ਸਾਲ 1921 ’ਚ ਪੈਦਾ ਹੋਏ ਤੇਰਾ ਸਿੰਘ ਚੰਨ ਦੀ ਜਨਮ-ਸ਼ਤਾਬਦੀ ਚੱਲ ਰਹੀ ਹੈ। ਸਮਾਗਮ ਕੀਤੇ ਜਾ ਰਹੇ ਹਨ ਤੇ ਉਨ੍ਹਾਂ ਦੇ ਯੋਗਦਾਨ ਨੂੰ ਯਾਦ ਕੀਤਾ ਜਾ ਰਿਹਾ ਹੈ। ਉਨ੍ਹਾਂ ਦੀ ਪ੍ਰਤਿਭਾਵਾਨ ਚਮਕ ਦੇ ਚਾਰ ਗਗਨ ਸਨ : ਕਵਿਤਾ, ਰੰਗਮੰਚ, ਜਥੇਬੇਦੀ ਤੇ ਰਾਜਨੀਤੀ। ਇਸ ਚੰਨ ਦੀ ਕੁਦਰਤੀ ਚਮਕ ਨੇ ਪੰਜਾਬੀ ਕਵਿਤਾ ਤੇ ਰੰਗਮੰਚ ਦੇ ਆਕਾਸ਼ ਨੂੰ ਚਮਕਾਇਆ। ਜਥੇਬੇਦੀ ਤੇ ਰਾਜਨੀਤੀ ਦੀ ਲਿਸ਼ਕ ਉਨ੍ਹਾਂ ਨੇ ਆਪਣੇ ਸਮਾਜਿਕ ਮਾਹੌਲ ਤੋਂ ਅੰਗੀਕਾਰ ਕੀਤੀ ਸੀ। ਬਠਿੰਡਾ ਵਿਖੇ ‘ਅਮਨ ਕਾਨਫਰੰਸ’ ਦੌਰਾਨ ਹੋਏ ਸੱਭਿਆਚਾਰਕ ਪ੍ਰੋਗਰਾਮਾਂ ਰਾਹੀਂ ਮੇਰੀ ਮੁੱਢਲੀ ਗਭਰੀਟ ਉਮਰ ਦੇ ਕੰਨੀਂ ਉਨ੍ਹਾਂ ਦਾ ਨਾਂ ਪਿਆ। ਵਿਦਿਆਰਥੀ ਜੀਵਨ ਦੌਰਾਨ ਉਨ੍ਹਾਂ ਦੇ ਦਰਸ਼ਨ- ਦੀਦਾਰ ਕਰਨ ਦਾ ਸਬੱਬ ਨਾ ਬਣਿਆ। ਇਸ ਸਮੇਂ ਖੱਬੇਪੱਖੀ ਰਾਜਨੀਤਕ ਚੇਤਨਾ ਦੀ ਚਿਣਗ ਮੈਨੂੰ ਲੱਗ ਚੁੱਕੀ ਸੀ। ਸਕੂਲ ਵਿਚ ਉਨ੍ਹਾਂ ਦਾ ਗੀਤ ‘ਹੇ ਪਿਆਰੀ ਭਾਰਤ ਮਾਂ’ 26 ਜਨਵਰੀ ਦੇ ਜਸ਼ਨੀ ਸਮਾਗਮਾਂ ’ਚ ਖ਼ੂਬ ਗਾਇਆ ਪਰ ਨਿੱਜੀ ਸੰਪਰਕ ਨਹੀਂ ਸੀ ਹੋ ਸਕਿਆ।

