ਕਿਸੇ ਸ਼ਾਂਤ ਵਗਦੇ ਦਰਿਆ ਵਾਂਗ ਖਾਮੋਸ਼ੀ ਅਤੇ ਨਿਰੰਤਰਤਾ ਨਾਲ ਪੰਜਾਬੀ ਨਾਵਲਕਾਰੀ ਦੇ ਵਹਿਣ ਨਾਲ ਜੁੜਿਆ ਨਾਵਲਕਾਰ ਸੁਰਿੰਦਰ ਸਿੰਘ ਨੇਕੀ ਆਪਣੇ ਨਿੱਜੀ ਅਤੇ ਸਾਹਿਤਕ ਜੀਵਨ ਵਿਚ ਵੀ ਇਕ ਨੇਕ ਇਨਸਾਨ ਵਾਂਗ ਹੀ ਵਿਚਰਦਾ ਹੈ। ਹੁਸ਼ਿਆਰਪੁਰ ਦੇ ਗੜ੍ਹਦੀਵਾਲ ਕਸਬੇ ਦੀ ਵੱਖੀ ਵਿਚ ਵਸੇ ਪਿੰਡ ਢੋਲੋਵਾਲ 'ਚ ਮਾਤਾ ਗੁਰਬਚਨ ਕੌਰ ਅਤੇ ਪਿਤਾ ਸ.ਸਰਵਨ ਸਿੰਘ ਦੇ ਗ੍ਰਹਿ ਵਿਖੇ 7 ਅਕਤੂਬਰ 1953 ਨੂੰ ਜਨਮੇ ਸੁਰਿੰਦਰ ਸਿੰਘ ਨੇਕੀ ਦਾ ਬਚਪਨ ਆਪਣੇ ਨਾਨਕੇ ਪਿੰਡ ਭੂੰਗਾ ਵਿਖੇ ਬੀਤਿਆ। ਖਾਲਸਾ ਕਾਲਜ ਗੜ੍ਹਦੀਵਾਲ ਤੋਂ ਬੀ.ਏ. ਪਾਸ ਕਰਨ ਉਪਰੰਤ ਮਿੰਟਗੁਮਰੀ ਗੂਰੂ ਨਾਨਕ ਕਾਲਜ ਤੋਂ ਬੀ.ਐੱਡ.(1976) ਅਤੇ ਫਿਰ ਪੰਜਾਬੀ ਯੂਨੀਵਰਸਿਟੀ ਕੈਂਪਸ, ਚੰਡੀਗੜ੍ਹ ਤੋਂ ਐਮ.ਏ. ਰਾਜਨੀਤੀ ਸ਼ਾਸਤਰ (1981) ਪਾਸ ਕੀਤੀ ਤੇ ਕਪੂਰਥਲਾ ਦੇ ਸਰਕਾਰੀ ਸਕੂਲ ਵਿਚ ਅਧਿਆਪਕੀ ਸ਼ੂਰੂ ਕੀਤੀ। ਲਗਪਗ 28 ਸਾਲ ਦੇ ਅਧਿਆਪਕੀ ਸਫ਼ਰ ਮਗਰੋਂ 31 ਅਕਤੂਬਰ 2011 ਨੂੰ ਬਤੌਰ ਲੈਕਚਰਾਰ ਸਰਕਾਰੀ ਸੀ. ਸੈਕੰਡਰੀ ਸਕੂਲ ਤੇਲੀਚੱਕ ਹੁਸ਼ਿਆਰਪੁਰ ਤੋਂ ਸੇਵਾ ਮੁਕਤ ਹੋਇਆ। ਨੇਕੀ ਹੁਰਾਂ ਦੇ ਮਾਤਾ ਅਤੇ ਪਿਤਾ ਦੋਵੇਂ ਹੀ ਸਰਕਾਰੀ ਸਕੂਲ ਅਧਿਆਪਕ ਸਨ। ਇਸ ਲਈ ਇਨਾਂ੍ਹ ਦੀ ਪਰਵਰਿਸ਼ ਬਹੁਤ ਹੀ ਸੌਖੇ ਅਤੇ ਸੁਖਾਵੇਂ ਤੇ ਅਦਬੀ ਮਾਹੌਲ ਵਿਚ ਹੋਈ। ਨੇਕੀ ਨੇ ਆਪਣੇ ਪਲੇਠੇ ਨਾਵਲ “ਰੱਤ ਨਵਿਆਂ ਦੀ ਆਈ” (1984) ਨਾਲ ਆਪਣੇ ਸਾਹਿਤਕ ਸਫ਼ਰ ਦਾ ਆਗਾਜ਼ ਕੀਤਾ। ਹੁਣ ਤਕ ਨੌਂ ਨਾਵਲ ਸਿਰਜ ਕੇ ਪੰਜਾਬੀ ਨਾਵਲਕਾਰੀ ਵਿਚ ਜ਼ਿਕਰਯੋਗ ਥਾਂ ਬਣਾਈ ਹੈ। ਸਹਿਜ ਤੇ ਸਿਰੜੀ ਸੁਭਾਅ ਵਾਲਾ ਇਹ ਕਲਮਕਾਰ ਆਪਣੇ ਉਪਨਾਂਅ ਨੇਕੀ ਵਾਂਗ ਹੀ ਆਪਣੀ ਕਥਨੀ ਤੇ ਕਰਨੀ ਵਿਚ ਸਮਾਨਤਾ ਰਖਦਿਆਂ ਸਾਹਿਤਕ ਅਤੇ ਸਮਾਜਿਕ ਜ਼ਿੰਦਗੀ ਵਿਚ ਵਿਚਰਿਆ ਹੈ।

ਮਾਤਾ- ਪਿਤਾ ਅਧਿਆਪਕ ਹੋਣ ਕਾਰਨ ਘਰ ਵਿਚ ਮਾਹੌਲ ਪੜ੍ਹਨ-ਪੜਾ੍ਹਉਣ ਵਾਲਾ ਸੀ ਅਤੇ ਘਰ ਵਿਚ ਹੀ ਪੰਜਾਬੀ ਦਾ ਸਿਰਕੱਢ ਰਸਾਲਾ “ਪ੍ਰੀਤ ਲੜੀ '' , ਪੰਜਾਬੀ ਦੇ ਮੋਢੀ ਨਾਵਲਕਾਰ ਨਾਨਕ ਸਿੰਘ ਅਤੇ ਜਸਵੰਤ ਕੰਵਲ ਦੇ ਨਾਵਲ ਪੜ੍ਹਦਿਆਂ ਪੰਜਾਬੀ ਸਾਹਿਤ ਪੜ੍ਹਨ ਅਤੇ ਲਿਖਣ ਦੀ ਚੇਟਕ ਲੱਗੀ। ਨੇਕੀ ਨੇ ਸ਼ੂਰੂਆਤ ਵਿਚ ਹਿੰਦੀ ਭਾਸ਼ਾ ਵਿਚ ਲਿਖਿਆ। ਗੀਤਾਂ ਭਰੀ ਕਹਾਣੀ ਰੇਡੀਉ ਤੋਂ ਪ੍ਰਸਾਰਿਤ ਹੋਈਆਂ। ਪਾਠਕਾਂ ਸਰੋਤਿਆਂ ਦਾ ਹੁੰਗਾਰਾ ਮਿਲਣ 'ਤੇ ਦਾਜ ਸਮੱਸਿਆ ਨੂੰ ਆਧਾਰ ਬਣਾ ਕੇ ਮਾਂ ਬੋਲੀ ਪੰਜਾਬੀ ਵਿਚ ਪਹਿਲਾ ਨਾਵਲ “ਰੁੱਤ ਨਵਿਆਂ ਦੀ ਆਈ” ( 1984) ਛਪਿਆ। ਨੇਕੀ ਨੂੰ ਸਮਾਜ ਵਿਚ ਕੋਈ ਸਮੱਸਿਆ ਜਾਂ ਬੁਰਾਈ ਟੁੰਬਦੀ ਹੈ। ਉਸ ਦੇ ਮਨ ਨੂੰ ਵਿਚਲਤ ਕਰਦੀ ਹੈ। ਸਮਾਜ ਨੂੰ ਬਦਲਣ ਦੀ ਭਾਵਨਾ ਉਸ ਅੰਦਰ ਉੱਸਲਵੱਟੇ ਲੈਣ ਲਗਦੀ ਹੈ। ਫਿਰ ਉਸ ਦਾ ਸੰਵੇਦਨਸ਼ੀਲ ਅਤੇ ਜਾਗਰੂਕ ਮਨ ਉਸ ਨੂੰ ਕਲਮ ਚੁੱਕਣ ਲਈ ਮਜਬੂਰ ਕਰ ਦਿੰਦਾ ਹੈ। ਕਪੂਰਥਲੇ ਨੌਕਰੀ ਦੌਰਾਨ ਭੱਠਾ ਮਜ਼ਦੂਰਾਂ ਦੇ ਤ੍ਰਾਸਦਿਕ ਜੀਵਨ ਨੂੰ ਨੇੜਿਉਂ ਸ਼ਿੱਦਤ ਨਾਲ ਮਹਿਸੂਸ ਕੀਤਾ ਕਿ ਸਮਾਜ ਦਾ ਇਹ ਅਣਗੌਲਿਆ ਵਰਗ, ਬੰਧੂਆ ਮਜ਼ਦੂਰਾਂ ਵਾਲਾ ਜੀਵਨ ਗੁਜ਼ਾਰਦਾ ਹੈ। ਉਨ੍ਹਾਂ ਪ੍ਰਤੀ ਸਾਹਿਤਕ ਚਿਣਗ ਨੇਕੀ ਦੇ ਅੰਦਰ ਜਾਗੀ ਤੇ ਸਿੱਟੇ ਵਜੋਂ “ਲਾਵਾ”(2003) ਨਾਵਲ ਸਿਰਜਿਆ ਗਿਆ। ਉਪਰੋਕਤ ਤੋਂ ਇਲਾਵਾ 'ਸੱਧਰਾਂ ਦਾ ਖ਼ੂਨ' (1986),ਚੰਨੀ (1990), ਅੱਥਰੂ (1994), ਮਾਲਵਾ ਐਕਸਪ੍ਰੈਸ( ਬਾਲ ਨਾਵਲ (2006), ਛੇਵਾਂ ਦਰਿਆ (2010), ਪੋਰਸ ਇਤਿਹਾਸਕ ਨਾਵਲ(2014) ਅਤੇ 'ਮਾਨਸ ਕੀ ਜਾਤ' ਨਾਵਲ ਪ੍ਰਕਾਸ਼ਿਤ ਹੋਏ ਹਨ। ਨੇਕੀ ਕਿਸੇ ਵਾਦ-ਵਿਵਾਦ ਜਾਂ ਇਜ਼ਮ ਤੋਂ ਪ੍ਰਭਾਵਤ ਨਹੀਂ ਹੈ। ਬਸ ਸਮਾਜ ਵਿਚ ਜੋ ਵੀ ਗ਼ਲਤ ਜਾਂ ਅਨਿਆਂਪੂਰਨ ਹੁੰਦਾ ਜਾਪਦਾ ਹੈ ਨੇਕੀ ਦੀ ਬਾਜ ਅੱਖ ਉਸਦੀ ਨਿਸ਼ਾਨਦੇਹੀ ਕਰਦੀ ਹੈ। ਉਹ ਆਪਣੀ ਕਲਮ ਦੀ ਨੋਕ ਸਮਾਜ ਦੀ ਉਸ ਦੁਖਦੀ ਰੱਗ਼ ਤੇ ਰੱਖ ਦਿੰਦਾ ਹੈ। ਕਲਮ ਦੇ ਨਸ਼ਤਰ ਨਾਲ ਸਮਾਜਕ ਵਿਵਸਥਾ ਦਾ ਪੋਸਟਮਾਰਟਮ ਵੀ ਕਰਦਾ ਹੈ ਤੇ ਉਸ ਦੇ ਕਾਰਨ ਲੱਭਣ ਦੀ ਕੋਸ਼ਿਸ਼ ਕਰਦਾ ਹੈ। ਇੰਜ ਉਹ ਸਮਾਜ ਦੀਆਂ ਉੱਚੀਆਂ ਤੇ ਸੁੱਚੀਆਂ ਕਦਰਾਂ-ਕੀਮਤਾਂ 'ਤੇ ਪਹਿਰਾ ਦਿੰਦਾ ਹੈ ਅਤੇ ਲੋਕਾਂ ਨੂੰ ਸਾਹਿਤਕ ਆਵਾਜ਼ ਵਿਚ “ਜਾਗਦੇ ਰਹੋ'' ਦਾ ਹੋਕਾ ਦਿੰਦਾ ਰਹਿੰਦਾ ਹੈ।

