ਭਗਵੰਤ ਰਸੂਲਪੁਰੀ ਉਸ ਪੀੜ੍ਹੀ ਦਾ ਕਹਾਣੀਕਾਰ ਹੈ ਜਿਹੜੀ ਪਿਛਲੀ ਪੀੜ੍ਹੀ ਦੀਆਂ ਅਣਕਹੀਆਂ ਗੱਲਾਂ ਕਹਿ ਰਹੀ ਹੈ। ਭਗਵੰਤ ਦੀ ਕਹਾਣੀ ਨੇ ਸਵਾਲ ਪੈਦਾ ਕੀਤੇ ਨੇ। ਉਸ ਦੀਆਂ ਦਲਿਤ ਸਮਾਜ ਬਾਰੇ ਲਿਖੀਆਂ ਕਹਾਣੀਆਂ ਦਲਿਤਾਂ ਦੇ ਇਤਿਹਾਸ-ਮਿਥਿਹਾਸ ਅਤੇ ਉਨ੍ਹਾਂ ਦੀ ਰਹਿਣੀ-ਬਹਿਣੀ ਤੋਂ ਲੈ ਕੇ ਨਿੱਜੀ ਕਿੱਤਿਆਂ ਦਾ ਵਰਣਨ ਕਰਦੀਆਂ ਹਨ। ਭਗਵੰਤ ਦਲਿਤ ਕਹਾਣੀ ਨਾਲ ਇਸ ਲਈ ਹੀ ਨਿਆਂ ਨਹੀਂ ਕਰਦਾ ਕਿ ਉਹ ਦਲਿਤ ਪਰਿਵਾਰ 'ਚ ਪੈਦਾ ਹੋਇਆ ਬਲਕਿ ਉਸ ਨੇ ਉਹ ਸਾਰੇ ਦ੍ਰਿਸ਼ ਆਪਣੀਆਂ ਅੱਖਾਂ ਸਾਹਮਣੇ ਦੇਖੇ ਨੇ ਜੋ ਸਮੇਂ-ਸਮੇਂ ਵੈਰਾਗ ਬਣ ਉਹਦੀਆਂ ਕਹਾਣੀਆਂ 'ਚ ਆਉਂਦੇ ਗਏ। ਭਗਵੰਤ ਦਾ ਇਨ੍ਹੀ ਦਿਨੀਂ ਆਇਆ ਨਾਵਲ 'ਜ਼ਰਖ਼ੇਜ਼' ਕੈਨੇਡਾ 'ਚ ਵਸਦੇ ਪੰਜਾਬੀਆਂ ਦੀਆਂ ਅੰਦਰਲੀਆਂ ਤਹਿਆਂ ਫਰੋਲਦਾ ਹੈ। ਇਸ ਨਾਵਲ ਦੀ ਗੱਲ ਪੰਜਾਬੀ ਸਾਹਿਤ ਵਿਚ ਉਸ ਦੀ ਕਹਾਣੀ ਵਾਂਗ ਹੀ ਤੁਰ ਪਈ ਹੈ। ਭਗਵੰਤ ਆਪਣੀ ਕਹਾਣੀ, ਸਮਾਜ ਤੇ ਪਾਠਕਾਂ ਬਾਰੇ ਕੀ ਵਿਚਾਰ ਰੱਖਦਾ ਹੈ ਉਹ ਇਸ ਮੁਲਾਕਾਤ ਵਿਚ ਪੁੱਛੇ ਗਏ ਸਵਾਲਾਂ ਦੇ ਜਵਾਬ ਸਾਫ਼ ਦੱਸ ਰਹੇ ਹਨ।

J ਤੁਹਾਡੀ ਪਹਿਲੀ ਕਹਾਣੀ ਕਿਹੜੀ ਸੀ ਤੇ ਤੁਸੀਂ ਉਹ ਕਦੋਂ ਲਿਖੀ ਸੀ?

