ਵਾਲ਼ ਤੋਂ ਵੀ ਬਰੀਕ ਬੁਰਸ਼ ਨਾਲ਼ ਪੇਂਟਿੰਗ ਕਰਨਾ ਅੱਜ ਦੇ ਦੌਰ ਵਿਚ ਵੀ ਅੰਬਰਾਂ ਦੇ ਤਾਰੇ ਤੋੜ ਲਿਆਉਣ ਬਰਾਬਰ ਹੈ। ਪਰ ਇਹ ਕ੍ਰਿਸ਼ਮਾ ਅੱਜ ਤੋਂ ਪੰਜ ਸੌ ਸਾਲ ਪਹਿਲਾਂ ਫਰਾਂਸ ਵਿਖੇ 1519 ਵਿਚ ਇਟਲੀ ਦੇ ਜੰਮਪਲ ਲਿਓਨਾਰਡੋ ਡੇ ਵਿੰਚੀ ਨੇ ਕਰ ਵਿਖਾਇਆ ਹੈ। ਲਿਓਨਾਰਡੋ ਡਾ ਵਿੰਚੀ ਭਾਵ ਵਿੰਚੀ ਦੇ ਲਿਓਨਾਰਡੋ ਨੇ ਆਪਣੀ ਜ਼ਿੰਦਗੀ ਦੇ 67 ਸਾਲਾਂ ਵਿਚ ਜੋ ਕ੍ਰਿਸ਼ਮੇ ਕੀਤੇ ਹਨ ਉਨ੍ਹਾਂ ਵਿੱਚੋਂ ਮੋਨਾ ਲੀਸਾ ਨਾਂ ਦੀ ਕਲਾਕ੍ਰਿਤ ਵੀ ਪ੍ਰਮੁੱਖ ਹੈ। ਫਰਾਂਸ ਦੀ ਕ੍ਰਾਂਤੀ ਉਪਰੰਤ ਸੰਨ 1797 ਤੋਂ ਮੋਨਾ ਲੀਸਾ ਨਾਮੀ ਇਹ ਮਹਾਨ ਪੇਂਟਿੰਗ ਪੈਰਿਸ ਸਥਿਤ ਲਿਊਵਰ ਮੀਊਜ਼ੀਅਮ ਵਿਚ ਸੁਸ਼ੋਭਿਤ ਹੈ। 77 ਬਾਈ 53 ਸੈਂਟੀਮੀਟਰ ਦੀ ਇਹ ਪੇਂਟਿੰਗ 40 ਮਾਈਕ੍ਰੋਨ ਦੇ ਬੁਰਛ ਨਾਲ ਤਿਆਰ ਕੀਤੀ ਗਈ ਹੈ। ਇਹ ਦੁਨੀਆ ਦੀਆਂ ਸਭ ਤੋਂ ਮਹਿੰਗੀਆਂ ਪੇਂਟਿੰਗਜ਼ 'ਚੋਂ ਇਕ ਹੈ। ਦੁਨੀਆ 'ਚ ਅੱਜ ਇਸ ਦੀ ਕੀਮਤ 700 ਮੀਲੀਅਨ ਡਾਲਰ ਹੈ। ਦੂਜੇ ਵਿਸ਼ਵ ਯੁੱਧ ਸਮੇਂ ਫਰਾਂਸ ਸਰਕਾਰ ਨੂੰ ਮੋਨਾ ਲੀਸਾ ਦੀ ਖ਼ਾਸ ਤੌਰ 'ਤੇ ਚਿੰਤਾ ਰਹੀ ਕਿ ਇਹ ਜਰਮਨੀ ਨਾਜ਼ੀਆਂ ਦੇ ਹੱਥ ਨਾ ਲੱਗ ਜਾਵੇ। ਇਸ ਕਰਕੇ ਹੀ ਯੁੱਧ ਦੌਰਾਨ ਇਸ ਪੇਂਟਿੰਗ ਦੀ ਜਗ੍ਹਾ ਵਾਰ- ਵਾਰ ਬਦਲਦੀ ਰਹੀ। ਮੋਨਾ ਲੀਸਾ ਦੀ ਸੁਰੱਖਿਆ ਉੱਪਰ ਹੀ ਫਰਾਂਸ ਸਰਕਾਰ ਦਾ 50 ਕਰੋੜ ਰੁਪਏ ਖ਼ਰਚਾ ਆ ਰਿਹਾ ਹੈ। ਲਿਓਨਾਰਡੋ ਦੀ ਇਸ ਪੇਂਟਿੰਗ ਨੂੰ ਦੁਨੀਆ ਭਰ 'ਚ ਵਿਗਿਆਨੀਆਂ, ਚਿੱਤਰਕਾਰਾਂ ਅਤੇ ਯੁਨੀਵਰਸਿਟੀਆਂ ਦੇ ਵਿਦਿਆਰਥੀ ਵਰਗ ਵੱਲੋਂ ਲਗਾਤਾਰ ਖੰਗਾਲਿਆ ਜਾ ਰਿਹਾ ਹੈ। ਪਰ ਸਵਾਲ ਉਵੇਂ ਦੇ ਉਵੇਂ ਹੀ ਖੜ੍ਹੇ ਹਨ।

