ਪ੍ਰੋ. ਮੋਹਨ ਸਿੰਘ (20 ਅਕਤੂਬਰ, 1905-3 ਮਈ, 1978) ਲਗਪਗ 72-73 ਵਰ੍ਹੇ ਇਸ ਧਰਤ ਉਪਰ ਇਕ ਜਿਊਂਦੇ-ਜਾਗਦੇ ਇਨਸਾਨ ਦੇ ਰੂਪ ਵਿਚ ਵਿਚਰਦਾ ਰਿਹਾ ਹੈ। ਅੱਜ ਭਾਵੇਂ ਉਹ ਸਾਡੇ ਵਿਚਕਾਰ ਨਹੀਂ ਹੈ ਪ੍ਰੰਤੂ 1921-22 ਦੌਰਾਨ ਸ਼ੁਰੂ ਹੋਇਆ ਉਸਦੀ ਕਲ਼ਮ ਦਾ ਸਫ਼ਰ 1978 ਵਿਚ ਰੁਕ ਜਾਣ ਤੋਂ ਬਾਅਦ ਵੀ ਆਪਣੇ ਜਲੌਅ, ਪ੍ਰਭਾਵ, ਪ੍ਰਤਿਭਾ ਅਤੇ ਪ੍ਰਸੰਗਿਕਤਾ ਸਦਕਾ ਅੱਜ ਵੀ ਅਗਵਾਈ ਕਰਦਾ ਹੋਇਆ ਸਾਡੇ ਅੰਗ-ਸੰਗ ਹੈ। ਇਹ ਉਸਦੀ ਕਲ਼ਮ ਦੀ ਸਮਰੱਥਾ ਹੀ ਹੈ ਜੋ ਉਸਨੂੰ ਇਕ ਯੁਗ-ਕਵੀ ਤੋਂ ਵੀ ਕਿਤੇ ਅੱਗੇ ਜਾ ਕੇ ਇਕ ਯੁਗ-ਸਿਰਜਕ ਕਵੀ ਵਜੋਂ ਸਥਾਪਤ ਕਰਦੀ ਹੈ।

ਪ੍ਰੋ. ਮੋਹਨ ਸਿੰਘ ਜਿਨ੍ਹਾਂ ਸਮਿਆਂ ਵਿਚ ਪੈਦਾ ਹੋਇਆ ਅਤੇ ਜਿਨ੍ਹਾਂ ਹਾਲਾਤਾਂ ਵਿਚ ਉਸਨੇ ਸੁਧ-ਬੁਧ ਸੰਭਾਲੀ, ਉਹ ਬਸਤੀਵਾਦ ਦੀ ਪੁਰਜ਼ੋਰ ਖ਼ਿਲਾਫ਼ਤ ਦਾ ਦੌਰ ਸੀ। ਭਾਰਤ ਦੇ ਨਾਲ-ਨਾਲ ਗੁਆਂਢੀ ਮੁਲਕਾਂ ਅੰਦਰ ਵੀ ਕੌਮੀ ਮੁਕਤੀ ਅੰਦੋਲਨ ਅੰਗੜਾਈਆਂ ਲੈ ਰਹੇ ਸਨ। ਬਾਰ ਦਾ ਕਿਸਾਨ ਵਿਦਰੋਹ, ਗ਼ਦਰ ਲਹਿਰ, ਅਕਾਲੀ, ਬੱਬਰ ਅਕਾਲੀ ਤੇ ਕਿਰਤੀ ਲਹਿਰ, ਜਲ੍ਹਿਆਂਵਾਲਾ ਬਾਗ਼ ਤੇ

ਜੈਤੋ ਦੇ ਬਾਗ਼ ਦਾ ਮੋਰਚਾ ਆਦਿ ਅਜਿਹੀਆਂ ਘਟਨਾਵਾਂ ਸਨ ਜਿਨ੍ਹਾਂ ਨੇ ਆਮ ਪੰਜਾਬੀਆਂ ਦੇ ਨਾਲ-ਨਾਲ ਸਾਡੇ ਕਵੀਆਂ ਨੂੰ ਵੀ ਝੰਜੋੜਿਆ। ਪ੍ਰੋ. ਮੋਹਨ ਸਿੰਘ ਵੀ ਇਨ੍ਹਾਂ ਲਹਿਰਾਂ/ਘਟਨਾਵਾਂ ਦਾ ਪ੍ਰਭਾਵ ਕਬੂਲਦਾ ਹੋਇਆ ਆਪਣੀ ਪਹਿਲੀ ਕਵਿਤਾ 'ਸਾਡਾ ਗੁਰੂ ਤੇ ਗੁਰੂ ਦਾ ਬਾਗ਼ ਸਾਡਾ' 1921-22 ਵਿਚ ਇਕ ਕਾਨਫ਼ਰੰਸ ਦੇ ਮੌਕੇ ਰੱਖੇ ਗਏ ਕਵੀ ਦਰਬਾਰ ਲਈ ਲਿਖਦਾ ਅਤੇ ਸੁਣਾਉਂਦਾ ਹੈ। ਉਸਦਾ ਅਜਿਹਾ ਜੀਵਨ-ਅਨੁਭਵ ਅਤੇ ਕਾਵਿ-ਅਨੁਭਵ 'ਗੁਰਦਵਾਰੇ ਦੇ ਧੁੰਦਲੇ ਦੀਵੇ ਦੀ ਲੋਅ ਥੱਲੇ ਸਿਰੀਆਂ ਜੋੜਕੇ' ਅਖ਼ਬਾਰਾਂ ਪੜ੍ਹਦਿਆਂ ਅਤੇ ਚਰਚਾ ਕਰਦਿਆਂ ਪ੍ਰਾਪਤ ਕੀਤਾ ਅਨੁਭਵ ਹੈ।

