ਪੁਸਤਕ : ਸੁੱਕੀਆਂ ਪੱਤੀਆਂ ’ਤੇ ਸ਼ਬਨਮ ਦੇ ਟੇਪੇ (ਨਾਵਲ)
ਲੇਖਕ : ਹਰਮੋਹਿੰਦਰ ਸਿੰਘ ਹਰਜੀ
ਮੋਬਾਈਲ : 95982-56345
ਪੰਨੇ : 102 ਮੁੱਲ : 250/-
ਪ੍ਰਕਾਸ਼ਕ : ਨੈਸ਼ਨਲ ਬੁੱਕ ਸ਼ਾਪ, ਦਿੱਲੀ।
ਹਰਮੋਹਿੰਦਰ ਸਿੰਘ ਹਰਜੀ ਦੁਆਰਾ ਰਚਿਤ ਇਹ ਨਾਵਲ ਕਸ਼ਮੀਰ ਘਾਟੀ ਦੇ ਇੱਕ ਇਤਿਹਾਸਕ ਪਿੰਡ ਕਾਂਨਸਪੁਰਾ ਦੀ ਪੱਤੀ ਮਕਰੀ ਦੁਬ ਨੂੰ ਕੇਂਦਰ ਬਣਾ ਕੇ ਲਿਖਿਆ ਗਿਆ ਹੈ। ਇਸ ਨਾਵਲ ਦੇ ਪਾਤਰ ਖਾਲਕ ਅਤੇ ਮਲਕ ਇਸ ਪਿੰਡ ਦੇ ਵਸਨੀਕ ਹਨ ਅਤੇ ਸਾਲਕ ਭਾਵੇਂ ਹੋਰ ਪਿੰਡ ਦਾ ਰਹਿਣ ਵਾਲਾ ਹੈ ਪਰ ਇਸ ਪਿੰਡ ਦੀ ਮਸਜਿਦ ਵਿੱਚ ਇਮਾਮਤ ਕਰਦਾ ਹੈ। ਸਾਲਕ ਲੋਕਾਂ ਨੂੰ ਕੱਟੜਤਾ ਦਾ ਪਾਠ ਪੜ੍ਹਾਉਣ ਵਾਲ਼ਾ ਸੀ। ਖਾਲਕ ਅਤੇ ਮਲਕ ਜ਼ਮੀਨਾਂ ਅਤੇ ਸੇਬ ਦੇ ਬਾਗ਼ਾਂ ਦੇ ਮਾਲਕ ਹਨ। ਇਸ ਖੇਤਰ ਵਿੱਚ ਸਰਹੱਦ ਪਾਰ ਤੋਂ ਓਪਰੇ ਬੰਦੇ ਆਉਂਦੇ ਰਹਿੰਦੇ ਹਨ। ਉਨ੍ਹਾਂ ਵਿੱਚੋਂ ਇੱਕ
ਖਾਲਕ ਨੂੰ ਕਹਿੰਦਾ ਹੈ ਕਿ ਜੇਕਰ ਤੂੰ ਮੇਰੀ ਜਮਾਤ ਦਾ ਮੈਂਬਰ ਬਣੇਂਗਾ ਤਾਂ ਪੈਸੇ ਨਾਲ ਖੇਡੇਂਗਾ। ਖਾਲਕ ਭਾਵੇਂ ਉਨ੍ਹਾਂ ਤੋਂ ਕਿਨਾਰਾ ਕਰ ਲੈਂਦਾ ਹੈ ਪਰ ਸਾਲਕ ਉਨ੍ਹਾਂ ਦੇ ਝਾਂਸੇ ਵਿੱਚ ਆ ਜਾਂਦਾ ਹੈ ਜਿਸ ਕਾਰਨ ਬਾਅਦ ਵਿੱਚ ਉਸ ਨੂੰ ਪੁਲਿਸ ਤਸ਼ੱਦਦ ਦਾ ਸਾਹਮਣਾ ਕਰ ਕੇ ਪਿੰਡ ਛੱਡ ਕੇ ਜਾਣਾ ਪੈਂਦਾ ਹੈ। ਨਾਵਲਕਾਰ ਅਨੁਸਾਰ ਵਾਦੀ ਦੇ ਲੋਕ ਦੋਹਰੀ ਮਾਰ ਝੱਲਣ ਲਈ ਮਜਬੂਰ ਹਨ। ਜੇਕਰ ਉਹ ਦਹਿਸ਼ਤ ਪਸੰਦ ਲੋਕਾਂ ਦਾ ਹੁੰਗਾਰਾ ਭਰਦੇ ਹਨ ਤਾਂ ਕਨੂੰਨ ਦੀਆਂ ਨਜ਼ਰਾਂ ਵਿੱਚ ਦੋਸ਼ੀ ਹਨ, ਜੇਕਰ ਪੁਲਿਸ ਤੱਕ ਇਤਲਾਹ ਕਰਨ ਦਾ ਹੀਆ ਕਰਦੇ ਹਨ ਤਾਂ ਪਰਿਵਾਰ ਨੂੰ ਖ਼ਤਰਾ ਪੈਦਾ ਹੋ ਜਾਂਦਾ ਹੈ। ਪਾਕਿਸਤਾਨ ਦੇ ਕਬਜ਼ੇ ਵਾਲੇ ਇਲਾਕੇ ਦੇ ਪਿੰਡ ਘੋੜੀ ਦੇ ਰਹਿਣ ਵਾਲ਼ਾ ਇੱਕ ਮੁਜਾਹਿਦ ਜਹਾਂਗੀਰ ਮਲਕ ਦੀ ਪੁੱਤਰੀ ਸ਼ਬਨਮ ਨੂੰ ਆਪਣੀ ਚੁੰਗਲ ਵਿੱਚ ਫਸਾ ਲੈਂਦਾ ਹੈ। ਸ਼ਬਨਮ ਭਾਵੇਂ ਇਸ ਤੋਂ ਛੁਟਕਾਰਾ ਪਾਉਣਾ ਚਾਹੁੰਦੀ ਹੈ ਪਰ ਹਲਾਤਾਂ ਕਾਰਨ ਮਜਬੂਰ ਹੋ ਜਾਂਦੀ ਹੈ। ਜਹਾਂਗੀਰ ਦੀ ਮੁੱਠਭੇੜ ਵਿੱਚ ਮੌਤ ਹੋ ਜਾਂਦੀ ਹੈ। ਇਸ ਉਪਰੰਤ ਸ਼ਬਨਮ ਦੀ ਭਰਜਾਈ ਸ਼ਮੀਮਾਂ ਉਸਦੀ ਮਾਨਸਿਕ ਪੀੜਾ ਨੂੰ ਸਮਝਦੀ ਹੋਈ ਉਸਦੀ ਹਰ ਸੰਭਵ ਮਦਦ ਕਰਨ ਲਈ ਤਤਪਰ ਰਹਿੰਦੀ ਹੈ। ਉਸ ਦੀ ਕੋਸ਼ਿਸ਼ ਸਦਕਾ ਸ਼ਬਨਮ ਦਾ ਚੰਗੇ ਘਰ ਵਿੱਚ ਯੂਸਫ਼ ਨਾਮੀ ਅਧਿਆਪਕ ਨਾਲ ਵਿਆਹ ਹੋ ਜਾਂਦਾ ਹੈ। ਉਹ ਆਪਣੀ ਜ਼ਿੰਦਗੀ ਖ਼ੁਸ਼ੀ-ਖ਼ੁਸ਼ੀ ਗੁਜ਼ਾਰਨ ਲਗ ਪੈਂਦੀ ਹੈ ਅਤੇ ਪੁੱਤਰ ਦੀ ਮਾਂ ਬਣ ਜਾਂਦੀ ਹੈ। ਹੌਲ਼ੀ-ਹੌਲ਼ੀ ਸਭ ਬੇਪਰਦ ਹੋਣ ’ਤੇ ਇਸ ਦਾ ਖਮਿਆਜਾ ਸ਼ਬਨਮ ਨੂੰ ਆਪਣੀ ਜਾਨ ਗੁਆ ਕੇ ਭੁਗਤਣਾ ਪੈਂਦਾ ਹੈ।

- ਅਮਰੀਕ ਸਿੰਘ ਦਿਆਲ
Posted By: Harjinder Sodhi