ਪੀਰੋ ਪ੍ਰੇਮਣ ਦਾ ਜਨਮ 1832 ਵਿਚ ਇਕ ਫ਼ਕੀਰ ਮੁਸਲਮਾਨ ਪਰਿਵਾਰ ਵਿਚ ਹੋਇਆ, ਉਸਦੇ ਮਾਂ ਬਾਪ ਦੇ ਨਾਵਾਂ ਬਾਰੇ ਕੋਈ ਜਾਣਕਾਰੀ ਨਹੀਂ ਮਿਲਦੀ। ਪੀਰੋ ਦੇ ਜਨਮ ਤੋਂ ਕੁਝ ਦੇਰ ਬਾਅਦ ਹੀ ਉਸਦੀ ਮਾਂ ਦੀ ਮੌਤ ਹੋ ਗਈ। ਪੀਰੋ ਦਾ ਫ਼ਕੀਰ ਬਾਪ ਜਦ ਵੱਖ-ਵੱਖ ਧਾਰਮਿਕ ਸਥਾਨਾਂ ’ਤੇ ਜਾਂਦਾ ਤਾਂ ਪੀਰੋ ਨੂੰ ਨਾਲ ਹੀ ਲੈ ਕੇ ਜਾਂਦਾ। ਇਸ ਪਰੇਸ਼ਾਨੀ ਨੂੰ ਦੂਰ ਕਰਨ ਲਈ ਉਸਨੇ ਪੀਰੋ ਦਾ ਛੋਟੀ ਉਮਰ ਵਿਚ ਹੀ ਲਾਹੌਰ ਦੇ ਇਕ ਲੜਕੇ ਨਾਲ ਵਿਆਹ ਕਰ ਦਿੱਤਾ। ਉਸ ਲੜਕੇ ਨੇ ਪੀਰੋ ਨੂੰ ਲਾਹੌਰ ਦੇ ਮਸ਼ਹੂਰ ਵੇਸਵਾ ਇਲਾਕੇ ਹੀਰਾ ਮੰਡੀ ਵਿਚ ਵੇਚ ਦਿੱਤਾ। ਪੀਰੋ ਖ਼ੁਦ ਇਸ ਕਿੱਤੇ ਨੂੰ ਭਾਰੀ ਨਫ਼ਰਤ ਕਰਦੀ ਸੀ, ਪਰ ਜੋ ਲੜਕੀ ਇਕ ਵਾਰ ਇਸ ਇਲਾਕੇ ਵਿਚ ਪ੍ਰਵੇਸ਼ ਕਰ ਜਾਂਦੀ ਉਸ ਲਈ ਇੱਥੋਂ ਬਚ ਨਿਕਲਣਾ ਤੇ ਖਹਿੜਾ ਛੁਡਾਉਣਾ ਸੌਖਾ ਨਹੀਂ ਸੀ। ਪੀਰੋ ਦਲੇਰ ਲੜਕੀ ਸੀ ਤੇ ਉਹ ਬਚ ਬਚਾਅ ਕੇ ਇਸ ਇਲਾਕੇ ਤੋਂ ਭੱਜ ਨਿਕਲੀ। ਉਸ ਪਾਸ ਅੱਗੇ ਵੀ ਕੋਈ ਟਿਕਾਣਾ ਨਹੀਂ ਸੀ ਜਿੱਥੇ ਉਹ ਆਪਣਾ ਜੀਵਨ ਬਤੀਤ ਕਰ ਸਕੇ। ਸੋਚ ਸਮਝ ਕੇ ਉਹ ਇੱਥੋਂ ਕੁਝ ਦੂਰ ਕਸੂਰ ਦੇ ਨੇੜੇ ਪਿੰਡ ਚੱਠਿਆਂ ਵਾਲਾ ਵਿਖੇ ਇਕ ਡੇਰੇ ਵਿਚ ਪਹੁੰਚ ਗਈ।

