ਪੁਸਤਕ : ਯਾਤਰਾਵਾਂ (ਕਾਵਿ ਸੰਗ੍ਰਹਿ)

ਲੇਖਕ : ਪਵਨ ਗੁਲਾਟੀ

ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ।

ਪੰਨੇ : 160, ਮੁੱਲ : 225/-

‘ਯਾਤਰਾਵਾਂ’ ਕਾਵਿ-ਸੰਗ੍ਰਹਿ ਬਹੁ ਵਿਧਾਵੀ ਅਨੁਵਾਦਕ ਅਤੇ ਲੇਖਕ ਪਵਨ ਗੁਲਾਟੀ ਦਾ ਪਲੇਠਾ ਕਾਵਿ-ਸੰਗ੍ਰਹਿ ਹੈ ਜਿਸ ਵਿਚ ਛੋਟੀਆਂ ਵੱਡੀਆਂ, ਖੁੱਲ੍ਹੀਆਂ ਕਵਿਤਾਵਾਂ ਸ਼ਾਮਲ ਹਨ। ਸਾਰੀਆਂ ਕਵਿਤਾਵਾਂ ਨੂੰ ਅੱਗੋਂ ਵੱਖ-ਵੱਖ ਭਾਗਾਂ ’ਚ ਵੰਡਿਆ ਗਿਆ ਹੈ। ਪੁਸਤਕ ਦਾ ਨਾਂ ‘ਯਾਤਰਾਵਾਂ’ ਕਵਿਤਾਵਾਂ ਦੇ ਵਿਸ਼ੇ ਅਨੁਸਾਰ ਬੜਾ ਢੁੱਕਵਾਂ ਹੈ। ਕਵੀ ਦੀ ਇਸ ਸਿਰਜਣ ਪ੍ਰਕਿਰਿਆ ਵਿਚ ਉਸ ਦੀ ਜ਼ਿੰਦਗੀ ਦੇ 80ਵਿਆਂ ਤੋਂ ਲੈ ਕੇ ਹੁਣ ਤਕ ਦੇ ਲਗਪਗ 40 ਸਾਲਾਂ ਦਾ ਬਿਹਤਰੀਨ ਸਫ਼ਰ ਸ਼ਾਮਲ ਹੈ। ਜਿਸ ਵਿਚ ਉਸ ਦੀਆਂ ਅੰਦਰੂਨੀ ਤੇ ਬਾਹਰੀ ਦੋਨੋਂ ਰੂਪ ਦੀਆਂ ਯਾਤਰਾਵਾਂ ਸ਼ਾਮਲ ਹਨ। ਜ਼ਿੰਦਗੀ ਵਿਚ ਸਫ਼ਰ ਦੌਰਾਨ ਅਤੇ ਜ਼ਿੰਦਗੀ ਦੇ ਸਫ਼ਰ ਦੌਰਾਨ ਅਨੇਕਾਂ ਵਰਤਾਰੇ ਅਜਿਹੇ ਵਾਪਰਦੇ ਹਨ ਜੋ ਸਾਡੀ ਰੂਹ ਤੇ ਡੂੰਘੀ ਛਾਪ ਛੱਡਦੇ ਧੁਰ ਅੰਦਰ ਤਕ ਲਹਿ ਜਾਂਦੇ ਹਨ । ਕਵੀ ਨੇ ਵੱਖੋ-ਵੱਖ ਰੰਗਾਂ ਦੇ ਅਜਿਹੇ ਮਨੋਭਾਵਾਂ ਨੂੰ ਆਪਣੇ ਸ਼ਬਦਾਂ ’ਚ ਪ੍ਰੋਇਆ ਹੈ। ਜਿਸ ’ਚ ਕੁਦਰਤੀ ਨਿਆਮਤਾਂ ਕਲਕਲ ਵਗਦੇ ਪਾਣੀ, ਹਸੀਨ ਵਾਦੀਆਂ, ਹਰਿਆਲੀ, ਪੌਣ, ਸਰਵਰ, ਅਮਲਤਾਸ, ਰਾਤ ਦੀ ਰਾਣੀ, ਬੋਹੜ, ਅੰਬ ਆਦਿ ਦੇ ਰੁੱਖਾਂ ਤੋਂ ਇਲਾਵਾ ਚੰਡੀਗੜ੍ਹ, ਇਲਾਹਾਬਾਦ,ਅਮੇਰ,ਕਸ਼ਮੀਰ, ਕੰਨਿਆ ਕੁਮਾਰੀ, ਦਿੱਲੀ ਆਦਿ ਬਹੁਤ ਸਾਰੇ ਸ਼ਹਿਰਾਂ ਤੇ ਥਾਵਾਂ ਬਾਬਤ ਕਲਾਮਈ ਢੰਗ ਨਾਲ ਦੱਸਣ ਦੀ ਸਫਲ ਕੋਸ਼ਿਸ਼ ਕੀਤੀ ਹੈ। ਖ਼ਾਸ ਕਰ ਕੇ ਸੱਭਿਆਚਾਰਕ ਰੰਗ ਤੇ ਸਰਮਾਏਦਾਰੀ ਢੰਗ, ਨੂੰ ਕਵਿਤਾਵਾਂ ਵਿਚ ਬੜੀ ਖ਼ੂਬਸੂਰਤੀ ਨਾਲ ਪੇਸ਼ ਕੀਤਾ ਗਿਆ ਹੈ । ‘ਇਨ੍ਹਾਂ ਗਲੀਆਂ ’ਚ’ ਸਿਰਲੇਖ ਹੇਠ ਕਵਿਤਾ ਦੇ ਕੁਝ ਅੰਸ...

