ਖ਼ੂਬਸੂਰਤ ਦਿੱਖ ਅਤੇ ਮਖ਼ਮਲੀ ਮੁਲਾਇਮ ਛੋਹ ਵਾਲੀ ‘ਮੁਹੱਬਤ ਦੇ ਦੋ ਖ਼ਤ’ ਕਿਤਾਬ ਨੂੰ ਖੋਲ੍ਹਦਿਆਂ ਮੱਲੋ-ਮੱਲੀ ਇਸ ਦਾ ਅਗਲਾ ਵਰਕਾ ਫੋਲਣ ਦਾ ਜੀਅ ਕਰ ਆਉਂਦਾ ਹੈ। 152 ਪੰਨਿਆਂ, 300 ਕੀਮਤ ਤੇ ਸੱਚਲ ਪਬਲੀਕੇਸ਼ਨਜ਼ ਅੰਮ੍ਰਿਤਸਰ ਵੱਲੋਂ ਪ੍ਰਕਾਸ਼ਿਤ ਇਹ ਕਿਤਾਬ ਕਈ ਪੱਖਾਂ ਤੋਂ ਆਕਰਸ਼ਿਤ ਕਰਦੀ ਹੈ।

ਖ਼ੂਬਸੂਰਤ ਦਿੱਖ ਅਤੇ ਮਖ਼ਮਲੀ ਮੁਲਾਇਮ ਛੋਹ ਵਾਲੀ ‘ਮੁਹੱਬਤ ਦੇ ਦੋ ਖ਼ਤ’ ਕਿਤਾਬ ਨੂੰ ਖੋਲ੍ਹਦਿਆਂ ਮੱਲੋ-ਮੱਲੀ ਇਸ ਦਾ ਅਗਲਾ ਵਰਕਾ ਫੋਲਣ ਦਾ ਜੀਅ ਕਰ ਆਉਂਦਾ ਹੈ। 152 ਪੰਨਿਆਂ, 300 ਕੀਮਤ ਤੇ ਸੱਚਲ ਪਬਲੀਕੇਸ਼ਨਜ਼ ਅੰਮ੍ਰਿਤਸਰ ਵੱਲੋਂ ਪ੍ਰਕਾਸ਼ਿਤ ਇਹ ਕਿਤਾਬ ਕਈ ਪੱਖਾਂ ਤੋਂ ਆਕਰਸ਼ਿਤ ਕਰਦੀ ਹੈ। ਜਿੱਥੇ ਇਹ ਵਿਸ਼ੇ ਵਸਤੂ ਪੱਖੋਂ ਦੋ ਮੁਹੱਬਤ ਕਰਨ ਵਾਲਿਆਂ ਦੇ ਖ਼ਤ ਹੋਣ ਕਾਰਨ ਪਾਠਕਾਂ ਦੀ ਖਿੱਚ ਦਾ ਕੇਂਦਰ ਬਣਦੀ ਹੈ ਉੱਥੇ ਹੀ ਸੁਰਜੀਤ ਪਾਤਰ, ਜੰਗ ਬਹਾਦੁਰ ਗੋਇਲ ਜੀ ਅਤੇ ਹੋਰ ਹਰਮਨ ਪਿਆਰੇ ਲੇਖਕਾਂ ਦੀਆਂ ਪ੍ਰੇਮ ਭਰੀਆਂ ਟਿੱਪਣੀਆਂ ਤੋਂ ਇਲਾਵਾ ਆਰਟਿਸਟ ਅਲਤਾਫ਼ ਖ਼ਾਨ ਵੱਲੋਂ ਤਿਆਰ ਕੀਤੇ ਗਏ ਸਕੈਚ ਪਾਠਕ ਦੇ ਮਨ ਨੂੰ ਕਿਸੇ ਅਜਿਹੇ ਕਾਲਪਨਿਕ ਸੰਸਾਰ ਵਿਚ ਲੈ ਜਾਂਦੇ ਹਨ ਕਿ ਉਹ ਸਹਿਜੇ ਹੀ ਕਾਵਿਤਾ ਰੂਪੀ ਖ਼ਤਾਂ ਦੇ ਵਹਿਣ ਵਿਚ ਵਹਿ ਜਾਂਦਾ ਹੈ।
ਪਾਠਕ ਦਾ ਮਨ ਅਗਲੀ ਕਹਾਣੀ ਜਾਨਣ ਲਈ ਉਤਾਵਲਾ ਹੁੰਦਾ ਹੈ। ਗੁਰਸ਼ਰਨ ਰੰਧਾਵਾ ਉਰਫ਼ ਸ਼ਾਨੀ ਦੁਆਰਾ ਸੁੱਖੀ ਨੂੰ ਲਿਖੇ ਖ਼ੂਬਸੂਰਤ ਖ਼ਤ ਨੂੰ ਪੜ੍ਹਦਿਆਂ ਸ਼ਾਨੀ ਦੀ ਸ਼ਖ਼ਸੀਅਤ ਦਾ ਚਿਹਰਾ-ਮੋਹਰਾ ਮਨ ਦੇ ਕੈਨਵਸ ਵਿਚ ਰੂਪਮਾਨ ਹੋਣ ਲੱਗਦਾ ਹੈ :
ਸੁੱਖੀ !
