ਦੇਸ਼ ਦੀ ਆਜ਼ਾਦੀ ਨੂੰ ਇਕ ਨਵੀਂ ਦਿਸ਼ਾ ਪ੍ਰਦਾਨ ਕਰਨ ਵਾਲੇ ਮਹਾਨ ਸਪੂਤ ਭਗਤ ਸਿੰਘ ਦਾ ਜਨਮ 28 ਸਤੰਬਰ 1907 ਨੂੰ ਹੋਇਆ। ਪਿਤਾ ਕਿਸ਼ਨ ਸਿੰਘ ਅਤੇ ਮਾਤਾ ਵਿਦਿਆਵੰਤੀ ਦੇ ਘਰ ਜਨਮੇ ਇਸ ਲੋਕ ਨਾਇਕ ਨੂੰ ਬਚਪਨ ਵਿਚ ਘਰ 'ਚੋਂ ਹੀ ਮਿਲੇ ਸੰਸਕਾਰਾਂ ਨੇ ਉਸ ਦੀ ਭਵਿੱਖੀ ਸ਼ਖ਼ਸੀਅਤ ਦੀ ਉਸਾਰੀ ਕਰ ਦਿੱਤੀ। ਇਨਕਲਾਬ ਦੀ ਗੁੜਤੀ ਵੀ ਉਸ ਨੂੰ ਪਰਿਵਾਰ ਵਿੱਚੋਂ ਹੀ ਮਿਲੀ। ਉਸ ਦੀ ਅਦੁੱਤੀ ਕੁਰਬਾਨੀ ਅੱਜ ਵੀ ਦੇਸ਼ ਵਾਸੀਆਂ ਖ਼ਾਸ ਕਰ ਕੇ ਨੌਜਵਾਨ ਵਰਗ ਨੂੰ ਨਿਰੰਤਰ ਜਗਦੀ ਮਸ਼ਾਲ ਦੀ

ਤਰ੍ਹਾਂ ਪ੍ਰੇਰਨਾ ਸਰੋਤ ਦਾ ਕੰਮ ਕਰਦੀ ਹੈ ਪਰ ਦੁਖਦਾਈ ਪੱਖ ਇਹ ਵੀ ਹੈ ਕਿ ਸਾਡੇ ਦੇਸ਼ ਦਾ ਬਹੁਗਿਣਤੀ ਵਰਗ ਉਸ ਮਹਾਨ ਸ਼ਹੀਦ ਨੂੰ ਇਕ ਮਹਾਨ ਯੋਧਾ ਅਤੇ ਜੁਝਾਰੂ ਨੌਜਵਾਨ ਤਾਂ ਮੰਨਦਾ ਹੈ ਪਰ ਕੁਝ ਲੋਕਾਂ ਨੇ ਉਸ ਨੂੰ ਰਵਾਇਤੀ ਦਹਿਸ਼ਤਗਰਦ ਵੀ ਦੱਸਿਆ।

ਇਹ ਤਾਂ ਸਭ ਜਾਣਦੇ ਹਨ ਕਿ ਉਸ ਮਹਾਨ ਨਾਇਕ ਦੇ ਇਕ ਹੱਥ ਵਿਚ ਪਿਸਤੌਲ ਸੀ, ਪ੍ਰੰਤੂ ਇਹ ਨਹੀਂ ਜਾਣਦੇ ਕਿ ਉਸ ਦੇ ਦੂਸਰੇ ਹੱਥ ਵਿਚ ਹਮੇਸ਼ਾ ਕਿਤਾਬ ਰਹਿੰਦੀ ਸੀ। ਪੜ੍ਹਨ ਦਾ ਤਾਂ ਭਗਤ ਸਿੰਘ ਸ਼ੈਦਾਈ ਸੀ, ਉਹ ਮਹਾਨ ਬੁੱਧੀਜੀਵੀ ਚਿੰਤਕ ਅਤੇ ਦੂਰ ਅੰਦੇਸ਼ੀ ਸੀ। ਸਕੂਲ ਅਤੇ ਕਾਲਜ ਦੇ ਜੀਵਨ ਵਿਚ ਉਸ ਦੀ ਪਛਾਣ ਇਕ ਹੋਣਹਾਰ ਅਤੇ ਹੁਸ਼ਿਆਰ ਵਿਦਿਆਰਥੀ ਵਾਲੀ ਸੀ।

