(ਦੂਜੀ ਤੇ ਆਖ਼ਰੀ ਕਿਸ਼ਤ)

“ਰੁਮਾਲ ਦੀ ਤਾਂ ਕੋਈ ਗੱਲ ਨਹੀਂ ਇਕ ਛੱਡ ਚਾਰ ਲਿਆਦੂੰ ਪਰ ਇਹ ਤਾਂ ਦੱਸ ਦੇਣਾ ਕੀਹਨੂੰ ਹੈ?’’

“ਏਸ ਗੁੱਧੜ-ਗੁੰਮੇ ’ਚੋਂ ਤੈਂਅ ਕੀ ਵੜੇਵੇਂ ਲੈਣੇ? ਮੈਂ ਭਮੇ ਕਾਲੀ ਕੁੱਤੀ ਨੂੰ ਦੇਮਾ। ਤੂੰ ਬਸ ਕੇਰਾਂ ਲਿਆ ਦੇ। ਫੇਰ ਵੇਖੀਂ ਰੱਬ ਦੇ ਰੰਗ। ਭੂਤ ਭੰਗੜਾ ਪੈਂਦਾ ਵਿਖਾਊਂ ਤੈਨੂੰ।’’ ਉਸ ਅੰਦਰੋਂ ਅਜੀਬ ਕਿਸਮ ਦਾ ਵਿਸ਼ਵਾਸ ਬੋਲ ਰਿਹਾ ਸੀ। ਮੈਂ ਮੁਸਕਰਾਉਂਦਿਆਂ ਆਪਣਾ ਸੱਜਾ ਹੱਥ ਉਸਦੇ ਮੋਢੇ ’ਤੇ ਰੱਖ ਕੇ ਮੋਢਾ ਹਲਕਾ ਜਿਹਾ ਦਬਾ ਦਿੱਤਾ। ਉਸਦੇ ਚਿਹਰੇ ’ਤੇ ਚੜ੍ਹਦੇ ਸੂਰਜ ਵਰਗੀ ਲਾਲੀ ਨਜ਼ਰ ਆਉਣ ਲੱਗੀ।

ਉਸੇ ਦਿਨ ਮੈਂ ਸ਼ਹਿਰ ਦੀਆਂ ਬਹੁਤ ਸਾਰੀਆਂ ਦੁਕਾਨਾਂ ਘੁੰਮ ਕੇ ਇਕ ਬੇਸ਼ਕੀਮਤੀ ਰੁਮਾਲ ਖ਼ਰੀਦਿਆ ਤੇ ਸ਼ਾਮੀ ਘਰ ਲੈ ਆਇਆ। ਉਸੇ ਦਿਨ ਹੀ ਉਹ ਲੈਣ ਵੀ ਆ ਗਿਆ। ਮੈਂ ਦੇਖਿਆ ਕਿ ਉਸ ਦੇ ਚਿਹਰੇ ’ਤੇ ਮੁਸਕਾਨ ਨੱਚਦੀ ਫਿਰਦੀ ਸੀ। ਜਾਣ ਲੱਗਿਆਂ ਉਹ ਦਰਵਾਜ਼ੇ ’ਤੋਂ ਵਾਪਸ ਆ ਗਿਆ।

“ਬਾਈ ਸਿਆਂ, ਲੱਗਦੇ ਹੱਥ ਕੋਈ ਇਤਰ ਫਲੇਲ ਵੀ ਦੇਦੇ ਉੱਤੇ ਛਿੜਕਣ ਆਸਤੇ। ਸਾਲੀਆਂ ਲਫਟਾਂ ਆਉਣ ਡੂਢ ਮੀਲ ਤੋਂ।’’ ਰੱਬ ਦੀ ਮੰਗ ਕਿਵੇਂ ਅਣਗੌਲਿਆਂ ਕਰ ਦਿੰਦਾ। ਮੈਂ ਫਰਾਂਸ ਰਹਿੰਦੇ ਮਿੱਤਰ ਵੱਲੋਂ ਦਿੱਤਾ ਪਰਫਿਊਮ ਲਿਆ ਕੇ ਫੜਾ ਦਿੱਤਾ। ਜਾਣ ਲੱਗੇ ਰੱਬ ਦੇ ਪੱਬ ਧਰਤੀ ’ਤੇ ਨਹੀਂ ਸੀ ਲੱਗ ਰਹੇ।

