ਉਹ ਜਦੋਂ ਵੀ ਆਉਂਦਾ ਨਿੱਜੀ ਦੁੱਖ ਬਾਰੇ ਨਵੀਂ ਗੱਲ ਛੇੜ ਲੈਂਦਾ। “ਅਪਸਰਾ! ਝੱਗਾ ਚੱਕਿਆਂ ਆਵਦਾ ਢਿੱਡ ਨੰਗਾ ਹੁੰਦਾ।’’

ਫਿਰ ਉਹ ਆਪਣਾ ਝੱਗਾ ਚੱਕਦਾ ਤੇ ਨੰਗੇ ਹੋਏ ਢਿੱਡ ਬਾਰੇ ਦੱਸਣ ਲੱਗਦਾ। ਮੈਨੂੰ ਉਹ ਦਿਨ ਅਜੇ ਵੀ ਯਾਦ ਹੈ ਜਦੋਂ ਉਸਨੇ ਪਹਿਲੀ ਵਾਰ ਆਪਣਾ ਢਿੱਡ ਮੇਰੇ ਸਾਹਮਣੇ ਨੰਗਾ ਕੀਤਾ ਸੀ।

“ਅਪਸਰਾ! ਬਾਜੇ ਬਾਜੇ ਬੰਦੇ ਗਰੀਬ ਦੀ ਤੀਮੀ ’ਤੇ ਅੱਖ ਰੱਖ ਲੈਂਦੇ। ਹੁਣ ਸ਼ਾਡੇ ਆਲੇ ਸਰਬੇ ਪੰਚ ਦੀ ਕਰਤੂਤ ਵੇਖਲਾ। ਮੇਰੇ ਪਿਉ ਨੇ ਵੀਹ ਸਾਲ ਸੀਰ ਕੀਤਾ ਏਹਨਾਂ ਨਾਲ। ਘਰਦਾ ਜੀਅ ਬਣਕੇ ਰਿਹਾ। ਜਦੋਂ ਈ ਮੈਂ ਨੀਕਰ ਦੀ ਥਾਂ ਸ਼ੁੱਥੂ ਪਾਉਣ ਜੋਗਾ ਹੋਇਆਂ, ਉਦੋਂ ਦਾ ਮੈਂ ਸੀਰ ਕਮਾ ਰਿਹਾਂ। ਹੱਥੀਂ ਕੱਢ ਕੱਢ ਕੇ ਦਾਰੂ ਪਿਆਈ ਡਰੰਮਾਂ ਦੇ ਡਰੰਮ। ਤੈਨੂੰ ਕਿਹੜਾ ਭੁੱਲ ਐ। ਮੌਲੇ ਬਲਦ ਵਾਗੂੰ ਕੰਮ ਕੀਤਾ ਏਸ ਘਰ ਵਾਸਤੇ। ਕੀਤਾ ਕਿ ਨ੍ਹੀ ਕੀਤਾ?’’ ਉਹ ਮੇਰਾ ਹੁੰਗਾਰਾ ਭਰਾਉਣ ਲਈ ਰੁੱਕ ਗਿਆ ਸੀ।

“ਨਾ ਰੱਬ ਜੀ, ਕੋਈ ਝੂਠ ਨਹੀਂ ਏਸ ਗੱਲ ’ਚ।’’ ਮੈਂ ਰੱਬ ਨੂੰ ਬੜਾ ਸੰਖੇਪ ਜਿਹਾ ਜਵਾਬ ਦਿੱਤਾ। ਮੈਂ ਕਿੰਨਾ ਚਿਰ ਦਿਮਾਗ਼ ’ਤੇ ਜ਼ੋਰ ਪਾ ਕੇ ਉਸਦਾ ਅਸਲੀ ਨਾਂ ਯਾਦ ਕਰਦਾ ਰਿਹਾ ਪਰ ਯਾਦ ਨਾ ਆਇਆ। ਅਸਲੀ ਨਾਂ ਤਾਂ ਸ਼ਾਇਦ ਉਸਨੂੰ ਆਪ ਵੀ ਨਾ ਯਾਦ ਹੋਵੇ। ਪਿੰਡ ’ਚ ਸਾਰੇ ਉਸਨੰ ‘ਰੱਬ’ ਜਾਂ ‘ਰੱਬ ਜੀ’ ਕਰਕੇ ਹੀ ਬੁਲਾਉਂਦੇ ਸਨ। ਉਂਝ ਜਿਸ ਕਿਸੇ ਨੇ ਵੀ ਉਸਦਾ ਇਹ ਨਾਂ ਰੱਖਿਆ ਸੀ, ਠੀਕ ਹੀ ਰੱਖਿਆ ਸੀ। ਦੀਨ ਦੁਨੀਆ ਵਲੋਂ ਬੇਪਰਵਾਹ ਹੋ ਕੇ ਆਪਣੇ ਕੰਮ ’ਚ ਲੱਗੇ ਰਹਿਣ ਵਾਲੇ ਬੰਦੇ ਲਈ ਇਹ ਨਾਂ ਜਵਾਂ ਢੁੱਕਵਾਂ ਸੀ।

