ਸਤੰਬਰ ਦਾ ਮਹੀਨਾ ਹਰ ਸਾਲ ਅੱਲੇ ਜ਼ਖ਼ਮਾਂ ਵਿਚ ਚੀਸ ਭਰ ਜਾਂਦਾ ਹੈ। ਇਸ ਚੀਸ ਦਾ ਸਬੰਧ 1965 ਵਿਚ ਪਾਕਿਸਤਾਨ ਨਾਲ ਹੋਈ ਲੜਾਈ ਨਾਲ ਹੈ। ਇਸੇ ਮਹੀਨੇ ਪਾਕਿਸਤਾਨ ਨੇ ਖੇਮਕਰਨ ਸੈਕਟਰ ਰਾਹੀਂ ਸਰਹੱਦ ਪਾਰ ਕਰਦਿਆਂ ਭਾਰਤੀ ਫ਼ੌਜਾਂ ਨੂੰ ਲਲਕਾਰਿਆ ਸੀ ਤੇ ਕਈ ਕਿੱਲੋਮੀਟਰ ਭਾਰਤੀ ਧਰਤੀ 'ਤੇ ਅੱਗੇ ਵਧਦਿਆਂ ਕਬਜ਼ਾ ਕਰ ਲਿਆ ਸੀ। ਵਧਦੇ ਪੈਟਨ ਟੈਂਕਾਂ ਦੇ ਭਾਵੇਂ ਭਾਰਤੀ ਫ਼ੌਜ ਨੇ ਮੂੰਹ ਭੁਆ ਦਿੱਤੇ ਸਨ ਪਰ ਸੀਜ਼-ਫਾਇਰ ਹੋਣ ਕਰਕੇ ਬਾਰਡਰ ਦੇ ਹੋਰਨਾਂ ਪਿੰਡਾਂ ਵਾਂਗ ਸਾਡਾ ਪਿੰਡ ਖੇਮਕਰਨ ਵੀ ਪਾਕਿਸਤਾਨ ਦੇ ਕਬਜ਼ੇ ਵਿਚ ਹੀ ਰਿਹਾ।

ਲੜਾਈ ਲੱਗਣ ਤੋਂ ਪਹਿਲਾਂ ਬਾਰਡਰ ਵਾਸੀਆਂ ਨੂੰ ਉਥੋਂ ਕੱਢਣ ਦਾ ਸਰਕਾਰ ਵੱਲੋਂ ਕੋਈ ਉਪਰਾਲਾ ਨਾ ਹੋਣ ਕਰਕੇ ਵਰ੍ਹਦੇ ਬੰਬਾਂ ਤੇ ਗੋਲੀਆਂ ਵਿਚ ਦੀ ਲੋਕੀ ਭੱਜੇ ਸਨ। ਬਾਕੀ ਲੋਕਾਂ ਵਾਂਗ ਮੇਰੇ ਮਾਤਾ ਪਿਤਾ ਤੇ ਛੋਟੇ ਵੀਰ ਵੀ ਕਿਸੇ ਤਰ੍ਹਾਂ ਗੋਲੀਆਂ ਤੋਂ ਬਚਦੇ ਬਚਾਉਂਦੇ ਅੰਮ੍ਰਿਤਸਰ ਆ ਗਏ ਸਨ। ਕਈ ਬਜ਼ੁਰਗ, ਅਪਾਹਜ ਤੇ ਮੌਕਾ ਨਾ ਮਿਲਣ ਕਰਕੇ ਪਿੱਛੇ ਰਹਿ ਗਏ ਲੋਕਾਂ ਨੂੰ ਪਾਕਿਸਤਾਨੀ ਫ਼ੌਜ ਨੇ ਬੰਦੀ ਬਣਾ ਲਿਆ ਸੀਸਾਡੇ ਪਿੰਡ ਫ਼ੌਜ ਦਾ ਆਉਣ ਜਾਣ ਅਕਸਰ ਹੁੰਦਾ ਰਹਿੰਦਾ ਸੀ। ਫ਼ੌਜੀਆਂ ਨੂੰ ਚੁਸਤ-ਦਰੁਸਤ ਰੱਖਣਾ ਜ਼ਰੂਰੀ ਹੋਣ ਕਰਕੇ ਅਕਸਰ ਬਾਰਡਰ 'ਤੇ ਲੜਾਈ ਦਾ ਡੰਮੀ ਅਭਿਆਸ ਕਰਾਇਆ ਜਾਂਦਾ ਹੈ। ਫ਼ੌਜੀ ਆਉਂਦੇ ਤੇ ਬਾਰਡਰ ਲਾਗੇ ਖੇਤਾਂ ਵਿਚ ਮੋਰਚੇ ਪੁੱਟਦੇ। ਲੜਾਈ ਦੀ ਸੰਭਾਵਨਾ ਨੂੰ ਮੁੱਖ ਰੱਖਦਿਆਂ ਹਾਲਾਤ ਨਾਲ ਨਜਿੱਠਣ ਲਈ ਫ਼ੌਜੀਆਂ ਨੂੰ ਸਿੱਖਿਅਤ ਕੀਤਾ ਜਾਂਦਾ। ਇਸ ਲਈ ਅਗਸਤ-ਸਤੰਬਰ ਮਹੀਨੇ ਵਿਚ ਫ਼ੌਜੀਆਂ ਦਾ ਸਰਹੱਦ 'ਤੇ ਆਉਣਾ ਆਮ ਜਿਹਾ ਹੀ ਸਮਝਿਆ ਜਾ ਰਿਹਾ ਸੀ। ਭਾਵੇਂ ਜੰਮੂ ਕਸ਼ਮੀਰ ਫਰੰਟ ਤੇ ਪਾਕਿਸਤਾਨ ਨਾਲ ਗਹਿ-ਗੱਚ ਲੜਾਈ ਚਲ ਰਹੀ ਸੀ ਤੇ ਅਦੇਸ਼ਾ ਸੀ ਕਿ ਪਾਕਿਸਤਾਨ ਇਧਰ ਵੀ ਲੜਾਈ ਦਾ ਮੁਹਾਜ਼ ਖੋਲ੍ਹ ਸਕਦਾ ਹੈ ਪਰ ਭਾਰਤੀ ਫ਼ੌਜ ਵੱਲੋਂ ਇਲਾਕੇ ਨੂੰ ਖ਼ਾਲੀ ਕਰਨ ਦੀ ਕਿਸੇ ਕਿਸਮ ਦੀ ਸੂਚਨਾ ਨਹੀਂ ਸੀ ਦਿੱਤੀ ਜਾ ਰਹੀ। ਇਸ ਕਰਕੇ ਲੋਕ ਸ਼ਸ਼ੋਪੰਜ ਵਿਚ ਸਨ ਕਿ ਕੀ ਕੀਤਾ ਜਾਵੇ। ਕੁਝ ਘਰਾਂ ਵਾਲਿਆਂ ਨੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਪਿੱਛੇ ਰਿਸ਼ਤੇਦਾਰਾਂ ਕੋਲ ਇਹ ਕਹਿ ਕੇ ਭੇਜ ਦਿੱਤਾ ਕਿ ਠੰਢ-ਠੰਡੋਰਾ ਹੁੰਦਿਆਂ ਹੀ ਵਾਪਸ ਬੁਲਾ ਲਿਆ ਜਾਵੇਗਾ ਪਰ ਇਹ ਵਾਪਸੀ ਲਗਪਗ ਸਾਲ ਬਾਦ ਹੀ ਹੋਈ ਸੀ। ਖੇਮਕਰਨ ਤੇ ਹੋਰ ਇਲਾਕੇ ਪਾਕਿਸਤਾਨ ਦੇ ਕਬਜ਼ੇ ਵਿਚ ਜਾਣ ਕਰਕੇ ਸਾਲ ਭਰ ਜਾਂ ਉਸ ਤੋਂ ਵੀ ਜ਼ਿਆਦਾ ਸਮਾਂ ਲੋਕਾਂ ਨੂੰ ਆਪਣੇ ਘਰਾਂ ਤੋਂ ਦੂਰ ਰਹਿਣ ਲਈ ਮਜਬੂਰ ਹੋਣਾ ਪਿਆ। ਕਈ ਲੋਕਾਂ ਨੇ ਆਪਣੇ ਰਿਸ਼ਤੇਦਾਰਾਂ ਕੋਲ ਟਿਕਾਣਾ ਕੀਤਾ ਤੇ ਜਿਨ੍ਹਾਂ ਦੀ ਕੋਈ ਠਾਹਰ ਨਹੀਂ ਸੀ ਉਹ ਸਰਕਾਰ ਵੱਲੋਂ ਲਗਾਏ ਕੈਂਪਾਂ ਵਿਚ ਗੁਜ਼ਾਰਾ ਕਰਨ ਲਈ ਮਜਬੂਰ ਹੋ ਗਏ।

