ਅੰਮ੍ਰਿਤ ਪਾਲ - ਪੰਜਾਬੀ ਜ਼ਬਾਨ ਦੇ ਮਹਿਬੂਬ ਸ਼ਾਇਰ ਸੀ। ਉਸਤਾਦ ਦਾਮਨ ਦਾ ਅਸਲੀ ਨਾਂ ਚਿਰਾਗ ਦੀਨ ਸੀ। ਉਸ ਦਾ ਜਨਮ 4 ਸਤੰਬਰ 1914 ਨੂੰ ਲਾਹੌਰ ਵਿਚ ਹੋਇਆ। ਲਾਹੌਰ ਦੇ ਦੇਵ ਸਮਾਜ ਸਕੂਲ ਤੋਂ ਦਸਵੀਂ ਦੀ ਪੜ੍ਹਾਈ ਮੁਕੰਮਲ ਕਰਨ ਉਪਰੰਤ ਉਸਤਾਦ ਦਾਮਨ ਨੇ ਦਰਜ਼ੀਪੁਣੇ ਦਾ ਡਿਪਲੋਮਾ ਪ੍ਰਾਪਤ ਕੀਤਾ। ਦਾਮਨ ਦਾ ਸਬੰਧ ਇਕ ਮਿਹਨਤ ਮੁਸ਼ੱਕਤ ਕਰਨ ਵਾਲੇ ਪਰਿਵਾਰ ਨਾਲ ਸੀ। ਉਸ ਦੇ ਪਿਤਾ ਰੇਲਵੇ ਵਿਚ ਦਰਜ਼ੀ ਸਨ ਜਦੋਂ ਉਸ ਦੇ ਪਿਤਾ ਨੇ ਰੇਲਵੇ ਦੀ ਨੌਕਰੀ ਛੱਡੀ ਤਾਂ ਉਸ ਦੀ ਮਾਂ ਨੇ ਲੋਕਾਂ ਦੇ ਭਾਂਡੇ ਮਾਂਜਕੇ ਪਰਿਵਾਰ ਦਾ ਗੁਜ਼ਾਰਾ ਕੀਤਾ। ਦਾਮਨ ਨੂੰ ਪੰਜਾਬੀ ਉੱਤੇ ਪੂਰਨ ਮੁਹਾਰਤ ਹਾਸਿਲ ਸੀ। ਉਸ ਦੀ ਉਰਦੂ, ਅੰਗਰੇਜ਼ੀ ਉੱਤੇ ਵੀ ਪਕੜ ਸੀ ਅਤੇ ਉਹ ਰੂਸੀ, ਅਰਬੀ ਵੀ ਜਾਣਦਾ ਸੀ।