“ਏਹਦੀਆਂ ਸਾਰੀਆਂ ਰਿਸ਼ਤੇਦਾਰੀਆਂ ‘ਚ ਮਾਨਤਾ ਸੀ ਮੇਰੀ। ਏਹਦੀਆਂ ਭੈਣਾਂ ਕੋਲ ਵੀ ਮੈਂ ਈ ਜਾਂਦਾ ਆਉਂਦਾ ਸੀਗਾ। ਕੋਈ ਚੀਜ਼ ਵਸਤ ਲੈ ਕੇ ਜਾਣੀ---ਕੋਈ ਲੈ ਕੇ ਆਉਣੀ। ਭੈਣਾਂ-ਭਣਵਈਆਂ ਨੇ ਵੀ ਕਦੇ ਜਰੈਂਤ ਨ੍ਹੀ ਸੀ ਕੀਤੀ ਮੇਰੇ ਨਾਲ। ਆਪ ਤਾਂ ਇਹ ਕਿਧਰੇ ਜਾਂਦਾ ਆਉਂਦਾ ਹੈਨੀ। ਤੈਨੂੰ ਕਿਹੜਾ ਭੁੱਲ ਐ। ਦਾਦਿਓ-ਬਾਬਿਓਂ ਸ਼ੋਡੇ ਲਾਣੇ ’ਚੋਂ ਈ ਐ। ਪਰ ਅਪਸਰੋ, ਸ਼ੋਡੇ ਤਾਂ ਪੈਰ ਦੀ ਚੀਚੀ ਦੀ ਵੀ ਰੀਸ ਨ੍ਹੀ ਕਰ ਸਕਦਾ। ਤੁਸੀਂ ਹੋਏ ਗਰੀਬ ਗੁਰਬੇ ਦੀ ਇਜ਼ਤ ਦੇ ਸਾਂਝੀ ਤੇ ਏਹ ਗਰੀਬ ਦੀ ਇਜ਼ਤ ਤਕਾਉਣ ਵਾਲਾ, ਯਾਰ ਮਾਰ।’’ ਉਹ ਮੇਰੇ ਜ਼ੋਰ ਲਾਉਣ ’ਤੇ ਵੀ ਕੁਰਸੀ ’ਤੇ ਨਾ ਬਹਿੰਦਾ ਤੇ ‘ਅਪਸਰਾ ਆਪਣੇ ਤੋਂ ਨ੍ਹੀ ਏਹਦੇ ’ਚ ਵੜਿਆ ਜਾਂਦਾ’ ਆਖਦਿਆਂ ਅਕਸਰ ਪੈਰਾਂ ਭਾਰ ਉਕੜੂ ਜਿਹੇ ਹੋ ਕੇ ਬੈਠ ਜਾਂਦਾ। ਏਧਰ ਓਧਰ ਉਸਲਵੱਟੇ ਲੈਂਦਾ ਤਾਂ ਮੈਨੂੰ ਉਸਦੀ ਚਾਹ ਵਾਲੀ ਤੋੜ ਦਾ ਪਤਾ ਲੱਗ ਜਾਂਦਾ।

“ਅਪਸਰਾ! ਏਹਦੇ ਚਾਚੇ ਦੀ ਕੁੜੀ ਹੁੰਦੀ ਸੀ ਨਾ ਹਮੀਰਾਂ, ਜਮਾ ਮੂਰਤ ਅਰਗੀ। ਜਿਮੇ ਦੀਆਂ ਟੈਲੀਵਿਜ਼ਨ ’ਚ ਆਉਂਦੀਆਂ। ਤੈਨੂੰ ਕਿਹੜਾ ਭੁੱਲ ਐ। ਕੇਰਾਂ ਮੇਰੇ ਸਾਮਣ੍ਹੇ ਆ ਖੜੀ। ਅੱਖਾਂ ‘ਚ ਲਾਲ ਡੋਰੇ। ਖਾ ਜਾਣ ਵਾਲਿਆਂ ਵਾਗੂੰ ਝਾਕੇ। ਜਾਣੀਦਾ ਸਾਬਤ ਨੂੰ ਈ ਡਕਾਰਜੂ। ਬੰਦੇ ਤੋਂ ਉੱਚੀਆਂ ਚਰੀਆਂ। ਹਮੀਰਾਂ ਲਾਟ ਬਣੀ ਖੜੀ ਸੀ। ਏਹ ਉਦੋਂ ਦੀਆਂ ਗੱਲਾਂ ਜਦੋਂ ਮੇਰਾ ਖੂਨ ਵੀ ਤੱਤਾ ਹੁੰਦਾ ਸੀ।’’ ਉਹ ਦੂਰ ਖਲਾਅ ’ਚ ਝਾਕਣ ਲੱਗਾ ਸੀ।

“ਪਰ ਅਪਸਰਾ ਤੇਰੀ ਸਹੁੰ! ਖੂਨ ‘ਚ ਉਬਾਲ ਆਇਆ ਈ ਨ੍ਹੀ। ਐਵੇਂ ਆਖਾਂ, ਹਮੀਰਾਂ ਹੁਣ ਤਾਈਂ ਏਹ ਗੱਲ ਚਿਤਾਰਦੀ ਅਖੇ ਵੀਰਾ ਜੇ ਤੂੰ ਓਦਣ ਡੋਲ ਜਾਂਦਾ ਮੇਰੀ ਜਿੰਦਗੀ ਨਰਕ ਹੋ ਜਾਣੀ ਸੀ। ਵਿਚਾਰੀ ਅੱਜ ਤੱਕ ਭੈਣਾਂ ਵਾਗੂੰ ਵਰਤਦੀ ਐ। ਤੈਨੂੰ ਕਿਹੜਾ ਭੁੱਲ ਐ?’’

ਮੈਂ ਹਿਸਾਬ ਲਾ ਲਿਆ ਸੀ ਕਿ ਉਹ ਅਸਲ ਗੱਲ ਦੱਸਣ ਤੋਂ ਪਹਿਲਾਂ ਏਧਰ ਓਧਰ ਦੀਆਂ ਮਾਰਕੇ ਖੁੱਦ ਨੂੰ ਤਿਆਰ ਕਰ ਰਿਹਾ ਸੀ। ਉਸਨੇ ਢਿੱਡ ਤੋਂ ਝੱਗਾ ਚੱੁਕ ਜਰੂਰ ਦਿੱਤਾ ਸੀ ਪਰ ਨੰਗ ਅਜੇ ਵੀ ਜ਼ਾਹਰ ਨਹੀਂ ਸੀ ਕੀਤਾ।

“ਅਪਸਰਾ! ਤੈਨੂੰ ਆਵਦਾ ਭਰਾ ਮੰਨਦਾਂ। ਤੈਥੋਂ ਕਾਹਦਾ ਲੁਕੋ। ਸਾਲੀ ਹਰਾਮ ਦੀ ਸੱਟ ਸਰਬਾ ਹੁਣ ਮੇਰੇ ਘਰਵਾਲੀ ‘ਤੇ ਕਬਜ਼ਾ ਕਰੀ ਬੈਠਾ। ਤੈਨੂੰ ਕਿਹੜਾ ਭੁੱਲ ਐ? ਅਸਕਰ ਨੂੰ ਤੂੰ ਵੀ ਤਾਂ ਪਿੰਡ ‘ਚ ਈ ਰਹਿਨੈ। ਡਿਊਟੀ ਕਰਕੇ ਆਥਣ ਨੂੰ ਘਰੇ ਤਾਂ ਆ ਈ ਜਾਨੈ। ਸੁਣ ਈ ਲਿਆ ਹੋਊ ਏਧਰੋਂ ਓਧਰੋਂ।’’