ਖੁੱਲ੍ਹੇ ਰੂਪ ਵਿਚ ਉਨ੍ਹਾਂ ਨਾਲ ਵਾਹ ਵਾਸਤਾ 1985 ’ਚ ਪਿਆ ਜਦੋਂ ਮੈਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਖੇ ਪੀ. ਐੱਚ ਡੀ. ਦਾ ਵਜ਼ੀਫ਼ਾਧਾਰੀ ਸਕਾਲਰ ਬਣ ਕੇ ਆਇਆ। ਚੰਨ ਜੀ ਨਾਲ ਨਿੱਜੀ ਮੁਲਾਕਾਤਾਂ ਵੀ ਸ਼ੁਰੂ ਹੋ ਗਈਆਂ ਤੇ ਪਹਿਲਾਂ ਹੀ ਸਰਗਰਮ ਪੰਜਾਬੀ ਲੇਖਕ ਸਭਾ ਚੰਡੀਗੜ੍ਹ ਵਿਚ ਮੇਰਾ ਆਉਣਾ-ਜਾਣਾ ਸ਼ੁਰੂ ਹੋ ਗਿਆ। ਕੇਂਦਰੀ ਪੇਜਾਬੀ ਲੇਖਕ ਸਭਾ (ਰਜਿ.) ਦੀਆਂ ਗਤੀਵਿਧੀਆਂ ਨਾਲ ਮੈਂ ਬਠਿੰਡਾ ਰਹਿੰਦਿਆਂ ਜੁੜ ਚੁੱਕਿਆ ਸੀ। ਮੇਰੀ ਸਰਗਰਮੀ ਵੇਖ ਕੇ 1981 ਵਿਚ ਮੈਨੂੰ ਨਿਮੰਤਰਿਤ ਮੈਂਬਰ ਵਜੋਂ ਕਾਰਜਕਾਰਨੀ ’ਚ ਨਾਮਜ਼ਦ ਕਰ ਲਿਆ ਸੀ।

ਸ਼ਖ਼ਸੀਅਤ ਨੇ ਕੀਤਾ ਬਹੁਤ ਪ੍ਰਭਾਵਿਤ

ਤੇਰਾ ਸਿੰਘ ਚੰਨ ਦੀ ਸ਼ਖ਼ਸੀਅਤ ਤੇ ਉਨ੍ਹਾਂ ਦੀ ਕਾਰਜ-ਸ਼ੈਲੀ ਨੇ ਮੈਨੂੰ ਬਹੁਤ ਪ੍ਰਭਾਵਿਤ ਕੀਤਾ। ਉਨ੍ਹਾਂ ਦੀ ਕੰਮ ਪ੍ਰਤੀ ਲਗਨ ਤੇ ਰਾਜਨੀਤਕ ਪ੍ਰਤੀਬੱਧਤਾ ਮੇਰੇ ਲਈ ਹੈਰਾਨਕੁੰਨ ਤੇ ਉਤਸ਼ਾਹਵਰਧਕ ਸੀ। ਉਨ੍ਹਾਂ ਦੀ ਦਿੱਖ ਕਲਾਸੀਕਲ ਕਾਮਰੇਡਾਂ ਵਰਗੀ ਨਹੀਂ ਸੀ। ਲੰਮਾ ਦਾੜ੍ਹਾ ਤੇ ਸਾਦਾ ਰਹਿਣ-ਸਹਿਣ ਜੈਤੋਂ ਦੇ ਮੋਰਚੇ ਦੇ ਕਿਸੇ ਜਥੇਦਾਰ ਦਾ ਪ੍ਰਭਾਵ ਦਿੰਦਾ ਸੀ। ਜਾਤੀ ਤੇ ਧਾਰਮਿਕ ਸੰਕੀਰਨਤਾ ਤੋਂ ਮੁਕਤ ਉਨ੍ਹਾਂ ਦਾ ਜੀਵਨ - ਨਜ਼ਰੀਆ ਕਥਿਤ ਮਾਰਕਸਵਾਦੀਆਂ ਦੇ ਮੁਕਾਬਲੇ ਬੁਲੰਦ ਸੀ। ਇਹ ਸੰਕੀਰਨਤਾ ਮੁਕਤ ਜੀਵਨ-ਜਾਚ ਉਨ੍ਹਾਂ ਦੀ ਰਾਜਨੀਤਕ ਪ੍ਰਤੀਬੱਧਤਾ ਵਿਚ ਵੀ ਸੀ। ਜਿੱਥੇ ਆਪਣੇ ਗੀਤਾਂ ਤੇ ਉਪੇਰਿਆਂ ਵਿਚ ਉਨ੍ਹਾਂ ਵਿਚਾਰਵਾਦੀ ਗੌਤਮ ਬੁੱਧ, ਰਾਸ਼ਟਰ ਪਿਤਾ ਮਹਾਤਮਾ ਗਾਂਧੀ ਤੇ ਮਰਹੂਮ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਵਰਗੀਆਂ ਮਹਾਨ ਸ਼ਖ਼ਸੀਅਤਾਂ ਨੂੰ ਸਤਿਕਾਰ ਦਿੱਤਾ, ਉੱਥੇ ਝੂਠੀ ਆਜ਼ਾਦੀ ਦੇ ਪਾਰਟੀ-ਨਾਅਰੇ ਨਾਲ ਖੜ੍ਹੇ ਹੋਣ ਦੀ ਜੁਅਰਤ ਵੀ ਵਿਖਾਈ:

