ਪੰਜਾਬੀ ਦੇ ਬਹੁਪੱਖੀ ਵਿਦਵਾਨ ਅਤੇ ਵਾਰਤਕਕਾਰ ਡਾ. ਕੁਲਦੀਪ ਸਿੰਘ ਧੀਰ 17 ਅਕਤੂਬਰ, 2020 ਨੂੰ ਲਗਪਗ 77 ਸਾਲ ਦੀ ਹਯਾਤੀ ਭੋਗ ਕੇ ਸਾਥੋਂ ਸਦਾ ਲਈ ਵਿੱਛੜ ਗਏ ਹਨ। ਉਨ੍ਹਾਂ ਦਾ ਜਨਮ 15 ਨਵੰਬਰ 1943 'ਚ ਪਾਕਿਸਤਾਨ ਦੇ ਜ਼ਿਲ੍ਹਾ ਗੁਜਰਾਂਵਾਲਾ ਦੇ ਪਿੰਡ ਮੰਡੀ ਬਹਾਉਦੀਨ 'ਚ ਹੋਇਆ। ਡਾ. ਧੀਰ ਨੇ ਮੁੱਢਲੀ ਪੜ੍ਹਾਈ ਤੋਂ ਬਾਅਦ 'ਥਾਪਰ ਪਾਲਿਟੈਕਨਿਕ ਕਾਲਜ ਪਟਿਆਲਾ' ਤੋਂ 'ਮਕੈਨੀਕਲ ਇੰਜੀਨੀਅਰ' ਪਾਸ ਕੀਤੀ। ਉਪਰੰਤ ਵੱਖ-ਵੱਖ ਇੰਜੀਨੀਅਰ ਕਾਲਜਾਂ ਵਿਚ ਸਹਾਇਕ ਪ੍ਰੋਫੈਸਰ ਵਜੋਂ ਸੇਵਾਵਾਂ ਦਿੱਤੀਆਂ ਹਨ। ਡਾ. ਧੀਰ ਵਿਚ ਖਾਸੀਅਤ ਇਸ ਗੱਲ ਦੀ ਹੈ ਕੋਲ ਉਨ੍ਹਾਂ ਸਮਿਆਂ ਵਿਚ ਡਿਗਰੀ ਤਾਂ ਭਾਵੇਂ 'ਮਕੈਨੀਕਲ ਇੰਜੀਨੀਅਰ' ਦੀ ਸੀ ਪਰ ਇਸ ਦੇ ਨਾਲ ਹੀ ਪੰਜਾਬੀ, ਸੰਸਕ੍ਰਿਤ ਅਤੇ ਅੰਗਰੇਜ਼ੀ ਵੀ ਪੜ੍ਹਾਉਂਦੇ ਰਹੇ ਹਨ। ਬਾਅਦ ਵਿਚ ਸੰਸਕ੍ਰਿਤ ਦੀ ਡਿਗਰੀ ਹਾਸਲ ਕਰ ਲੈਣ ਉਪਰੰਤ 1978 ਨੂੰ ਪੰਜਾਬੀ ਵਿਚ ਵੀ ਪੀਐਚ.ਡੀ. ਦੀ ਡਿਗਰੀ ਵੀ ਹਾਸਲ ਕਰ ਲਈ।