1921-22 ਵਿਚ ਜਿੱਥੇ ਪ੍ਰੋ. ਮੋਹਨ ਸਿੰਘ ਦਾ ਜੀਵਨ-ਅਨੁਭਵ ਸਿੱਖੀ ਪ੍ਰਭਾਵ ਤਕ ਸੀਮਤ ਸੀ ਅਤੇ ਉਸਦੀ ਕਲ਼ਮ ਦਾ 'ਸਾਡਾ ਗੁਰੂ ਤੇ ਗੁਰੂ ਦਾ ਬਾਗ ਸਾਡਾ' ਤੱਕ, ਉੱਥੇ 1978 ਤਕ ਉਸਦਾ ਜੀਵਨ-ਅਨੁਭਵ ਕੌਮਾਂਤਰੀਵਾਦ ਤਕ ਜਾ ਫੈਲਦਾ ਹੈ ਅਤੇ ਉਸਦੀ ਕਲ਼ਮ ਦਾ 'ਮੌਲੀ ਮੁੜ ਕੇ ਧਰਤ ਚੀਨ ਦੀ' ਤਕ। ਇਹ ਉਸਦੀ ਨਿਰੰਤਰ ਕਿਰਿਆਸ਼ੀਲਤਾ ਅਤੇ ਆਪਣੀ ਸੂਝ ਨੂੰ ਤਿਖੇਰਾ, ਪ੍ਰਚੰਡ ਤੇ ਸਮੇਂ ਦੇ ਹਾਣ ਦੀ ਬਣਾਏ ਜਾਣ ਦੇ ਸੁਚੇਤ ਜਤਨਾਂ ਸਦਕਾ ਹੈ। ਇਹੀ ਉਸਦੀ ਜੀਵਨ-ਜਾਚ ਹੈ। ਅਜਿਹੀ ਜੀਵਨ-ਜਾਚ ਸਦਕਾ ਹੀ ਉਹ ਜਜ਼ਬੇ ਨਾਲੋਂ ਬੁੱਧੀ ਨੂੰ ਪਹਿਲ ਦੇਂਦਾ ਹੋਇਆ ਅਮਲ ਦੇ ਲੰਮੇਰੇ ਪੰਧ ਦਾ ਪਾਂਧੀ ਬਣਦਾ ਹੈ :

ਚੰਨ, ਮੰਗਲ, ਬੁੱਧ, ਬ੍ਰਿਹਸਪਤ ਤੋਂ

ਵੀ ਅੱਗੇ ਜਾਣਾ ਹਿੰਮਤ ਨੇ,

ਧਰਤੀ ਤਾਂ ਇਕ ਪੜਾਅ ਹੀ ਹੈ,

ਰਖ ਦਾਈਆ ਪੰਧ ਲੰਮੇਰੇ ਦਾ।

ਇਸ ਲੰਮੇਰੇ ਪੰਧ ਦਾ ਪਾਂਧੀ ਬਣਦਿਆਂ ਉਸਦੀ ਸੂਝ ਵੀ ਆਮ ਲੋਕਾਈ ਦੀ ਧਿਰ ਬਣਦੀ ਪ੍ਰਤੀਤ ਹੁੰਦੀ ਹੈ :