ਕਸਬੇ ਦੀ ਧਾਰਮਿਕ ਮਹੱਤਤਾ

ਧਾਰਮਿਕ ਪੱਖੋਂ ਇਹ ਕਸਬਾ ਮਹੱਤਵਪੂਰਨ ਹੈ। ਇੱਥੇ ਤਿੰਨ ਗੁਰਦੁਆਰੇ ਅਤੇ ਦੋ ਮੰਦਰ ਹਨ। ਵੰਡ ਤੋਂ ਪਹਿਲਾਂ ਇੱਥੇ ਮਸੀਤਾਂ ਵੀ ਸਨ। ਜਦੋਂ ਇਹ ਇਲਾਕਾ ਪਾਕਿਸਤਾਨ ਅਧੀਨ ਚਲਾ ਗਿਆ ਤਾਂ ਮੁਸਲਮਾਨਾਂ ਨੇ ਇਨ੍ਹਾਂ ਅਣਗੌਲੀਆਂ ਮਸੀਤਾਂ ਦੀ ਸਫ਼ਾਈ ਤੇ ਮੁਰੰਮਤ ਕਰ ਕੇ ਕਲੀਆਂ ਕਰਵਾ ਦਿੱਤੀਆਂ ਸਨ। ਭਾਈ ਕਾਨ੍ਹ ਸਿੰਘ ਨਾਭਾ ਨੇ ਆਪਣੇ 'ਮਹਾਨ ਕੋਸ਼' ਵਿਚ ਖੇਮਕਰਨ ਬਾਰੇ ਜ਼ਿਕਰ ਕਰਦਿਆਂ ਲਿਖਿਆ ਹੈ : 'ਖੇਮਕਰਨ : ਜ਼ਿਲ੍ਹਾ ਲਾਹੌਰ, ਤਸੀਲ ਥਾਣਾ ਕਸੂਰ ਦਾ ਇਕ ਕਸਬਾ ਜਿਸ ਦੇ ਯੱਕਿਆਂ ਵਾਲੇ ਦਰਵਾਜ਼ੇ ਅੰਦਰ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਗੁਰਦੁਆਰਾ ਹੈ, ਗੁਰੁ ਜੀ ਥੋੜ੍ਹਾ ਸਮਾਂ ਇੱਥੇ ਠਹਿਰੇ ਹਨ, ਇਸ ਸਮੇਂ ਦੀ ਯਾਦਗਾਰ ਵਿਚ ਛੋਟਾ ਜਿਹਾ ਗੁਰਦੁਆਰਾ ਬਣਿਆ ਹੋਇਆ ਹੈ, ਜਿਸ ਵਿਚ ਗੁਰੂ ਸਾਹਿਬ ਜੀ ਦੇ ਵੇਲੇ ਦਾ ਥੰਮ ਦੱਸਿਆ ਜਾਂਦਾ ਹੈ, ਜਿਸ ਦੀ 'ਥੰਮੁ ਸਾਹਿਬ' ਸੰਗਯਾ ਹੈ, ਗੁਰਦਵਾਰੇ ਨੂੰ ਕੋਈ ਪੱਕੀ ਆਮਦਨ ਨਹੀਂ।