ਡਾ. ਕੁਲਦੀਪ ਸਿੰਘ ਧੀਰ ਵੱਲੋਂ ਪ੍ਰੋਫੈਸਰ ਅਹੁੱਦੇ ਤਕ ਪਹੁੰਚਣ ਦੀ ਘਟਨਾ ਬਹੁਤ ਸੰਘਰਸ਼ਮਈ ਅਤੇ ਸਿਰੜ ਵਾਲੀ ਹੈ। ਉਹ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ 'ਪੰਜਾਬੀ ਵਿਕਾਸ ਵਿਭਾਗ' 1980 ਤਕ 12 ਸਾਲ ਲੈਕਚਰਾਰ ਰਹੇ। ਉਨ੍ਹਾਂ ਵੇਲਿਆਂ ਵਿਚ ਯੂਨੀਵਰਸਿਟੀ ਦਾ ਲੈਕਚਰਾਰ ਗ੍ਰੇਡ ਸਿਰਫ਼ 400-950 ਰੁਪਏ ਹੁੰਦਾ ਸੀ। ਡਾ. ਧੀਰ ਉਦੋਂ ਇੰਜੀਨੀਅਰ ਦਾ 440 ਰੁਪਏ ਦਾ ਗ੍ਰੇਡ ਪੇਅ ਛੱਡ ਕੇ ਪੰਜਾਬੀ ਅਧਿਆਪਨ ਵਿਚ 400 ਰੁਪਏ 'ਤੇ ਆਏ ਸਨ। ਡਾ. ਧੀਰ ਨੇ ਇਕ ਮੁਲਾਕਾਤ ਦੌਰਾਨ ਦੱਸਿਆ ਸੀ ਕਿ ਉਸ ਵੇਲੇ ਦੇ ਵਾਈਸ ਚਾਂਸਲਰ ਨੇ ਵਾਅਦਾ ਕੀਤਾ ਸੀ ਕਿ ਤੁਹਾਡੇ ਲੈਕਚਰਾਰ ਗ੍ਰੇਡ ਨੂੰ ਰੀਡਰ ਵਿਚ ਤਬਦੀਲ ਕਰ ਦਿੱਤਾ ਜਾਵੇਗਾ। ਅਗਲੇ ਸਾਲਾਂ ਵਿਚ ਵਿਭਾਗ ਦੇ ਮੁਖੀ ਆਹਲੂਵਾਲੀਆ ਲਗਾਏ ਗਏ ਸਨ। ਨਵੰਬਰ, 1969 ਨੂੰ ਸਿੰਡੀਕੇਟ ਨੇ ਭਾਵੇਂ ਰੀਡਰ ਦਾ ਗ੍ਰੇਡ ਦਿੱਤਾ ਸੀ ਪਰ ਸਾਥੀਆਂ ਦੇ ਵਿਰੋਧਬਾਜੀ ਕਰਕੇ ਲਾਗੂ ਨਹੀਂ ਹੋ ਸਕਿਆ। ਲਗਭਗ 12 ਸਾਲ ਉਡੀਕਣ ਉਪਰੰਤ 1980 ਵਿਚ ਡਾ. ਧੀਰ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਵਿਚ ਲੈਕਚਰਾਰ ਗਏ। ਉਸ ਵੇਲੇ ਪੰਜਾਬੀ ਵਿਭਾਗ ਵਿਚ ਕੁਲ 14 ਵਿਚੋਂ 13 ਪ੍ਰਾਅਧਿਆਪਕ, ਜਿਨ੍ਹਾਂ ਵਿਚ ਦਲੀਪ ਕੌਰ ਟਿਵਾਣਾ, ਡਾ. ਪ੍ਰੇਮ ਪ੍ਰਕਾਸ਼ ਸਿੰਘ ਆਦਿ ਡਾ. ਧੀਰ ਤੋਂ ਸੀਨੀਅਰਜ਼ ਸਨ ਅਤੇ ਡਾ. ਜਸਵਿੰਦਰ ਸਿੰਘ ਸਭ ਤੋਂ ਜੁਨੀਅਰ ਸਨ। ਡਾ. ਧੀਰ ਨੂੰ ਸਭ ਤੋਂ ਜੂਨੀਅਰ ਰੱਖਿਆ ਗਿਆ। 1982 ਵਿਚ ਰੀਡਰ ਦੀਆਂ 3 ਪੋਸਟਾਂ ਨਿਕਲੀਆਂ ਤਾਂ ਡਾ. ਧੀਰ ਨੇ 6 ਸੀਨੀਅਰਜ਼ ਨੂੰ ਪਛਾੜ ਕੇ ਰੀਡਰ ਬਣ ਗਏ। । ਰੀਡਰ ਬਣਨ ਤੋਂ ਰਹਿ ਗਿਆਂ ਵਿੱਚੋਂ ਕਿਸੇ ਇਕ ਨੇ ਡਾ. ਧੀਰ ਦੀ ਰੀਡਰ ਨਿਯੁਕਤੀ ਵਿਰੁੱਧ ਕੇਸ ਕਰ ਦਿੱਤਾ ਜਾਣ ਕਰਕੇ ਪੋਸਟ 'ਤੇ ਨਿਯੁਕਤੀ ਰੁਕ ਗਈ। ਰੀਡਰ ਦੀ ਸਿਲੈਕਸ਼ਨ ਵੇਲੇ ਡਾ. ਧੀਰ ਦਾ ਤੀਜਾ ਨੰਬਰ ਸੀ ਪਰ ਤੀਜੀ ਪੋਸਟ ਲੀਵ ਵੈਕੇਂਸੀ 'ਤੇ ਭਰੀ ਹੋਣ ਕਾਰਨ ਦੁਬਾਰਾ ਇਤਰਾਜ਼ ਹੋ ਗਿਆ। ਡਾ. ਧੀਰ ਨੂੰ ਫਿਰ ਲੈਕਚਰਾਰ ਦੀ ਪੋਸਟ ਉੱਤੇ ਕਰ ਦਿੱਤਾ ਗਿਆ। ਡਾ. ਧੀਰ ਵੱਲੋਂ ਉਸ ਸਮੇਂ ਦੇ ਵੀਸੀ ਜੌਹਲ ਕੋਲ ਪਹੁੰਚ ਸਦਕਾ ਫਿਰ ਰੀਡਰ ਦੀ ਪੋਸਟ 'ਤੇ ਐਡਜਸਟ ਕੀਤਾ ਗਿਆ। ਉਪਰੰਤ 6 ਸਾਲ ਬਾਅਦ ਪੰਜਾਬੀ ਵਿਭਾਗ ਵਿਚ 2 ਪੋਸਟਾਂ ਪ੍ਰੋਫੈਸਰ ਦੀਆਂ ਨਿਕਲੀਆਂ ਤਾਂ ਡਾ. ਧੀਰ ਨੇ ਦੁਬਾਰਾ ਅਪਲਾਈ ਕਰਕੇ ਬਾਕੀ 6 ਸੀਨੀਅਰਜ਼ ਨੂੰ ਸੁਪਰਸੀਡ ਕਰ ਦਿੱਤਾ ਅਤੇ ਪ੍ਰੋਫੈਸਰ ਬਣ ਗਏ। ਪ੍ਰੋਫੈਸਰ ਬਣਨ ਤੋਂ ਰਹਿ ਗਿਆਂ ਵਿਚੋਂ ਕਿਸੇ ਨੇ ਕੇਸ ਕਰਕੇ ਡਾ. ਧੀਰ ਦੀ ਨਿਯੁਕਤੀ ਫਿਰ ਰੋਕ ਦਿੱਤੀ। ਉਪਰੰਤ ਕੇਸ ਖਾਰਜ ਹੋਣ ਕਰ ਕੇ ਡਾ. ਧੀਰ ਦੀ ਮੁੜ ਪ੍ਰੋਫੈਸਰ ਵਜੋਂ ਨਿਯੁਕਤੀ ਹੋ ਗਈ। ਉਪਰੰਤ ਡਾ. ਧੀਰ ਪੰਜਾਬੀ ਵਿਭਾਗ ਦੇ ਮੁਖੀ ਬਣੇ ਅਤੇ ਡੀਨ ਅਕਾਦਮਿਕ ਵੀ ਬਣ ਗਏ ਸਨ।

