(ਦੂਜੀ ਕਿਸ਼ਤ)

ਸਾਲ-ਡੇਢ ਸਾਲ ਦੇ ਸਮੇਂ ਦੌਰਾਨ ਸਵਿੱਤਰੀ ਦੇ ਕੇਸ ਪਹਿਲਾਂ ਨਾਲੋਂ ਵੀ ਲੰਮੇ ਹੋ ਗਏ। ਲੰਮੇ ਤੋਂ ਛੁੱਟ ਸੰਘਣੇ ਵੀ ਤੇ ਚਮਕ ਅਨੋਖੀ ਸੀ। ਸਿੱਖੀ ਧਾਰਨ ਕਰਨ ਤੋਂ ਪਹਿਲਾਂ ਨਾਨਕ ਸਿੰਘ ਦਾ ਨਾਂ ਹੰਸ ਰਾਜ ਸੀ। ਹੰਸ ਰਾਜ ਨੇ ਆਪਣੇ ਗਵੱਈਏ ਬੰਗਾਲੀ ਦੋਸਤ ਤੋਂ ਸੰਗੀਤ ਸਿੱਖਣਾ ਸ਼ੁਰੂ ਕੀਤਾ। ਨਜ਼ਦੀਕ ਸਿੰਘ ਸਭਾ ਗੁਰਦੁਆਰਾ ਸੀ ਜਿੱਥੇ ਜਾ ਕੇ ਹੰਸ ਰਾਜ, ਹਾਰਮੋਨੀਅਮ ’ਤੇ ਮਗਜਮਾਰੀ ਕਰਦਿਆਂ, ਰਿਆਜ਼ ਕਰਨਾ, ਨਵੀਆਂ-ਨਵੀਆਂ ਟਿਊਨਾਂ ਬਣਾਉਂਦਾ ਤੇ ਨਿੱਕੇ-ਨਿੱਕੇ ਗੀਤ ਲਿਖਣੇ ਸ਼ੁਰੂ ਕੀਤੇ। ਹੰਸ ਰਾਜ ਨਿਕਚੂ ਉਸਤਾਦ, ਸੰਗੀਤਕਾਰ ਤੇ ਸ਼ਾਇਰ ਵੀ ਸੀ। ਫਿਰ ਸਵਿੱਤਰੀ ਨੇ ਆਪਣੇ ਸੰਗੀਤ ਟੀਚਰ ਤੋਂ ਸਿੱਖਣਾ ਛੱਡ ਕੇ ਮੇਰੇ ਤੋਂ ਸਿੱਖਣਾ ਸ਼ੁਰੂ ਕੀਤਾ। ਇਹੀ ਕਾਰਨ ਸੀ ਮੇਰੀ ਮੌਜੂਦਗੀ ਤੋਂ ਬਿਨਾਂ ਉਹ ਅਧੂਰੀ-ਅਧੂਰੀ ਮਹਿਸੂਸ ਕਰਦੀ।

ਹੰਸ ਰਾਜ ਦੇ ਸ਼ਬਦ, ‘‘ਮੈਂ ਸਿਰ ਉਸ ਅੱਗੇ ਝਕਾਇਆ ਅਤੇ ਉਸ ਨੇ ਹੱਥ ਵਾਲਾ ਤੇਲ ਇਹ ਕਹਿੰਦਿਆਂ ਮੇਰੇ ਅੰਗਰੇਜ਼ੀ ਕੱਟ ਦੇ ਕੱਟੇ ਹੋਏ, ਪਰ ਖਿੰਡੇ ਹੋਏ ਵਾਲਾ ’ਚ ਲਾਣਾ ਸ਼ੁਰੂ ਕਰ ਦਿੱਤਾ”, ‘‘ਵੇਖਾਂ ਕੀਕਣ ਸਰਕੜੇ ਵਰਗੇ ਹੋਏ, ਝੱਲਿਆ ਏਨੀ ਹੋਸ਼ ਨਹੀਂ ਰਹਿੰਦੀ ਤੈਨੂੰ।” ਕਿਤਨੀ ਨੀਝ ਨਾਲ, ਕਿਤਨੀ ਮਮਤਾ ਤੇ ਲਗਨ ਨਾਲ ਉਹ ਕੰਘੀ ਵਾਹ ਰਹੀ ਸੀ। ਕੰਘੀ ਨਹੀਂ ਸੀ ਵਾਹ ਰਹੀ, ਸਗੋਂ ਵਾਲਾ ਨਾਲ ਖੇਡ ਰਹੀ ਸੀ। ਹੁਣ ਵਰਗਾ ਜੂੜਾ ਤਾਂ ਹੈ ਹੀ ਨਹੀਂ ਸੀ ਕਿ ਵਾਹੁਣ ਵਿਚ ਚਿਰ ਲੱਗਦਾ ਪਰ ਉਸ ਨੇ ਅਸਲ ਨਾਲੋਂ ਤੀਊਣਾ, ਚੌਣਾ ਵਕਤ ਲਾ ਦਿੱਤਾ। ਵਾਲਾਂ ਦੀ ਤਹਿ ਬਿਠਾਂਦੀ ਫੇਰ ਖਿੰਡਾ ਦੇਂਦੀ ਤੇ ਮੁੜ ਸੰਵਾਰਨੇ ਸ਼ੁਰੂ ਕਰ ਦਿੰਦੀ।