ਉਸਤਾਦ ਦਾਮਨ ਆਪਣੇ ਆਪ ਵਿਚ ਪੰਜਾਬ ਪੰਜਾਬੀ ਅਤੇ ਪੰਜਾਬੀਅਤ ਦਾ ਵਿਰਸਾ ਸੀ। ਫ਼ੈਜ਼ ਅਹਿਮਦ ਫ਼ੈਜ਼ ਉਸ ਦਾ ਸਮਕਾਲੀ ਸੀ। ਦੋਵਾਂ ਵਿਚਕਾਰ ਇਕ ਦੂਸਰੇ ਲਈ ਦਿਲੀ ਸਾਂਝ ਅਤੇ ਇੱਜ਼ਤ ਸੀ। ਫ਼ੈਜ਼ ਉੱਨੀ ਦੇਰ ਮਹਿਫ਼ਲ ਵਿਚ ਨਹੀਂ ਬੈਠਦਾ ਸੀ ਜਿੰਨੀ ਦੇਰ ਦਾਮਨ ਤਸ਼ਰੀਫ਼ ਨਹੀਂ ਫ਼ਰਮਾਉਂਦਾ ਸੀ। ਜਦੋਂ ਫ਼ੈਜ਼ ਅਹਿਮਦ ਫ਼ੈਜ਼ ਫੌਤ ਹੋਇਆ ਤਾਂ ਦਾਮਨ ਆਪ ਬਹੁਤ ਬਿਮਾਰ ਹੋਣ ਦੇ ਬਾਵਜੂਦ ਉਸ ਦੇ ਜਨਾਜ਼ੇ ਵਿਚ ਸ਼ਾਮਿਲ ਹੋਇਆ। ਫ਼ੈਜ਼ ਅਹਿਮਦ ਫ਼ੈਜ਼ ਨੂੰ ਜੋ ਰੁਤਬਾ ਅਤੇ ਸ਼ੋਹਰਤ ਉਰਦੂ ਸ਼ਾਇਰੀ ਵਿਚ ਪ੍ਰਾਪਤ ਹੋਈ ਦਾਮਨ ਨੇ ਉਹੀ ਮੁਕਾਮ ਮਾਤ ਭਾਸ਼ਾ ਪੰਜਾਬੀ ਵਿਚ ਕਵਿਤਾ ਲਿਖ ਕੇ ਹਾਸਿਲ ਕੀਤਾ। ਫ਼ੈਜ਼ ਅਤੇ ਦਾਮਨ ਦੋਹਾਂ ਦੇ ਵਿਸ਼ਿਆਂ ਵਿਚ ਸਾਂਝ ਦਾ ਕੇਂਦਰ ਬਿੰਦੂ ਪਾਕਿਸਤਾਨੀ ਸ਼ਾਸਕਾਂ ਅਤੇ ਤਾਨਾਸ਼ਾਹਾਂ ਦੀਆਂ ਨੀਤੀਆਂ ਦਾ ਕੱਟੜ ਵਿਰੋਧੀ ਹੋਣਾ ਸੀ। ਦਾਮਨ ਲਾਹੌਰ ਦੀ ਸਰਜ਼ਮੀਨ ਅਤੇ ਆਬੋ-ਹਵਾ ਨਾਲ ਬੇ ਹੱਦ ਮੁਹੱਬਤ ਰੱਖਦਾ ਸੀ ਇਸੇ ਵਜਾ ਨਾਲ ਉਸ ਨੇ ਤਮਾਮ ਜ਼ਿੰਦਗੀ ਲਾਹੌਰ ਵਿਚ ਹੀ ਗੁਜ਼ਾਰੀ। ਭਾਵਂੇ ਮੁਫ਼ਲਿਸੀ ਭਰੀ ਜ਼ਿੰਦਗੀ ਨਾਲ ਸੰਘਰਸ਼ ਕਰਦਾ ਰਿਹਾ ਪਰ ਉਸ ਨੇ ਲਾਹੌਰ ਨਹੀਂ ਛੱਡਿਆ। ਜਦੋਂ ਜਾਮਾ ਮਸਜਿਦ ਦੀਆਂ ਪੌੜੀਆਂ ਵਿੱਚੋਂ ਉਹ ਹੁਜਰੇ ਵਿਚ ਗਿਆ ਤਾਂ ਹੇਠਾਂ ਵਿਛਾਉਣ ਲਈ ਉਸ ਕੋਲ ਬੋਰੀ ਸੀ। ਅਜਿਹਾ ਵੀ ਨਹੀਂ ਕਿ ਕੋਈ ਉੱਚੀ ਪਦਵੀ ਵਾਲਾ ਉਸ ਦਾ ਕਦਰਦਾਨ ਨਹੀਂ ਸੀ ਜਵਾਹਰ ਲਾਲ ਨਹਿਰੂ ਵਾਂਗ ਪਾਕਿਸਤਾਨ ਵਿਚ ਵਜ਼ੀਰ ਤੇ ਵਜ਼ੀਰ ਏ ਆਜ਼ਮ ਸਾਫ਼ ਦਿਲੋਂ ਉਸ ਦੇ ਕਦਰਦਾਨ ਸਨ ਪਰ ਉਸ ਦੀ ਪਾਕ ਰੂਹ ਅਹਿਸਾਨਾ ਦੇ ਬੋਝ ਹੇਠ ਨਹੀਂ ਆਉਣਾ ਚਾਹੁੰਦੀ ਸੀ।

