ਦੁੱਲਾ ਭੱਟੀ ਪੰਜਾਬ ਦੀ ਨਾਬਰੀ ਦਾ ਪ੍ਰਤੀਕ ਹੈ। ਉਸ ਦਾ ਜਨਮ ਮੁਗ਼ਲ ਸਲਤਨਤ ਵੇਲੇ 16ਵੀਂ ਸਦੀ ਦੇ ਅੱਧ ਵਿਚ ਸਾਂਦਲ ਬਾਰ ਪੰਜਾਬ (ਅਜੋਕਾ ਪਾਕਿਸਤਾਨ) ਦੇ ਇਲਾਕੇ ਪਿੰਡੀ ਭੱਟੀਆਂ ਵਿਚ ਹੋਇਆ ਅਤੇ ਫਾਂਸੀ (ਮੌਤ) 1599 ਈਸਵੀ ’ਚ ਹੋਈ। ਇਹ ਮਹਾਨ ਰਾਜਪੂਤ ਨਾਇਕ ਲਾਹੌਰ (ਪੰਜਾਬ, ਪਾਕਿਸਤਾਨ) ਵਿਚ ਮਿਆਣੀ ਸਾਹਿਬ ਕਬਰਿਸਤਾਨ ਵਿਚ ਦਫ਼ਨ ਦੱਸਿਆ ਜਾਂਦਾ ਹੈ।

ਰਾਏ ਅਬਦੁੱਲਾ ਖ਼ਾਨ ਭੱਟੀ, ਪ੍ਰਚਲਿਤ ਨਾਂ ਦੁੱਲਾ ਭੱਟੀ ਪੰਜਾਬ ਦਾ ਇਕ ਪ੍ਰਸਿੱਧ ਪ੍ਰਾਚੀਨ ਰਾਜਪੂਤ ਨਾਇਕ ਸੀ, ਜਿਸ ਨੇ ਮੁਗ਼ਲ ਸਮਰਾਟ ਅਕਬਰ ਦੇ ਖ਼ਿਲਾਫ਼ ਇਕ ਬਗ਼ਾਵਤ ਦੀ ਅਗਵਾਈ ਕੀਤੀ ਸੀ। ਦੁੱਲੇ ਦੀ ਮਾਂ ਦਾ ਨਾਂ ਲੱਧੀ ਤੇ ਪਿਉ ਦਾ ਨਾਂ ਫ਼ਕੀਰ ਖ਼ਾਨ ਸੀ। ਰਾਏ ਅਬਦੁੱਲਾ ਖ਼ਾਨ ਨੇ ਇਸ ਹੱਦ ਤਕ ਹਕੂਮਤ ਨੂੰ ਵਖਤ ਪਾ ਰੱਖਿਆ ਸੀ ਕਿ ਅਕਬਰ ਨੂੰ ਆਪਣੀ ਰਾਜਧਾਨੀ ਦਿੱਲੀ ਤੋਂ ਤਬਦੀਲ ਕਰਨੀ ਪਈ ਅਤੇ ਲਗਪਗ 20 ਸਾਲਾਂ ਲਈ ਲਾਹੌਰ ਵਿਖੇ ਲਾਹੌਰ ਕਿਲੇ੍ਹ ਨੂੰ ਆਪਣਾ ਹੈੱਡਕੁਆਰਟਰ ਬਣਾਉਣਾ ਪਿਆ ਸੀ ਅਤੇ ਇਹਦੇ ਬੁਨਿਆਦੀ ਢਾਂਚੇ ਨੂੰ ਵੀ ਬਦਲਣਾ ਪਿਆ ਸੀ।

ਦੁੱਲਾ ਭੱਟੀ ਦੇ ਵਡੇਰਿਆਂ ਦਾ ਪਿਛੋਕੜ

ਦੁੱਲਾ ਭੱਟੀ ਦਾ ਪਿੰਡ ਲਾਹੌਰ ਤੋਂ 12 ਕੋਹ ਦੂਰ ਕਾਬਲ ਵੱਲ ਨੂੰ ਜਾਂਦੀ ਜਰਨੈਲੀ ਸੜਕ ’ਤੇ ਪਿੰਡੀ ਭੱਟੀਆਂ ਪੈਂਦਾ ਸੀ। ਦੁੱਲੇ ਦਾ ਦਾਦਾ ਸਾਂਦਲ ਭੱਟੀ ਅਤੇ ਪਿਉ ਫ਼ਕੀਰ ਖ਼ਾਨ ਭੱਟੀ ਨੇ ਅਕਬਰ ਬਾਦਸ਼ਾਹ ਦੀ ਜਬਰੀ ਭੂਮੀ ਲਗਾਨ (ਮੁਆਮਲਾ) ਨੀਤੀ ਦਾ ਵਿਰੋਧ ਕੀਤਾ ਸੀ।ਦੁੱਲੇ ਅਤੇ ਉਸ ਦੇ ਪੁਰਖਿਆਂ ਦੀ ਬਗ਼ਾਵਤ ਨੂੰ ਢੁਕਵੇਂ ਇਤਿਹਾਸਕ ਪਰਿਪੇਖ ’ਚ ਸਮਝਣ ਹਿਤ ਅਕਬਰ ਦੇ ਸਮੇਂ ਉੱਤਰੀ ਭਾਰਤ ਦੀ ਜ਼ਰਾਇਤੀ/ਖੇਤੀਬਾੜੀ ਅਰਥ-ਵਿਵਸਥਾ ਦੇ ਬੰਦੋਬਸਤ ਨੂੰ ਸਮਝਣਾ ਜ਼ਰੂਰੀ ਹੈ। ਮੁਗ਼ਲ ਸਮਰਾਜ ਦੀ ਵਾਂਗਡੋਰ ਸੋਲ੍ਹਵੀਂ ਸਦੀ ਦੇ ਅੱਧ ’ਚ ਅਕਬਰ ਨੇ ਸੰਭਾਲੀ ਸੀ। ਉਸ ਨੇ ਕਈ ਪਰਗਨਿਆਂ (ਜ਼ਮੀਨ ਦਾ ਉਹ ਹਿੱਸਾ ਜਿਸ ਵਿਚ ਕਈ ਪਿੰਡ ਹੁੰਦੇ ਹਨ) ਨੂੰ ਲਗਾਨ ਹਲਕਿਆਂ ਵਿਚ ਤਬਦੀਲ ਕਰ ਦਿੱਤਾ। ਹਰ ਇਕ ਫ਼ਸਲ ’ਤੇ ਲੱਗਣ ਵਾਲੇ ਲਗਾਨ ਦੀ ਮਿਆਰੀ ਦਰ ਮੁਕੱਰਰ ਕਰ ਦਿੱਤੀ ਸੀ। ਹਰ ਇਕ ਕਾਸ਼ਤਕਾਰ ਤੋਂ ਸਟੇਟ ਦੇ ਹਿੱਸੇ ਦਾ ਲਗਾਨ ਨਗਦੀ ਵਜੋਂ ਵਸੂਲਿਆਂ ਜਾਣ ਲੱਗਿਆ। ਇਸ ਨਵੀਂ ਲਗਾਨ ਪ੍ਰਣਾਲੀ ਨੂੰ ‘ਜ਼ਬਤੀ’ ਆਖਿਆ ਗਿਆ।

