ਪੁਸਤਕ : ਬੇਸਮਝੀਆਂ

ਲੇਖਕ : ਲਾਲ ਸਿੰਘ

ਪ੍ਰਕਾਸ਼ਕ : ਲੋਕਗੀਤ ਪ੍ਰਕਾਸ਼ਨ, ਮੋਹਾਲੀ।

ਪੰਨੇ :111, ਮੁੱਲ : 250/-

ਲਾਲ ਸਿੰਘ ਦੀ ਪਛਾਣ ਅਤੇ ਮਾਣ-ਸਨਮਾਨ ਪੰਜਾਬੀ ਪਾਠਕਾਂ ਅਤੇ ਆਲੋਚਕਾਂ ਵਿਚ ਇਕ ਕਹਾਣੀਕਾਰ ਦੇ ਤੌਰ 'ਤੇ ਬਣਿਆ ਹੋਇਆ ਹੈ। 'ਬੇਸਮਝੀਆਂ' ਉਸ ਦੀ ਸਵੈ-ਜੀਵਨੀ ਹੈ ਜਿਨ੍ਹਾਂ ਨੂੰ ਉਹ ਸਵੈ-ਜੀਵਨਕ ਕਥਾਵਾਂ ਆਖਦਾ ਹੈ। ਇਸ ਵਿਚ ਲੇਖਕ ਪ੍ਰਤੀਕਾਂ ਰਾਹੀਂ ਗੱਲਾਂ ਕਰਦਾ ਹੈ। ਜੀਵਨ ਦੇ ਅੱਸੀਵੇਂ ਵਰ੍ਹੇ ਵਿਚ ਧੁੱਪ ਵਿਚ ਬੈਠਾ ਆਪਣੇ ਪਿਛਲੇ ਬੀਤ ਗਏ ਜੀਵਨ 'ਤੇ ਝਾਤੀਆਂ ਮਾਰਦਾ ਹੈ। ਵਿਹੜਾ ਉਸ ਦੇ ਆਲੇ-ਦੁਆਲੇ ਦਾ ਜਗਤ ਤੇ ਸੰਸਾਰ ਦਾ ਪ੍ਰਤੀਕ ਹੈ। ਪੌੜੀ ਉਸ ਦੇ ਜੀਵਨ ਦਾ ਪ੍ਰਤੀਕ ਹੈ। ਉਸ ਦੇ ਟੰਬੇ ਉਸ ਦੇ ਬੀਤੇ ਵਰ੍ਹਿਆਂ ਦੀ ਗਿਣਤੀ ਪੇਸ਼ ਕਰਦੇ ਹਨ। ਟੰਬਿਆਂ 'ਤੇ ਚੜ੍ਹਨ ਦੀ ਕੋਸ਼ਿਸ਼ ਕਰਦਾ ਬਾਲ ਲੇਖਕ ਖ਼ੁਦ ਹੈ।

ਲੇਖਕ ਇਸ ਸਵੈ-ਜੀਵਨੀ ਵਿਚ ਤਿੰਨ ਤਰ੍ਹਾਂ ਦੀ ਯਾਤਰਾ ਦਾ ਬਿਰਤਾਂਤ ਪੇਸ਼ ਕਰਦਾ ਹੈ। ਪਹਿਲੀ ਯਾਤਰਾ ਜੀਵਨ ਯਾਤਰਾ ਹੈ ਜਿਸ ਵਿਚ ਉਹ ਆਪਣੇ ਬਜ਼ੁਰਗਾਂ, ਆਪਣੇ ਬਚਪਨ, ਕਬੀਲਦਾਰੀਆਂ ਦੀਆਂ ਨਿੱਕੀਆਂ ਮੋਟੀਆਂ ਮੁਸ਼ਕਿਲਾਂ, ਆਪਣੀ ਪੜ੍ਹਾਈ, ਵਿਆਹ ਅਤੇ ਸੰਘਰਸ਼ਾਂ ਦਾ ਬਿਆਨ ਕਰਦਾ ਹੈ। ਦੂਰ ਦੀ ਯਾਤਰਾ ਰੁਜ਼ਗਾਰ ਯਾਤਰਾ ਹੈ ਜਿਸ ਵਿਚ ਉਹ ਆਪਣੀਆਂ ਨੌਕਰੀਆਂ, ਭਾਖੜਾ ਨੰਗਲ ਦੀ ਮੁਸ਼ੱਕਤ ਭਰੀ ਨੌਕਰੀ, ਹਾਂਡਾ ਬ੍ਰਦਰਜ਼ ਦੀ ਸੇਲਜ਼ਮੈਨੀ ਅਤੇ ਭਾਰਤ ਭ੍ਰਮਣ ਦੀਆਂ ਤਜਰਬੇਕਾਰੀਆਂ ਸਾਂਝੀਆਂ ਕਰਦਾ ਹੈ। ਇੱਥੇ ਹੀ ਉਹ ਅਧਿਆਪਨ ਕਿੱਤੇ ਵੱਲ ਮੁੜਨ ਦਾ ਬਿਰਤਾਂਤ ਵੀ ਪੇਸ਼ ਕਰਦਾ ਹੈ। ਤੀਸਰੀ ਯਾਤਰਾ ਉਸ ਦੀਆਂ ਸਾਹਿਤਕ ਪੈੜਾਂ ਦੀ ਨਿਸ਼ਾਨਦੇਹੀ ਕਰਦੀ ਹੈ। ਸਾਹਿਤ ਸਭਾਵਾਂ ਦੀਆਂ ਕਾਰਗੁਜ਼ਾਰੀਆਂ, ਆਲੋਚਕਾਂ ਦਾ ਵਤੀਰਾ ਅਤੇ ਪਾਠਕਾਂ ਵੱਲੋਂ ਦਿੱਤੀ ਥਾਪੀ ਦਾ ਜ਼ਿਕਰ ਮਿਲਦਾ ਹੈ। ਕੁੱਲ ਮਿਲਾ ਕੇ ਉੁਸ ਦਾ ਅਕਸ ਇਕ ਸੰਘਰਸ਼ਸ਼ੀਲ ਅਤੇ ਤਰਕਸ਼ੀਲ ਲੇਖਕ ਵਜੋਂ ਉਭਰਦਾ ਹੈ। ਪਰ ਇਥੇ ਇਹ ਕਹਿਣਾ ਵਾਜਬ ਹੈ ਕਿ ਉਸ ਨੇ ਆਪਣੀ ਪਤਨੀ ਪੂਰਨ ਕੌਰ ਦੇ ਰੰਗ ਕੁਝ ਫਿੱਕੇ ਹੀ ਭਰੇ ਹਨ। ਉਸ ਦਾ ਅਕਸ ਇਕ ਕਾਰ-ਵਿਹਾਰੀ ਤੇ ਘਰੇਲੂ ਔਰਤ ਵਜੋਂ ਹੀ ਉਕਰਿਆ ਹੈ। ਸਵੈ-ਜੀਵਨੀ ਪੜ੍ਹਨਯੋਗ ਪੁਸਤਕ ਹੈ।

- ਕੇ.ਐੱਲ. ਗਰਗ

Posted By: Harjinder Sodhi