ਲੂਣ ਵਾਲੀ ਗਲੀ ’ਚ

ਸਸੀ ਦਾ ਬਾਪੂ ਹੁਣ ਲੂਣ ਨਹੀਂ ਪੀਸਦਾ

ਲੋਕ ਲੂਣ ਖਾ ਹਰਾਮ ਕਰਦੇ ਨੇ...’

ਨਹੀਂ ਭੜੂਓ

ਲੂਣ ਤਾਂ ਹੁਣ ਟਾਟੇ ਦਾ ਵਿਕਦੈ।

ਪਵਨ ਗੁਲਾਟੀ ਦੀਆਂ ਸਫ਼ਰਨਾਮਾ ਰੂਪੀ ਕਵਿਤਾਵਾਂ ਵਿੱਚੋਂ ਜਿੱਥੇ ਉਸ ਦਾ ਨਜ਼ਰੀਆ ਸਪਸ਼ਟ ਹੁੰਦਾ ਹੈ,ਉੱਥੇ ਉਸ ਦੀ ਕਵਿਤਾ ਪਾਠਕ ਦੇ ਲਈ ਕੋਈ ਸੁਨੇਹਾ ਵੀ ਸਾਂਭੀ ਬੈਠੀ ਹੈ। ਕਵਿਤਾਵਾਂ ਦੀ ਸ਼ਬਦਾਵਲੀ ਸਾਦੀ ਤੇ ਅਰਥ ਭਰਪੂਰ ਹੋਣ ਕਰਕੇ ਸਾਰੀਆਂ ਕਵਿਤਾਵਾਂ ਪੜ੍ਹਨਯੋਗ ਹਨ। ਕਵੀ ਕੋਲੋਂ ਭਵਿੱਖ ਵਿਚ ਹਰ ਪੱਖੋਂ ਹੋਰ ਵਧੀਆ ਦੀ ਆਸ ਕੀਤੀ ਜਾ ਸਕਦੀ ਹੈ।

- ਕੁਲਦੀਪ ਸਿੰਘ ਬੰਗੀ

Posted By: Harjinder Sodhi