ਕੀ ਬਹਾਰ ਆਈ,

ਕੀ ਬਸੰੰਤ ਆਈ।

ਜੇ ਨਾ ਲੈ ਕੇ ਗ਼ੁਲਾਮੀ ਦਾ ਅੰਤ ਆਈ।

ਚੂੜੇ ਵਾਲੀਆਂ ਸੱਜ-ਵਿਆਹੀਆਂ ਦੇ,

ਵਾਪਸ ਜੰਗ ’ਚੋਂ ਲੈ ਕੇ ਨਾ ਕੰਤ ਆਈ।

ਸਾਹਿਤਕ ਜਥੇਬੰਦੀਆਂ ’ਚ ਮਹੱਤਵਪੂਰਨ ਯੋਗਦਾਨ

ਤੇਰਾ ਸਿੰਘ ਚੰਨ ਨੂੰ ਅੱਜ ਯਾਦ ਕਰਦਿਆਂ ਉਨ੍ਹਾਂ ਦੀ ਅਜ਼ੀਮ ਸ਼ਖ਼ਸੀਅਤ ਦੇ ਉਪਰੋਕਤ ਗੁਣ ਤਾਂ ਸਿਮਰਤੀ ਵਿਚ ਅਜੇ ਵੀ ਹਨ ਹੀ ਪਰ ਕਈ ਘਟਨਾਵਾਂ ਅਜਿਹੀਆਂ ਹਨ, ਜੋ ਇਤਿਹਾਸਕ ਤੌਰ ’ਤੇ ਬੜੀਆਂ ਮੁੱਲਵਾਨ ਹਨ। 1987 ’ਚ ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ .) ਪਲਾਹੀ (ਫਗਵਾੜਾ) ਸਮਾਗਮ ਵਿਚ ਦੁਫਾੜ ਹੋਈ। ਮੈਂ ਉੱਥੇ ਆਪਣੇ ਬਠਿੰਡਾ ਵਾਲੇ ਸਾਹਿਤਕ ਸਾਥੀਆਂ ਨਾਲ ਮੌਜੂਦ ਸਾਂ। ਵਰਤਮਾਨ ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) 1956 ਵਾਲੇ ਵਜੂਦ ਨੂੰ ਜੇ ਅੱਜ ਬਰਕਰਾਰ ਰੱਖ ਰਹੀ ਹੈ ਤਾਂ ਇਹ ਚੰਨ ਜੀ ਦੀ ਦੇਣ ਹੈ।

ਪਲਾਹੀ ਵਾਲੇ ਸਮਾਗਮ ਦੌਰਾਨ ਸੰਤ ਸਿੰਘ ਸੇਖੋਂ ਵਰਗੇ ਕੱਦਾਵਰ ਤੇ ਅੜਬ ਲੇਖਕ ਦੀ ਪ੍ਰਧਾਨਗੀ ਸਮੇਂ ਚੰਨ ਜੀ ਨੇ ਸਭਾ ਦੇ ਰਿਕਾਰਡ ਤੇ ਦਸਤਾਵੇਜ਼ਾਂ ਨੂੰ ਸੰਭਾਲੀ ਰੱਖਿਆ ਤੇ ਮੁਤਵਾਜ਼ੀ ਸਭਾ ਵਿਅਕਤੀਗਤ ਹੋਂਦ ਤਕ ਮਹਿਦੂਦ ਰਹੀ। ਇਸ ਤੋਂ ਪਹਿਲਾਂ ਵੀ ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ. ) ਦੇ ਮੁਕਾਬਲੇ ਅਨਰਜਿਸਟਰਡ ਸਭਾ ਨੇ ਜ਼ੋਰ -ਅਜ਼ਮਾਈ ਕੀਤੀ ਸੀ। ਜਲੰਧਰ ਦੇ ਅਖ਼ਬਾਰੀ ਲੇਖਕਾਂ ਦੇ ਇਕ ਗੁੱਟ ਨੇ ਵੀ ਕੇਂਦਰੀ ਸਭਾ ’ਤੇ ਕਾਬਜ਼ ਹੋਣ ਦਾ ਯਤਨ ਕੀਤਾ ਸੀ। ਜੇ ਇਹ ਕੋਸ਼ਿਸ਼ਾਂ ਅਸਫਲ ਰਹੀਆਂ ਤਾਂ ਇਨ੍ਹਾਂ ਪਿੱਛੇ ਵੀ ਚੰਨ ਜੀ ਦਾ ਵੱਡਾ ਯੋਗਦਾਨ ਸੀ।

ਦਰਅਸਲ ਚੰਨ ਜੀ ਸਭਾ ਦੇ ਲੋਕਰਾਜੀ ਸੁਭਾਅ ਨੂੰ ਬਣਾਈ ਰੱਖਣਾ ਚਾਹੁੰਦੇ ਸਨ। ਇਹੀ ਕਾਰਨ ਹੈ ਕਿ ਉਨ੍ਹਾਂ ਸਮੇਂ ਵੱਡੇ ਲੇਖਕ ਸਭਾ ਦੇ ਪ੍ਧਾਨ ਬਣਦੇ ਤੇ ਚੋਣ ਵੀ ਸਰਬਸੰਮਤੀ ਨਾਲ ਹੋ ਜਾਂਦੀ। ਅੱਜ ਵਾਂਗ ਜਿਵੇਂ ਵੱਡੇ ਲੇਖਕਾਂ ਨੇ ਸਭਾ ਦੇ ਚੋਣ ਮਾਹੌਲ ਨੂੰ ਵੇਖ ਕੇ ਦੂਰੀ ਸਿਰਜੀ ਹੋਈ ਹੈ, ਚੰਨ ਜੀ ਸਮੇਂ ਅਜਿਹਾ ਨਹੀਂ ਸੀ। ਜਿਵੇਂ ਅੱਜਕੱਲ੍ਹ ਦੋ-ਤਿੰਨ ਧੜੇ ਪ੍ਰਧਾਨਗੀ ਤੇ ਹੋਰ ਅਹੁਦੇ ਆਪਸ ਵਿਚ ਵੰਡ ਲੈਂਦੇ ਹਨ। ਚੰਨ ਜੀ ਨੇ ਪ੍ਰਗਤੀਸ਼ੀਲ ਲੇਖਕ ਸੰਘ ਦੀ 1962 ’ਚ ਹੋਈ ਦੋਫਾੜ ਸਮੇਂ ਵੀ ਪੰਜਾਬ ਵਿਚ ਸੰਘ ਦੀ ਇਕਾਈ ਬਣਾਉਣ ਦਾ ਵਿਰੋਧ ਕੀਤਾ ਸੀ ਤੇ ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) ਨੂੰ ਹੀ ਹਮਖ਼ਿਆਲੀ ਜਥੇਬੰਦੀ ਹੋਣ ਦਾ ਸਟੈਂਡ ਲਿਆ ਸੀ। ਉਨ੍ਹਾਂ ਦੇ ਤੁਰ ਜਾਣ ਤੋਂ ਬਾਅਦ ਅੱਜ ਕੇਂਦਰੀ ਪੰਜਾਬੀ ਲੇਖਕ ਸਭਾ ਵੀ ਹੈ ਤੇ ਪ੍ਰਗਤੀਸ਼ੀਲ ਲੇਖਕ ਸੰਘ ਦੀਆਂ ਇਕਾਈਆਂ ਵੀ। ਜਿਹੜੇ ਲੇਖਕ ਕੇਂਦਰੀ ਸਭਾ ’ਚ ਸਰਗਰਮ ਹਨ, ਓਹੀ ਬਦਲਵੇਂ ਰੂਪ ਵਿਚ ਪ੍ਰਗਤੀਸ਼ੀਲ ਲੇਖਕ ਸੰਘ ਦੇ ਅਹੁੁਦੇਦਾਰ ਹਨ। ਅਹੁਦੇਦਾਰੀਆਂ ਵਧ ਗਈਆਂ ਹਨ, ਸਾਹਿਤਕ ਗਤੀਵਿਧੀਆਂ ਘਟ ਗਈਆਂ ਹਨ। ਕਿਸਾਨ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਜਵਾਬਦੇਹ ਬਣਾ ਰਹੇ ਹਨ ਪਰ ਸਾਹਿਤਕ ਸਭਾਵਾਂ ਦੀਆਂ ਇਕਾਈਆਂ ਦੇ ਅਹੁਦੇਦਾਰ ਸਿਆਸੀ ਨੇਤਾਵਾਂ ਨੂੰ ਘੇਰ ਕੇ ਇਹ ਨਹੀਂ ਪੁੱਛਦੇ ਕਿ ਭਾਸ਼ਾ ਵਿਭਾਗ ਖੰਡਰ ਕਿਉਂ ਬਣ ਗਿਆ ਹੈ? ਯੂਨੀਵਰਸਿਟੀਆਂ ਕਿਉਂ ਉੱਜੜ ਰਹੀਆਂ ਹਨ? ਪੰਜਾਬੀ ਮਾਂ- ਬੋਲੀ ਕਿਉਂ ਵਿਸਾਰੀ ਹੋਈ ਹੈ?