ਮੈਂ ਲਿਖਣਾ ਕਹਾਣੀ ਤੋਂ ਹੀ ਸ਼ੁਰੂ ਕੀਤਾ। ਮੇਰੀ ਪਹਿਲੀ ਕਹਾਣੀ 'ਸੰਤੀ' ਸੀ, ਜਿਹੜੀ ਕਿ ਅੱਜ ਤੋਂ 23 ਸਾਲ ਪਹਿਲਾ ਉਦੋਂ ਲਿਖੀ ਜਦੋਂ ਮੈਂ ਕਾਲਜ ਪਹਿਲੇ ਸਾਲ ਵਿਚ ਸਾਂ। ਨਾਨਕੇ ਰਹਿੰਦਿਆਂ ਸਾਡੇ ਪਿੰਡ ਵਿਚ ਇਕ ਝੱਲੀ ਜਿਹੀ ਔਰਤ ਫਿਰਦੀ ਰਹਿੰਦੀ ਸੀ। ਜਿਸਦਾ ਨਾਂ 'ਸੰਤੀ' ਸੀ। ਉਹ ਥਾਂ-ਥਾਂ ਤੋਂ ਬਾਲਣ 'ਕੱਠਾ ਕਰਦੀ। ਸ਼ਾਇਦ ਹੀ ਕਦੇ ਨਹਾਤੀ ਹੋਵੇ, ਉਹਦੇ ਕੱਪੜੇ ਮੈਲ਼ ਨਾਲ ਭਰੇ ਹੁੰਦੇ ਸਨ। ਕੋਈ ਉਹਨੂੰ ਰੋਟੀ ਦੇ ਦਿੰਦਾ। ਉਹ ਬਹੁਤ ਹੀ ਗੰਦੀ। ਪਾਗਲਾਂ ਵਰਗੀ ਸੀ। ਉਹਦਾ ਪਤੀ ਸਾਡੇ ਸਕੂਲ ਅੱਗੇ ਸ਼ਕਰਕੰਦੀ ਵੇਚਦਾ ਹੁੰਦਾ ਸੀ। ਛੁੱਟੀ ਵਾਲੇ ਦਿਨ ਵਿਆਹ ਸ਼ਾਦੀਆਂ 'ਤੇ ਰਿਕਾਰਡ ਵਜਾਉਂਦਾ ਸੀ। ਉਹ ਸ਼ਾਮ ਨੂੰ ਦਾਰੂ ਪੀ ਕੇ ਉਹਨੂੰ ਕੁੱਟਦਾ। ਤੇ ਉਸ ਦੇ ਲਿਆਂਦੇ ਬਾਲਣ ਨਾਲ ਸ਼ਕਰਕੰਦੀ ਭੁੰਨਦਾ। ਉਹਦਾ ਇਕ ਮੁੰਡਾ ਵੀ ਸੀ। ਮੇਰੇ ਸਾਹਮਣੇ ਜੋ ਘਟਨਾਵਾਂ ਸਨ ਉਹ ਮੈਂ ਆਪਣੀ ਸਮਝ ਨਾਲ ਲਿਖ ਦਿੱਤੀਆਂ। ਕੁਝ ਵਾਰਤਾਲਾਪ ਬਣਾਏ। ਜਦੋਂ ਇਹ ਕਹਾਣੀ ਕਾਲਜ ਦੇ ਮੈਗਜ਼ੀਨ ਵਿਚ ਛਪੀ ਤਾਂ ਮੇਰੇ ਕੋਲੋਂ ਖ਼ੁਸ਼ੀ ਸਾਂਭੀ ਨਾ ਗਈ। ਮੈਂ ਉਹ ਕਹਾਣੀ ਕਈ ਦੋਸਤਾਂ ਨੂੰ ਵਿਖਾਈ। ਉਹ ਕਹਿਣ ਲੱਗੇ ਤੂੰ ਇਹ ਕਿੱਥੋਂ ਚੋਰੀ ਕੀਤੀ ਏ। ਖ਼ੈਰ ਉਹ ਕਹਾਣੀ ਇਕ ਔਰਤ ਬਾਰੇ ਸੀ, ਜਿਸ 'ਤੇ ਉਹਦਾ ਪਤੀ ਜ਼ੁਲਮ ਕਰਦਾ ਸੀ। ਇਹ ਕਹਾਣੀ ਮੇਰੀ ਕਿਸੇ ਕਿਤਾਬ ਵਿਚ ਸ਼ਾਮਲ ਨਹੀਂ ਹੈ।

- ਕਹਾਣੀ ਵਿਚ ਯਥਾਰਥ ਤੇ ਕਲਪਨਾ ਕਿਵੇਂ ਸਫ਼ਰ ਕਰਦੇ ਨੇ।

ਲੇਖਕ ਕੋਲੋਂ ਕਲਪਨਾ ਐਨੀ ਗਹਿਰੀ ਤੇ ਵਿਸ਼ਾਲ ਹੋਣੀ ਚਾਹੀਦੀ ਕਿ ਉਹ ਕਹਾਣੀ ਵਿਚ ਕਨਵਰਟ ਹੋ ਕੇ ਕਲਪਨਾ ਤੋਂ ਯਥਾਰਥ ਵਿਚ ਬਦਲ ਜਾਵੇ। ਜਦੋਂ ਹੂ-ਬ-ਹੂ ਅੱਖੀਂ ਵੇਖਿਆ ਯਥਾਰਥ ਚੁੱਕ ਕੇ ਤੁਸੀਂ ਕਹਾਣੀ ਜਾਂ ਨਾਵਲ ਵਿਚ ਲਿਖ ਦਿੰਦੇ ਹੋ ਤਾਂ ਉਹ ਰਚਨਾ ਬਹੁਤ ਹਲਕੀ ਰਹਿ ਜਾਂਦੀ ਏ। ਉਹ ਰਚਨਾ ਇੰਜ ਲੱਗਦੀ ਏ ਜਿਵੇਂ ਪਾਣੀ ਵਿਚ ਤੇਲ ਵੱਖਰਾ ਤੈਰਨ ਲੱਗਦਾ ਏ। ਮੇਰੇ ਕੋਲ ਕੁਝ ਘਟਨਾਵਾਂ ਹੁੰਦੀਆਂ ਹਨ। ਕੁਝ ਪਾਤਰ ਹੁੰਦੇ ਹਨ। ਆਪਣੀ ਕਲਪਨਾ ਨਾਲ ਮੈਂ ਉਨ੍ਹਾਂ ਪਾਤਰਾਂ ਨੂੰ ਘੜਦਾ ਹਾਂ, ਘਟਨਾਵਾਂ ਨੂੰ ਆਪਣੀ ਕਲਪਨਾ ਤੇ ਆਪਣੀ ਵਿਚਾਰਧਾਰਾ ਨਾਲ ਸ਼ਕਲ ਦਿੰਦਾ ਹਾਂ। ਕਲਪਨਾ, ਯਥਾਰਥ ਤੇ ਵਿਚਾਰਧਾਰਾ ਨਾਲ ਮਿਲ ਕੇ ਜਦੋਂ ਕਹਾਣੀ ਵਿਚ ਆਉਂਦੀ ਏ ਉਦੋਂ ਰਚਨਾ ਜਾਨਦਾਰ ਬਣਦੀ ਏ। ਇਹ ਆਪਸ ਵਿਚ ਐਨੇ ਰਚ-ਮਿਚ ਜਾਂਦੇ ਹਨ ਕਿ ਪਾਠਕ ਨੂੰ ਇਸ ਦਾ ਨਿਖੇੜ ਕਰਨਾ ਮੁਸ਼ਕਲ ਹੋ ਜਾਂਦਾ ਹੈ। ਲੇਖਕ ਕੋਲ ਜਿੱਡੀ ਵੱਡੀ ਕਲਪਨਾ ਹੋਵੇਗੀ ਉਹ ਓਡੀ ਵੱਡੀ ਰਚਨਾ ਪੈਦਾ ਕਰ ਸਕਦਾ ਏ।

