ਪ੍ਰੋ. ਗੁਰਦਿਆਲ ਸਿੰਘ ਸਮਾਜ ਦੇ ਹਾਸ਼ੀਆਗਤ ਵਰਗਾਂ ਦੇ ਹਮਦਰਦ, ਕਿਰਤੀ ਕਾਮਿਆਂ ਨੂੰ ਅਦਬੀ ਆਭਾ ਪ੍ਰਦਾਨ ਕਰਨ ਵਾਲੇ ਨਾਵਲਕਾਰ ਹੋਏ ਹਨ। ਆਪਣੀ ਵੱਡਮੁੱਲੀ ਸਾਹਿਤਕ ਘਾਲਣਾ ਦੀ ਬਦੌਲਤ ਉਨ੍ਹਾਂ ਸਾਹਿਤ ਦਾ ਵੱਕਾਰੀ ਪੁਰਸਕਾਰ ਗਿਆਨਪੀਠ ਮਾਂ ਬੋਲੀ ਪੰਜਾਬੀ ਦੀ ਝੋਲੀ ਪਾਇਆ। ਪੰਜਾਬੀ ਸਾਹਿਤ ਜਗਤ ਦੇ ਅਜ਼ੀਮ ਹਸਤਾਖਰ ਪਦਮਸ਼੍ਰੀ ਪ੍ਰੋਫ਼ੈਸਰ ਗੁਰਦਿਆਲ ਸਿੰਘ ਦਾ ਜਨਮ 10 ਜਨਵਰੀ, 1933 ਨੂੰ ਪਿਤਾ ਜਗਤ ਸਿੰਘ ਅਤੇ ਮਾਤਾ ਨਿਹਾਲ ਕੌਰ ਦੇ ਘਰ ਹੋਇਆ। ਉਨ੍ਹਾਂ ਦੀ ਸ਼ਾਦੀ 13 ਸਾਲ ਦੀ ਉਮਰ ਵਿਚ ਬਲਵੰਤ ਕੌਰ ਨਾਲ ਹੋਈ ਅਤੇ 16 ਅਗਸਤ, 2016 ਨੂੰ ਉਹ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਆਖ ਗਏ ਸਨ। ਉਨ੍ਹਾਂ ਨੇ ਮੁਢਲੀ ਸਿੱਖਿਆ ਜੈਤੋ ਦੇ ਸਰਕਾਰੀ ਸਕੂਲ ਤੋਂ ਪ੍ਰਾਪਤ ਕੀਤੀ। ਫਿਰ ਉੁਨ੍ਹਾਂ ਨੇ ਗਿਆਨੀ, ਬੀ.ਏ ਅਤੇ ਐੱਮ.ਏ (ਪੰਜਾਬੀ) ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਪਾਸ ਕੀਤੀ। ਉਹ 1945 ਤੋਂ 1953 ਤਕ ਕਾਰਪੇਂਟਰ ਦਾ ਕੰਮ ਕਰਦੇ ਰਹੇ। 1954 ਤੋਂ 62 ਤਕ ਉਹ ਪ੍ਰਾਇਮਰੀ ਸਕੂਲ ਦੇ ਅਧਿਆਪਕ, 1963 ਤੋਂ 1970 ਤਕ ਸਰਕਾਰੀ ਸਕੂਲਾਂ ਵਿਚ ਪੰਜਾਬੀ ਟੀਚਰ, 1970 ਤੋਂ 86 ਤਕ ਸਰਕਾਰੀ ਬਰਜਿੰਦਰਾ ਕਾਲਜ ਫਰੀਦਕੋਟ ਵਿਖੇ ਪੰਜਾਬੀ ਲੈਕਚਰਾਰ, 1987 ਤੋਂ 1992 ਤਕ ਪੰਜਾਬੀ ਯੂਨੀਵਰਸਿਟੀ ਰਿਜਨਲ ਸੈਂਟਰ ਬਠਿੰਡਾ ਵਿਖੇ ਰੀਡਰ,1992 ਤੋਂ 1995 ਤਕ ਉੱਥੇ ਹੀ ਪੰਜਾਬੀ ਦੇ ਪ੍ਰੋਫੈਸਰ ਰਹੇ।