ਜ਼ਿੰਦਗੀ ’ਚ ਹੰਸ ਰਾਜ ਨੇ ਬਾਲ ਵਿਧਵਾ ਨਾਲ ਪਹਿਲਾ ਤੇ ਆਖਰੀ ਰੁਮਾਂਸ ਕੀਤਾ। ਇਹ ਰੁਮਾਂਸ ਵੀ ਸਵਿੱਤਰੀ ਦੇ ਸਰੀਰ ਸਪਰਸ਼ ਨਾਲ ਸਬੰਧਿਤ ਨਹੀਂ-ਅਲੱਗ ਕਿਸਮ ਦਾ ਹੈ ਪਰ ਇਸ ਵਿਚ ਕੇਸਾਂ ਦੀ ਪ੍ਰੀਤ ਤੇ ਪ੍ਰਤੀਤ ਭਾਰੂ ਹੈ। ਨਾਨਕ ਸਿੰਘ ਨੇ ਜੀਵਨ ’ਚ ਯਥਾਰਥ ਲਿਖਿਆ ਤੇ ਜੀਵਿਆ, ਸੱਚ ਨੂੰ ਲੁਕਾਉਣਾ ਉਹ ਬਦਚਲਣੀ ਮੰਨਦਾ ਹੈ। ਬਦਚਲਣੀ ਨੂੰ ਸਾਡਾ ਸਮਾਜ ਪ੍ਰਵਾਨ ਨਹੀਂ ਕਰਦਾ ਪਰ ਸੱਚ ਨੂੰ ਹਮੇਸ਼ਾ ਹਰੇਕ ਨਿੱਜੀ ਰੂਪ ’ਚ ਲੁਕਾਉਂਦਾ ਹੈ। ਦੂਸਰਿਆਂ ਦੇ ਜੀਵਨ ’ਚ ਝਾਕਣਾ ਸਾਡੀ ਪਰਵਿਰਤੀ ਹੈ, ਆਪਣੇ ਆਪੇ ਨੂੰ ਛੁਪਾਉਣਾ ਸਾਡਾ ਸੁਭਾਅ ਹੈ। ਪਰ ਮਿਲਾਪ ਏਨ੍ਹਾਂ ਦਾ ਬਾਲਾਂ ਵਾਲਾ ਹੀ ਸੀ, ਨੌਜਵਾਨੀ ਦੀ ਦਹਿਲੀਜ ’ਤੇ ਚੜ੍ਹਨ ਲੱਗਿਆ 17-18 ਸਾਲ ਉਮਰ ’ਚ ਉਹ ਪਹਿਲਾਂ ਵਾਂਗ ਨਾ ਮਿਲਦੀ।

ਸਵਿੱਤਰੀ ਨੂੰ ਕੁਝ ਦਿਨ ਡਾਕਟਰ ਦੀ ਸਲਾਹ ਤੇ ਪਹਾੜੀ ਸੈਰਗਾਹ ’ਤੇ ਜਾਣ ਪੈਣਾ ਸੀ। ਤਪਦਿਕ ਛੂਤ ਦੀ ਬਿਮਾਰੀ ਹੈ ਪਰ ‘ਹੰਸ’ ਦੀ ਮਾਤਾ ਨੇ ਸਵਿੱਤਰੀ ਦੀ ਦੇਖਭਾਲ ਲਈ ਨਾਲ ਭੇਜ ਦਿੱਤਾ। ਸਵਿੱਤਰੀ ਦੇ ਪਾਪਾ ਦੇ ਕਹਿਣ ’ਤੇ। ਹੈ ਨਾ ਮਾਂ ਦੀ ਕੁਰਬਾਨੀ।

18-19 ਸਾਲ ਦੀ ਉਮਰ ’ਚ ਨਾਨਕ ਸਿੰਘ (ਹੰਸ ਰਾਜ) ਬਾਲ ਵਿਧਵਾ ਨਾਲ ਅੰਸ਼ਕ ਪਿਆਰ ਕਰ ਕੇ ਜ਼ਿੰਦਗੀ ਜੀਉਣੀ ਸ਼ੁਰੂ ਕੀਤੀ ਪਰ ਉਹ ਬਾਲ ਵਿਧਵਾ ਵੀ ਤਪਦਿਕ ਦੀ ਬੀਮਾਰੀ ਨਾਲ ਅਕਾਲ ਚਲਾਣਾ ਕਰ ਗਈ। ਹਾਲਾਤ ਇਸ ਤਰ੍ਹਾਂ ਦੇ ਸਨ ਜ਼ਿੰਦਗੀ ਵੇਦਨਾ ਕਿਸੇ ਨੂੰ ਦੱਸੀ ਨਹੀਂ ਸੀ ਜਾ ਸਕਦੀ। ਪਰਿਵਾਰਕ-ਸਮਾਜਿਕ ਜ਼ਿੰਮੇਵਾਰੀਆਂ ਨੂੰ ਤਿਲਾਂਜਲੀ ਦੇ ਕੇ ਹੰਸ ਰਾਜ ਕਿਧਰੇ ਜਾ ਨਹੀਂ ਸੀ ਸਕਦਾ। ਸੰਗੀਤ ਤੇ ਕਵਿਤਾ ਲਿਖਣ ਦੀ ਰੁਚੀ ਇਕੱਲਤਾ ਦਾ ਸਹਾਰਾ ਸੀ। ਕਵਿਤਾ ਬੈਂਤ ਗੁਣ-ਗੁਣਾਉਂਦੇ ਰਹਿਣਾ ਤੇ ਤੁਰਦੇ-ਫਿਰਦੇ ਗਾਣੇ ਲਿਖਣੇ ਹੰਸ ਰਾਜ ਦੇ ਜੀਵਨ ਦਾ ਰਾਜ ਸੀ। ਹੰਸ ਰਾਜ ਇਸ ਨੂੰ ਬੈਂਤਬਾਜ਼ੀ ਦਾ ‘ਠਰਕ’ ਕਹਿੰਦਾ ਹੈ ਕਿ ਆਮ ਗੱਲਬਾਤ ਸਮੇਂ, ਖ਼ਤੋ-ਕਿਤਾਬਤ ਸਮੇਂ ਵੀ ‘ਬੈਂਤ’ ਬਹਿਰ ਦੀ ਵਰਤੋਂ ਕਰਦਾ ਦਾ ਸੁਭਾਅ-ਆਦਤ ਬਣ ਗਈ। ਚੋਂਦਾ ਬੈਂਤ ਵੀ ਹੰਸਰਾਜ ਉਸ ਸਮੇਂ ਰਚ ਕੇ ਸੁਣਾ ਦੇਂਦਾ। ਯਾਦ ਦੀ ਤਖ਼ਤੀ ’ਚੋਂ,

