ਪੁਸਤਕ : ਸਾਡੇ ਸਮਿਆਂ ਨੇ ਵੀ ਵੇਖਿਆ

ਲੇਖਿਕਾ : ਇੰਦੂ ਧਵਨ

ਪੰਨੇ : 126, ਮੱੁਲ : 295 ਰੁਪਏ

ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਮੁਹਾਲੀ

ਕਾਵਿ ਸੰਗ੍ਰਹਿ ਵਿਚ 109 ਕਾਵਿ ਰਚਨਾਵਾਂ ਹਨ। --ਦਿਲ ਖ਼ੂਬਸੂਰਤ/ਯਾਦਾਂ ਦਾ ਗੁੱਛਾ /ਬਹੁਤ ਹੀ ਸੱਚਾ /ਬਹੁਤ ਹੀ ਸੁੱਚਾ। ਛੋਟੇ ਜਿਹੇ ਕਾਵਿ ਟੁਕੜੇ ਵਿਚ ਦਿਲ ਦਰਿਆ ਸਮੁੰਦਰੌਂ ਡੂੰਘੇ ਦੀ ਭਾਵਨਾ ਹੈ। ਇਸ ਤਰ੍ਹਾਂ ਦੇ ਛਿੰਨ ਭੰਗਰ ਵਿਚਾਰ ਪੁਸਤਕ ਵਿਚ ਥਾਂ-ਥਾਂ ’ਤੇ ਹਨ। ਕਈ ਵਾਰੀ ਇਕ ਯਾਦ ਜਾਂ ਇਕ ਨਿੱਕੇ ਜਿਹੇ ਫੁਰਨੇ ਨੂੰ ਕਾਵਿ ਰੂਪ ਦਿੱਤਾ ਹੈ। ਉਦਾਸੀ, ਖ਼ੁਸ਼ੀ, ਮਾਸੂਮੀਅਤ ਨੁੰ ਕਵਿਤਾ ਰੂਪ ਦੇ ਕੇ ਰਚਨਾ ਨੂੰ ਨਿਵੇਕਲਾ ਸਹਿਜ ਰੂਪ ਦਿੱਤਾ ਗਿਆ ਹੈ। ਸਾਰਾ ਬਚਪਨ ਤੋਂ ਕਵਿਤਾ ਲਿਖਦੀ ਆ ਰਹੀ ਹੈ। ਦੇਸ਼ ਵੰਡ ਸਮੇਂ ਦੇ ਦੁਖਦਾਈ ਪਲ, ਮਾਪਿਆਂ, ਗੁਆਂਢਣਾਂ, ਸਹੇਲੀਆਂ ਤੋਂ ਸੁਣੇ ਤਾਂ ਕਵਿਤਰੀ ਦਾ ਸੰਵੇਦਨਸ਼ੀਲ ਮਨ ਦ੍ਰਵ ਹੋ ਗਿਆ ਤੇ ਕਵਿਤਾ ਨਾਲ ਜੁੜ ਕੇ ਕਾਵਿ ਰੂਪ ਬਣਦਾ ਗਿਆ। ਡਾ ਯੋਗ ਰਾਜ ਅਨੁਸਾਰ ਕਿਤਾਬ ਦੀਆਂ ਰਚਨਾਵਾਂ ਵਿਚ ਭਵਿੱਖਮੁਖੀ ਚਿਹਨ ਦੀ ਧੁਨੀ ਹੈ। ਡਾ. ਜਤਿੰਦਰ ਕੌਰ ਪੰਜਾਬੀ ਵਿਭਾਗ ਡੀ ਏ ਵੀ ਕਾਲਜ ਚੰਡੀਗੜ੍ਹ ਨੇ ਰਚਨਾਵਾਂ ਨੂੰ ਇਨਸਾਨੀ ਦੋਸਤੀ ਅਤੇ ਦਰਦਮੰਦੀ ਦੀ ਕਵਿਤਾ ਕਿਹਾ ਹੈ। ਕਵਿਤਾਵਾਂ ਵਿਚ ਇਨਸਾਨੀ ਭਾਈਚਾਰੇ ਵਾਲੇ ਸਮਾਜ ਦੀ ਸਿਰਜਣਾ ਦਾ ਸੁਪਨਾ ਹੈ। ਕਾਵਿ ਭਾਸ਼ਾ ਸਰਲ ਤੇ ਸਹਿਜਮਈ ਹੈ। ਇਕ ਇਕ ਸ਼ਬਦ ਸਤਰ ਰੂਪ ਵਿਚ ਹੈ। ਸੰਨ 1987 ਵਿਚ ਵੱਡੇ ਵੀਰ ਦੀਪਕ ਧਵਨ ਨੂੰ ਦਹਿਸ਼ਤਗਰਦਾਂ ਨੇ ਸ਼ਹੀਦ ਕਰ ਦਿੱਤਾ ਸੀ। ਇਸ ਵਿਛੋੜੇ ਦਾ ਅਕਹਿ ਤੇ ਅਸਹਿ ਦਰਦ ਕਵਿਤਰੀ ਦੇ ਧੁਰ ਅੰਦਰ ਵਸ ਗਿਆ। ਕਵਿਤਾਵਾਂ ਉਦਾਸ ਦਿਲ, ਉਦਾਸ ਹਾਂ, ਉਦਾਸ ਹਾਂ ਬਹੁਤ, ਵੱਖ-ਵੱਖ ਸਿਰਲੇਖ ਹੋਣ ਦੇ ਬਾਵਜੂਦ ਇਕ ਹੀ ਮਨੋਅਵਸਥਾ ਦੀ ਤਸਵੀਰ ਹਨ। ਕੁਝ ਕਵਿਤਾਵਾਂ ਦੋਸਤੀ ਦੀ ਝਲਕ ਪੇਸ਼ ਕਰਦੀਆਂ ਹਨ। ਕੁਝ ਰਚਨਾਵਾਂ ਔਰਤਾਂ ਦੀ ਮਾਨਸਿਕਤਾ ਦੀ ਪੇਸ਼ਕਾਰੀ ਹਨ। ਕੌਮਾਂਤਰੀ ਮਸਲਿਆਂ ’ਤੇ ਅਧਾਰਿਤ ਕਵਿਤਾਵਾਂ ਵੀ ਸ਼ੁਮਾਰ ਹਨ।

- ਪਿ੍ਰੰ. ਗੁਰਮੀਤ ਸਿੰਘ ਫਾਜ਼ਿਲਕਾ

Posted By: Harjinder Sodhi