ਅਗਲੇ ਦਿਨ ਸਾਝਰੇ ਹੀ ਉਸਨੇ ਮੇਰਾ ਬੂਹਾ ਆਣ ਮੱਲਿਆ। ਉਹ ਕਹੀ ਮੋਢੇ ’ਤੇ ਰੱਖੀ ਖੇਤ ਜਾ ਰਿਹਾ ਸੀ ਤੇ ਕਾਹਲੀ ਵਿਚ ਸੀ। ਉਸਨੇ ਨਹਿਰ ਦੇ ਪਾਣੀ ਦੀ ਵਾਰੀ ਲੈਣੀ ਸੀ। ਮੇਰੇ ਕਹਿਣ ’ਤੇ ਵੀ ਉਹ ਮੰਜੇ ’ਤੇ ਨਾ ਬੈਠਿਆ ਤੇ ਖੜ੍ਹਾ-ਖੜ੍ਹਾ ਹੀ ਰੁਮਾਲ ਦੀ ਕਾਰਗੁਜ਼ਾਰੀ ਬਾਰੇ ਦੱਸਣ ਲੱਗਾ।

“ਬਾਈ ਸਿਆਂ, ਕੱਲ੍ਹ ਮੈਂ ਜਾਂਦਿਆਂ ਈ ਸਰਬੇ ਨੇੜੇ ਹੋ ਕੇ ਬੋਝੇ ’ਚੋਂ ਰੁਮਾਲ ਕੱਢਿਆ। ਮਾਰ ਲਫਟਾਂ ਆਉਣ। ਸਰਬੇ ਦੀਆਂ ਤਾਂ ਅੱਖਾਂ ਈ ਟੱਡੀਆਂ ਰਹਿ ਗਈਆਂ।’’ ਉਸਨੇ ਬਿਨਾਂ ਦੇਰੀ ਕੀਤਿਆਂ ਸਰਬੇ ਨਾਲ ਹੋਈ ਗੱਲਬਾਤ ਸੁਣਾ ਦਿੱਤੀ।

“ਕੰਜਰ ਦੀਏ ਜਾਤੇ----ਹਾਅ ਤੈਂਅ ਕਿੱਥੋਂ ਲੈ ਲਿਆ ਐਨਾ ਮਹਿੰਗਾ।’’

“ਮੁੱਲ ਲਿਆਂਦਾ ਸ਼ਹਿਰੋਂ।’’

“ਐਨਾ ਮਹਿੰਗਾ?’’

“ਯਾਰੀ ਨਾਲੋਂ ਕੁੱਛ ਮਹਿੰਗਾ ਨ੍ਹੀ ਹੁੰਦਾ।’’

“ਹੈ ਕੰਜ਼ਰ ਦੀ ਜਾਤ---ਬਿਨਾਂ ਖੰਭਾਂ ਤੋਂ ਈ ਉੱਡੀ ਜਾਂਦੀ ਐ।’’

“ਸਰਦਾਰਾ! ਯਾਰ ਦੀ ਯਾਰੀ ਮਗਰ ਜਾਈਦਾ, ਰੁਪਈਏ-ਪੈਸੇ ਮਗਰ ਨ੍ਹੀ। ਤੈਨੂੰ ਕਿਹੜਾ ਭੁੱਲਾ ਐ। ਕਿਸੇ ਨਾਲ ਨਵੀਂ ਨਵੀਂ ਯਾਰੀ ਲੱਗੀ ਐ, ਉਹਦੇ ਆਸਤੇ ਲਿਆਂਦਾ। ਸਮਝ ਲੈ ਜਿਮੇਂ ਤੂੰ ਆਵਦੇ ਆਲੀ ਸਾਹਬੋ ਨੂੰ ਨਵੇਂ-ਨਵੇਂ ਸੂਟ ਲਿਆ ਕੇ ਦਿੰਨਾਂ, ਆਪਾਂ ਆਵਦੇ ਆਲੀ ਨੂੰ ਆਹ ਦੇ ਦੇਣਾ।’’