ਅਮਲ ਦੇ ਨਾਲ ਹੀ

ਸਮਿਆਂ ਦੀ ਲਿਟ ਸੰਵਰਦੀ ਹੈ,

ਅਮਲ ਦੇ ਨਾਲ ਹੀ

ਧਰਤੀ 'ਤੇ ਰੂਪ ਚੜ੍ਹਦਾ ਹੈ।

ਅਮਲ ਦੇ ਨਾਲ ਹੀ

ਤਾਜਾਂ ਤੋਂ ਤ੍ਰੰਡ ਕੇ ਹੀਰੇ,

ਕਿਸਾਨ ਆਪਣੀ ਪੰਜਾਲੀ

ਦੇ ਉੱਤੇ ਜੜਦਾ ਹੈ।

ਜਿਨ੍ਹਾਂ ਸਮਿਆਂ ਦੌਰਾਨ ਪ੍ਰੋ. ਮੋਹਨ ਸਿੰਘ ਪੰਜਾਬੀ ਕਾਵਿ-ਖੇਤਰ ਅੰਦਰ ਵਿਚਰਨਾ ਸ਼ੁਰੂ ਕਰ ਰਿਹਾ ਸੀ, ਉਹ ਅਜਿਹਾ ਦੌਰ ਸੀ ਜਿਸ ਦੌਰਾਨ ਗ਼ਦਰ ਲਹਿਰ ਨਾਲ ਸਬੰਧਤ ਕੁਝ ਕਵੀਆਂ ਨੂੰ ਛੱਡ ਕੇ ਕੌਮਾਂਤਰੀਵਾਦੀ ਇਨਕਲਾਬੀ ਚੇਤਨਾ ਉਸ ਸਮੇਤ ਹੋਰਨਾਂ ਕਵੀਆਂ ਦੇ ਕਾਵਿ-ਅਨੁਭਵ ਦਾ ਹਿੱਸਾ ਨਹੀਂ ਸੀ ਬਣੀ। ਇਸ ਉਪਰੰਤ ਪ੍ਰੋ. ਮੋਹਨ ਸਿੰਘ ਧਾਰਮਿਕ ਦੇ ਨਾਲ-ਨਾਲ ਰਾਜਸੀ ਕਵਿਤਾਵਾਂ ਲਿਖਣ ਵੱਲ ਰੁਚਿਤ ਹੁੰਦਾ ਹੈ। ਇਸ ਤੋਂ ਅਗਾਂਹ ਉਹ ਦੇਸ਼-ਪਿਆਰ ਅਤੇ ਰਾਸ਼ਟਰਵਾਦ ਤਕ ਦਾ ਸਫ਼ਰ ਤੈਅ ਕਰਦਾ ਹੈ। ਪ੍ਰੋ. ਮੋਹਨ ਸਿੰਘ ਦੀ ਕਵਿਤਾ ਉਸਦੇ ਕੁਝ ਹੋਰਨਾਂ ਸਮਕਾਲੀ ਭਾਰਤੀ ਕਵੀਆਂ ਵਾਂਗ ਰੁਮਾਂਸ ਦੀ ਉਪਜ ਹੈ। ਆਪਣੀ ਰੁਮਾਨੀ ਤਬੀਅਤ ਸਦਕਾ ਉਸ ਦੀ ਵੀ ਵਧੇਰੇ ਕਵਿਤਾ ਇਸ਼ਕ ਦੇ ਆਲ਼ੇ-ਦੁਆਲ਼ੇ ਹੀ ਘੁੰਮਦੀ ਹੈ। ਉਸਦਾ ਇਹ ਇਸ਼ਕ ਔਰਤ ਪ੍ਰਤੀ ਵੀ ਹੈ, ਦੇਸ਼ ਪ੍ਰਤੀ ਵੀ ਅਤੇ ਇਨਕਲਾਬ ਪ੍ਰਤੀ ਵੀ।

ਔਰਤ ਬਾਰੇ ਕਵਿਤਾ ਲਿਖਦਿਆਂ ਉਹ ਰੁਮਾਨੀ ਹੋਣ ਦੇ ਨਾਲ-ਨਾਲ ਵਧੇਰੇ ਗਹਿਰ-ਗੰਭੀਰ ਅਤੇ ਸੰਜੀਦਾ ਹੁੰਦਾ ਹੈ। ਉਸਦਾ ਔਰਤ ਕਾਵਿ-ਪਾਤਰ ਪਿਆਰਿਆ-ਸਤਿਕਾਰਿਆ ਜਾਣ ਵਾਲਾ ਇਕ ਪ੍ਰੇਰਕ ਅਤੇ ਬਹਾਦਰ ਪਾਤਰ ਹੈ। ਜਦੋਂ ਉਹ ਇਸ ਧਾਰਣਾ ਦਾ ਪ੍ਰਤਿਪਾਦਨ ਕਰਦਾ ਹੈ ਕਿ, “ਵਿਤਕਰੇ, ਲੁੱਟ-ਖਸੁੱਟ ਤੇ ਗ਼ਲਤ ਇਖ਼ਲਾਕੀ ਕੀਮਤਾਂ ਉਤੇ ਉੱਸਰੇ ਸਮਾਜ ਵਿਚ ਪਿਆਰ ਮੁਮਕਨ ਹੀ ਨਹੀਂ ਹੈ। ਇਸ ਸਮਾਜ ਵਿਚ ਤੀਵੀਂ ਇਕ ਜਾਇਦਾਦ ਬਣ ਕੇ ਰਹਿ ਗਈ ਹੈ। ਇਸ ਲਈ ਸਾਡੇ ਸਾਹਮਣੇ ਅਸਲੀ ਸਵਾਲ ਕਿਸੇ ਇਕ ਅੱਧੇ ਪਿਆਰ ਨੂੰ ਸਫ਼ਲ ਕਰਨਾ ਨਹੀਂ ਸਗੋਂ ਸਾਰੀ ਇਸਤਰੀ ਜਾਤੀ ਨੂੰ ਸੁਤੰਤਰ ਕਰਨਾ ਹੈ ਤਾਂ ਔਰਤ ਪ੍ਰਤੀ ਉਸਦਾ ਨਜ਼ਰੀਆ ਹੋਰ ਵੀ ਸਪਸ਼ਟ ਹੋ ਜਾਂਦਾ ਹੈ।