1923 ਵਿਚ ਲਾਹੌਰ ਦੇ ਨੈਸ਼ਨਲ ਕਾਲਜ ਵਿਚ ਦਾਖ਼ਲ ਹੋਣ ਸਮੇਂ ਹੀ ਉਹ ਕਾਲਜ ਦੀ ਪੜ੍ਹਾਈ ਦੇ ਨਾਲ ਨਾਟ ਕਲਾ ਸੁਸਾਇਟੀ ਦੀਆਂ ਅਨੇਕਾਂ ਸਰਗਰਮੀਆਂ ਵਿਚ ਹਿੱਸਾ ਲੈਂਦਾ ਅਤੇ ਆਪਣੀ ਉਮਰ ਤੋਂ ਕਿਤੇ ਸਿਆਣੀਆਂ ਗੱਲਾਂ ਕਰ ਕੇ ਸਭ ਨੂੰ ਸੋਚਣ ਲਈ ਮਜਬੂਰ ਕਰਦਾ ਅਤੇ ਨੌਜਵਾਨ ਸਾਥੀਆਂ ਦੇ ਦਿਲਾਂ ਵਿਚ ਦੇਸ਼ ਭਗਤੀ ਦੀ ਭਾਵਨਾ ਪੈਦਾ ਕਰਦਾ। ਦੇਸ਼ ਦੀ ਆਜ਼ਾਦੀ ਦੀ ਲੜਾਈ ਵਿਚ ਯੋਗਦਾਨ ਪਾਉਣ ਲਈ ਪ੍ਰੇਰਿਤ ਕਰਦਾ। ਉਹ ਹਮੇਸ਼ਾ ਆਜ਼ਾਦੀ ਦੀ ਲੜਾਈ ਦੇ ਬੌਧਿਕ ਪੱਖ ਨੂੰ ਮਜ਼ਬੂਤ ਕਰਨ ਲਈ ਯਤਨਸ਼ੀਲ ਸੀ। ਉਸ ਨੇ ਇਕ ਲੇਖ ਵਿਚ ਲਿਖਿਆ:

''ਇਨਕਲਾਬ ਮਿਹਨਤੀ ਵਿਚਾਰਕਾਂ ਅਤੇ ਮਿਹਨਤੀ ਕਾਰਕੁਨਾਂ ਦੀ ਪੈਦਾਇਸ਼ ਹੁੰਦਾ ਹੈ। ਪਰ ਬਦਕਿਸਮਤੀ ਨੂੰ ਭਾਰਤੀ ਇਨਕਲਾਬ ਦਾ ਬੌਧਿਕ ਪੱਖ ਹਮੇਸ਼ਾ ਕਮਜ਼ੋਰ ਰਿਹਾ ਹੈ। ਇਸ ਲਈ ਇਨਕਲਾਬ ਦੀਆਂ ਜ਼ਰੂਰੀ ਗੱਲਾਂ, ਕੀਤੇ ਗਏ ਕਾਰਜ ਦੇ ਪ੍ਰਭਾਵ ਵੱਲ ਧਿਆਨ ਨਹੀਂ ਦਿੱਤਾ ਗਿਆ। ਇਸ ਵਾਸਤੇ ਇਕ ਇਨਕਲਾਬੀ ਨੂੰ ਅਧਿਐਨ ਅਤੇ ਚਿੰਤਨ ਨੂੰ ਆਪਣੀ ਪਵਿੱਤਰ ਜ਼ਿੰਮੇਵਾਰੀ ਬਣਾ ਲੈਣਾ ਚਾਹੀਦਾ ਹੈ।''