ਪ੍ਰੋ. ਗੁਰਦਿਆਲ ਸਿੰਘ ਪੰਜਾਬੀ ਦੇ ਮਹਾਨ ਲੇਖਕ ਹਨ ਜਿਨ੍ਹਾਂ ਨੂੰ ਨਾਵਲ ਲਿਖਣ ’ਤੇ ਭਾਰਤ ਦੇ ਪ੍ਰਸਿੱਧ ਗਿਆਨ ਪੀਠ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਅਤੇ ਭਾਰਤ ਦੇ ਰਾਸ਼ਟਰਪਤੀ ਵੱਲੋ ਉਨ੍ਹਾਂ ਨੂੰ ਪਦਮ ਸ਼੍ਰੀ ਐਵਾਰਡ ਨਾਲ ਵੀ ਨਿਵਾਜਿਆ ਗਿਆ। ‘ਜਵਾਹਰ ਲਾਲ ਨਹਿਰੂ’ ਐਵਾਰਡ ਸਮੇਤ ਅਨੇਕਾਂ ਕੌਮੀ ਤੇ ਕੌਮਾਂਤਰੀ ਪੁਰਸਕਾਰਾਂ ਨਾਲ ਸਨਮਾਨਿਤ ਪ੍ਰੋ. ਗੁਰਦਿਆਲ ਸਿੰਘ ਅੰਦਰਲੇ ਕਲਾਕਾਰ ਨੂੰ ਬਹੁਤ ਚਿਰ ਰਚਨਾਤਮਿਕ ਆਪੇ ਦੇ ਪ੍ਰਗਟਾਵੇ ਦਾ ਮਾਧਿਅਮ ਨਹੀਂ ਮਿਲਿਆ। ਉਨ੍ਹਾਂ ਚਿੱਤਰਕਾਰੀ ਆਰੰਭੀ ਤੇ ਇਸ ਉਪਰੰਤ ਉਨ੍ਹਾਂ ਗਾਇਕੀ ਸ਼ੁਰੂ ਕੀਤੀ ਤੇ ਆਪਣੇ ਨਗਰ ਜੈਤੋ ਦੇ ਗੁਰਦੁਆਰਾ ਗੰਗਸਰ ਵਿਚ ਉਹ ਕੀਰਤਨ ਵੀ ਕਰਦੇ ਰਹੇ। ਇੱਥੇ ਵੀ ਜਦ ਉਨ੍ਹਾਂ ਦੀ ਤਿ੍ਰਪਤੀ ਨਾ ਹੋਈ ਤਾਂ ਉਹ ਲਿਖਣ ਕਲਾ ਵੱਲ ਮੁੜੇ ਤੇ ‘ਰਾਹੀ’ ਦੇ ਤਖ਼ੱਲਸ ਨਾਲ ਲਿਖਣਾ ਆਰੰਭਿਆ। ਉਨ੍ਹਾਂ ਦੀ ਪਹਿਲੀ ਪੁਸਤਕ ਸੀ ‘ਗੰਗਸਰ ਦੇ ਸ਼ਹੀਦ’। ਕਲਮ ਨਾਲ ਉਨ੍ਹਾਂ ਦਾ ਸਬੰਧ ਜੁੜਿਆ ਤਾਂ ਇਹ ਸਦੀਵੀ ਬਣ ਗਿਆ ਤੇ ਉਨ੍ਹਾਂ ਜੋ ਵੀ ਲਿਖਿਆ ਉਸਨੇ ਆਲੋਚਕ ਅਤੇ ਪਾਠਕ ਜਗਤ ਵਿਚ ਮਾਣ-ਮੱਤੀਆਂ ਤਰੰਗਾਂ ਛੇੜੀਆਂ। ਆਪਣੇ ਪਹਿਲੇ ਕਹਾਣੀ-ਸੰਗ੍ਰਹਿ ‘ਸੱਗੀ ਫ਼ੁੱਲ’ ਨਾਲ ਉਹ ਕਹਾਣੀਕਾਰ ਤੇ ‘ਸੱਗੀ-ਫ਼ੁੱਲ ਵਾਲਾ ਗੁਰਦਿਆਲ ਸਿੰਘ’ ਬਣ ਗਏ। ਉਨ੍ਹਾਂ ਦੀਆਂ ਅਨੇਕਾਂ ਕਹਾਣੀਆਂ ਲਗਾਤਾਰ ਉਸ ਵੇਲੇ ਦੇ ਨਾਮਵਰ ਰਸਾਲਿਆਂ ਵਿਚ ਛਪਦੀਆਂ ਰਹੀਆਂ। 1964 ਵਿਚ ਉਨ੍ਹਾਂ ਦਾ ਪਲੇਠਾ ਨਾਵਲ ‘ਮੜ੍ਹੀ ਦਾ ਦੀਵਾ’ ਪ੍ਰਕਾਸ਼ਿਤ ਹੋਇਆ ਜਿਸਨੂੰ ਡਾ. ਨਾਮਵਰ ਸਿੰਘ, ਡਾ. ਅਤਰ ਸਿੰਘ, ਡਾ. ਅਮਰੀਕ ਸਿੰਘ ਅਤੇ ਡਾ. ਜੋਗਿੰਦਰ ਸਿੰਘ ਰਾਹੀ ਵਰਗੇ ਸਮਰੱਥ ਆਲੋਚਕਾਂ ਨੇ ਪੰਜਾਬੀ ਨਾਵਲਕਾਰੀ ਵਿਚ ‘ਟ੍ਰੈਂਡ ਸੈੱਟਰ’ ਕਰਾਰ ਦਿੱਤਾ। ਹਿੰਦੀ ਅਤੇ ਅੰਗਰੇਜ਼ੀ ਤੋਂ ਇਲਾਵਾ ਰੂਸੀ ਭਾਸ਼ਾ ਵਿਚ ਇਸ ਦੀਆਂ ਪੰਜ ਲੱਖ ਕਾਪੀਆਂ ਵਿਕੀਆਂ। ਉਨ੍ਹਾਂ ਦੇ ਨਾਵਲ ‘ਅੱਧ ਚਾਨਣੀ ਰਾਤ’ ਨੂੰ ਸਾਹਿਤ ਅਕਾਦਮੀ ਪੁਰਸਕਾਰ ਮਿਲਿਆ।

ਉਨ੍ਹਾਂ ਦੇ ਨਾਵਲ ‘ਅੰਨ੍ਹੇ ਘੋੜੇ ਦਾ ਦਾਨ’ ’ਤੇ ਆਧਾਰਿਤ ਪਹਿਲੀ ਪੰਜਾਬੀ ਫ਼ਿਲਮ ਹੈ ਜਿਹੜੀ ਇਟਲੀ ਦੇ ਅੰਤਰ-ਰਾਸ਼ਟਰੀ ਫ਼ਿਲਮ ਮੇਲੇ ਵਿਚ ਵਿਖਾਈ ਗਈ। ਇਸ ਤੋਂ ਇਲਾਵਾ ਉਹ ਫਿਲਮ ਪੰਜ ਹੋਰ ਦੇਸ਼ਾਂ ਵਿਚ ਪ੍ਰਦਰਸ਼ਿਤ ਕੀਤੀ ਜਾ ਚੁੱਕੀ ਹੈ। ਅਤਿ ਨਿਮਨ ਪੇਂਡੂ ਵਰਗ ਦੇ ਜੀਵਨ ਅਤੇ ਉਸਨੂੰ ਦਰਪੇਸ਼ ਦੀਰਘ ਮੁਸ਼ਕਲਾਂ ਦੇ ਚਿਤੇਰੇ ਗੁਰਦਿਆਲ ਸਿੰਘ ਨੇ ਸਦਾ ਇਕ ਪ੍ਰਤੀਬੱਧ ਲੇਖਕ ਵੱਜੋਂ ਆਪਣਾ ਅਕਸ ਬਰਕਰਾਰ ਰੱਖਿਆ। ਉਨ੍ਹਾਂ ਦੇ ਨਾਵਲ ‘ਅਣਹੋਏ’, ‘ਕੁਵੇਲਾ’, ‘ਪਹੁ ਫ਼ੁਟਾਲੇ ਤੋਂ ਪਹਿਲਾਂ’, ‘ਪਰਸਾ’, ‘ਰੇਤੇ ਦੀ ਇਕ ਮੁੱਠੀ’ ਅਤੇ ‘ਆਹਣ’ ਤੋਂ ਇਲਾਵਾ ਕਈ ਕਹਾਣੀ-ਸੰਗ੍ਰਹਿਆਂ ਨੂੰ ਵੀ ਪੰਜਾਬੀ ਪਾਠਕਾਂ ਦਾ ਭਰਪੂਰ ਪਿਆਰ ਮਿਲਿਆ ਹੈ। ਮਾਂ-ਬੋਲੀ ਦੀ ਝੋਲੀ ਵਿਚ ‘ਗਿਆਨਪੀਠ ਪੁਰਸਕਾਰ’ ਪਾਉਣ ਵਾਲੇ ਪੰਜਾਬੀ ਦੇ ਉਹ ਦੂਜੇ ਮਾਣਯੋਗ ਲੇਖਕ ਸਨ। ਉਨ੍ਹਾਂ ਸੰਸਾਰ ਸਾਹਿਤ ਦੀਆਂ ਕਈ ਉਚਤਮ ਕਿਰਤਾਂ ਦੇ ਪੰਜਾਬੀ ਅਨੁਵਾਦ ਵੀ ਕੀਤੇ। ਹਾਲ ਹੀ ਵਿਚ ਉਨ੍ਹਾਂ ਦੀ ਸਵੈ-ਜੀਵਨੀ ‘ਨਿਆਣਮੱਤੀਆਂ’ ਅੰਗਰੇਜ਼ੀ ਵਿਚ ਅਨੁਵਾਦ ਹੋ ਕੇ ਛਪੀ ਹੈ। ਭਾਰਤ ਸਰਕਾਰ ਨੇ ਉਨ੍ਹਾਂ ਨੂੰ ‘ਪਦਮਸ਼੍ਰੀ’ ਪੁਰਸਕਾਰ ਨਾਲ ਸਨਮਾਨਿਤ ਕੀਤਾ।

ਮੈਂ 2002 ਵਿਚ ਐੱਮ. ਐੱਸ. ਸੀ (ਆਈ .ਟੀ) ਕਰਨ ਦੌਰਾਨ ਆਪਣਾ ਪ੍ਰੋਜੈਕਟ ਤਿਆਰ ਕਰਨਾ ਸੀ ਤਾਂ ਮੇਰੇ ਖਿਆਲ ਵਿਚ ਆਇਆ ਕਿ ਕਿਉਂ ਨਾ ਸਾਡੀ ਜੈਤੋ ਮੰਡੀ ਦਾ ਨਾਂ ਪੂਰੇ ਸੰਸਾਰ ਵਿਚ ਪ੍ਰਸਿੱਧ ਕਰਨ ਵਾਲੇ ਪ੍ਰੋ. ਗੁਰਦਿਆਲ ਸਿੰਘ ਜੀ ਦੀ ਜੀਵਨੀ ’ਤੇ ਹੀ ਪ੍ਰੋਜੈਕਟ ਤਿਆਰ ਕੀਤਾ ਜਾਵੇ। ਮੈਂ ਆਪਣੇ ਸਾਥੀ ਪੰਕਜ ਮਿੱਤਲ ਨਾਲ ਰਲ ਕੇ ਇਹ ਪ੍ਰੋਜੈਕਟ ਤਿਆਰ ਕਰਨ ਸਬੰਧੀ ਪ੍ਰੋ. ਗੁਰਦਿਆਲ ਸਿੰਘ ਨੂੰ ਮਿਲੇ ’ਤੇ ਉਨ੍ਹਾਂ ਤੋਂ ਸਹਿਮਤੀ ਲਈ। ਉਨ੍ਹਾਂ ਸਾਨੂੰ ਆਪਣੀ ਪੂਰੀ ਜੀਵਨੀ, ਪ੍ਰਾਪਤੀਆਂ, ਲਿਟਰੇਚਰ ਵਰਕ ਆਦਿ ਸਬੰਧੀ ਭਰਪੂਰ ਜਾਣਕਾਰੀ, ਫੋਟੋ ਆਦਿ ਮੁਹੱਈਆ ਕਰਵਾਏ। ਅਸੀਂ ਜਦੋਂ ਵੀ ਉਨ੍ਹਾਂ ਨੂੰ ਮਿਲਣ ਜਾਣਾ ਤਾਂ ਉਹ ਹਰ ਵਕਤ ਆਪਣੇ ਘਰ ਦੇ ੳੱੁਪਰ ਬਣੇੇ ਚੁੁੁਬਾਰੇ ਵਿਚ ਲਿਖ ਰਹੇ ਹੁੰਦੇ ਸਨ ਜਿੱਥੇ ਕਿ ਅੱਜ ਕੱਲ੍ਹ ਪ੍ਰੋ. ਗੁਰਦਿਆਲ ਸਿੰਘ ਮਿਊਜ਼ੀਅਮ ਖੋਲ੍ਹਿਆ ਹੋਇਆ ਹੈ। ਉਹ ਬੜੇ ਹੀ ਪਿਆਰ ਨਾਲ ਹੌਲੀ-ਹੌਲੀ ਬੋਲ ਕੇ ਸਾਡੇ ਨਾਲ ਗੱਲਾਂ ਕਰਦੇ ਤੇ ਨਸੀਹਤ ਦਿੰਦੇ ਸਨ। ਜਦੋਂ ਸਾਡਾ ਇਹ ਪ੍ਰੋਜੈਕਟ “ਬਾਇਓਗ੍ਰਾਫੀ ਆਫ ਪੋ੍ਰ. ਗੁਰਦਿਆਲ ਸਿੰਘ” ਯੂਨੀਵਰਸਿਟੀ ਵਿਚ ਸਬਮਿਟ ਕਰਵਾਇਆ ਗਿਆ ਤਾਂ ਨਤੀਜਾ ਆਉਣ ’ਤੇ ਇਸ ਪ੍ਰੋਜੈਕਟ ਵਿੱਚੋਂ ਅਸੀਂ ਸਭ ਤੋਂ ਵੱਧ ਅੰਕ ਪ੍ਰਾਪਤ ਕੀਤੇ। ਨਤੀਜੇ ਵਜੋਂ ਅੱਜ ਅਸੀਂ ਦੋਨੋਂ ਸਾਥੀ ਸਰਕਾਰੀ ਅਧਿਆਪਕ ਦੀ ਨੌਕਰੀ ਕਰ ਰਹੇ ਹਾਂ।

2006 ਵਿਚ ਅਸੀਂ ਇਕ ਸੈਮੀਨਾਰ ਕਰਵਾਇਆ ਜਿਸ ਦੇ ਮੁੱਖ ਮਹਿਮਾਨ ਤੇ ਬੁਲਾਰੇ ਪੋ੍ਰ. ਗੁਰਦਿਆਲ ਸਿੰਘ ਸਨ। ਉਨ੍ਹਾਂ ਨੂੰ ਲਿਆਉਣ ਤੇ ਛੱਡਣ ਦੀ ਜ਼ਿੰਮੇਵਾਰੀ ਮੇਰੀ ਲਗਾਈ ਗਈ। ਮੈਂ ਉਨ੍ਹਾਂ ਨੂੰ ਪੁੱਛਿਆ ਤਾਂ ਕਹਿਣ ਲੱਗੇ ਬੇਟਾ ਕੋਈ ਸਪੈਸ਼ਲ ਖੇਚਲ ਨਹੀਂ ਕਰਨੀ ਜੋ ਤੁਹਾਡੇ ਕੋਲ ਆਪਣਾ ਸਾਧਨ ਹੈ ਉਸੇ ’ਤੇ ਆ ਕੇ ਲੈ ਜਾਵੋ ਮੈਨੂੰ, ਕੋਈ ਫਾਰਮੈਲਟੀ ਦੀ ਲੋੜ ਨਹੀਂ। ਅੱਜ ਕੱਲ੍ਹ ਦੇ ਮੁੱਖ ਮਹਿਮਾਨ ਕਾਰ ਤੋਂ ਘੱਟ ਗੱਲ ਨੀਂ ਕਰਦੇ।

- ਪ੍ਰਮੋਦ ਧੀਰ

Posted By: Harjinder Sodhi