“ਨਾ ਵਈ ਰੱਬਾ, ਐਵੇਂ ਆਖਾਂ ਆਪਾਂ ਤਾਂ ਨ੍ਹੀ ਸੁਣੀ ਕੋਈ ਚੰਗੀ ਮਾੜੀ। ਊਂ ਹੋ ਸਕਦਾ ਝੂਠ ਹੋਵੇ। ਤੈਨੂੰ ਕਿਸੇ ਨੇ ਸ਼ੱਕ ਪਾਤਾ ਹੋਵੇ। ਦਾਤੀ ਦੇ ਤਾਂ ਇਕ ਪਾਸੇ ਹੁੰਦੇ ਪਰ ਸਾਲੀ ਦੁਨੀਆਂ ਦੇ ਦੋ ਪਾਸੇ ਦੰਦੇ ਹੈ। ਨਾਲੇ ਭਰਜਾਈ ਕਿਸੇ ਵੱਲ ਕਿਉਂ ਝਾਕੂ, ਤੈਨੂੰ ਕੀ ਹੋਇਆ? ਚੰਗਾ ਭਲਾ ਏਂ। ਵਹਿਮ ਨ੍ਹੀ ਕਰੀਦਾ। ਨਾਲੇ ਲੋਕਾਂ ਦੀਆਂ ਨ੍ਹੀ ਸੁਣੀਦੀਆਂ। ਲੋਕ ਬੜੇ---।’’ ਰੱਬ ਜੀ ਨੂੰ ਹੌਸਲਾ ਦੇਣ ਲਈ ਇਸ ਤੋਂ ਹੋਰ ਵੱਡੇ ਸ਼ਬਦ ਮੈਨੂੰ ਨਹੀਂ ਸੀ ਅਹੁੜੇ।

“ਅਪਸਰਾ! ਠਾਣੇ ਲੰਬੜ ਆਲੀ ਤੀਮੀ ਆਵਦੇ ਭਈਏ ਨਾਲ ਨ੍ਹੀ ਸੀ ਫੜੀ ਗਈ ? ਤੈਨੂੰ ਕਿਹੜਾ ਭੁੱਲ ਐ? ਹੁਣ ਤੂੰ ਦੱਸ, ਠਾਣੇ ਲੰਬੜ ‘ਚ ਕੀ ਘਾਟ ਐ? ਮਖ ਐਥੇ ਪਿਆ ਚੁਗਾਠਾ। ਦੋ ਬੰਦਿਆਂ ਨੂੰ ਕੱਛਾਂ ‘ਚ ਘੁੱਟ ਕੇ ਮਾਰ ਦੇਵੇ। ਮੇਰੇ ਵਾਗੂੰ ਭੁੱਖਾ ਵੀ ਨ੍ਹੀ ਮਰਦਾ, ਘਰੇ ਦੁੱਧ ਘਿਉ ਬਥੇਰਾ। ਤੈਨੂੰ ਕਿਹੜਾ ਭੁੱਲ ਐ।’’ ਉਹ ਮੈਨੂੰ ਨਿਰਉਤਰ ਕਰਕੇ ਤੁਰ ਗਿਆ ਸੀ।

ਇਸ ਗੱਲ ਨੂੰ ਕਈ ਦਿਨ ਲੰਘ ਜਾਂਦੇ ਹਨ। ਉਸ ਨਾਲ ਮੇਲ ਨਹੀਂ ਹੁੰਦਾ। ਸਵੇਰੇ ਡਿਉਟੀ ‘ਤੇ ਚਲਾ ਜਾਂਦਾ ਹਾਂ ਤੇ ਸ਼ਾਮੀ ਦੇਰੀ ਨਾਲ ਘਰ ਪਰਤਦਾ ਹਾਂ। ਪਤਨੀ ਨਿਰਮਲ ਨੇ ਦੱਸਿਆ ਕਿ ਉਹ ਮੇਰੇ ਪਿੱਛੋਂ ਦੋ ਤਿੰਨ ਵਾਰ ਆ ਕੇ ਗਿਆ ਸੀ।

ਰੱਬ ਦਾ ਮੇਰੇ ਨਾਲ ਖਾਸਾ ਸਨੇਹ ਹੈ। ਮੇਰਾ ਘਰ ਸਰਬੇ ਕੇ ਰੋਹੀ ਵਾਲੇ ਖੇਤਾਂ ਨੂੰ ਜਾਂਦੇ ਰਾਹ ‘ਤੇ ਪੈਂਦਾ ਹੋਣ ਕਰਕੇ ਰੱਬ ਖੇਤਾਂ ਨੂੰ ਜਾਂਦਿਆਂ ਅਕਸਰ ਮੇਰੇ ਕੋਲ ਆ ਜਾਂਦਾ ਹੈ। ਉਹ ਲੰਘਦਾ ਵੜਦਾ ਮੇਰੇ ਵਲੋਂ ਕੋਠੀ ‘ਚ ਲਾਈਆਂ ਸਬਜ਼ੀਆਂ ਭਾਜੀਆਂ ਦੀ ਗੋਡ-ਗੁਡਾਈ ਵੀ ਕਰ ਜਾਂਦਾ ਹੈ। ਘਰ ਦੇ ਹੋਰ ਛੋਟੇ ਮੋਟੇ ਕੰਮ ਵੀ ਕਰ ਦਿੰਦਾ। ਦਾਸੇ ਬੀਸੇ ਦੀ ਲੋੜ ਵੀ ਮੇਰੇ ਤੋਂ ਹੀ ਪੂਰੀ ਕਰਦਾ ਹੈ। ਮੈਂ ਹੀ ਨਹੀਂ ਨਿਰਮਲ ਵੀ ਉਸਦਾ ਮਾਣ ਤਾਣ ਕਰਦੀ ਹੈ। ਉਸਦੇ ਵੇਲੇ ਕੁਵੇਲੇ ਆਉਣ ‘ਤੇ ਕਦੇ ਮੱਥੇ ਵੱਟ ਨਹੀਂ ਪਾਉਂਦੀ। ਉਹ ਤਾਂ ਸਗੋਂ ਮੈਨੂੰ ਵੀ ਉਸਦੀ ਸਹਾਇਤਾ ਕਰਨ ਲਈ ਕਹਿੰਦੀ ਰਹਿੰਦੀ ਹੈ।