ਜਿਉਂ-ਜਿਉਂ ਪ੍ਰੋ. ਮੋਹਨ ਸਿੰਘ ਦਾ ਜੀਵਨ-ਅਨੁਭਵ ਵਸੀਹ ਹੁੰਦਾ ਜਾਂਦਾ ਹੈ ਤਿਉਂ-ਤਿਉਂ ਉਸਦਾ ਕਾਵਿ-ਅਨੁਭਵ ਵੀ ਵਧੇਰੇ ਗਹਿਰ-ਗੰਭੀਰ ਹੁੰਦਾ ਜਾਂਦਾ ਹੈ। 1917 ਦਾ ਰੂਸੀ ਇਨਕਲਾਬ ਅਤੇ 1936 ਦਾ ਪ੍ਰਗਤੀਵਾਦੀ ਸਾਹਿਤਕ ਅੰਦੋਲਨ ਉਸਦੇ ਜੀਵਨ-ਅਨੁਭਵ ਨੂੰ ਹੋਰ ਵੀ ਵਧੇਰੇ ਵਸੀਹ ਬਣਾਉਣ ਵਿਚ ਮਹੱਤਵਪੂਰਣ ਭੂਮਿਕਾ ਨਿਭਾਉਂਦੇ ਹਨ। 'ਮੈਂ ਨਹੀਂ ਰਹਿਣਾ ਤੇਰੇ ਗਿਰਾਂ' ਉਸਦੀ ਇਕ ਅਜਿਹੀ ਜ਼ਿਕਰ-ਯੋਗ ਕਵਿਤਾ ਹੈ ਜਿਸ ਵਿੱਚੋਂ ਉਸਦੇ ਸਾਮਰਾਜ ਵਿਰੁੱਧ ਖੜ੍ਹਨ, ਡਟਣ ਅਤੇ ਲੜਨ ਵਾਲੀ ਕੌਮੀ/ਕੌਮਾਂਤਰੀ ਸੂਝ ਦੇ ਪ੍ਰਮਾਣ ਮਿਲਣੇ ਸ਼ੁਰੂ ਹੁੰਦੇ ਹਨ। ਉਹ ਅਜਿਹੀ ਥਾਂ 'ਤੇ ਰਹਿਣ ਤੋਂ ਸਪਸ਼ਟ ਇਨਕਾਰੀ ਹੈ ਜਿੱਥੇ :

ਜਿੱਥੇ ਵੀਰ ਵੀਰਾਂ ਨੂੰ ਖਾਂਦੇ,

ਸਿਰੋਂ ਮਾਰ ਧੁੱਪੇ ਸੁੱਟ ਜਾਂਦੇ,..

ਜਿੱਥੇ ਕੈਦ ਖਾਨਿਆਂ ਜੇਲ੍ਹਾਂ,

ਮੀਲਾਂ ਤੀਕ ਵਲਗਣਾਂ ਵਲੀਆਂ,

ਜਿੱਥੇ ਮਜ਼ਹਬ ਦੇ ਨਾਂ ਥੱਲੇ,

ਦਰਿਆ ਕਈ ਖ਼ੂਨ ਦੇ ਚੱਲੇ

ਜਿੱਥੇ ਵਤਨਪ੍ਰਸਤੀ ਤਾਈਂ

ਜ਼ੁਰਮ ਸਮਝਦੀ ਧੱਕੇ ਸ਼ਾਹੀ,

ਜਿੱਥੇ ਸ਼ਾਇਰ ਬੋਲ ਨਾ ਸੱਕਣ,

ਦਿਲ ਦੀਆਂ ਘੁੰਡੀਆਂ ਖੋਹਲ ਨਾ ਸੱਕਣ,..