ਮੋਨਾ ਲੀਸਾ ਕੌਣ ਹੈ? ਮਾਂ ਮਰੀਅਮ, ਲਿਓਨਾਰਡੋ ਦੀ ਆਪਣੀ ਮਾਂ ਕੈਟਰਾਈਨ, ਲਿਓਨਾਰਡੋ ਦੀ ਸੁਪਨਮਈ ਮੁਹੱਬਤ ਜਾਂ ਫਿਰ ਇਹ ਲਿਓਨਾਰਡੋ ਆਪ ਹੀ ਤਾਂ ਨਹੀਂ। ਇਹ ਮਸਲਾ ਵੀ 2005 ਵਿਚ ਉਦੋਂ ਸੁਲਝਿਆ ਜਦੋਂ ਫਰਾਂਸ ਦੇ ਇਕ ਸਿਲਕ ਵਪਾਰੀ ਫਰਾਂਸਿਸਿਕੋ ਡਿਲ ਜਿਓਕੌਡਾ ਵੱਲੋਂ ਸਮੇਂ ਦੇ ਪ੍ਰਸਿੱਧ ਪੇਂਟਰ ਲਿਓਨਾਰਡੋ ਦੇ ਨਾਂ ਲਿਖਿਆ ਇਕ ਖ਼ਤ ਲੱਭਿਆ। ਇਸ ਖ਼ਤ ਵਿਚ ਸਿਰਫ਼ ਇਕ ਸਤਰ ਲਿਖੀ ਹੋਈ ਹੈ,'ਤੁਸੀਂ ਮੇਰੀ ਪਤਨੀ ਦੀ ਪੇਂਟਿੰਗ ਬਣਾ ਦਿਓ'। ਇਸ ਤਰ੍ਹਾਂ ਸੰਨ 1503 ਵਿਚ ਲਿਓਨਾਰਡੋ ਨੇ ਜੋ ਪੇਂਟਿੰਗ ਬਣਾਉਣੀ ਸ਼ੁਰੂ ਕੀਤੀ ਉਹ ਡਿਲ ਦੀ ਪਤਨੀ ਲਾ ਜਿਓਕੌਡਾ (ਲੀਸਾ ਗਿਰਾਰਦਿਨੀ) ਦੀ ਸੀ। ਲਿਓਨਾਰਡੋ ਡੇ ਵਿੰਚੀ ਨੇ ਇਸ ਕਲਾਕ੍ਰਿਤ ਦਾ ਨਾਂ ਮੋਨਾ ਲੀਸਾ (ਮਾਈ ਲੇਡੀ) ਰੱਖਿਆ। ਆਇਲ ਪੇਂਟਿੰਗ ਦੇ ਪਿਤਾਮਾ ਵਜੋਂ ਜਾਣੇ ਜਾਂਦੇ ਲਿਓਨਾਰਡੋ ਨੇ ਇਹ ਪੇਂਟਿੰਗ ਆਇਲ ਪੇਂਟ ਨਾਲ ਕੈਨਵਸ ਦੀ ਬਜਾਏ ਪਾਪੂਲਰ ਦੀ ਲੱਕੜ ਦੇ ਪੈਨਲ ਉੱਪਰ ਬਣਾਈ ਹੈ। ਇਸ ਪੇਂਟਿੰਗ ਲਈ ਸੂਆ ਮੋਟੋ ਤਕਨੀਕ ਵਰਤੀ ਗਈ ਹੈ ਜਿਸ ਤਹਿਤ ਇਹ ਪੇਂਟਿੰਗ ਬਣਾਉਣ ਲਈ ਆਊਟ ਲਾਈਨਿੰਗ ਨਹੀਂ ਕੀਤੀ ਗਈ।

