਦਾ ਪ੍ਰਗਟਾਵਾ ਕਰਦੇ ਹਨ। ਉਹ ਕੌਮੀ ਤੇ ਕੌਮਾਂਤਰੀ ਮਸਲਿਆਂ ਦੀ ਜੜ੍ਹ ਨੂੰ ਪਛਾਣਦੇ ਸਨ।

ਪੱਤਰਕਾਰੀ ਵਿਚ ਦਿਲਚਸਪੀ

ਪ੍ਰੀਤਮ ਰਾਹੀ ਹੋਰੀਂ ਮਾਰਕਸਵਾਦੀ ਵਿਚਾਰਧਾਰਾ ਦੇ ਪੱਕੇ ਧਾਰਨੀ ਸਨ। ਉਨ੍ਹਾਂ ਨੂੰ ਪੱਤਰਕਾਰੀ ਵਿਚ ਵੀ ਦਿਲਚਸਪੀ ਸੀ। ਇਸ ਦਿਲਚਸਪੀ ਕਾਰਨ ਉਨ੍ਹਾਂ ਨੇ ਸਮੇਂ ਸਮੇਂ 'ਦਰਸ਼ਨ', 'ਕਨਸੋਆਂ' ਅਤੇ 'ਜੀਵਕ' ਨਾਂ ਦੇ ਪਰਚੇ ਕੱਢੇ। ਉਨ੍ਹਾਂ ਵੱਲੋਂ ਸ਼ੁਰੂ ਕੀਤਾ ਗਿਆ ਮੈਗਜ਼ੀਨ 'ਮੁਹਾਂਦਰਾ' ਨਿਰੰਤਰਤਾ ਨਾਲ ਚੱਲ ਰਿਹਾ ਹੈ। ਡਾ. ਜੋਗਿੰਦਰ ਸਿੰਘ, ਰਾਹੁਲ ਰੁਪਾਲ ਤੇ ਉਨ੍ਹਾਂ ਦੀ ਟੀਮ ਸਾਹਿਤਕ ਖੇਤਰ ਵਿਚ ਯੋਗਦਾਨ ਪਾਉਂਦੀ ਹੋਈ ਪ੍ਰੋ. ਪ੍ਰੀਤਮ ਸਿੰਘ ਰਾਹੀ ਦੇ ਨਕਸ਼ੇ-ਕਦਮ 'ਤੇ ਚੱਲ ਰਹੀ ਹੈ।

- ਅਰਵਿੰਦਰ ਕੌਰ ਕਾਕੜਾ

Posted By: Harjinder Sodhi