ਸਮੇਂ ਸਮੇਂ ਉੱਤੇ ਮਾਨਵਵਾਦੀ ਲਹਿਰਾਂ ਸਮਾਜ ਦੀ ਭਲਾਈ ਲਈ ਕਾਰਜਸ਼ੀਲ ਰਹਿੰਦੀਆਂ ਹਨ ਅਤੇ ਇਨਸਾਨੀਅਤ ਨੂੰ ਤਾਰੋਪੀਡੋ ਕਰਦੀਆਂ ਮਾਨਵ-ਵਿਰੋਧੀ ਸ਼ਕਤੀਆਂ ਜੋ ਆਰੀਆ ਸਮਾਜ ਦੇ ਆਉਣ ਦੇ ਨਾਲ ਭਾਰਤ ਵਿਚ ਵੈਦਿਕ ਕਾਲ ਦੌਰਾਨ ਪੱਕੇ ਪੈਰੀਂ ਹੋ ਗਈਆਂ ਸਨ, ਅੱਜ ਵੀ ਇਨਸਾਨੀਅਤ ਨੂੰ ਟੋਟਿਆਂ ਵਿਚ ਵੰਡ ਰਹੀਆਂ ਹਨ। ਖੰਡਿਤ ਹੋਈ ਮਾਨਵਤਾ ਨੂੰ ਇਕਜੁੱਟ ਕਰਨ ਦੇ ਲਈ ਚਿੰਤਨਸ਼ੀਲ ਮਨੁੱਖ ਹਮੇਸ਼ਾ ਹੀ ਸਮਾਜਿਕ ਬੁਰਾਈਆਂ ਨੂੰ ਦੂਰ ਕਰਨ ਦੇ ਲਈ ਚਿੰਤਨ ਕਰਦੇ ਰਹਿੰਦੇ ਹਨ। ਇਸੇ ਲੜੀ ਨੂੰ ਅੱਗੇ ਤੋਰਦੀ ਹੈ ਪੁਸਤਕ “ਸਮਾਜਕ ਚੇਤਨਾ ਚਿੰਤਨ’’। ਸੰਤ ਹਰੀ ਦਾਸ ਜੀ ਉਦਾਸੀਨ ਆਸ਼ਰਮ ਪਿੰਡ ਕੂਪਰ-ਢੇਪਰ (ਅੱਡਾ ਕਠਾਰ), ਜਲੰਧਰ ਸਰਪ੍ਰਸਤ ਸੰਤ ਸੁਰਿੰਦਰ ਦਾਸ ਜੀ ਅਤੇ ਸੰਪਾਦਕ ਸਤਪਾਲ ਸਾਹਲੋਂ ਜੀ ਵੱਲੋਂ ਸੰਪਾਦਤ ਇਹ ਪੁਸਤਕ ਉੱਚ ਕੋਟੀ ਦੇ ਵਿਦਵਾਨਾਂ ਦੇ ਵਿਚਾਰਾਂ ਨੂੰ ਸੰਪਾਦਿਤ ਕਰਦੀ ਹੈ। ਰਵਿਦਾਸੀਆ ਸਮਾਜ ਅਤੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਬਾਣੀ ਦੇ ਉੱਤੇ ਚਿੰਤਨ ਕੀਤਾ ਗਿਆ ਹੈ।

