ਪੁਸਤਕ : ਖ਼ਾਨਦਾਨੀ ਅਮਾਨਤ (ਹਿੰਦੀ ਕਹਾਣੀਆਂ)

ਲੇਖਕ : ਸੰਤੋਖ ਸਿੰਘ ਭਾਣਾ

ਪ੍ਰਕਾਸ਼ਕ : ਅਜ਼ੀਜ਼ ਬੁੱਕ ਹਾਊਸ, ਬਠਿੰਡਾ।

ਪੰਨੇ :120, ਮੁੱਲ : 150/-

ਕਹਾਣੀਕਾਰ, ਨਾਵਲਕਾਰ ਤੇ ਅਨੁਵਾਦਕ ਸੰਤੋਖ ਸਿੰਘ ਭਾਣਾ ਵਲੋਂ ਹਿੰਦੀ ਕਹਾਣੀਆਂ ਦੇ ਪੰਜਾਬੀ ਅਨੁਵਾਦ ਦੀ ਪੁਸਤਕ ‘ਖ਼ਾਨਦਾਨੀ ਅਮਾਨਤ’ ਪੰਜਾਬੀ ਪਾਠਕਾਂ ਲਈ ਪੇਸ਼ ਕੀਤੀ ਹੈ। ਇਸ ਅਨੁਵਾਦਿਤ ਕਹਾਣੀ ਸੰਗ੍ਰਹਿ ਵਿਚ 21 ਦੇਸੀ-ਵਿਦੇਸ਼ੀ ਕਹਾਣੀਕਾਰਾਂ ਦੀਆਂ ਕਹਾਣੀਆਂ ਨੂੰ ਸ਼ਾਮਿਲ ਕੀਤਾ ਗਿਆ ਹੈ। ਇਨ੍ਹਾਂ ਵਿਚ ਸ਼ੇਖ ਵਿਕਾਰ ਅਹਿਮਦ (ਸਵਾਲ), ਨਿਰਮਲਾ ਸੁਰੇਂਦਰ (ਅਟੁਟ ਬੰਧਨ), ਮੀਨਾਕਸ਼ੀ ਮਨਹਰ (ਬਿਰਾਦਰੀ),ਅਰਜੁਨ ਚਾਵਲਾ (ਗਰਮ ਛੋਹ ਦਾ ਅਹਿਸਾਸ) ਉਮਾ ਮਲਹੋਤਰਾ ਕੁਸਮਾਕਰ (ਕਿਰਾਏਦਾਰ), ਹਿਮਾਂਸ਼ੂ ਜੋਸ਼ੀ (ਤਪੱਸਿਆ), ਡਾ.ਅਮਿਤਾਭ ਸ਼ੰਕਰ ਰਾਏ (ਝਿੜਕ) ਆਦਿ ਨੂੰ ਸ਼ਾਮਿਲ ਕੀਤਾ ਗਿਆ ਹੈ। ਸਮੁੱਚੇ ਤੌਰ ’ਤੇ ਇਹ ਕਹਾਣੀਆਂ ਮਨੁੁੱਖੀ ਸਰੋਕਾਰਾਂ ਨਾਲ ਜੁੜੀਆਂ ਹਨ ਅਤੇ ਆਪੋ ਆਪਣੇ ਪਰਿਵੇਸ਼ ਅਤੇ ਮਾਨਵੀ ਸੰਵੇਦਨਾ ਤੇ ਸੂਖਮਝਾਤ ਪੁਆਉਂਦੀਆਂ ਹਨ। ਬਦਲਦੇ ਸਮਾਜ ’ਚ ਬਹੁਤ ਕੁਝ ਮਨਫੀ ਹੁੰਦੇ, ਜੀਵਨ ਦੀਆਂ ਮੁਢਲੀਆਂ ਲੋੜਾਂ ਲਈ ਮਨੁੱਖੀ ਤਾਂਘ, ਰਿਸ਼ਤਿਆਂ ਦੇ ਨਿੱਘ ਤੇ ਤਿੜਕਣ-ਟੁੱਟਣ ਦਾ ਪੀੜਦਾਇਕ ਅਹਿਸਾਸ ਤੇ ਮਨੋਭਾਵਾਂ ਦਾ ਪ੍ਰਭਾਵਸ਼ਾਲੀ ਚਿੱਤਰਣ ਵੇਖਣ ਨੂੰ ਮਿਲਦਾ ਹੈ। ਪੁਸਤਕ ਵਿਚਲੀਆਂ ਕਹਾਣੀਆਂ ਨੂੰ ਹਿੰਦੀ ਕਹਾਣੀਆਂ ਦੱਸਿਆ ਗਿਆ ਹੈ ਜਦੋਂ ਕਿ ਐਨਾਤੋਵ ਚੈਖਵ, ਆਜਮੀ ਇਕਬਾਲ, ਜੇਮਸ ਸ਼ੇਖ ਵਿਕਾਰ ਅਹਿਮਦ ਆਦਿ ਵਿਦੇਸ਼ੀ ਭਾਸ਼ਾ ਦੇ ਕਹਾਣੀਕਾਰ ਹਨ। ਸੰਗ੍ਰਹਿ ਵਿਚ ਇਕੋ ਕਹਾਣੀਕਾਰ ਪੂਨਮ ਅਹਿਮਦ ਦੀਆਂ ਤਿੰਨ ਕਹਾਣੀਆਂ ਨੂੰ ਸ਼ਾਮਿਲ ਕਰਨਾ ਅੱਖਰਦਾ ਹੈ। ਅਨੁਵਾਦ ਦਾ ਇਕ ਉਦੇਸ਼ ਇਕ ਭਾਸ਼ਾ ਦੇ ਸਰੇਸ਼ਟ ਸਾਹਿਤ ਨੂੰ ਦੂਸਰੀਆਂ ਭਾਸ਼ਾ ਦੇ ਪਾਠਕਾਂ ਤਕ ਪਹੁੰਚਾਉਣਾ ਵੀ ਹੁੰਦਾ ਹੈ, ਇਸ ਲਈ ਅਨੁਵਾਦ ਲਈ ਰਚਨਾ ਦੀ ਚੋਣ ਬਹੁਤ ਮਹੱਤਵਪੂਰਨ ਹੁੰਦੀ ਹੈ, ਇਸ ਪੱਖੋਂ ਵੀ ਅਨੁਵਾਦਕ ਕੁਝ ਮੁਲਾਹਿਜਾਦਾਰੀ ਦਾ ਸ਼ਿਕਾਰ ਹੋਇਆ ਜਾਪਦਾ ਹੈ। ਪਰ ਦੇਸੀ-ਵਿਦੇਸ਼ੀ ਪਿੱਠ ਭੂਮੀ ਤੇ ਰਚੀਆਂ ਕਹਾਣੀਆਂ ਦਾ ਪੰਜਾਬੀ ਅਨੁਵਾਦ ਮੂਲ ਪੰਜਾਬੀ ਹੋਣ ਦਾ ਅਹਿਸਾਸ ਕਰਾਉਂਦਾ ਹੈ। ਇਹ ਅਨੁਵਾਦਕ ਦੀ ਵਿਸ਼ੇਸ਼ ਪ੍ਰਾਪਤੀ ਕਹੀ ਜਾ ਸਕਦੀ ਹੈ।

- ਡਾ. ਧਰਮ ਪਾਲ ਸਾਹਿਲ

Posted By: Harjinder Sodhi