ਮੋਨਾ ਲੀਸਾ ਦੀ ਜਾਦੂਮਈ ਮੁਸਕਰਾਹਟ ਸਵਾਲ-ਦਰ-ਸਵਾਲ ਕਰਦੀ ਨਜ਼ਰੀ ਪੈਂਦੀ ਹੈ। ਮੋਨਾ ਦੇ ਇਸੇ ਮੁਸਕਰਾਹਟ ਦੇ ਪੱਟੇ ਨੌਜਵਾਨ ਲਿਉਕ ਮਾਸਪਿਰੋ ਨੇ 1852 'ਚ ਪੈਰਿਸ ਦੇ ਇਕ ਹੋਟਲ ਦੀ ਛੱਤ ਤੋਂ ਛਾਲ਼ ਮਾਰ ਕੇ ਆਤਮ ਹੱਤਿਆ ਕਰ ਲਈ ਸੀ। ਇਸ ਪੇਂਟਿੰਗ ਨੂੰ ਵੱਖ-ਵੱਖ ਕੋਨਿਆਂ ਤੋਂ ਵੇਖਣ ਤੇ ਮੋਨਾ ਲੀਸਾ ਦੀ ਮੁਸਕ੍ਰਾਹਟ ਵੀ ਬਦਲਦੀ ਰਹਿੰਦੀ ਹੈ। ਜੇ ਕਰ ਪੇਂਟਿੰਗ ਨੂੰ ਥੋੜ੍ਹਾ ਨੇੜੇ ਤੋਂ ਵੇਖਿਆ ਜਾਵੇ ਤਾਂ ਆਪਣੀ ਮੁਸਕਰਾਹਟ ਨਾਲ ਜੱਗ ਲੁੱਟ ਲੈਣ ਵਾਲੀ ਮੋਨਾ ਲੀਸਾ ਉਦਾਸ ਹੋ ਜਾਂਦੀ ਹੈ।

ਲਾ-ਜਿਓਕੌਂਡਾ ਦੀ ਇਸ ਤਸਵੀਰ ਪਿੱਛੇ ਵਿਖਾਇਆ ਗਿਆ ਲੈਂਡ-ਸਕੇਪ ਵੀ ਅਜੇ ਤੀਕ ਤਲਾਸ਼ਿਆ ਨਹੀਂ ਜਾ ਸਕਿਆ ਨਾ ਤਾਂ ਇਹ ਲਿਓਨਾਰਡੋ ਦੀ ਜਨਮ-ਭੌਂ ਵਿੰਚੀ (ਇਟਲੀ) ਵਿਖੇ ਹੈ ਅਤੇ ਨਾ ਹੀ ਇਹ ਜ਼ਿੰਦਗੀ ਗੁਜਾਰਨ ਵਾਲੇ ਦੇਸ਼ ਫਰਾਂਸ ਵਿਖੇ ਕਿੱਧਰੇ ਵਿਖਾਈ ਦਿੰਦਾ ਹੈ।