ਉਸ ਦਿਨ ਛੁੱਟੀ ਸੀ। ਮੈਂ ਕੇਸੀ ਇਸ਼ਨਾਨ ਕਰਨ ਤੋਂ ਬਾਅਦ ਸਿਆਲਾਂ ਦੀ ਕੋਸੀ ਕੋਸੀ ਧੁੱਪ ‘ਚ ਵਾਲ ਸੁਕਾ ਰਿਹਾ ਸਾਂ। ਮੇਰੇ ਚਾਰ ਚੁਫੇਰੇ ਅਖਬਾਰਾਂ ਦਾ ਝੁਰਮਟ ਸੀ। ਅਮਰੀਕੀ ਸਦਰ ਦੀ ਧੌਂਸ ਬਾਰੇ ਦੇਸ਼ ਦੇ ਪ੍ਰਸਿੱਧ ਪੱਤਰਕਾਰ ਦੇ ਲਿਖੇ ਆਰਟੀਕਲ ‘ਚ ਖੁੱਭੇ ਨੂੰ ਮੈਨੂੰ ਪਤਾ ਹੀ ਨਹੀਂ ਲੱਗਾ ਰੱਬ ਕਦੋਂ ਮੇਰੇ ਕੋਲ ਆ ਖੜਿਆ ਸੀ।

“ਅਪਸਰਾ! ਬਾਅਲਾ ਈ ਡੂੰਘਾ ਖੁੱਭਿਆ ਪਿਆਂ। ਐਹੇ ਜ੍ਹੀ ਕੀ ਸੈਅ ਐ ਪੜ੍ਹਨ ਆਲੀ?’’

“ਰੱਬ ਜੀ, ਆਹ ਜਿਹੜਾ ਮੁਲਕ ਐ ਨਾ ਅਮਰੀਕਾ, ਇਹ ਕੰਜ਼ਰ ਦਾ ਸਾਰਿਆਂ ’ਤੇ ਈ ਧੌਂਸ ਜਮਾਉਂਦਾ। ਐਵੇਂ ਨਜਾਇਜ਼ ਈ। ਗਰੀਬ ਦੇਸ਼ਾਂ ਨੂੰ ਤਾਂ ਉਂਗਲਾਂ ’ਤੇ ਨਚਾਉਂਦਾ।’’

“ਅਪਸਰਾ! ਡਾਹਡੇ ਦਾ ਸੱਤੀ ਵੀਹੀਂ ਸੌ ਹੁੰਦਾ। ਭਮੇ ਬੰਦਾ ਹੋਵੇ ਚਾਹੇ ਮੁਲਖ਼, ਮਾੜੇ ਨੂੰ ਦਬਾਉਂਦਾ ਈ ਦਬਾਉਂਦਾ। ਗਰੀਬ ਦੀ ਜਨਾਨੀ ਨੂੰ ਤਾਂ ਸ਼ਾਮਲਾਟ ਈ ਸਮਝਦੈ। ਹਰੇਕ ਈ ਕੋਠਾ ਛੱਤਣ ਨੂੰ ਫਿਰਦਾ ਹੁੰਦਾ। ਆਹ ਸ਼ਾਡੇ ਆਲਾ ਸਰਦਾਰ ਸਰਬ ਸਿੰਹੁ ਕਿਹੜਾ ‘ਮਰੀਕਾ ਨਾਲੋਂ ਘੱਟ ਐ। ਸ਼ਰੇਆਮ ਧੱਕਾ ਕਰਦਾ। ਤੈਨੂੰ ਕਿਹੜਾ ਭੁੱਲ ਐ---?’’

ਰੱਬ ਕੋਲ ਸੁਣਾਉਣ ਲਈ ਹੁਣ ਹੋਰ ਨਵੀਂ ਕਹਾਣੀ ਸੀ। ਮੈਂ ਹੱਥ ਦਾ ਇਸ਼ਾਰਾ ਕਰਕੇ ਨਿਰਮਲ ਨੂੰ ਦੋ ਕੱਪ ਚਾਹ ਭੇਜਣ ਲਈ ਆਖ ਦਿੱਤਾ ਸੀ।

“ਹੁਣ ਕੀ ਹੋ ਗਿਆ?’’

“ਹੁਣ ਤਾਂ ਸਾਰਾ ਕੁਛ ਸ਼ਰੇਆਮ ਈ ਹੋ ਗਿਆ। ਸਾਲਾ ਢਿੱਡ ਨੰਗਾ ਕਰਨ ਦੀ ਵੀ ਲੋੜ ਨ੍ਹੀ ਰਈ। ਪਹਿਲਾਂ ਤਾਂ ਸਾਹਬੋ ਨੂੰ ਰਖੇਲ ਬਣਾ ਕੇ ਮੋਟਰ ‘ਤੇ ਰੱਖਦਾ ਸੀਗਾਹੁਣ ਤਾਂ ਧੱਕੇ ਨਾਲ ਘਰੇ ਈ ਆ ਪੈਂਦਾ। ਦੱਸ ਦਿੱਤਾ ਹੋਊ ਦੱਸਣ ਆਲਿਆਂ। ਤੈਨੂੰ ਕੋਈ ਭੁੱਲ ਐ?’’

“ਨਿਹਾਇਤ ਮਾੜੀ ਗੱਲ ਹੈ ਦੋਵਾਂ ਵਾਸਤੇ ਈ।“

“ਮੈਂ ਤਾਂ ਉਹਨਾਂ ਭਾਣੇ ਮਿੱਟੀ ਈ ਆਂਹੋਇਆ ਨਾ ਹੋਇਆ ਇੱਕ ਬਰੋਬਰ।’’

“ਤੂੰ ਘਰੇ ਨ੍ਹੀ ਹੁੰਦਾ?’’

“ਧੱਕੇ ਨਾਲ ਭੇਜ ਦਿੰਦਾ ਬੰਬੀ ’ਤੇ ਅਖੇ ਤੈਂਅ ਘਰੇ ਕੀ ਕਰਨਾ। ਜਾਹ ਜਾ ਕੇ ਪਾਣੀ ਲਾ। ਜੀਰੀ ਸੁੱਕਜੂ।’’

“ਤੂੰ ਤੁਰ ਜਾਨੈ ਚੁੱਪ ਕਰਕੇ?’’

“ਮੈਂ ਸੀਰੀ ਸਾਂਝੀ ਬੰਦਾ, ਨਾਂਹ ਨੁੱਕਰ ਵੀ ਨ੍ਹੀ ਕਰ ਸਕਦਾ। ਨਾਲੇ ਕਲੇਸ਼ ਤੋਂ ਡਰਦਾ ਰਹਿਨੈ। ਉਹ ਕਾਲੀ ਜੀਭ ਆਲੀ ਅਸਮਾਨ ਸਿਰ ‘ਤੇ ਚੱਕ ਲੈਂਦੀ ਐ। ਮਰਨ ਮਾਰਨ ਦੀਆਂ ਗੱਲਾਂ ਕਰਨ ਲੱਗਦੀ। ਮੈਂ ਤਾਂ ਡਰਦਾ ਰਹਿਨੈ ਵ੍ਹੀ ਜੇ ਕੁੱਛ ਕਰਗੀ ਤਾਂ ਸਾਰੀ ਉਮਰ ਜੇਲ੍ਹ ’ਚ ਸੜਦਾ ਰਹੂੰ। ਜੁਆਕ ਅੱਡ ਰੁਲ ਜਾਣਗੇ।’’

“ਆਹ ਗੱਲ ਤਾਂ ਹੈਗੀ।’’

“ਤੈਨੂੰ ਕਿਹੜਾ ਭੁੱਲ ਐ? ਹਰੀਏ ਪੱਤੀ ਆਲੇ ਮਿੱਠੂ ਨਾਲ ਕੀ ਹੋਇਆ ਸੀਗਾ। ਉਹ ਤੀਮੀ ਨੂੰ ਰੋਕਦਾ ਸੀਗਾ ਚੰਗੇ ਮੰਦੇ ਥਾਈਂ ਜਾਣੋ। ਉਹ ਦਵਾਈ ਖਾਗੀ ਚੂਹਿਆਂ ਆਲੀ---ਵੇਖਲਾ ਮਿੱਠੂ ਵਿਚਾਰਾ ਅਜੇ ਤਕ ਰੋਟੀਆਂ ਭੰਨ੍ਹੀ ਜਾਂਦਾ ਜੇਲ੍ਹ ਦੀਆਂ। ਜਿਹੜੀ ਜ਼ਮੀਨ ਸੀਗੀ ਦੋ ਕਿੱਲੇ ਉਹ ਕੇਸ ‘ਤੇ ਲੱਗਗੀ।’’

“ਯਾਰ ਰੱਬਾ, ਆਏਂ ਤਾਂ ਫਿਰ ਜਿਉਣਾ ਈ ਔਖਾ ਆ।’’

“ਅਪਸਰਾ! ਹੈ ਤਾਂ ਔਖਾ ਪਰ ਜਿਉਂਈ ਜਾਨੈ। ਅਸਲ ਗੱਲ ਐ, ਸਹੁਰੀ ਦੇ ਜੁਆਕਾਂ ਦਾ ਮੋਹ ਮਾਰਦਾ। ਤਰਸ ਆਉਂਦਾ ਉਹਨਾਂ ਅੱਲੀਂ ਵੇਖ ਵੇਖ ਕੇ। ਕਦੇ ਕਦੇ ਜੀਅ ‘ਚ ਆਉਂਦਾ ਘੱਲਾਂ ਆਲੀਆਂ ਨਹਿਰਾਂ ‘ਚ ਛਾਲ ਮਾਰ ਦਿਆਂ ਪਰ ਕੀ ਕਰਾਂ, ਸੋਚਦਾਂ ਜੁਆਕਾਂ ਦਾ ਕੀ ਕਸੂਰ। ਉਹਨਾਂ ਨੇ ਕੀ ਵੇਖ ਲਿਆ ਜੱਗ ’ਤੇ ਆ ਕੇ।’’

ਸੁਣਕੇ ਮੈਂ ਕੰਬ ਗਿਆ। ਮੈਨੂੰ ਉਸਦੀ ਲਾਸ਼ ਨਹਿਰ ’ਚ ਤਰਦੀ ਹੋਈ ਦਿਖਾਈ ਦੇਣ ਲੱਗੀ।

“ਕੋਈ ਨਹੀਂ---ਉੱਤਲੇ ’ਤੇ ਭਰੋਸਾ ਰੱਖੀਦਾ। ਐਹੋ ਜਿਹੀ ਗੱਲ ਨ੍ਹੀ ਲਿਆਉਣੀ ਕਦੇ ਦਿਮਾਗ਼ ’ਚ। ਸਾਰਾ ਕੁੱਝ ਠੀਕ ਹੋ ਜਾਊ।’’ ਸੁੱਕੇ ਵਾਲਾਂ ਦਾ ਜੂੜ੍ਹਾ ਕਰਕੇ ਮੈਂ ਪਰਨਾ ਲਪੇਟ ਲਿਆ।

“ਨਈਂ ਨਈਂ, ਆਏਂ ਤਾਂ ਨ੍ਹੀ ਮਰਦਾ। ਨਾਲੇ ਮਰਨਾ ਵੀ ਕਾਹਨੂੰ? ਰੱਬ ਨੇ ਮਸਾਂ ਤਾਂ ਮਾਣਸ ਦੇਹ ਦਿੱਤੀ ਐ। ਆਪੇ ਕੀਤੀਆਂ ਭੁਗਤਣਗੇ ਮਾੜੀਆਂ ਕਰਨ ਆਲੇ। ਅੱਗੇ ਕਿਹੜਾ ਭੁਗਤੀਆਂ ਨ੍ਹੀ। ਤੈਨੂੰ ਕਿਹੜਾ ਭੁੱਲ ਐ। ਗੋਲ ਕੋਠੀ ਆਲਿਆਂ ਦੇ ਬੱਠਲ ਜਿਹੇ ਨੇ ਵੀ ਆਏਂ ਅੱਤ ਚੱਕੀ ਸੀਗੀ ਸਰਬੇ ਆਗੂੰ। ਸਾਰੀ ਦਿਹਾੜੀ ਪਿੰਡ ਦੀਆਂ ਜਨਾਨੀਆਂ ਦੀਆਂ ਸੁੱਥਣਾਂ ਸੁੰਘਦਾ ਰਹਿੰਦਾ ਸੀ। ਟਰੈਕਟਰ ਥੱਲੇ ਆ ਕੇ ਰੀੜ ਦੀ ਹੱਡੀ ਦੇ ਮਣਕੇ ਟੁੱਟਗੇ। ਤੀਮੀ ਛੱਡਕੇ ਤੁਰਗੀ। ਰਿੜਕ ਰਿੜਕ ਕੇ ਮਰਿਆ ਕੁੱਤੇ ਆਲੀ ਮੌਤ। ਪਏ ਪਏ ਦੇ ਕੀੜੇ ਪੈਗੇ ਸੀਗੇ। ਐਥੇ ਵੇਖਲੀਂ, ਏਹਨਾਂ ਨਾਲ ਵੀ ਆਏਂ ਹੋਣੀ। ਨਾ ਹੋਈ ਤਾਂ ਮੈਨੂੰ ਰੱਬ ਨਾ ਆਖੀਂ।’’

ਰੱਬ ਦੇ ਜਾਣ ਬਾਅਦ ਵੀ ਕਿੰਨਾ ਚਿਰ ਉਸਦੇ ਬਾਰੇ ਹੀ ਸੋਚਦਾ ਰਿਹਾ।

“ਕੁੱਝ ਨਹੀਂ ਜੂਨ ਏਸ ਵਿਚਾਰੇ ਦੀ ਵੀ।’’ ਨਿਰਮਲ ਨੇ ਆਖਿਆ ਤਾਂ ਮੈਂ ਹੋਰ ਵਧੇਰੇ ਪ੍ਰੇਸ਼ਾਨ ਹੋ ਗਿਆ ਸਾਂ। ਇਸਦਾ ਮਤਲਬ ਰੱਬ ਦੇ ਘਰ ਦੀਆਂ ਗੱਲਾਂ ਲੋਕਾਂ ਦੇ ਚੱੁਲ੍ਹਿਆਂ ਚੌਂਕਿਆਂ ਤੱਕ ਆ ਗਈਆਂ ਸਨ।

ਫਿਰ ਥੋੜੇ ਦਿਨਾਂ ਬਾਅਦ ਉਹ ਹੋਰ ਦੁਖਦਾਈ ਗੱਲ ਸੁਣਾ ਗਿਆ।

“ਅਪਸਰਾ! ਹੁਣ ਤਾਂ ਸਾਰੇ ਪੜਦੇ ਈ ਚੱਕੇ ਗਏ। ਰਾਤ ਨੂੰ ਮੇਰੇ ਹੁੰਦਿਆਂ ਵੀ ਆ ਜਾਂਦਾ। ਉਹ ਤੇ ਸਾਹਬੋ---। ਚੱਲ ਛੱਡ, ਤੈਨੂੰ ਕਿਹੜਾ ਭੁੱਲ ਐ। ਦੋਵੇਂ ਕੀ ਕੀ ਗੁੱਲ ਖਲਾਉਂਦੇ ਐ, ਗੱਲ ਤਾਂ ਕੁੱਲ ਪਿੰਡ ਦੀਆਂ ਜੁੱਲੀਆਂ ’ਚ ਵੜੀ ਫਿਰਦੀ ਹੋਊ।’’ ਸੁਣ ਕੇ ਮੈਂ ਸੁੰਨ ਹੋ ਗਿਆ। ਕੋਈ ਐਨਾ ਬੇਅਣਖਾ ਵੀ ਹੋ ਸਕਦਾ? ਸੋਚ ਕੇ ਮੇਰਾ ਸਿਰ ਚਕਰਾਉਣ ਲੱਗਾ। ਮੈਨੂੰ ਕਈ ਸਾਲ ਪਹਿਲਾਂ ਪੜੀ ਜਾਂ ਸੁਣੀ ਘਟਨਾ ਚੇਤੇ ਆ ਗਈ। ਕਿਸੇ ਨੇ ਆਪਣੀ ਪਤਨੀ ਦੇ ਆਸ਼ਕ ਦਾ ਸਿਰ ਵੱਢ ਕੇ ਥਾਣੇਦਾਰ ਦੇ ਮੇਜ਼ ’ਤੇ ਲਿਆ ਰੱਖਿਆ ਸੀ।

“ਯਾਰ ਤੂੰ ਜਿਉਂਦਾ ਕਿਵੇਂ?’’ ਇਹ ਗੱਲ ਤਾਂ ਮੈਂ ਸੋਚਾਂ ਵਿਚ ਹੀ ਆਖੀ ਸੀ ਪਰ ਸ਼ਾਇਦ ਰੱਬ ਨੂੰ ਸੁਣ ਗਈ ਸੀ।

“ਅਪਸਰਾ! ਮੈਨੂੰ ਪਤਾ ਤੂੰ ਕੀ ਸੋਚਦੈਂ। ਰੱਬ ਕਰਨ ਨੂੰ ਤਾਂ ਕੀ ਨ੍ਹੀ ਕਰ ਸਕਦਾ ਪਰ ਬਲੂੰਰਾਂ ਅਰਗੇ ਜੁਆਕ ਦੀਂਹਦੇ ਅੱਖਾਂ ਮੂਹਰੇ। ਉਨ੍ਹਾਂ ਕਰਕੇ ਈ ਨਰੈਣਾ ਬਣਿਆ ਪਿਐਂ। ਨਾਲੇ ਬਾਈ ਸਿਆਂ ਮੇਰਾ ਤਾਂ ਕੋਈ ਸੁੱਚੇ ਸੂਰਮੇ ਅਰਗਾ ਭਰਾ ਵੀ ਹੈਨੀ।’’ ਮੈਂ ਸੋਚਿਆ ਰੱਬ ਰੋ ਪਵੇਗਾ ਪਰ ਉਹ ਤਾਂ ਸਾਧਾਰਨ ਰੌਂਅ ‘ਚ ਹੀ ਗੱਲਾਂ ਕਰ ਰਿਹਾ ਸੀ। ਕੀ ਪਤਾ ਅੰਦਰ ਪੀੜਾਂ ਦਾ ਕਿੰਨਾ ਕੁ ਵੱਡਾ ਦਰਿਆ ਡੱਕੀ ਫਿਰਦਾ ਸੀ। ਇਹ ਜ਼ਰੂਰੀ ਤਾਂ ਨਹੀਂ ਹੁੰਦਾ ਕਿ ਦੁੱਖ ਬੋਲ ਕੇ ਹੀ ਸੁਣਾਇਆ ਜਾਵੇ।

“ਅਪਸਰਾ! ਗੱਲ ਸਾਰੀ ਸੋਚਣ ਦੀ ਹੁੰਦੀਓ। ਹੁਣ ਤਾਂ ਮੈਂ ਹੋਰੂੰ ਸੋਚਦਾਂ। ਤੂੰ ਪੁੱਛ ਕਿਮੇ?’’

“ਮੈਨੂੰ ਤਾਂ ਏਨਾ ਹੀ ਬਹੁਤ ਐ ਕਿ ਰੱਬ ਕੁੱਝ ਸੋਚਦਾ ਤਾਂ ਹੈ।’’ ਮੇਰੇ ਬੋਲਾਂ ਦੇ ਵਿਅੰਗ ’ਚ ਰੱਬ ਉਲਝਿਆ ਨਹੀਂ ਸੀ।

“ਸੋਚਦਾਂ ਸਾਹਬੋ ਸਰਦਾਰਾਂ ਦੀ ਨੂੰਹ ਐ---ਮੇਰੇ ਕੋਲ ਤਾਂ ਕਦੇ ਕਦਾਈਂ ਰਾਤ ਕੱਟ ਜਾਂਦੀ। ਜੀਕਣ ਤੂੰ ਕਹਿਨੈ ਹੁੰਨਾ, ਬਦਲ ਲਿਆ। ਕੀ ਕਹਿੰਨਾ ਹੁੰਨਾ ?’’