ਸੰਤ ਹਰੀ ਦਾਸ ਜੀ ਉਦਾਸੀਨ ਆਸ਼ਰਮ ਪਿੰਡ ਕੂਪਰ (ਅੱਡਾ ਕਠਾਰ), ਜ਼ਿਲ੍ਹਾ ਜਲੰਧਰ ਵੱਲੋਂ 8 ਮਾਰਚ 2020 ਨੂੰ ਆਸ਼ਰਮ ਵਿਚ ਕਰਵਾਏ ਸਮਾਜਿਕ ਚੇਤਨਾ ਅਤੇ ਚਿੰਤਨ ਸਮਾਰੋਹ ਵਿਚ ਵਿਦਵਾਨਾਂ ਵੱਲੋਂ ਪੜ੍ਹੇ ਗਏ ਖੋਜ ਭਰਪੂਰ ਪਰਚਿਆਂ ਨੂੰ ਕਿਤਾਬ ਦਾ ਰੂਪ ਦਿੱਤਾ ਗਿਆ ਹੈ। ਸਮਾਗਮ ਵਿਚ ਪੇਸ਼ ਕੀਤੇ ਗਏ ਇਨ੍ਹਾਂ ਪਰਚਿਆਂ ਵਿਚ ਸਦੀਆਂ ਤੋਂ ਦੱਬੇ-ਕੁਚਲੇ ਅਤੇ ਲਿਤਾੜੇ ਹੋਏ ਸਮਾਜ ਨੂੰ ਉਨ੍ਹਾਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਦੇ ਲਈ ਅਤੇ ਬੁਲੰਦੀਆਂ ਵੱਲ ਲਿਜਾਣ ਲਈ ਕੀਤੇ ਜਾ ਰਹੇ ਯਤਨਾਂ ਉੱਤੇ ਚਿੰਤਨ ਕੀਤਾ ਗਿਆ। ਸਮਾਗਮ ਵਿਚ ਪੜ੍ਹੇ ਗਏ ਸਾਰੇ ਹੀ ਪੇਪਰ ਸਮਾਜ ਨੂੰ ਨਵੀਂ ਸੇਧ ਦੇਣ ਲਈ ਉਪਰਾਲਾ ਕਰਦੇ ਨਜ਼ਰ ਆ ਰਹੇ ਹਨ।

ਇਹ ਸਾਰੇ ਖੋਜ ਪੱਤਰ ਦੱਬੇ ਕੁਚਲੇ ਲੋਕਾਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਦੇ ਲਈ ਸਾਰਥਿਕ ਉਪਰਾਲੇ ਦੇ ਰੂਪ ਵਿਚ ਸਾਹਮਣੇ ਆਉਂਦੇ ਹਨ। ਸਮਾਜਕ ਚੇਤਨਾ ਚਿੰਤਨ ਸੈਮੀਨਾਰ ਦਲਿਤਾਂ ਦੀ ਭਲਾਈ ਲਈ ਕੀਤਾ ਗਿਆ ਇਕ ਸ਼ਲਾਘਾਯੋਗ ਉਪਰਾਲਾ ਹੈ। ਇਸ ਵਡਮੁੱਲੇ ਸਮਾਜ ਸੇਵੀ ਕਾਰਜ ਲਈ ਸੰਤ ਸੁਰਿੰਦਰ ਦਾਸ ਜੀ ਵਧਾਈ ਦੇ ਪਾਤਰ ਹਨ ਜਿਨ੍ਹਾਂ ਨੇ ਆਪਣਾ ਸਾਰਾ ਜੀਵਨ ਦਲਿਤ ਭਲਾਈ ਲੇਖੇ ਲਾਇਆ ਹੈ। ਇਸ ਪੁਸਤਕ ਵਿਚ ਮੌਜੂਦਾ ਸਮੇਂ ਦੀਆਂ ਸਮਾਜ ਨੂੰ ਦਰਪੇਸ਼ ਅਨੇਕਾਂ ਮੁਸ਼ਕਲਾਂ ਉਹ ਭਾਵੇਂ ਸਿੱਖਿਆ ਦੇ ਮਸਲੇ ’ਤੇ ਹੋਣ, ਰਾਜਨੀਤਕ ਪੱਖ ਤੋਂ ਹੋਣ ਜਾਂ ਧਾਰਮਿਕ ਪੱਖ ਤੋਂ ਹੋਣ ਇਨ੍ਹਾਂ ਦਰਪੇਸ਼ ਸਮੱਸਿਆਵਾਂ ਤੇ ਬਰੀਕੀ ਨਾਲ ਵਿਦਵਾਨਾਂ ਵੱਲੋਂ ਆਪਣੇ-ਆਪਣੇ ਵਿਚਾਰ ਪੇਸ਼ ਕੀਤੇ ਗਏ ਹਨ।