ਦੁੱਲੇ ਦੇ ਪੁਰਖਿਆਂ ਵੱਲੋਂ ਕੇਂਦਰੀ ਯੋਜਨਾ ਮੁਤਾਬਕ ਤੈਅ ਕੀਤਾ ਜ਼ਮੀਨਾਂ ਦਾ ਲਗਾਨ (ਟੈਕਸ) ਦੇਣਾ ਬੰਦ ਕਰ ਦਿੱਤਾ ਸੀ। ਉਨ੍ਹਾਂ ਨੇ ਰਾਵੀ ਦੀ ਜੰਗ ਵਿਚ ਮੁਗ਼ਲ ਹਕੂਮਤ ਦੇ ਸੈਨਿਕਾਂ ਨੂੰ ਬੁਰੀ ਤਰ੍ਹਾਂ ਹਰਾ ਦਿੱਤਾ ਸੀ। ਅਕਬਰ ਨੇ ਦੁੱਲੇ ਦੇ ਪੁਰਖਿਆਂ ਨੂੰ ਈਨ ਮਨਾਉਣ ਦੇ ਬੜੇ ਯਤਨ ਕੀਤੇ ਪਰ ਜਦ ਉਹ ਕਿਸੇ ਤਰ੍ਹਾਂ ਨਾ ਝੁਕੇ ਤਾਂ ਅਕਬਰ ਨੇ ਦਹਿਸ਼ਤ ਪਾਉਣ ਲਈ ਉਨ੍ਹਾਂ ਦੇ ਸਿਰ ਕਲਮ ਕਰ ਕੇ ਲਾਸ਼ਾਂ ਵਿਚ ਫੂਸ ਭਰ ਕੇ ਲਾਹੌਰ ਦੇ ਮੁੱਖ ਦਰਵਾਜ਼ੇ ’ਤੇ ਪੁੱਠੀਆਂ ਲਟਕਵਾ ਦਿੱਤੀਆਂ ਸਨ। ਦੁੱਲੇ ਦਾ ਜਨਮ ਆਪਣੇ ਪਿਤਾ ਦੀ ਮੌਤ ਤੋਂ ਚਾਰ ਮਹੀਨਿਆਂ ਬਾਅਦ ਮਾਂ ਲੱਧੀ ਦੀ ਕੁੱਖ ਤੋਂ ਹੋਇਆ ਸੀ। ਸ਼ੁਰੂਆਤੀ ਜ਼ਿੰਦਗੀ ਵਿਚ ਦੁੱਲਾ ਭੱਟੀ ਪੰਜਾਬ ਦੇ ਪਿੰਡੀ ਭੱਟੀਆਂ ਵਿਖੇ ਰਹਿੰਦਾ ਸੀ। ਜਿਸ ਦਿਨ ਦੁੱਲਾ ਜੰਮਿਆ ਉਸੇ ਦਿਨ ਬਾਦਸ਼ਾਹ ਅਕਬਰ ਨੂੰ ਪੁੱਤਰ ਦੀ ਦਾਤ ਮਿਲੀ, ਜਿਸ ਨੇ ਭਵਿੱਖ ਦਾ ਜਹਾਂਗੀਰ ਬਣ ਹਿੰਦੋਸਤਾਨ ’ਤੇ ਹਕੂਮਤ ਕੀਤੀ ਸੀ। ਦਰਬਾਰੀ ਨਜੂਮੀਆਂ (ਜੋਤਸ਼ੀਆਂ) ਨੇ ਬਾਦਸ਼ਾਹ ਨੂੰ ਦੱਸਿਆ ਕਿ ਜੇ ਸ਼ੇਖੂ (ਜਹਾਂਗੀਰ ਦੇ ਬਚਪਨ ਦਾ ਨਾਂ) ਨੂੰ ਕਿਸੇ ਉਸ ਰਾਜਪੁਤਾਣੀ ਦੇ ਦੁੱਧ ’ਤੇ ਪਾਲ਼ਿਆ ਜਾਵੇ, ਜਿਸ ਨੇ ਉਸੇ ਦਿਨ ਪੁੱਤਰ ਜੰਮਿਆ ਹੋਵੇ, ਜਿਸ ਦਿਨ ਸ਼ੇਖੂ ਪੈਦਾ ਹੋਇਆ ਸੀ, ਤਦ ਇਹ ਸ਼ਹਿਜ਼ਾਦਾ ਭਵਿੱਖ ਵਿਚ ਸਦਾ ਲਈ ਬਹਾਦਰ ’ਤੇ ਜੇਤੂ ਰਹੇਗਾ।

ਅਕਬਰ ਨੇ ਦੁੱਲੇ ਦੇ ਪੁਰਖਿਆਂ ਵੱਲੋਂ ਮੁਗ਼ਲ ਤਖ਼ਤ ਦੇ ਵਿਰੁੱਧ ਬਗ਼ਾਵਤ ਕਰਨ ਦੇ ਬਾਵਜੂਦ ਦੁੱਲੇ ਦੀ ਮਾਂ ਲੱਧੀ ਨੂੰ ਇਹ ਜ਼ਿੰਮੇਵਾਰੀ ਦਿੱਤੀ ਗਈ। ਦੁੱਲੇ ਦੀ ਮਾਂ ਲੱਧੀ ਨੇ ਅਕਬਰ ਦੇ ਪੁੱਤ ਸ਼ੇਖੂ (ਬਾਦਸ਼ਾਹ ਜਹਾਂਗੀਰ) ਨੂੰ ਦੁੱਧ ਚੁੰਘਾਇਆ ਤੇ ਮਹੱਲਾਂ ਵਿਚ ਦੁੱਧ ਚੁੰਘਾਵੀ ਦੇ ਤੌਰ ’ਤੇ ਕੰਮ ਕੀਤਾ। ਲੱਧੀ ਨੂੰ ਸੰਭਾਵੀ ਤੌਖਲਾ ਵੀ ਸੀ ਕਿ ਦੁੱਲਾ ਕਿਤੇ ਆਪਣੇ ਪੁਰਖਿਆਂ ਵਾਂਗ ਨਾਬਰੀ ਦੇ ਪੈਂਡੇ ’ਤੇ ਨਾ ਤੁਰ ਪਵੇ ਅਤੇ ਆਪਣੇ ਪਿਉ ਦਾਦੇ ਦੀ ਮੌਤ ਦਾ ਬਦਲਾ ਲੈਣ ਦਾ ਮਨ ਨਾ ਬਣਾ ਲਵੇ। ਇਸ ਫ਼ੈਸਲੇ ਦਾ ਦੂਜਾ ਆਧਾਰ ਇਹ ਜਾਪਦਾ ਹੈ ਕਿ ਅਕਬਰ ਨੂੰ ਡਰ ਸੀ ਕਿ ਮੁਗ਼ਲ ਸਲਤਨਤ ਨਾਲ ਨਾਰਾਜ਼ ਹੋਣ ਕਰਕੇ ਕਿਤੇ ਲੱਧੀ ਬਾਗ਼ੀ ਭੱਟੀ ਖ਼ਾਨਦਾਨ ਦੀ ਪੀੜ੍ਹੀ ਨੂੰ ਮੁਗ਼ਲ ਸਲਤਨਤ ਲਈ ਸੰਭਾਵੀ ਖ਼ਤਰਾ ਨਾ ਬਣਾ ਦੇਵੇ।