- ਕੀ ਇਕ ਗ਼ੈਰ ਦਲਿਤ ਲੇਖਕ ਦਲਿਤ ਕਹਾਣੀ ਨਾਲ ਨਿਆਂ ਕਰ ਸਕਦਾ ਹੈ?

ਇਹ ਲੇਖਕ ਦੀ ਸਮਰੱਥਾ 'ਤੇ ਨਿਰਭਰ ਕਰਦਾ ਏ। ਕਈ ਵਾਰੀ ਜਦੋਂ ਮੈਂ ਗ਼ੈਰ-ਦਲਿਤ ਲੇਖਕਾਂ ਦੀਆਂ ਦਲਿਤ ਕਹਾਣੀਆਂ ਲਿਖੀਆਂ ਪੜ੍ਹਦਾ ਹਾਂ ਤਾਂ ਮੈਨੂੰ ਮਹਿਸੂਸ ਹੋਣ ਲੱਗ ਪੈਂਦਾ ਏ ਕਿ ਯਾਰ ਇਹ ਲੇਖਕ ਜੋ ਦਲਿਤ ਯਥਾਰਥ ਕਹਾਣੀ 'ਚ ਪੇਸ਼ ਕਰ ਰਹੇ ਨੇ ਉਹ ਮੈਂ ਆਪਣੇ ਆਲੇ-ਦੁਆਲੇ ਕਿÀੁਂ ਨਹੀਂ ਵੇਖਿਆ। ਮੈਨੂੰ ਉਹ ਯਥਾਰਥ ਦਿਸਦਾ ਨਹੀਂ। ਪਤਾ ਨਹੀਂ ਉਹ ਦਲਿਤ ਯਥਾਰਥ ਨੂੰ ਕਿਵੇਂ ਆਪਣੀ ਕਲਪਨਾ ਨਾਲ ਫੜੀ ਜਾਂਦੇ ਨੇ। ਜ਼ਮੀਨੀ ਸੱਚ ਕੁਝ ਹੋਰ ਏ ਤੇ ਦਲਿਤ ਕਹਾਣੀ ਜੋ ਸੱਚ ਬਿਆਨ ਕਰਦੀ ਏ ਉਹ ਸੁੱਚ ਕੁਝ ਹੋਰ ਹੋਰ। ਜਿੰਨਾ ਚਿਰ ਦਲਿਤ ਸਮਾਜ ਦਾ ਯਥਾਰਥ ਲੇਖਕ ਦੇ ਪਿੰਡੇ 'ਤੇ ਝਰੀਟਾਂ ਨਹੀਂ ਲਾਉਂਦਾ, ਓਨਾ ਚਿਰ ਚੰਗੀ ਦਲਿਤ ਕਹਾਣੀ ਲਿਖ ਨਹੀਂ ਹੋਣੀ। ਸ਼ੀਸ਼ੇ ਦੇ ਕੈਬਿਨ ਵਿਚ ਬੈਠ ਕੇ ਦਲਿਤਾਂ ਬਾਰੇ ਕਿਵੇਂ ਲਿਖਿਆ ਜਾ ਸਕਦਾ ਏ। ਏਧਰੋਂ ਓਧਰੋ ਪੜ੍ਹ ਕੇ ਸੁਣੀਆਂ ਸੁਣਾਈਆਂ ਗੱਲਾਂ ਨੂੰ ਕਹਾਣੀ ਵਿਚ ਘਸੋੜਨ ਨਾਲ ਦਲਿਤ ਕਹਾਣੀ ਨਹੀਂ ਬਣ ਸਕਦੀ।

- 'ਬਲੈਕ ਡਸਟਬਿਨ' ਕਹਾਣੀ ਪਰਵਾਸ ਦਾ ਸੰਤਾਪ ਹੈ। ਫਿਰ ਇਹ ਅਜੋਕੇ ਪੰਜਾਬੀਆਂ ਨੂੰ ਕਿਉਂ ਨਹੀਂ ਸੇਧ ਦੇ ਸਕੀ?