ਤੂੰ ਤਾਂ ਮੇਰੇ ਬਾਰੇ ਉੱਕਾ ਹੀ ਨਹੀਂ ਜਾਣਦੀ
ਤੈਨੂੰ ਰੌਚਕ ਵੀ ਲੱਗੇਗਾ ਤੇ ਦੁਖਦਾਈ ਵੀ
ਮੇਰਾ ਡੰਗਰ ਚਾਰਨ ਤੋਂ ਲੈ ਕੇ
ਨਿਊਕਲੀਓਟਾਈਡ ਬੇਸ ਸੀਕੁਐਂਸ
ਪੜ੍ਹਨਾ ਸਿੱਖਣ ਤੱਕ ਦਾ ਸਫ਼ਰ
ਹਾਂ ! ਮੈਂ ਠੀਕ ਪਹਿਚਾਣਿਆ। ਸ਼ਾਨੀ ਪੰਜਾਬ ਦੇ ਕਿਸੇ ਪਿੰਡ ਦੇ ਸਧਾਰਨ ਘਰ ਤੋਂ ਉੱਠਿਆ ਵਿਗਿਆਨ ਦੀ ਗਹਿਰੀ ਸਮਝ ਰੱਖਣ ਵਾਲਾ ਕੋਈ ਸਾਇੰਸਦਾਨ ਮਾਲੂਮ ਹੁੰਦਾ ਹੈ। ਪਰ ਅਜੇ ਵੀ ਮਨ ਦੇ ਕਿਸੇ ਕੋਨੇ ਵਿਚ ਕੋਈ ਸ਼ੰਕਾ ਰਹਿ ਜਾਂਦੀ ਹੈ। ਸਾਇੰਸਦਾਨ ਤਾਂ ਕਵਿਤਾ ਨਹੀਂ ਲਿਖਦੇ ਹੁੰਦੇ। ਉਹ ਤਾਂ ਕਵੀਆਂ ਵਾਂਗ ਕਲਪਨਾ ਦੀਆਂ ਉਡਾਣਾਂ ਨਹੀਂ ਭਰਦੇ । ਇਸ ਦਾ ਜਵਾਬ ਸ਼ਾਨੀ ਖ਼ੁਦ ਹੀ ਅੱਗੇ ਚੱਲ ਕੇ ਦਿੰਦਾ ਹੈ:
ਸੁੱਖੀ!
ਵਿਗਿਆਨ ਮੇਰੀ ਪਤਨੀ ਹੈ
ਤੇ ਕਵਿਤਾ ਮੇਰੀ ਮਹਿਬੂਬਾ
ਦੋਹਾਂ ਨੂੰ ਇਕੋ ਵਾਰ ਗਲਵੱਕੜੀ ’ਚ ਲੈ ਕੇ
ਕਈ ਵਾਰ ਅੰਤਾਂ ਦਾ ਅਨੰਦ ਮਾਣਿਆ ਹੈ
ਪਰ ਅਕਸਰ ਕਹਿਰਾਂ ਦੀ ਪੀੜਾ ਸਹੀ ਹੈ...