ਡਾ. ਕੁਲਦੀਪ ਸਿੰਘ ਧੀਰ ਦੀਆਂ ਰਚਨਾਵਾਂ

ਗਿਆਨ ਵਿਗਿਆਨ ਨੂੰ ਪੰਜਾਬੀ 'ਚ ਲਿਖਣ ਵਾਲੇ ਵਿਦਵਾਨ ਡਾ. ਕੁਲਦੀਪ ਸਿੰਘ ਧੀਰ ਪੰਜਾਬੀ ਅਖਬਾਰਾਂ 'ਚ ਅਕਸਰ ਛਪਦੇ ਗਿਆਨ/ਵਿਗਿਆਨ ਦੇ ਲੇਖਾਂ ਲਈ ਜਾਣੇ ਜਾਂਦੇ ਸਨ। ਡਾ. ਕੁਲਦੀਪ ਸਿੰਘ ਧੀਰ ਨੇ ਧਰਮ/ਸਿੱਖ ਇਤਿਹਾਸ, ਸਾਹਿਤ/ਸਾਹਿਤ ਆਲੋਚਨਾ ਅਤੇ ਗਿਆਨ/ਵਿਗਿਆਨ ਆਦਿ ਖੇਤਰ ਵਿਚ ਵਡਮੁੱਲਾ ਯੋਗਦਾਨ ਪਾਇਆ। ਡਾ. ਧੀਰ ਨੇ ਲੇਖਕਾਂ ਦੇ ਰੇਖਾ ਚਿੱਤਰ ਲਿਖਣ ਦੇ ਨਾਲ ਹੋਰ ਕਈ ਕਿਤਾਬਾਂ ਸਾਹਿਤ ਦੀ ਝੋਲੀ ਪਾਈਆਂ ਹਨ।