ਕਾਫ਼ ਕਿੱਥੋਂ ਲਿਆਵਾ

ਮੈਂ ਬੈਂਤ ਚੋਂਦੇ,

ਜਦਕਿ ਖ਼ੂਨ ਵਿਚ

ਮੇਰੀ ਜ਼ੁਬਾਨ ਚੋਂਦਾ।

ਨਾ ਪੁੱਛ ਹਾਲ ਤੂੰ

‘ਹੰਸ’ ਦੁਖਿਆਰੇ ਦਾ,

ਜਿਥੇ ਮੈਂ ਸੌਂਦਾ

ਉਹ ਮਕਾਨ ਚੋਂਦਾ।

ਸਮੇਂ ਨੇ ਹੰਸ ਰਾਜ ਦੇ ਨਾਸੂਰ ਨੂੰ ਥੋੜ੍ਹਾ ਠੀਕ ਕੀਤਾ। ਕਵਿਤਾ-ਬੈਂਤ ਰਚਨਾ ਕਰ ਕੇ ‘ਨਿਕਚੂ ਸ਼ਾਇਰ” ਦਾ ਤਖੱਲਸ ਮਿਲਿਆ। ਹੰਸ ਰਾਜ ਦੇ ਲਿਖਣ ਅਨੁਸਾਰ ਬਾਗ਼ ਦੀ ਮਹਿਫਲ ਦਾ ਮੈਂ ਸ਼ਿੰਗਾਰ ਸਾਂ, ਮੇਰੀ ਜ਼ਿੰਦਗੀ ਬਾਰਾਂਵੰਨੀ ਦਾ ਸੋਨਾ ਸੀ। ਫਿਰ ਖੋਟ ਹੋਣ ਲੱਗੀ। ਜਿਸਦਾ ਮੁੱਖ ਕਾਰਨ ਮਾਂ ਦੀ ਮੌਤ। ਉਸ ਦੇ ਅੱਖਾਂ ਮੀਟਦਿਆਂ ਹੀ ਇਹ ਅਤਿ ਦਰਜ਼ੇ ਦਾ ਬਦਚਲਣ ਤੇ ਅਮੋੜ ਬਣ ਗਿਆ ਗਿਆ।

ਬਾਲ ਵਿਧਵਾ ਸਵਿੱਤਰੀ ਨਾਲ ਪਹਿਲੇ ਰੁਮਾਂਸ, ਉਸਦੀ ਬੇਵਕਤ ਮੌਤ ਤੇ ਮਾਂ ਦੀ ਮਮਤਾ ਤੋਂ ਵਿਰਵੇ ਹੋਣ ਉਪਰੰਤ ਨਾਨਕ ਸਿੰਘ ਦੀ ਇੱਛਾ ਸੀ ਕਿ ਘਰ-ਬਾਹਰ ਤਿਆਗ ਕੇ ਬੰਦਗੀ ’ਚ ਲੀਨ ਹੋ ਜਾਵੇ। ਪਹਿਲਾਂ ਸਿਗਰਟ ਪੀਣ ਦੀ ਆਦਤ ਪਈ, ਇਹ ਇੱਥੋਂ ਤੀਕ ਵੱਧ ਗਈ ਕਿ ਡੇਢ ਦੋ ਡੱਬੀਆਂ ਰੋਜ਼ਾਨਾ ਫੂਕਣੀਆਂ। ਫਿਰ ਸ਼ਰਾਬ ਪੀਣ ਦੀ ਲਤ ਤੇ ਅਖੀਰ ਚੋਰੀ ਕਰਨ ਦੀ ਆਦਤ ਪੈ ਗਈ। ਉਸ ਦਾ ਦਾਇਰਾ ਲਾਗੇ ਦੀ ਦੁਕਾਨ ਤਕ ਹੀ ਸੀਮਤ ਸੀ। ਲੋਹੜੀ ਦੀ ਰਾਤ ਦੀ ਗੱਲ ਸੀ ਇਕ ਲਫ਼ੰਗੇ ਜਿਹੇ ਦੋਸਤ ਦੀ ਬੈਠਕ ਵਿਚ ਜਿਹੜਾ ਛੜਾ-ਛਾਂਟ ਸੀ ਤੇ ਸਰਕਾਰੀ ਦਫ਼ਤਰ ਵਿਚ ਕਲਰਕ ਸੀ। ‘ਸ਼ਰਾਬ ’ਤੇ ਬੈਂਤਬਾਜ਼ੀ ਦਾ ਦੌਰ ਚੱਲ ਰਿਹਾ ਸੀ ਕਿ ਅਚਾਨਕ ਇਕ ਬਿਰਧ-ਬਜ਼ੁਰਗ ਦੀ ਆਮਦ ਹੋਈ, ਜਿਹੜਾ ਸਾਡੇ ਮੇਜ਼ਬਾਨ ਪਾਸ ਕਿਸੇ ਕੰਮ ਦੇ ਦੌਰਾਨ ਆਇਆ। ਉਸ ਬਜ਼ੁਰਗ ਨੇ ਮੈਨੂੰ ਪਹਿਲੀ ਵਾਰੀ ਹੀ ਇਸ ਹਾਲਾਤ ਵਿਚ ਤੱਕਿਆ ਸੀ। ਇਸ ਤੋਂ ਪਹਿਲਾਂ ਉਹ ਮੈਨੂੰ ਦੁੱਧ-ਧੋਤਾ ਸਮਝਦਾ ਸੀ।

