ਲੋਕ ਕਹਾਣੀਆਂ ਸੁਪਨੀਲੀ ਤੇ ਅਵਾਸਤਵਿਕ ਦੁਨੀਆ ਦੀ ਬਾਤ ਨਹੀਂ ਪਾਉਂਦੀਆਂ ਸਗੋਂ ਇਨ੍ਹਾਂ ਵਿਚ ਅਜਿਹੇ ਹੀਰੇ-ਮੋਤੀ ਭਰੇ ਹੋਏ ਹਨ ਜੋ ਇਨ੍ਹਾਂ ਨੂੰ ਬੇਸ਼ਕੀਮਤੀ ਤੇ ਸਾਂਭਣਯੋਗ ਬਣਾਉਂਦੇ ਹਨ। ਇਨ੍ਹਾਂ ਨੂੰ ਜੇ ‘ਕਾਲ-ਮੁਕਤ ਕਹਾਣੀਆਂ’ ਕਹਿ ਲਿਆ ਜਾਵੇ ਤਾਂ ਅਤਿਕਥਨੀ ਨਹੀਂ ਹੋਵੇਗੀ। ਸਮੇਂ ਨਾਲ ਆਈਆਂ ਤਬਦੀਲੀਆਂ ਦੇ ਬਾਵਜੂਦ ਨਾ ਤਾਂ ਇਨ੍ਹਾਂ ਦੇ ਸਰੂਪ ’ਚ ਤਬਦੀਲੀ ਆਈ ਹੈ ਨਾ ਚਮਕ ਗੁਆਚੀ ਹੈ।

ਹੱਥਲੀ ਪੁਸਤਕ ‘ਰਾਜਸਥਾਨੀ ਕਥਾ-ਸਾਗਰ’ ਮੂਲ ਰੂਪ ’ਚ ਰਾਜਸਥਾਨੀ ਕਥਾਕਾਰ ਵਿਜੇਦਾਨ ਦੇਬਾ (ਬਿੱਜੀ) ਦੀਆਂ ਲੋਕ ਕਹਾਣੀਆਂ ਦਾ ਸੰਗ੍ਰਹਿ ਹੈ। ਇਸ ਵਿਚ ਇੱਕੀ ਕਹਾਣੀਆਂ ਸ਼ਾਮਲ ਹਨ। ਪੁਸਤਕ ਦਾ ਅਨੁਵਾਦ ਹਰਪਾਲ ਸਿੰਘ ਪੰਨੂ ਨੇ ਕੀਤਾ ਹੈ। ਇਨ੍ਹਾਂ ਕਹਾਣੀਆਂ ਵਿਚ ਰਾਜਸਥਾਨ ਦੀ ਮਿੱਟੀ ਦੀ ਖ਼ੁਸ਼ਬੂ ਸਾਫ਼ ਮਹਿਸੂਸ ਹੁੰਦੀ ਹੈ। ਪੁਸਤਕ ਵਿਚਲੀਆਂ ਲੋਕ ਕਹਾਣੀਆਂ ’ਚ ਮਾਰੂਥਲੀ ਮਿ੍ਰਗ-ਤਿ੍ਰਸ਼ਨਾ ਨਹੀਂ ਬਲਕਿ ਗਿਆਨ ਦੀ ਗੰਗਾ ਵਹਿੰਦੀ ਹੈ, ਜੋ ਪਾਠਕ ਦੀ ਤ੍ਰੇਹ ਨੂੰ ਤਿ੍ਰਪਤੀ ਵੀ ਦਿੰਦੀ ਹੈ ਅਤੇ ਉਸ ਅੰਦਰ ਇਸ ਕਥਾ-ਅੰਮਿ੍ਰਤ ਨੂੰ ਲਗਾਤਾਰ ਪੀਂਦੇ ਰਹਿਣ ਦੀ ਖ਼ਾਹਿਸ਼ ਵੀ ਉਤਪਨ ਕਰਦੀ ਹੈ। ਵਿਜੇਦਾਨ ਦੀਆਂ ਲਿਖਤਾਂ ’ਚ ਗਿਆਨ ਦੀ ਇਹ ਗੰਗਾ ਪੂਰੀ ਸਹਿਜਤਾ ਨਾਲ ਵਗਦੀ ਹੈ।