ਤਾਂ ਉਹ ਸਪਸ਼ਟ ਐਲਾਨ ਕਰਦਾ ਹੈ ਕਿ:

ਲੈ ਲੈ ਆਪਣੀ ਨੜੀ ਨਵਾਬੀ,

ਦੇ ਦੇ ਮੈਨੂੰ ਮੇਰੀ ਆਜ਼ਾਦੀ।

ਲੈ ਲੈ ਆਪਣੀ ਘਿਉ ਦੀ ਚੂਰੀ,

ਦੇ ਦੇ ਮੈਨੂੰ ਮੇਰੀ ਸਬੂਰੀ।

ਆਪਣੀ ਇਸ 'ਆਜ਼ਾਦੀ' ਅਤੇ 'ਸਬੂਰੀ' ਨਾਲ ਉਹ ਅਜਿਹੀ ਦੁਨੀਆਂ ਵਸਾਉਣੀ ਲੋਚਦਾ ਹੈ :

ਮੁੱਕ ਜਾਵਣ ਜਿੱਥੇ ਪਗਡੰਡੀਆਂ,

ਰਹਿਣ ਨਾ ਮੁਲਕਾਂ ਦੀਆਂ ਵੰਡੀਆਂ,

ਦਿੱਸਣ ਨਾ ਜਿੱਥੇ ਹੱਦਾਂ ਪਾੜੇ

ਤੇਰ ਮੇਰ ਦੇ ਖਾਖੋਵਾੜੇ

ਪਹੁੰਚ ਨਾ ਸਕਣ ਜਿੱਥੇ ਚਾਂਘਾਂ,

ਬਾਂਗ ਟੱਲਾਂ ਤੇ ਸੰਖਾਂ ਦੀਆਂ

ਚਾਰੇ ਤਰਫ਼ ਆਜ਼ਾਦੀ ਹੋਵੇ,

ਮੂਲ ਨਾ ਕੋਈ ਮੁਥਾਜੀ ਹੋਵੇ...

'ਕੋਈ ਆਇਆ ਸਾਡੇ ਵਿਹੜੇ' ਨਾ ਦੀ ਕਵਿਤਾ ਵਿਚ ਵੀ ਉਹ ਨਵੇਂ ਸਮਾਜਵਾਦੀ ਕੌਮਾਂਤਰੀਵਾਦੀ ਵਿਚਾਰ ਨੂੰ ਹੀ ਜੀ-ਆਇਆਂ ਕਹਿ ਰਿਹਾ ਹੈ।

ਸਾਡੀਆਂ ਕੌਮੀ ਮੁਕਤੀ ਲਹਿਰਾਂ ਨੇ ਜਿਸ ਬੰਦ-ਖ਼ਲਾਸੀ, ਭਾਈਚਾਰਕ ਸਾਂਝ, ਆਰਥਕ-ਸਮਾਜਕ ਬਰਾਬਰੀ ਹੱਕ-ਸੱਚ-ਨਿਆਂ 'ਤੇ ਆਧਾਰਿਤ ਸਮਾਜਵਾਦੀ ਨਿਜ਼ਾਮ ਵਾਲੀ ਜਿਸ ਆਜ਼ਾਦੀ ਦਾ ਸੁਪਨਾ ਲਿਆ ਸੀ ਅਤੇ 1947 ਵਿਚ ਸਾਡੇ ਮੁਲ਼ਕ ਨੂੰ ਜਿਸ ਤਰ੍ਹਾਂ ਦੀ ਆਜ਼ਾਦੀ ਮਿਲੀ, ਉਸ ਵਿਚ ਮੂਲੋਂ ਹੀ ਵੱਖਰਤਾ ਸੀ।

ਏਸੇ ਕਰਕੇ ਹੀ ਹੋਰਨਾਂ ਭਾਰਤੀ/ਪੰਜਾਬੀ ਕਵੀਆਂ ਵਾਂਗ ਪ੍ਰੋ. ਮੋਹਨ ਸਿੰਘ ਵੀ ਆਜ਼ਾਦੀ ਦੇ ਇਸ ਤਿੜਕ ਗਏ ਸੁਪਨੇ ਦੀ ਪੂਰਤੀ ਖ਼ਾਤਰ ਲੋਕਾਈ ਨੂੰ ਸੁਚੇਤ ਕਰਨ ਦੇ ਆਹਰ ਵਿੱਚ ਮੁੜ ਰੁੱਝ ਜਾਂਦਾ ਹੈ:

ਮੁਕਿਆ ਹਨੇਰਾ ਪਰ ਅਜੇ

ਬਾਕੀ ਹਨੇਰ ਹੈ।

ਘਸਮੈਲਾ ਚਾਨਣਾ ਅਤੇ

ਤਿੜਕੀ ਸਵੇਰ ਹੈ।...

