ਚੂੜਾਮਣਿ ਕਵੀ ਭਾਈ ਸੰਤੋਖ ਸਿੰਘ ਜੀ ਸਿੱਖ ਕੌਮ ਦੇ ਬਹੁਤ ਹੀ ਮਹਾਨ ਇਤਿਹਾਸਕਾਰ ਅਤੇ ਕਵੀ ਹਨ। ਆਪ ਜੀ ਸੰਸਕਿ੍ਰਤ ਦੇ ਵਿਦਵਾਨ, ਬਿ੍ਰਜ ਭਾਸ਼ਾ ਦੇ ਨਿਪੁੰਨ, ਕਵੀ ਅਤੇ ਪੰਜਾਬੀ ਸੰਵੇਦਨਾ ਦੇ ਗੂੜ੍ਹ-ਗਿਆਤਾ ਸਨ। ਆਪ ਜੀ ਦਾ ਜਨਮ 22 ਸਤੰਬਰ 1788 ਈ: ਨੂੰ ਪਿਤਾ ਭਾਈ ਦੇਵਾ ਸਿੰਘ ਦੇ ਗ੍ਰਹਿ ਵਿਖੇ ਮਾਤਾ ਰਜਾਦੀ ਜੀ ਦੀ ਕੁੱਖੋਂ ਤਰਨ-ਤਾਰਨ ਜ਼ਿਲ੍ਹੇ ਦੇ ਇਕ ਪਿੰਡ ਨੂਰਦੀ(ਨੂਰ ਦੀਨ ਦੀ ਸਰਾਂ) ਵਿਚ ਹੋਇਆ। ਮੁਢਲੀ ਵਿਦਿਆ ਘਰ ਤੋਂ ਹੀ ਪ੍ਰਾਪਤ ਕਰਨ ਮਗਰੋਂ ਅਗਲੇਰੀ ਵਿਦਿਆ ਆਪ ਜੀ ਨੇ ਗਿਆਨੀ ਸੰਤ ਸਿੰਘ ਜੀ ਪਾਸੋਂ ਅੰਮਿ੍ਰਤਸਰ ਵਿਖੇ ਪ੍ਰਾਪਤ ਕੀਤੀ। ਇਨ੍ਹਾਂ ਪਾਸੋਂ ਹੀ ਭਾਈ ਜੀ ਨੇ ਹਿੰਦੀ, ਬਿ੍ਰਜ, ਕਵਿਤਾ ਦੇ ਗੁਣ ਤੇ ਗੁਰਮਤਿ ਸਿਧਾਂਤਾਂ ਦੀਆਂ ਬਾਰੀਕੀਆਂ ਨੂੰ ਸਮਝਿਆ।

ਇੱਥੋਂ ਭਾਈ ਜੀ ਰਾਜਾ ਭਗਵਾਨ ਸਿੰਘ ਕੋਲ ਬੂੜੀਏ ਚਲੇ ਜਾਂਦੇ ਹਨ। ਛੋਟੀ ਉਮਰ ਵਿਚ ਹੀ ਭਾਈ ਜੀ ਨੂੰ ਰਾਜੇ ਦੇ ਦਰਬਾਰ ਦਾ ਕਵੀ ਬਣਨ ਦਾ ਅਤੇ ਆਪਣੀ ਕਵਿਤਾ ਨੂੰ ਉਜਾਗਰ ਕਰਨ ਦਾ ਸੁਨਹਿਰੀ ਮੌਕਾ ਮਿਲਿਆ। ਇਸ ਸਮੇਂ ਦੌਰਾਨ ਹੀ ਭਾਈ ਜੀ ਨੇ ਸੰਸਕਿ੍ਰਤ ਦੇ ਪ੍ਰਸਿੱਧ ਗ੍ਰੰਥ ਅਮਰ ਕੋਸ਼ ਦਾ ਬਿ੍ਰਜ ਭਾਸ਼ਾ ਵਿਚ ਤਰਜਮਾ ਕੀਤਾ। ਇਸ ਤੋਂ ਬਾਅਦ ਭਾਈ ਜੀ ਨੇ ਆਪਣਾ ਧਿਆਨ ਗੁਰ-ਇਤਿਹਾਸ ਲਿਖਣ ਵੱਲ ਕੀਤਾ।

ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜੀਵਨ ਕਵਿਤਾ ਵਿਚ ਲਿਖਣਾ ਆਰੰਭ ਕਰ ਕੇ 2.5 ਸਾਲ ਦੇ ਸਮੇਂ ਵਿਚ 1823 ਈ ਨੂੰ ਗੁਰੂ ਨਾਨਕ ਪ੍ਰਕਾਸ਼ ਗ੍ਰੰਥ ਦੀ ਰਚਨਾ ਸੰਪੂਰਨ ਕੀਤੀ। ਬੂੜੀਏ ਰਹਿੰਦੇ ਹੀ ਭਾਈ ਜੀ ਦਾ ਵਿਆਹ ਬੀਬੀ ਰਾਮ ਕੌਰ ਨਾਲ ਹੋਇਆ ਤੇ ਆਪ ਜੀ ਦੇ ਘਰ ਪੰਜ ਪੁੱਤਰ-ਅਜੈ ਸਿੰਘ, ਬਿਜੈ ਸਿੰਘ, ਮਕਸੂਦਨ ਸਿੰਘ, ਬਲਦੇਵ ਸਿੰਘ ਤੇ ਅਨੁਰੱਧ ਸਿੰਘ ਅਤੇ ਤਿੰਨ ਧੀਆਂ ਖੇਮ ਕੌਰ, ਮੈਮਨ ਕੌਰ, ਤੇ ਮਾਨ ਕੌਰ ਪੈਦਾ ਹੋਈਆਂ। ਬਾਅਦ ਵਿਚ ਆਰਥਿਕ ਹਾਲਤ ਠੀਕ ਨਾ ਹੋਣ ਕਰਕੇ ਭਾਈ ਜੀ ਅੰਮਿ੍ਰਤਸਰ ਵਾਪਸ ਆ ਗਏ।

ਅੰਮਿ੍ਰਤਸਰ ਆਉਣ ਤੋਂ ਬਾਅਦ ਭਾਈ ਜੀ ਦੀ ਜਾਣ-ਪਛਾਣ ਪਟਿਆਲੇ ਦੇ ਮਹਾਰਾਜਾ ਕਰਮ ਸਿੰਘ ਨਾਲ ਹੋਣ ’ਤੇ ਭਾਈ ਜੀ ਪਟਿਆਲੇ ਚਲੇ ਜਾਂਦੇ ਹਨ ਅਤੇ ਉਥੇ ਦਰਬਾਰੀ ਕਵੀ ਹੋਣ ਦੇ ਨਾਲ-ਨਾਲ ਕਥਾ ਵੀ ਕਰਨ ਲੱਗੇ। ਕੁੱਝ ਜਗਿਆਸੂ ਉਨ੍ਹਾਂ ਪਾਸੋਂ ਵਿਦਿਆ ਵੀ ਪ੍ਰਾਪਤ ਕਰਦੇ ਸਨ।