ਇਹ ਅਜ਼ੀਮ ਸ਼ਾਇਰ ਦਿਖ ਅਤੇ ਬੋਲ ਚਾਲ ਤੋਂ ਸਾਦਾ ਆਦਮੀ ਸੀ। ਉਸ ਦਾ ਉੱਚਾ ਲੰਮਾ ਸਰੀਰ ਪਹਿਲਵਾਨਾ ਤੋਂ ਘੱਟ ਨਹੀਂ ਸੀ। ਉਹ ਅਧੁਨਿਕ ਸਿਲਾਈ ਜਾਣਦਾ ਹੋਏ ਵੀ ਆਮ ਪਹਿਰਾਵਾ ਪਹਿਨਦਾ ਸੀ। ਕਈ ਭਾਸ਼ਾਵਾਂ ਦਾ ਗਿਆਨ ਹੁੰਦੇ ਹੋਏ ਵੀ ਪੰਜਾਬੀ ਜ਼ਬਾਨ ਦਾ ਕਾਇਲ ਸੀ। ਦਾਮਨ ਧਰਮ ਨਿਰਪੱਖਤਾ ਦੇ ਰਾਸਤੇ 'ਤੇ ਚਲਦਾ ਹੋਇਆ ਲੋਕਾਂ ਦਾ ਸਾਂਝਾ ਕਵੀ ਬਣਿਆ ਰਿਹਾ। ਜਵਾਨੀ ਦੇ ਦੌਰ ਵਿਚ ਉਸ ਦੀ ਕਵਿਤਾ ਦਾ ਨਿੱਜਵਾਦੀ ਸੀ ਉਸ ਨੇ ਪਹਿਲਾਂ ਪਹਿਲ ਰੋਮਾਂਟਿਕ ਕਵਿਤਾ ਲਿਖੀ। ਉਸ ਸਮੇਂ ਭਾਵ 1947 ਦੇ ਦੌਰ ਵਿਚ ਵਾਤਾਵਰਣ ਸਿਆਸੀ ਅਤੇ ਬਸਤੀਵਾਦੀ ਵਿਰੋਧੀ ਸੀ ਅਤੇ ਉਸ ਦੀ ਕਵਿਤਾ ਨੇ ਵੀ ਇਸ ਦਾ ਅਸਰ ਕਬੂਲਿਆ ਕਿੱਤੇ ਵਜਂੋ ਦਰਜ਼ੀ ਹੋਣ ਕਰਕੇ ਦਾਮਨ ਕੋਲ ਕੱਪੜੇ ਸੁਆਉਣ ਵਾਲਿਆਂ ਦਾ ਆਣਾ-ਜਾਣਾ ਲੱਗਿਆ ਰਹਿੰਦਾ ਸੀ ਆਪਣੇ ਕੰਮ ਦੇ ਨਾਲ-ਨਾਲ ਉਹ ਬ੍ਰਿਟਿਸ਼ ਰਾਜ ਦੇ ਵਿਰੁੱਧ ਗੀਤ ਗਾਉਂਦਾ ਸੀ। ਇਕ ਦਿਨ ਕਾਂਗਰਸ ਨੇਤਾ ਮੀਆਂ ਇਫਤਿਖਾਰ-ਉਦ-ਦੀਨ ਇਕ ਗ੍ਰਾਹਕ ਦੇ ਰੂਪ ਵਿਚ ਆਇਆ ਤਾਂ ਉਸ ਨੇ ਦੇਖਿਆ ਕਿ ਦਾਮਨ ਆਜ਼ਾਦੀ ਦੇ ਗੀਤ ਗਾ ਰਿਹਾ ਸੀ। ਦਾਮਨ ਦੇ ਵਿਚਾਰ ਅੰਗਰੇਜ਼ੀ ਰਾਜ ਦੇ ਵਿਰੁੱਧ ਪਹਿਲਾਂ ਤੋਂ ਹੀ ਸਨ ਦੂਸਰਾ ਮੀਆਂ ਇਫ਼ਤਿਖਾਰ-ਉਦ-ਦੀਨ ਨੇ ਉਸ ਨੂੰ ਕਾਂਗਰਸ ਦੇ ਜਲਸੇ ਵਿਚ ਮੋਚੀ ਗੇਟ ਲਾਹੌਰ ਵਿਖੇ ਕਵਿਤਾ ਕਹਿਣ ਲਈ ਬੁਲਾਇਆ। ਉਸ ਸਮਂੇ ਜਵਾਹਰ ਲਾਲ ਨਹਿਰੂ ਵੀ ਮੌਜੂਦ ਸਨ। ਦਾਮਨ ਨੇ ਆਪਣੇ ਕ੍ਰਾਂਤੀਕਾਰੀ ਭਾਵ ਗੀਤ ਦੇ ਰੂਪ ਵਿਚ ਬਾਹਰ ਕੱਢੇ। ਜਵਾਹਰ ਲਾਲ ਨਹਿਰੂ ਦਾਮਨ ਤੋਂ ਬਹੁਤ ਪ੍ਰਭਾਵਿਤ ਹੋਏ ਉਨ੍ਹਾਂ ਨੇ ਦਾਮਨ ਦੇ ਸਨਮਾਨ ਲਈ 100 ਰੁਪਏ ਵੀ ਦਿੱਤੇ ਉਸ ਦਿਨ ਤੋਂ ਦਾਮਨ ਰੋਮਾਂਟਿਕ ਕਵਿਤਾ ਤੋਂ ਲੋਕ ਹਿੱਤਕਾਰੀ ਕਵਿਤਾ ਲਿਖਣ ਵਾਲਾ ਕਵੀ ਜਾਂ ਲੋਕ ਕਵੀ ਬਣ ਗਿਆ। ਦਾਮਨ ਸਾਮਰਾਜ ਵਿਰੋਧੀ ਅਤੇ ਲੋਕਾਂ ਦੇ ਦੁੱਖ ਤਕਲੀਫ਼ਾ ਨੂੰ ਹੀ ਪੇਸ਼ ਕਰਦਾ ਰਿਹਾ। ਹੌਲੀ-ਹੌਲੀ ਦਾਮਨ ਦੀ ਕਾਫ਼ੀ ਚੜ੍ਹਾਈ ਹੋ ਗਈ। ਇਸ ਤਰ੍ਹਾਂ ਉਸ ਦੀ ਕਵਿਤਾ ਦਾ ਨਿੱਜ ਤੋਂ ਪਰ ਵੱਲ ਸਫਰ ਸ਼ੁਰੂ ਹੋਇਆ।

ਤੇਰੇ ਦੇਸ਼ ਅੰਦਰ ਦੀਵਾਰਾਂ 'ਚ ਲਾਸ਼ਾਂ।

ਬਾਗ਼ਾਂ 'ਚ ਮੁਰਦੇ ਬਾਜ਼ਾਰਾਂ 'ਚ ਲਾਸ਼ਾਂ।

ਹਿੰਦੋਸਤਾਨੀਆਂ ਨੂੰ ਜਗਾਉਣਾ ਉਸ ਦੀ ਕਵਿਤਾ ਦਾ ਮੂਲ ਮਨੋਰਥ ਸੀ। ਉਹ ਕੋਨੇ-ਕੋਨੇ ਤਂੋ ਲੋਕਾਂ ਨੂੰ ਜਗਾ ਕੇ ਚੱਪਾ-ਚੱਪਾ ਗ਼ੁਲਾਮੀ ਦੀਆਂ ਜੰਜ਼ੀਰਾਂ ਵਿੱਚੋਂ ਆਜ਼ਾਦ ਕਰਵਾਉਣਾ ਚਾਹੁੰਦਾ ਸੀ।

ਹਿੰਦੋਸਤਾਨੀਓ ਜਾਗੋ ਤੇ ਜਾਗ ਲਾਓ,

ਐਸੀ ਜਾਗ ਕਿ ਮੰਨ ਦਾ ਮਾਣ ਜਾਗੇ,

ਟੁੱਟ ਜਾਏ ਜੰਜ਼ੀਰ ਗ਼ੁਲਾਮੀਆਂ ਦੀ,

ਜੇ ਆਜ਼ਾਦੀਆਂ ਦੇ ਕਦਰਦਾਨ ਜਾਗੇ,

ਇਹੋ ਵੇਲਾ ਏ ਅਸਾਂ ਦੇ ਜਾਗਣੇ ਦਾ,

ਜਾਗੇ ਸਿੱਖ, ਹਿੰਦੂ, ਮੁਸਲਮਾਨ ਜਾਗੇ,

ਜਾਗੇ ਅਸੀਂ ਤਾਂ ਅਸਾਂ ਦੀ ਆਨ ਜਾਗੇ,

ਜਾਗੇ ਆਬਰੂ ਧਰਮ ਇਮਾਨ ਜਾਗੇ।

ਦਾਮਨ ਦੀ ਕਵਿਤਾ ਵਿਚ ਰਾਸ਼ਟਰਵਾਦੀ ਭਾਵਨਾ ਅਤੇ ਲੋਕ ਪੱਖੀ ਸੁਰ ਸੀ। ਅੰਗਰੇਜ਼ੀ ਰਾਜ ਨੇ ਪੰਜਾਬ ਵਿਚ ਅੰਗਰੇਜ਼ੀ ਭਾਸ਼ਾ ਨੂੰ ਸਿਖਰ 'ਤੇ ਰੱਖਿਆ। ਅੰਗਰੇਜ਼ੀ ਤੋਂ ਬਾਅਦ ਉਰਦੂ ਅਤੇ ਆਖਰ ਵਿਚ ਪੰਜਾਬ ਦੇ ਲੋਕਾਂ ਦੀ ਭਾਸ਼ਾ ਆਉਂਦੀ ਸੀ। ਦਾਮਨ ਦਾ ਪੰਜਾਬੀ ਨਾਲ ਉਸ ਦਾ ਬਹੁਤ ਜ਼ਿਆਦਾ ਮੋਹ ਸੀ। ਉਸ ਲਈ ਇਸ ਨੂੰ ਛੱਡਣਾ ਮਾਂ ਨੂੰ ਛੱਡਣ ਬਰਾਬਰ ਸਮਝਦਾ ਸੀ।