ਝੂਠੇ ਸਮਾਜਵਾਦ 'ਤੇ

ਭੁੱਲਿਓ ਨਾ ਸਾਥੀਓ,

ਜਿਉਂਦਾ ਬਦਲ ਕੇ ਭੇਸ

ਅਜੇ ਤਕ ਕੁਬੇਰ ਹੈ।

ਆਜ਼ਾਦੀ ਦੀ ਇਸ ਮੰਜ਼ਲ 'ਤੇ ਪੁੱਜਣ ਲਈ ਜੋ ਰਾਹ ਹੈ ਉਹ ਉਹੀ ਹੈ ਜੋ ਸਮਾਜਵਾਦੀ/ਸਾਮਵਾਦੀ ਵਿਵਸਥਾ ਦੇ ਪੈਰੋਕਾਰਾਂ ਨੇ ਵਿਖਾਇਆ ਸੀ। ਪ੍ਰੋ. ਮੋਹਨ ਸਿੰਘ ਵੀ ਆਪਣੀ ਪ੍ਰਤਿਬੱਧਤਾ ਏਸੇ ਰਾਹ ਅਤੇ ਇਸੇ ਵਿਚਾਰਧਾਰਾ ਨਾਲ ਹੀ ਜ਼ਾਹਰ ਕਰਦਾ ਹੈ:

ਓ ਭੋਲ਼ੇ ਬਾਦਸ਼ਾਹ

ਲੈਨਿਨ ਮਹਾਨ ਦਾ ਰਾਹ

ਤਾਂ ਰਾਤ ਦਿਨੇ ਪਿਆ ਚਲਦਾ

ਨਿੱਤ ਨਵਾਂ ਕਾਫ਼ਲਾ ਰੱਲ਼ਦਾ।

ਉਸ ਉਤੇ ਅੱਧੀ ਦੁਨੀਆ

ਪੈ ਚੁੱਕੀ ਹੈ,

ਤੇ ਅੱਧੀ ਪੈਣ ਵਾਲੀ ਹੈ।

ਪ੍ਰੰਤੂ ਇਨ੍ਹਾਂ ਵਿਚਾਰਾਂ ਦੇ ਲੜ ਲੱਗ ਕੇ ਇਸ ਰਾਹ ਉਪਰ ਤੁਰਨ ਲਈ ਵਿਗਿਆਨਕ ਸਮਾਜਵਾਦੀ ਵਿਚਾਰਧਾਰਾ ਪ੍ਰਤੀ ਸੁਚੇਤਨਾ ਦੇ ਨਾਲ-ਨਾਲ ਅਟੱਲ ਇਨਕਾਬੀ ਨਿਸ਼ਚੇ ਦਾ ਹੋਣਾ ਵੀ ਅਨਿਵਾਰੀ ਹੈ। ਪ੍ਰੋ. ਮੋਹਨ ਸਿੰਘ ਵਿਚਾਰਧਾਰਕ ਧੁੰਦਲਕੇ ਵਿੱਚੋਂ ਬਾਹਰ ਆ ਵਿਚਾਰਧਾਰਕ ਸਪਸ਼ਟਤਾ ਦੇ ਨਾਲ ਅਟੱਲ ਨਿਸ਼ਚੇ ਅਤੇ ਆਸਥਾ ਉਪਰ ਵੀ ਵਿਸ਼ੇਸ਼ ਜ਼ੋਰ ਦੇਂਦਾ ਹੈ:

ਕੁਝ ਅਜ਼ਬ ਇਲਮ ਦੀਆਂ ਜਿੱਦਾਂ ਨੇ,

ਮੈਨੂੰ ਮਾਰਿਆ ਕਿਉਂ, ਕੀ ਕਿੱਦਾਂ ਨੇ।

ਮੈਂ ਨਿਸ਼ਚੇ ਬਾਝੋਂ ਭਟਕ ਰਿਹਾ,

ਜੰਨਤ ਦੋਜ਼ਖ ਵਿਚ ਲਟਕ ਰਿਹਾ।

ਗੱਲ ਸੁਣ ਜਾ ਭਟਕੇ ਰਾਹੀ ਦੀ

ਇਕ ਚਿਣਗ ਮੈਨੂੰ ਵੀ ਚਾਹੀਦੀ।

'ਕੁੜੀ ਪੋਠੋਹਾਰ ਦੀ' ਕਵਿਤਾ ਵਿਚ ਵੀ ਕਵੀ ਮਜ਼ਦੂਰ ਜਮਾਤ ਦੀ ਦ੍ਰਿੜ੍ਹਤਾ, ਪ੍ਰਤੀਬੱਧਤਾ ਅਤੇ ਕਿਰਤ-ਸਮਰੱਥਾ ਵਿਚ ਯਕੀਨ ਰੱਖਦਾ ਹੋਇਆ ਇਹ ਉਮੀਦ ਜਤਾਉਂਦਾ ਹੈ ਕਿ ਭਾਰਤੀ ਮੱਧ-ਸ਼੍ਰੇਣਿਕ ਬੁੱਧੀਜੀਵੀਆਂ ਦੇ ਸੁਪਨਿਆਂ ਨੇ ਇਸ ਮਜ਼ਦੂਰ ਜਮਾਤ ਸੰਗ ਭਾਈਵਾਲੀ ਪਾ ਕੇ ਹੀ ਪਰਵਾਨ ਚੜ੍ਹਨਾ ਹੈ।