“ਦਿ੍ਰਸ਼ਟੀਕੋਣ।’’

“ਹਾਅੋ ਦਰਸ਼ਟੀਕੋਣ। ਊਂ ਤੇਰਾ ਕੀ ਖਿਆਲ ?’’ ਉਹ ਕਿੰਨਾ ਚਿਰ ‘ਹੀਂ-ਹੀਂ’ ਕਰਕੇ ਹੱਸਦਾ ਰਿਹਾ। ਮੈਂ ਹਿਸਾਬ ਲਾਇਆ ਉਹ ਚਾਹੁੰਦਾ ਸੀ ਕਿ ਮੈਂ ਆਖਾਂ, “ਆਹ ਗੱਲ ਤਾਂ ਤੇਰੀ ਦਰੁਸਤ ਹੈ,’’ ਪਰ ਮੈਂ ਆਖ ਨਾ ਸਕਿਆ। ਮੈਂ ਸਮਝਦਾ ਸਾਂ ਆਪਣੀ ਪਤਨੀ ਬਾਰੇ ਅਜਿਹੀ ਗੱਲ ਕੋਈ ਵੀ ਨਹੀਂ ਆਖ ਸਕਦਾ ਭਾਵੇਂ ਰੱਬ ਹੀ ਕਿਉਂ ਨਾ ਹੋਵੇ। ਰੱਬ ਵੀ ਇਹ ਗੱਲ ਅੰਦਰੋਂ ਨਹੀਂ ਸੀ ਆਖ ਰਿਹਾ।

ਉਸ ਦਿਨ ਉਹ ਬੜੇ ਸਹਿਜ ਭਾਅ ਨਾਲ ਗੱਲਾਂ ਕਰਦਾ ਰਿਹਾ। ਨਿਰਮਲ ਚਾਹ ਫੜਾਉਣ ਆਈ। ਰੱਬ ਨੇ ਚਾਹ ਵਾਲਾ ਕੱਪ ਫੜਦਿਆਂ ਵਾਪਸ ਮੁੜਦੀ ਨਿਰਮਲ ਨੂੰ ਸੁਣਾਉਣ ਲਈ ਥੋੜਾ ਉੱਚੀ ਆਵਾਜ਼ ’ਚ ਆਖਿਆ, “ਨਿਰਮਲ ਭੈਣ ਜੀ ਅਰਗੀ ਤੀਮੀ ਨ੍ਹੀ ਹੋਣੀ ਸਾਰੇ ਜੱਗ ਜਹਾਨ ’ਤੇ। ਅਪਸਰਾ, ਪੈਰ ਧੋ ਧੋ ਕੇ ਪੀਆ ਕਰ ਸਵੇਰੇ ਆਥਣੇ।’’

ਨਿਰਮਲ ਮੇਰੇ ਵੱਲ ਟੇਡਾ ਜਿਹਾ ਵੇਖ ਕੇ ਮੁਸਕਰਾਉਂਦਿਆਂ ਚਲੀ ਗਈ। ਉਸਦੇ ਦੂਰ ਜਾਂਦਿਆਂ ਹੀ ਰੱਬ ਬੜੀ ਮਰੀਅਲ ਜਿਹੀ ਆਵਾਜ਼ ’ਚ ਬੋਲਿਆ, “ਸਾਹਬੋ ਵੀ ਤਾਂ ਤੀਮੀ ਐ। ਕਿੱਥੇ ਨਿਰਮਲ ਭੈਣ ਤੇ ਕਿੱਥੇ ਸਾਹਬੋ। ਕੋਈ ਤੀਮੀ ਜੁਆਕ ਜੰਮ ਦੇਣ ਨਾਲ ਈ ਤਾਂ ਨ੍ਹੀ ਤੀਮੀ ਬਣ ਜਾਂਦੀ।’’ ਉਸ ਨੇ ਚਾਹ ਪੀ ਕੱਪ ਮੰਜੇ ਦੇ ਹੇਠ ਨੂੰ ਸਿਰਕਾ ਦਿੱਤਾ।

ਇਸ ਗੱਲ ਨੂੰ ਮਹੀਨਾ ਡੂਢ ਮਹੀਨਾ ਲੰਘ ਗਿਆ। ਪੰਚਾਇਤੀ ਚੋਣਾਂ ਦੀ ਡਿਊਟੀ ਕਰਕੇ ਮੈਂ ਵੀ ਕੁੱਝ ਵਧੇਰੇ ਹੀ ਰੁਝੇਵੇਂ ’ਚ ਫਸਿਆ ਰਿਹਾ। ਸਵੇਰੇ ਸਾਝਰੇ ਜਾ ਕੇ ਦੇਰ ਰਾਤ ਗਏ ਘਰ ਮੁੜਦਾ। ਇਕ ਦਿਨ ਮੈਂ ਡਿਉਟੀ ’ਤੇ ਜਾਣ ਲਈ ਗੱਡੀ ਬਾਹਰ ਕੱਢੀ ਹੀ ਸੀ ਕਿ ਸਾਹਮਣੇ ਤੋਂ ਰੱਬ ਆਉਂਦਾ ਦਿਖਾਈ ਦਿੱਤਾ। ਵੇਖਣ ਨੂੰ ਉਹ ਕੁੱਝ ਰੌਂਅ ਵਿਚ ਲੱਗਦਾ ਸੀ।

“ਬਾਈ! ਬਾਹਲੀ ਕਾਹਲੀ ਤਾਂ ਨ੍ਹੀ ਜਾਣ ਦੀ?’’ ਮੈਂ ਨੋਟ ਕੀਤਾ ਉਸਨੇ ਸੰਬੋਧਨ ਕਰਨ ਲਈ ਅਪਸਰੋ ਦੀ ਥਾਂ ‘ਬਾਈ’ ਸ਼ਬਦ ਵਰਤਿਆ ਸੀ।

“ਹੈ ਤਾਂ ਕਾਹਲੀ ਈ ਪਰ ਐਨੀ ਵੀ ਨੀ। ਤੂੰ ਦੱਸ ਅੱਜ ਰੱਬ ਨੇ ਕਿਵੇਂ ਦਰਸ਼ਨ ਦਿੱਤੇ ਐਨੇ ਦਿਨਾਂ ਬਾਅਦ?’’ “ਸ਼ੋਡੇ ਨਾਲ ਇੱਕ ਗੱਲ ਕਰਨੀ ਸੀਗੀ।’’

“ਇਕ ਕਿਉਂ ਦੋ ਕਰਲਾ। ਚੱਲ ਪਹਿਲਾਂ ਤੇਰੀ ਸੁਣ ਲੈਨੇ ਆਂ।’’ ਮੈਂ ਕਾਰ ਬੰਦ ਕਰਕੇ ਚਾਬੀ ਵਾਪਸ ਪੈਂਟ ਦੀ ਜੇਬ ’ਚ ਪਾ ਲਈ। ਅਸੀਂ ਵਰਾਂਡੇ ’ਚ ਕੁਰਸੀਆਂ ’ਤੇ ਆ ਬੈਠੇ।

“ਫੁਰਮਾਉ ਰੱਬ ਜੀ!’’