ਨੇਕੀ ਨੂੰ ਅਰਨਿਸਟ ਹੇਮਿੰਗਵੇ ਦੇ ਨਾਵਲ , 'ਬੁੱਢਾ ਤੇ ਸਮੰਦਰ', ਰਸੂਲ ਹਮਜਾਤੋਵ ਦੀ ਪੁਸਤਕ “ਮੇਰਾ ਦਾਗਿਸਤਾਨ”, ਨਾਨਕ ਸਿੰਘ ਦੇ “ਪਵਿੱਤਰ ਪਾਪੀ” ਜਸਵੰਤ ਕੰਵਲ ਦੇ ਨਾਵਲ “ਪੂਰਨਮਾਸੀ” ਅਤੇ ਅੰਮ੍ਰਿਤਾ ਪ੍ਰੀਤਮ ਦੀ ਸਵੈਜੀਵਨੀ “ਰਸੀਦੀ ਟਿਕਟ” ਆਦਿ ਨੇ ਬਹੁਤ ਪ੍ਰਭਾਵਤ ਕੀਤਾ ਹੈ। ਉਸ ਦੀਆਂ ਰਚਨਾਵਾਂ ਨੂੰ ਉਸ ਦੀ ਪਤਨੀ ਅਤੇ ਬੇਟੀ ਪੜ੍ਹਦੀਆਂ ਹਨ। ਉਸ ਨੂੰ ਵੱਡਮੁੱਲੇ ਸੁਝਾਉ ਦਿੰਦੀਆਂ ਹਨ। ਉਸ ਦੀ ਲਿਖਤ ਤੋਂ ਖ਼ੁਸ਼ ਹੋ ਕੇ ਉਸ ਨੂੰ ਉਤਸ਼ਾਹਤ ਕਰਦੀਆਂ ਹਨ। ਇੰਜ ਉਸ ਦੀਆਂ ਲਿਖਤਾਂ ਵਿਚ ਸੁਧਾਰ ਤੇ ਨਿਖਾਰ ਤਾਂ ਆਉਂਦਾ ਹੀ ਹੈ ਸਗੋਂ ਹੋਰ ਵਧੀਆਂ ਲਿਖਣ ਲਈ ਊਰਜਾ ਤੇ ਪ੍ਰੇਰਣਾ ਵੀ ਮਿਲਦੀ ਹੈ। ਨਾਵਲ ਛਪਣ ਤੇ ਪਾਠਕਾਂ ਦੇ ਫੋਨ ਤੇ ਖ਼ਤ ਆਉਣੇ ਉਸ ਨੂੰ ਇਕ ਸਾਹਿਤਕ ਸੰਤੁਸ਼ਟੀ ਨਾਲ ਭਰ ਦਿੰਦੇ ਹਨ। ਉਹ ਲੰਮੇ ਸਮੇਂ ਤੋਂ ਪੰਜਾਬੀ ਸਾਹਿਤ ਸਭਾ ਦਸੂਹਾ-ਗੜ੍ਹਦੀਵਾਲ ਨਾਲ ਜੁੜਿਆ ਹੋਇਆ ਹੈ ਅਤੇ ਸਾਹਿਤਕ ਮਹੌਲ ਤੋਂ ਨਵੀ ਸੇਧ ਅਤੇ ਉਸ ਨੂੰ ਸਿਰਜਨਾਤਮਕਤਾ ਦੀ ਖੜੋਤ ਮਹਿਸੂਸ ਨਹੀਂ ਹੁੰਦੀ। ਘੱਟ ਰਹੇ ਪੰਜਾਬੀ ਪਾਠਕਾਂ ਅਤੇ ਪੁਸਤਕ ਕਲਚਰ ਤੋਂ ਉਹ ਚਿੰਤਾਗ੍ਰਸਤ ਰਹਿੰਦਾ ਹੈ ਅਤੇ ਇਸ ਲਈ ਟੀਵੀ, ਮੋਬਾਈਲ ਅਤੇ ਇੰਟਰਨੈੱਟ ਨੂੰ ਜ਼ਿੰਮੇਦਾਰ ਸਮਝਦਾ ਹੈ। ਮਾਨਾਂ-ਸਨਮਾਨਾਂ ਦੀ ਉਸ ਨੇ ਬਹੁਤੀ ਪਰਵਾਹ ਨਹੀਂ ਕੀਤੀ। ਕੱਦਾਵਰ ਲੇਖਕ ਅਤੇ ਮਿਆਰੀ ਪੁਸਤਕਾਂ ਉਸਦੀ ਰੂਹ ਦੀ ਖੁਰਾਕ ਹਨ। ਉਸ ਦੇ ਨਾਵਲ ਨਿਰੋਲ ਕਲਪਨਾ 'ਤੇ ਆਧਾਰਿਤ ਨਹੀਂ ਹੁੰਦੇ। ਉਸ ਦੇ ਇਰਦ-ਗਿਰਦ ਸਮਾਜ ਵਿਚ ਵਿਚਰਦੇ ਲੋਕ ਆਪਣੇ ਅਸਲ ਰੂਪ ਵਿਚ ਹਾਜ਼ਰ ਹੁੰਦੇ ਹਨ। ਵਿਸ਼ੇ ਦੀ ਸਪਸ਼ਟਤਾ, ਸਰਲਤਾ, ਸਹਿਜਤਾ ਅਤੇ ਰੋਚਕਤਾ ਉਸ ਦੇ ਨਾਵਲਾਂ ਦੇ ਮੀਰੀ ਗੁਣ ਹਨ।

ਨੇਕੀ ਆਪਣੀ ਰਚਨਾ ਪ੍ਰਤੀ ਪੂਰੀ ਤਰ੍ਹਾਂ ਪ੍ਰਤੀਬੱਧ ਹੋ ਕੇ ਸਾਹਿਤ ਸਿਰਜਣਾ ਕਰਦਾ ਹੈ। ਉਸ ਦੀ ਸੋਚ ਹੈ ਕਿ ਵਧੀਆ ਪੁਸਤਕਾਂ ਪੜ੍ਹ ਕੇ ਹੀ ਲੋਕਾਂ ਦੀ ਸੋਚ ਵਿੱਚ ਤਬਦੀਲੀ ਆ ਸਕਦੀ ਹੈ। ਲੋਕੀ ਜਾਗਰੂਕ ਹੋ ਸਕਦੇ ਹਨ।ਤਾਂਹੀ ਉਨਾਂ੍ਹ 'ਚ ਸਿਸਟਮ ਦੇ ਖ਼ਿਲਾਫ਼ ਵਿਦਰੋਹ ਦੀ ਭਾਵਨਾ ਪੈਦਾ ਹੋ ਸਕਦੀ ਹੈ। ਉਹ ਰੂਸ ਦੀ ਕ੍ਰਾਂਤੀ ਅਤੇ ਭਾਰਤ ਦੀ ਆਜ਼ਾਦੀ ਦੀ ਲੜਾਈ ਵਿਚ ਸਾਹਿਤ ਦੀ ਭੂਮਿਕਾ ਨੂੰ ਪ੍ਰਮੁੱਖ ਮੰਨਦਾ ਹੈ। ਨੇਕੀ ਬਾਬਾ ਨਾਨਕ ਦੇ ਮਹਾਵਾਕ, ''ਧੰਨ ਲੇਖਾਰੀ ਨਾਨਕਾ'' ਨੂੰ ਆਦਰਸ਼ ਸੂਤਰ ਮੰਨ ਕੇ ਪੂਰੇ ਤਨ-ਮਨ ਨਾਲ ਆਪਣਾ ਸਾਹਿਤਕ ਧਰਮ ਨਿਭਾ ਰਿਹਾ ਹੈ। ਉਸ ਦੀ ਨਰੋਈ ਅਤੇ ਜ਼ਰਖੇਜ਼ ਕਲਮ ਤੋਂ ਹੋਰ ਵੀ ਮਿਆਰੀ ਤੇ ਉਸਾਰੂ ਨਾਵਲਾਂ ਦੀ ਉਡੀਕ ਹੈ।

- ਡਾ.ਧਰਮਪਾਲ ਸਾਹਿਲ

Posted By: Harjinder Sodhi