ਸੋ ਇਸ ਮੰਤਵ ਦੀ ਪੂਰਤੀ ਲਈ ਲੱਧੀ ਹੀ ਦੁੱਧ ਚੁੰਘਾਵੀ ਹੋ ਸਕਦੀ ਸੀ। ਸਾਰੇ ਸ਼ਾਹੀ ਇੰਤਜ਼ਾਮਾਂ ਨਾਲ ਸ਼ੇਖੂ ਨੂੰ ਲੱਧੀ ਦੇ ਪਿੰਡ ਰੁਖ਼ਸਤ ਕੀਤਾ ਗਿਆ, ਪਰ ਬਾਦਸ਼ਾਹ ਅਕਬਰ ਤਾਂ ਕੋਈ ਹੋਰ ਚਾਲ ਖੇਡ ਰਿਹਾ ਸੀ। ਅਕਬਰ ਨੂੰ ਇਲਮ ਸੀ ਕਿ ਭਵਿੱਖ ਵਿਚ ਕੀ ਹੋਣ ਵਾਲਾ ਹੈ। ਕਿਉਂ ਨਾ ਪਹਿਲਾਂ ਹੀ ਭੱਟੀਆਂ ਦੇ ਪੁੰਗਰਦੇ ਤੁਖ਼ਮ ਦੇ ਨਾਬਰ ਲਹੂ ਨੂੰ ਸ਼ਾਹੀ ਸਹੂਲਤਾਂ ਨਾਲ ਸਿੰਜ ਕੇ ਮੁੱਢੋਂ ਹੀ ਠੰਢਾ ਕਰ ਦਿੱਤਾ ਜਾਵੇ। ਲੱਧੀ ਲਈ ਉਸ ਦੇ ਗਿਰਾਂ ਵਿਚ ਸ਼ਾਹੀ ਮਹਿਲ ਉਸਾਰਿਆਂ ਜਿੱਥੇ ਸ਼ੇਖੂ ਤੇ ਦੁੱਲੇ ਦਾ ਪਾਲਣ-ਪੋਸ਼ਣ ਹੋਣਾ ਸੀ। ਦੁੱਲੇ ਨੇ ਸ਼ੇਖੂ ਸੰਗ ਕੁਸ਼ਤੀ, ਤੀਰਅੰਦਾਜ਼ੀ ਤੇ ਘੋੜਸਵਾਰੀ ਸਭ ਕੁਝ ਸਿੱਖ ਲਿਆ। ਅਕਬਰ ਨੇ ਖ਼ੁਦ ਉਨ੍ਹਾਂ ਦੋਵਾਂ ਦੇ ਹੁਨਰਾਂ ਦਾ ਇਮਤਿਹਾਨ ਲਿਆ। ਅਕਬਰ ਨੂੰ ਸ਼ੇਖੂ ਦੇ ਮੁਕਾਬਲੇ ਦੁੱਲੇ ਦੀ ਹੁਸ਼ਿਆਰੀ ’ਤੇ ਈਰਖਾ ਹੋਈ ਤੇ ਲੱਧੀ ਦੇ ਪਾਲਣ ਪੋਸ਼ਣ ’ਤੇ ਸ਼ੱਕ ਵੀ ਹੋਇਆ। ਅਕਬਰ ਨੇ ਲੱਧੀ ਨੂੰ ਇਸ ਤਰਫ਼ਦਾਰੀ ਬਾਰੇ ਗੁੱਸੇ ਵਿਚ ਪੁੱਛਿਆ। ਕਿੱਸਾਕਾਰ ਕਿਸ਼ਨ ਸਿੰਘ ਆਰਿਫ਼ ਆਪਣੇ ਕਿੱਸੇ ‘ਦੁੱਲਾ ਭੱਟੀ’ ਵਿਚ ਲੱਧੀ ਦੀ ਅਰਜ਼ ਨੂੰ ਇੰਝ ਪੇਸ਼ ਕਰਦਾ ਹੈ ;

‘‘ਤੇਰੇ ਅੱਗੇ ਮੈਂ ਅਰਜ਼ ਗੁਜ਼ਾਰਨੀ ਹਾਂ,

ਮੇਰੀ ਬਾਤ ਸੁਣੀਂ ਕੰਨ ਲਾ ਕੇ ਜੀ।

ਤਨ ਮਨ ਲਾ ਕੇ ਪਾਲਿਆ ਹੈ,

ਨਹੀਂ ਰੱਖਿਆ ਕੁਝ ਛੁਪਾ ਕੇ ਜੀ।’’

ਅਕਬਰ ਨੇ ਆਪਣੀ ਖੇਡ ਜਾਰੀ ਰੱਖੀ। ਹੁਣ ਦੁੱਲੇ ਦੇ ‘ਪੁਸ਼ਤੈਨੀ’ ਨਾਬਰ ਸੁਭਾਅ ਨੂੰ ਬਦਲਣ ਲਈ ਦੁੱਲੇ ਦਾ ਮਦਰੱਸੇ ਵਿਚ ਦਾਖ਼ਲਾ ਕਰਵਾ ਕੇ ਉਸ ਨੂੰ ‘ਤਹਿਜ਼ੀਬ ਯਾਫ਼ਤਾ ਇਨਸਾਨ’ ਬਣਾਉਣਾ ਸੀ ਅਤੇ ਸ਼ਾਹੀ ਗ਼ਲਬੇ ਦੇ ਕਲਾਵੇ ’ਚ ਉਸ ਨੂੰ ਕੈਦ ਕਰਨਾ ਸੀ। ਅਕਬਰ ਨੇ ਲੱਧੀ ਨੂੰ ਆਖਿਆ:

‘‘ਜਾਹ ਲੱਧੀਏ ਕੀਤਾ ਮਾਫ਼ ਤੈਨੂੰ,

ਐਪਰ ਦੁੱਲੇ ਨੂੰ ਖ਼ੂਬ ਪੜ੍ਹਾਵਣਾ ਜੇ।’’

ਦੁੱਲੇ ਨੂੰ ਕਾਜ਼ੀ ਕੋਲ ਪੜ੍ਹਨੇ ਭੇਜ ਦਿੱਤਾ ਜਾਂਦਾ ਹੈ :

‘‘ਕਾਜ਼ੀ ਆਖਦਾ ਦੁੱਲੇ ਨੂੰ ਸੁਣ ਬੱਚਾ,

ਜਿਹੜਾ ਸਬਕ ਮੈਂ ਤੈਨੂੰ ਪੜ੍ਹਾਵਣਾ ਹਾਂ।

ਦਿਲ ਲਾ ਕੇ ਇਸ ਨੂੰ ਯਾਦ ਕਰਨਾ,

ਤਾਂ ਹੀ ਅੱਗੇ ਮੈਂ ਫਿਰ ਬਤਾਵਨਾ ਹਾਂ।

ਨਿਉਂ-ਨਿਉਂ ਕੇ ਖ਼ੁਦਾ ਦੀ ਕਰੀਂ ਸੇਵਾ,

ਇਹ ਸਿੱਖਿਆ ਤੈਨੂੰ ਸਿਖਾਵਣਾ ਹਾਂ।

ਨੇਕ ਕੇਮਾਂ ਤੋਂ ਹੁੰਦਾ ਨਾਮ ਰੋਸ਼ਨ,

ਤਾਹੀਓਂ ਤੈਨੂੰ ਮੈਂ ਇਹ ਸਮਝਾਵਣਾ ਹਾਂ।

ਜੇਹੜਾ ਹੁਕਮ ਨੂੰ ਫੇਰ ਖ਼ਿਲਾਫ਼ ਕਰਦਾ,

ਮਾਰ-ਮਾਰ ਕੇ ਤਾਰ ਬਨਾਵਣਾ ਹਾਂ।’’

