ਅੱਠ ਦਹਾਕੇ ਪਹਿਲਾਂ ਜਨਮੇ ਪਿ੍ਰੰ. ਜਗਦੀਸ਼ ਸਿੰਘ ਘਈ ਲੰਬੇ ਸਮੇਂ ਤੋਂ ਸੰਘਰਸ਼ ਦੇ ਪੰਧ ’ਤੇ ਚੱਲਦਿਆਂ ਉਹ ਰਾਜਨੀਤਕ ਲਹਿਰਾਂ, ਮੁਲਾਜ਼ਮ ਜਥੇਬੰਦੀਆਂ, ਸਾਹਿਤਕ ਅਤੇ ਸੱਭਿਆਚਾਰਕ ਗਤੀਵਿਧੀਆਂ ਦੇ ਨਾਲ ਸਿੱਖਿਆ ਖੇਤਰ ’ਚ ਵਡਮੁੱਲਾ ਯੋਗਦਾਨ ਪਾਉਣ ’ਚ ਅੱਜ ਵੀ ਮਸ਼ਰੂਫ ਹਨ। ਸਾਹਿਤਕ ਗਤੀਵਿਧੀਆਂ ਨਾਲ ਜੁੜੇ ਹੋਣ ਕਰਕੇ ਉਨ੍ਹਾਂ ਦੀ ਸਾਂਝ ਪੰਜਾਬੀ ਨਾਮਵਰ ਲੇਖਕ ਤੇ ਕਵੀਆਂ ਨਾਲ ਵੀ ਰਹੀ। ਫੁਲਵਾੜੀ ਕਾਲਜ ’ਚ ਪ੍ਰੋ. ਮੋਹਨ ਸਿੰਘ, ਸ਼ਿਵ ਕੁਮਾਰ ਬਟਾਲਵੀ, ਪ੍ਰਸਿੱਧ ਕਵੀ ਸੁਰਜੀਤ ਪਾਤਰ, ਪ੍ਰੋ. ਨਵਤੇਜ ਸਿੰਘ ਪ੍ਰੀਤਲੜੀ, ਸੰਤੋਖ ਸਿੰਘ ਧੀਰ, ਪਦਮਸ਼੍ਰੀ ਪ੍ਰੋ. ਗੁਰਦਿਆਲ ਸਿੰਘ ਨਾਵਲਕਾਰ, ਉਘੇ ਨਾਟਕਕਾਰ ਅਜਮੇਰ ਸਿੰਘ ਔਲਖ, ਪਿ੍ਰ. ਸਜਾਨ ਸਿੰਘ, ਕਮੇਡੀਅਨ ਕਲਾਕਾਰ ਮੇਹਲ ਮਿੱਤਲ ਆਦਿ ਨਾਲ ਵੀ ਲਗਾਤਾਰ ਕਈ ਸਮਾਗਮਾਂ ਰਾਹੀਂ ਰਾਬਤਾ ਬਣਿਆ ਰਿਹਾ।

ਆਜ਼ਾਦੀ ਘੁਲਾਟੀਏ ਗਦਰੀ ਬਾਬਾ ਬਿਸ਼ਨ ਸਿੰਘ ਹਿੰਦੀ ਦੇ ਘਰ ਤੇ ਮਾਤਾ ਲਾਜਵੰਤ ਕੌਰ ਵਾਸੀ ਪਿੰਡ ਸੱਦਾ ਸਿੰਘ ਵਾਲਾ ਜ਼ਿਲ੍ਹਾ ਮੋਗਾ ਦੀ ਕੁੱਖੋਂ ਆਜ਼ਾਦੀ ਦੇ ਪਹਿਲਾਂ 11 ਨਵੰਬਰ 1941 ਨੂੰ ਜਨਮ ਲੈਣ ਵਾਲੇ 80 ਸਾਲਾਂ ਦੀ ਉਮਰ ’ਚ ਅੱਪੜੇ ਪਿ੍ਰੰ. ਜਗਦੀਸ਼ ਘਈ ਹੁਣ ਵੀ ਜਵਾਨਾਂ ਤੋਂ ਘੱਟ ਨਹੀਂ। ਮੂੰਹ ਹਨੇਰੇ ਉਠਣ ਦਾ ਉਨ੍ਹਾਂ ਦਾ ਨਿੱਤਨੇਮ ਤੇ ਸਾਰਾ ਦਿਨ ਆਪਣੇ ਫੁਲਵਾੜੀ ਕਾਲਜ ਅਤੇ ਸਕੂਲ ਦੀਆਂ ਗਤੀਵਿਧੀਆਂ ’ਚ ਸਰਗਰਮ ਰਹਿਣਾ ਉਨ੍ਹਾਂ ਦਾ ਲਕਸ਼ ਹੈ।