ਦੇਸ਼ ਦੀ ਆਜ਼ਾਦੀ ਦੀ ਲੜਾਈ ਦੇ ਬੌਧਿਕ ਪੱਖ ਨੂੰ ਮਜ਼ਬੂਤ ਕਰਨ ਲਈ ਉਹ ਅਖ਼ਬਾਰਾਂ ਨਾਲ ਵੀ ਜੁੜਿਆ ਰਿਹਾ। ਉਸ ਨੇ ਅੰਮ੍ਰਿਤਸਰ ਤੋਂ ਪ੍ਰਕਾਸ਼ਿਤ ਹੁੰਦੇ ਉਰਦੂ ਅਤੇ ਪੰਜਾਬੀ ਅਖ਼ਬਾਰਾਂ ਲਈ ਲਿਖਿਆ ਅਤੇ ਸੰਪਾਦਨਾ ਵੀ ਕੀਤੀ। ਨੌਜਵਾਨ ਭਾਰਤ ਸਭਾ ਦੁਆਰਾ ਛਾਪੇ ਜਾਂਦੇ ਪਰਚਿਆਂ ਵਿਚ ਵੀ ਵਡਮੁੱਲਾ ਯੋਗਦਾਨ ਪਾਇਆ। ਇਸ ਤੋਂ ਇਲਾਵਾ ਉਸ ਨੇ 'ਕਿਰਤੀ' ਰਸਾਲੇ ਅਤੇ ਦਿੱਲੀ ਤੋਂ ਪ੍ਰਕਾਸ਼ਤ 'ਵੀਰ ਅਰਜੁਨ' ਲਈ ਵੀ ਲਿਖਿਆ ਅਤੇ ਦੇਸ਼ ਦੀ ਆਜ਼ਾਦੀ ਲਈ ਸੰਘਰਸ਼ ਕਰ ਰਹੇ ਦੇਸ਼ਭਗਤਾਂ ਨੂੰ ਨਵੀਂ ਸੇਧ ਦਿੱਤੀ। ਅਨੇਕਾਂ ਵਾਰ ਉਹ ਸਰਕਾਰ ਵਿਰੋਧੀ ਲੇਖ ਲਿਖਣ ਵੇਲੇ ਬਲਵੰਤ, ਵਿਦਰੋਹੀ ਅਤੇ ਰਣਜੀਤ ਵਰਗੇ ਲੁਕਵੇਂ ਨਾਵਾਂ ਦੀ ਵਰਤੋਂ ਵੀ ਕਰਦਾ ਸੀ। ਉਸ ਦੀ ਜ਼ਿੰਦਗੀ ਦਾ ਛੁਪਿਆ ਤੱਥ ਇਹ ਵੀ ਹੈ ਕਿ ਉਸ ਨੇ 17 ਸਾਲ ਦੀ ਉਮਰ ਵਿਚ ਨੈਸ਼ਨਲ ਸਕੂਲ ਸਾਦੀਪੁਰ (ਅਲੀਗੜ੍ਹ) ਵਿਚ ਕੁਝ ਸਮਾਂ ਅਧਿਆਪਨ ਦੇ ਖੇਤਰ ਵਿਚ ਸਕੂਲ ਮੁਖੀ ਦੇ ਤੌਰ 'ਤੇ ਜੁੜ ਕੇ ਵੀ ਕੰਮ ਕੀਤਾ। ਭਗਤ ਸਿੰਘ ਬਹੁਤ ਉੱਚੀ ਸੋਚ ਨਾਲ ਆਜ਼ਾਦੀ ਦੀ ਲੜਾਈ ਵਿਚਾਰਾਂ ਨਾਲ ਲੜਦਾ ਰਿਹਾ। ਦਹਿਸ਼ਤ ਫੈਲਾਉਣਾ ਉਸ ਦਾ ਕਦੇ ਵੀ ਮਕਸਦ ਨਹੀਂ ਰਿਹਾ। 9 ਅਪ੍ਰੈਲ 1929 ਨੂੰ ਜਦੋਂ ਭਗਤ ਸਿੰਘ ਅਤੇ ਉਸਦੇ ਸਾਥੀਆਂ ਨੇ ਸੈਂਟਰਲ ਅਸੈਂਬਲੀ ਵਿਚ ਜਦੋਂ ਬੰਬ ਸੁੱਟਿਆ ਤਾਂ ਉਸ ਵੇਲੇ ਉਨ੍ਹਾਂ ਵੱਲੋਂ ਸੁੱਟੇ ਲੀਫਲੈੱਟ ਵਿਚ ਲਿਖਿਆ ਸੀ :