ਇਸ ਡੇਰੇ ਦਾ ਮੁੱਖੀ ਗੁਲਾਬ ਦਾਸ ਰੱਬ ਨੂੰ ਮੰਨਣ ਵਾਲਾ ਇਕ ਧਾਰਮਿਕ ਵਿਅਕਤੀ ਸੀ। ਉਸਨੇ ਆਪਣੀ ਹੀ ਵੱਖਰੀ ਸੰਪਰਦਾਇ ਸ਼ੁਰੂ ਕੀਤੀ ਸੀ, ਜਿਸਨੂੰ ‘ਗੁਲਾਬਦਾਸੀ’ ਕਿਹਾ ਜਾਂਦਾ ਸੀ। ਪੀਰੋ ਹੀਰਾ ਮੰਡੀ ’ਚੋਂ ਭੱਜ ਕੇ ਇਸ ਡੇਰੇ ਵਿਚ ਪਹੁੰਚ ਤਾਂ ਗਈ, ਪਰ ਉਹ ਬਹੁਤ ਚਿਰ ਲੁਕ ਨਾ ਸਕੀ। ਹੀਰਾ ਮੰਡੀ ਦੀ ਪੇਸ਼ਾਵਰ ਵਾਰਡਨ, ਜਿਸ ਕੋਲ ਪੀਰੋ ਨੂੰ ਵੇਚਿਆ ਗਿਆ ਸੀ, ਜੋ ਉਸ ਤੋਂ ਵੇਸਵਾ ਦਾ ਧੰਦਾ ਕਰਵਾ ਕੇ ਪੈਸਾ ਕਮਾਉਣਾ ਚਾਹੁੰਦੀ ਸੀ, ਪੀਰੋ ਨੂੰ ਲੱਭਣ ਲੱਗੀ। ਉਸਨੂੰ ਜਦ ਪੀਰੋ ਦੇ ਡੇੇਰਾ ਗੁਲਾਬਦਾਸ ਚੱਠਿਆਂਵਾਲਾ ਵਿਖੇ ਹੋਣ ਦਾ ਪਤਾ ਲੱਗਾ ਤਾਂ ਉਸਨੇ ਆਪਣੇ ਖ਼ਾਸ ਵਿਅਕਤੀ ਭੇਜ ਕੇ ਪੀਰੋ ਨੂੰ ਵਾਪਸ ਹੀਰਾ ਮੰਡੀ ਲਾਹੌਰ ਭੇਜਣ ਲਈ ਗੁਲਾਬ ਦਾਸ ਨਾਲ ਸੰਪਰਕ ਕੀਤਾ। ਪਤਾ ਲੱਗਣ ’ਤੇ ਪੀਰੋ ਨੇ ਦੱਸਿਆ ਕਿ ਉਹ ਹੁਣ ਮੁਸਲਮਾਨ ਨਹੀਂ ਰਹੀ, ਉਹ ਧਰਮ ਪਰਿਵਰਤਨ ਕਰ ਚੁੱਕੀ ਹੈ। ਉਹ ਗੁਲਾਬ ਦਾਸ ਨੂੰ ਆਪਣਾ ਗੁਰੂ ਮੰਨਦੀ ਹੈ ਅਤੇ ਸੰਪਰਦਾਇ ਗੁਲਾਬਦਾਸੀ ਨੂੰ ਆਪਣਾ ਧਰਮ। ਮੁਸਲਮਾਨ ਧਰਮ ਦਾ ਤਿਆਗ ਕਰਨ ਸਦਕਾ ਹੁਣ ਉਹ ਇਸਲਾਮ ਧਰਮ ਦੀਆਂ ਨਜ਼ਰਾਂ ਵਿਚ ਕਾਫ਼ਰ ਬਣ ਗਈ ਹੈ।