ਪ੍ਰੋ. ਮੋਹਨ ਸਿੰਘ ਦੀ ਕਵਿਤਾ ਸਮਾਜਕ ਅਨਿਆਂ ਪ੍ਰਤੀ ਤਾਂ ਸੋਝੀ ਪ੍ਰਦਾਨ ਕਰਦੀ ਹੈ, ਉਹ ਪੁਰਾਣੀਆਂ ਸੰਸਥਾਵਾਂ ਪ੍ਰਤੀ ਵੀ ਸੰਦੇਹ ਦੀ ਨਜ਼ਰ ਅਪਣਾਏ ਜਾਣ 'ਤੇ ਵੀ ਵਿਸ਼ੇਸ਼ ਜ਼ੋਰ ਦੇਂਦੀ ਹੈ।

ਸੰਸਾਰ-ਅਮਨ ਪ੍ਰਤੀ ਪ੍ਰਤੀਬੱਧਤਾ ਇਸ ਕਵਿਤਾ ਦਾ ਇਕ ਹੋਰ ਮੀਰੀ ਗੁਣ ਹੈ। ਇਹ ਕਵਿਤਾ ਕਰਮ-ਸਿਧਾਂਤ ਨੂੰ ਰੱਦ ਕਰਦੀ ਹੈ। ਧਾਰਮਿਕ ਕਰਮਕਾਂਡ ਦੇ ਭਾਂਡੇ ਨੂੰ ਵੀ ਉਸ ਦੀ ਕਵਿਤਾ ਚੁਰਾਹੇ ਵਿਚ ਭੰਨਣਾ ਲੋਚਦੀ ਹੈ।

ਭਾਈਚਾਰਕ ਸਾਂਝ ਦਾ ਹੋਕਾ ਦੇਂਦੀ ਇਹ ਕਵਿਤਾ ਊਚ-ਨੀਚ ਦੇ ਸਿਧਾਂਤ ਨੂੰ ਮੂਲੋਂ ਖ਼ਾਰਜ ਕਰਦੀ ਹੈ। ਮਨੁੱਖਤਾ ਦੀ ਸਦੀਵੀ ਸਾਂਝ ਦੀ ਬਾਤ ਪਾਉਂਦੀ ਪ੍ਰੋ. ਮੋਹਨ ਸਿੰਘ ਦੀ ਕਵਿਤਾ ਇਸ ਪਾਸੇ ਸਾਡਾ ਧਿਆਨ ਖਿੱਚਦੀ ਹੈ:

ਸਭ ਦੁਨੀਆ ਮਨੁੱਖਾਂ ਦਾ ਘਰ ਹੈ,

ਜੀਅ ਜੰਤ ਸਾਂਝਾ ਟੱਬਰ ਹੈ,

ਰੰਗਾਂ ਵਰਣਾਂ ਦੇ ਸਭ ਝੇੜੇ

ਮਨੁੱਖ ਨੇ ਹਨ ਆਪ ਸਹੇੜੇ

ਧਰਮ ਇਕ ਹੈ ਨਾਂ ਹਨ ਵੱਖਰੇ

ਨਿਰਾ ਭਰਮ ਹਿੱਸੇ ਤੇ ਬਖਰੇ,

ਕੂੜ ਦੇਸ਼ਾਂ ਦੇ ਹੱਕ ਬੰਨੇ

ਪਾਣੀ ਇਕ ਵੱਖੋ ਵੱਖ ਛੰਨੇ-

ਕਿਰਤੀਆਂ, ਕਿਰਸਾਨਾਂ ਅਤੇ ਖ਼ਾਸਕਰ ਨੌਜਵਾਨਾਂ ਨੂੰ ਤੰਗ-ਦਿਲ ਸੋਚਾਂ, ਬੋਦੀਆਂ ਰਸਮਾਂ-ਰੀਤਾਂ, ਵਿਹਾਜ ਗਏ ਮੁੱਲਾਂ ਨੂੰ ਤੱਜਦਿਆਂ, ਆਪਸੀ ਭਾਈਚਾਰੇ, ਸਾਂਝੀਵਾਲਤਾ ਅਤੇ ਵਿਗਿਆਨਕ ਜੀਵਨ ਜਾਚ ਦੇ ਲੜ ਲੱਗਣ 'ਤੇ ਜ਼ੋਰ ਦੇਂਦੀ ਪ੍ਰੋ. ਮੋਹਨ ਸਿੰਘ ਦੀ ਕਵਿਤਾ ਸ਼੍ਰੇਣੀ ਸੂਝ ਦੀ ਦ੍ਰਿਸ਼ਟੀ ਤੋਂ ਸਾਮਰਾਜ ਅਤੇ ਯਮਰਾਜ ਦੇ ਇਕੋ-ਜਿਹੇ ਕਿਰਦਾਰ ਨੂੰ ਸਮਝਣ ਲਈ ਸਪਸ਼ਟ ਸੇਧ ਪ੍ਰਦਾਨ ਕਰਦੀ ਹੈ:

ਸਾਮਰਾਜ ਯਮਰਾਜ ਵਿਚਾਲੇ

ਰਹੀ ਨਾ ਕੋਈ ਲਕੀਰ

ਜੈ ਮੀਰ!