“ਹੀਂਹੀਂਹੀਂ! ਕੁੱਤੀ ਜਾਤ ਦੁਪਹਿਰੇ ਗਿੱਧਾ। ਸੌਣਾ ਰੂੜੀਆਂ ’ਤੇ ਸੁਪਨੇ ਸ਼ੀਸ਼ ਮਹਿਲਾਂ ਦੇ।’’

ਸਰਬੇ ਨਾਲ ਹੋਈ ਬੀਤੀ ਆਪਣੀ ਗੱਲਬਾਤ ਸੁਣਾ ਕੇ ਰੱਬ ਨੇ ਮੇਰੇ ਅੰਦਰ ਉਤਸੁਕਤਾ ਵਧਾ ਦਿੱਤੀ ਸੀ। ਉਹ ਤਾਂ ਫਿਰ ਕਈ ਦਿਨ ਨਾ ਬਹੁੜਿਆ ਪਰ ਮੈਂ ਰੱਬ ਜੀ ਵੱਲੋਂ ਰੁਮਾਲ ਨਾਲ ਨਵੇਂ ਕੱਢੇ ਸੱਪ ਦੀ ਉਡੀਕ ਕਰਨ ਲੱਗਾ। ਜਿੰਨੇ ਵਿਸ਼ਵਾਸ ਨਾਲ ਉਸਨੇ ਗੱਲ ਸੁਣਾਈ ਸੀ, ਮੈਨੂੰ ਪੂਰਾ ਯਕੀਨ ਹੋ ਗਿਆ ਸੀ ਕਿ ਰੱਬ ਕੋਈ ਸੱਪ ਜ਼ਰੂਰ ਕੱਢੂ। ਇਕ ਦਿਨ ਮੈਂ ਅਜੇ ਘਰ ਆਇਆ ਹੀ ਸੀ ਕਿ ਪਾਣੀ ਲੈ ਕੇ ਆਈ ਨਿਰਮਲ ਨਵੀਂ ਕਹਾਣੀ ਲੈ ਆਈ ਸੀ।

“ਸੁਣਲੋ ਵੱਡੇ ਲੀਡਰ ਸਰਦਾਰ ਸਰਬਜੀਤ ਸਿੰਹੁ ਦੀ ਕਰਤੂਤ।’’

“ਕੀ ਕਰਤਾ?’’

“ਕਰਤੂਤ !’’

“ਕਰਤੂਤਾਂ ਤਾਂ ਨਿੱਤ ਈ ਕਰਦਾ, ਕੋਈ ਨਵਾਂ ਚੰਦ ਚਾੜ੍ਹਿਆ ਤਾਂ ਦੱਸ।’’ “ਭੈਣ ਜੀ ਕਮਲ ਨੂੰ ਕੁੱਟਿਆ ਬੁਰੀ ਤਰ੍ਹਾਂ। ਆਂਡ-ਗੁਆਂਢ ਨੇ ਆ ਕੇ ਛੁਡਾਇਆ ਨਹੀਂ ਤਾਂ ਖੌਰੇ ਮਾਰ ਈ ਦਿੰਦਾ। ਸੂਰ ਜਿਹੇ ਨੇ ਕੁੱਟ ਕੁੱਟ ਕੇ ਪੱਸਲੀਆਂ ਅੰਦਰ ਪਾਤੀਆਂ ਦਰਵੇਸ਼ਣੀ ਦੀਆਂ।’’

