ਪੁਸਤਕ : ਪੋਰ ਦੀ ਜੂਨ

ਲੇਖਕ : ਭੁਪਿੰਦਰ ਸੰਧੂ ਬਠਿੰਡਾ

ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨਜ਼ ਚੰਡੀਗੜ੍ਹ

ਪੰਨੇ : 112, ਮੁੱਲ : 200/-

ਇਸ ਕਾਵਿ ਸੰਗ੍ਰਹਿ ’ਚ 48 ਰਚਨਾਵਾਂ ਹਨ। ਵਧੇਰੇ ਕਵਿਤਾਵਾਂ ਦੀ ਸੁਰ ਕਿਰਤੀ ਤੇ ਮਿਹਨਕਸ਼ ਵਰਗ ਦੀ ਆਵਾਜ਼ ਬਣ ਕੇ ਉਭਰੀ ਹੈ। ਭੂਮਿਕਾ ’ਚ ਡਾ. ਸੁਰਜੀਤ ਬਰਾੜ ਨੇ ਕਵਿਤਾਵਾਂ ਦੇ ਵੱਖੋ ਵੱਖਰੇ ਸਰੋਕਾਰਾਂ ਬਾਰੇ ਅਧਿਐਨ ਕਰਦੇ ਲਿਖਿਆ ਹੈ ਕਿ ਸ਼ਾਇਰ ਦਾ ਨਜ਼ਰੀਆ ਨਿਰੋਲ ਤਰਕਸ਼ੀਲ ਤੇ ਅਗਾਂਹਵਧੂ ਸੋਚ ਵਾਲਾ ਹੈ। ਅਜੋਕਾ ਗ਼ਰੀਬ ਤੇ ਮੱਧਵਰਗੀ ਬੰਦਾ ਪੋਰ (ਖੇਤੀ ਸੰਦ) ਦੀ ਜੂਨ ਹੰਢਾ ਰਿਹਾ ਹੈ। ਅਜੋਕੇ ਮਨੱੁਖ ਦੇ ਆਰਥਿਕ ਸੰਕਟ ਬਾਰੇ ਸ਼ਾਇਰ ਦਾ ਕਥਨ ਹੈ ਅਸੀਂ ਤਾਂ ਪੋਰ ਦੀ ਜੂਨ ਹੰਢਾਉਂਦੇ ਹਾਂ /ਪੋਰ /ਜਿਸ ਵਿਚ ਦਾਣੇ ਪੈਂਦੇ ਰਹਿੰਦੇ ਹਨ ਲਗਾਤਾਰ /ਪਰ ਪੋਰ ਖ਼ਾਲੀ ਦੀ ਖ਼ਾਲੀ। ਇਹੀ ਦਸ਼ਾ ਮਨੱੁਖ ਦੀ ਹੈ। ਰੋਜ਼ ਦੀ ਕਮਾਉਣ ਵਾਲਾ ਦਿਹਾੜੀਦਾਰ ਤੇ ਤਨਖਾਹਦਾਰ ਮੁਲਾਜ਼ਮ ਲਈ ਨਿਤਾਪ੍ਰਤੀ ਲੋੜਾਂ ਪੂਰੀਆਂ ਕਰਨੀਆਂ ਇਸ ਲਈ ਮੁਸ਼ਕਲ ਹੋ ਗਈਆਂ ਹਨ, ਕਿਉਂਕਿ ਮਹਿੰਗਾਈ ਛੜੱਪੇ ਮਾਰ ਵੱਧ ਰਹੀ ਹੈ। ਸਰਕਾਰਾਂ, ਤਨਖਾਹਾਂ ’ਚ ਮਾਮੂਲੀ ਵਾਧਾ ਕਰ ਕੇ ਕਰੋੜਾਂ ਰੁਪਏ ਦੇ ਬੋਝ ਦਾ ਪ੍ਰਚਾਰ ਕਰਦੀਆਂ ਹਨ। ਪਰ ਮੁਲਾਜ਼ਮ ਦੀ ਜੇਬ ਫਿਰ ਖ਼ਾਲੀ ਦੀ ਖ਼ਾਲੀ। ਕਵਿਤਾਵਾਂ ਵਿਚ ਗ਼ਰੀਬੀ ਦਾ ਦਰਦ ਹੈ। ‘ਸਬੂਤੇ ਕਦਮੀ’ ਕਵਿਤਾ ਵਿਚ ਕਲਮਕਾਰ ਤੇ ਸਿਆਸਤਦਾਨ ਦੇ ਅੰਤਰ ਦਾ ਜ਼ਿਕਰ ਹੈ। --ਲੜਨਾ ਮੈਨੂੰ ਵੀ ਆਉਂਦਾ ਹੈ /ਸਗੋਂ ਲੜਾਈ ਤਾਂ ਮੇਰੇ ਖ਼ੂਨ ਦੇ ਅੰਦਰ ਹੈ (ਪੰਨਾ 70)। ਕਲਮਕਾਰ ਦਾ ਕਥਨ ਹੈ ਮੈਂ ਆਪਣੀ ਲੜਾਈ /ਆਪਣੇ ਮੋਰਚੇ ’ਤੇ ਲੜਾਂਗਾ। ਕਲਮਕਾਰ ਦਾ ਮੋਰਚਾ ਸ਼ਬਦ ਹਨ। ਉਸ ਨੂੰ ਆਪਣੀ ਕਲਮ ’ਤੇ ਵਿਸ਼ਵਾਸ਼ ਤੇ ਮਾਣ ਹੈ। ‘ਸ਼ਰਧਾਂਜਲੀ’ ਵਿਚ ਉਹ ਹੱਕਾਂ ਖ਼ਾਤਰ ਸ਼ਹੀਦ ਹੋਏ ਯੋਧਿਆਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਾ ਹੈ। ਕਵਿਤਾ ‘ਮਹਾਰਾਜਾ ਰਣਜੀਤ ਸਿੰਘ’ ’ਚ ਸ਼ਾਇਰ ਅਜੋਕੇ ਸਿਆਸਤਦਾਨਾਂ ਦੇ ਭਿ੍ਰਸ਼ਟਾਚਾਰੀ ਰਾਜ ਦੀ ਤੁਲਨਾ ਬੇਬਾਕੀ ਨਾਲ ਕਰਦਾ ਹੈ ਤੇ ਸ਼ੇਰਿ ਪੰਜਾਬ ਦੇ ਗੁਣ ਗਾਉਂਦਾ ਹੈ। ਮਾਂ ਬੋਲੀ ਪੰਜਾਬੀ ਵਿਚ ਵਰਤੇ ਜਾਂਦੇ ਅੰਗਰੇਜ਼ੀ ਸ਼ਬਦਾਂ ਤੋਂ ਕਵੀ ਸੰਧੂ ਚਿੰਤਤ ਹੈ ਕਿਉਂ ਕਿ ਇਸ ਨਾਲ ਪੰਜਾਬੀ ਦੀ ਠੇਠਤਾ ਖ਼ਤਮ ਹੋ ਰਹੀ ਹੈ। ਪੁਸਤਕ ਵਿਚ ਗੀਤ ਤੇ ਗ਼ਜ਼ਲਾਂ ਦਾ ਨਿਵੇਕਲਾ ਰੰਗ ਹੈ।

- ਪਿ੍ਰੰ. ਗੁਰਮੀਤ ਸਿੰਘ ਫਾਜ਼ਿਲਕਾ

Posted By: Harjinder Sodhi