ਫਰਾਂਸ ਦੀ ਇਕ ਰਿਵਾਇਤ ਅਨੁਸਾਰ ਪੇਂਟਿੰਗ ਵਿਚ ਸੱਜਾ ਹੱਥ ਖੱਬੇ ਹੱਥ ਉੱਪਰ ਰੱਖਕੇ ਬੈਠਣ ਨਾਲ ਮੋਨਾ ਲੀਸਾ ਪਤੀਵ੍ਰਤਾ ਵਿਖਾਈ ਦਿੰਦੀ ਹੈ ਪ੍ਰੰਤੂ ਪੇਂਟਿੰਗ ਵਿਚ ਵਾਲ਼ਾਂ ਦਾ ਖੁੱਲ਼੍ਹੇ ਹੋਣਾ ਉਸਦੀ ਵੇਸ਼ਵਾਗਿਰੀ ਦੀ ਨਿਸ਼ਾਨੀ ਹੈ। ਇਸੇ ਤਰ੍ਹਾਂ ਮੋਨਾ ਲੀਸਾ ਦੇ ਭਰਵੱਟੇ ਨਾ ਵਿਖਾਈ ਦੇਣ 'ਤੇ ਵੀ ਲੰਬਾ ਸਮਾਂ ਬਹਿਸ ਚੱਲਦੀ ਰਹੀ ਹੈ। 2004 ਵਿਚ ਪਾਸਕਲ ਕੌਟੀ ਨਾਂ ਦੇ ਵਿਗਿਆਨੀ ਨੇ ਇਸ ਪੇਂਟਿੰਗ ਉੱਤੇ ਅਲਟਰਾ ਵਾਇਲਟ ਕਿਰਨਾਂ ਨਾਲ ਖੋਜ ਕਰ ਕੇ ਦੱਸਿਆ ਕਿ ਭਰਵੱਟੇ ਹਲਕੇ ਰੰਗ ਦੇ ਬਣਾਏ ਗਏ ਸਨ ਜੋ ਪੇਂਟਿੰਗ ਨੂੰ ਵਾਰ-ਵਾਰ ਸਾਫ਼ ਕਰਨ ਨਾਲ ਮਿਟ ਗਏ ਹਨ। ਕਿਉਂ ਕਿ ਬਾਕੀ ਪੇਂਟਿੰਗ ਅੱਜ ਪੰਜ ਸੌ ਸਾਲ ਬਾਅਦ ਵੀ ਜਿਉਂ ਦੀ ਤਿਉਂ ਹੈ ਇਸ ਲਈ ਹੋ ਸਕਦਾ ਹੈ ਕਿ ਭਰਵੱਟੇ ਨਾ ਬਣਾਕੇ ਲਿਓਨਾਰਡੋ ਕੁਝ ਹੋਰ ਹੀ ਕਹਿਣਾ ਚਾਹ ਰਿਹਾ ਹੋਵੇ।