ਸਾਹਿਤ ਬੰਦੇ ਨੂੰ ਸਿੱਧੇ ਤੌਰ 'ਤੇ ਸੇਧ ਨਹੀਂ ਦਿੰਦਾ। ਸਾਹਿਤ ਦਾ ਇਕ ਆਪਣਾ ਸੁਹਜ ਹੁੰਦਾ ਏ। ਉਹਦੀ ਆਪਣੀ ਕਲਾ ਹੁੰਦੀ ਏ। ਪਾਠਕ ਨੇ ਸਾਹਿਤ ਪੜ੍ਹ ਕੇ ਸਮਾਜ ਨੂੰ ਸਮਝਣਾ ਹੁੰਦਾ ਏ। ਬੰਦੇ ਨੂੰ ਸਮਝਣਾ ਹੁੰਦਾ ਏ, ਤੇ ਫਿਰ ਉਸ ਨੇ ਆਪਣੇ ਵਿਚਾਰ ਸਮਾਜ ਪ੍ਰਤੀ, ਕਿਸੇ ਖਿੱਤੇ ਪ੍ਰਤੀ ਬਣਾਉਣੇ ਹੁੰਦੇ ਹਨ। ਸਾਹਿਤ ਸਮਾਜ ਨੂੰ ਲੁਕਵੇਂ ਢੰਗ ਨਾਲ ਪ੍ਰਭਾਵਿਤ ਕਰਦਾ ਏ। ਲੁਕਵੇਂ ਢੰਗ ਨਾਲ ਮੋੜਾ ਦਿੰਦਾ ਏ। ਜਿਹਦੀ ਤੋਰ ਬਹੁਤ ਸਹਿਜ ਗਤੀ ਦੀ ਹੁੰਦੀ ਏ।

- ਤੁਹਾਡਾ ਇੰਨ੍ਹੀਂ ਦਿਨੀਂ ਆਇਆ ਪਲੇਠਾ ਨਾਵਲ 'ਜ਼ਰਖ਼ੇਜ਼' ਪਰਵਾਸੀ ਪੰਜਾਬੀਆਂ ਦੇ ਨਵੇਂ ਔਰੇ ਦੀ ਦੱਸ ਪਾਉਂਦਾ ਹੈ। ਕਿਉਂ ਅਪਣਾ ਰਹੇ ਨੇ ਪੰਜਾਬੀ ਇਹ ਔਰਾ?

ਜਦੋਂ ਇਕ ਖਿੱਤੇ ਦੇ ਲੋਕਾਂ ਦੀਆਂ ਲੋੜਾਂ, ਖ਼ਾਹਿਸ਼ਾਂ, ਉਮੀਦਾਂ ਨੂੰ ਪੂਰਿਆਂ ਕਰਨ ਤੋਂ ਅਸਮਰੱਥ ਹੋ ਜਾਂਦਾ ਹੈ ਤਾਂ ਉੱਥੋਂ ਉੱਠ ਸਕਣ ਵਾਲੇ ਲੋਕ ਉੱਠ ਕੇ ਉਸ ਖਿੱਤੇ ਵਿਚ ਜਾ ਬੈਠਦੇ ਹਨ, ਜਿੱਥੇ ਉਨ੍ਹਾਂ ਦੀਆਂ ਖ਼ਾਹਿਸ਼ਾਂ ਤੇ ਲੋੜਾਂ ਪੂਰੀਆਂ ਹੁੰਦੀਆਂ ਹਨ। ਜਿਨ੍ਹਾਂ ਕੋਲ ਸਾਧਨ ਹੁੰਦੇ ਨੇ ਉਹ ਪਲਾਇਨ ਕਰ ਜਾਂਦੇ ਨੇ। ਉੱਥੇ ਜਾ ਕੇ ਉਨ੍ਹਾਂ ਨਾਲ ਨਵੇਂ ਸੰਵਾਦ, ਦੁਵਿਧਾਵਾਂ, ਦਵੰਧ ਜਨਮ ਲੈਂਦੇ ਹਨ। ਸਾਡਾ ਇਹ ਇਤਿਹਾਸ ਏ ਕਿ ਜਦੋਂ ਚਰਵਾਹਿਆਂ ਸਾਹਮਣੇ ਚਰਾਗਾਹਾਂ ਮੁੱਕੀਆਂ ਤਾਂ ਉਨ੍ਹਾਂ ਨੇ ਨਵੀਆਂ ਚਰਾਗਾਹਾਂ ਤਲਾਸ਼ਣ ਲਈ ਪਲਾਇਨ ਕੀਤਾ। ਸਮਕਾਲ ਵਿਚ ਨੌਜਵਾਨਾਂ ਦਾ ਪਰਵਾਸ ਘੱਟ ਤੇ ਪਲਾਇਨ ਵੱਧ ਹੋ ਰਿਹਾ ਏ। ਪੰਜਾਬੀ ਏਸੇ ਕਰਕੇ ਇਹ ਔਰਾ ਅਪਣਾ ਰਹੇ ਨੇ। ਜਦੋਂ ਯਥਾਰਥ ਤੇ ਕਲਪਨਾ ਦੇ ਸੁਮੇਲ ਨਾਲ ਮੇਰੇ ਮਨ ਵਿਚ ਨਾਵਲ ਦੀਆਂ ਤੰਦਾਂ ਜੁੜ ਰਹੀਆਂ ਸਨ ਤਾਂ ਇਹ ਸਾਰੇ ਇਤਿਹਾਸਕ ਕਾਰਨ ਵੀ ਪਏ ਸਨ।