ਮੈਨੂੰ ਪਹਿਲੀ ਵਾਰ ਇਸ ਹਾਲਤ ’ਚ ਤੱਕਿਆ। ਇਹ ਸਨ ਗਿਆਨੀ ਬਾਗ ਸਿੰਘ ਜੀ ਗੁਰਦੁਆਰਾ ਸਿੰਘ ਸਭਾ ਦੇ ਗ੍ਰੰਥੀ। ਪਿਸ਼ਾਵਰ ਮੰਡੀ ਵਿਚ ਹੰਸ ਰਾਜ ਦੀ ਪਿਤਾ-ਪੁਰਖੀ ਦੁਕਾਨ ਸੀ। ਹੰਸ ਰਾਜ ਦੀ ਗੁਰਦੁਆਰਾ ਸਿੰਘ ਸਭਾ, ਮੰਡੀ ਦੇ ਗ੍ਰੰਥੀ ਦੀ ਸਾਂਝ ਦਾ ਮੂਲ ਸੀ ‘ਗੁਰਦੁਆਰੇ ਦਾ ਹਾਰਮੋਨੀਅਮ’ ਜਿਸ ’ਤੇ ਹੰਸ ਰਾਜ ਸੰਗੀਤ ਦਾ ਰਿਆਜ਼ ਕਰਦਾ ਤੇ ਸਿੱਖੇ ਹੋਏ ਗੀਤ ਸੰਗਤ ਨੂੰ ਸੁਣਾਉਂਦਾ।

ਹੰਸ ਰਾਜ ਦੇ ਸ਼ਬਦਾਂ ’ਚ ‘‘ਸ਼ਰਮ ਤੇ ਗਿਲਾਨੀ ਨਾਲ ਮੈਂ ਮੁੜਕੋ-ਮੁੜਕੀ ਹੋ ਗਿਆ, ਜਦ ਗਿਆਨੀ ਜੀ ਨੇ ਮੈਨੂੰ ਇਸ ਹਾਲਤ ਵਿਚ ਵੇਖਿਆ, ਜਦ ਮੇਰੀਆਂ ਉਂਗਲਾਂ ਵਿਚ ਧੁੱਖਦਾ ਹੋਇਆ ਸਿਗਰਟ ਸੀ ਤੇ ਸਾਹਮਣੇ ਬੋਤਲ ਤੇ ਗਲਾਸ।’’

‘‘ਇਹ ਕੰਬਖ਼ਤ ਦੋਜ਼ਖੀ ਬੁੱਢਾ ਕਿੱਥੋਂ ਆ ਮਰਿਆ ਏਸ ਵੇਲੇ..” ਮੇਰੇ ਉੱਤੇ ਗ਼ਮ ਸਵਾਰ ਸੀ ਉਹ ਕਿ ਹੁਣ ਮੈਂ ਗਿਆਨੀ ਜੀ ਦੇ ਮੁੱਖ ਕੀਕਣ ਲੱਗਾਂਗਾ। ਅੱਗੇ ਹੰਸ ਰਾਜ ਦਿਨ ਵਿਚ ਹੀ ਇਕ-ਦੋ ਵਾਰੀ ਗੁਰਦੁਆਰੇ ਜਾਇਆ ਕਰਦਾ ਸੀ ਪਰ ਲੋਹੜੀ ਵਾਲੀ ਰਾਤ ਤੋਂ ਬਾਅਦ ਉਸਨੇ ਗੁਰਦੁਆਰੇ ਵੱਲ ਮੂੰਹ ਕਰਨਾ ਉੱਕਾ ਹੀ ਛੱਡ ਦਿੱਤਾ। ਤਿੰਨ ਚਾਰ ਦਿਨ ਜਾਂ ਸ਼ਾਇਦ ਏਦੂੰ ਵੀ ਵੱਧ ਸਮਾਂ ਲੰਘ ਗਿਆ ਗੁਰਦੁਆਰੇ ਵੱਲ ਮੂੰਹ ਕੀਤਿਆਂ।

- ਡਾ. ਰੂਪ ਸਿੰਘ

Posted By: Harjinder Sodhi