ਹਕੂਮਤ ਤੋਂ ਨਾਬਰ ਦੁੱਲੇ ਨੂੰ ਕਿਸੇ ਵੀ ਕਿਸਮ ਦੀ ਅਧੀਨਗੀ ਪ੍ਰਵਾਨ ਨਹੀਂ ਸੀ। ਦਰਅਸਲ ਬੁਨਿਆਦੀ ਲੜਾਈ ‘ਸਭਿਆ’ ਅਤੇ ‘ਅਸਭਿਆ’ ਵਿਚਕਾਰ ਨਹੀਂ ਸੀ, ਬਲਕਿ ਗ਼ਾਲਬ ਜਮਾਤ ਅਤੇ ਨਾਬਰ ਦਰਮਿਆਨ ਸੀ। ਮਦਰਸਾ ਤੇ ਕਾਜ਼ੀ ਤਾਂ ਗ਼ਾਲਬ ਇੰਤਜ਼ਾਮ ਦੇ ਮੋਹਰੇ ਸਨ। ਦੁੱਲਾ ਇਨ੍ਹਾਂ ਮੋਹਰਿਆਂ ਦੀਆਂ ਰਮਜ਼ਾਂ ਨੂੰ ਸਮਝਦਾ ਸੀ। ਉਹ ਅੱਗਿਉਂ ਇਨ੍ਹਾਂ ਦਾ ਮੋਹਰਾ ਨਹੀਂ ਸੀ ਬਣ ਸਕਦਾ;

‘‘ਇਹ ਸੋਚ ਕਾਜ਼ੀ ਪਕੜ ਗਰਦਨ,

ਮਾਰੇ ਜ਼ਿਮੀਂ ਦੇ ਨਾਲ ਫਟਕਾਰ ਕੇ ਤੇ।

ਤਿੰਨ ਚਾਰ ਵਾਰ ਇਹ ਹਾਲ ਕੀਤਾ,

ਕਾਜ਼ੀ ਰੋਂਵਦਾ ਤੌਬਾ ਪੁਕਾਰ ਕੇ ਤੇ।

ਜਲਦੀ ਨਾਲ ਫਿਰ ਉਹ ਰਵਾਨ ਹੋਇਆ,

ਉੱਥੇ ਕਾਜ਼ੀ ਨੂੰ ਖ਼ੂਬ ਸਵਾਰ ਕੇ ਤੇ।’’

ਮਦਰੱਸਾ ਛੱਡਣ ਤੋਂ ਬਾਅਦ ਦੁੱਲੇ ਨੇ ਆਪਣੇ ਪਿੰਡ ਦੇ ਤਰਖਾਣ ਤੋਂ ਗੁਲੇਲ ਬਣਵਾਈ ਜੋ ਉਸ ਦਾ ਪਹਿਲਾ ਹਥਿਆਰ ਸੀ। ਇਸ ਗੁਲੇਲ ਨਾਲ ਉਸ ਨੇ ਆਪਣੇ ਸਾਥੀਆਂ ਸੰਗ ਮਿਲ ਕੇ ਖੂਹ ਤੋਂ ਪਾਣੀ ਭਰਦੀਆਂ ਸੁਆਣੀਆਂ ਦੇ ਘੜੇ ਭੰਨਣੇ ਸ਼ੁਰੂ ਕਰ ਦਿੱਤੇ। ਇੱਥੇ ਘੜੇ ਭੰਨਣ ਦੀਆਂ ਰਮਜ਼ਾਂ ਬੜੀਆਂ ਗੁੱਝੀਆਂ ਹਨ। ਅਸਲ ਵਿਚ ਤਾਂ ਦੁੱਲੇ ਨੇ ਸਮਾਜ ਦੇ ਘੜਿਆਂ ਵਿਚ ਮਹਿਫੂਜ਼ ਗ਼ਾਲਬ ਰਵਾਇਤ ਨੂੰ ਛੋਟੀ ਉਮਰੇ ਹੀ ਭੰਨਣਾ ਸ਼ੁਰੂ ਕਰ ਦਿੱਤਾ ਸੀ। ਲੋਕ ਕਥਾਵਾਂ ਵਿਚ ਗੁਲੇਲ ਮਾਰ ਕੇ ਘੜੇ ਭੰਨਣ ਦਾ ਮੋਟਿਫ ਬੜਾ ਹੀ ਪ੍ਰਬਲ ਰਿਹਾ ਹੈ। ਜਦ ਦੁੱਲਾ ਘੜਿਆਂ ’ਚ ਛੇਕ ਕਰਨੋਂ ਨਾ ਹਟਿਆ ਤਾਂ ਇਕ ਔਰਤ ਦੁੱਲੇ ਨੂੰ ਮਿਹਣਾ ਮਾਰਦੀ ਹੈ;

‘‘ਬੋਲੀ ਮਾਰ ਕੇ ਨੰਦੀ ਫਨਾਹ ਕਰਦੀ,

ਸੀਨਾ ਦੁੱਲੇ ਦਾ ਚਾਕ ਹੋ ਜਾਂਵਦਾ ਜੇ।

ਬਾਪ ਦਾਦਾ ਇਹਦੇ ਸੂਰਮਾ ਏ,

ਕਾਹਨੂੰ ਨਿੱਤ ਗ਼ਰੀਬ ਦੁਖਾਂਵਦਾਂ ਜੇ।

ਏਥੇ ਜ਼ੋਰ ਦਿਖਾਂਵਦਾ ਔਰਤਾਂ ਨੂੰ,

ਤੈਨੂੰ ਰੱਤੀ ਹਯਾ ਨਾ ਆਂਵਦਾ ਜੇ।

ਤੇਰੇ ਬਾਪੂ ਦਾਦਾ ਦੀਆਂ ਸ਼ਾਹ ਅਕਬਰ,

ਖੱਲਾਂ ਪੁਠੀਆਂ ਚਾ ਲੁਹਾਂਵਦਾ ਏ।

ਅੱਜ ਤੀਕ ਲਾਹੌਰ ਵਿਚ ਲਟਕ ਰਹੀਆਂ,

ਉੱਥੇ ਜ਼ੋਰ ਨਾ ਕਾਸ ਨੂੰ ਜਾਂਵਦਾ ਏ।’’

ਇਸ ਬੋਲੀ ਨੇ ਦੁੱਲੇ ਦੀ ਨਾਬਰੀ ਨੂੰ ਜਗਾਉਣ ਹੀ ਨਹੀਂ ਬਲਕਿ ਭੜਕਾਉਣ ਲਈ ਚੰਗਿਆੜੀ ਦਾ ਕੰਮ ਕੀਤਾ। ਦੁੱਲਾ ਤੂਫ਼ਾਨ ਵਾਂਗ ਆਪਣੇ ਘਰ ਗਿਆ ਤੇ ਬੱਦਲ ਵਾਂਗ ਲੱਧੀ ’ਤੇ ਵਰ੍ਹ ਗਿਆ :

‘‘ਸੱਚ ਦੱਸ ਮਾਤਾ ਉਸ ਦਾ ਬਾਪ

ਤੇ ਦਾਦਾ ਕਿਸ ਨੇ ਮਾਰਿਆ ਸੀ?