ਬਚਪਨ ’ਚ ਸਿੱਖਿਆ ਦਾ ਮੁੱਢ ਮੋਗੇ ਤੋਂ ਬੱਝਾ ਪਰ 7ਵੀਂ ਜਮਾਤ ਪਾਸ ਕਰਨ ਉਪਰੰਤ ਆਰਥਿਕ ਹਾਲਤਾਂ ਦੇ ਚੱਲਦਿਆਂ ਬਠਿੰਡਾ ਆ ਗਏ ਅਤੇ 8ਵੀਂ ਤੋਂ 10ਵੀਂ ਤੱਕ ਐੱਸਐੱਸਡੀ ਹਾਈ ਸਕੂਲ ਬਠਿੰਡਾ ਵਿਚ 1957 ਤਕ ਪੜ੍ਹਦੇ ਹੋਏ ਦਸਵੀਂ ਪਾਸ ਕੀਤੀ। ਰਾਜਿੰਦਰਾ ਕਾਲਜ ਤੋਂ 1959 ’ਚ ਐੱਫ਼. ਐੱਸ-ਸੀ ਜੋ ਕਿ ਸਾਇੰਸ ਨਾਲ ਸਬੰਧਤ ਹੈ ਪਾਸ ਕੀਤੀ ਅਤੇ ਉਸ ਉਪਰੰਤ ਆਨਰਜ਼ ਇਨ ਪੰਜਾਬੀ ਪਾਸ ਕੀਤੀ।

1960 ਤੋਂ ਰੇਲਵੇ ਮੇਲ ਸਰਵਿਸ ਵਿਚ ਸੇਵਾ ਕਰਦਿਆਂ 1968 ਵਿਚ ਕੇਂਦਰੀ ਮੁਲਾਜ਼ਮ ਇਨਕਮ ਟੈਕਸ, ਪੀਐਨਟੀ, ਰੇਲਵੇ, ਟੈਲੀਫ਼ੋਨ ਐਕਸਚੇਂਜ਼ ਆਦਿ ਦੀਆਂ ਕੇਂਦਰੀ ਜਥੇਬੰਦੀਆਂ ਦੇ ਕਨਵੀਨਰ ਬਣੇ ਅਤੇ ਲਾਸਾਨੀ ਹੜਤਾਲ ਕਰਵਾਈ। ਭਾਰਤ ਵਿਆਪੀ ਕੇਂਦਰੀ ਮੁਲਾਜ਼ਮਾਂ ਦੀ ਇਸ ਹੜਤਾਲ ਮੌਕੇ 19 ਸਤੰਬਰ 1968 ਨੂੰ ਗੱਡੀਆਂ ਰੋਕੀਆਂ ਗਈਆਂ, ਜਿਸ ਦੇ ਸਿੱਟੇ ਵਜੋਂ ਉਨ੍ਹਾਂ ਨੂੰ ਮੁਅੱਤਲ ਕਰ ਦਿਤਾ ਗਿਆ । ਮੁਲਾਜ਼ਮਾਂ ਦੇ ਹਿੱਤ ’ਚ ਸੰਘਰਸ਼ ਲੜਦਿਆਂ ਭਾਵੇਂ ਉਨ੍ਹਾਂ ਨੇ ਆਪਣੀ ਨੌਕਰੀ ਗੁਆ ਲਈ ਪਰ ਹੌਸਲਾ ਨਾ ਛੱਡਿਆ ਅਤੇ ਆਪਣੇ ਖ਼ਾਲੀ ਸਮੇਂ ’ਚ ਐੱਮਏ ਪੰਜਾਬੀ, ਇੰਗਲਿਸ਼ ਅਤੇੇ ਰਾਜਨੀਤੀ ਤੇ ਹਿੰਦੀ ਪਰਾਗਿਆ ਵੀ ਕਰ ਲਈ। ਵਿੱਦਿਆ ਦਾ ਚਾਨਣ ਵੰਡਣ ਤੇ ਨੌਜਵਾਨਾਂ ਨੂੰ ਪੈਰਾਂ ’ਤੇ ਖੜ੍ਹੇ ਕਰਨ ਲਈ ਉਨ੍ਹਾਂ ਆਪਣੀ ਪ੍ਰਾਪਤ ਕੀਤੀ ਸਿੱਖਿਆ ਨਾਲ ਮਾਲਵੇ ਦੀ ਧਰਤੀ ਬਠਿੰਡਾ ’ਚ ਗਿਆਨੀ, ਐਮ.ਏ ਪੰਜਾਬੀ ਅਤੇ ਐਮਏ ਅੰਗਰੇਜ਼ੀ ਵਿਦਿਆਰਥੀਆਂ ਨੂੰ ਪੜ੍ਹਾਉਣੀ ਸ਼ੁਰੂ ਕੀਤਾ।