ਕੁਝ ਸਮਾਂ ਪਟਿਆਲੇ ਰਹਿ ਕੇ ਭਾਈ ਸੰਤੋਖ ਸਿੰਘ ਜੀ ਦੀ ਕੈਂਥਲ ਜਾਣ ਦੀ ਜਾਣਕਾਰੀ ਮਿਲਦੀ ਹੈ। ਭਾਈ ਵੀਰ ਸਿੰਘ ਅਨੁਸਾਰ ਕਵੀ ਜੀ ਦੇ ਚੰਗੇ ਗੁਣਾਂ ਦੀ ਸੋਭਾ ਸੁਣ ਕੇ ਕੈਂਥਲ ਦੇ ਮਹਾਰਾਜਾ ਉਦੈ ਸਿੰਘ ਨੇ ਮਹਾਰਾਜਾ ਕਰਮ ਸਿੰਘ ਤੋਂ ਭਾਈ ਜੀ ਨੂੰ ਮੰਗ ਕੇ ਲਿਆ ਸੀ। ਕੈਂਥਲ ਵਿਚ ਉਨ੍ਹਾਂ ਸਭ ਤੋਂ ਪਹਿਲਾਂ ਜਪੁ ਜੀ ਸਾਹਿਬ ਦਾ ਟੀਕਾ ਮਹਾਰਾਜਾ ਦੀ ਸਿਫ਼ਾਰਿਸ਼ ਉਪਰ ਲਿਖਿਆ, ਜਿਸ ਦਾ ਨਾਮ ਗਰਬ ਗੰਜਨੀ ਟੀਕਾ ਰੱਖਿਆ। ਇਸ ਤੋਂ ਬਾਅਦ ਵਾਲਮੀਕਿ ਰਮਾਇਣ ਦਾ ਕਵਿਤਾ ਵਿਚ ਅਨੁਵਾਦ ਕੀਤਾ, ਜਿਸ ’ਤੇ ਖ਼ੁਸ਼ ਹੋ ਕੇ ਮਹਾਰਾਜੇ ਨੇ ਮੋਰਥਲੀ ਨਾਮੀ ਪਿੰਡ ਭਾਈ ਜੀ ਨੂੰ ਇਨਾਮ ਵਿਚ ਦਿੱਤਾ। ਬਾਅਦ ਵਿਚ ਆਤਮ ਪੁਰਾਣ ਦਾ ਟੀਕਾ ਵੀ ਭਾਈ ਜੀ ਨੇ ਕੀਤਾ। ਭਾਈ ਸੰਤੋਖ ਸਿੰਘ ਜੀ ਨੇ ਸਭ ਤੋਂ ਮਹਾਨ ਕਾਰਜ ਗੁਰਪ੍ਰਤਾਪ ਸੂਰਜ ਗ੍ਰੰਥ ਦੀ ਰਚਨਾ ਦਾ 1835 ਈ ਵਿਚ ਆਰੰਭ ਕਰ ਕੇ 1843 ਈ ਨੂੰ ਸੰਪੂਰਨ ਕੀਤਾ। ਜਿਸ ਦੀ ਵੰਡ 12 ਰਾਸਾਂ, 6 ਰੁੱਤਾਂ ਤੇ 2 ਐਯਨਾਂ ਵਿਚ ਤੇ ਅੱਗੋਂ 1151 ਅੰਸੂਆਂ ਵਿਚ ਕੀਤੀ। ਇਸ ਗ੍ਰੰਥ ਨੂੰ ਸੰਪੂਰਨ ਕਰ ਕੇ ਭਾਈ ਜੀ ਨੇ ਇਸ ਨੂੰ ਅੰਮਿ੍ਰਤਸਰ ਵਿਖੇ ਗਿਆਨੀ ਗੁਰਮੁਖ ਸਿੰਘ ਨੂੰ ਸਪੁਰਦ ਕਰਕੇ ਸਨਮਾਨ ਪ੍ਰਾਪਤ ਕੀਤਾ। ਫਿਰ ਕੈਂਥਲ ਵਿਚ ਹੀ ਭਾਈ ਜੀ 55 ਸਾਲ ਦੀ ਉਮਰ ਭੋਗਦੇ ਹੋਏ ਕੱਤਕ ਦੇ ਮਹੀਨੇ 1843 ਈ: ਨੂੰ ਅਕਾਲ ਚਲਾਣਾ ਕਰ ਗਏ।

ਆਪ ਜੀ ਨੇ ਪੂਰੇ ਜੀਵਨ ਕਾਲ ਵਿਚ 6 ਗ੍ਰੰਥਾਂ ਦੀ ਰਚਨਾ ਕੀਤੀ, ਜਿਸ ਵਿਚ ਇਤਿਹਾਸ, ਗੁਰਬਾਣੀ ਵਿਆਖਿਆ ਦੇ ਨਾਲ-ਨਾਲ ਜੋਤਿਸ਼, ਰਾਜਨੀਤੀ, ਹਿਕਮਤ, ਸੰਗੀਤ ਅਤੇ ਦਰਸ਼ਨ ਆਦਿ ਵਿਸ਼ਿਆਂ ਉੱਪਰ ਵੀ ਕਲਮ ਕਮਾਈ।

