ਬੇਦੀ ਪਰਿਵਾਰ ਸਾਰਾ ਹੀ ਸਾਹਿਤਕਾਰਾਂ ਦਾ ਪਰਿਵਾਰ ਹੈ। ਇਸ ਪਰਿਵਾਰ ਨਾਲ ਮੇਰੀ ਸਾਂਝ ਬੜੀ ਪੁਰਾਣੀ ਹੈ। ਸ. ਲਾਲ ਸਿੰਘ ਬੇਦੀ ਸਾਹਿਤਕਾਰ ਹੋਰਾਂ ਦਾ ਬਾਬਾ ਖੜਕ ਸਿੰਘ ਹੋਰਾਂ ਨਾਲ ਬੜਾ ਪ੍ਰੇਮ ਭਾਵ ਸੀ। ਉਹ ਅਕਸਰ ਹੀ ਉਨ੍ਹਾਂ ਨੂੰ ਮਿਲਣ ਆਉਂਦੇ ਰਹਿੰਦੇ ਸਨ। ਜਿੱਥੇ ਮੇਰੀ ਉਨ੍ਹਾਂ ਨਾਲ ਮੁਲਾਕਾਤ ਅਕਸਰ ਹੀ ਹੁੰਦੀ ਰਹਿੰਦੀ ਸੀ।

ਇਸ ਸਾਂਝ ਦੀਆਂ ਤੰਦਾਂ ਉਨ੍ਹਾਂ ਦੇ ਪਰਿਵਾਰ ਤਕ ਵੀ ਪਹੁੰਚ ਗਈਆਂ ਅਤੇ ਇਸ ਸਾਂਝ ਨੇ ਉਨ੍ਹਾਂ ਦੇ ਸਪੁੱਤਰਾਂ ਡਾ. ਹਰਚੰਦ ਸਿੰਘ ਬੇਦੀ ਅਤੇ ਦਿਲਜੀਤ ਸਿੰਘ ਬੇਦੀ ਸਾਬਕਾ ਸਕੱਤਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਹੁਣ ਉਹ ਬਤੌਰ ਸਕੱਤਰ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਨੂੰ ਆਪਣੀਆਂ ਸੇਵਾਵਾਂ ਦੇ ਰਹੇ ਹਨ, ਨੂੰ ਵੀ ਆਪਣੇ ਕਲਾਵੇ ਵਿਚ ਲੈ ਲਿਆ।

ਜਦ ਡਾ. ਹਰਚੰਦ ਸਿੰਘ ਬੇਦੀ ਹੋਰਾਂ ਨਾਲ ਮੇਰੀ ਪਹਿਲੀ ਮੁਲਾਕਾਤ ਹੋਈ ਉਸ ਸਮੇਂ ਉਹ ਖ਼ਾਲਸਾ ਕਾਲਜ ਅੰਮਿ੍ਰਤਸਰ ਵਿਚ ਸਨ। ਖ਼ਾਲਸਾ ਕਾਲਜ ਵਿਚ ਰਹਿੰਦਿਆਂ ਉਨ੍ਹਾਂ ਨੇ ‘ਸਿੱਖ ਇਤਿਹਾਸ ਦੇ ਫ਼ਾਰਸੀ ਸਰੋਤ’, ‘ਖ਼ਾਲਸਾ ਸੱਭਿਆਚਾਰ ਤੇ ਸ਼ਬਦ ਸੱਭਿਆਚਾਰ’, ‘21ਵੀਂ ਸਦੀ ਵਿਚ ਸਿੱਖਾਂ ਲਈ ਚੁਣੌਤੀਆਂ’ ਅਤੇ ‘ਸਿਮਰਉ ਹਰਿ ਰਾਏ’ ਆਦਿ ਪੁਸਤਕਾਂ ਦੀ ਸਿਰਜਣਾ ਕੀਤੀ।