1976, 77 ’ਚ ਗੁਰੂ ਕਾਸ਼ੀ ਕਾਲਜ ’ਚ ਪ੍ਰੋਫੈਸਰ ਰਹੇ। ਉਨ੍ਹਾਂ ਕੋਲੋਂ ਪੜ੍ਹੇ ਕਈ ਪ੍ਰੋਫੈੈਸਰ, ਡਾਕਟਰ, ਗਜ਼ਟਿਡ ਅਫ਼ਸਰ ਅਤੇ ਅਧਿਆਪਕ ਵਰਗ ਦੀਆਂ ਉੱਚ ਪਦਵੀਆਂ ਹਾਸਲ ਕੀਤੀਆਂ।

ਰਾਜਨੀਤਕ ਖੇਤਰ ’ਚ ਵੀ ਹੁਣ ਤਕ ਸਰਗਰਮੀਆਂ ਨਿਭਾਉਂਦੇ ਆ ਰਹੇ ਹਨ ਭਾਵੇਂ ਕਿ 1968 ਵਿਚ ਹੀ ਭਾਰਤੀ ਕਮਿਊਨਿਸਟ ਪਾਰਟੀ ਨਾਲ ਜੁੜ ਗਏ ਸਨ ਪਰ ਇਸ ਦੇ ਨਾਲ ਹੀ 1982 ਤੋਂ 2007 ਤੱਕ ਭਾਰਤੀ ਕਮਿਊਨਿਸਟ ਪਾਰਟੀ ਸ਼ਹਿਰੀ ਸਕੱਤਰ ਵੀ ਰਹੇ। ਇਸੇ ਦੌਰਾਨ ਨਗਰ ਕੌਂਸਲ ਬਠਿੰਡਾ ਦੇ 1992 ਤੋਂ 97 ਤਕ ਕੌਂਸਲਰ ਰਹੇ ਅਤੇ ਇਸੇ ਦੌਰਾਨ ਦੋ ਸਾਲ ਸੀਨੀਅਰ ਮੀਤ ਪ੍ਰਧਾਨ ਦੇ ਅਹੁਦੇ ’ਤੇ ਰਹੇ। ਅਜ਼ਾਦੀ ਘੁਲਾਟੀਏ ਪਰਿਵਾਰ ਨਾਲ ਸਬੰਧਤ ਹੋਣ ਕਰਕੇ ਫ਼ਰੀਡਮ ਫਾਈਟਰ ਐਂਡ ਫੈਮਿਲੀਜ਼ ਵੈਲਫੇਅਰ ਸੁਸਾਇਟੀ ਦੇ ਚੇਅਰਮੈਨ ਦਾ ਫ਼ਰਜ਼ ਵੀ ਨਿਭਾਅ ਰਹੇ ਹਨ ਜਦੋਂਕਿ ਪੰਜਾਬ ਐਸੋਸੀਏਟ ਸਕੂਲਜ਼ ਐਸੋਸੀਏਸ਼ਨ ਦੇ ਚੇਅਰਮੈਨ ਵੀ ਹਨ।