ਸਰਬੇ ਦੀ ਘਰਵਾਲੀ ਕਮਲ ਅਤੇ ਨਿਰਮਲ ਇੱਕੋ ਪਿੰਡ ਦੀਆਂ ਹੋਣ ਕਰਕੇ ਇਕ ਦੂਜੇ ਦਾ ਖਾਸਾ ਮੋਹ ਕਰਦੀਆਂ। ਸਰਬੇ ਦੀ ਕਮਾਈ ‘ਇਜ਼ਤ’ ਕਰਕੇ ਭਾਵੇਂ ਉਨ੍ਹਾਂ ਦੇ ਘਰ ਨਾਲ ਬਹੁਤਾ ਵਾਹ ਵਾਸਤਾ ਨਹੀਂ ਸੀ ਰੱਖੀਦਾ ਪਰ ਨਿਰਮਲ ਅਕਸਰ ਕਮਲ ਕੋਲ ਜਾ ਆਉਂਦੀ ਸੀ। ਕਮਲ ਵੀ ਕਦੇ ਕਦਾਈਂ ਨਿਰਮਲ ਕੋਲ ਗੇੜਾ ਮਾਰ ਜਾਂਦੀ ਤੇ ਦੁੱਖ ਰੋ ਜਾਂਦੀ।

“ਤੁਹਾਡੇ ਆਉਣ ਤੋਂ ਥੋੜ੍ਹਾ ਚਿਰ ਪਹਿਲਾਂ ਪਤਾ ਲੈ ਕੇ ਆਈ ਹਾਂ। ਕੁੱਤੇ ਦੇ---।’’ ਗਾਲ੍ਹ ਨਿਰਮਲ ਨੇ ਮੂੰਹ ’ਚ ਹੀ ਘੁੱਟ ਲਈ।

“ਨਾ ਕੁੱਟਿਆ ਕਿਹੜੀ ਗੱਲੋਂ?’’

“ਆਂਹਦਾ ਇਸ਼ਕ ਲੜਾਉਂਦੀ ਐ ਕੰਮੀਆਂ ਕਮੀਣਾਂ ਨਾਲ।’’ ਗੁੱਸੇ ਨਾਲ ਭਰੀ ਪੀਤੀ ਨਿਰਮਲ ਤਾਂ ਏਨਾ ਆਖ ਕੇ ਚੁੱਪ ਕਰ ਗਈ ਪਰ ਮੇਰੀਆਂ ਸੋਚਾਂ ਦੀ ਰੀਲ ਘੋੜੇ ਵਾਂਗ ਸਰਪੱਟ ਦੌੜਨ ਲੱਗੀ। ਮਹਿੰਗਾ ਵਿਦੇਸ਼ੀ ਰੁਮਾਲ ਫੜੀ ਰੱਬ ਮੇਰੀਆਂ ਅੱਖਾਂ ਅੱਗੋਂ ਲੰਘ ਗਿਆ।

“ਸਾਰੀ ਦਿਹਾੜੀ ਹਰਲ ਹਰਲ ਕਰਦਾ ਫਿਰੂ। ਕੀਹਨੂੰ ਨ੍ਹੀ ਪਤਾ ਏਹਦੀਆਂ ਭੱਦਰਕਾਰੀਆਂ ਦਾ। ਸਾਰੇ ਜਹਾਨ ਦਾ ਛਟਿਆ। ਲੁੱਚਾ ਲਫੰਗਾ ਤੇ ਬਦਮਾਸ਼। ਥਾਂ-ਕੁਥਾਂ ਗੰਦ ’ਚ ਮੂੰਹ ਮਾਰਨ ਵਾਲਾ ਸੂਰ। ਚਵਲ ਕਿਸੇ ਥਾਂ ਦਾ।’’ ਕੁੱਲ ਦੁਨੀਆ ਦੇ ਵਿਸ਼ੇਸ਼ਣ ਲਾਉਂਦੀ ਗੁੱਸੇ ਨਾਲ ਭਰੀ ਪੀਤੀ ਨਿਰਮਲ ਚਾਹ ਬਣਾਉਣ ਲਈ ਰਸੋਈ ’ਚ ਚਲੀ ਗਈ। ਮੈਂ ਅਜੇ ਮੂੰਹ ਹੱਥ ਧੋ ਕੇ ਤੇ ਕੱਪੜੇ ਬਦਲ ਕੇ ਹਟਿਆ ਸਾਂ ਕਿ ਰੱਬ ਨੇ ਆਣ ਦਰਸ਼ਨ ਦਿੱਤੇ। ਉਹ ਚੁੱਪ ਚਾਪ ਮੰਜੇ ’ਤੇ ਬਹਿ ਗਿਆ। ਅੱਜ ਉਹ ਪਹਿਲਾਂ ਨਾਲੋਂ ਵੀ ਵਧੇਰੇ ਸ਼ਾਂਤ ਤੇ ਮਸਤ ਨਜ਼ਰ ਆਉਂਦਾ ਸੀ।

“ਨਹੀਂ ਟਲਿਆ? ਵਰਤਾਤਾ ਭਾਣਾ ਰੱਬ ਜੀ ਨੇ।’’

“ਵਰਤ ਈ ਗਿਆ। ਤੈਨੂੰ ਕਿਹੜਾ ਭੁੱਲ ਐ।’’

“ਜੇ ਭਲਾ ਨਿਰਮਲ ਨੂੰ ਪਤਾ ਲੱਗਜੇ ਵਈ ਏਸ ਭਾਣੇ ’ਚ ਮੈਂ ਵੀ ਇਕ ਧਿਰ ਹਾਂ, ਚੰਗੀ ਇੱਜ਼ਤ ਬਣੂ। ਉੱਤੋਂ ਸ਼ਰੀਕੇ ਦਾ ਮਾਮਲਾ, ਜੇ ਗੱਲ ਨਿਕਲਗੀ--?’’ ਮੈਂ ਆਪਣਾ ਡਰ ਰੱਬ ਅੱਗੇ ਰੱਖਿਆ ਭਾਵੇਂ ਕਿ ਮੈਨੂੰ ਪਤਾ ਸੀ ਕਿ ਮੇਰਾ ਸ਼ੰਕਾ ਬਿਲਕੁੱਲ ਨਿਰਮੂਲ ਹੈ। ਰੱਬ ਅੰਦਰਲੇ ਭੇਤ ਦਾ ਦੁਨੀਆ ਨੂੰ ਪਤਾ ਲੱਗਣਾ ਮੁਸ਼ਕਲ ਹੀ ਨਹੀਂ ਅਸੰਭਵ ਕੰਮ ਹੁੰਦਾ ਹੈ।

“ਮੇਰੇ ਤੋਂ ਗੱਲ ਬਾਹਰ ਨਿਕਲਜੂ? ਤੈਨੂੰ ਕਿਹੜਾ ਭੁੱਲ ਐ?’’

“ਪਰ ਰੱਬ ਜੀ ਇਹ ਭਾਣਾ ਵਰਤਾਇਆ ਕਿਵੇਂ?’’

ਮੇਰਾ ਸੁਆਲ ਸੁਣਕੇ ਰੱਬ ਭੇਤ ਭਰੀ ਮੁਸਕਰਾਹਟ ਬੁੱਲਾਂ ’ਤੇ ਲੈ ਆਇਆ।

“ਆਥਣੇ ਜਦੋਂ ਲਵੇਰੀਆਂ ਨੂੰ ਪੱਠੇ-ਦੱਥੇ ਪਾਉਣ ਗਿਆ, ਕਿਸੇ ਕੰਮ ਦੇ ਬਹਾਨੇ ਸਰਬੇ ਦੀ ਬਹੂ ਕੋਲ ਚਲਾ ਗਿਆ। ਸਰਬ ਸਿੰਹੁ ਦਾ ਤਾਂ ਸ਼ੋਨੂੰ ਪਤਾ ਈ ਐ ਚੜਿਆ ਰਹਿੰਦੈ ਢਾਕੇ ਬੰਗਾਲੇ। ਗੱਲਾਂ ਕਰਦਿਆਂ- ਕਰਦਿਆਂ ਜਾਣ ਬੁੱਝ ਕੇ ਦੋ ਤਿੰਨ ਵਾਰ ਰੁਮਾਲ ਕੱਢ ਕੇ ਸਰਦਾਰਨੀ ਕੋਲ ਕੀਤਾ। ਚਮਕਾਰੇ ਮਾਰਦਾ ਰਮਾਲ, ਉੱਤੋਂ ਤੇਰੇ ਆਲੇ ਇਤਰ ਦੀ ਬਾਸ਼ਨਾ। ਚੜਗੀ ਸਿਰ ਨੂੰ ਘੁੰਮੇਰ ਪਾ ਕੇ।’’