ਉਸ ਤੋਂ ਬਾਅਦ ਉਹ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਚ ਆ ਗਏ। ਆਪਣੀਆਂ ਸਾਹਿਤਕ ਰੁਚੀਆਂ ਅਤੇ ਸੂਝ ਕਰਕੇ ਜਿੱਥੇ ਕਵੀ ਸ਼ਹਰਯਾਰ, ਮੁਖਤਿਆਰ ਅਤੇ ਮੇਰੇ ਸਮੇਤ ਹੋਰ ਬਹੁਤ ਸਾਰੇ ਸਾਹਿਤ ਸਿਰਜਕ, ਸਾਹਿਤ ਰਸੀਏ ਅਤੇ ਸਾਹਿਤ ਪ੍ਰੇਮੀ ਆਪਸ ਵਿਚ ਮਿਲ ਗਏ ਅਤੇ ਜੇ ਕਿਹਾ ਜਾਵੇ ਤਾਂ ਯੂਨੀਵਰਸਿਟੀ ਦੀ ਅੱਧੀ ਛੁੱਟੀ ਵੇਲੇ ਅਸੀਂ ਸਾਰੇ, ਯੂਨੀਵਰਸਿਟੀ ਦੀ ਲਾਇਬ੍ਰੇਰੀ ਦੀ ਦੱਖਣ ਵਾਲੀ ਗੁੱਠ ਵਿਚ ਰਲ ਮਿਲ ਕੇ ਰੋਟੀਆਂ ਖਾਂਦੇ ਸੀ। ਇਨ੍ਹਾਂ ਵਿਚ ਕਹਾਣੀਕਾਰ ਮੁਖਤਿਆਰ, ਸ਼ਹਰਯਾਰ, ਰਬਿੰਦਰ ਬਾਠ ਅਤੇ ਕਈ ਹੋਰ ਯਾਰ ਦੋਸਤ ਇਕੱਠੇ ਹੀ ਖਾਣਾ ਖਾਂਦੇ ਅਤੇ ਇਕ ਦੂਜੇ ਨੂੰ ਬੜੇ ਭਰਵੇਂ ਮਖ਼ੌਲ ਕਰਦੇ। ਅਸੀਂ ਦੇਖਿਆ ਕਿ ਡਾ. ਬੇਦੀ ਕੁਝ ਦਿਨਾਂ ਤੋਂ ਇਸ ਮਹਿਫ਼ਲ ਵਿਚ ਨਹੀਂ ਆ ਰਿਹਾ। ਇਕ ਦਿਨ ਯੂਨੀਵਰਸਿਟੀ ਵਿਚ ਮੈਨੂੰ ਡਾ. ਬੇਦੀ ਹੋਰੀਂ ਮਿਲ ਹੀ ਗਏ। ਮੈਂ ਕਿਹਾ,‘‘ਬੇਦੀ ਸਾਹਿਬ! ਤੁਸੀਂ ਖਾਣਾ ਖਾਣ ਕਿਉਂ ਨਹੀਂ ਆਉਂਦੇ?’’

ਉਹ ਕਹਿਣ ਲੱਗੇ, ‘‘ਬਾਬਿਓ! ਖਾਣਾ ਖਾਣ ਕਿਵੇਂ ਆਵਾਂ? ਤੁਹਾਡੀਆਂ ਰੋਟੀਆਂ ਹੀ ਤਲਵਾਰਾਂ ਵਰਗੀਆਂ ਹੁੰਦੀਆਂ ਹਨ। ਅਗਲੇ ਦਾ ਘਾਣ ਬੱਚਾ ਕਰ ਦੇਂਦੇ ਹੋ।’’ ਖ਼ੈਰ ਇਹ ਤਾਂ ਉਨ੍ਹਾਂ ਦੀ ਹੱਸਮੁੱਖੀ ਤਬੀਅਤ ਸੀ, ਉਹ ਸਾਡੀ ਇਸ ਟੋਲੀ ਦਾ ਸ਼ਿੰਗਾਰ ਹਮੇਸ਼ਾ ਹੀ ਬਣੇ ਰਹੇ। ਇਹ ਉਨ੍ਹਾਂ ਦੀ ਸਖ਼ਤ ਮਿਹਨਤ ਦਾ ਹੀ ਸਿੱਟਾ ਸੀ ਕਿ ਪ੍ਰਬੰਧਕੀ ਵਿਭਾਗ ਦੀ ਪਦਵੀ ’ਤੇ ਰਹਿੰਦਆਂ ਉਨ੍ਹਾਂ ਨੇ ਐੱਮ.ਫਿਲ., ਪੀਐੱਚ.ਡੀ. ਕੀਤੀ ਤੇ ਬੇਅਰਿੰਗ ਯੂਨੀਅਨ ਕਿ੍ਰਸ਼ਚੀਅਨ ਕਾਲਜ ਵਿਖੇ ਅਧਿਆਪਕ ਵਜੋਂ ਸੇਵਾ ਨਿਭਾਈ, ਉਪਰੰਤ ਉੱਤਰੀ ਭਾਰਤ ਦੀ ਮਾਣਮਤੀ ਸੰਸਥਾ ਖ਼ਾਲਸਾ ਕਾਲਜ ਅੰਮਿ੍ਰਤਸਰ ਵਿਖੇ ਅਧਿਆਪਨ ਕਾਰਜ ਕਰਦੇ ਰਹੇ। ਇਥੇ ਹੀ ਬਸ ਨਹੀਂ ਫਿਰ ਉਹ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸੈਂਟਰ ਫਾਰ ਇਮੀਗਰੈਂਟ ਸਟੱਡੀ ਦੇ ਮੁਖੀ ਨਿਯੁਕਤ ਹੋਏ ਤੇ ਪੰਜਾਬੀ ਅਧਿਐਨ ਵਿਭਾਗ ਦਾ ਹਿੱਸਾ ਬਣੇ।