ਖੇਮਕਰਨ ਤੋਂ ਦੱਖਣ ਵੱਲ ਗੁਰੂ ਤੇਗ ਬਹਾਦਰ ਸਾਹਿਬ ਦਾ ਗੁਰਦੁਆਰਾ 'ਗੁਰੂਸਰ' ਹੈ, ਇਹ ਪਹਿਲਾਂ ਸਧਾਰਨ ਜਿਹਾ ਦਰਬਾਰ ਸੀ, ਹੁਣ ਸੰਮਤ 1960 ਤੋਂ ਲਾਲਾ ਕਾਸ਼ੀਰਾਮ ਰਾਈਸ ਫਿਰੋਜ਼ਪੁਰ ਨੇ ਦਰਬਾਰ ਅਤੇ ਰਿਹਾਇਸ਼ੀ ਮਕਾਨਾਂ ਦੀ ਸੇਵਾ ਕਰਾਈ ਹੈ।'

ਜੰਮੂ ਕਸ਼ਮੀਰ ਵਿਚ ਭਾਰਤੀ ਫ਼ੌਜ ਦੀ ਪਾਕਿ ਫ਼ੌਜ ਨਾਲ ਗਹਿਗੱਚ ਲੜਾਈ ਚੱਲ ਹੀ ਰਹੀ ਸੀ ਕਿ ਭਾਰਤੀ ਫ਼ੌਜ ਨੇ ਸਿਆਲਕੋਟ ਅਤੇ ਲਾਹੌਰ ਵਾਲੇ ਫਰੰਟ ਖੋਲ੍ਹ ਦਿੱਤੇ ਤਾਂ ਪਾਕਿ ਫ਼ੌਜ ਨੇ ਖੇਮਕਰਨ ਸੈਕਟਰ ਰਾਹੀਂ ਧਾਵਾ ਬੋਲ ਦਿੱਤਾ। ਪਾਕਿ ਫ਼ੌਜ ਪੈਟਨ ਟੈਂਕਾਂ ਨਾਲ ਹੱਲਾ ਬੋਲਦਿਆਂ ਲਗਪਗ ਅੱਠ ਕਿੱਲੋਮੀਟਰ ਭਾਰਤ ਵਿਚ ਆ ਗਈ ਤੇ ਉਨ੍ਹਾਂ ਦੀ ਮਨਸਾ ਸੀ ਕਿ ਬਿਆਸ ਪੁਲ਼ 'ਤੇ ਕਬਜ਼ਾ ਕਰ ਲਿਆ ਜਾਵੇ ਪਰ ਭਾਰਤੀ ਫ਼ੌਜ ਵੱਲੋਂ ਉਨ੍ਹਾਂ ਦੇ ਮਨਸੂਬਿਆਂ 'ਤੇ ਪਾਣੀ ਫੇਰਦਿਆਂ ਉਨ੍ਹਾਂ ਨੂੰ ਪਿੱਛੇ ਧਕੇਲ ਦਿੱਤਾ ਸੀ। ਭਾਰਤੀ ਫ਼ੌਜ ਵੱਲੋਂ ਖੇਮਕਰਨ ਨੂੰ ਵਾਪਸ ਲੈਣ ਦੀ ਤਿਆਰੀ ਕਰ ਰਹੇ ਸਨ ਕਿ ਸੀਜ਼ਫਾਇਰ ਹੋਣ ਦੀਆਂ ਅਫਵਾਹਾਂ ਉੱਡਣ ਲੱਗੀਆਂ। 23 ਸਤੰਬਰ 1965 ਨੂੰ ਸੀਜ਼ਫਾਇਰ ਕਰਨ ਦੇ ਹੁਕਮ ਹੋ ਗਏ ਸਨ। ਸੁਣਨ ਵਿਚ ਆਇਆ ਸੀ ਕਿ ਉਦੋਂ ਪਾਕਿ ਫ਼ੌਜ ਖੇਮਕਰਨ ਤੋਂ ਪਿੱਛੇ ਹਟ ਗਈ ਸੀ ਪਰ ਸੀਜ਼ਫਾਇਰ ਹੋਣ ਕਰਕੇ ਉਨ੍ਹਾਂ ਫੇਰ ਕਬਜ਼ਾ ਕਰ ਲਿਆ।