ਡਾ. ਧੀਰ ਦੁਆਰਾ ਰਚਿਤ ਵਾਰਤਕ ਸ਼ੈਲੀ ਦੀ ਖਾਸੀਅਤ ਇਹ ਹੈ ਕਿ ਜੇਕਰ ਉਹ ਧਰਮ/ਸਿੱਖ ਇਤਿਹਾਸ ਜਾਂ ਸਾਹਿਤ/ਸਾਹਿਤ ਆਲੋਚਨਾ ਵਿਸ਼ਿਆਂ 'ਤੇ ਲਿਖ ਰਿਹਾ ਹੈ ਤਾਂ ਉਸਦਾ ਦ੍ਰਿਸ਼ਟੀਕੋਣ ਵਿਗਿਆਨਕ ਹੈ ਪਰ ਜੇਕਰ ਗਿਆਨ/ਵਿਗਿਆਨਕ ਵਿਸ਼ਿਆਂ 'ਤੇ ਲਿਖਿਆ ਹੈ ਤਾਂ ਵਿਗਿਆਨ ਦੇ ਸਰੋਕਾਰ ਅਤੇ ਲੱਭਤਾਂ ਨੂੰ ਗੁਰਬਾਣੀ ਸੰਸਾਰ ਦੇ ਝਰੋਖੇ ਰਾਹੀਂ ਪਰਖਣ ਵਾਲੀ ਦ੍ਰਿਸ਼ਟੀ ਹੈ। ਇਹੀ ਕਾਰਨ ਹੈ ਕਿ ਡਾ. ਧੀਰ ਦੀਆਂ ਵਿਗਿਆਨ ਨਾਲ ਸਬੰਧਿਤ ਪੁਸਤਕਾਂ ਦੇ ਸਿਰਲੇਖ ਬਾਣੀ ਸੰਸਾਰ ਵਿੱਚੋਂ ਤਲਾਸ਼ੇ ਨਜ਼ਰੀ ਆਉਂਦੇ ਹਨ। ਡਾ. ਧੀਰ ਆਪਣੀ ਵਾਰਤਕ ਸ਼ੈਲੀ ਵਿਚ 'ਦ੍ਰਿਸ਼ ਵਰਣਨ' ਨੂੰ ਬਹੁਤ ਕਲਾ ਨਾਲ ਉਸਾਰਦਾ ਹੈ। ਸਾਹਿਤ ਰਚਨ ਕਰਦਿਆਂ ਡਾ. ਧੀਰ ਸਾਹਿਤ ਦੀ ਬੁਨਿਆਦ 'ਸਤਿਅਮ, ਸ਼ਿਵਮ ਤੇ ਸੁੰਦਰਮ' 'ਤੇ ਪਹਿਰਾ ਦਿੰਦਿਆਂ ਦ੍ਰਿਸ਼ਟੀ ਉਸਾਰੂ ਅਤੇ ਸੋਚ ਭਵਿੱਖਮੁਖੀ ਰੱਖਦਾ ਹੋਣ ਕਰਕੇ ਸਮਾਜ ਨੂੰ ਜੋੜਦਾ ਹੈ।