ਤੇਰਾ ਸਿਘ ਚੰਨ ਦੀ ਸਥਾਪਿਤ ਕੀਤੀ ਪੰਜਾਬੀ ਲੇਖਕ ਸਭਾ ਚੰਡੀਗੜ੍ਹ ਨਾਲ ਮੇਰਾ ਨੇੜਲਾ ਰਾਬਤਾ ਰਹਿਣ ਕਰਕੇ ਮੈਂ ਉਨ੍ਹਾਂ ਦੀ ਜਥਬੇਦਕ ਸੂਝ ਤੇ ਦਿ੍ਰੜਤਾ ਦਾ ਕਾਇਲ ਹਾਂ। ਉਨ੍ਹਾਂ ਸਮਿਆਂ ’ਚ ਸਭਾ ਦੇ ਸਮਾਗਮਾਂ ਦਾ ਮਰਕਜ਼ ਪੰਜਾਬ ਯੂਨੀਵਰਸਿਟੀ ਬਣੀ ਹੋਈ ਸੀ। 1994 ਦਾ ਚੋਣ - ਇਜਲਾਸ ਇੱਥੋਂ ਦੇ ਇਕ ਆਡੀਟੋਰੀਅਮ ’ਚ ਹੋਇਆ। ਇਕ ਕਾਲਜ ਦਾ ਪ੍ਰੋਫੈਸਰ-ਗ਼ਜ਼ਲਗੋ ਚੋਣ ਅਧਿਕਾਰੀ ਸੀ। ਚੋਣ ਸਮੇਂ ਹੀ ਚੰਨ ਜੀ ਨੂੰ ਪਤਾ ਲੱਗਿਆ ਕਿ ਸਭਾ ਉੱਤੇ ਵਿਦਿਆਰਥੀਆਂ ਦੀਆਂ ਜਾਅਲੀ ਵੋਟਾਂ ਨਾਲ ਇਕ ਧੜਾ ਕਾਬਜ਼ ਹੋਣ ਦੀ ਫਿਰਾਕ ’ਚ ਹੈ। ਚੋਣ ਅਧਿਕਾਰੀ ਜਾਅਲੀ ਵੋਟਾਂ ਨੂੰ ਰੋਕ ਨਹੀਂ ਰਿਹਾ ਸੀ। ਪ੍ਰਧਾਨਗੀ ਕਰ ਰਿਹਾ ਯੂਨੀਵਰਸਿਟੀ ਦਾ ਇਕ ਮਾਰਕਸਵਾਦੀ ਪ੍ਰੋਫੈਸਰ ਸਾਡੇ ਇਤਰਾਜ਼ਾਂ ’ਤੇ ਕੰਨ ਨਹੀਂ ਸੀ ਧਰ ਰਿਹਾ। ਆਖ਼ਰ ਚੰਨ ਜੀ ਦੀ ਅਗਵਾਈ ਵਿਚ ਅਸੀਂ ਵਾਕ ਆਊਟ ਕਰ ਕੇ ਘਾਹ ਦੇ ਮੈਦਾਨ ’ਚ ਆ ਬੈਠੇ ਤੇ ਸਮਾਨਾਂਤਰ ਸਭਾ ਦੀਆਂ ਸਾਹਿਤਕ ਮੀਟਿੰਗਾਂ ਕਰਨ ਦਾ ਫ਼ੈਸਲਾ ਲਿਆ। ਇਕ- ਦੋ ਸਾਲਾਂ ਪਿੱਛੋਂ ਚੰਨ ਜੀ ਦੀ ਸਹਿਮਤੀ ਤੇ ਸੰਤੋਖ ਸਿਘ ਧੀਰ ਜੀ ਦੀ ਪਹਿਲ ਕਦਮੀ ਸਦਕਾ ਸਮਾਨਾਂਤਰ ਮੀਟਿੰਗਾਂ ਨਾ ਕਰਨ ਦਾ ਦੋਵਾਂ ਧੜਿਆਂ ’ਚ ਸਮਝੌਤਾ ਹੋ ਗਿਆ।