ਇਸ ਉਪਰੰਤ ਗੁੱਸੇ ਵਿੱਚ ਪੀਰੋ ਨੂੰ ਕਾਫ਼ਰ ਕਹਿੰਦਿਆਂ ਤੇ ਇਸਲਾਮ ਵਿਰੋਧੀ ਮੰਨਦਿਆਂ ਉਸਨੂੰ ਡੇਰੇ ਵਿੱਚੋਂ ਅਗਵਾ ਕਰ ਲਿਆ ਗਿਆ ਤੇ ਵਜ਼ੀਰਾਬਾਦ ਵਿਖੇ ਇਕ ਔਰਤ ਮਹਿਰੂ ਨਿਸ਼ਾ ਦੇ ਸਪੁਰਦ ਕਰ ਦਿੱਤਾ, ਜਿਸਨੇ ਉਸਨੂੰ ਆਪਣੇ ਕੋਲ ਕੈਦ ਕਰ ਲਿਆ। ਪੀਰੋ ਇਕ ਸਮਝਦਾਰ ਲੜਕੀ ਸੀ, ਉਸਨੇ ਉੱਥੇ ਦੋ ਹੋਰ ਔਰਤਾਂ ਜਾਨੂ ਤੇ ਰਹਿਮਤਾਂ ਨਾਲ ਸਹੇਲਪੁਣਾ ਕਾਇਮ ਕੀਤਾ ਅਤੇ ਫੇਰ ਉਨ੍ਹਾਂ ਰਾਹੀਂ ਡੇਰਾ ਗੁਲਾਬਦਾਸ ਦੇ ਮੁਖੀ ਤਕ ਉਸਦੇ ਕੈਦ ਕੀਤੇ ਹੋਣ ਦਾ ਸੁਨੇਹਾ ਭੇਜ ਦਿੱਤਾ। ਇਹ ਪਤਾ ਲੱਗਣ ’ਤੇ ਸੰਤ ਗੁਲਾਬ ਦਾਸ ਨੇ ਆਪਣੇ ਦੋ ਚੇਲਿਆਂ ਗੁਲਾਬ ਸਿੰਘ ਤੇ ਚਤਰ ਸਿੰਘ ਨੂੰ ਵਜ਼ੀਰਾਬਾਦ ਭੇਜਿਆ ਤੇ ਉਹ ਕਿਸੇ ਤਰ੍ਹਾਂ ਪੀਰੋ ਨੂੰ ਲੈ ਕੇ ਡੇਰੇ ਪਹੁੰਚ ਗਏ।

ਗੁਲਾਬਦਾਸੀ ਡੇਰੇ ਦਾ ਮਾਹੌਲ ਸਾਹਿਤਕ ਸੀ, ਡੇਰਾ ਮੁੱਖੀ ਗੁਲਾਬਦਾਸ ਵੀ ਸਾਹਿਤ ਰਚਦਾ ਸੀ। ਸ਼ਾਇਦ ਇਸੇ ਮਾਹੌਲ ਸਦਕਾ ਪੀਰੋ ਨੂੰ ਵੀ ਸਾਹਿਤ ਰਚਣ ਦੀ ਚੇਟਕ ਲੱਗੀ। ਪੀਰੋ ਪੰਜਾਬੀ ਦੀ ਪਹਿਲੀ ਲੇਖਿਕਾ ਮੰਨੀ ਜਾਂਦੀ ਹੈ, ਕਿਉਂਕਿ ਉਸ ਤੋਂ ਪਹਿਲਾਂ ਦੀ ਕਿਸੇ ਔਰਤ ਦੀ ਲਿਖਤ ਨਹੀਂ ਮਿਲਦੀ। ਪੀਰੋ ਨੇ 160 ਕਾਫ਼ੀਆਂ ਦੀ ਪੁਸਤਕ ਲਿਖੀ, ਜਿਸ ਵਿਚ ਉਸਨੇ ਬਹੁਤੀਆਂ ਆਪਣੀ ਜ਼ਿੰਦਗੀ ਵਿਚ ਵਾਪਰੀਆਂ ਘਟਨਾਵਾਂ ਨੂੰ ਸਾਹਿਤਕ ਰੂਪ ਦਿੱਤਾ, ਇਹ ਇਕ ਤਰ੍ਹਾਂ ਉਸਦੀ ਸਵੈ-ਜੀਵਨੀ ਹੀ ਮੰਨੀ ਜਾਂਦੀ ਹੈ। ਉਸ ਦੀਆਂ ਪੁਸਤਕਾਂ ‘ਕਾਫ਼ੀਆਂ ਮਾਤਾ ਪੀਰੋ ਕੀ’ ਅਤੇ ‘ਰਾਗ ਸਾਗਰ’ ਹਨ ਜਦ ਕਿ ਇਕ ਪੁਸਤਕ ਸੰਤ ਗੁਲਾਬ ਦਾਸ ਨਾਲ ਸਾਂਝੀ ਹੈ ਜਿਸਦਾ ਨਾਂ ‘ਸ਼ਹਿਰਫੀ ਸਾਂਝ’ ਹੈ। ਪੀਰੋ ਨੇ ਆਪਣੀਆਂ ਲਿਖਤਾਂ ਵਿਚ ਸੱਚ ਨੂੰ ਉਜਾਗਰ ਕੀਤਾ ਆਪਣੇ ਗੁਰੂ ਦੀ ਸ਼ਲਾਘਾ ਕੀਤੀ, ਧਾਰਮਿਕ ਰਹੁ ਰੀਤਾਂ ਤੇ ਔਰਤ ਮਸਲਿਆਂ ਨੂੰ ਪੇਸ਼ ਕੀਤਾ ਹੈ।