ਮੈਨੂੰ ਕਈਆਂ ਨੇ ਆਖਿਆ ਕਈ ਵਾਰੀ,

ਤੂੰ ਲੈਣਾ ਪੰਜਾਬੀ ਦਾ ਨਾਂ ਛੱਡਦੇ,

ਗੋਦੀ ਜਿਦ੍ਹੀ 'ਚ ਪਲਕੇ ਜਵਾਨ ਹੋਇਆ,

ਉਹ ਮਾਂ ਛੱਡ ਦੇ ਤੇ ਗਰਾਂ ਛੱਡ ਦੇ,

ਜੇ ਪੰਜਾਬੀ ਪੰਜਾਬੀ ਈ ਕੂਕਣਾ ਈ,

ਜਿੱਥੇ ਖਲਾ ਖਲੋਤਾ ਉਹ ਥਾਂ ਛੱਡਦੇ,

ਮੈਨੂੰ ਇੰਜ ਲੱਗਦਾ ਲੋਕੀਂ ਆਖਦੇ ਨੇ,

ਤੂੰ ਪੁੱਤਰਾ ਆਪਣੀ ਮਾਂ ਛੱਡਦੇ।

ਇਸ ਦਾ ਭਾਵ ਇਹ ਨਹੀਂ ਕਿ ਉਹ ਹੋਰ ਭਸ਼ਾਵਾਂ ਦਾ ਆਲੋਚਕ ਜਾਂ ਵਿਰੋਧੀ ਸੀ ਪਰ ਪੰਜਾਬੀ ਉਸ ਦੀਆਂ ਰਗਾਂ ਵਿਚ ਵਸਦੀ ਸੀ।

ਉਰਦੂ ਦਾ ਮੈਂ ਦੋਖੀ ਨਹੀਂ

ਤੇ ਦੁਸ਼ਮਣ ਨਹੀਂ ਅੰਗਰੇਜ਼ੀ ਦਾ,

ਪੁੱਛਦੇ ਹੋ ਮੇਰੇ ਦਿਲ ਦੀ ਬੋਲੀ

ਹਾਂ ਜੀ ਹਾਂ ਪੰਜਾਬੀ ਹੈ।

ਦਾਮਨ ਦੀ ਕਵਿਤਾ ਨੂੰ ਜੇਕਰ ਆਜ਼ਾਦੀ ਤੋਂ ਪਹਿਲਾ ਅਤੇ ਬਾਅਦ ਵਿਚ ਵੰਡੀਏ ਤਾਂ ਅਜ਼ਾਦੀ ਤੋਂ ਪਹਿਲਾ ਉਸ ਨੇ ਕਾਂਗਰਸ ਦੇ ਜਲਸਿਆਂ ਅਤੇ ਹੋਰ ਮਹਿਫ਼ਿਲਾਂ ਵਿਚ ਬਸਤੀਵਾਦ, ਸਾਮਰਾਜ, ਸਿਆਸੀ ਪਾਰਟੀਆਂ ਦੇ ਵਿਰੁੱਧ ਕ੍ਰਾਂਤੀਕਾਰੀ ਕਵਿਤਾ ਕਹੀ। ਉਸ ਦੀ ਕਵਿਤਾ ਨੇ ਹਰ ਰੂਪ ਵਿਚ ਹਮੇਸ਼ਾ ਲੋਕਾਂ ਨੂੰ ਦਬਾਉਣ ਵਾਲਿਆ ਦਾ ਵਿਰੋਧ ਕੀਤਾ ਭਾਵਂੇ ਆਜ਼ਾਦੀ ਤਂੋ ਪਹਿਲਾਂ ਅੰਗਰੇਜ਼ ਹੋਣ ਜਾਂ ਆਜ਼ਾਦੀ ਤਂੋ ਬਾਅਦ ਆਏ ਵੱਖ-ਵੱਖ ਤਾਨਾਸ਼ਾਹ ਜਾਂ ਸ਼ਾਸਕ ਹੋਣ ਅਜਿਹਾ ਕਰਦੇ ਸਮਂੇ ਉਸ ਨੂੰ ਕਾਫ਼ੀ ਮੁਸ਼ਕਿਲਾਂ ਦਾ ਸਾਹਮਣਾ ਵੀ ਕਰਨਾ ਪਿਆ ਪਰ ਉਸ ਨੇ ਸੱਚ ਦਾ ਫਲ਼ਸਫ਼ਾ ਨਹੀਂ ਛੱਡਿਆ।

ਮੇਰੇ ਖ਼ਿਆਲ ਅੰਦਰ ਉਹ ਸ਼ਾਇਰ ਸ਼ਾਇਰ ਹੁੰਦਾ,

ਖੰਡ, ਖੰਡ ਨੂੰ ਜ਼ਹਿਰ ਨੂੰ ਜ਼ਹਿਰ ਆਖੇ,

ਜੋ ਕੁਝ ਹੁੰਦਾ ਏ ਹੋਵੇ ਨਾ ਡਰੇ ਹਰਗਿਜ਼,

ਰਹਿਮ, ਰਹਿਮ ਨੂੰ ਕਹਿਰ ਨੂੰ ਕਹਿਰ ਆਖੇ।

ਬ੍ਰਿਟਿਸ਼ ਰਾਜ ਦੇ ਖ਼ਤਮ ਹੋਣ ਤੋਂ ਬਾਅਦ ਦੇਸ਼ ਦੀ ਭਾਰਤ ਤੇ ਪਾਕਿਸਤਾਨ ਵਿਚ ਵੰਡ ਹੋਣ ਤੋ ਬਾਅਦ ਦਾਮਨ ਨੇ ਸਮਾਜਿਕ ਅਤੇ ਰਾਜਨੀਤਕ ਵਿਸ਼ਿਆਂ ਉੱਪਰ ਲਿਖਿਆ ਉਸ ਕੋਲੋਂ ਅਨਿਆਂ ਜਾਂ ਧੱਕਾ ਦੇਖਕੇ ਰਹਿ ਨਹੀਂ ਹੁੰਦਾ ਸੀ। ਧੱਕੇਸ਼ਾਹੀ ਦੀ ਖੁੱਲ੍ਹਕੇ ਆਲੋਚਨਾ ਕਰਨ ਦੇ ਕਾਰਨ ਸਮੇਂ ਦੀ ਸਰਕਾਰ ਨੇ ਉਸ ਨੂੰ ਜੇਲ੍ਹ ਵਿਚ ਵੀ ਭੇਜਿਆ

ਮੈਨੂੰ ਦੱਸ ਉਏ ਰੱਬਾ ਮੇਰਿਆ

ਹੁਣ ਮੈਂ ਕਿੱਥੇ ਜਾਂ,

ਮੈਂ ਉੱਥੇ ਢੂੰਡਾ ਪਿਆਰ ਨੂੰ

ਜਿੱਥੇ ਪੁੱਤਰਾ ਖਾਣੀ ਮਾਂ,

ਜਿੱਥੇ ਕੈਦੀ ਹੋਈਆਂ ਬੁਲਬੁਲਾ

ਤੇ ਬਾਗ਼ੀ ਬੋਲਣ ਕਾਂ

ਉੱਥੇ ਫੁੱਲ ਪਏ ਲੀਰਾ ਜਾਪਦੇ

ਤੇ ਕਲੀਆਂ ਖਿਲੀਆਂ ਨਾ।

ਦਾਮਨ ਉਨ੍ਹਾਂ ਕਵੀਆਂ ਵਿੱਚੋਂ ਇਕ ਹੈ ਜਿਸ ਨੂੰ ਭਾਰਤ ਤੇ ਪਾਕਿਸਤਾਨ ਦੋਵਾਂ ਵੱਲੋਂ ਭਰਵਾ ਪਿਆਰ ਮਿਲਿਆ। ਵੰਡ ਤੋਂ ਬਾਅਦ 1950 ਵਿੱਚ ਪ੍ਰਧਾਨਮੰਤਰੀ ਜਵਾਹਰ ਲਾਲ ਨਹਿਰੂ ਨੇ ਦਾਮਨ ਨੂੰ ਦਿੱਲੀ ਮੁਸ਼ਾਇਰੇ ਵਿਚ ਉਚੇਚੇ ਤੌਰ 'ਤੇ ਬੁਲਾਇਆ ਸੀ, ਉਹ ਦਾਮਨ ਤੋਂ ਪਹਿਲਾ ਹੀ ਵਾਕਿਫ਼ ਸਨ। ਜਦੋਂ ਦਾਮਨ ਨੇ ਆਪਣੀ ਕਵਿਤਾ ਉਚਾਰਨ ਕੀਤੀ ਤਾਂ ਲੋਕਾਂ ਦੇ ਗੱਚ ਭਰ ਆਏ ਸਭ ਲੀਡਰਾਂ ਦੀਆਂ ਅੱਖਾਂ ਛਲਕ ਗਈਆਂ।