ਉਨ੍ਹਾਂ ਨੇ ਡਾ. ਐੱਸ.ਪੀ. ਸਿੰਘ ਦੀ ਅਗਵਾਈ ਵਿਚ ਪਰਵਾਸੀ ਸਾਹਿਤ ਨੂੰ ਇਕ ਆਜ਼ਾਦ ਅਨੁਸ਼ਾਸਨ ਵਜੋਂ ਸਥਾਪਿਤ ਵੀ ਕੀਤਾ ਅਤੇ ਉਸ ਦੀ ਪਛਾਣ ਵੀ ਬਣਾਈ। ਇਹੋ ਕਾਰਨ ਹੈ ਕਿ ਪੰਜਾਬੀ ਸਾਹਿਤ ਆਲੋਚਨਾ ਵਿਚ ਪੰਜਾਬ ਦੀਆਂ ਵੱਖ-ਵੱਖ ਯੂਨੀਵਰਸਿਟੀਆਂ ਵਿਚ ਇਕ ਵਿਸ਼ੇ ਦੇ ਤੌਰ ’ਤੇ ਇਸ ਨੂੰ ਪੜ੍ਹਾਇਆ ਜਾ ਰਿਹਾ ਹੈ।

ਇਸ ਖੇਤਰ ਵਿਚ ਡਾ. ਹਰਚੰਦ ਸਿੰਘ ਬੇਦੀ ਦੀ ਵਿਸ਼ੇਸ਼ ਭੂਮਿਕਾ ਹੈ। ਤੀਹ ਸਾਲ ਤਕ ਉਨ੍ਹਾਂ ਨੇ ਪਰਵਾਸੀ ਸਾਹਿਤ ਅਧਿਐਨ ਵਿਚ ਆਪਣੀ ਯੋਗਤਾ ਦਾ ਲੋਹਾ ਮਨਵਾਇਆ ਅਤੇ ਪੰਜਾਬੀ ਸਾਹਿਤ ਨੂੰ ਤਕਰੀਬਨ ਸੱਤਰ ਪੁਸਤਕਾਂ ਦਿੱਤੀਆਂ। ਇਥੇ ਹੀ ਬੱਸ ਨਹੀਂ, ਉਨ੍ਹਾਂ ਪੰਜਾਬ ਅਤੇ ਦਿੱਲੀ ਦੀਆਂ ਸਾਰੀਆਂ ਯੂਨੀਵਰਸਿਟੀਆਂ ਵਿਚ ਵੱਖ-ਵੱਖ ਵਿਸ਼ਿਆਂ ਉੱਪਰ 72 ਖੋਜ-ਪੱਤਰ ਵੀ ਪੇਸ਼ ਕੀਤੇ ਅਤੇ ਪਰਵਾਸੀ ਪੰਜਾਬੀ ਸਾਹਿਤ ਨਾਲ ਸਬੰਧਿਤ ਬਹੁਤ ਸਾਰੀਆਂ ਕਾਨਫ਼ਰੰਸਾਂ ਅਤੇ ਸੈਮੀਨਾਰ ਕਰਵਾਏ ਅਤੇ ਕਈਆਂ ਹੋਰਨਾਂ ਸੈਮੀਨਾਰਾਂ ਵਿਚ ਭਾਗ ਵੀ ਲਿਆ ਅਤੇ ਉਸਾਰੂ ਬਹਿਸਾਂ ਵਿਚ ਵੱਡਮੁੱਲਾ ਯੋਗਦਾਨ ਪਾ ਕੇ ਵਿਚਾਰ ਚਰਚਾ ਨੂੰ ਨਵੀਂ ਦਿਸ਼ਾ ਵੀ ਦਿੱਤੀ।