ਝੂਠ ਜੇ ਨੂੰ ਬੋਲੇ ਤੇਰਾ ਸਿਰ ਵੱਢਦਾ,

ਸੱਚ ਬੋਲੇ ਬਾਝ ਨਹੀਂ ਮੂਲ ਛੱਡਦਾ।’’

ਆਪਣੇ ਪੁੱਤਰ ਨੂੰ ਰੋਹ ਵਿਚ ਦੇਖ ਕੇ ਲੱਧੀ ਨੇ ਸਾਰਾ ਕਿੱਸਾ ਸੁਣਾ ਦਿੱਤਾ। ਜਿਉਂ-ਜਿਉਂ ਕਹਾਣੀ ਦਾ ਰਾਜ਼ ਖੁੱਲ੍ਹਦਾ ਜਾ ਰਿਹਾ ਸੀ, ਦੁੱਲੇ ਨੂੰ ‘ਦੁਸ਼ਮਣ’ ਦੀ ਸ਼ਨਾਖ਼ਤ ਹੁੰਦੀ ਜਾ ਰਹੀ ਸੀ। ਹੁਣ ਉਸ ਨੂੰ ਆਪਣਾ ਪੈਂਡਾ ਸਾਫ਼ ਦਿਖਾਈ ਦੇਣ ਲੱਗ ਪਿਆ ਸੀ। ਦੁੱਲਾ ਚੇਤਨਾ ਤੋਂ ਹੁਣ ਬਾਖ਼ੂਬੀ ਵਾਕਫ਼ ਹੋ ਗਿਆ ਸੀ। ਹੁਣ ਮਸਲਾ ਮਹਿਜ਼ ਬਾਪ ਅਤੇ ਦਾਦਾ ਦੇ ਕਤਲਾਂ ਦਾ ਬਦਲਾ ਲੈਣਾ ਹੀ ਨਹੀਂ ਸੀ। ਹੁਣ ਤਾਂ ਭੱਟੀ ਪੁਰਖਿਆਂ ਵੱਲੋਂ ਵਿੱਢੀ ਜੰਗ ਨੂੰ ਅੱਗੇ ਤੋਰਨਾ ਸੀ, ਉਸ ਨੂੰ ਹੋਰ ਪ੍ਰਚੰਡ ਕਰਨਾ ਸੀ। ਲੱਧੀ ਨੇ ਤਾੜ ਲਿਆ ਕਿ ਚੋਬਰ ਦੁੱਲੇ ਦਾ ਅੰਦਰਲਾ ਨਾਬਰ ਜਾਗ ਪਿਆ ਹੈ। ਉਸ ਦੇ ਵਹਿਣ ਨੂੰ ਠੱਲ੍ਹ ਪਾਉਣੀ ਔਖੀ ਹੈ। ਯਕੀਨਨ ਲੱਧੀ ਦੇ ਅੰਦਰ ਵੀ ਕਿਧਰੇ ਬਦਲੇ ਦੀ ਅੱਗ ਤਾਂ ਧੁਖਦੀ ਹੀ ਰਹੀ ਸੀ। ਉਸ ਨੇ ਹਥਿਆਰਾਂ ਨਾਲ ਭਰੇ ਭੱਟੀਆਂ ਦੇ ਸੱਤੇ ਕੋਠੇ ਖੋਲ੍ਹ ਦਿੱਤੇ;

‘‘ਦੁੱਲਾ ਕੁਲ ਹਥਿਆਰ ਦੀ ਕਰੇ ਗਿਣਤੀ,

ਹੋਇਆ ਪੰਜ ਸੌ ਸ਼ੁਮਾਰ ਯਾਰੋ।

ਤੁਰਤ ਪੰਜ ਸੌ ਕੀਤਾ ਜਵਾਲ ’ਕੱਠਾ,

ਭੇਜ ਸੂਰਮੇ ਬਾਂਕੇ ਨਿਤਾਰ ਯਾਰੋ।

ਕਰ ਦੇਵੇ ਹਥਿਆਰ ਤਕਸੀਮ ਸਾਰੇ,

ਆਪ ਬਣਿਆ ਫ਼ੌਜਦਾਰ ਯਾਰੋ।

ਕਿਸ਼ਨ ਸਿੰਘ ਵਿਚ ਪਿੰਡ ਦੇ ਘਰੋਂ-ਘਰੀਂ,

ਦੁੱਲੇ ਰਾਠ ਦੀ ਸੀ ਜੈ ਜੈ ਕਾਰ ਯਾਰੋ।’’

ਮੁੱਕਦੀ ਗੱਲ ਇਹ ਕਿ ਦੁੱਲੇ ਨੇ ਅਕਬਰ ਨੂੰ ਵਖ਼ਤ ਪਾ ਦਿੱਤਾ। ਨਤੀਜੇ ਵਜੋਂ ਸਭ ਤੋਂ ਪਹਿਲਾਂ ਬਾਦਸ਼ਾਹ ‘ਬਾਰੀ ਦੋਆਬ’ ਦੇ ਕਿਸਾਨਾਂ ਨੂੰ ਸ਼ਾਂਤ ਕਰਨ ਹਿਤ ਤੇ ਪੰਜਵੇਂ ਗੁਰੂ ਅਰਜਨ ਸਾਹਿਬ ਜੀ ਦਾ (ਜਿਨ੍ਹਾਂ ਦਾ ਇਸ ਇਲਾਕੇ ਵਿਚ ਇਕ ਮਜ਼ਬੂਤ ਸਮਾਜਿਕ ਆਧਾਰ ਸੀ) ਵਿਸ਼ਵਾਸ ਅਤੇ ਪਿਆਰ ਲੈਣ ਹਿਤ ਮਾਲੀਆ ਮਾਫ਼ ਕਰਨ ਦਾ ਸਿਆਸੀ ਕਦਮ ਚੁੱਕਦਾ ਹੈ। ਬਾਦਸ਼ਾਹ ਦੀ ਇਸ ਅੜ ਸਮੇਂ ਗ਼ੈਰ ਫ਼ਿਰਕੇਦਾਰਾਨਾ ਸਿਆਸਤ ਕਾਰਗਰ ਸਿੱਧ ਹੁੰਦੀ ਹੈ। ਦਰਅਸਲ ਅਕਬਰ ਲਗਾਨ ਵਸੂਲੀ ਦੇ ਪੱਖ ਤੋਂ ਦੋ ਮੁਹਾਜ਼ਾਂ ’ਤੇ ਲੜਨਾ ਮੁਨਾਸਿਬ ਨਹੀਂ ਸੀ ਸਮਝਦਾ। ਅਕਬਰ ਦੀ ਸਮਝ ਸੀ ਕਿ ਜੇ ਦੁੱਲੇ ਦੀ ਬਗ਼ਾਵਤ ਨੂੰ ਨੱਥ ਪਾਉਣੀ ਹੈ ਤਾਂ ਗੁਰੂ ਸਾਹਿਬ ਦੀ ਵਿਚਾਰਧਾਰਾ ਦੇ ‘ਮੁਰੀਦਾਂ’ ਨੂੰ ਸ਼ਾਂਤ ਕਰਨਾ ਜ਼ਰੂਰੀ ਹੈ। ਗੁਰੂ ਵਾਲੇ ਪਾਸਿਓਂ ਨਿਸ਼ਚਿੰਤ ਹੋ ਕੇ ਅਕਬਰ ਆਪਣੀ ਤਮਾਮ ਤਾਕਤ ਦੁੱਲੇ ਨੂੰ ਕਾਬੂ ਕਰਨ ’ਤੇ ਲਗਾ ਦਿੰਦਾ ਹੈ।