ਸਾਹਿਤਕ ਗਤੀਵਿਧੀਆਂ ’ਚ ਵੀ ਆਪਣੀਆਂ ਸਰਗਰਮੀਆਂ ਨਾਲ ਲਗਾਤਾਰ ਕੰਮ ਕਰ ਰਹੇ ਹਨ। ਗਿਆਨੀ ਦੀ ਗਾਈਡ ਵੀ ਪ੍ਰਕਾਸ਼ਤ ਕੀਤੀ ਅਤੇ ਵੱਖ-ਵੱਖ ਅਖ਼ਬਾਰਾਂ ’ਚ ਲੇਖ ਵੀ ਲਿਖਦੇ ਹਨ। ਕੇਂਦਰੀ ਪੰਜਾਬੀ ਲੇਖਕ ਸਭਾ ਦੇ ਮੀਤ ਪ੍ਰਧਾਨ ਅਤੇ ਸਰਪ੍ਰਸਤ ਵੀ ਰਹੇ।

ਰੰਗਮੰਚ 1990 ਵਿਚ ਬਾਬਾ ਹਾਜੀਰਤਨ ਯਾਦਗਾਰੀ ਮੰਚ ਸਥਾਪਤ ਕੀਤਾ। ਬਠਿੰਡਾ ਵਿਖੇ ਇਪਟਾ ਦੀ ਸਥਾਪਨਾ ਕੀਤੀ ਜਿਸ ਦਾ ਉਦਘਾਟਨ ਪ੍ਰੋ. ਗੁਰਦਿਆਲ ਸਿੰਘ ਨੇ ਕੀਤਾ। ਸਾਹਿਤ ਅਤੇ ਸੱਭਿਆਚਾਰ ਦੇ ਵਿਕਾਸ ਲਈ 80ਵੇਂ ਸਾਲ ’ਚ ਸੱਤਪਾਲ ਆਜ਼ਾਦ ਮੈਮੋਰੀਅਲ ਪਬਲਿਕ ਲਾਇਬ੍ਰੇਰੀ ’ਚ ਚੱਲ ਰਹੇ ਫੁਲਵਾੜੀ ਕਾਲਜ ਵਿਚ ਅੱਜ ਵੀ ਉਹ ਪ੍ਰਚਾਰ ਤੇ ਪ੍ਰਸਾਰ ਲਈ ਸਰਗਰਮੀਆਂ ਨਾਲ ਜੁੜੇ ਹੋਏ ਹਨ। ਪਬਲਿਕ ਲਾਇਬ੍ਰੇਰੀ ਦੇ 1992 ਤੋਂ 2011 ਤਕ ਜਨਰਲ ਸਕੱਤਰ ਦਾ ਫ਼ਰਜ਼ ਨਿਭਾਉਂਦਿਆਂ ਇਸ ਲਾਇਬ੍ਰੇਰੀ ਨੂੰ ਪੈਰਾਂ ’ਤੇ ਖੜ੍ਹਾ ਕਰਨ ਲਈ ਯਤਨਸ਼ੀਲ ਰਹੇ। ਉਹ ਪੰਜਾਬੀ ਬੋਲੀ ਤੇ ਸਾਹਿਤ ਨੂੰ ਪੂਰੀ ਤਰ੍ਹਾਂ ਸਮਰਪਿਤ ਹਨ।

- ਹਰਿਸ਼ਨ ਸ਼ਰਮਾ

Posted By: Harjinder Sodhi