ਖੋਜ ਭਰਪੂਰ ਪਰਚਿਆਂ ਦਾ ਇਕੋ ਮੰਤਵ ਸਦੀਆਂ ਤੋਂ ਲਿਤਾੜੇ ਜਾ ਰਹੇ ਦਲਿਤ ਸਮਾਜ ਨੂੰ ਸੇਧ ਦੇ ਕੇ ਸਮੇਂ ਦੇ ਹਾਣ ਦਾ ਬਣਾਉਣ ਲਈ ਵਿਚਾਰ ਵਟਾਂਦਰਾ ਕੀਤਾ ਗਿਆ ਹੈ ਅਤੇ ਸਤਿਗੁਰੂ ਰਵਿਦਾਸ ਜੀ ਦੀ ਬਾਣੀ ਨਾਲ ਜੋੜਨ ਲਈ ਅਤੇ ਜ਼ਮੀਨੀ ਪੱਧਰ ’ਤੇ ਦਲਿਤਾਂ ਨੂੰ ਜਾਗਰੂਕ ਕਰਨ ’ਤੇ ਜ਼ੋਰ ਦਿੱਤਾ ਗਿਆ ਹੈ। ਹਿੰਦੂ ਸਮਾਜ ਨੇ ਹਾਸ਼ੀਆਗਤ ਲੋਕਾਂ ਨਾਲ ਸਦੀਆਂ ਤੋਂ ਭੈੜਾ ਵਤੀਰਾ ਅਖਤਿਆਰ ਕਰੀ ਰੱਖਿਆ ਹੈ।

ਗੁਰੂ ਰਵਿਦਾਸ ਜੀ ਦੀ ਬਾਣੀ ਇਸ ਸਿਧਾਂਤ ਨੂੰ ਲੈ ਕੇ ਚਲਦੀ ਹੈ ਕਿ ਇਕ ਗ਼ੁਲਾਮ ਕੌਮ ਵੀ ਗ਼ੁਲਾਮੀ ਨੂੰ ਤਿਆਗ ਕੇ ਸਤੰਤਰਤਾ ਪ੍ਰਾਪਤ ਕਰ ਸਕਦੀ ਹੈ। ਉਨ੍ਹਾਂ ਦੀ ਸਾਰੀ ਬਾਣੀ ਸਮਾਜ ਦੇ ਭੈੜੇ ਅਤੇ ਅਮਾਨਵੀ ਬੰਧਨਾਂ ਵਿਰੁੱਧ ਬਗਾਵਤ ਹੈ। ਉਨ੍ਹਾਂ ਦੀ ਬਾਣੀ ਰਾਸ਼ਟਰ ਵਿਚ ਜਾਤ-ਪਾਤ ਰਹਿਤ ਨਵਾਂ ਇਨਕਲਾਬੀ ਸਮਾਜ ਬਣਾਉਣ ਦੀ ਕਲਪਨਾ ਨੂੰ ਤਰਜੀਹ ਦਿੰਦੀ ਹੈ ਅਤੇ ਸਦੀਆਂ ਤੋਂ ਚਲੇ ਆ ਰਹੇ ਬ੍ਰਾਹਮਣਵਾਦ ਦੀਆਂ ਜੜ੍ਹਾਂ ਨੂੰ ਖੋਖਲਾ ਕਰਦੀ ਹੈ।