ਉਨ੍ਹਾਂ ਨੇ ਬਹੁਤ ਸਾਰੇ ਨਵ-ਖੋਜੀਆਂ ਅਤੇ ਲੇਖਕਾਂ ਦੀਆਂ ਪੁਸਤਕਾਂ ਦੀਆਂ ਲੰਬੀਆਂ ਭੂਮਿਕਾਵਾਂ ਲਿਖ ਕੇ ਉਨ੍ਹਾਂ ਦੀ ਪੰਜਾਬੀ ਸਾਹਿਤ ਵਿਚ ਪਛਾਣ ਨਿਸ਼ਚਿਤ ਕੀਤੀ। ਇਥੇ ਹੀ ਬਸ ਨਹੀਂ, ਉਨ੍ਹਾਂ ਨੇ ਤਕਰੀਬਨ ਢਾਈ ਦਰਜਨ ਲੇਖਕਾਂ ਨਾਲ ਮੁਲਾਕਾਤਾਂ ਕਰ ਕੇ ਇਕ ਮਹੱਤਵਪੂਰਨ ਪੁਸਤਕ ‘ਗੁਫ਼ਤਗੂ’ ਸੰਨ 1982 ਵਿਚ ਪ੍ਰਕਾਸ਼ਿਤ ਕਰਵਾਈ, ਜਿਹੜੀ ਕਿ ਪੰਜਾਬੀ ਸਾਹਿਤ ਵਿਚ ਅਦਬੀ ਮੁਲਾਕਾਤਾਂ ਦੀ ਪਹਿਲੀ ਪੁਸਤਕ ਸੀ। ਉਨ੍ਹਾਂ ਦੀ ਮਿਹਨਤ ਅਤੇ ਘਾਲਣਾ ਇਸ ਗੱਲ ਤੋਂ ਵੀ ਵੇਖੀ ਜਾ ਸਕਦੀ ਹੈ ਕਿ ਉਨ੍ਹਾਂ ਨੇ ਪਰਵਾਸੀ ਪੰਜਾਬੀ ਸਾਹਿਤਕਾਰਾਂ ਬਾਰੇ ਦਸ ਭਾਗਾਂ ਵਿਚ ‘ਪਰਵਾਸੀ ਪੰਜਾਬੀ ਸਾਹਿਤ ਸੰਦਰਭ ਕੋਸ਼’ ਨਾਂ ਹੇਠ ਹਵਾਲਾ ਗ੍ਰੰਥ ਤਿਆਰ ਕੀਤੇ। ਉਨ੍ਹਾਂ ਦੀ ਇਸ ਘਾਲਣਾ ਨੂੰ ਮਾਨਤਾ ਦੇਂਦਿਆਂ, ਯੂ.ਜੀ.ਸੀ. ਵਲੋਂ ਪਰਵਾਸੀ ਪੰਜਾਬੀ ਸਾਹਿਤ ਦੇ ਪ੍ਰੋਫ਼ੈਸਰ ਆਫ਼ ਅਮੈਰਿਟਸ ਦੀ ਉਪਾਧੀ ਨਾਲ ਨਿਵਾਜਿਆ ਗਿਆ। ਉਨ੍ਹਾਂ ਦੇ ਸਾਹਿਤਕ ਕਾਰਜਾਂ ਨੂੰ ਮੁੱਖ ਰਖਦਿਆਂ ਵਰਤਮਾਨ ਸਮੇਂ ਵਿਚ ਉਨ੍ਹਾਂ ਨੂੰ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਆਨਰੇਰੀ ਪ੍ਰੋਫੈਸਰ ਨਿਯੁਕਤ ਕੀਤਾ ਗਿਆ ਸੀ। ਉਨ੍ਹਾਂ ਦੇ ਯੋਗਦਾਨ ਨੂੰ ਦੇਖਦਿਆਂ ਹੋਇਆਂ ਚੀਫ਼ ਖਾਲਸਾ ਦੀਵਾਨ ਅੰਮਿ੍ਰਤਸਰ ਵਲੋਂ, ਭਾਈ ਵੀਰ ਸਿੰਘ ਖੋਜ ਕੇਂਦਰ ਦਾ ਡਾਇਰੈਕਟਰ ਨਿਯੁਕਤ ਕੀਤਾ ਗਿਆ। ਇਥੇ ਵੀ ਉਨ੍ਹਾਂ ਨੇ ਬੜੀ ਤਨਦੇਹੀ ਨਾਲ ਕਾਰਜ ਕੀਤਾ ਅਤੇ ਭਾਈ ਵੀਰ ਸਿੰਘ ਜੀ ਬਾਰੇ ਇਕ ਹਵਾਲਾ ਗ੍ਰੰਥ ‘ਇਨਸਾਈਕਲੋਪੀਡੀਆ ਭਾਈ ਵੀਰ ਸਿੰਘ’ ਦੀ ਤਿਆਰੀ ਕਰਵਾਈ, ਜੋ ਕਿ ਉਨ੍ਹਾਂ ਦੀ 9 ਸਾਲ ਦੀ ਕਠਿਨ ਸਾਧਨਾ ਦਾ ਨਤੀਜਾ ਹੈ, ਜਿਹੜਾ ਕਿ ਛਪਾਈ ਅਧੀਨ ਹੈ।

ਪਰਵਾਸੀ ਸਾਹਿਤ ਬਾਰੇ ਕਾਰਜ ਕਰਦਿਆਂ ਜਿੱਥੇ ਉਨ੍ਹਾਂ ਨੇ ਪਰਵਾਸੀ ਲੇਖਕਾਂ ਦੇ ਸਾਹਿਤਕ ਗੁਣਾਂ ਦੀ ਪਛਾਣ ਕੀਤੀ, ਉਥੇ ਉਨ੍ਹਾਂ ਵਲੋਂ ਲਏ ਗਏ ਵਿਸ਼ਿਆਂ ਦੀ ਵੀ ਪੁਨਰ-ਪੜਚੋਲ ਕੀਤੀ, ਉਨ੍ਹਾਂ ਵਲੋਂ ਪੂੰਜੀਵਾਦੀ ਵਰਤਾਰੇ ਪ੍ਰਤੀ ਇਨ੍ਹਾਂ ਲੇਖਕਾਂ ਦੇ ਦਿ੍ਰਸ਼ਟੀਕੋਣ ਦੀ ਵੀ ਨਿਸ਼ਾਨਦੇਹੀ ਕੀਤੀ ਅਤੇ ਬੜੇ ਮਹੱਤਵਪੂਰਨ ਨਤੀਜੇ ਕੱਢਦਿਆਂ ਇਹ ਸਥਾਪਤ ਕਰਨ ਦਾ ਯਤਨ ਕੀਤਾ ਕਿ ਪਰਵਾਸੀ ਲੇਖਕਾਂ ਦਾ ਮੂਲ ਝੁਕਾਅ, ਨਵੀਂ ਵਿਸ਼ਵ ਦਿ੍ਰਸ਼ਟੀ ਨੂੰ ਸਮਝ ਕੇ ਵਿਖਿਆਉਣ ਵੱਲ ਹੈ।