ਇਹ ਮੁਲਕ ਦੀ ਵੰਡ ਕੋਲੋਂ ਯਾਰੋ,

ਖੋਏ ਤੁਸੀਂ ਵੀ ਹੋ ਖੋਏ ਅਸੀਂ ਵੀ ਹਾਂ,

ਇਨ੍ਹਾਂ ਆਜ਼ਾਦੀਆਂ ਹੱਥੋਂ ਬਰਬਾਦ ਯਾਰੋ,

ਹੋਏ ਤੁਸੀਂ ਵੀ ਹੋ ਹੋਏ ਅਸੀਂ ਵੀ ਹਾਂ,

ਜਾਗਣ ਵਾਲਿਆ ਰੱਜ ਕੇ ਲੁੱਟਿਆ ਹੈ,

ਸੋਏ ਤੁਸੀਂ ਵੀ ਹੋ ਸੋਏ ਅਸੀਂ ਵੀ ਹਾਂ,

ਲਾਲੀ ਅੱਖੀਆਂ ਦੀ ਪਈ ਦੱਸਦੀ ਹੈ,

ਰੋਏ ਤੁਸੀਂ ਵੀ ਹੋ ਰੋਏ ਅਸੀਂ ਵੀ ਹਾਂ।

ਦਾਮਨ ਹਮੇਸ਼ਾ ਅਮਨ-ਅਮਾਨ ਦੇ ਹੱਕ ਵਿਚ ਅਤੇ ਭਾਰਤ ਪਾਕਿ ਦੁਸ਼ਮਣੀ ਦਾ ਵਿਰੋਧੀ ਰਿਹਾ ਭਾਵ ਉਸ ਦੀ ਕਵਿਤਾ ਜੋੜਨ ਦੀ ਗੱਲ ਕਰਦੀ ਹੈ, ਤੋੜਨ ਦੀ ਨਹੀਂ, ਉਹ ਸੈਕੂਲਰ ਸੀ। ਇਸੇ ਲਈ ਜਵਾਹਰ ਲਾਲ ਨਹਿਰੂ ਨੇ ਉਸ ਨੂੰ ਭਾਰਤ ਰਹਿਣ ਲਈ ਕਿਹਾ।

ਵਾਘੇ ਨਾਲ ਅਟਾਰੀ ਦੇ ਨਾਹੀ ਟੱਕਰ

ਨਾ ਗੀਤਾ ਅਤੇ ਕੁਰਾਨ ਦੀ ਹੈ

ਨਹੀਂ ਕੁਫ਼ਰ ਇਸਲਾਮ ਦਾ ਕੋਈ ਝਗੜਾ

ਸਾਰੀ ਗੱਲ ਨਫ਼ਾ ਨੁਕਸਾਨ ਦੀ ਹੈ।

ਦਾਮਨ ਨੇ ਜਾਬਰ ਦੁਆਰਾ ਕੀਤੇ ਜ਼ੁਲਮ ਦੀਆਂ ਕਵਿਤਾ ਜ਼ਰੀਏ ਧੱਜੀਆਂ ਉਡਾਈਆ। ਦਾਮਨ ਨਾ ਸਿਰਫ਼ ਪਾਕਿਸਤਾਨੀ ਤਾਨਾਸ਼ਾਹਾਂ ਦਾ ਵਿਰੋਧੀ ਸੀ ਸਗੋਂ ਉਸ ਨੇ ਯੁਲਫ਼ੀਕਾਰ ਦੀ ਸਰਕਾਰ ਦਾ ਵਿਰੋਧ ਵੀ ਕੀਤਾ। ਯੁਲਫ਼ੀਕਾਰ ਨੇ ਇਕ ਪਾਸੇ ਕਈ ਸਾਲ ਭਾਰਤ ਨਾਲ ਲੜਦੇ ਰਹਿਣ ਦਾ ਪ੍ਰਣ ਕੀਤਾ ਦੂਸਰੇ ਪਾਸੇ ਸ਼ਿਮਲੇ ਜਾ ਕੇ ਇੰਦਰਾ ਗਾਂਧੀ ਨੂੰ ਮਿਲ ਕੇ ਸ਼ਿਮਲਾ ਪੈਕਟ ਉੱਤੇ 1972 ਵਿਚ ਦਸਤਖ਼ਤ ਵੀ ਕੀਤੇ। ਦਾਮਨ ਨੇ ਇਸ ਮੁੱਦੇ 'ਤੇ ਕਵਿਤਾ ਲਿਖੀ।