ਦੁੱਲੇ ਦੀ ਵਾਰ

ਪੰਜਾਬੀ ਭਾਸ਼ਾ ਵਿਚ ਇਕ ਕਿੱਸਾ ਹੈ ਜਿਸ ਨੂੰ ‘ਦੁੱਲੇ ਦੀ ਵਾਰ’ ਕਿਹਾ ਜਾਂਦਾ ਹੈ। ਇਸ ਵਿਚ ਪਾਕਿਸਤਾਨੀ ਪੰਜਾਬ ਵਿਚ ਦੁੱਲਾ ਭੱਟੀ ਦੀ ਲੜਾਈ ਦੀਆਂ ਘਟਨਾਵਾਂ ਦਾ ਬਿਰਤਾਂਤ ਹੈ। ਇਕ ਇਲਾਕੇ ਦਾ ਨਾਂ ‘ਦੁੱਲੇ ਦੀ ਬਾਰ’ ਯਾਨੀ ਦੁੱਲਾ ਭੱਟੀ ਦਾ ਜੰਗਲ ਹੈ। ਦੁੱਲਾ ਭੱਟੀ ਪ੍ਰਸਿੱਧੀ ਦੇ ਤੌਰ ’ਤੇ ‘ਪੰਜਾਬ ਦਾ ਪੁੱਤਰ’ ਜਾਂ ‘ਪੰਜਾਬ ਦਾ ਰਾਬਿਨ ਹੁੱਡ’ ਵਜੋਂ ਵੀ ਜਾਣਿਆ ਜਾਂਦਾ ਹੈ।

ਦੁੱਲੇ ਦੀ ਗਿ੍ਰਫ਼ਤਾਰੀ

ਅਖ਼ੀਰ ਦੁੱਲਾ ਗਿ੍ਰਫ਼ਤਾਰ ਕਰ ਲਿਆ ਜਾਂਦਾ ਹੈ। ਲਾਹੌਰ ਸ਼ਹਿਰ ਦੇ ਲੰਡੇ ਬਾਜ਼ਾਰ ’ਚ ਸੂਲੀ ਗੱਡ ਦਿੱਤੀ ਗਈ ਤਾਂ ਜੋ ਤਮਾਮ ਲੋਕਾਈ ਦੁੱਲੇ ਦੇ ਚਿਹਰੇ ’ਤੇ ਮੌਤ ਦਾ ਦਰਦ ਤੇ ਖ਼ੌਫ਼ ਦੇਖ ਸਕੇ। ਬਾਦਸ਼ਾਹ ਦੁੱਲੇ ਦਾ ਗੁਮਾਨ ਲੋਕਾਈ ਸਾਹਮਣੇ ਤੋੜਨਾ ਲੋਚਦਾ ਹੈ। ਲਾਹੌਰ ਦੇ ਕੋਤਵਾਲ, ਮਲਿਕ ਅਲੀ ਨੂੰ ਹੁਕਮ ਹੋਇਆ ਕਿ ਉਹ ਸੂਲੀ ’ਤੇ ਚੜ੍ਹਦੇ ਦੁੱਲੇ ਦੀ ਮਨੋਦਸ਼ਾ, ਮਿਜ਼ਾਜ ਤੇ ਇਸ ਦੇ ਉਚੇਰੇ ਆਖ਼ਰੀ ਲਫ਼ਜ਼ਾਂ ਤੋਂ ਬਾਦਸ਼ਾਹ ਨੂੰ ਜਾਣੂੰ ਕਰਵਾਏ। ਖ਼ੈਰ ਜਿਸ ਰੰਗ ਨਾਬਰ ਦੁੱਲਾ ਲੜਿਆ ਉਸੇ ਹੀ ਰੰਗ ਵਿਚ ਉਹ ਸੂਲੀ ਚੜ੍ਹਦਾ ਹੈ। ਅਖ਼ੀਰਲੇ ਦਮ ਤਕ ਉਸ ਦੇ ਹੌਂਸਲੇ ਦਾ ਰੋਹ ਰੰਗਲਾ ਹੀ ਰਹਿੰਦਾ ਹੈ। ਦਰਅਸਲ ਸੂਲੀ ਤਾਂ ਉਸ ਦੀ ਲੜਾਈ ਦਾ ਇੱਕ ਮੋਰਚਾ ਹੈ ਜੋ ਮੁਗ਼ਲ ਸਲਤਨਤ ਦੇ ਖ਼ਿਲਾਫ਼ ਦੁੱਲੇ ਦੇ ਪੁਰਖਿਆਂ ਦੇ ਵੇਲਿਆਂ ਤੋਂ ਲੱਗਿਆ ਹੋਇਆ ਹੈ। ਇਸ ਵਾਰ ਮੋਰਚੇ ਦਾ ਮੋਹਰੀ ਦੁੱਲਾ ਹੈ। ਦੁੱਲਾ ਲੋਕ ਮਨਾਂ ਵਿਚ ਵੱਸਿਆ ਹੋਇਆ ਲੋਕ ਨਾਇਕ ਹੈ। ਉਹ ਨਿਤਾਣਿਆਂ ਤੇ ਗ਼ਰੀਬਾਂ ਦੇ ਮਦਦਗਾਰ ਦਾ ਪ੍ਰਤੀਕ ਹੈ।