ਮੈਂ ਹੈਰਾਨੀ ਨਾਲ ਰੱਬ ਦੇ ਮੂੰਹ ਵੱਲੀਂ ਵੇਖਣ ਲੱਗਾ। ਰੱਬ ਤਾਂ ਕਲਾਕਾਰ ਸੀ। ਉਸਨੇ ਕਿਸੇ ਮੰਜੇ ਹੋਏ ਅਦਾਕਾਰ ਵਾਂਗ ਹੋਈ ਬੀਤੀ ਮੇਰੇ ਅੱਗੇ ਰੱਖ ਦਿੱਤੀ।

“ਵੇ ਰੱਬਾ! ਹਾਅ ਕਿੱਥੋਂ ਲਈ ਫਿਰਦੈਂ ਐਨਾ ਸੋਹਣਾ ਰੁਮਾਲ। ਤੈਂਅ ਤਾਂ ਸਾਰੇ ਵਿਹੜੇ ’ਚ ਈ ਮਹਿਕਾਂ ਖਿਲਾਰਤੀਆਂ।’’

“ਭੈਣ ਮੇਰੀਏ ਕਿਸੇ ਕਨੇਡੇ ਮਰੀਕੇ ਆਲੇ ਯਾਰ ਬੇਲੀ ਨੇ ਲਿਆਤਾ। ਭਾਈ ਜੇ ਸ਼ੋਨੂੰ ਪਸੰਦ ਐ, ਤੂੰ ਰੱਖਲਾ। ਆਪਣਾ ਭੈਣ ਭਰਾਮਾ ਦਾ ਕੁੱਛ ਵੰਡਿਆ।’’

“ਵੇ ਮੈਂ ਤਾਂ ਵੈਸੇ ਈ ਆਖਿਆ। ਮੈਂ ਕੀ ਕਰਨਾ ਇਹ?’’

“ਨਈਂ ਨਈਂ ਭੈਣੇ ਰੱਖਲਾ ਤੂੰ। ਮੇਰੇ ਅਰਗੇ ਸੀਰੀ ਸਾਂਝੀ ਬੰਦੇ ਨੇ ਕੀ ਕਰਨੀ ਐਨੀ ਮਹਿੰਗੀ ਚੀਜ਼। ਐਮੀ ਖੇਹ ਖਰਾਬ ਈ ਹੋਊ ਤੂੜੀ-ਤੰਦ ’ਚ ਹੱਥ ਮਾਰਦਿਆਂ।’’

ਮੈਂ ਰੱਬ ਵੱਲੋਂ ਦੱਸੀ ਜਾ ਰਹੀ ਕਹਾਣੀ ਨੂੰ ਵਿਚਾਲਿਓਂ ਹੀ ਰੋਕ ਲਿਆ।

“ਇਹਦਾ ਮਤਲਬ ਰੁਮਾਲ ਮੱਲੋਜ਼ੋਰੀ ਦਿੱਤਾ ਤੂੰ ?’’

“ਕਾਹਨੂੰ, ਰਮਾਲ ਤਾਂ ਉਹਨੇ ਫੜਿਆ ਈ ਨ੍ਹੀ।’’

“ਫੇਰ ?’’

“ਅੱਖ ਬਚਾ ਕੇ ਉਨ੍ਹਾਂ ਦੀ ਸਬਾਤ ’ਚ ਸੌਣ ਆਲੇ ਬਿੱਡਾਂ ਦੀ ਢੋਅ ’ਤੇ ਰੱਖ ਆਂਦਾ। ਅਗਾਂਹ ਕੀ ਹੋਇਆ-ਕੀ ਨਹੀਂ ਹੋਇਆ, ਕੁੱਲ ਪਿੰਡ ਨੂੰ ਪਤਾ। ਤੈਨੂੰ ਕਿਹੜਾ ਭੁੱਲ ਐ? ’’

