ਹਰ ਲੇਖਕ ਦਾ ਲਿਖਣ ਦਾ ਢੰਗ ਵੱਖਰਾ ਹੁੰਦਾ ਹੈ। ਹਰ ਲੇਖਕ ਦੀ ਆਪਣੀ ਵਿਧਾ ਹੁੰਦੀ ਹੈ। ਜਿਵੇਂ ਲੇਖਕ ਆਪਣੀ ਚੋਣ ਕਰਦਾ ਹੈ, ਉਸੇ ਤਰ੍ਹਾਂ ਹੀ ਲਿਖਦਾ ਹੈ। ਹਾਸ-ਵਿਅੰਗ ਨੂੰ ਵੀ ਸਾਹਿਤ ਦਾ ਇਕ ਅੰਗ ਮੰਨ ਲਿਆ ਗਿਆ ਹੈ। ਅੱਜ ਇਸ ਵਿਚ ਬਹੁਤ ਸਾਰੇ ਮੋਢੀ ਲੇਖਕਾਂ ਦੇ ਨਾਂ ਆਉਂਦੇ ਹਨ। ਇਨ੍ਹਾਂ ਵਿਚੋਂ ਇਕ ਨਾਂ ਹੈ ਪਿਆਰਾ ਸਿੰਘ ਦਾਤਾ।

ਪਿਆਰਾ ਸਿੰਘ ਦਾਤਾ ਦਾ ਜਨਮ ਮਾਤਾ ਆਤਮ ਕੌਰ ਤੇ ਪਿਤਾ ਰਾਮ ਸਿੰਘ ਉਬਰਾਏ ਦੇ ਘਰ ਪਿੰਡ ਦਾਤਾ ਭੱਟ, ਜ਼ਿਲ੍ਹਾ ਰਾਵਲਪਿੰਡੀ (ਪਾਕਿਸਤਾਨ) ਵਿਖੇ 15 ਜੁਲਾਈ 1910 ਨੂੰ ਹੋਇਆ। ਭੈਣ ਨੰਦ ਕੌਰ ਤੇ ਭੈਣ ਨਾਨਕੀ ਦਾ ਵੀਰ, ਗੁਰਬਖ਼ਸ਼ ਸਿੰਘ ਦਾ ਭਰਾ ਪੰਜਾਬੀ ਸਾਹਿਤ ਦਾ ਹੀਰਾ ਬਣਿਆ। ਪਿਆਰਾ ਸਿੰਘ ਦਾਤਾ ਦਾ ਬਚਪਨ ਦਾ ਨਾਂ ਪ੍ਰਦਮਣ ਸਿੰਘ ਸੀ ਪਰ ਉਨ੍ਹਾਂ ਦੀ ਦਾਦੀ ਨੂੰ ਇਹ ਨਾਂ ਲੈਣਾ ਔਖਾ ਲੱਗਦਾ ਸੀ ਇਸ ਕਰਕੇ ਉਨ੍ਹਾਂ ਨੇ ਨਾਂ ਪਿਆਰਾ ਸਿੰਘ ਰੱਖਿਆ ਅਤੇ ਦਾਤਾ ਉਨ੍ਹਾਂ ਦੇ ਪਿੰਡ ਦਾ ਅੱਧਾ ਨਾਂ ਉਨ੍ਹਾਂ ਨੇ ਆਪਣੇ ਨਾਂ ਨਾਲ ਜੋੜ ਲਿਆ।

ਪਿਆਰਾ ਸਿੰਘ ਦਾਤਾ ਨੇ ਪ੍ਰਾਇਮਰੀ ਪਿੰਡ ਦੇ ਸਕੂਲ ਤੋਂ ਅਤੇ ਮੈਟਿ੍ਰਕ ਖ਼ਾਲਸਾ ਹਾਈ ਸਕੂਲ ਸੱਯਦ ਅਤੇ ਸੁਖੋ ਤੋਂ ਕੀਤੀ। ਫਿਰ ਕੁਝ ਸਮਾਂ ਡੀ. ਏ. ਵੀ. ਕਾਲਜ ਰਾਵਲਪਿੰਡੀ ਵੀ ਪੜ੍ਹੇ। ਬਚਪਨ ਵਿਚ ਲੇਖਕ ਗੁਰਪੁਰਬਾਂ ਮੌਕੇ ਗੁਰਦੁਆਰਿਆਂ ’ਚ ਆਪਣੀਆਂ ਕਵਿਤਾਵਾਂ ਪੜ੍ਹਦਾ ਹੁੰਦਾ ਸੀ। ਹੌਲੀ-ਹੌਲੀ ਹੱਲਾ-ਸ਼ੇਰੀ ਤੇ ਉਤਸ਼ਾਹ ਸਦਕਾ ਜਲਸਿਆਂ ਦੀਆਂ ਸਟੇਜਾਂ ’ਤੇ ਚੜ੍ਹਨ ਲੱਗ ਪਿਆ। ਉਨ੍ਹਾਂ ਸਮਿਆਂ ਵਿਚ ਹੀ ਪ੍ਰਸਿੱਧ ਸਾਹਿਤਕ ਪੱਤਰ ‘ਪ੍ਰੀਤਮਾ’ ਵਿਚ ਛਪਣ ਲੱਗ ਪਿਆ। ਦਾਤਾ ਜੀ ਨੇ ਸ਼ਹੀਦ ਭਗਤ ਸਿੰਘ ਜੀ ਦੀ ਸ਼ਹਾਦਤ ਵਾਲੇ ਦਿਨ ਅੰਗਰੇਜ਼ਾਂ ਖ਼ਿਲਾਫ਼ ਜੋਸ਼ੀਲੀ ਤਕਰੀਰ ਦਿੱਤੀ, ਇਸ ਕਰਕੇ ਸੀ. ਆਈ. ਡੀ. ਉਨ੍ਹਾਂ ਦੇ ਪਿੱਛੇ ਲੱਗੀ ਤਾਂ ਉਨ੍ਹਾਂ ਨੂੰ ਕੁਝ ਰੂਪੋਸ਼ ਹੋਣ ਲਈ ਮਜਬੂਰ ਹੋਣਾ ਪਿਆ। ਬਾਅਦ ਵਿਚ ਸੋਸ਼ਲਿਸਟ ਪਾਰਟੀ ਦਾ ਮੈਂਬਰ ਬਣਕੇ ਆਜ਼ਾਦੀ ਦੀ ਲੜਾਈ ਵਿਚ ਯੋਗਦਾਨ ਪਾਉਣ ਲੱਗਾ। ਲਾਹੌਰ ਤੋਂ ਦਿੱਲੀ ਆ ਕੇ ‘ਨੈਸ਼ਨਲ ਪ੍ਰੈਸ ਆਫ ਇੰਡੀਆ’ ਖੋਲ੍ਹ ਕੇ ਆਪਣਾ ਰੁਜ਼ਗਾਰ ਚਲਾਇਆ ਪਰ ਜ਼ਿੰਦਗੀ ਵਿਚ ਉਨ੍ਹਾਂ ਨੂੰ ਫੋਟੋ ਫਰੇਮਿੰਗ, ਡੇਅਰੀ ਫਾਰਮਿੰਗ, ਟਰੱਕ ਡਰਾਇਵਰੀ, ਗਿਆਨੀ ਕਾਲਜ, ਜਿਲਦਸਾਜ਼ੀ, ਸਟੇਸ਼ਨਰੀ ਤੇ ਹੋਰ ਕਿੱਤੇ ਵੀ ਕਰਨੇ ਪਏ।

ਪਿਆਰਾ ਸਿੰਘ ਦਾਤਾ ਦੀਆਂ ‘ਪ੍ਰੀਤਮਾ’ ਤੋਂ ਬਾਅਦ ‘ਪ੍ਰੀਤ ਸੈਨਿਕ’ ਤੇ ‘ਪ੍ਰੀਤ ਲੜੀ’ ’ਚ ਵੀ ਉਨ੍ਹਾਂ ਦੀਆਂ ਰਚਨਾਵਾਂ ਛਪਦੀਆਂ ਰਹੀਆਂ। ਦਾਤਾ ਜੀ ਦੀ ਪੁਸਤਕਾਂ ਦੀ ਲੜੀ ਉਨ੍ਹਾਂ ਦੀ ਉਮਰ ਜਿੰਨੀ ਹੀ ਲੰਬੀ ਹੈ। ‘ਹਾਸ-ਸੈਲਾਨੀ ਦਾਤਾ’, ‘ਬੇਪਰਵਾਹੀਆਂ’, ‘ਮਿੱਠੀਆਂ ਟਕੋਰਾਂ’, ‘ਲੂਣ ਦਾ ਪਹਾੜ’, ‘ਬਾਤਾਂ ਰਮਤੇ ਦੀਆਂ’, ‘ਗੱਪਬਾਜ਼’, ‘ਜ਼ਿੰਦਾ ਸ਼ਹੀਦ’, ‘ਨਵਾਂ ਰੇਡੀਓ’, ‘ਅਪ੍ਰੈਲ ਫੂਲ’, ‘ਦੁਰਗਤੀਆਂ’, ‘ਅਕਾਸ਼ਵਾਣੀ’, ‘ਹਾਸਯ-ਵਿਅੰਗ’, ‘ਨਮਕ ਕਾ ਪਹਾੜ’ (ਹਿੰਦੀ), ‘ਚੋਣਵੇਂ ਵਿਅੰਗ’, ‘ਚੋਣਵਾਂ ਪੰਜਾਬੀ ਹਾਸ-ਵਿਅੰਗ’, ‘ਆਪ-ਹੁਦਰੀਆਂ’, ‘ਅਠਖੇਲੀਆਂ’, ਜੀਵਨੀਆਂ :- ‘ਭੁੱਲੀਆਂ ਵਿਸਰੀਆਂ ਯਾਦਾਂ’, ‘ਮਹਾਂਬਲੀ ਬੰਦਾ ਸਿੰਘ ਬਹਾਦਰ’, ‘ਨੇਤਾ ਜੀ ਸੁਭਾਸ਼ ਚੰਦਰ ਬੋਸ’, ‘ਇਨਕਲਾਬੀ ਯੋਧਾ’, ‘1942 ਦੇ ਬਾਗ਼ੀ ਇਨਕਲਾਬੀ’, ‘ਪੰਡਿਤ ਜਵਾਹਰ ਲਾਲ ਨਹਿਰੂ’, ‘ਮਹਾਰਾਜਾ ਦਲੀਪ ਸਿੰਘ’, ‘ਸ਼ਹੀਦ ਦੇਵੀ’, ‘ਪਰਵਾਨੇ’, ‘ਮਹੁੰਬਾਨੇ ਵਤਨ’ (ਉਰਦੂ), ‘ਸਭ ਤੋਂ ਵੱਡਾ ਸਤਿਗੁਰ ਨਾਨਕ’, ‘ਵਤਨ ਦੇ ਸ਼ਹੀਦ’, ‘ਸਿੱਖ ਇਤਿਹਾਸ ਦੇ ਖ਼ੂਨੀ ਪੱਤਰੇ’, ‘ਦੇਸ਼ ਭਗਤ’, ‘ਸਿੱਖ ਸ਼ਹੀਦ’, ‘ਸਰਦਾਰ ਪਟੇਲ’, ‘ਗੁਰੂ ਨਾਨਕ ਦੇਵ ਜੀ’, ‘ਸ਼੍ਰੀ ਗੁਰੂ ਗੋਬਿੰਦ ਸਿੰਘ ਜੀ’ (ਹਿੰਦੀ) ਸਫ਼ਰਨਾਮੇ:- ‘ਸਫ਼ਰਨਾਮਾ ਸਾਹਿਤ’, ‘ਸਫ਼ਰਨਾਮੇ’, ‘ਸੈਲਾਨੀ ਦੀ ਦੇਸ਼ ਯਾਤਰਾ’, ‘ਮੇਰੇ ਪ੍ਰਮੁੱਖ ਸਫ਼ਰਨਾਮੇ’, ‘ਮੇਰੀ ਪਰਬਤ ਯਾਤਰਾ’, ‘ਕਸ਼ਮੀਰ ਯਾਤਰਾ’, ‘ਮਾਲਦੀਪ ਯਾਤਰਾ’, ‘ਦਿੱਲੀ ਤੋਂ ਕੰਨਿਆਂ ਕੁਮਾਰੀ’, ‘ਪਾਕਿਸਤਾਨ ਯਾਤਰਾ’, ਆਮ ਵਾਕਫੀ :- ‘ਪੰਜਾਬੀ ਵਿਆਕਰਨ ਤੇ ਲਿਖਤ ਰਚਨਾ’, ‘ਇਸਤਰੀ ਸਿੱਖਿਆ’, ‘ਸੁਹਾਗ ਸਿੱਖਿਆ’, ‘ਨਰੋਆ ਜੀਵਨ’, ‘ਬਾਲ ਸਹਿਤ’, ‘ਅਕਬਰ ਬੀਰਬਲ’, ‘ਹਾਸ-ਵਿਨੋਦ’, ‘ਪਹਾੜੀ ਯਾਤਰਾ’, ‘ਆਪਣੀ ਜਵਾਨੀ’,‘ਸ਼ੱਕਰਪਾਰੇ’, ‘ਮਦਰਾਸ ਦੀ ਸੈਰ’, ‘ਬੰਬਈ ਦੀ ਸੈਰ’, ‘ਗੁਰੂ ਨਾਨਕ ਦੇਵ ਜੀ’, ‘ਗੁਰੂ ਨਾਨਕ’, ‘ਦਿੱਲੀ ਦੀ ਸੈਰ’, ‘ਟੈਲੀਫੋਨ ਤੇ ਰੇਡੀਓ ਦੀ ਕਹਾਣੀ’, ‘ਮੋਟਰ ਗੱਡੀ’, ‘ਹਵਾਈ ਜਹਾਜਜ਼’, ‘ਪੈਟਰੋਲ ਤੇ ਡੀਜ਼ਲ ਦੀ ਕਹਾਣੀ’, ‘ਕੱਪੜਾ ਉਦਯੋਗ’, ‘ਕਾਗਜ਼ ਉਦਯੋਗ’, ‘ਵਾਹੀ ਖੇਤੀ’, ‘ਜੱਗਾ ਮੋਗਿਆ ਦੇ ਦੇਸ਼ ਵਿਚ’, ‘ਜੱਗਾ ਬੌਣਿਆ ਦੇ ਦੇਸ਼ ਵਿਚ’, ‘ਬੀਰ ਬਹਾਦਰ ਜੱਗੇ ਦੀ ਵਾਰਤਾ’, ‘ਲਾਲਾ ਲਾਜਪਤ ਰਾਏ’, ‘ਬਾਬਾ ਪ੍ਰੇਮਾਂ’, ‘ਦੋ ਇੰਜਨਾਂ ਦਾ ਕਹਾਣੀ’, ‘ਗੁਰੂ ਨਾਨਕ ਦੇਵ’ (ਹਿੰਦੀ) ਵਿਚ ਅਨੁਵਾਦ :- ‘ਮੇਰੀ ਪਹਿਲੀ ਪ੍ਰੀਤ ਤੇ ਹੋਰ ਕਹਾਣੀਆਂ’, ‘ਮਾਂਗਵੇ ਖੰਭ’ (ਕਹਾਣੀਆਂ), ਨਾਵਲ :- ‘ਕਾਲੀ ਮਿੱਟੀ’, ‘ਲੱਛਮੀ’, ‘ਧਰਤੀ ਲਾਲੋ-ਲਾਲ’, ‘ਦੇਸ਼-ਵਿਦੇਸ਼ ਦੀਆਂ ਪ੍ਰੀਤ ਕਹਾਣੀਆਂ’,‘ਫਰਾਂਸ ਦੀ ਕਹਾਣੀ’, ‘ਮਨੁੱਖ ਤੇ ਦੇਵਤਾ’ (ਵਣਜਾਰਾ ਬੇਦੀ ਨਾਲ ਮਿਲਕੇ), ਅੰਗਰੇਜ਼ੀ ਵਿਚ :- ‘ਦਿ ਸਿੱਖ ਐਮਪਾਇਰ’, ‘ਸੇਂਟ ਸੋਲਜ਼ਰ’, ‘ਗੁਰੂ ਗੋਬਿੰਦ ਸਿੰਘ’, ‘ਬੰਦਾ ਸਿੰਘ ਬਹਾਦਰ’ ਖੋਜ ਪੁਸਤਕਾਂ :- ਦਾਤਾ ਰਚਿਤ, ਯਾਤਰਾ ਸਾਹਿਤ’, ‘ਪਿਆਰਾ ਸਿੰਘ ਦਾਤਾ ਤੇ ਉਸ ਦਾ ਹਾਸ-ਵਿਅੰਗ’

ਸੰਪਾਦਨਾ:-‘ਨਵਾਂ ਸਾਹਿਤ’ (ਮਾਸਿਕ ਪੱਤਰ), ‘ਸਫਲਤਾ’ (ਮਾਸਿਕ ਪੱਤਰ) ਆਦਿ ਤੋਂ ਇਲਾਵਾ, ਅੰਮਿ੍ਰਤਸਰ, ਚੰਡੀਗੜ੍ਹ ਯੂਨੀਵਰਸਿਟੀਆਂ ’ਚ ਐੱਮ. ਫਿਲ. ’ਚ ਚੋਣਵੇਂ ਹਾਸ-ਵਿਅੰਗ ਲੱਗੇ ਹੋਏ ਹਨ।