ਇਸ ਤਰ੍ਹਾਂ ਭਾਈ ਸੰਤੋਖ ਸਿੰਘ ਜੀ ਇਕ ਐਸੀ ਮਹਾਨ ਬਹੁ-ਪੱਖੀ ਸ਼ਖ਼ਸੀਅਤ ਸਨ, ਜਿਨ੍ਹਾਂ ਨੇ ਆਪਣਾ ਪੂਰਾ ਜੀਵਨ ਸਿੱਖ ਸਾਹਿਤ ਅਤੇ ਪ੍ਰਚਾਰ ਦੇ ਖੇਤਰ ਨੂੰ ਸਮਰਪਿਤ ਕੀਤਾ। ਉਨ੍ਹਾਂ ਦੁਆਰਾ ਪਾਇਆ ਗਿਆ ਯੋਗਦਾਨ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ। ਉਨ੍ਹਾਂ ਦੀ ਯਾਦ ਨੂੰ ਸਮਰਪਿਤ ਉਨ੍ਹਾਂ ਦੇ ਜਨਮ ਅਸਥਾਨ ਨਗਰ ਨੂਰਦੀ(ਜਿਸ ਨੂੰ ਅੱਜ-ਕੱਲ੍ਹ ਕਿਲ੍ਹਾ ਕਵੀ ਸੰਤੋਖ ਸਿੰਘ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ।) ਦੀਆਂ ਸਮੂਹ ਸੰਗਤਾਂ ਹਰ ਸਾਲ ਅੱਸੂ ਮਹੀਨੇ ਦੇ ਪਹਿਲੇ ਐਤਵਾਰ ਨੂੰ ਬਹੁਤ ਹੀ ਸ਼ਰਧਾ ਭਾਵਨਾ ਨਾਲ ਮਨਾਉਂਦੀਆਂ ਹਨ। ਜਿਸ ਵਿਚ ਪਹਿਲਾਂ ਲਗਪਗ 15 ਦਿਨ ਗੁਰ-ਇਤਿਹਾਸ ਤੇ ਗੁਰਮਤਿ ਦੀਆਂ ਕਥਾਂ ਵਿਚਾਰਾਂ ਦੇ ਦੀਵਾਨ ਸਜਦੇ ਹਨ, ਧਾਰਮਿਕ ਡਰਾਮੇ ਹੁੰਦੇ ਹਨ, ਸ਼ਨੀਵਾਰ ਨਗਰ ਕੀਰਤਨ ਸਜਾਇਆ ਜਾਂਦਾ ਹੈ, ਫਿਰ ਸ਼ਨੀਵਾਰ ਰਾਤ ਅਤੇ ਐਤਵਾਰ ਦਿਨ ਦੇ ਸਮੇਂ ਦੀਵਾਨ ਸਜਾਏ ਜਾਂਦੇ ਹਨ। ਇਸ ਤੋਂ ਇਲਾਵਾ ਭਾਈ ਜੀ ਦੀ ਯਾਦ ਵਿਚ ਖੇਡਾਂ ਵੀ ਕਰਵਾਈਆਂ ਜਾਂਦੀਆਂ ਹਨ। ਭਾਈ ਸੰਤੋਖ ਸਿੰਘ ਜੀ ਨੂੰ ਨਗਰ ਨਿਵਾਸੀ ਸੰਗਤਾਂ ਵੱਲੋਂ ਇਸ ਪ੍ਰਕਾਰ ਨਾਲ ਯਾਦ ਕਰਕੇ ਸ਼ਰਧਾਂਜਲੀ ਦਿੱਤੀ ਜਾਂਦੀ ਹੈ।

- ਕੰਵਲਦੀਪ ਸਿੰਘ

Posted By: Harjinder Sodhi