ਡਾ. ਬੇਦੀ ਹੱਸਮੁੱਖ, ਖੁੱਲ੍ਹਾ ਡੁੱਲ੍ਹਾ, ਬਗ਼ੈਰ ਕਿਸੇ ਲੱਗ ਲਗਾਓ ਦੇ ਇਕ ਪਵਿੱਤਰ ਆਤਮਾ ਸੀ। ਉਸ ਦੇ ਅੰਦਰ ਕਿਸੇ ਲਈ ਵੈਰ ਭਾਵ, ਨਫ਼ਰਤ ਜਾਂ ਹਸਦ ਨਹੀਂ ਸੀ। ਉਹ ਆਪਣੇ ਹੀ ਕਾਰਜ ਵਿਚ ਮਸਤ ਰਹਿੰਦੇ ਸਨ। ਮੈਨੂੰ ਉਨ੍ਹਾਂ ਉੱਪਰ ਇਸ ਲਈ ਵੀ ਮਾਣ ਹੈ ਕਿ ਉਨ੍ਹਾਂ ਨੇ ਮੇਰੇ ਨਾਵਲ ‘ਨਾਦ ਬਿੰਦ’ ਉੱਪਰ ਇਕ ਪੁਸਤਕ ‘ਪਾਠ ਅਤੇ ਪ੍ਰਸੰਗ : ਨਾਦ ਬਿੰਦ’ ਦੀ ਸੰਪਾਦਨਾ ਵੀ ਕੀਤੀ ਸੀ। ਡਾ. ਬੇਦੀ ਦੇ ਜਾਣ ਨਾਲ ਕੇਵਲ ਪਰਵਾਸੀ ਸਾਹਿਤ ਨੂੰ ਹੀ ਘਾਟਾ ਨਹੀਂ ਪਿਆ ਸਗੋਂ ਸਮੁੱਚੇ ਪੰਜਾਬੀ ਸਾਹਿਤ ਨੂੰ ਵੀ ਨਾ ਪੂਰਿਆਂ ਹੋਣ ਵਾਲਾ ਘਾਟਾ ਪਿਆ ਹੈ।

ਅਧਿਐਨ ਤੇ ਅਧਿਆਪਨ

ਅਧਿਐਨ ਅਤੇ ਅਧਿਆਪਨ ਉਨ੍ਹਾਂ ਦਾ ਇਸ਼ਟ ਸੀ। ਵਿਦਿਆਰਥੀ ਉਨ੍ਹਾਂ ਤੋਂ ਅਗਵਾਈ ਲੈਣ ਲਈ ਤੱਤਪਰ ਰਹਿੰਦੇ ਸਨ, ਉਹ ਉਨ੍ਹਾਂ ਦੀ ਅਗਵਾਈ ਵੀ ਬੜੀ ਸੁਹਿਰਦਤਾ ਨਾਲ ਕਰਦੇ ਸਨ। ਮੁਸਕਰਾਹਟ ਉਨ੍ਹਾਂ ਦੇ ਬੁਲ੍ਹਾਂ ਉੱਪਰ ਹਰ ਵੇਲੇ ਬਿਰਾਜਮਾਨ ਰਹਿੰਦੀ ਸੀ। ਉਹ ਮੇਰੇ ਯਾਰ ਦੋਸਤ ਸਨ ਪਰੰਤੂ, ਮੈਨੂੰ ਕਦੀ ਵੀ ਉਨ੍ਹਾਂ ਦੀ ਯਾਰੀ ਨੂੰ ਪਰਖਣ ਦਾ ਮੌਕਾ ਨਹੀਂ ਮਿਲਿਆ। ਮੈਨੂੰ ਯਕੀਨ ਅਤੇ ਵਿਸ਼ਵਾਸ ਹੈ ਕਿ ਜੇਕਰ ਕਦੀ ਇਸ ਮੌਕੇ ਦੀ ਲੋੜ ਪੈਂਦੀ ਤਾਂ ਉਹ ਮੇਰੇ ਨਾਲ ਚੱਟਾਨ ਵਾਂਗ ਖੜ੍ਹੇ ਦਿਸਦੇ। ਉਨ੍ਹਾਂ ਅੰਦਰ ਪਰਿਵਾਰਕ ਪ੍ਰੰਪਰਾਵਾਂ ਅਤੇ ਮਰਿਆਦਾ ਦੇ ਵਿਸ਼ੇਸ਼ ਗੁਣ ਲੱਛਣ ਮਹਿਸੂਸ ਕੀਤੇ। ਮੈਂ ਉਨ੍ਹਾਂ ਨੂੰ ਕਦੀ ਵੀ ਕਿਸੇ ਨੂੰ ਗੰਦੀ ਗਾਲ ਕੱਢਦਿਆਂ ਨਹੀਂ ਸੀ ਵੇਖਿਆ। ਉਸ ਦੀ ਗਾਲ ਵੀ ਭੈਣ ਦਿਆ ਵੀਰਾ ਹੀ ਹੁੰਦੀ ਸੀ।

- ਜੋਗਿੰਦਰ ਸਿੰਘ ਕੈਰੋਂ (ਡਾ.)

Posted By: Harjinder Sodhi