ਪ੍ਰੋ: ਮੋਹਨ ਸਿੰਘ ਦੀ ਕਵਿਤਾ ਵਿਸ਼ਵ-ਸਾਮਰਾਜ ਦੇ ਖ਼ਾਤਮੇ ਲਈ ਲੋਕਾਈ ਨੂੰ ਪ੍ਰੇਰਦੀ ਹੈ। 'ਧਰਤੀ ਦੀ ਜ਼ੁਲਫ਼ ਸੰਵਾਰਨ' ਦਾ ਹੋਕਾ ਦੇਂਦੀ ਹੈ ਅਤੇ 'ਰਾਤ ਦੇ ਹਨੇਰੇ' ਨੂੰ ਦੂਰ ਕਰ 'ਸੋਨ-ਸਵੇਰ' ਲਿਆਉਣ ਲਈ ਪ੍ਰੇਰਦੀ ਮੁਕਤੀ ਦਾ ਰਾਹ ਸੁਝਾਉਂਦੀ ਹੈ:

ਮੁੱਕਣ 'ਤੇ ਆਇਆ ਸਾਥੀਓ

ਅੱਜ ਪਹਿਰਾ ਰਾਤ ਦਾ।

ਕਿਰਨਾਂ ਨੇ ਮੱਥਾ ਰੰਗਿਆ,

ਹੈ ਕਾਇਨਾਤ ਦਾ।...

ਨਿਰਵਾਨ ਅਤੇ ਮੋਖ ਦੇ

ਰਾਹਾਂ 'ਤੇ ਹੋ ਖ਼ਵਾਰ,

ਕਿਰਤੀ ਨੇ ਅੰਤ ਲਭ ਲਿਆ

ਰਸਤਾ ਨਜਾਤ ਦਾ।

ਪ੍ਰੋ. ਮੋਹਨ ਸਿੰਘ ਜਦੋਂ ਭਾਈਚਾਰਕ ਸਾਂਝ ਦਾ ਹੋਕਾ ਦੇਂਦਾ ਹੈ ਤਾਂ ਉਹ ਦੇਸ਼-ਹੱਦਾਂ ਤੱਕ ਹੀ ਸੀਮਤ ਨਹੀਂ ਰਹਿੰਦਾ ਸਗੋਂ ਕੌਮਾਂਤਰੀ ਭਾਈਚਾਰੇ ਦੀ ਬਾਤ ਪਾਉਂਦਾ ਆਪਣੇ ਗੁਆਂਢੀ ਮੁਲ਼ਕ ਨਾਲ ਵੀ ਅਜਿਹਾ ਸੰਵਾਦ ਰਚਾਏ ਜਾਣ ਦੀ ਵਕਾਲਤ ਕਰਦਾ ਹੈ ਜਿਸਦੀ ਚਰਚਾ ਅੱਜ ਵੀ ਲੋਕ-ਮੂੰਹਾਂ 'ਤੇ ਹੈ:

ਅੱਜ ਵੀ ਸਾਡੇ ਵਿਚ ਬੋਲੀ ਤੇ

ਸਭਿਆਚਾਰ ਦੀ ਸਾਂਝ ਬਾਕੀ ਹੈ

ਤੇ ਉਹ ਪੰਜਾਬੀ ਹੀ ਨਹੀਂ

ਜੋ ਇਸ ਤੋਂ ਆਕੀ ਹੈ। ...

ਜਿਸਨੇ ਆਪਣੇ ਬੱਚੇ ਨੂੰ

ਸਭ ਤੋਂ ਪਹਿਲਾਂ ਪੰਜਾਬੀ ਵਿਚ

ਲੋਰੀ ਦਿੱਤੀ ਸੀ

ਜਾਂ ਫ਼ਰੀਦ ਸ਼ਕਰਗੰਜ ਨੂੰ

ਜਿਸਨੇ ਸਾਡੀ ਬੋਲੀ ਵਿਚ

ਮਿਸ਼ਰੀ ਘੋਲੀ ਸੀ।

- ਡਾ. ਹਰਵਿੰਦਰ ਸਿੰਘ ਸਿਰਸਾ

Posted By: Harjinder Sodhi