ਇਸ ਪੇਂਟਿੰਗ 'ਤੇ ਖੋਜ ਕਰਨ ਵਾਲੇ ਵਿਗਿਆਨੀਆਂ ਨੇ ਇਹ ਵੀ ਤੱਥ ਰੱਖੇ ਹਨ ਕਿ ਮੋਨਾ ਲੀਸਾ 82ਫ਼ੀਸਦੀ ਖ਼ੁਸ਼ ਹੈ, 9 ਫ਼ੀਸਦੀ ਮਾੜਾ ਮਹਿਸੂਸ ਕਰ ਰਹੀ ਹੈ, 6 ਫ਼ੀਸਦੀ ਡਰੀ ਹੋਈ ਹੈ, 2 ਫ਼ੀਸਦੀ ਗੁੱਸੇ 'ਚ ਹੈ,1 ਫ਼ੀਸਦੀ ਸਥਿਰ ਹੈ ਅਤੇ 0ਫ਼ੀਸਦੀ ਹੈਰਾਨ ਹੈ। ਕੈਨੇਡੀਅਨ ਵਿਗਿਆਨੀਆਂ ਨੇ ਤਾਂ ਮੋਨਾ ਲੀਸਾ ਨੂੰ ਅੱਧਾ ਬੰਦਾ ਤੇ ਅੱਧੀ ਔਰਤ ਵੀ ਦਰਸਾਇਆ ਹੈ। ਇਸ ਪੇਂਟਿੰਗ ਨੂੰ ਗਹੁ ਨਾਲ ਵੇਖਣ 'ਤੇ ਇਸ 'ਚ ਲੁੱਕਵੇਂ ਰੂਪ ਵਿਚ ਪੇਂਟ ਕੀਤੇ ਗਏ ਸ਼ੇਰ ਘੋੜੇ ਵੀ ਨਜ਼ਰ ਆਉਂਦੇ ਹਨ ਇਸ ਤਰ੍ਹਾਂ ਨਾਲ ਲਿਓਨਾਰਡੋ ਨੇ ਇੱਥੇ ਆਪਣਾ ਕੁਦਰਤ ਨਾਲ ਪ੍ਰੇੇਮ ਜ਼ਾਹਰ ਕੀਤਾ ਹੈ।

ਖੋਜਕਾਰਾਂ ਨੇ ਇਹ ਵੀ ਸਿੱਧ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਮੋਨਾ ਲੀਸਾ ਦੀਆਂ ਅੱਖਾਂ ਵਿਚ ਅਤੇ ਹੋਰ ਲਈ ਕਈ ਜਗ੍ਹਾ ਅੱਖਰ ਨਜ਼ਰ ਆਉਂਦੇ ਹਨ। ਅਜਿਹੇ ਭੇਦ ਭਰੇ ਸਵਾਲਾਂ ਦਾ ਸਹੀ ਜਵਾਬ ਕੀ ਹੈ ਅਤੇ ਕਿੱਥੇ ਹੈ ਇਹ ਜਾਂ ਤਾਂ ਲਿਓਨਾਰਡੋ ਜਾਣਦਾ ਹੈ ਜਾਂ ਵੇਖਣ ਵਾਲਿਆਂ ਨੂੰ ਹੀ ਖੋਜਣਾ ਪੈਣਾ ਹੈ। ਲਿਓਨਾਰਡੋ ਖੁਦ ਲ਼ੇਖਕ ਹੋਣ ਦੇ ਬਾਵਜੂਦ ਵੀ ਆਪਣੀਆਂ ਲਿਖਤਾਂ ਵਿਚ ਕਿੱਧਰੇ ਵੀ ਇਸ ਸ਼ਾਹਕਾਰ ਪੇਂਟਿੰਗ ਦਾ ਜਾਂ ਇਸ ਵਿਚਲੇ ਭੇਦਾਂ ਦਾ ਰੱਤੀ ਭਰ ਜ਼ਿਕਰ ਨਹੀਂ ਕਰ ਰਿਹਾ।