''ਲੋਕਾਂ ਨੂੰ ਮਾਰਨਾ ਸੌਖਾ ਹੈ, ਪਰ ਤੁਸੀਂ ਵਿਚਾਰਾਂ ਨੂੰ ਨਹੀਂ ਮਾਰ ਸਕਦੇ, ਮਹਾਨ ਸਾਮਰਾਜ ਡਿੱਗ ਗਏ, ਜਦੋਂ ਕਿ ਵਿਚਾਰ ਬਚ ਗਏ''।

ਅਸੈਂਬਲੀ ਵਿਚ ਬੰਬ ਸੁਟਨਾ ਸਿਰਫ਼ ਸੰਕੇਤਕ ਯਤਨ ਸੀ, ਸਰਕਾਰ ਤਕ ਆਪਣੀਆਂ ਮੰਗਾਂ ਪਹੁੰਚਾਉਣ ਅਤੇ ਦੇਸ਼ ਦੀ ਆਜ਼ਾਦੀ ਲਈ ਨੌਜਵਾਨ ਵੱਲੋਂ ਕੀਤੇ ਜਾ ਰਹੇ ਯਤਨਾਂ ਵੱਲ ਧਿਆਨ ਆਕਰਸ਼ਿਤ ਕਰਨ ਲਈ।

ਇਸ ਤੋਂ ਵੀ ਅੱਗੇ 22 ਅਕਤੂਬਰ 1929 ਨੂੰ ਜੇਲ੍ਹ ਵਿੱਚੋਂ ਹੀ ਭਗਤ ਸਿੰਘ ਦਾ ਇਕ ਲੇਖ 'ਟ੍ਰਿਬਿਊਨ' ਵਿਚ ਪ੍ਰਕਾਸ਼ਤ ਹੋਇਆ, ਜਿਸ ਵਿਚ ਲਿਖਿਆ ਸੀ : ''ਅਸੀਂ ਨੌਜਵਾਨਾਂ ਨੂੰ ਬੰਬ ਅਤੇ ਪਿਸਤੌਲ ਚੁੱਕਣ ਦੀ ਸਲਾਹ ਨਹੀਂ ਦੇ ਸਕਦੇ। ਵਿਦਿਆਰਥੀਆਂ ਦੇ ਕਰਨ ਲਈ ਇਸ 'ਤੇ ਜ਼ਿਆਦਾ ਵੱਡੇ ਕੰਮ ਹਨ''।

ਜੇਲ੍ਹ ਵਿਚ ਉਸ ਨੇ ਬਹੁਤਾ ਸਮਾਂ ਕਿਤਾਬਾਂ ਪੜ੍ਹਨ ਤੇ ਲਗਾਇਆ। ਸਾਡੀ ਨੌਜਵਾਨ ਪੀੜ੍ਹੀ ਨੂੰ ਇਹ ਪਤਾ ਹੋਣਾ ਚਾਹੀਦਾ ਹੈ, ਕਿ ਸ. ਭਗਤ ਸਿੰਘ ਵਿਚ ਪੜ੍ਹਨ ਅਤੇ ਲਿਖਣ ਦੀ ਕਿੰਨੀ ਕਾਬਲੀਅਤ ਅਤੇ ਸਮਰੱਥਾ ਸੀ, ਜਿਸ ਨੂੰ ਦੇਖ ਕੇ ਨਿਸ਼ਚੇ ਹੀ ਹੈਰਾਨੀ ਹੁੰਦੀ ਹੈ। ਉਸ ਨੇ ਲੈਨਿਨ, ਫਰੈਡਰਿਕ ਏਂਗਲਜ਼, ਮਾਰਕ ਟਵੇਨ, ਲੂਈ ਐੱਚ ਮਾਰਗਨ, ਉਮਰ ਖਿਆਮ, ਬਰਟਰੰਡ ਰਸਲ, ਜੇਮਜ ਰੈਮਜੇ ਅਤੇ ਪੈਟਰਿਕ ਹੈਨਰੀ ਵਰਗੇ ਮਹਾਨ ਲੇਖਕਾਂ ਦੀਆਂ 60 ਤੋਂ 70 ਕਿਤਾਬਾਂ ਜੇਲ੍ਹ ਵਿਚ ਹੀ ਪੜ੍ਹੀਆਂ। ਉਸ ਦੇ ਫਾਂਸੀ ਵਾਲੇ ਦਿਨ ਜਦੋਂ ਜੇਲ੍ਹ ਮੁਲਾਜ਼ਮ ਅੰਤਿਮ ਇਸ਼ਨਾਨ ਲਈ ਸੱਦਾ ਦੇਣ ਆਏ ਤਾਂ ਉਨ੍ਹਾਂ ਨੇ ਕਿਹਾ ਕਿ ਥੋੜ੍ਹੀ ਦੇਰ ਰੁਕੋ ਮੈਂ ਹੱਥ ਵਾਲੀ ਕਿਤਾਬ ਦੇ ਅੰਤਿਮ ਕੁਝ ਪੰਨੇ ਪੜ੍ਹ ਲਵਾਂ। ਇਸ ਤੋਂ ਮਹਾਨ ਸ਼ਹੀਦ ਦਾ ਕਿਤਾਬਾਂ ਪ੍ਰਤੀ ਲਗਾਅ ਦਾ ਪਤਾ ਲਗਦਾ ਹੈ। ਅਜਿਹੀਆਂ ਗੱਲਾਂ ਹੀ ਅੱਜ ਦੇ ਭਟਕੇ ਅਤੇ ਨਸ਼ੇ ਵਿਚ ਗਲਤਾਨ ਹੁੰਦੇ ਨੌਜਵਾਨਾਂ ਤਕ ਪਹੁੰਚਾਣਾ, ਉਸ ਮਹਾਨ ਸ਼ਹੀਦ ਦੇ ਜਨਮ ਦਿਹਾੜੇ 'ਤੇ ਉਸ ਪ੍ਰਤੀ ਸੱਚੀ ਸ਼ਰਧਾ ਹੈ। ਉਸ ਦੀ ਬਹਾਦਰੀ, ਬੁੱਧੀਮਾਨੀ ਅਤੇ ਬਲੀਦਾਨ ਸਾਹਮਣੇ ਸਾਡਾ ਸਿਰ ਝੁਕ ਜਾਂਦਾ ਹੈ।