- ਤੁਸੀਂ ਆਪਣੇ ਨਾਵਲ 'ਜ਼ਰਖ਼ੇਜ਼' 'ਚ ਵਿਦੇਸ਼ੀ ਯੂਨੀਵਰਸਿਟੀਆਂ ਵਿਚ ਪੜ੍ਹਦੇ ਭਾਰਤੀ ਵਿਦਿਆਰਥੀਆਂ ਦੇ ਜੋ ਹਾਲਾਤ ਨੇ ਉਹ ਦਰਸਾਏ ਹਨ, ਕਿਹੜੀ ਅਜਿਹੀ ਤਾਂਘ ਹੈ ਜੋ ਉਨ੍ਹਾਂ ਕੋਲੋਂ ਇੰਨਾ ਕਠਿਨ ਕੰਮ ਕਰਵਾਈ ਜਾ ਰਹੀ ਹੈ?

ਜਦੋਂ ਮੈਂ ਨਾਵਲ ਬਾਰੇ ਸੋਚ ਰਿਹਾ ਸਾਂ ਤਾਂ ਮੇਰੇ ਮਨ ਵਿਚ ਦੋ ਮੁੱਦੇ ਸਨ। ਇਕ ਤਾਂ ਇਹ ਸੀ ਕਿ ਉੱਥੇ ਰਹਿੰਦੇ ਪਰਵਾਸੀ ਪੰਜਾਬੀਆਂ ਨੇ ਤੇ ਅਸੀਂ ਇਹ ਮਿੱਥ ਘੜ ਲਈ ਏ ਕਿ ਕੈਨੇਡਾ ਵਿਚ ਜਿਹੜੀ ਖੇਤੀਬਾੜੀ ਹੈ ਖ਼ਾਸ ਕਰ ਕੇ ਫਰੂਟ ਉਗਾਉਣ ਵਾਲਾ ਕਿਸਾਨ ਕੀੜੀਮਾਰ-ਉੱਲੀ ਲੱਗਣ ਵਾਲੀਆਂ ਜ਼ਹਿਰੀਲੀਆਂ ਦਵਾਈਆਂ, ਖਾਦਾਂ ਦੀ ਵਰਤੋਂ ਨਹੀਂ ਕਰਦੇ ਜੇ ਕਰਦੇ ਹਨ ਇਕ ਤਾਂ ਉਨ੍ਹਾਂ ਦੀ ਮਾਤਰਾ ਬਹੁਤ ਘੱਟ ਏ ਦੂਜੀ ਗੱਲ ਕਿ ਉਨ੍ਹਾਂ 'ਚ ਹਾਨੀਕਾਰਕ ਤੱਤ ਘੱਟ ਏ। ਮੈਂ ਇਸ ਮਿੱਥ ਨੂੰ ਨਾਵਲ ਵਿਚ ਤੋੜਿਆ ਏ। ਕੀਟਨਾਸ਼ਕ ਦਵਾਈਆਂ ਬਣਾਉਣ ਵਾਲੀਆਂ ਕੰਪਨੀਆਂ ਦਾ ਜਾਲ ਕੈਨੇਡਾ ਵਿਚ ਸੰਘਣਾ ਏ। ਮਿਲੀਅਨ ਡਾਲਰ ਮੁਨਾਫਾ ਕਮਾ ਰਹੀਆਂ ਨੇ। ਉੱਥੇ ਵੀ ਵੱਡਾ ਫਾਰਮਰ ਹੀ ਸਰਵਾਇਵ ਕਰ ਰਿਹਾ ਏ। ਛੋਟੇ ਫਾਰਮਰ ਦਾ ਲੱਕ ਟੁੱਟਿਆ ਹੋਇਆ ਏ। ਦੂਜਾ ਜੋ ਪੰਜਾਬ ਤੋਂ ਵਿਦਿਆਰਥੀ ਉੱਧਰ ਜਾ ਕੇ ਪਹਿਲਾਂ ਪੜ੍ਹਦੇ ਹਨ ਤੇ ਫਿਰ ਉੱਥੇ ਪੱਕੇ ਹੋਣ ਲਈ ਸੰਘਰਸ਼ ਕਰਦੇ ਹਨ ਉਨ੍ਹਾਂ ਦਾ ਅਤੇ ਉੱਥੇ ਪੱਕੇ ਪੰਜਾਬੀਆਂ ਦਾ ਉਨ੍ਹਾਂ ਪ੍ਰਤੀ ਕਿਹੋ ਜਿਹਾ ਵਤੀਰਾ ਹੈ, ਉਨ੍ਹਾਂ ਦੇ ਆਪਸੀ ਟਕਰਾਅ ਨਾਲ ਕਿਹੋ ਜਿਹੇ ਸੱਭਿਆਚਾਰਕ, ਸਮਾਜਿਕ, ਅਤੇ ਮਾਨਸਿਕ ਸੰਕਟ ਪੈਦਾ ਹੋ ਰਹੇ ਹਨ ਉਨ੍ਹਾਂ ਨੂੰ ਨਾਵਲ ਆਪਣੇ ਕਲਾਵੇ ਵਿਚ ਲੈ ਕੇ ਆਉਂਦਾ ਏ। ਜਦੋਂ ਪੰਜਾਬੀ ਮਾਪੇ ਆਪਣੇ ਬੱਚਿਆਂ ਦੀਆਂ ਜੜ੍ਹਾਂ ਪੰਜਾਬ ਦੀ ਧਰਤੀ ਤੋਂ ਪੁੱਟ ਕੇ ਵਿਦੇਸ਼ੀ ਧਰਤੀ 'ਤੇ ਲਗਾਉਣਗੇ ਤਾਂ ਉਨ੍ਹਾਂ ਨੂੰ ਹਰ ਤਰ੍ਹਾਂ ਦੀਆਂ ਮੁਸ਼ਕਲਾਂ ਆਉਣਗੀਆਂ। ਇਸ ਕੰਟਰਾਡਕਸ਼ਨ ਨੂੰ ਹੀ ਮੈਂ ਆਪਣੇ ਨਾਵਲ 'ਜ਼ਰਖ਼ੇਜ਼' ਵਿਚ ਪੇਸ਼ ਕੀਤਾ ਏ।