ਜ਼ਿਕਰਯੋਗ ਹੈ ਕਿ ਲਿਓਨਾਰਡੋ ਨੇ ਮੋਨਾ ਲੀਸਾ ਨਾਂ ਦੀ ਇਹ ਪੇਂਟਿੰਗ ਸੰਨ 1503 ਵਿਚ ਸ਼ੁਰੂ ਕੀਤੀ ਅਤੇ 1506 ਵਿਚ ਅਧੂਰੀ ਹੀ ਰੋਕ ਲਈ ਤੇ ਫਿਰ ਇਸ ਨੂੰ 1519 ਨੂੰ ਆਪਣੇ ਆਖ਼ਰੀ ਸਾਹਾਂ ਤੀਕ ਬਣਾਉਣਾ ਜਾਰੀ ਰੱਖਿਆ। ਮੋਨਾ ਲੀਸਾ ਦੇ ਬੁੱਲ਼ਾਂ ਉੱਤੇ ਜਾਦੂਮਈ ਮੁਸਕਾਨ ਸਜਾਉਣ ਲਈ ਹੀ ਲ਼ਿਓਨਾਰਡੋ ਨੂੰ 12 ਸਾਲ ਲੱਗ ਗਏ। ਅਜਿਹੇ ਕਾਰਨਾਂ ਕਰਕੇ ਹੀ ਇਹ ਪੇਂਟਿੰਗ ਉਸ ਸਿਲਕ ਵਪਾਰੀ ਫਰਾਂਸਿਸਿਕੋ ਡਿਲ ਜਿਓਕੌਡਾ ਨੂੰ ਨਾ ਸੌਂਪੀ ਜਾ ਸਕੀ ਤੇ ਨਾ ਹੀ ਲਿਓਨਾਰਡੋ ਇਸਦਾ ਮਿਹਨਤਾਨਾ ਪ੍ਰਾਪਤ ਕਰ ਸਕੇ। ਲਿਓਨਾਰਡੋ ਦੀ ਮੌਤ ਉਪਰੰਤ ਇਹ ਪੇਂਟਿੰਗ ਲੰਬਾ ਸਮਾਂ ਨੈਪੋਲੀਅਨ ਬੋਨਾਪਾਰਟ ਦੇ ਬੈੱਡਰੂਮ ਦੀ ਸ਼ਾਨ ਬਣੀ ਰਹੀ ਤੇ ਫਿਰ ਰਾਜਿਆਂ ਦੇ ਕਬਜ਼ੇ ਵਿਚ ਆ ਗਈ।

21 ਅਗਸਤ 1911 ਨੂੰ ਦੁਨੀਆ ਦੀ ਸਭ ਤੋਂ ਮਸ਼ਹੂਰ ਪੇਂਟਿੰਗ ਮੋਨਾ ਲੀਸਾ ਨੂੰ ਵਿਸ਼ਵ ਦੇ ਸਭ ਤੋਂ ਵੱਡੇ ਪੈਰਿਸ ਸਥਿੱਤ ਲਿਉਵਰ ਮਿਊਜ਼ੀਅਮ ਵਿੱਚੋਂ ਚੁਰਾ ਲਿਆ ਗਿਆ। ਸ਼ੱਕ ਦੇ ਘੇਰੇ ਵਿਚ ਵਿੱਸ਼ਵ ਪ੍ਰਸਿੱਧ ਪੇਂਟਰ ਪਾਬਲੋ ਪਿਕਾਸੋ ਨੂੰ ਦੋ ਸਾਲਾਂ ਤਕ ਪਰੇਸ਼ਾਨ ਕੀਤਾ ਜਾਂਦਾ ਰਿਹਾ। ਜਦੋਂ ਕਿ ਇਹ ਪੇਂਟਿੰਗ ਲਿਊਵਰ ਮਿਊਜ਼ੀਅਮ ਵਿਚ ਸੈਨਿਕ ਵਜੋਂ ਕੰਮ ਕਰਦੇ ਇਟਲੀ ਮੂਲ ਦੇ ਇਕ ਦੇਸ਼ ਭਗਤ ਰਿਨਾਲਡੋ ਵਿਨਸੈਂਜੋ ਪਿਰੋਗੀਆ ਨੇ ਚੁਰਾਈ ਸੀ। ਉਹ ਆਪਣੇ ਦੇਸ਼ ਦੇ ਜੰਮਪਲ ਲਿਓਨਾਰਡੋ ਦੀ ਇਹ ਪੇਂਟਿੰਗ ਇਟਲੀ ਦੇ ਫਿਲੋਰੈਂਸ ਮਿਉੂਜ਼ੀਅਮ 'ਚ ਸੁਸ਼ੋਭਿਤ ਕਰਨਾ ਚਾਹੁੰਦਾ ਸੀ। ਦੋ ਸਾਲ ਬਾਅਦ ਪਿਰੋਗੀਆ ਨੇ ਜਦੋਂ ਇਸ ਇੱਛਾ ਨੂੰ ਅੰਜ਼ਾਮ ਦੇਣ ਦੀ ਕੋਸ਼ਿਸ਼ ਕੀਤੀ ਤਾਂ ਫਰਾਂਸ ਸਰਕਾਰ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਤੇ ਇਹ ਪੇਂਟਿੰਗ ਨੂੰ ਮੁੜ ਤੋਂ 4 ਜਨਵਰੀ 1914 ਨੂੰ ਆਪਣੇ ਕਬਜ਼ੇ ਵਿਚ ਲੈਂਦਿਆਂ ਲਿਉਵਰ ਮਿਊਜ਼ੀਅਮ ਵਿਚ ਸਜਾ ਦਿੱਤਾ ਗਿਆ।