ਉਦਾਰਹਣ ਵਜੋਂ ਕਹਾਣੀ ‘ਦੂਜਾ ਕਬੀਰ’ ਦਾ ਜ਼ਿਕਰ ਬੇਹੱਦ ਢੁੱਕਵਾਂ ਹੋਵੇਗਾ, ‘‘ਭਾਰੀ ਭਰਕਮ ਪੋਥੇ। ਕਬੀਰ ਹਲਕੇ ਥੋਥੇ। ਧਰਮ ਕਰਮ ਪਥ ਸਾਰੇ। ਚਿੱਕੜ ਤੇ ਗਲਿਆਰੇ। ਤਪ ਤੀਰਥ ਦੇ ਧਾਮ। ਅੱਲ੍ਹਾ ਬਚਾਏ ਰਾਮ। ਭਾਗ ਭਰਮ ਦੀ ਸੋਭਾ। ਤੌਬਾ ਬਾਪੂ ਤੌਬਾ। ’’ ਇਸੇ ਤਰ੍ਹਾਂ ਪੁਸਤਕ ਵਿਚਲੀ ਕਹਾਣੀ ‘ਰਸਤੇ ਦੀ ਤਲਾਸ਼’ ਆਪਣੇ ਅੰਦਰ ਗਹਿਰੇ ਅਰਥ ਸਮੋਈ ਬੈਠੀ ਹੈ, ‘‘ਤੁਰਦੇ ਤੁਰਦੇ ਰਾਜੇ ਨੂੰ ਸ਼ੱਕ ਹੋਇਆ, ਜਿਨ੍ਹਾਂ ਪੈਰਾਂ ਉੱਪਰ ਉਹ ਤੁਰ ਰਿਹਾ ਹੈ, ਇਹ ਮੇਰੇ ਨੇ ਕਿ ਕਿਸੇ ਹੋਰ ਦੇ? ਕਿੱਥੇ ਲੈ ਜਾਣਗੇ। ਜਿੱਥੇ ਉਹ ਜਾਣਾ ਚਾਹੁੰਦੈ ਕਿ ਜਿੱਥੇ ਉਹ ਲਿਜਾਣਾ ਚਾਹੁੰਦੇ ਨੇ?’’ ਇਨ੍ਹਾਂ ਸਤਰਾਂ ਵਿਚ ਅਜਿਹਾ ਸੱਚ ਲੁਕਿਆ ਹੈ ਜੋ ਆਦਿ ਕਾਲ ਵਿਚ ਵੀ ਸੱਚ ਸੀ, ਅੱਜ ਵੀ ਸੱਚ ਹੈ ਤੇ ਜੁਗਾਂ ਜੁਗਾਂਤਰਾਂ ਤਕ ਕਾਇਮ ਰਹੇਗਾ ਤੇ ਸੱਤਾ ਬੇਗ਼ਾਨੇ ਪੈਰਾਂ ’ਤੇ ਚੱਲਦੀ ਹੋਈ ਲੋਕਾਂ ਨੂੰ ਲਿਤਾੜਦੀ ਰਹੇਗੀ। ਇਹ ਕਹਾਣੀਆਂ ਸਮਾਜਿਕ ਵਰਤਾਰਿਆਂ, ਸਮਾਜਿਕ ਨਾ-ਬਰਾਬਰੀ, ਊਚ-ਨੀਚ ਆਦਿ ਅਨੇਕਾਂ ਵਰਤਾਰਿਆਂ ਦੀ ਬਾਤ ਪਾਉਂਦੀਆਂ ਹਨ। ਇਹ ਮਨੁੱਖ ਨੂੰ ਮਨੁੱਖ ਹੋਣ ਦਾ ਢੰਗ ਵੀ ਦੱਸਦੀਆਂ ਹਨ ਤੇ ਆਦਮੀ ਨੂੰ ਸਵੈ-ਮਾਣ ਦਾ ਸਲੀਕਾ ਵੀ ਸਿਖਾਉਂਦੀਆਂ ਹਨ। ਇਸੇ ਕਹਾਣੀ ਦੀ ਪਾਤਰ ਇਕ ਬੁੱਢੀ ਦਾ ਕਥਨ ਵਿਚਾਰਨਯੋਗ ਹੈ, ‘‘ਕਿਵੇਂ ਸਮਝਾਵਾਂ ਦੁਨੀਆ ਅੰਦਰ ਕੋਈ ਮਾਣਸ ਏਨਾਂ ਵੱਡਾ ਨਹੀਂ ਕਿ ਉਸ ਦੇ ਦਰਸ਼ਨ ਦੀ ਜ਼ਰੂਰਤ ਪਵੇ, ਨਾ ਕੋਈ ਏਨਾਂ ਛੋਟਾ ਹੈ ਕਿ ਦਰਸ਼ਨ ਦੀ ਭੀਖ ਮੰਗਦਾ ਫਿਰੇ। ਸਾਰਾ ਗੜਬੜ ਘੋਟਾਲਾ ਤੁਹਾਡੇ ਪੰਡਤਾਂ ਦੀ ਕਾਰਸਤਾਨੀ ਹੈ। ਕੁਦਰਤ ਦਾ ਸੁੱਕਾ ਤਿਣਕਾ ਵੀ ਰਾਜਾ, ਮਹਾਤਮਾ, ਪੰਡਤ ਜਾਂ ਮੇਰੇ ਵਰਗੀ ਬੁੱਢੀ ਤੋਂ ਉੱਤਮ ਹੈ। ਕੁਦਰਤ ਦੇ ਬੋਲਾਂ ਤੋਂ ਇਲਾਵਾ ਹਰੇਕ ਸਿੱਖਿਆ ਉਲਝਣ ਤੋਂ ਬਾਅਦ ਉਲਝਣ ਹੈ।’’