ਸ਼ਾਨੀ ਦੇ ਖ਼ਤ ਵਿਚਲੀ ਡੂੰਘਾਈ ਨੂੰ ਮਾਪਦਿਆਂ ਮਨ ਹੀ ਮਨ ਸੋਚਦੀ ਹਾਂ ਕਿ ਕੁੜੀਆਂ ਤਾਂ ਨਾਜ਼ੁਕ ਦਿਲ ਦੀਆਂ ਹੁੰਦੀਆਂ ਹਨ, ਸੁਖੀ ਭਲਾ ਕੀ ਜਵਾਬ ਦੇਵੇਗੀ ਇਹਨਾਂ ਭਾਰੀ-ਭਰਕਮ ਸਵਾਲਾਂ ਦਾ? ਉਤਸੁਕਤਾ ਤਹਿਤ ਅਗਲਾ ਖ਼ਤ ਪੜ੍ਹਦੀ ਹਾਂ। ਸੁੱਖੀ ਲਿਖਦੀ ਹੈ :
ਸ਼ਾਨੀ!
ਹੁਣ ਪੱਤਝੜ ਹੈ, ਅਮਲਤਾਸੀ ਰੁੱਤੇ ਮੈਂ
ਤੇਰਾ ਖ਼ਤ ਪੜ੍ਹਿਆ ਸੀ
ਤੇਰੇ ਖ਼ਤ ਨੂੰ ਮੈਂ ਆਪਣੀਆਂ ਉਦਾਸ
ਰਾਤਾਂ ਵੇਲ਼ੇ ਪੜ੍ਹਦੀ ਰਹੀ ਹਾਂ
ਤੇਰੇ ਖ਼ਤ ’ਚੋਂ ਮੈਨੂੰ
ਸੱਜਰੇ ਜੰਮੇ ਲਵੇ ਘਾਹ ਦੀ ਮਹਿਕ ਆਉਂਦੀ ਹੈ
ਤੇਰੇ ਖ਼ਤ ’ਚੋਂ ਮੈਨੂੰ ਪਹਾੜੀ ਕੂਲ਼ਾਂ ਦਾ
ਤੂਫ਼ਾਨੀ ਸ਼ੋਰ ਸੁਣਦਾ ਹੈ
ਤੇਰੇ ਖ਼ਤ ’ਚ ਮੈਂ ਇੰਜ ਡੁੱਬ ਜਾਂਦੀ ਹਾਂ
ਜਿਵੇਂ ਕੋਈ ਸਮੁੰਦਰ ਦੇ ਦਿਲ ’ਚ ਜਾ ਡੁੱਬਦਾ ਹੈ
ਤੇਰਾ ਖ਼ਤ ਪੜ੍ਹ ਕੇ
ਮੈਂ ਵਿਸਮਾਦ ਅਵਸਥਾ ’ਚ ਜਾ ਪਹੁੰਚਦੀ ਹਾਂ
ਜਿਸ ’ਚ ਲੋਕ ਗੀਤਾ, ਗ੍ਰੰਥ, ਕੁਰਾਨ
ਪੜ੍ਹ ਕੇ ਅੱਪੜਦੇ ਨੇ
ਤੇਰਾ ਖ਼ਤ ਮੇਰੀਆਂ ਉਦਾਸ ਰਾਤਾਂ ਦਾ
ਇੱਕੋ ਇੱਕ ਦੋਸਤ ਹੈ ਸ਼ਾਨੀ !