ਪੀਰੋ ਨੇ ਆਪਣੇ ਗੁਰੂ ਦੀ ਸ਼ਲਾਘਾ ’ਚ ਲਿਖਿਆ :

‘ਪੀਰੋ ਕੇਹਸੀ ਸਤਿਗੁਰ

ਤੁਮ ਨੀਚ ਉਧਾਰੇ।

ਪੀਰੋ ਕੇਹਸੀ ਸਤਿਗੁਰ

ਤੁਮ ਨੀਚ ਤਰੈ।’’

ਆਪਣੇ ਧਰਮ ਪਰਿਵਰਤਨ ਬਾਰੇ ਦਲੇਰੀ ਨਾਲ ਉਚਾਰਣ ਕਰਦੀ ਹੈ :

‘‘ਨਾ ਮੈਂ ਮੁਸਲਮਾਨਣੀ

ਨਾ ਹਿੰਦੂ ਹੋਸਾਂ

ਨਾ ਮੈਂ ਬਰਨ ਆਸ਼ਰਮ

ਮੈ ਨਾ ਭੇਖ ਲਗੋਸਾਂ’’

ਆਪਣੇ ਫ਼ਕੀਰੀ ਸੁਭਾਅ ਬਾਰੇ ਕਹਿੰਦੀ ਹੈ:

‘‘ਨਿਮਾਜਾਂ ਰੋਜ਼ੇ ਛੁਟਿ ਗਏ ਮਸਤਾਨੀ ਹੋਈ

ਸੋਹੰ ਆਪ ਜਾਨ ਕੇ ਮੈਂ ਆਪੇ ਸੋਈ।’’

ਪੀਰੋ ਬੜੀ ਦਲੇਰੀ ਨਾਲ ਸੱਚ ’ਤੇ ਪਹਿਰਾ ਦਿੰਦੀ ਸੀ। ਉਹ ਆਪਣੇ ਆਪ ਨੂੰ ਨੀਵੀਂ ਜਾਤੀ ਦੀ ਵੇਸਵਾ, ਨਾਚ ਕਰਨ ਵਾਲੀ, ਸੂਦ ਨਾਰੀ ਆਦਿ ਕਹਿੰਦੀ ਰਹੀ। ਉਹ ਸ਼ਰੇਆਮ ਕਹਿੰਦੀ ਕਿ ਉਸਨੇ ਧਰਮ ਪਰਿਵਰਤਨ ਕਰ ਲਿਆ ਹੈ ਹੁਣ ਉਹ ਮੁਸਲਮਾਨ ਨਹੀਂ ਰਹੀ। ਸੁੰਨਤ ਅਤੇ ਵਾਲਾਂ ਦਾ ਹਵਾਲਾ ਦੇ ਕੇ ਉਹ ਦਲੇਰੀ ਨਾਲ ਕਹਿੰਦੀ ਕਿ ਇਨ੍ਹਾਂ ਦੋਵਾਂ ਦੇ ਆਧਾਰ ’ਤੇ ਔਰਤ ਤਾਂ ਨਾ ਹੀ ਮੁਸਲਮਾਨ ਹੋ ਸਕਦੀ ਹੈ ਅਤੇ ਨਾ ਹੀ ਹਿੰਦੂ। ਉਸਨੇ ਔਰਤਾਂ ਦੇ ਹੱਕਾਂ ਲਈ ਆਵਾਜ਼ ਬੁਲੰਦ ਕੀਤੀ, ਵੇਸਵਾਗਿਰੀ ਦਾ ਡਟ ਕੇ ਵਿਰੋਧ ਕੀਤਾ, ਧਰਮਾਂ ਵਿਚ ਫੈਲੇ ਝੂਠ ਦਾ ਪਰਦਾਫਾਸ਼ ਕੀਤਾ।