ਪਿਆਰਾ ਸਿੰਘ ਦਾਤਾ ਬਹੁਪੱਖੀ, ਬਹੁ-ਭਾਸ਼ਾਈ ਲੇਖਕ ਹੈ। ਉਨ੍ਹਾਂ ਨੇ ਅੰਗਰੇਜ਼ੀ, ਉਰਦੂ, ਹਿੰਦੀ ਤੇ ਪੰਜਾਬੀ ਵਿਚ ਕਲਮ ਚਲਾਈ। ਉਨ੍ਹਾਂ ਨੂੰ ‘ਪੰਜਾਬੀ ਸਾਹਿਤ ਸਭਾ ਦਿੱਲੀ, ਭਾਈ ਮੋਹਨ ਸਿੰਘ ਵੈਦ ਅੰਮਿ੍ਰਤਸਰ ,ਬਲਰਾਜ ਸਾਹਨੀ ਐਵਾਰਡ ਢੁੱਡੀਕੇ, ਪੰਜਾਬੀ ਅਕਾਦਮੀ ਦਿੱਲੀ, ਮਲੇਰਕੋਟਲਾ ਸਾਹਿਤ ਸਭਾ ਵੱਲੋਂ, ਕਰਤਾਰ ਸਿੰਘ ਧਾਲੀਵਾਲ ਐਵਾਰਡ ਅਮਰੀਕਾ (ਰਾਹੀਂ) ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ, ਬ੍ਰਦਰਹੁਡ ਜੰਗਪੁਰ ਨਵੀਂ ਦਿੱਲੀ, ਪੰਜਾਬੀ ਕਲਚਰਲ ਸੋਸਾਇਟੀ ਗਾਜੀਆਬਾਦ, ਸੰਤ ਨਿਧਾਨ ਸਿੰਘ ਕੇਸਰ ਬੈਂਕਾਕ ਐਵਾਰਡ, ਕੇ. ਐਲ. ਕਪੂਰ ਐਵਾਰਡ ਮੋਗਾ, ਭਾਈ ਵੀਰ ਸਿੰਘ ਪੁਰਸਕਾਰ ਭਾਸ਼ਾ ਵਿਭਾਗ ਵੱਲੋਂ, ਹਜ਼ੂਰ ਸਾਹਿਬ ਨੰਦੇੜ ਵਿਖੇ ਸਨਮਾਨ, ਦੇਹਰਾਦੂਨ ਤੋਂ ਸਨਮਾਨਿਤ, ਦਿੱਲੀ ਸਰਕਾਰ ਪੰਜਾਬੀ ਅਕਾਦਮੀ ਵੱਲੋਂ 1 ਲੱਖ 11 ਹਜ਼ਾਰ ਨਾਲ ਸਨਮਾਨਿਤ ਅਤੇ ਭਾਸ਼ਾ ਵਿਭਾਗ ਪਟਿਆਲਾ ਵੱਲੋਂ 1 ਲੱਖ, ਸੋਨੇ ਦਾ ਮੈਡਲ ਨਾਲ ਸਨਮਾਨਿਤ ਕੀਤਾ ਗਿਆ ਹੈ। ਪਿਆਰਾ ਸਿੰਘ ਦਾਤਾ, ਮਿੱਠਾ ਬੋਲੜਾ, ਨਿਮਰ ਤੇ ਹਲੀਮੀ ਸੁਭਾਅ ਵਾਲਾ, ‘ਰਮਤਾ ਸੈਲਾਨੀ’, ਹੱਸਣ-ਹਸਾਣ ਦੀ ਆਦਤ ਵਾਲੇ ਨੇ ਵੱਖ-ਵੱਖ ਵਿਸ਼ਿਆਂ ਤੇ ਕਲਮ ਅਜ਼ਮਾਈ। ਅਖੀਰ ਮਾਂ ਬੋਲੀ ਦਾ ਪਿਆਰਾ ਲਾਲ 10 ਜਨਵਰੀ 2004 ਨੂੰ ਦੁਨੀਆ ਨੂੰ ਅਲਵਿਦਾ ਆਖ ਗਿਆ। ਉਨ੍ਹਾਂ ਦੀਆਂ ਅਣਮੁੱਲੀਆਂ ਕਿਤਾਬਾਂ ਪਾਠਕਾਂ ਨੂੰ ਜਾਗਰਤ ਕਰਦੀਆਂ ਰਹਿਣਗੀਆਂ। ਸਾਹਿਤ ਜਗਤ ਵਿਚ ਪਿਆਰਾ ਸਿੰਘ ਦਾਤਾ ਜੀ ਦਾ ਨਾਂ ਬੜੇ ਅਦਬ ਨਾਲ ਲਿਆ ਜਾਂਦਾ ਹੈ।

- ਦਰਸ਼ਨ ਸਿੰਘ ਪ੍ਰੀਤੀਮਾਨ

Posted By: Harjinder Sodhi