ਮੈਂ ਸੋਚਣ ਲੱਗਦੀ ਹਾਂ ਕਿ ਕੁੜੀਆਂ ਤਾਂ ਚਿੜੀਆਂ ਹੁੰਦੀਆਂ। ਉਨ੍ਹਾਂ ਦੀ ਉਡਾਣ ਤਾਂ ਮਹਿਜ਼ ਇਕ ਟਾਹਣੀ ਤੋਂ ਦੂਜੀ ਟਾਹਣੀ ਤਕ ਦੀ ਹੁੰਦੀ ਹੈ। ਉਹ ਬਾਜ਼ ਵਾਂਗ ਲੰਬੀ ਪਰਵਾਜ਼ ਭਰਨ ਦੀਆਂ ਜਾਣੂ ਨਹੀਂ ਹੁੰਦੀਆਂ। ਸ਼ਾਇਦ ਇਸੇ ਲਈ ਸੁੱਖੀ ਨੇ ਜਵਾਬ ਦੇਣ ਵਿਚ ਇੰਨੀ ਦੇਰ ਲਗਾ ਦਿੱਤੀ ਹੋਵੇਗੀ। ਪੱਤਝੜ ਤੋਂ ਲੈ ਕੇ ਅਮਲਤਾਸ ਦੀ ਰੁੱਤ ਤੱਕ ਦੇ ਫ਼ਾਸਲੇ ਜਿੰਨੀ ਦੇਰ...। ਪਰ ਜਿਉਂ-ਜਿਉਂ ਸੁੱਖੀ ਦਾ ਜਵਾਬੀ ਖ਼ਤ ਪੜ੍ਹਦੀ ਹਾਂ ਉਸ ਦੀ ਗਹਿਰੀ ਸੋਚ-ਸਮਝ ਦੀ ਕਾਇਲ ਹੁੰਦੀ ਜਾਂਦੀ ਹਾਂ ਕਿ ਇਕ ਔਰਤ ਦੇ ਦਿਲ ਦੀ ਅੱਖ ਕਿਵੇਂ ਵੇਖਦੀ ਹੈ ਇਸ ਬ੍ਰਹਿਮੰਡ ਨੂੰ, ਪਿਆਰ ਨੂੰ, ਵਫ਼ਾ ਨੂੰ, ਚਿੱਤਰਕਲਾ ਤੇ ਸੰਗੀਤ ਜਿਹੀਆਂ ਸੂਖ਼ਮ ਕਲਾਵਾਂ ਨੂੰ, ਜੀਵਨ ਤੇ ਮੌਤ ਦੇ ਭੇਦਾਂ ਨੂੰ।
ਜਿੱਥੇ ਸ਼ਾਨੀ ਖੁਰਾਣਾ, ਮੈਂਡਲ, ਮੇਰੀ ਕਿਉਰੀ ਤੇ ਵਾਟਸਨ ਨੂੰ ਆਪਣੇ ਰੋਲ ਮਾਡਲ ਮੰਨਦਾ ਹੈ ਓਥੇ ਸੁੱਖੀ ਗੋਰਕੀ, ਤਾਲਸਤਾਏ, ਚੈਖ਼ਵ ਨੂੰ ਬਰਾਬਰ ਖੜ੍ਹਾ ਕਰਦੀ ਹੈ। ਸ਼ਾਨੀ ਤੇ ਸੁੱਖੀ ਦੀ ਅਸਲ ਕਹਾਣੀ ਜਾਨਣ ਲਈ ਪੂਰੀ ਕਿਤਾਬ ਪੜ੍ਹਨੀ ਲਾਜ਼ਮੀ ਹੋ ਜਾਂਦੀ ਹੈ। ਮੇਰੀ ਜਾਚੇ ਦੋਵੇਂ ਖ਼ਤ ਮਹਿਜ਼ ਦੋ ਪਿਆਰ ਕਰਨ ਵਾਲੇ ਦਿਲਾਂ ਦੇ ਵਲਵਲਿਆਂ ਤੋਂ ਬਹੁਤ ਉੱਪਰ ਉੱਠਦਿਆਂ ਇਸ ਸੰਸਾਰ ਦੇ ਗੂੜ੍ਹੇ ਭੇਦਾਂ ਦੀ ਵਿਆਖਿਆ ਕਰਦੇ ਹਨ। ਇਹ ਵਾਰਤਾਲਾਪ ਹੋਰ ਵੀ ਦਿਲਚਸਪ ਜਾਪਣ ਲੱਗ ਜਾਂਦਾ ਹੈ ਜਦ ਇਹ ਪਤਾ ਲੱਗਦਾ ਹੈ ਕਿ ਸੁੱਖੀ ਵੱਲੋਂ ਜਵਾਬ ਆਤਮਯਾਦ ਦੀ ਕਲਮ ਤੋਂ ਲਿਖੇ ਗਏ ਹਨ। ਇਹਦੇ ਨਾਲ ਆਤਮਯਾਦ ਦੀ ਸ਼ਖ਼ਸੀਅਤ ਦਾ ਇਕ ਮਹੱਤਵਪੂਰਨ ਪਹਿਲੂ ਸਾਹਮਣੇ ਆਉਂਦਾ ਹੈ। ਉਹਨਾਂ ਨੇ ਸ਼ਾਨੀ ਦੇ ਸਵਾਲਾਂ ਦੇ ਜਵਾਬ ਉਸੇ ਦੇ ਹਾਣ ਦੇ ਹੋ ਕੇ ਦੇਣ ਦੀ ਸਫ਼ਲ ਕੋਸ਼ਿਸ਼ ਕੀਤੀ ਹੈ। ਮਾਨੋ ਸੁੱਖੀ ਦੀ ਰੂਹ ਨੂੰ ਆਪਣੇ ਅੰਦਰ ਕਿਤੇ ਗਹਿਰਾ ਉਤਾਰ ਲਿਆ। ਇਨ੍ਹਾਂ ਖ਼ਤਾਂ ਨੂੰ ਸਾਂਭ ਕੇ ਕਿਤਾਬ ਦਾ ਰੂਪ ਦੇਣ ਦੀ ਕੋਸ਼ਿਸ਼ ਕਰਨੀ ਸੱਚਮੁੱਚ ਸਾਬਾਸ਼ੀ ਦੀ ਹੱਕਦਾਰ ਹੈ।
ਬੜੇ ਥੋੜ੍ਹੇ ਸਮੇਂ ਵਿਚ ਹੀ ਅਸੀਂ ਉਹ ਜ਼ਮਾਨਾ ਬਹੁਤ ਪਿੱਛੇ ਛੱਡ ਆਏ ਹਾਂ ਜਦੋਂ ਕਿਸੇ ਦੂਰ ਬੈਠੇ ਪਿਆਰੇ ਨੂੰ ਆਪਣਾ ਹਾਲ ਕਲਮ ਦੀ ਸਿਆਹੀ ਨਾਲ ਲਿਖਿਆ ਕਰਦੇ ਸੀ। ਇੰਜ ਜਾਪਦਾ ਹੈ ਕਿ ਜਿਵੇਂ ਮਨੁੱਖ ਬਹੁਤ ਹੀ ਕਾਹਲੀ ਵਿਚ ਹੈ, ਕਿਸੇ ਅਨਿਸ਼ਚਿਤ ਚੋਟੀ ਨੂੰ ਸਰ ਕਰਨ ਦੀ ਕਾਹਲ ਵਿਚ ਤੇ ਇਸੇ ਹੀ ਕਾਹਲ ਵਿਚ ਉਹ ਜ਼ਿੰਦਗੀ ਦੇ ਸਫ਼ਰ ਦੇ ਕਈ ਮੀਲ-ਪੱਥਰਾਂ ਨੂੰ ਪਿਛਾਂਹ ਛੱਡਦਾ ਹੋਇਆ ਕਿਸੇ ਅਗਿਆਤ ਮੁਕਾਮ ਵੱਲ ਸਰਪਟ ਦੌੜ ਰਿਹਾ ਹੈ। ਉਸ ਦੇ ਅੰਦਰ-ਬਾਹਰ ਠਹਿਰਾਓ ਦੀ ਕਮੀ ਹੈ। ਇੰਜ ਜਾਪਦਾ ਹੈ ਕਿ ਭਰ ਵੱਸਦੀ ਇਸ ਦੁਨੀਆ ਵਿਚ ਮਨੁੱਖ ਇਕੱਲਾ ਹੋ ਗਿਆ ਹੈ। ਜਿਵੇਂ ਬੰਦੇ ਕੋਲ ਦੱਸਣ-ਪੁੱਛਣ ਲਈ ਕੋਈ ‘ਹਾਲ’ ਹੀ ਨਹੀਂ ਹੈ। ਹਾਲ ਸੂਚਨਾ ਦੇ ਨਾਲ-ਨਾਲ ਭਾਵਨਾਵਾਂ ਨੂੰ ਪਰੋ ਕੇ ਤਿਆਰ ਕੀਤੀ ਗਈ ਅਜਿਹੀ ਮਾਲ਼ਾ ਹੁੰਦੀ ਹੈ ਜੋ ਪਹਿਨਣ ਵਾਲੇ ਨੂੰ ਪਰੋਣ ਵਾਲੇ ਦੇ ਹੱਥਾਂ ਦੀ ਛੋਹ ਵਰਗਾ ਅਹਿਸਾਸ ਵੀ ਕਰਾਉਂਦੀ ਹੈ। ਅੱਜ ਦੇ ਮਨੁੱਖ ਕੋਲ ਦੱਸਣ-ਪੁੱਛਣ ਲਈ ਕੇਵਲ ਸੂਚਨਾ ਹੈ। ਐਂਡਰਾਈਡ ਮੋਬਾਈਲ ਦੀ ਖੋਜ ਨਾਲ ਇਨਸਾਨ ਐਰਕੂਟ, ਫੇਸਬੁੱਕ, ਟਵਿੱਟਰ, ਵ੍ਹਟਸਅੈਪ ਤੋਂ ਹੁੰਦਾ ਹੋਇਆ ਇੰਸਟਾ ਤੱਕ ਪਹੁੰਚ ਗਿਆ ਹੈ। ਇੰਨੀ ਕਾਹਲੀ ਵਿਚ ਹਾਲ ਨਹੀਂ ਦੱਸਿਆ ਜਾ ਸਕਦਾ; ਕੇਵਲ ਸੂਚਨਾ ਦਿੱਤੀ ਜਾ ਸਕਦੀ ਹੈ।
ਇਸ ਨਾਲ ਸਾਨੂੰ ਇਹ ਸੁਨੇਹਾ ਵੀ ਮਿਲਦਾ ਹੈ ਕਿ ਆਓ! ਖ਼ਤ ਲਿਖਣ-ਪੜ੍ਹਨ ਦੀ ਕਵਾਇਦ ਨੂੰ ਮੁੜ ਸ਼ੁਰੂ ਕਰੀਏ। ਕਿਸੇ ਉਸਤਾਦ ਤੋਂ ਕੋਈ ਗੁਰ ਸਿੱਖਣ ਲਈ ਖ਼ਤ ਲਿਖੀਏ, ਆਪਣੇ ਬੱਚੇ ਦੇ ਜਨਮ ਦਿਨ ’ਤੇ ਉਸ ਦੇ ਨਾਂ ਖ਼ਤ ਲਿਖੀਏ, ਕੋਈ ਮਿੱਤਰ-ਪਿਆਰਾ ਰੁੱਸ ਜਾਵੇ ਤਾਂ ਮਨਾਉਣ ਲਈ ਖ਼ਤ ਲਿਖੀਏ, ਜੇ ਹੋਰ ਨਹੀਂ ਤਾਂ ਆਪਣੇ ਆਪ ਨੂੰ ਖ਼ਤ ਲਿਖੀਏ, ਪਰ ਖ਼ਤ ਲਿਖੀਏ ਜਿਵੇਂ ਡਾ. ਜਗਤਾਰ ਲਿਖਦੇ ਹਨ :
ਕੋਈ ਮਜਬੂਰੀ ਨਹੀਂ
ਜੇ ਦਿਲ ਕਰੇ ਤਾਂ ਖ਼ਤ ਲਿਖੀਂ।
ਰਿਸ਼ਤਿਆਂ ਦੀ ਭੀੜ ’ਚੋਂ
ਫੁਰਸਤ ਮਿਲੇ ਤਾਂ ਖ਼ਤ ਲਿਖੀਂ।
• ਡਾ. ਮਨਦੀਪ ਕੌਰ ਰਾਏ