ਪੀਰੋ ਆਪਣੇ ਆਪ ਨੂੰ ਜੋਗਨ ਜਾਂ ਚੇਲੀ ਵਜੋਂ ਸਵੀਕਾਰ ਕਰਦੀ ਹੋਈ ਆਪਣੇ ਗੁਰੂ ਗੁਲਾਬ ਦਾਸ ਨੂੰ ਗੁਰੂ, ਸਤਿਗੁਰੂ, ਮਾਲਕ, ਮੁਰਸ਼ਿਦ ਆਦਿ ਸ਼ਬਦਾਂ ਨਾਲ ਸੰਬੋਧਨ ਕਰਦੀ ਰਹੀ। ਬਾਅਦ ਵਿੱਚ ਪੀਰੋ ਤੇ ਗੁਲਾਬ ਦਾਸ ਦੀ ਸਾਂਝ ਬਹੁਤ ਗੂੜ੍ਹੀ ਹੋ ਗਈ ਸੀ, ਪੀਰੋ ਡੇਰੇ ਵਿਚ ਸਤਿਸੰਗ ਸਮੇਂ ਗੁਲਾਬਦਾਸ ਦੇ ਨਾਲ ਆਸਣ ’ਤੇ ਬੈਠਦੀ ਵੀ ਰਹੀ ਹੈ। ਪਰ ਦੋਵਾਂ ਦੇ ਵਿਆਹ ਸਬੰਧੀ ਕੋਈ ਸਬੂਤ ਨਹੀਂ ਮਿਲਦਾ।

ਵੰਡ ਪਿੱਛੋਂ ਡੇਰਾ ਤਬਦੀਲੀ

1872 ’ਚ ਪੀਰੋ ਪ੍ਰੇਮਣ ਦੀ ਮੌਤ ਹੋ ਗਈ, ਜਿਸਨੂੰ ਚੱਠਿਆਂਵਾਲਾ ਵਿਖੇ ਦਫ਼ਨਾਇਆ ਗਿਆ। ਇਸ ਤੋਂ ਕਰੀਬ ਅੱਠ ਕੁ ਮਹੀਨੇ ਮਗਰੋਂ ਹੀ ਗੁਲਾਬ ਦਾਸ ਦੀ ਵੀ ਮੌਤ ਹੋ ਗਈ। ਉਸ ਨੂੰ ਵੀ ਪੀਰੋ ਦੀ ਕਬਰ ਦੇ ਨਾਲ ਹੀ ਦਫ਼ਨਾਇਆ ਗਿਆ। ਦੇਸ਼ ਵੰਡ ਸਮੇਂ ਚੱਠਿਆਂਵਾਲਾ ਵਿੱਚੋਂ ਇਸ ਡੇਰੇ ਦੇ ਪ੍ਰਬੰਧਕਾਂ ਨੂੰ ਕੱਢ ਦਿੱਤਾ ਗਿਆ, ਜੋ ਪਾਕਿਸਤਾਨ ਦੀ ਧਰਤੀ ਛੱਡ ਕੇ ਹਰਿਆਣਾ ਦੇ ਸ਼ਹਿਰ ਹਾਂਸੀ ਆ ਟਿਕੇ। ਜਿੱਥੇ ਉਨ੍ਹਾਂ ਦਾ ਡੇਰਾ ਮੌਜੂਦ ਹੈ। ਚੱਠਿਆਂਵਾਲਾ ਵਿਖੇ ਅਜੇ ਵੀ ਪੀਰੋ ਪ੍ਰੇਮਣ ਤੇ ਗੁਲਾਬ ਦਾਸ ਦੀਆਂ ਕਬਰਾਂ ਮੌਜੂਦ ਹਨ। ਕੁਝ ਲੋਕ ਉਨ੍ਹਾਂ ਪ੍ਰਤੀ ਸ਼ਰਧਾ ਵੀ ਰੱਖਦੇ ਹਨ।

- ਬਲਵਿੰਦਰ ਸਿੰਘ ਭੁੱਲਰ

Posted By: Harjinder Sodhi