ਸਾਰਾਗੜ੍ਹੀ ਫਾਊਂਡੇਸ਼ਨ ਦੇ ਚੇਅਰਮੈਨ ਡਾ. ਗੁਰਿੰਦਰਪਾਲ ਸਿੰਘ ਜੋਸਨ ਵਲੋਂ ਲਿਖੀ ਅਤੇ ਛਪਾਈ ਗਈ ਪੁਸਤਕ ਮਿਸ਼ਨ ਸਾਰਾਗੜ੍ਹੀ ਵਿਚ ਲੇਖਕ ਨੇ ਦੁਨੀਆ ਦੇ ਫ਼ੌਜੀ ਇਤਿਹਾਸ ਵਿਚ ਸੁਨਹਿਰੀ ਅੱਖਰਾਂ ਵਿਚ ਉਨ੍ਹਾਂ 21 ਸਿੱਖ ਸੂਰਬੀਰਾਂ ਦੀ ਸ਼ਹੀਦੀ ਦਾ ਵਿਸਥਾਰ ਲਿਖਿਆ ਗਿਆ ਹੈ ਜਿਨ੍ਹਾਂ ਨੇ 12 ਮਾਰਚ 1867 ਨੂੰ ਉਸ ਵਕਤ ਦੀ ਭਾਰਤ ਅਫਗਾਨਿਸਤਾਨ ਦੀ ਸਰਹੱਦ ’ਤੇ ਸਮਾਨਾ ਰੇਂਜ ਵਿਚ ਬਣੀ ਸਾਰਾਗੜ੍ਹੀ ਚੌਂਕੀ ’ਤੇ ਆਤਮ ਸਮਰਪਨ ਕਰਨ ਨਾਲੋਂ ਸ਼ਹੀਦੀ ਪ੍ਰਾਪਤ ਕਰਨ ਨੂੰ ਤਰਜੀਹ ਦਿੱਤੀ ਸੀ ਅਤੇ ਉਸ ਵਕਤ ਉੱਥੇ ਤਾਇਨਾਤ ਇਕ ਵੀ ਜਵਾਨ ਨੇ ਉਨ੍ਹਾਂ 10 ਹਜ਼ਾਰ ਦੇ ਕਰੀਬ ਓਰਕਜਾਈ ਅਤੇ ਅਫਰੀਦੀ ਕਬੀਲਿਆਂ ਦੀ ਈਨ ਨਹੀਂ ਸੀ ਮੰਨੀ।

ਇਸ ਪੁਸਤਕ ਵਿਚ ਲੇਖਕ ਨੇ ਸਮਾਨਾ ਰੇਂਜ ਦੀ ਸੁਰੱਖਿਆ ਅਤੇ ਭਾਰਤ ਤੋਂ ਕੇਂਦਰੀ ਏਸ਼ੀਆ ਦੇ ਦੇਸ਼ਾਂ ਨਾਲ ਵਪਾਰ ਵਧਾਉਣ ਲਈ ਉਸ ਖ਼ਾਸ ਖੇਤਰ ਦਾ ਜ਼ਿਕਰ ਕੀਤਾ ਹੈ ਜਿਸ ’ਤੇ ਰੂਸ ਅਤੇ ਇੰਗਲੈਂਡ ਦੋਵੇਂ ਹੀ ਕਬਜ਼ਾ ਕਰਨਾ ਚਾਹੁੰਦੇ ਸਨ। 1799 ਤੋਂ 1839 ਤਕ ਰਹੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵੇਲੇ ਉਸ ਖੇਤਰ ਨੂੰ ਸਿੱਖ ਰਾਜ ਵਿਚ ਮਿਲਾ ਲਿਆ ਗਿਆ ਸੀ ਅਤੇ ਸ. ਹਰੀ ਸਿੰਘ ਨੂੰ ਇਸ ਸਰਹੱਦੀ ਸੂਬੇ ਦਾ ਗਵਰਨਰ ਬਣਾਇਆ ਗਿਆ ਸੀ। ਮਹਾਰਾਜਾ ਰਣਜੀਤ ਸਿੰਘ ਦੇ ਰਾਜ ਤੋਂ ਪਹਿਲਾਂ ਕਈ ਸਦੀਆਂ ਤਕ ਭਾਰਤ ’ਤੇ ਇਸ ਰਸਤੇ ਤੋਂ ਹਮਲੇ ਹੁੰਦੇ ਰਹੇ ਸਨ। ਸਿਕੰਦਰ, ਚੰਗੇਜ਼ ਖ਼ਾਨ, ਮਹਿਮੂਦ ਗਜਨੀ, ਬਾਬਰ, ਅਹਿਮਦਸ਼ਾਹ ਅਬਦਾਲੀ ਆਦਿ ਸਭ ਇਸ ਰਸਤੇ ਤੋਂ ਆ ਕੇ ਭਾਰਤ ਵਿਚ ਦਿੱਲੀ ਤਕ ਪਹੁੰਚਦੇ ਰਹੇ। ਭਾਵੇਂ ਕਿ ਬਾਬਰ ਨੇ ਭਾਰਤ ਵਿਚ ਰਹਿ ਕੇ ਹੀ ਮੁਗ਼ਲ ਸਾਮਰਾਜ ਰਾਹੀਂ ਕਈ ਸਦੀਆਂ ਭਾਰਤ ’ਤੇ ਰਾਜ ਕੀਤਾ ਸੀ।

ਮਹਾਰਾਜਾ ਰਣਜੀਤ ਸਿੰਘ ਨੇ ਅੰਗਰੇਜ਼ਾਂ ਤੋਂ ਪਹਿਲਾਂ ਇਸ ਖੇਤਰ ਦੀ ਮਹੱਤਤਾ ਨੂੰ ਪਹਿਚਾਣਦੇ ਹੋਏ, ਬਜਾਇ ਕਿ ਅਫਗਾਨਿਸਤਾਨ ਤੋਂ ਫਿਰ ਹਮਲੇ ਹੋਣ ਆਪ ਅੱਗੇ ਵਧ ਕੇ ਇਸ ਖੇਤਰ ਨੂੰ ਆਪਣੇ ਕਬਜ਼ੇ ਵਿਚ ਲਿਆ ਅਤੇ ਉਨ੍ਹਾਂ ਹਮਲਿਆਂ ਨੂੰ ਸਦਾ ਲਈ ਬੰਦ ਕਰ ਦਿੱਤਾ। ਪੁਸਤਕ ਵਿਚ ਇਸ ਗੱਲ ਦਾ ਜ਼ਿਕਰ ਹੈ ਕਿ ਜਦੋਂ ਭਾਰਤ ਵਿਚ ਬਿ੍ਰਟਿਸ਼ ਫ਼ੌਜ ਦੇ ਕਮਾਂਡਰ ਇਨ ਚੀਫ਼ ਸਰ ਪੈਰੀ ਆਰਥਰ ਪਾਵਰ ਪਾਲਮਰ ਨੇ ਸਮਾਨਾਂ ਰੇਂਜ ਦੀ ਮਹੱਤਤਾ ਨੂੰ ਮਈ 1891 ਵਿਚ ਸਮਝਿਆ ਤਾਂ ਉਸ ਨੇ ਇਸ ਇਲਾਕੇ ਵਿਚ ਕਿਲ੍ਹੇ ਅਤੇ ਚੌਕੀਆਂ ਸਥਾਪਿਤ ਕਰਨ ਦੀ ਮਹੱਤਤਾ ਸਬੰਧੀ ਇਕ ਮਤਾ ਭੇਜਿਆ ਅਤੇ ਫਿਰ ਸਮਾਨਾ ਰੇਂਜ ਤੇ ਦੋ ਕਿਲ੍ਹੇ ਜਿਨ੍ਹਾਂ ਵਿਚ ਇਕ ਕਿਲ੍ਹੇ ਦਾ ਨਾਂ ਗੁਲਿਸਤਾਨ ਅਤੇ ਦੂਸਰੇ ਦਾ ਨਾਂ ਮਸਤਾਨ ਸੀ ਉਹ ਬਣਵਾਏ ਅਤੇ ਨਾਲ ਹੀ ਪੰਜ ਹੋਰ ਚੌਂਕੀਆਂ 5 ਵਰਗ ਕਿਲੋਮੀਟਰ ਦੇ ਘੇਰੇ ਵਿਚ ਬਣਵਾਈਆਂ ਗਈਆਂ। ਇਨ੍ਹਾਂ ਚੌਕੀਆਂ ਦੇ ਨਾਂ ਮਨਧਾਰ, ਸੰਘਰ, ਸਾਰਟੋਪ ਕਾਰਗ ਅਤੇ ਸਾਰਾਗੜ੍ਹੀ ਸਨ। ਸਾਰਾਗੜ੍ਹੀ ਵਾਲੀ ਚੌਂਕੀ ਸਾਰਾ ਪਿੰਡ ਵਿੱਚ ਵਸਾਈ ਗਈ ਸੀ ਬਾਦ ਵਿਚ ਇਸ ਦਾ ਨਾਂ ਸਾਰਾਗੜ੍ਹੀ ਰਖਿਆ ਗਿਆ। ਭਾਰਤ ਵਿਚ ਅੰਗਰੇਜ਼ ਹਕੂਮਤ ਨੇ ਜਾਣ-ਬੁਝ ਕੇ ਇਸ ਬਹੁਤ ਮਹੱਤਵਪੂਰਨ ਰਸਤੇ ਵਾਲੇ ਕਿਲ੍ਹੇ ਅਤੇ ਚੌਕੀਆਂ ’ਤੇ ਸਿੱਖ ਫ਼ੌਜੀਆਂ ਨੂੰ ਤਾਇਨਾਤ ਕੀਤਾ ਸੀ ਕਿਉਂ ਜੋ ਉਨ੍ਹਾਂ ਨੂੰ ਇਸ ਗੱਲ ਦੀ ਜਾਣਕਾਰੀ ਸੀ ਕਿ ਪਠਾਨ ਸਿੱਖਾਂ ਦੀ ਬਹਾਦਰੀ ਹੌਂਸਲੇ ਅਤੇ ਲੜਾਈ ਵਿਚ ਜੋਖ਼ਮ ਲੈਣ ਦੀ ਰੁਚੀ ਤੋਂ ਚੰਗੀ ਤਰ੍ਹਾਂ ਵਾਕਿਫ ਸਨ ਅਤੇ ਉਨ੍ਹਾਂ ਨੇ ਸ. ਹਰੀ ਸਿੰਘ ਦੇ ਅਧੀਨ ਫ਼ੌਜ ਵਿਚ ਪਠਾਨਾਂ ਵਿਚ ਇੰਨਾ ਡਰ ਪੈਦਾ ਕੀਤਾ ਸੀ ਕਿ ਪਠਾਨ ਔਰਤਾਂ ਆਪਣੇ ਬੱਚਿਆਂ ਨੂੰ ਸੌਣ ਲਈ ਹਰੀ ਸਿੰਘ ਦਾ ਨਾਂ ਲੈ ਕੇ ਡਰਾਉਂਦੀਆਂ ਸਨ “ਚੁੱਪ ਛਾ ਬੱਚਿਆ ਹਰੀਆਂ ਰਾਂਗਲੇ’’ ਇਸ ਮਾਨਕਿਸਤਾ ਨੂੰ ਜਾਣਦਿਆਂ ਹੋਇਆਂ ਅੰਗਰੇਜ਼ਾਂ ਨੇ 36 ਸਿੱਖ ਰੇਜੀਮੈਂਟ ਦੇ ਜਵਾਨਾਂ ਨੂੰ ਉਨ੍ਹਾਂ ਕਿਲ੍ਹਿਆਂ ਅਤੇ ਚੌਕੀਆਂ ’ਤੇ ਤਾਇਨਾਤ ਕੀਤਾ ਸੀ।

ਦੂਸਰੀ ਤਰਫ਼ ਪਠਾਨਾਂ ਦੇ ਕਬੀਲੇ ਅੰਗਰੇਜ਼ਾਂ ਨੂੰ ਨਫ਼ਰਤ ਕਰਦੇ ਸਨ ਅਤੇ ਉਨ੍ਹਾਂ ਨੂੰ ਉਸ ਖੇਤਰ ਵਿੱਚੋਂ ਭਜਾਉਣਾ ਚਾਹੁੰਦੇ ਸਨ। ਇਸ ਲਈ ਸਾਰਾਗੜ੍ਹੀ ਦੀ ਉਸ ਇਤਿਹਾਸਕ ਲੜਾਈ ਤੋਂ ਪਹਿਲਾਂ ਵੀ ਉਨ੍ਹਾਂ ਵਿਚ ਝੜਪਾਂ ਹੁੰਦੀਆਂ ਰਹਿੰਦੀਆਂ ਸਨ। ਉਨ੍ਹਾਂ ਕਬੀਲਿਆਂ ਨੇ ਉਸ ਰਸਤੇ ’ਤੇ ਆਉਣ ਜਾਣ ਵਾਲੇ ਵਪਾਰੀਆਂ ਨੂੰ ਲੁਟਣਾ ਵੀ ਸ਼ੁਰੂ ਕਰ ਦਿੱਤਾ ਸੀ ਅਤੇ ਬਦਅਮਨੀ ਫੈਲਾਈ ਹੋਈ ਸੀ। ਜਿਸ ਕਰਕੇ ਕਈ ਵਾਰ ਖ਼ੂਨੀ ਝੜਪਾਂ ਹੋਈਆਂ ਸਨ।

ਸਾਰਾਗੜ੍ਹੀ ਦੀ ਇਤਿਹਾਸਿਕ ਲੜਾਈ ਦਾ ਜ਼ਿਕਰ ਕਰਦਿਆਂ ਹੋਇਆਂ ਲੇਖਕ ਨੇ ਚੰਗੇ ਢੰਗ ਨਾਲ ਬਿਆਨ ਕੀਤਾ ਹੈ ਕਿ ਕੋਈ 10 ਹਜ਼ਾਰ ਓਰਕਜਾਈ ਅਤੇ ਅਫਰੀਦੀ ਕਬੀਲਿਆਂ ਨੇ ਇਸ ਕਿਲੇ ’ਤੇ ਜਦੋਂ ਹਮਲਾ ਕੀਤਾ ਤਾਂ ਕਿਲ੍ਹੇ ਵਿਚ ਸਿਰਫ਼ 21 ਜਵਾਨ ਸਨ। ਪਠਾਨਾਂ ਦੇ ਆਗੂ ਗੁਲ ਬਾਦਸ਼ਾਹ ਨੇ ਉਸ ਦਿਨ ਸਵੇਰੇ 8.30 ਵਜੇ ਉਨ੍ਹਾਂ ਨੂੰ ਸੁਨੇਹਾ ਭੇਜਿਆ ਕਿ ਸਾਡੀ ਤੁਹਾਡੇ ਨਾਲ ਕੋਈ ਲੜਾਈ ਨਹੀਂ ਤੁਸੀਂ ਹਥਿਆਰ ਸੁੱਟ ਕੇ ਆਤਮ ਸਮਰਪਨ ਕਰ ਦਿਉ ਅਤੇ ਤੁਹਾਨੂੰ ਕਿਲ੍ਹਾ ਲਾਕਹਾਰਟ ਤਕ ਸੁਰੱਖਿਅਤ ਰਸਤਾ ਦੇਵਾਂਗਾ ਪਰ ਹਵਲਦਾਰ ਈਸ਼ਰ ਸਿੰਘ ਨੇ ਖ਼ਾਲਸਾਈ ਜੈਕਾਰਾ “ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ’’ ਲਾਉਂਦੇ ਹੋਏ ਕਿਹਾ ਗੁਰੂ ਦਾ ਖ਼ਾਲਸਾ ਕਦੀ ਵੀ ਆਤਮ ਸਮਰਪਨ ਨਹੀਂ ਕਰਦਾ। ਪਠਾਨਾਂ ਨੇ 9 ਵਜੇ ਹਮਲਾ ਕਰ ਦਿੱਤਾ, ਸਿੱਖਾਂ ਨੇ 60 ਪਠਾਨਾਂ ਨੂੰ ਮਾਰ ਦਿੱਤਾ ਅਤੇ ਕਈਆਂ ਨੂੰ ਜ਼ਖ਼ਮੀ ਕਰ ਦਿੱਤਾ। ਸਿਗਨਲਮੈਨ ਗੁਰਮੁਖ ਸਿੰਘ ਲੜਾਈ ਬਾਰੇ ਦੂਜੇ ਫ਼ੌਜੀ ਕਿਲ੍ਹਿਆ ਨੂੰ ਸੁਨੇਹੇ ਭੇਜਦਾ ਰਿਹਾ ਜਦੋਂ ਸਿੱਖਾਂ ਕੋਲੋਂ ਗੋਲੀਆਂ ਮੁਕ ਗਈਆਂ ਤਾਂ ਹਵਾਲਦਾਰ ਈਸ਼ਰ ਸਿੰਘ ਨੇ ਬੰਦੂਕਾਂ ਤੇ ਸੰਗੀਨਾਂ ਲਿਆਉਣ ਲਈ ਕਿਹਾ ਅਤੇ ਬਹੁਤ ਸਾਰੇ ਪਠਾਨਾਂ ਨੂੰ ਸੰਗੀਨਾਂ ਨਾਲ ਮਾਰ ਦਿੱਤਾ। 