ਖੰਡਰਾਤ 'ਚ ਬਦਲਿਆ ਖ਼ੁਸ਼ਹਾਲ ਕਸਬਾ

ਫ਼ੌਜ ਵੱਲੋਂ ਮਿਲੀ ਕਲੀਅਰੈਂਸ ਉਪਰੰਤ ਪਾਕਿ ਦੇ ਕਬਜ਼ੇ ਵਿਚ ਰਹੇ ਇਲਾਕੇ ਨੂੰ ਸਰਕਾਰ ਦੇ ਹਵਾਲੇ ਕੀਤਾ ਗਿਆ ਸੀ। ਸਰਕਾਰ ਦੇ ਸਾਹਮਣੇ ਹੁਣ ਬਾਰਡਰ ਵਾਲੇ ਉਹ ਇਲਾਕੇ ਜੋ ਪਾਕਿਸਤਾਨ ਦੇ ਕਬਜ਼ੇ ਵਿਚ ਰਹੇ ਸਨ, ਓਥੋਂ ਦੇ ਵਾਸੀਆਂ ਨੂੰ ਮੁੜ ਵਸਾਉੇਣ ਦੀ ਵੱਡੀ ਸਮੱਸਿਆ ਸੀ। ਇਸ ਲਈ ਸਮੇਂ ਦੀ ਸਰਕਾਰ ਵੱਲੋਂ ਇਨ੍ਹਾਂ ਇਲਾਕਿਆਂ ਦਾ ਦੌਰਾ ਕਰਨ ਉਪਰੰਤ ਕੁਝ ਰਾਹਤ ਦੇਣ ਦੇ ਐਲਾਨ ਕੀਤੇ ਗਏ। ਆਉੇਣ ਜਾਣ ਦਾ ਕੋਈ ਪ੍ਰਬੰਧ ਨਾ ਹੋਣ ਕਰਕੇ ਲੋਕ ਆਪਣੇ ਘਰਾਂ ਦੀ ਹਾਲਤ ਵੇਖਣ ਲਈ ਕਈ ਕਈ ਮੀਲ ਤੁਰ ਕੇ ਆਉਂਦੇ ਸਨ। ਪਾਕਿ ਫ਼ੌਜ ਦੇ ਕਬਜ਼ੇ ਵਿਚ ਰਹਿਣ ਕਰਕੇ ਮੇਰਾ ਪਿੰਡ, ਜੋ ਉਦੋਂ ਖ਼ੁਸ਼ਹਾਲ ਕਸਬਾ ਸੀ, ਖੰਡਰਾਤ ਬਣ ਚੁੱਕਾ ਸੀ। ਪਾਕਿਸਤਾਨ ਨਾਲ ਹੋਏ ਸਮਝੌਤੇ ਬਾਅਦ ਜਦੋਂ ਲੋਕਾਂ ਨੂੰ, ਸਰਕਾਰ ਵੱਲੋਂ ਪਿੰਡ ਜਾਣ ਦੀ ਇਜਾਜ਼ਤ ਮਿਲੀ ਤਾਂ ਪਿੰਡ ਨੂੰ ਖੰਡਰ ਬਣਿਆ ਵੇਖ ਕੇ ਰੂਹਾਂ ਵੀ ਕੁਰਲਾ ਉੱਠੀਆਂ ਸਨ।

ਪਾਕਿਸਤਾਨੀ ਫ਼ੌਜ ਦੀ ਛਤਰ-ਛਾਇਆ ਹੇਠ ਪਿੰਡ ਵਿਚਲੇ ਘਰਾਂ ਤੇ ਦੁਕਾਨਾਂ ਦਾ ਸਾਮਾਨ ਲੁੱਟ ਲਿਆ ਗਿਆ ਸੀ। ਮਕਾਨਾਂ ਦੀਆਂ ਛੱਤਾਂ ਤੇ ਨੀਹਾਂ ਵਿੱਚੋਂ ਵੀ ਇੱਟਾਂ ਪੁੱਟ ਕੇ ਲੈ ਗਏ ਸਨ। ਪੱਕੇ ਬਣੇ ਮਕਾਨ, ਜੋ ਉਧੇੜੇ ਨਹੀਂ ਸਨ ਜਾ ਸਕੇ, ਬਾਰੂਦ ਨਾਲ ਉਡਾ ਦਿੱਤੇ ਗਏ ਸਨ। ਇੱਥੋਂ ਤੀਕ ਕਿ ਚੰਗੇ ਰੁੱਖ ਵੀ ਵੱਢ ਕੇ ਲੈ ਗਏ ਸਨ।

ਜੋ ਵੱਢੇ ਨਾ ਗਏ ਉਨ੍ਹਾਂ ਨੂੰ ਆਰੀ-ਕੱਟ ਲਾ ਦਿੱਤੇ ਗਏ ਸਨ। ਖੜ੍ਹੀਆਂ ਫ਼ਸਲਾਂ ਜਾਂ ਤਾਂ ਪਾਕਿਸਤਾਨੀਆਂ ਨੇ ਵੱਢ ਲਈਆਂ ਸਨ ਜਾਂ ਸਾੜ ਦਿੱਤੀਆਂ ਸਨ। ਮਾਲ-ਡੰਗਰ ਤਾਂ ਤੋਪਾਂ ਦੇ ਗੋਲਿਆਂ ਦੀ ਆਵਾਜ਼ ਸੁਣ ਕੇ ਕਿੱਲਿਆਂ ਤੋਂ ਰੱਸੇ ਤੁੜਾ ਕੇ ਆਪ-ਮੁਹਾਰੇ ਭੱਜ ਗਏ ਸਨ।

