ਪੁਸਤਕ : ਸੁਲਘਦੇ ਹਰਫ਼ (ਗ਼ਜ਼ਲ ਸੰਗ੍ਰਹਿ)

ਲੇਖਕ : ਕੇਸਰ ਸਿੰਘ ਕੰਗ

ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ।

ਪੰਨੇ : 129, ਮੁੱਲ : 250/-


ਪੁਸਤਕ ‘ਸੁਲਘਦੇ ਹਰਫ਼’ ਵਿਚ ਕੇਸਰ ਸਿੰਘ ਕੰਗ ਦੀਆਂ ਤਕਰੀਬਨ ਸਵਾ ਸੌ ਦੇ ਕਰੀਬ ਗ਼ਜ਼ਲ ਨੁਮਾ ਰਚਨਾਵਾਂ ਸ਼ਾਮਿਲ ਹਨ। ਕਵੀ ਨੇ ਆਪਣੀ ਡੂੰਘੀ ਸੰਵੇਦਨਾ ਨਾਲ ਇਨ੍ਹਾਂ ਰਚਨਾਵਾਂ ਅੰਦਰ ਸਮਾਜ ਦੇ ਹਰ ਮਸਲੇ ਨੂੰ ਬੜੀ ਸ਼ਿੱਦਤ ਨਾਲ ਵਿਅਕਤ ਕੀਤਾ ਹੈ। ਕੰਗ ਰਚਨਾਵਾਂ ਅੰਦਰ ਅਜਿਹੇ ਤਰੀਕੇ ਨਾਲ ਸੰਵਾਦ ਰਚਾਉਂਦਾ ਹੈ ਕਿ ਸਮਾਜ ਦੇ ਅਨੇਕਾਂ ਲੁਕੇ ਹੋਏ ਅਦਿੱਖ ਪੱਖ ਸਾਡੇ ਸਾਹਮਣੇ ਦਿ੍ਰਸ਼ਮਾਨ ਹੋਣ ਲੱਗਦੇ ਹਨ। ਇਨ੍ਹਾਂ ਰਚਨਾਵਾਂ ਅੰਦਰ ਵਰਤੀ ਗਈ ਢੁੱਕਵੀਂ ਸ਼ਬਦਾਵਲੀ ਇਸ ਨੂੰ ਹੋਰ ਮਾਣਨਯੋਗ ਬਣਾਉਂਦੀ ਹੈ। ਪੁਸਤਕ ਵਿਚਲੀ ਹਰ ਰਚਨਾ ਕਿਸੇ ਨਵੇਂ ਨਕੋਰ ਵਿਸ਼ੇ ਨਾਲ ਕਿਸੇ ਨਵੇਂ ਮਸਲੇ ਨੂੰ ਲੈ ਕੇ ਹਾਜ਼ਰ ਹੁੰਦੀ ਹੈ। ਫ਼ਿਕਰਮੰਦ ਕਵੀ ਵਿਸ਼ਵੀਕਰਨ, ਬਾਜ਼ਾਰੀਕਰਨ ਦੇ ਦੌਰ ਵਿਚ ਮਨੁੱਖ ਦੀ ਹੋਣੀ ਅਤੇ ਰਾਜਸੀ ਖੋਖਲੇ ਵਾਅਦਿਆਂ ਨੂੰ ਬਿਆਨ ਕਰਦਾ ਇਕ ਰਚਨਾ ਵਿਚ ਆਖਦਾ ਹੈ...

ਵਿਚ ਬਜ਼ਾਰਾਂ ਭੀੜ ਬੜੀ ਹੈ

ਤਿਲ ਭਰ ਬਚਦੀ ਥਾਂ ਨਹੀਂ

ਪਰ ਪਰਾਇਆਂ ਵਾਂਙੂ ਸਾਰੇ

ਫਿਰਦੇ ਕਲ-ਮ-ਕੱਲੇ ਹਨ।

ਦੌਰ ਅਜਿਹਾ ਆ ਗਿਆ

ਰੋਟੀ ਮਿਲਦੀ ਕਿਸੇ ਨੂੰ ਰੱਜਵੀਂ ਨਾ

ਲਾਰਿਆਂ ਦੇ ਸਹਾਰੇ ਜਿਉਂਦੇ ‘ਕੰਗ’ ਲੋਕ ਅਜੇ ਵੀ ਝੱਲੇ ਹਨ।

ਸੰਵੇਦਨਸ਼ੀਲ ਕਵੀ ਭਾਵੁਕ ਵਲਵਲਿਆਂ ਦੀਆਂ ਤਰੰਗਾਂ ਦੇ ਸੰਘਰਸ਼ਮਈ ਸ਼ੀਸ਼ੇ ’ਚੋਂ ਸਧਾਰਨ ਮਨੁੱਖ ਦੀ ਅਸਲ ਤਸਵੀਰ ਤਲਾਸ਼ਣ ਦਾ ਯਤਨ ਕਰਦਾ ਹੈ। ਜਿਸ ਵਿਚ ਸਮਾਜਿਕ ਨਾ ਬਰਾਬਰੀ, ਆਰਥਿਕ ਕਾਣੀ-ਵੰਡ, ਧਾਰਮਿਕ ਪਾਖੰਡ। ਅਨੇਕਾਂ ਵਿਸੰਗਤੀਆਂ, ਗ਼ੈਰ-ਮਾਨਵੀ ਵਰਤਾਰੇ ਅਤੇ ਜੀਵਨ ਦੀਆਂ ਅਨੰਤ ਤੰਦਾਂ ਸ਼ਾਮਿਲ ਹਨ। ਸੁਲਘਦੇ ਮਸਲਿਆਂ ਨਾਲ ਕੰਗ ਦੇ ਸਿਰਫ਼ ਹਰਫ਼ ਹੀ ਨਹੀਂ ਸੁਲਘਦੇ ਉਸ ਦੇ ਸੀਨੇ ਅੰਦਰ ਸੁਲਘਦੀ ਅੱਗ ਵੀ ਸਾ੍ਰਫ਼ ਦਿਖਾਈ ਦਿੰਦੀ ਹੈ। ਪੁਸਤਕ ਵਿਚਲੀਆਂ ਰਚਨਾਵਾਂ ਅੰਦਰ ਭਰਿਆ ਇਹ ਲਾਵਾ ਪਾਠਕ ਮਨ ਅੰਦਰ ਅਜਿਹੀ ਚਿਣਗ ਜਗਾਉਂਦਾ ਹੈ। ਰਚਨਾਵਾਂ ਪਾਠਕ ’ਤੇ ਗਹਿਰਾ ਪ੍ਰਭਾਵ ਛੱਡਦੀਆਂ ਹਨ।

- ਕੁਲਦੀਪ ਸਿੰਘ ਬੰਗੀ

Posted By: Harjinder Sodhi