“ਬਾਈ ਇਕ ਕੰਮ ਸੀ।’’ ਮੈਂ ਪੈਂਟ ਦੀ ਜੇਬ ’ਚੋਂ ਪਰਸ ਕੱਢਿਆ।

“ਜੇ ਤਾਂ ਦੋ ਚਾਰ ਸੌ ਚਾਹੀਦਾ ਹੁਣੇ ਲੈ ਜਾ, ਜੇ ਜ਼ਿਆਦਾ ਦੀ ਲੋੜ ਆ ਤਾਂ ਆਥਣੇ ਫੜਲੀਂ। ਮੈਂ ਬੈਂਕ ’ਚੋਂ ਕਢਾ ਲਿਆਊਂ।’’ ਮੈਂ ਪਰਸ ’ਚੋਂ ਸੌ ਸੌ ਦੇ ਤਿੰਨ ਨੋਟ ਕੱਢ ਕੇ ਉਸ ਵੱਲ ਵਧਾ ਦਿੱਤੇ। ਰੱਬ ਨੂੰ ਜਦੋਂ ਪੈਸੇ ਧੇਲੇ ਦੀ ਜ਼ਰੂਰਤ ਪੈਂਦੀ, ਮੇਰੇ ਕੋਲੋਂ ਹੀ ਲੈ ਕੇ ਜਾਂਦਾ ਸੀ।

“ਨਹੀਂ ਬਾਈ ਪੈਸੇ ਨ੍ਹੀ ਚਾਈਦੇ। ਸ਼ੋਨੂੰ ਹੋਰ ਸਵਾਲ ਪਾਉਣਾ।’’ ਪੈਸਿਆਂ ਵਾਲਾ ਹੱਥ ਉਸਨੇ ਪਿੱਛੇ ਨੂੰ ਧੱਕ ਦਿੱਤਾ।

“ਰੱਬ ਦੇ ਹੁਕਮ ਨੂੰ ਕਿਹੜਾ ਭੜੂਆ ਟਾਲ ਸਕਦਾ?’’ ਮੈਂ ਸ਼ਰਾਰਤ ਨਾਲ ਆਖਿਆ।

“ਬਾਈ ਸਿਆਂ, ਜੇ ਲਿਆ ਕੇ ਦੇ ਸਕਦੈਂ ਤਾਂ ਇਕ ਰੁਮਾਲ ਲਿਆ ਦੇ ਸਿਰੇ ਦਾ। ਮਹਿੰਗੇ ਤੋਂ ਮਹਿੰਗਾ। ਸਾਲਾ ਦੂਰੋਂ ਚਲਕਾਰੇ ਮਾਰਦਾ ਹੋਵੇ। ਜਾਣੀਦਾ ਜੀਹਨੂੰ ਵੇਂਹਦਿਆਂ ਸਾਰ ਕਹਿੰਦੀ ਕਹਾਉਂਦੀ ਤੀਮੀ ਗਸ਼ ਖਾ ਕੇ ਡਿੱਗਪੇ।’’ ਰੱਬ ਨੇ ਵਿਚਾਰਾ ਜਿਹਾ ਬਣਕੇ ਆਖਿਆ।

“ਹਾ ਹਾ ਹਾ ! ਵਾਹ ਉਏ ਰੱਬਾ----!’’ ਉਸ ਦੀ ਅਲੋਕਾਰੀ ਮੰਗ ’ਤੇ ਮੈਂ ਖੁੱਲ੍ਹ ਕੇ ਹੱਸਿਆ।

“ਬਾਈ ਹੈਦੇ ’ਚ ਹੱਸਣ ਆਲੀ ਕੀ ਗੱਲ ਐ?’’

“ਰੱਬਾ! ਪਤੰਦਰਾ ਬਾਹਲੇ ਪੁਰਾਣੇ ਟਾਈਮਾਂ ਦੀਆਂ ਗੱਲਾਂ ਕਰਦਾਂ। ਬਾਪੂ ਦੀ ਜਵਾਨੀ ਵੇਲੇ ਦੀਆਂ। ਅੱਜਕੱਲ੍ਹ ਦੀਆਂ ਜਨਾਨੀਆਂ ਰੁਮਾਲਾਂ ’ਤੇ ਨ੍ਹੀ ਡਿਗਦੀਆਂ ਗਸ਼ ਖਾ ਕੇ। ਹੁਣ ਮੋਬਾਇਲਾਂ ਦਾ ਯੁੱਗ ਹੈ।’’

“ਜਿਨ੍ਹਾਂ ਨੇ ਡਿੱਗਣਾ ਹੋਵੇ ਡਿੱਗ ਪੈਂਦੀਆਂ ਹਜੇ ਵੀ। ਤੈਨੂੰ ਕਿਹੜਾ ਭੁੱਲ ਐ। ਨਾਲੇ ਅਪਸਰਾ ਤੈਂਅ ਕੀ ਲੈਣਾ ਹੈਸ ਗੱਲ ’ਚੋਂ। ਲਿਆਕੇ ਦੇ ਸਕਦਾਂ ਤਾਂ ਦੱਸ, ਨੀ ਤਾਂ ਕੋਈ ਹੋਰ ਖੂਹ ਪੱਟਾਂ। ਨਾਲੇ ਪੈਸਿਆਂ ਦੀ ਕੋਈ ਪਰਵਾਹ ਨ੍ਹੀ ਭਮੇ ਕਿੰਨੇ ਲੱਗ ਜਾਣ।’’ (ਜਾਰੀ)

- ਗੁਰਮੀਤ ਕੜਿਆਲਵੀ

Posted By: Harjinder Sodhi