ਪੁਸਤਕ ਦੇ ਸ਼ੁਰੂ ਵਿਚ ਸ. ਸੋਜ਼ ਦੀ ਵਿਜੇਦਾਨ ਦੇਬਾ ਬਾਰੇ ‘ਨਾਗਮਣੀ’ ’ਚ ਛਪੀ ਲਿਖਤ ਤੋਂ ਉਨ੍ਹਾਂ ਦੀ ਸ਼ਖ਼ਸੀਅਤ ਹੋਰ ਨਿਖਰ ਕੇ ਸਾਹਮਣੇ ਆਉਂਦੀ ਹੈ। ਪੁਸਤਕ ਪੜ੍ਹਨੀ ਸ਼ੁਰੂ ਕਰ ਕੇ ਫੌਰੀ ਤੌਰ ’ਤੇ ਸਮੇਟਣ ਵਾਲੀ ਨਹੀਂ ਸਗੋਂ ਪਾਠਕ ਜਦ ਕਹਾਣੀ ਪੜ੍ਹਨ ਤੋਂ ਬਾਅਦ ਰੁਕਦਾ ਹੈ ਤਾਂ ਉਸ ਦੇ ਅਰਥ ਉਸ ਦੇ ਮਨ-ਮਸਤਕ ਅੰਦਰ ਤੁਰਨਾ ਸ਼ੁਰੂ ਕਰ ਦਿੰਦੇ ਹਨ। ਹਰ ਵਰਗ ਲਈ ਇਹ ਪੁਸਤਕ ਪੜ੍ਹਨ ਤੇ ਮਾਨਣਯੋਗ ਹੈ। ਵਿਜੇਦਾਨ ਦੇਬਾ ਦੇ ਚਿੱਤਰਾਂ ਵਾਲੀ 271 ਪੰਨਿਆਂ ਤੇ 300 ਰੁਪਏ ਮੁੱਲ ਵਾਲੀ ਇਸ ਪੁਸਤਕ ਦਾ ਪ੍ਰਕਾਸ਼ਨ ਸਿੰਘ ਬ੍ਰਦਰਜ਼, ਅੰਮਿ੍ਰਤਸਰ ਨੇ ਕੀਤਾ ਹੈ।

- ਇਬਲੀਸ

Posted By: Harjinder Sodhi