ਮੈਂ ਆਪਣਾ ਸਿਰ ਦੋਵਾਂ ਹੱਥਾਂ ’ਚ ਘੁੱਟ ਲਿਆ। ਰੱਬ ਕਿੰਨੀ ਖ਼ਤਰਨਾਕ ਗੇਮ ਖੇਡ ਗਿਆ ਸੀ। ਬੈੱਡ ’ਤੇ ਪਿਆ ਰੱਬ ਜੀ ਦਾ ਰੁਮਾਲ ਵੇਖ ਕੇ ਸਰਬਾ ਕਿਵੇਂ ਭੜਕਿਆ ਹੋਊ, ਇਸਦੀ ਕਲਪਨਾ ਕਰਦਿਆਂ ਹੀ ਮੈਂ ਡੌਰ ਭੌਰਾ ਹੋ ਗਿਆ।

“ਮੈਤਾਂ ਸਰਦਾਰ ਸਰਬ ਸਿੰਹੁ ਨੂੰ ਅਸਾਸ ਈ ਕਰਾਉਣਾ ਸੀ ਮਾੜਾ ਜਿਆ। ਵੇਖਲਾ ਕਿਮੇ ਤੜਫ ਉੱਠਿਆ ਜਿਮੇਂ ਮੱਛੀ ਪਾਣੀ ਬਿਨਾਂ ਤੜਫਦੀ ਹੁੰਦੀ ਐ।’’ ਆਖਦਿਆਂ ਉਸਨੇ ਤਸੱਲੀ ਭਰਿਆ ਲੰਮਾ ਸਾਹ ਲਿਆ।

“ਅਪਸਰਾ, ਤੂੰ ਦੱਸ ਰੱਬ ਨੇ ਚੰਗਾ ਕੀਤਾ ਕਿ ਮਾੜਾ ?’’ ਰੱਬ ਦੇ ਸੁਆਲ ਨੇ ਮੈਨੂੰ ਸੋਚਾਂ ’ਚੋਂ ਬਾਹਰ ਕੱਢ ਲਿਆਂਦਾ। ਮੈਂ ਉਸਦੇ ਸਵਾਲ ਦਾ ਜਵਾਬ ਸੋਚਣ ਲੱਗਾ। ਕਦੇ ਮੇਰਾ ਜੀਅ ਕੀਤਾ ਆਖਾਂ ਕਿ ਰੱਬਾ ਤੂੰ ਸਰਬੇ ਵਰਗੇ ਇਖ਼ਲਾਕ ਤੋਂ ਗਿਰੇ ਬੰਦੇ ਨੂੰ ਅਹਿਸਾਸ ਕਰਾ ਕੇ ਬੜਾ ਚੰਗਾ ਕੀਤਾ, ਕਦੇ ਮੇਰਾ ਜੀਅ ਕਰੇ ਕਿ ਆਖਾਂ, “ਰੱਬ ਜੀ, ਯਾਰ ਤੂੰ ਰੱਬ ਵਰਗੀ ਤੀਵੀਂ ਦੇ ਕੁੱਟ ਪਵਾ ਕੇ ਚੰਗਾ ਨ੍ਹੀ ਕੀਤਾ।’’ ਪਰ ਦੁਚਿੱਤੀ ਦੇ ਭੰਵਰ ’ਚ ਘਿਰੇ ਨੇ ਮੈਂ ਕੋਈ ਜਵਾਬ ਨਾ ਦਿੱਤਾ।

“ਰੱਬ ਨੇ ਚੰਗਾ ਨ੍ਹੀ ਕੀਤਾ ਅਪਸਰਾ।’’ ਉਸਦੀ ਆਵਾਜ਼ ਜਿਵੇਂ ਬਹੁਤ ਡੂੰਘੇ ਖੂਹ ’ਚੋਂ ਆਈ ਸੀ। ਲੜਖੜਾਉਂਦੇ ਕਦਮਾਂ ਨਾਲ ਉਹ ਬਾਹਰਲਾ ਬੂਹਾ ਲੰਘ ਗਿਆ ਸੀ।

- ਗੁਰਮੀਤ ਕੜਿਆਲਵੀ

Posted By: Harjinder Sodhi