ਇਹ ਕੀ ਕਰੀ ਜਾਨਾ ਏ ਇਹ ਕੀ ਕਰੀ ਜਾਨਾ ਏ,

ਲਾਹੀ ਖੇਸ ਜਾਨਾ ਏ ਖਿੱਚੀ ਦਰੀ ਜਾਨਾ ਏ,

ਕਦੇ ਸ਼ਿਮਲੇ ਜਾਨਾ ਏ ਕਦੇ ਮਰੀ ਜਾਨਾ ਏ,

ਲਾਹੀ ਕੋਟ ਜਾਨਾ ਏ ਸੁੱਟੀ ਘੜੀ ਜਾਨਾ ਏ,

ਕਦੀ ਚੀਨ ਜਾਨਾ ਏ ਕਦੀ ਰੂਸ ਜਾਨਾ ਏ,

ਬਣਕੇ ਤੂੰ ਅਮਰੀਕੀ ਜਾਸੂਸ ਜਾਨਾ ਏ,

ਜਿੱਧਰ ਜਾਨਾ ਏ ਬਣ ਕੇ ਜਲੂਸ ਜਾਨਾ ਏ,

ਬੜ੍ਹਕਾ ਮਾਰਦਾ ਏ ਨਾਲੇ ਡਰੀ ਜਾਨਾ ਏ

ਉਡਾਈ ਕੌਮ ਦਾ ਤੂੰ ਫਲੂਸ ਜਾਨਾ ਏ,

ਇਹ ਕੀ ਕਰੀ ਜਾਨਾ ਏ...।

ਯੁਲਫ਼ੀਕਾਰ ਵਿਰੋਧੀ ਕਵਿਤਾ ਲਿਖਣ ਕਰਕੇ ਹਕੂਮਤ ਨੇ ਝੂਠੇ ਬੰਬ ਦੇ ਕੇਸ ਵਿਚ ਫਸਾਕੇ ਦਾਮਨ ਨੂੰ ਕੈਦ ਵਿਚ ਸੁੱਟ ਦਿੱਤਾ ਅਤੇ ਕਿਹਾ ਕਿ ਦਾਮਨ ਦੇ ਹੁਜਰੇ 'ਚੋ ਬੰਬ ਪ੍ਰਾਪਤ ਹੋਏ ਪਰ ਤਮਾਮ ਲੋਕ ਦਾਮਨ ਦੇ ਪੱਖ ਵਿਚ ਖਲੋ ਗਏ ਅਤੇ ਮਜਬੂਰਨ ਉਸ ਨੂੰ ਛੱਡਣਾ ਪਿਆ। ਮਿਲਟਰੀ ਸ਼ਾਸਕ ਜੋ ਕਈ ਦਹਾਕੇ ਰਾਜ ਕਰਦੇ ਰਹੇ ਉਨ੍ਹਾਂ ਉੱਪਰ ਉਸ ਨੇ ਡੂੰਘਾ ਕਟਾਖਸ਼ ਕੀਤਾ

ਪਾਕਿਸਤਾਨ ਦੀਆਂ ਮੌਜਾ ਹੀ ਮੌਜਾ,

ਜਿੱਧਰ ਵੇਖੋਂ ਫ਼ੌਜਾਂ ਹੀ ਫ਼ੌਜਾਂ

ਏਸ ਮੁਲਕ ਦੇ ਦੋ ਖ਼ੁਦਾ,

ਮਾਰਸ਼ਲ ਲਾਅ ਤੇ ਲਾ ਅੱਲਾਹ।

ਉਸਤਾਦ ਦਾਮਨ ਇਕ ਅਲਬੇਲਾ ਤੇ ਮਸਤਾਨਾ ਸ਼ਾਇਰ ਸੀ ਜੋ ਮੁਸ਼ਾਰਿਆ ਦੀ ਜਾਨ ਸੀ। ਦਾਮਨ ਦੀ ਸ਼ਾਇਰੀ ਨਾ ਸਿਰਫ਼ ਲੋਕਾਂ ਵਿਚ ਹਰਮਨ ਪਿਆਰੀ ਹੈ ਇਸ ਦੇ ਨਾਲ-ਨਾਲ ਭਾਰਤ ਪਾਕਿ ਸਬੰਧਾ ਨੂੰ ਸੁਖਾਵਾਂ ਬਣਾਉਣ ਦਾ ਯਤਨ ਵੀ ਕਰਦੀ ਹੈ ਜੋ ਅਜੋਕੇ ਸਮੇਂ 'ਚ ਬਹੁਤ ਜ਼ਰੂਰੀ ਹੈ।

Posted By: Harjinder Sodhi