ਸਮੇਂ-ਸਮੇਂ ਮਿਊਜ਼ੀਅਮ ਅੰਦਰ ਵੀ ਮੋਨਾ ਲੀਸਾ ਉੱਪਰ ਪੱਥਰ ਅਤੇ ਤੇਜ਼ਾਬ ਨਾਲ ਹਮਲੇ ਹੁੰਦੇ ਰਹੇ। ਜਿਸ ਕਰਕੇ ਫਰਾਂਸ ਸਰਕਾਰ ਨੂੰ ਇਸ ਲਈ ਜ਼ਬਰਦਸਤ ਸੁਰੱਖਿਆ ਦੇ ਪ੍ਰਬੰਧ ਕਰਨੇ ਪਏ।

ਲਿਉਨਾਰਡੋ ਡਾ ਵਿੰਚੀ ਦੀ ਵਿਸ਼ਵ ਪ੍ਰਸਿੱਧ ਮੋਨਾ ਲੀਸਾ ਦੇ ਮੁਕਾਬਲੇ ਵਿੰਚੀ ਦੇ ਹੀ ਸ਼ਾਗਿਰਦ ਫਰਾਂਸਿਸਕੋ ਮੈਲਜ਼ੀ ਨੇ ਇਕ ਪੇਂਟਿੰਗ ਬਣਾਈ ਜੋ ਹੂਬਹੂ ਮੋਨਾ ਲੀਸਾ ਵਰਗੀ ਹੀ ਹੈ। ਇਹ ਪੇਂਟਿੰਗ ਸਪੇਨ ਦੀ ਰਾਜਧਾਨੀ ਮੈਡਰਿਡ ਦੇ ਪਰਾਤੋ ਮਿਊਜ਼ੀਅਮ ਵਿਚ ਸੰਭਾਲੀ ਹੋਈ ਹੈ।

ਪੈਰਿਸ ਦੇ ਲਿਉਵਰ ਮਿਊਜ਼ੀਅਮ ਨੂੰ ਅੱਜ ਵੀ ਦੁਨੀਆ ਭਰ ਤੋਂ ਹਜ਼ਾਰਾਂ ਦੀ ਗਿਣਤੀ ਵਿਚ ਪ੍ਰੇਮ ਪੱਤਰ ਪ੍ਰਾਪਤ ਹੁੰਦੇ ਹਨ ਜੋ ਮੋਨਾ ਲੀਸਾ ਦੇ ਦੀਵਾਨਿਆਂ ਵੱਲੋਂ ਮੋਨਾ ਲੀਸਾ ਦੇ ਨਾਂ ਲਿਖੇ ਗਏ ਹੁੰਦੇ ਹਨ।

- ਰਾਜ ਹੀਉਂ (ਬੰਗਾ)

98154-61875

Posted By: Harjinder Sodhi