ਪੁਸਤਕ : ਮਹਿਨੂਰ (ਨਾਵਲ)

ਲੇਖਕ : ਚਤਿੰਦਰ ਰੁਪਾਲ

ਪੰਨੇ : 79, ਮੱੁਲ : 150/-

ਪ੍ਰਕਾਸ਼ਕ : ਸੂਰਜਾਂ ਦੇ ਵਾਰਸ ਪਬਲੀਕੇਸ਼ਨ, ਬਠਿੰਡਾ।

ਚਤਿੰਦਰ ਰੁਪਾਲ ਮੂਲ ਰੂਪ ਵਿਚ ਇਕ ਕਵੀ ਹੈ। ਹੁਣ ਉਸ ਨੇ ਨਾਵਲ ਵਿਧਾ ’ਤੇ ਹੱਥ ਅਜਮਾਈ ਕੀਤੀ ਹੈ। ਆਪਣੇ ਪਲੇਠੇ ਨਾਵਲ ਰਾਹੀਂ ਉਹ ਜੋ ਗੱਲ ਕਹਿਣੀ ਚਾਹੁੰਦਾ ਹੈ ਉਸ ’ਚ ਕਾਫੀ ਹੱਦ ਤਕ ਕਾਮਯਾਬ ਰਿਹਾ ਹੈ। ਅਜੋਕੇ ਸਮੇਂ ਦੇ ਸੰਦਰਭ ਵਿਚ ਉਸਨੇ ਅੱਲੜ੍ਹ ਮੁਟਿਆਰਾਂ ਤੇ ਨੌਜਵਾਨ ਪੀੜ੍ਹੀ ਦੇ ਭਟਕਣ ਦਾ ਵਰਨਣ ਕੀਤਾ ਹੈ ਜਦੋਂ ਜਵਾਨੀ ਦੀ ਚੜ੍ਹਤ ਵਿਚ ਉਹ ਕੋਈ ਜਾਤ-ਪਾਤ, ਰੰਗ-ਰੂਪ ਨੂੰ ਇਕ ਪਾਸੇ ਰੱਖ ਕੇ ਵਰਤਮਾਨ ਸਥਿਤੀ ਵਿਚ ਕੋਈ ਵੀ ਗ਼ਲਤ ਫ਼ੈਸਲਾ ਲੈ ਲੈਂਦੇ ਹਨ ਅਤੇ ਬਾਅਦ ਵਿਚ ਇਸ ਦਾ ਬਹੁਤ ਵੱਡਾ ਹਰਜਾਨਾ ਉਨ੍ਹਾਂ ਨੂੰ ਅਦਾ ਕਰਨਾ ਪੈਂਦਾ ਹੈ। ਇਸ ਨਾਵਲ ਵਿਚ ਨਾਇਕਾ ਹਿਨਾ ਜਿਸ ਦਾ ਅਸਲ ਨਾਮ ਮਹਿਨੂਰ ਹੈ ਅਤੇ ਇਸ ਨਾਵਲ ਦਾ ਨਾਮਕਰਨ ਵੀ ਲੇਖਕ ਨੇ ਇਸ ਨਾਇਕਾ ਨੂੰ ਆਧਾਰ ਬਣਾ ਕੇ ਰੱਖਿਆ ਹੈ। ਇਸ ਨਾਵਲ ਦੇ ਦੋ ਨਾਇਕ ਦਿਖਾਏ ਗਏ ਹਨ ਇਕ ਪਾਲੇ ਉਰਫ਼ ਜਸਪਾਲ ਸਿੰਘ ਅਤੇ ਹੈਪੀ ਜੋ ਨਾਇਕਾ ਦੀ ਚਾਹਤ ਲਈ ਕੁਝ ਵੀ ਕਰਨ ਲਈ ਤਤਪਰ ਹਨ। ਇਹ ਤਿੰਨੋ ਪਾਤਰ ਇਕ ਹੀ ਪਿੰਡ ਦੇ ਵਸਨੀਕ ਹਨ। ਪਾਲੇ ਅਤੇ ਹੈਪੀ ਆਪਸ ਵਿਚ ਦੋਸਤ ਵੀ ਹਨ ਪਰ ਨਾਇਕਾ ਨੇ ਸਿਰਫ਼ ਇਕ ਹੀ ਨਾਇਕ ਪਾਲੇ ਉਰਫ਼ ਜਸਪਾਲ ਸਿੰਘ ਨੂੰ ਪਿਆਰ ਕੀਤਾ ਹੈ ਭਾਵੇਂ ਉਹ ਨਸ਼ੇੜੀ ਕਿਸਮ ਦਾ ਪੇਸ਼ ਕੀਤਾ ਗਿਆ ਹੈ। ਹਿਨਾ ਦੇ ਕਾਲਜ ਦੀਆਂ ਸਹੇਲੀਆਂ ਵਲੋਂ ਉਸ ਬਾਰੇ ਗੱਲਾਂ ਕਰਦੀਆਂ ਕਹਿੰਦੀਆਂ ਹਨ ਕਿ ਇਕ ਨਸ਼ੇੜੀ ਵਿਚ ਉਸਨੇ ਕੀ ਵੇਖਿਆ ਹੈ ਜੋ ਉਸ ’ਤੇ ਫਿਦਾ ਹੈ।

ਨਾਇਕਾ ਦੀ ਤੀਸਰੀ ਅੰਮੀ ਉਸਨੂੰ ਸਕੂਲ/ਕਾਲਜ ਨਾ ਭੇਜਣ ਅਤੇ ਉਸਦਾ ਨਿਕਾਹ ਕਰ ਦੇਣ ਦੀ ਜ਼ਿੱਦ ਕਰਦੀ ਹੈ। ਪਰ ਮਹਿਨੂਰ ਨੇ ਆਪਣੀ ਪੜ੍ਹਾਈ ਸਕੂਲ ਤੋਂ ਕਾਲਜ ਤਕ ਜਾਰੀ ਰੱਖੀ ਪਰ ਉਸਦਾ ਕਾਲਜ ਸਮੇਂ ਦੌਰਾਨ ਪਾਲੇ ਵਰਗੇ ਦੇ ਬਹਿਕਾਵੇ ’ਚ ਆ ਕੇ ਰਫੂ ਚੱਕਰ ਹੋ ਜਾਣਾ ਉਨ੍ਹਾਂ ਪਰਿਵਾਰ ਦਾ ਸਮਰਥਨ ਕਰਦਾ ਹੈ ਜੋ ਲੜਕੀਆਂ ਨੂੰ ਅੱਗੇ ਪੜ੍ਹਾਉਣ ਤੋਂ ਕਤਰਾਉਂਦੇ ਹਨ। ਨਾਵਲ ਦਾ ਵਿਸ਼ਾ ਵਸਤੂ ਵਧੀਆ ਹੈ ਤੇ ਸ਼ੈਲੀ ਸਰਲ ਹੈ। ਭਵਿੱਖ ’ਚ ਲੇਖਕ ਤੋਂ ਹੋਰ ਵਧੀਆ ਰਚਨਾ ਦੀ ਆਸ ਕੀਤੀ ਜਾਂਦੀ ਹੈ।

Posted By: Harjinder Sodhi