ਪਾਣੀ 'ਚ ਜ਼ਹਿਰ ਦੀਆਂ ਅਫ਼ਵਾਹਾਂ

ਗਰਮੀਆਂ ਦੇ ਦਿਨ ਹੋਣ ਕਰਕੇ ਪਾਣੀ ਦੀ ਜ਼ਰੂਰਤ ਸਭ ਨੂੰ ਸੀ ਪਰ ਉੱਡ ਰਹੀਆਂ ਅਫ਼ਵਾਹਾਂ ਕਾਰਨ ਕਿ ਪਾਕਿਸਤਾਨੀ ਲੋਕ ਅਤੇ ਫ਼ੌਜ ਜਾਣ ਲੱਗਿਆਂ ਖੂਹਾਂ ਵਿਚ ਜ਼ਹਿਰ ਮਿਲਾ ਗਈ ਹੈ ਤੇ ਨਲਕੇ ਉਹ ਵੈਸੇ ਹੀ ਪੁੱਟ ਕੇ ਲੈ ਗਏ ਸਨ ਜਾਂ ਬੇਕਾਰ ਕਰ ਗਏ ਸਨ, ਇਸ ਲਈ ਫ਼ੌਜ ਵੱਲੋਂ ਲਾਏ ਗਏ ਕੁਝ ਨਲਕਿਆਂ ਤੋਂ ਪਾਣੀ ਲਿਜਾਣ ਦੀ ਆਗਿਆ ਦੇ ਦਿੱਤੀ ਗਈ ਸੀ। ਵੇਲੇ ਕੁਵੇਲੇ ਫ਼ੌਜੀ ਖਾਣ ਪੀਣ ਲਈ ਵੀ ਕੁਝ ਨਾ ਕੁਝ ਦੇ ਦਿੰਦੇ ਸਨ। ਕੁਝ ਲੋਕਾਂ ਦੇ ਕਹਿਣ 'ਤੇ ਸਰਕਾਰ ਵੱਲੋਂ ਤੰਬੂ ਵੀ ਲੁਆ ਦਿੱਤੇ ਪਰ ਨਾ ਤਾਂ ਪਹਿਨਣ ਲਈ ਕੱਪੜਾ ਮਿਲਿਆ ਤੇ ਨਾ ਹੀ ਸੌਣ ਵਾਸਤੇ ਕੋਈ ਜੁਗਾੜ ਬਣਿਆ। ਬਸ ਜ਼ਮੀਨ 'ਤੇ ਹੀ ਸੌਣਾ ਪੈਂਦਾ।

ਅਜੇ ਤੀਕ ਪਿੰਡ ਆਉਣ ਲਈ ਬੱਸਾਂ ਦਾ ਕੋਈ ਪ੍ਰਬੰਧ ਨਹੀਂ ਸੀ ਹੋਇਆ ਤੇ ਰੇਲ ਚੱਲਣ ਨੂੰ ਅਜੇ ਸਮਾਂ ਲੱਗਣਾ ਸੀ ਕਿÀੁਂਕਿ ਪੰਜ ਕਿੱਲੋਮੀਟਰ ਰੇਲਵੇ ਲਾਈਨ ਤਾਂ ਪਾਕਿਸਤਾਨੀ ਪੁੱਟ ਕੇ ਲੈ ਗਏ ਸਨ। ਲੋਕ ਆਉਂਦੇ, ਆਪਣੀ ਜਾਇਦਾਦ ਦੀ ਹੋਈ ਤਬਾਹੀ ਵੇਖ ਹੰਝੂ ਵਹਾਉਂਦੇ ਤੇ ਫਿਰ ਆਰਜ਼ੀ ਟਿਕਾਣਿਆਂ 'ਤੇ ਮੁੜ ਜਾਂਦੇ। ਇਹੋ ਜਿਹੀ ਬਣੀ ਭੀੜ ਸਮੇਂ ਰਿਸ਼ਤੇਦਾਰਾਂ ਨੇ ਕੁਝ ਸਹਾਇਤਾ ਕੀਤੀ ਤੇ ਕੁਝ ਸਮਾਜ ਸੇਵੀ ਸੰਸਥਾਵਾਂ ਸਹਾਈ ਹੋਈਆਂ।

ਤੀਜਾ ਹਿੱਸਾ ਲੋਕ ਨਾ ਪਰਤੇ ਪਿੰਡ

ਹੌਲੀ-ਹੌਲੀ ਲੋਕਾਂ ਨੇ ਆਪੋ ਆਪਣੇ ਟਿਕਾਣਿਆਂ 'ਤੇ ਆਉਣ ਦਾ ਮਨ ਬਣਾਇਆ ਪਰ ਉਹੀ ਲੋਕ ਵਾਪਸ ਆਉਣ ਬਾਰੇ ਸੋਚ ਰਹੇ ਸਨ ਜਿਨ੍ਹਾਂ ਦੀਆਂ ਪੱਕੀਆਂ ਜਾਇਦਾਦਾਂ ਸਨ ਜਾਂ ਫਿਰ ਉਹ ਲੋਕ ਜਿਨ੍ਹਾਂ ਦਾ ਹੋਰ ਕਿਤੇ ਟਿਕਾਣਾ ਨਹੀਂ ਸੀ। ਇਸੇ ਕਰਕੇ ਖੇਮਕਰਨ ਦੀ ਲਗਪਗ ਤੀਸਰਾ ਹਿੱਸਾ ਵਸੋਂ ਵਾਪਸ ਹੀ ਨਹੀਂ ਆਈ। ਸ਼ਾਇਦ ਮਜਬੂਰੀਵਸ ਕਿ ਬਾਰਡਰ 'ਤੇ ਤਾਂ ਨਿੱਤ ਲੜਾਈ ਦਾ ਖ਼ਤਰਾ ਬਣਿਆ ਰਹਿਣਾ ਏ, ਉਨ੍ਹਾਂ ਨਵੀਆਂ ਥਾਵਾਂ 'ਤੇ ਕਾਰੋਬਾਰ ਸ਼ੁਰੂ ਕਰ ਲਏ ਸਨ। ਦਿਲ ਧਰਾਵਾ ਹੋਇਆ ਤਾਂ ਚੁੱਲ੍ਹਿਆਂ ਵਿੱਚੋਂ ਧੂੰਆਂ ਨਿਕਲਣਾ ਸ਼ੁਰੂ ਹੋ ਗਿਆ। ਘਰਾਂ ਵਿਚਲੇ ਖੂਹਾਂ ਦੀ ਸਫ਼ਾਈ ਕਰਵਾਈ ਗਈ ਤੇ ਪਾਕਿਸਤਾਨੀ ਲੋਕਾਂ ਵੱਲੋਂ ਇਨ੍ਹਾਂ ਖੂਹਾਂ ਵਿਚ ਸੁੱਟਿਆ ਗੰਦ-ਮੰਦ ਕਢਵਾ ਕੇ ਤੇ ਲਾਲ ਦੁਆਈ ਪਾ ਕੇ ਪਾਣੀ ਸਾਫ਼ ਕੀਤਾ ਗਿਆ ਪਰ ਡਾਕਟਰੀ ਰਿਪੋਰਟ ਆਉਣ ਬਾਅਦ ਹੀ ਵਰਤੋਂ ਵਿਚ ਲਿਆਂਦਾ ਗਿਆ ਸੀ।