ਲੋਹੜੀ ਦਾ ਇਤਿਹਾਸ

ਦੁੱਲਾ ਭੱਟੀ ਅਕਬਰ ਦੇ ਸ਼ਾਸਨਕਾਲ ਦੌਰਾਨ ਅਮੀਰ ਲੋਕਾਂ ਦਾ ਮਾਲ ਲੁੱਟ ਕੇ ਗ਼ਰੀਬ ਲੋਕਾਂ ਵਿਚ ਵੰਡ ਦਿੰਦਾ ਸੀ। ਉਸ ਇਲਾਕੇ ਦੇ ਗ਼ਰੀਬ ਲੋਕ ਦੁੱਲੇ ਦੀ ਇਸ ਦਰਿਆ-ਦਿਲੀ ਦੇ ਕਾਇਲ ਸਨ। ਇਸ ਕਰਕੇ ਆਮ ਲੋਕ ਦੁੱਲੇ ਦਾ ਆਦਰ-ਸਤਿਕਾਰ ਤੇ ਉਸ ਨੂੰ ਪਿਆਰ ਵੀ ਕਰਦੇ ਸਨ। ਇਕ ਦੰਤ ਕਥਾ ਮੁਤਾਬਕ ਸੁੰਦਰੀ ਤੇ ਮੁੰਦਰੀ ਇਕ ਗ਼ਰੀਬ ਬ੍ਰਾਹਮਣ ਦੀਆਂ ਮੰਗੀਆਂ ਹੋਈਆਂ ਦੋ ਧੀਆਂ ਸਨ ਪਰ ਗ਼ਰੀਬੀ ਕਾਰਨ ਵਿਆਹ ਵਿਚ ਦੇਰ ਹੋ ਰਹੀ ਸੀ। ਇਲਾਕੇ ਦੇ ਜ਼ਿਮੀਂਦਾਰ/ਹਾਕਮ ਨੂੰ ਕੁੜੀਆਂ ਦੇ ਹੁਸਨ ਦਾ ਪਤਾ ਲੱਗ ਗਿਆ ਤਾਂ ਉਸ ਨੇ ਇਨ੍ਹਾਂ ਨੂੰ ਜ਼ੋਰੀਂ ਚੁੱਕਣ ਦੀ ਨੀਅਤ ਧਾਰ ਲਈ। ਇਸ ਦੀ ਭਿਣਕ ਬ੍ਰਾਹਮਣ ਨੂੰ ਵੀ ਪੈ ਗਈ। ਇਸ ਲਈ ਉਸ ਨੇ ਕੁੜੀਆਂ ਦਾ ਜਲਦੀ ਵਿਆਹ ਕਰਨ ਲਈ ਜੰਗਲ ਵਿਚ ਦੁੱਲੇ ਨਾਲ ਸੰਪਰਕ ਕੀਤਾ ਅਤੇ ਦੁੱਲੇ ਨੇ ਵਿਆਹ ਕਰਵਾਉਣ ਦੀ ਜ਼ਿੰਮੇਵਾਰੀ ਲੈ ਲਈ। ਸੁਖਦੇਵ ਮਾਦਪੁਰੀ ਦੇ ਸ਼ਬਦਾਂ ਵਿਚ, ‘‘ਕੁੜੀਆਂ ਦੇ ਸਹੁਰਿਆਂ ਨੇ ਹਾਕਮ ਤੋਂ ਡਰਦਿਆਂ ਕਿਹਾ ਕਿ ਉਹ ਰਾਤ ਸਮੇਂ ਹੀ ਵਿਆਹੁਣ ਆਉਣਗੇ। ਪਿੰਡ ਤੋਂ ਬਾਹਰ ਜੰਗਲ ਵਿਚ ਵਿਆਹ ਰਚਾਉਣ ਦਾ ਪ੍ਰਬੰਧ ਕੀਤਾ ਗਿਆ। ਰੋਸ਼ਨੀ ਲਈ ਲੱਕੜੀਆਂ ਇਕੱਠੀਆਂ ਕਰ ਕੇ ਅੱਗ ਬਾਲ਼ੀ ਗਈ। ਦੁੱਲੇ ਨੇ ਆਲੇ-ਦੁਆਲੇ ਦੇ ਪਿੰਡਾਂ ਤੋਂ ਦਾਨ ਇਕੱਠਾ ਕੀਤਾ। ਪਿੰਡ ਵਿਚ ਜਿਨ੍ਹਾਂ ਦੇ ਘਰ ਨਵੇਂ ਵਿਆਹ ਹੋਏ ਸਨ ਜਾਂ ਜਿਨ੍ਹਾਂ ਦੇ ਬਾਲ ਜਨਮੇ ਸਨ ਉਨ੍ਹਾਂ ਨੇ ਵੀ ਸੁੰਦਰ-ਮੁੰਦਰੀ ਦੇ ਵਿਆਹ ’ਤੇ ਆਪਣੇ ਵੱਲੋਂ ਕੁਝ ਨਾ ਕੁਝ ਗੁੜ-ਸ਼ੱਕਰ ਤੇ ਦਾਣੇ ਆਦਿ ਦੇ ਰੂਪ ਵਿਚ ਦਾਨ ਦਿੱਤਾ। ਦੁੱਲੇ ਦੇ ਸਹਿਯੋਗ ਨਾਲ ਕੁੜੀਆਂ ਦਾ ਡੋਲਾ ਤੁਰ ਗਿਆ ਤੇ ਗ਼ਰੀਬ ਬ੍ਰਾਹਮਣ ਨੇ ਦੁੱਲੇ ਦਾ ਲੱਖ-ਲੱਖ ਸ਼ੁਕਰ ਕੀਤਾ। ਕਿਹਾ ਜਾਂਦਾ ਹੈ ਕਿ ਉਦੋਂ ਤੋਂ ਲੋਹੜੀ ਮਨਾਉਣ ਦਾ ਰਿਵਾਜ ਪੈ ਗਿਆ।’’

(ਸੁਖਦੇਵ ਮਾਦਪੁਰੀ. ‘ਲੋਕ ਗਾਥਾ ਦੁੱਲਾ ਭੱਟੀ’)

ਇਹੀ ਕਾਰਨ ਹੈ ਕਿ ਦੁੱਲੇ ਨੂੰ ਹਰ ਲੋਹੜੀ ਦੇ ਸਮੇਂ ਯਾਦ ਕੀਤਾ ਜਾਂਦਾ ਹੈ। ਬੱਚੇ ਜਦ ਲੋਹੜੀ ਮੰਗਣ ਦੂਜਿਆਂ ਦੇ ਘਰਾਂ ’ਚ ਜਾਂਦੇ ਹਨ ਤਾਂ ਉਹ ਇਹ ਗੀਤ ਗਾਉਂਦੇ ਹੋਏ ਨਜ਼ਰ ਆਉਂਦੇ ਹਨ :

ਸੁੰਦਰ ਮੁੰਦਰੀਏ ਹੋ!

ਤੇਰਾ ਕੌਣ ਵਿਚਾਰਾ ਹੋ,

ਦੁੱਲਾ ਭੱਟੀ ਵਾਲਾ ਹੋ,

ਦੁੱਲੇ ਧੀ ਵਿਆਹੀ ਹੋ,

ਸੇਰ ਸੱਕਰ ਪਾਈ ਹੋ,

ਕੁੜੀ ਦਾ ਲਾਲ ਪਤਾਕਾ ਹੋ,

ਕੁੜੀ ਦਾ ਸਾਲੂ ਪਾਟਾ ਹੋ,

ਸਾਲੂ ਕੌਣ ਸਮੇਟੇ,

ਚਾਚਾ ਗਾਲ਼ੀ ਦੇਸੇ,

ਚਾਚੇ ਚੂਰੀ ਕੁੱਟੀ,

ਜ਼ਿਮੀਦਾਰਾਂ ਲੁੱਟੀ,

ਜ਼ਿਮੀਦਾਰ ਸੁਧਾਏ,

ਗਿਣ ਗਿਣ ਪੌਲੇ ਲਾਏ,

ਇੱਕ ਪੌਲਾ ਰਹਿ ਗਿਆ,

ਸਿਪਾਹੀ ਫੜ ਕੇ ਲੈ ਗਿਆ,

ਸਿਪਾਹੀ ਨੇ ਮਾਰੀ ਇੱਟ,

ਭਾਵੇਂ ਰੋ ਤੇ ਭਾਵੇਂ ਪਿੱਟ,

ਸਾਨੂੰ ਦੇ ਦੇ ਲੋਹੜੀ,

ਤੇ ਤੇਰੀ ਜੀਵੇ ਜੋੜੀ!

ਨਾਬਰਾਂ ਦੀ ਗੁੱਟਬੰਦੀ

ਦੁੱਲੇ ਦੀ ਫਾਂਸੀ ਵਾਲੇ ਦਿਨ (ਸਾਲ 1599) ਜੋ ਹਜੂਮ ਲਾਹੌਰ ਸ਼ਹਿਰ ਦੇ ਬਾਜ਼ਾਰ ’ਚ ਜੁੜਦਾ ਹੈ, ਉਸ ਵਿਚ ਸੂਫ਼ੀ ਕਲੰਦਰ ਸ਼ਾਹ ਹੁਸੈਨ ਵੀ ਹੈ। ਇਕ ਨਾਬਰ ਨੇ ਦੂਜੇ ਨਾਬਰ ਦੀ ਸ਼ਹਾਦਤ ਦਾ ਮੰਜ਼ਰ ਜੋ ਤੱਕਣਾ ਸੀ। ਸ਼ਾਹ ਹੁਸੈਨ ਦੀ ਨਾਬਰ ਰਹਿਣੀ-ਬਹਿਣੀ ਤੋਂ ਲਾਹੌਰ ਦਾ ਕੋਤਵਾਲ ਮਲਿਕ ਅਲੀ ਬੜਾ ਖ਼ਫ਼ਾ ਸੀ। ਕੋਤਵਾਲ ਨੇ ਸ਼ਾਹ ਹੁਸੈਨ ’ਤੇ ਨਜ਼ਰ ਪੈਂਦਿਆਂ ਹੀ ਉਸ ਨੂੰ ਗਿ੍ਰਫ਼ਤਾਰ ਕਰ ਲਿਆ। ਦੁੱਲੇ ਤੇ ਸ਼ਾਹ ਹੁਸੈਨ ਦੀ ਦੋਸਤੀ ਬਾਰੇ ਇਤਿਹਾਸ ਵਿਚ ਕੋਈ ਬਹੁਤਾ ਸਬੂਤ ਨਹੀਂ ਮਿਲਦਾ। ਦੁੱਲੇ ਦੀ ਫਾਂਸੀ ਵਕਤ ਹੁਸੈਨ ਦੀ ਹਾਜ਼ਰੀ ਬੜੀ ਅਹਿਮ ਹੈ ਜੋ ਨਾਬਰਾਂ ਦੀ ਦੋਸਤੀ ਦੀ ਇਤਿਹਾਸਕ ਗੁੱਟਬੰਦੀ ਵੱਲ ਸੰਕੇਤ ਕਰਦੀ ਹੈ। ਦੁੱਲੇ ਦੀ ਟੱਕਰ ਸਟੇਟ ਦੇ ਗ਼ਲਬੇ ਦੇ ਖ਼ਿਲਾਫ਼ ਰੋਹ ਮੁਖੀ ਹੈ, ਜਦ ਕਿ ਸ਼ਾਹ ਹੁਸੈਨ ਵਿਚਾਰਧਾਰਾ ਦੇ ਪੱਧਰ ’ਤੇ ਪ੍ਰਤੀ ਗ਼ਾਲਬ ਹੈ। ਐਪਰ ਦੁੱਲਾ ਪੰਜਾਬ ਦੀ ਕਿਸਾਨੀ ਨੂੰ ਗ਼ਾਲਬ ਸਟੇਟ ਦੇ ਖ਼ਿਲਾਫ਼ ਬਗ਼ਾਵਤ ਦੀ ਗੁੜਤੀ ਦਿੰਦਾ ਹੈ। ਦੁੱਲੇ ਨੇ ਕਿਸਾਨੀ ਸੋਚ ਦਾ ਝਾਕਾ ਖੋਲ੍ਹ ਦਿੱਤਾ ਹੈ। ਲਗਪਗ ਡੇਢ ਸਦੀ ਬਾਅਦ ‘ਖ਼ਾਲਸਾ’ ਦੇ ਝੰਡੇ ਹੇਠ ਬੰਦਾ ਸਿੰਘ ਬਹਾਦਰ ਨੇ ਕਿਸਾਨੀ ਦੀ ਆਰਥਿਕ ਦੁਰਦਸ਼ਾ ਨੂੰ ਮਹਿਸੂਸ ਕਰਦੇ ਹੋਏ ਜ਼ਿੰਮੀਂਦਾਰੀ ਵਿਵਸਥਾ ਦੇ ਵਿਰੁੱਧ ਇਕ ਲੋਕ ਲਹਿਰ ਨੂੰ ਲਾਮਬੰਦ ਕੀਤਾ ਤੇ ਕਿਸਾਨਾਂ ਨੂੰ ਲਗਾਨ ਨਾ ਦੇਣ ਲਈ ਪ੍ਰੇਰਿਆ। ਬਾਅਦ ਵਿਚ ਬੰਦਾ ਸਿੰਘ ਬਹਾਦਰ ਦਾ ਕਿਸਾਨ ਜਮਾਤੀ ਘੋਲ ਜ਼ਿਆਦਾ ਠੋਸ ਤੇ ਵਿਉਂਤਬੰਦ ਸੀ, ਕਿਉਂਕਿ ਉਸ ਕੋਲ ਸਿੱਖ ਗੁਰੂਆਂ ਦੁਆਰਾ ਸਿੰਜਿਆ ਤੇ ਜ਼ਰਖੇਜ਼ ਕੀਤਾ ਕਿਸਾਨੀ ਕਿੱਤੇ ਦਾ ਸੱਭਿਆਚਾਰ ਤੇ ਸਮਾਜਿਕ ਆਧਾਰ ਸੀ। ਇਸਹਾਕ ਮੁਹੰਮਦ ਆਪਣੇ ਨਾਟਕ ‘ਕੁਕਨੁਸ’ ਵਿਚ ਦੁੱਲੇ ਭੱਟੀ ਨੂੰ ਸ਼ਾਹ ਹੁਸੈਨ ਦੀਆਂ ਕਾਫ਼ੀਆਂ ਗਾਉਂਦਾ ਪੇਸ਼ ਕਰਦਾ ਹੈ। ਲੋਕਾਈ ਦੀ ਇਤਿਹਾਸਕਾਰੀ ’ਚ ਦੁੱਲਾ ਉਨ੍ਹਾਂ ਦਾ ਸ਼ਹੀਦ ਨਾਇਕ ਹੈ। ਉਸ ਦੀ ਸ਼ਹਾਦਤ ਦੇ ਮੰਜ਼ਰ ਨੂੰ ਤੱਕਣ ਵਾਲਿਆਂ ’ਚੋਂ ਸ਼ਾਹ ਹੁਸੈਨ ਵੀ ਹੈ ਜੋ ਆਪਣੇ ‘ਮਹਿਬੂਬ’ ਲਈ ਸ਼ਹੀਦ ਹੋਣ ਨੂੰ ਪਾਕ ਸਮਝਦਾ ਹੈ।

ਨੀ ਸਹੀਓ ਅਸੀਂ ਨੈਣਾਂ ਦੇ ਆਖੇ ਲੱਗੇ,

ਜਿਨ੍ਹਾਂ ਪਾਕ ਨਿਗਾਹਾਂ ਹੋਈਆਂ

ਸੇ ਨਹੀਂ ਜਾਂਦੇ ਠੱਗੇ।

ਕਾਲੇ ਪਟ ਨਾ ਚੜ੍ਹੇ ਸਫ਼ੈਦੀ,

ਕਾਗ ਨ ਥੀਂਦੇ ਬੱਗੇ।

ਸ਼ਾਹ ਹੁਸੈਨ ਸ਼ਹਾਦਤ ਪਾਇਨ,

ਜੋ ਮਰਨ ਮਿੱਤਰਾਂ ਦੇ ਅੱਗੇ।

- ਡਾ. ਬਲਵਿੰਦਰ ਸਿੰਘ ਥਿੰਦ

Posted By: Harjinder Sodhi