23 ਸਾਲਾ ਗੁਰਮੁਖ ਸਿੰਘ ਟਾਵਰ ’ਤੇ ਖੜ੍ਹਾ ਸੀ ਜੋ ਸੁਨੇਹੇ ਭੇਜ ਰਿਹਾ ਸੀ ਜਦੋਂ ਉਸ ਕੋਲੋ ਗੋਲੀਆਂ ਖ਼ਤਮ ਹੋ ਗਈਆਂ ਤਾਂ ਪਠਾਨ ਉਸ ਨੂੰ ਜਿੰਦਾ ਫੜਨ ਲਈ ਅੱਗੇ ਵਧੇ ਅਤੇ ਉਸ ਨੇ ਆਖਰੀ ਗੋਲੀ ਆਪਣੇ ਆਪ ਨੂੰ ਮਾਰ ਕੇ, ਸ਼ਹੀਦ ਹੋ ਗਿਆ। ਇੱਥੋਂ ਤਕ ਕਿ ਖ਼ੁਦਾ ਦਾਦ ਜੋ ਨੌਸ਼ਹਿਰਾ ਵਾਸੀ ਸਫ਼ਾਈ ਸੇਵਕ ਸੀ ਆਪਣੀ ਜਾਨ ਬਚਾ ਸਕਦਾ ਸੀ, ਪਰ ਉਹ ਸਿੱਖਾਂ ਦੇ ਆਚਰਨ ਅਤੇ ਵਿਵਹਾਰ ਤੋਂ ਇੰਨਾ ਪ੍ਰਭਾਵਿਤ ਸੀ ਕਿ ਉਸ ਨੇ ਵੀ ਲੜਾਈ ਵਿਚ ਹਿੱਸਾ ਲਿਆ ਅਤੇ 40 ਸਾਲ ਦੀ ਉਮਰ ਵਿਚ ਉਹ ਵੀ ਉਹਨਾਂ ਨਾਲ ਹੀ ਸ਼ਹੀਦ ਹੋ ਗਿਆ।

ਇਸ ਪੁਸਤਕ ਵਿਚ ਸ਼ਹੀਦਾਂ ਦੀਆਂ ਫੋਟੋਆਂ ਅਤੇ ਕਿਲ੍ਹੇ ਨਾਲ ਸੰਬੰਧਤ ਹੋਰ ਫੋਟੋਆਂ ਵੀ ਹਨ, ਪਰ ਬਹੁਤ

ਸਾਰੀਆਂ ਫੋਟੋਆਂ ਦੇ ਥੱਲੇ ਕਿੱਥੇ ਅਤੇ ਕੌਣ ਬਾਰੇ ਵੇਰਵੇ ਨਹੀਂ। ਨਾਲ ਹੀ ਇਨ੍ਹਾਂ ਦਾ ਜ਼ਿਆਦਾ ਹਿੱਸਾ ਅੰਗਰੇਜ਼ੀ ਵਿਚ ਹੈ ਅਤੇ ਥੋੜ੍ਹਾ ਪੰਜਾਬੀ ਵਿਚ ਹੈ। ਚੰਗਾ ਹੁੰਦਾ ਜੇ ਅੰਗਰੇਜ਼ੀ ਵਾਲਾ ਭਾਗ ਦਾ ਵੀ ਅਨੁਵਾਦ ਪੰਜਾਬੀ ਵਿਚ ਹੋ ਜਾਂਦਾ। ਮਿਸ਼ਨ ਸਾਰਾਗੜ੍ਹੀ, ਕਾਫੀ ਟੇਬਲ ਬੁਕ, ਦੇ ਪੰਨੇ 105 ਹਨ।

- ਡਾ.ਐੱਸ.ਐੱਸ. ਛੀਨਾ

Posted By: Harjinder Sodhi