ਅਜੋਕੇ ਨੌਜਵਾਨਾਂ ਦਾ ਰਾਹ ਦਸੇਰਾ

ਭਗਤ ਸਿੰਘ ਜਿਹੀ ਮਹਾਨ ਸ਼ਖ਼ਸੀਅਤ ਨੂੰ ਸਿਰਫ਼ ਜਨਮ ਦਿਹਾੜੇ ਜਾਂ ਸ਼ਹੀਦੀ ਦਿਵਸ 'ਤੇ ਯਾਦ ਕਰਨ ਦੀ ਬਜਾਏ ਉਸ ਮਹਾਨ ਚਿੰਤਕ ਦੀ ਜ਼ਿੰਦਗੀ ਦੇ ਉਹ ਪੱਖ ਅਤੇ ਤੱਥ ਉਜਾਗਰ ਕਰੀਏ, ਜੋ ਮੌਜੂਦਾ ਦੌਰ ਦੇ ਭਟਕੇ ਨੌਜਵਾਨਾਂ ਦਾ ਰਾਹ ਦਸੇਰਾ ਬਣ ਸਕਣ। ਨੌਜਵਾਨਾਂ ਨੂੰ ਦੱਸਣ ਦੀ ਜ਼ਰੂਰਤ ਹੈ ਕਿ ਉਸ ਨੇ ਇਨਕਲਾਬੀ ਸੰਘਰਸ਼ ਦੌਰਾਨ ਕਿੰਨੇ ਕਸ਼ਟ ਝੱਲੇ ਤੇ ਥੋੜ੍ਹੇ ਸਮੇਂ 'ਚ ਕਿੰਨਾ ਬੌਧਿਕ ਵਿਕਾਸ ਕੀਤਾ। ਉਹ ਦੇਸ਼ ਵਾਸੀਆਂ ਨੂੰ ਜਿੱਥੇ ਅੰਗਰੇਜ਼ਾਂ ਤੋਂ ਆਜ਼ਾਦ ਕਰਵਾਉਣਾ ਚਾਹੁੰਦਾ ਸੀ, ਉੱਥੇ ਅਨਿਆਂ, ਅੱਤਿਆਚਾਰ, ਭੁੱਖ, ਗ਼ਰੀਬੀ, ਲੁੱਟ ਤੇ ਨਾਬਰਾਬਰੀ ਤੋਂ ਵੀ ਨਿਜਾਤ ਦਿਵਾਉਣਾ ਚਾਹੁੰਦਾ ਸੀ।

ਸੁਪਨਿਆਂ ਨੂੰ ਸਾਕਾਰ ਕਰਨ ਨੌਜਵਾਨ

ਭਗਤ ਸਿੰਘ ਵੀ ਮੌਜੂਦਾ ਦੌਰ ਦੇ ਨੌਜਵਾਨਾਂ ਵਰਗਾ ਹੀ ਸੀ ਪਰ ਉਸ ਦਾ ਨਿਸ਼ਾਨਾ ਬਹੁਤ ਉੱਚਾ ਤੇ ਸੁੱਚਾ ਸੀ ਅਤੇ ਨਿਸ਼ਾਨੇ ਪ੍ਰਤੀ ਸਮਰਪਿਤ ਸੀ। ਜ਼ਰੂਰਤ ਹੈ ਅੱਜ ਦਾ ਨੌਜਵਾਨ ਵਰਗ ਉਸ ਨੂੰ ਆਪਣਾ ਆਦਰਸ਼ ਮੰਨੇ, ਉਸ ਦੇ ਰਾਹ ਦੇ ਹਮਸਫ਼ਰ ਬਣਨ ਦੀ ਕੋਸ਼ਿਸ਼ ਕਰੇ। ਉਸ ਦੀ ਸ਼ਹਾਦਤ ਦੇ ਨਾਲ-ਨਾਲ ਉਸ ਦੀ ਜ਼ਿੰਦਗੀ ਦੇ ਬੌਧਿਕ ਵਿਕਾਸ ਦੇ ਪੱਖ ਤੋਂ ਵੀ ਬਹੁਤ ਕੁਝ ਸਿੱਖਣ ਦੀ ਜ਼ਰੂਰਤ ਹੈ। ਅੱਜ ਜ਼ਰੂਰਤ ਭਗਤ ਸਿੰਘ ਦੇ ਵੱਡੇ-ਵੱਡੇ ਪੋਸਟਰ ਲਾਉਣ ਜਾਂ ਉਸ ਵਰਗਾ ਭੇਸ ਬਣਾ ਕੇ ਵੱਡੇ-ਵੱਡੇ ਸਮਾਗਮ ਕਰ ਕੇ ਦਿਖਾਵਾ ਕਰਨ ਦੀ ਨਹੀਂ ਸਗੋਂ ਉਸ ਦੀ ਸੋਚ ਅਤੇ ਵਿਚਾਰਧਾਰਾ ਨੂੰ ਅਪਣਾ ਕੇ ਉਸ ਦੇ ਸੁਪਨਿਆਂ ਨੂੰ ਸਾਕਾਰ ਕਰਨ ਦੀ ਹੈ।

- ਡਾ. ਸਤਿੰਦਰ ਸਿੰਘ

98154-27554

Posted By: Harjinder Sodhi