ਕੁਝ ਸਰਕਾਰੀ ਸਹਾਇਤਾ ਨਾਲ ਤੇ ਕੁਝ ਰਿਸ਼ਤੇਦਾਰਾਂ ਦੀ ਮਦਦ ਨਾਲ ਝੌਪੜੀ-ਨੁਮਾ ਮਕਾਨ ਬਣਾ ਕੇ ਜ਼ਿੰਦਗੀ ਨੂੰ ਪਟੜੀ 'ਤੇ ਲਿਆਉਣ ਦੇ ਯਤਨ ਹੋਣ ਲੱਗੇ। ਕੁਦਰਤੀ ਆਫ਼ਤਾਂ, ਸੋਕਾ, ਹੜ੍ਹ, ਅੱਗ ਆਦਿ ਨਾਲ ਹੋਈ ਤਬਾਹੀ ਕਾਰਨ ਕੁਝ ਨਾ ਕੁਝ ਜ਼ਰੂਰ ਬਚ ਜਾਂਦਾ ਹੈ ਪਰ ਇੱਥੇ ਤਾਂ ਕੁਝ ਵੀ ਨਹੀਂ ਸੀ ਬਚਿਆ। ਪਿਓ ਦਾਦੇ ਦੀਆਂ ਨਿਸ਼ਾਨੀਆਂ ਵੀ ਮਲੀਆ-ਮੇਟ ਹੋ ਗਈਆਂ ਸਨ।

ਡਰ ਦਾ ਮਾਹੌਲ ਅਜੇ ਵੀ ਬਣਿਆ ਹੋਇਆ ਸੀ। ਸਾਈਕਲ ਦੇ ਟਾਇਰ ਫਟਣ ਨਾਲ ਹੀ ਲੋਕਾਂ ਦਾ ਤ੍ਰਾਹ ਨਿਕਲ ਜਾਂਦਾ ਸੀ। ਜ਼ਿੰਦਗੀ ਵਿਚ ਆਇਆ ਇਹ ਖਲਾਅ ਕਦੇ ਭੁੱਲਣ ਵਾਲਾ ਨਹੀਂ!

ਲੜਾਈ ਦਾ ਮਾਹੌਲ

ਅਜੋਕੇ ਸਮੇਂ ਵਿਚ ਵੀ ਲੜਾਈ ਦਾ ਮਾਹੌਲ ਸਿਰਜਿਆ ਜਾ ਰਿਹਾ ਹੈ। 1965 ਅਤੇ 1971 ਦੀਆਂ ਲੜਾਈਆਂ ਤੋਂ ਸਹਿਮੇ ਬਾਰਡਰ 'ਤੇ ਵੱਸਦੇ ਅਸੀਂ ਲੋਕ ਅੱਜ ਵੀ ਓਸ ਵੇਲੇ ਨੂੰ ਚੇਤੇ ਕਰ ਕੇ ਡਰ ਜਾਂਦੇ ਹਾਂ, ਜਦੋਂ 1965 ਵਿਚ ਦੁਵੱਲੀ ਗੋਲੀ-ਬਾਰੀ ਸ਼ੁਰੂ ਹੋਣ ਕਰਕੇ ਹੀ ਘਰੋਂ ਭੱਜਣਾ ਪਿਆ ਸੀ। ਘਰ ਦਾ ਸਾਮਾਨ ਤੇ ਮਾਲ-ਡੰਗਰ ਮੁੜ ਹੱਥ ਨਹੀਂ ਸੀ ਲੱਗਿਆ। ਅੱਜ ਵਾਂਗ ਉਦੋਂ ਬਾਰਡਰ 'ਤੇ ਨਾ ਤਾਂ ਦੂਹਰੀਆਂ ਡਰੇਨਾਂ ਬਣੀਆਂ ਸਨ ਤੇ ਨਾ ਹੀ ਕੰਡਿਆਂ ਵਾਲੀ ਤਾਰ ਦੀ ਫੈਂਸਿੰਗ ਲੱਗੀ ਹੋਈ ਸੀ।

ਹੈਰਾਨੀ ਵਾਲੀ ਗੱਲ ਹੈ ਕਿ ਅੱਜ ਵੀ ਪਾਕਿਸਤਾਨ ਵੱਲੋਂ ਲੜਾਈ ਲੱਗਣ 'ਤੇ ਬਚਾਅ ਲਈ ਇਹੋ ਜਿਹਾ ਕੋਈ ਸਾਧਨ ਨਹੀਂ ਅਪਣਾਇਆ। ਵੈਸੇ ਵੀ ਅਜੋਕੇ ਸਮੇਂ ਵਿਚ ਲੜਾਈ ਮਾਰੂ ਹਥਿਆਰਾਂ ਦੀ ਹੀ ਹੋਣੀ ਹੈ ਜਿਸ ਦਾ ਅਸਰ ਸਾਰੀ ਦੁਨੀਆ 'ਤੇ ਪਵੇਗਾ। ਸੰਸਾਰ ਦੀ ਪੰਜਵੀਂ ਐਟਮੀ ਸ਼ਕਤੀ ਵਾਲੇ ਸਾਡੇ ਦੇਸ਼ ਨੇ ਰਖਿਆਤਮਕ ਸੋਚ ਅਪਣਾਈ ਹੋਈ ਹੈ, ਜੋ ਚੰਗਾ ਸੰਦੇਸ਼ ਹੈ।

ਲੈ ਪੁੱਤ ਕੁੰਜੀ, ਜੰਦਰਾ ਲੁਆ ਲਈਂ

1965 ਦੀ ਜੰਗ ਸਮੇਂ ਮੈਂ ਊਧਮਪੁਰ ਛਾਉਣੀ ਵਿਚ ਸਾਂ ਅਤੇ ਛੁੱਟੀਆਂ ਬੰਦ ਸਨ। ਇਹ ਪਤਾ ਲੱਗਣ 'ਤੇ ਕਿ ਮੇਰਾ ਪਿੰਡ ਖੇਮਕਰਨ ਹੈ ਜੋ ਪਾਕਿਸਤਾਨ ਦੇ ਕਬਜ਼ੇ ਵਿਚ ਰਿਹਾ ਹੈ, ਛੁੱਟੀਆਂ ਦੇਣ ਦਾ ਹੁਕਮ ਆਉਂਦਿਆਂ ਹੀ ਮੇਰੇ ਮੇਜਰ ਸਾਹਿਬ ਨੇ ਉਚੇਚੇ ਤੌਰ 'ਤੇ ਮੇਰੀ ਛੁੱਟੀ ਮਨਜ਼ੂਰ ਕਰ ਦਿੱਤੀ ਸੀ। ਛੁੱਟੀ ਮਿਲਣ 'ਤੇ ਜਦੋਂ ਮੈਂ ਪਿੰਡ ਜਾ ਕੇ ਆਪਣੇ ਘਰ ਦੀ ਹਾਲਤ ਵੇਖ ਕੇ ਜੋ ਹਉਕਾ ਭਰਿਆ, ਉਹ ਅਜੇ ਵੀ ਕਿਸੇ ਨਾ ਕਿਸੇ ਰੂਪ ਵਿਚ ਨਿਕਲਦਾ ਰਹਿੰਦਾ ਹੈ। ਮੁੜ ਵਸੇਬੇ ਲਈ ਕਿੰਨਾ ਕੁਝ ਕਰਨ ਵਾਲਾ ਸੀ। ਮਕਾਨ ਛੱਤਣਾ ਸੀ ਤੇ ਰੋਜ਼ੀ-ਰੋਟੀ ਕਮਾਉਣ ਦਾ ਹੀਲਾ ਵਸੀਲਾ ਵੀ ਕਰਨਾ ਸੀ। ਕੁਝ ਮਹੀਨਿਆਂ ਪਿੱਛੋਂ ਇਕ ਦਿਨ ਮੇਰੀ ਮਾਤਾ ਨੇ ਪਿੰਡ ਵਾਲੇ ਘਰ ਦੀ ਕੁੰਜੀ ਮੇਰੇ ਵੱਲ ਵਧਾਉਂਦਿਆਂ ਭਰੇ ਗਲੇ ਨਾਲ ਕਿਹਾ, 'ਲੈ ਪੁੱਤ ਕੁੰਜੀ, ਜੰਦਰਾ ਲੁਆ ਲਈਂ।' ਮਾਤਾ ਦੇ ਕਹੇ ਬੋਲਾਂ ਨੂੰ ਚਿਤਵਦਿਆਂ ਮੈਂ ਕੁੰਜੀ ਨੂੰ ਜੰਦਰਾ ਲੁਆਉਣ ਲਈ ਯਤਨਸ਼ੀਲ ਹਾਂ।

ਖੇਮਕਰਨ ਦੀ ਭੂਗੋਲਿਕ ਸਥਿਤੀ


ਖੇਮਕਰਨ ਦੀ ਭੂਗੋਲਿਕ ਸਥਿਤੀ ਦੀ ਗੱੱਲ ਕਰੀਏ ਤਾਂ ਇਹ ਕੌਮਾਂਤਰੀ ਸਰਹੱਦ ਤੋਂ ਸਿਰਫ਼ ਤਿੰਨ ਕੁ ਕਿਲੋਮੀਟਰ ਹੈ। ਇਹ ਘੋੜੇ ਦੀ ਨਾਲ ਦੀ ਤਰ੍ਹਾਂ ਚਾਰ ਚੁਫੇਰਿਓਂ ਕੌਮਾਂਤਰੀ ਸਰਹੱਦ ਨਾਲ ਘਿਰਿਆ ਹੋਇਆ ਹੈ। ਪਾਕਿਸਤਾਨ ਬਣਨ ਤੋਂ ਪਹਿਲਾਂ ਇਹ ਕਸਬਾ ਸੀ ਤੇ ਇਸ ਦੀ ਆਬਾਦੀ ਲਗਪਗ ਅੱਠ-ਨੌਂ ਹਜ਼ਾਰ ਸੀ। ਇਹ ਕਸਬਾ ਤਹਿਸੀਲ ਕਸੂਰ ਤੇ ਜ਼ਿਲ੍ਹਾ ਲਾਹੌਰ ਅਧੀਨ ਸੀ। ਰੇਲਵੇ ਮਾਰਗ 'ਤੇ ਸੜਕ ਰਾਹੀਂ ਕਸੂਰ ਨਾਲ ਜੁੜਿਆ ਹੋਇਆ ਸੀ। ਇੱਥੇ ਮਿਊਂਸਪਲ ਕਮੇਟੀ ਹੁੰਦੀ ਸੀ ਜੋ ਸ਼ਹਿਰ ਦਾ ਪ੍ਰਬੰਧ ਚਲਾਉਂਦੀ ਸੀ। ਆਮਦਨ ਦਾ ਸਾਧਨ ਮਹਿਸੂਲ ਸੀ ਜਿਸ ਵਾਸਤੇ ਸ਼ਹਿਰ ਦੇ ਚਾਰ ਚੁਫੇਰੇ ਮਹਿਸੂਲ ਚੁੰਗੀਆਂ ਬਣਾਈਆਂ ਗਈਆਂ ਸਨ। ਗਲੀਆਂ ਵਿਚ ਚਾਨਣ ਕਰਨ ਲਈ ਮਿੱਟੀ ਦੇ ਤੇਲ ਵਾਲੀਆਂ ਲੰਪਾਂ ਜਗਾਈਆਂ ਜਾਂਦੀਆਂ ਸਨ ਤੇ ਬਾਜ਼ਾਰਾਂ ਵਿਚ ਦੋ ਵਾਰ ਪਾਣੀ ਦਾ ਛਿੜਕਾਅ ਕੀਤਾ ਜਾਂਦਾ ਸੀ। ਲੜਕਿਆਂ ਵਾਸਤੇ ਡਿਸਟ੍ਰਿਕ ਬੋਰਡ ਮਿਡਲ ਸਕੂਲ ਹੁੰਦਾ ਸੀ, ਜੋ ਬਾਅਦ ਵਿਚ ਗੌਰਮਿੰਟ ਹਾਈ ਸਕੂਲ ਬਣ ਗਿਆ ਸੀ।

ਲੜਕੀਆਂ ਲਈ ਵੱਖਰਾ ਪ੍ਰਾਇਮਰੀ ਸਕੂਲ ਹੁੰਦਾ ਸੀ ਜੋ ਬਾਅਦ ਵਿਚ ਅੱਠਵੀਂ ਜਮਾਤ ਤੀਕ ਬਣ ਗਿਆ ਸੀ। ਖੇਮਕਰਨ ਦਾ ਪੱਛਮੀ ਦਰਵਾਜ਼ਾ ਅੱਜ ਵੀ ਕਸੂਰੀ ਦਰਵਾਜ਼ਾ ਅਖਵਾਉਂਦਾ ਹੈ। ਇਹ ਮਿਊਂਸਪਲ ਕਮੇਟੀ 1965 ਤੀਕ ਕੰਮ ਕਰਦੀ ਰਹੀ। ਫਿਰ ਦਸ ਸਾਲ ਪੰਚਾਇਤ ਰਹੀ ਤੇ ਅੱਜ-ਕੱਲ੍ਹ ਨੋਟੀਫਾਈਡ ਏਰੀਆ ਕਮੇਟੀ ਕੰਮ ਕਰਦੀ ਹੈ। ਵੰਡ ਤੋਂ ਪਹਿਲਾਂ ਇੱਥੇ ਕੰਬਲ, ਚਾਕੂ-ਕਰਦਾਂ, ਵਾਣ, ਮੂੜੇ, ਮੁਰਲੀਆਂ ਆਦਿ ਦਾ ਭਰਵਾਂ ਕਾਰੋਬਾਰ ਸੀ। ਮੁਸਲਮਾਨਾਂ ਦੇ ਜਾਣ ਨਾਲ ਇਹ ਕੰਮ ਲਗਪਗ ਠੱਪ ਹੋ ਗਿਆ ਸੀ। ਵੰਡ ਵੇਲੇ ਸਾਡੇ ਪਿੰਡ ਕੋਈ ਜਾਨੀ ਨੁਕਸਾਨ ਨਹੀਂ ਸੀ ਹੋਇਆ।

ਪੈਟਨ ਟੈਂਕਾਂ ਦੀ ਕਬਰ

ਆਸਲ ਪਿੰਡ ਨੇੜੇ ਦੀ ਹੋਈ ਲੜਾਈ ਵਿਚ ਪਾਕਿ ਦੇ 80-85 ਪੈਟਨ ਟੈਂਕਾਂ ਨੂੰ ਤਬਾਹ ਕੀਤਾ ਗਿਆ ਸੀ। ਇਨ੍ਹਾਂ ਟੈਂਕਾਂ ਨੂੰ ਅਜਿਤ ਮੰਨਿਆ ਜਾਂਦਾ ਸੀ ਪਰ ਤਬਾਹ ਹੋਣ 'ਤੇ ਇਨ੍ਹਾਂ ਦਾ ਸਾਰੀ ਦੁਨੀਆ ਵਿਚ ਚਰਚਾ ਹੋਇਆ ਸੀ। ਇਸੀ ਲੜਾਈ ਵਿਚ ਸੱਤ ਟਂੈਕ ਤੋੜਦਿਆਂ ਸ਼ਹੀਦ ਹੋਣ ਵਾਲੇ ਹਵਾਲਦਾਰ ਅਬਦੁਲ ਹਮੀਦ ਨੂੰ ਪਰਮਵੀਰ ਚੱਕਰ ਨਾਲ ਸਨਮਾਨਿਤ ਕੀਤਾ ਗਿਆ ਸੀ। ਉਸ ਦੀ ਯਾਦਗਾਰ ਆਸਲ ਪਿੰਡ ਨੇੜੇ ਬਣੀ ਹੋਈ ਹੈ। ਇਹ ਟੈਂਕ ਅੱਜ ਵੀ ਕਈ ਸ਼ਹਿਰਾਂ ਤੇ ਛਾਉਣੀਆਂ ਦੀਆਂ ਪ੍ਰਮੁੱਖ ਥਾਵਾਂ 'ਤੇ ਸੁਸ਼ੋਭਿਤ ਹਨ।

- ਹਰਭਜਨ ਸਿੰਘ ਖੇਮਕਰਨੀ

98781-31525

Posted By: Harjinder Sodhi