ਧਰਮ/ਸਿੱਖ ਇਤਿਹਾਸ ਨਾਲ ਸੰਬੰਧਿਤ ਪੁਸਤਕਾਂ

ਗੁਰਬਾਣੀ: ਜੋਤਿ ਅਤੇ ਜੁਗਤ, ਵਹ ਪ੍ਰਗਟਿਓ ਮਰਦ ਅਗੰਮੜਾ, ਗੁਰੂ ਹਰਗੋਬਿੰਦ ਸਾਹਿਬ: ਜੀਵਨ ਤੇ ਪ੍ਰਤਿਭਾ, ਸਿੱਖ ਰਾਜ ਦੇ ਵੀਰ ਨਾਇਕ, ਵਡ ਜੋਧਾ ਗੁਰੂ ਹਰਗੋਬਿੰਦ, ਗੁਰੂ ਰਾਮਦਾਸ: ਜੀਵਨ ਤੇ ਬਾਣੀ, ਸਿੱਖ ਧਰਮ ਦਰਸ਼ਨ: ਸੰਖੇਪ ਰੂਪ-ਰੇਖਾ, ਸ੍ਰੀਮਦ ਭਗਵਤ ਗੀਤਾ: ਸੰਖੇਪ ਜਾਣ-ਪਛਾਣ, ਸ੍ਰੀ ਗੁਰੂ ਗ੍ਰੰਥ ਸਾਹਿਬ: ਵਿਗਿਆਨਕ ਅੰਤਰ-ਦ੍ਰਿਸ਼ਟੀਆਂ, ਅਸੀਂ ਤੁਸੀ ਅਤੇ ਗੀਤਾ ਸਾਹਿਤ/ਸਾਹਿਤ ਆਲੋਚਨਾ ਨਾਲ ਸੰਬੰਧਿਤ ਪੁਸਤਕਾਂ ਦਰਿਆਵਾਂ ਦੀ ਦੋਸਤੀ (ਸਾਹਿਤਕ ਰੇਖਾ ਚਿੱਤਰ), ਕਪੂਰ ਸਿੰਘ ਘੁੰਮਣ: ਜੀਵਨ ਤੇ ਰਚਨਾ, ਜਸਵੰਤ ਸਿੰਘ ਵੰਤਾ: ਜੀਵਨ ਤੇ ਰਚਨਾ, ਤੁਲਨਾਤਮਕ ਸਾਹਿਤ ਸ਼ਾਸਤਰ, ਸਾਹਿਤ ਅਧਿਐਨ: ਪਾਠਕ ਦੀ ਅਨੁਕ੍ਰਿਆ, ਤੁਲਨਾਤਮਕ ਸਾਹਿਤ: ਸਿਧਾਂਤ ਤੇ ਵਿਹਾਰ, ਸੁਤੰਤਰਤਾ ਪਿੱਛੋਂ ਪੰਜਾਬੀ ਨਾਟਕ: ਸਰਵਪੱਖੀ ਵਿਸ਼ਲੇਸ਼ਣ, ਪੰਜਾਬ ਦਾ ਮਿਲਟਨਾਂ ਕਿਰਪਾਲ ਸਿੰਘ ਕਸੇਲ, ਇੱਕੀਵੀਂ ਸਦੀ ਦਾ ਪੰਜਾਬੀ ਸਾਹਿਤ: ਦਸ਼ਾ ਤੇ ਦਿਸ਼ਾ, ਸਮਕਾਲੀ ਸਾਹਿਤ: ਕਲਮ ਤੇ ਕਿਤਾਬ, ਚੇਤੇ ਵਿਚ ਉਕਰੇ ਸ਼ਿਲਾਲੇਖ (ਸਾਹਿਤਕ ਰੇਖਾ ਚਿੱਤਰ) ਹਨ।

ਗਿਆਨ/ਵਿਗਿਆਨ ਨਾਲ ਸੰਬੰਧਿਤ ਪੁਸਤਕਾਂ

ਰੈਫ਼ਰੀਜਰੇਟਰ, ਰੇਲਵੇ ਇੰਜਣ, ਕੰਪਿਊਟਰ, ਜਲ ਮਿਲਿਆ ਪਰਮੇਸ਼ਰ ਮਿਲਿਆ, ਪ੍ਰਯੋਗਿਕ ਭੌਤਿਕ ਵਿਗਿਆਨ, ਉਦਯੋਗਿਕ ਤੇ ਉਤਪਾਦਨ ਇੰਜੀਨੀਅਰੀ, ਉਦਯੋਗਿਕ ਤੇ ਉਤਪਾਦਕ ਪ੍ਰਬੰਧ, ਮਸ਼ੀਨ ਪਰਿਕਲਪਨਾ ਦੇ ਪ੍ਰਾਰੰਭਿਕ ਸਿਧਾਂਤ, ਪ੍ਰਾਰੰਭਿਕ ਤਾਪ-ਗਤੀ ਵਿਗਿਆਨ ਤੇ ਤਾਪ ਇੰਜਣ, ਪਦਾਰਥ ਸਮਰੱਥਾ ਵਿਗਿਆਨ, ਸੀਤਨ ਤੇ ਵਾਯੂ ਅਨੁਕੂਲਨ, ਨਦੀਆਂ ਧਰਤੀਆਂ ਨਵੇਂ ਆਕਾਸ਼, ਕਹਾਣੀ ਐਟਮ ਬੰਬ ਦੀ, ਇਹ ਵਿਚਿੱਤਰ ਬ੍ਰਹਿਮੰ ਆਦਿ ਪੁਸਤਕਾਂ ਦੀ ਸਿਰਜਣਾ ਕੀਤੀ।

ਡਾ. ਕੁਲਦੀਪ ਸਿੰਘ ਧੀਰ ਦੇ ਵਿਛੋੜੇ ਨਾਲ ਇਕ ਸ਼ਖ਼ਸੀਅਤ

ਨਹੀਂ ਗਈ ਬਲਕਿ ਇਕ ਸੰਸਥਾ ਤੁਰ ਗਈ ਹੈ।

- ਡਾ. ਬਲਵਿੰਦਰ ਸਿੰਘ ਥਿੰਦ

Posted By: Harjinder Sodhi