ਸਮਾਨਤਾ, ਮਾਨਵਵਾਦੀ ਅਤੇ ਸਮਾਜਵਾਦੀ ਲੋਕਰਾਜ ਦਾ ਇਹ ਸੰਕਲਪ ਗੁਰੂ ਰਵਿਦਾਸ ਜੀ ਨੇ ਕਾਰਲ ਮਾਰਕਸ ਤੋਂ ਲਗਪਗ 400 ਵਰ੍ਹੇ ਅਤੇ ਫਰਾਂਸ ਦੇ ਇਨਕਲਾਬ ਤੋਂ ਸਾਢੇ ਤਿੰਨ ਸੌ ਸਾਲ ਪਹਿਲਾਂ ਸੰਸਾਰ ਨੂੰ ਦੇ ਦਿੱਤਾ ਸੀ। ਉਨ੍ਹਾਂ ਦੀ ਬਾਣੀ ਇਸਤਰੀ ਜਾਤੀ ਨੂੰ ਮਾਨ ਸਨਮਾਨ ਪ੍ਰਦਾਨ ਕਰਦਿਆਂ ਸਮਾਜ ਵਿਚ ਉੱਚਾ ਰੁਤਬਾ ਦਿੰਦੀ ਹੈ। ਕ੍ਰਾਂਤੀਕਾਰੀ ਅਤੇ ਇਨਕਲਾਬੀ ਗੁਰੂ ਰਵਿਦਾਸ ਜੀ ਦੀ ਬਾਣੀ ਦੱਬੇ ਕੁਚਲੇ ਲੋਕਾਂ ਨੂੰ ਇਕ ਨਵਾਂ ਫਲਸਫ਼ਾ ਦਿੰਦੀ ਹੈ। ਗੁਰੂ ਰਵਿਦਾਸ ਜੀ ਦੀ ਬਾਣੀ ਦੇ ਅਧਿਐਨ ਤੋਂ ਇਹ ਗੱਲ ਭਲੀਭਾਂਤ ਹੀ ਸਪਸ਼ਟ ਹੋ ਜਾਂਦੀ ਹੈ ਕਿ ਉਨ੍ਹਾਂ ਨੂੰ ਭਾਰਤੀ ਧਰਮ ਦਰਸ਼ਨ ਦਾ ਮੁਕੰਮਲ ਗਿਆਨ ਸੀ।

ਇਸੇ ਗੱਲ ਦੀ ਪੁਸ਼ਟੀ ਇਸ ਕਿਤਾਬ ਵਿਚ ਡਾਕਟਰ ਹਰਨੇਕ ਸਿੰਘ ਕਲੇਰ ਦਾ ਖੋਜ ਪੱਤਰ ਵੀ ਕਰਦਾ ਹੈ।

ਇਸ ਪੁਸਤਕ ਦੇ ਖੋਜ ਪੱਤਰ ਇਹ ਸਿੱਧ ਕਰਦੇ ਹਨ ਕਿ ਸ੍ਰੀ ਗੁਰੂ ਰਵਿਦਾਸ ਜੀ ਮਧਕਾਲੀਨ ਭਾਰਤੀ ਅੰਦੋਲਨ ਦੇ ਉਨ੍ਹਾਂ ਸਿਰਕੱਢ ਕ੍ਰਾਂਤੀਕਾਰੀਆਂ ਵਿੱਚੋਂ ਸਨ ਜਿਨ੍ਹਾਂ ਨੇ ਸਮੇਂ ਦੇ ਹਾਕਮਾਂ ਦੀ ਈਨ ਨਹੀਂ ਮੰਨੀ ਅਤੇ ਸਮਾਜਕ ਕੁਰੀਤੀਆਂ ਵਿਰੁੱਧ ਡਟ ਕੇ ਖੜ੍ਹੇ। ‘ਸਮਾਜਕ ਚੇਤਨਾ ਚਿੰਤਨ’ ਸੌ ਰੁਪਏ ਦੇ ਮੁੱਲ ਦੀ, 131 ਸਫ਼ਿਆਂ ਦੀ ਇਹ ਪੁਸਤਕ ਸਰਪ੍ਰਸਤ ਸੰਤ ਸੁਰਿੰਦਰ ਦਾਸ ਜੀ ਵੱਲੋਂ ਦਲਿਤ ਸਮਾਜ ਲਈ ਕੀਤੇ ਉਪਰਾਲਿਆਂ ਬਾਰੇ ਮੀਲ ਪੱਥਰ ਸਾਬਤ ਹੁੰਦੀ ਹੈ। ਗੁਰੂ ਰਵਿਦਾਸ ਜੀ ਦੀ ਬਾਣੀ ਦਾ ਫੈਲਾਅ ਕਰਦੀ ਹੋਈ ਦਲਿਤ ਭਾਈਚਾਰੇ ਨੂੰ ਨਵੀਂ ਚੇਤਨਾ ਪ੍ਰਦਾਨ ਕਰਦੀ ਹੈ।

- ਅੰਮਿ੍ਰਤਪਾਲ ਕਲੇਰ ਚੀਦਾ

Posted By: Harjinder Sodhi