- ਪਰਵਾਸੀ ਪੰਜਾਬੀ ਕਹਾਣੀ ਤੇ ਨਾਵਲ ਕਿਹੜੇ-ਕਿਹੜੇ ਵਿਸ਼ਿਆਂ ਨੂੰ ਟੋਅ ਰਿਹਾ ਹੈ।

ਬਹੁਤੀ ਪਰਵਾਸੀ ਕਹਾਣੀ ਤੇ ਨਾਵਲ ਭੂ-ਹੇਰਵੇ ਦੁਆਲੇ ਹੀ ਘੁੰਮਦੇ ਰਹੇ ਹਨ। ਉਹ ਆਪਣੇ ਸਾਹਿਤ ਵਿਚ ਰੁਦਨ ਪੇਸ਼ ਕਰਦੇ ਰਹੇ। ਕੀਰਨੇ ਪਾਉਂਦੇ ਰਹੇ। ਆਪਣੇ ਪਿੱਛੇ ਛੱਡ ਗਏ ਸੱਭਿਆਚਾਰ ਨੂੰ ਝੂਰਦੇ ਰਹੇ। ਪਿੰਡਾਂ ਨੂੰ ਚੇਤੇ ਕਰਦੇ ਰਹੇ। ਇਨ੍ਹਾਂ ਵਿਸ਼ਿਆਂ ਦੇ ਇਰਦ-ਗਿਰਦ ਬਹੁਤ ਸਾਰੀਆਂ ਕਹਾਣੀਆਂ ਲਿਖੀਆਂ ਗਈਆਂ ਨਾਵਲ ਲਿਖੇ ਗਏ। ਹੁਣ ਕੁਝ ਸਾਹਿਤ ਨਵੇਂ ਵਿਸ਼ੇ ਲੈ ਕੇ ਆ ਰਿਹਾ ਏ। ਹਰਪ੍ਰੀਤ ਸੇਖਾ ਨੇ ਨਵੇਂ ਵਿਸ਼ਿਆਂ ਤੇ ਕਹਾਣੀਆਂ ਲਿਖੀਆਂ ਨੇ। ਜਰਨੈਲ ਸੇਖਾ ਨੇ ਆਪਣੇ ਗਲਪ ਵਿਚ ਨਵੇਂ ਰੰਗ ਲੈ ਕੇ ਆਂਦੇ ਨੇ। ਹਰਜੀਤ ਅਟਵਾਲ ਨੇ ਆਪਣੇ ਨਾਵਲਾਂ ਰਾਹੀਂ ਨਵੇਂ ਬਿਰਤਾਂਤ ਸਿਰਜੇ ਨੇ। ਸਵਰਨ ਚੰਦਨ ਦਾ 'ਕੰਜਕਾਂ' ਨਾਲ ਦਾ ਕੋਈ ਤੋੜ ਨਹੀਂ।

- ਪਰਚੇ 'ਕਹਾਣੀ ਧਾਰਾ' ਜ਼ਰੀਏ ਕਹਾਣੀ ਲਈ ਕੀ ਨਵਾਂ ਯੋਗਦਾਨ ਪਾ ਰਹੇ ਹੋ।

ਕਹਾਣੀ ਧਾਰਾ ਮੈਂ ਪਿਛਲੇ 12 ਸਾਲਾਂ ਤੋਂ ਲਗਾਤਾਰ ਪ੍ਰਕਾਸ਼ਤ ਕਰ ਰਿਹਾ ਹਾਂ। ਮੇਰੀ ਸ਼ੁਰੂ ਤੋਂ ਇੱਛਾ ਸੀ ਕਿ ਮੈਂ ਆਪਣੇ ਪਰਚੇ ਨੂੰ ਗਲਪ 'ਤੇ ਕੇਂਦਰਿਤ ਰੱਖਣਾ ਏ। ਇਹਦੇ ਨਾਲ-ਨਾਲ ਇਤਿਹਾਸ, ਸਮਾਜ ਵਿਗਿਆਨ, ਦਰਸ਼ਨ ਨਾਲ ਸਬੰਧਤ ਮੈਟਰ ਵੀ ਛਾਪਣਾ ਏ। ਬਿਨਾਂ ਕਿਸੇ ਵਿਤਕਰੇ ਦੇ ਮੈਂ ਨਵੇਂ ਨਾਵਲ ਤੇ ਕਹਾਣੀ ਸੰਗ੍ਰਹਿ ਤੇ ਲੇਖ ਲਿਖਵਾ ਕੇ ਛਾਪਦਾ ਹਾਂ। ਮੈਂ ਇਹ ਗੱਲ ਬੜੇ ਮਾਣ ਨਾਲ ਕਹਿ ਸਕਦਾ ਹਾਂ ਕਿ 'ਕਹਾਣੀ ਧਾਰਾ' ਰਾਹੀਂ ਪੰਜਾਬੀ ਸਾਹਿਤ ਵਿਚ ਅਨੇਕਾਂ ਨਿੱਗਰ ਕਹਾਣੀਆਂ ਛਪ ਕੇ ਆਈਆਂ ਨੇ ਜਿਨ੍ਹਾਂ ਨੇ ਸਮੇਂ-ਸਮੇਂ ਕਲਾ ਪੱਖੋਂ ਤੇ ਵਿਸ਼ੇ ਪੱਖੋਂ ਆਪਣੀ ਦੇਰ ਤਕ ਚਰਚਾ ਕਰਵਾਈ। ਹਰ ਅੰਕ ਲਈ ਚਾਰ ਪੰਜ ਚੰਗੀਆਂ ਕਹਾਣੀਆਂ ਪਹੁੰਚ ਜਾਂਦੀਆਂ ਹਨ।

- ਕਹਾਣੀਕਾਰ ਤੇ ਸੰਪਾਦਕ ਹੋਣ ਦੇ ਨਾਤੇ ਇਹ ਗੱਲ ਸਮਝਦੇ ਹੋ ਕੀ ਸਾਹਿਤ ਸਿਲੇਬਸ ਹੋ ਸਕਦਾ। ਜੇ ਮੈਂ ਤੁਹਾਡੇ ਇਸੇ ਸਵਾਲ ਨੂੰ ਪੁੱਠਾ ਕਰ ਦਿਆਂ ਕਿ ਕੀ ਸਿਲੇਬਸ ਵਿਚ ਲੱਗਾ ਸਾਹਿਤ, ਸਾਹਿਤ ਨਹੀਂ ਹੁੰਦਾ?

ਇਹ ਸਿਲੇਬਸ ਬਣਾਉਣ ਵਾਲੇ 'ਤੇ ਨਿਰਭਰ ਕਰਦਾ ਹੈ ਕਿ ਉਹ ਕਿਸ ਕਿਸਮ ਦਾ ਸਾਹਿਤ ਸਿਲੇਬਸ ਦਾ ਹਿੱਸਾ ਬਣਾਏ? ਸਾਡੇ ਪੰਜਾਬ ਦੀਆਂ ਯੂਨੀਵਰਸਿਟੀਆਂ ਸੁੱਚਾ ਤੇ ਸੱਚਾ, ਸਮਾਜ ਸੁਧਾਰਕ, ਸੇਧ ਦੇਣ ਵਾਲਾ ਸਾਹਿਤ ਸਿਲੇਬਸ ਦਾ ਹਿੱਸਾ ਬਣਾਉਂਦੀਆਂ ਹਨ। ਅਸੀਂ ਐਨੇ ਦਹਾਕਿਆਂ ਤੋਂ ਨਾਨਕ ਸਿੰਘ ਨੂੰ ਹੀ ਪੜ੍ਹਾਈ ਜਾਂਦੇ ਹਾਂ। ਸਾਡਾ ਅਜੇ ਤਕ 'ਦੁੱਧ ਦਾ ਛੱਪੜ' ਕਹਾਣੀ ਜਾਂ 'ਪੇਮੀ ਦੇ ਨਿਆਣੇ' ਨੇ ਪਿੱਛਾ ਨਹੀਂ ਛੱਡਿਆ। ਯਾਰ ਉਸ ਤੋਂ ਬਾਅਦ ਵੀ ਅਨੇਕਾਂ ਪ੍ਰਸਿੱਧ ਕਹਾਣੀਆਂ ਲਿਖੀਆਂ ਗਈਆਂ ਹਨ। ਉਂਝ ਮੇਰੀ ਵੀ ਕਹਾਣੀ 'ਜੜ੍ਹਾਂ' ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਐੱਮਏ ਦੇ ਸਿਲੇਬਸ ਵਿਚ ਲਗਾਈ ਹੋਈ ਏ। ਕਹਾਣੀਆਂ ਦੀਆਂ ਕਿਤਾਬਾਂ 'ਤੇ ਐੱਮ ਫਿਲ ਤੇ ਪੀ ਐੱਚਡੀ ਵੀ ਹੋਈ ਏ।

- ਅੱਜ ਦਾ ਦਲਿਤ ਸਾਹਿਤ ਕਿੱਥੇ ਕੁ ਖੜ੍ਹਾ ਹੈ?

ਅੱਜ ਤਕ ਪੰਜਾਬੀ ਵਿਚ ਕਾਫੀ ਮਾਤਰਾ ਵਿਚ ਦਲਿਤ ਕਹਾਣੀ, ਨਾਵਲ ਤੇ ਕਵਿਤਾ ਦੇ ਨਾਲ-ਨਾਲ ਸਵੈ-ਜੀਵਨੀ ਲਿਖੀ ਜਾ ਚੁੱਕੀ ਏ। ਸਾਡੇ ਕੋਲ ਪੰਜ ਸੱਤ ਸਵੈ-ਜੀਵਨੀਆਂ ਹਨ। ਕਾਫ਼ੀ ਮਾਤਰਾ ਵਿਚ ਕਵਿਤਾ ਹੈ। ਨਾਵਲ ਹਨ। ਕਹਾਣੀਆਂ ਹਨ। ਮੈਂ ਜਿੰਨੀਆਂ ਵੀ ਦਲਿਤ ਸਰੋਕਾਰਾਂ ਨਾਲ ਸਬੰਧਤ ਕਹਾਣੀਆਂ ਲਿਖੀਆਂ ਹਨ, ਰਵਾਇਤੀ ਤੇ ਘਸੇ ਹੋਏ ਵਿਸ਼ਿਆ 'ਤੇ ਨਹੀਂ ਲਿਖੀਆਂ। ਚਾਹੇ ਉਹ 'ਜੜ੍ਹਾਂ' ਕਹਾਣੀ ਏ ਜਾਂ 'ਆਦਿ ਡੰਕਾ, ਰਹਿਮਤ ਮਸੀਹ ਮੱਟੂ ਦੀ ਜੀਵਨੀ ਜਾਂ 'ਕੁੰਭੀ ਨਰਕ' ਜਾਂ 'ਸੁੱਕੀਆਂ ਕੁੰਨਾਂ'। ਮੈਂ ਦਾਅਵੇ ਨਾਲ ਕਹਿੰਦਾ ਹਾਂ ਕਿ ਪੰਜਾਬੀ ਵਿਚ ਪਹਿਲਾਂ ਇਸ ਕਿਸਮ ਦੀਆਂ ਕਹਾਣੀਆਂ ਨਾ ਲਿਖੀਆਂ ਗਈਆਂ ਹਨ ਨਾ ਲਿਖ ਹੋਣਗੀਆਂ।

- ਪਾਠਕ ਲਈ ਕੋਈ ਸੁਨੇਹਾ?

ਪੰਜਾਬੀ ਦੇ ਪਾਠਕ ਬਹੁਤ ਸਿਆਣੇ ਨੇ। ਪਾਠਕਾਂ ਦੇ ਕਈ ਪੱਧਰ ਨੇ। ਚੰਗਾ ਸਾਹਿਤ ਪੜ੍ਹਨ ਵਾਲੇ ਪਾਠਕ ਅਜੇ ਵੀ ਬਹੁਤ ਘੱਟ ਹਨ। ਵਧੇਰੇ ਦਰਮਿਆਨਾ ਸਾਹਿਤ ਪੜ੍ਹ ਕੇ ਵਾਹ-ਵਾਹ ਕਰਨ ਵਾਲੇ ਨੇ। ਕਈ ਵਾਰ ਮੈਨੂੰ ਹੈਰਾਨੀ ਹੁੰਦੀ ਆ ਬਈ ਮਾੜੀਆਂ ਕਿਤਾਬਾਂ ਦੇ ਦਸ-ਬਾਰ੍ਹਾਂ ਐਡੀਸ਼ਨ ਛਪੇ ਲਿਖੇ ਹੁੰਦੇ ਨੇ। ਪਾਠਕ ਪੜ੍ਹਦੇ ਹੋਣਗੇ ਤਾਂ ਹੀ ਕੋਈ ਕਿਤਾਬ ਐਨੀ ਵਿਕ ਜਾਂਦੀ ਏ। ਜਾਂ ਕੋਈ ਹੋਰ ਗੋਰਖ ਧੰਦਾ ਏ। ਜਿਹੜੀ ਕਿਤਾਬ ਹਰ ਤਿੰਨ ਮਹੀਨੇ ਬਾਅਦ ਨਵੇਂ ਕੱਪੜੇ ਪਾ ਕੇ ਪਾਠਕਾਂ ਕੋਲ ਆਉਂਦੀ ਏ ਜ਼ਰੂਰੀ ਨਹੀਂ ਉਹ ਚੰਗੀ ਤੇ ਉੱਤਮ ਹੋਵੇ। ਇਹ ਵੀ ਜ਼ਰੂਰੀ ਨਹੀਂ ਹਰ ਇਨਾਮ ਪ੍ਰਾਪਤ ਕਿਤਾਬ ਉੱਤਮ ਹੋਵੇ।

- ਗੁਰਪ੍ਰੀਤ ਡੈਨੀ

97792-50653

Posted By: Harjinder Sodhi