ਮੈਂ ਕਾਰਜਕਾਰੀ ਜਨਰਲ ਸਕੱਤਰ ਵਜੋਂ ਨਵੀਂ ਚੋਣ ਤਕ ਕੰਮ ਕਰਦਾ ਰਿਹਾ। ਮਾੜੀ ਗੱਲ ਇਹ ਹੋਈ ਕਿ ਸਾਡੇ ਧੜੇ ਦੇ ਇਕ ਹਿੱਸੇ ਨੇ 1997 ’ਚ ‘ਸਾਹਿਤ ਚਿੰਤਨ’ ਨਾਂ ਦਾ ਨਵਾਂ ਮੰਚ ਬਣਾਉਣ ਦਾ ਫ਼ੈਸਲਾ ਕਰ ਲਿਆ। ਸਰਦਾਰਾ ਸਿੰਘ ਚੀਮਾ ਦੀ ਕਨਵੀਨਰਸ਼ਿਪ ਹੇਠ ਇਹ ਮੰਚ ਹੁਣ ਵੀ ਚੱਲ ਰਿਹਾ ਹੈ ਤੇ ਪੰਜਾਬੀ ਲੇਖਕ ਸਭਾ ਚੰਡੀਗੜ੍ਹ ਵੀ ਦੋ ਸਾਲਾਂ ਬਾਅਦ ਜਮਹੂਰੀ ਢੰਗ ਨਾਲ ਚੋਣ ਕਰਵਾ ਕੇ ਆਪਣੀਆਂ ਸਰਗਰਮੀਆਂ ਜਾਰੀ ਰੱਖ ਰਹੀ ਹੈ।

ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) ਨੇ ਚੰਡੀਗੜ੍ਹ ਕੋਈ ਧਰਨਾ, ਮੁਜ਼ਾਹਰਾ ਆਦਿ ਕਰਨਾ ਹੁੰਦਾ ਹੈ ਤਾਂ ਸਥਾਨਕ ਸਭਾ ਹੀ ਮੇਜ਼ਬਾਨ ਹੁੰਦੀ ਹੈ। ਇਕ ਵਾਰ ਪੰਜਾਬੀ ਭਾਸ਼ਾ ਦਫ਼ਤਰਾਂ ’ਚ ਲਾਗੂ ਕਰਵਾਉਣ ਲਈ ਚੰਨ ਜੀ ਨੇ ਪੰਜ ਵੱਡੇ ਲੇਖਕਾਂ ਨੂੰ ਸੰਕੇਤਕ ਤੌਰ ’ਤੇ ਗਿ੍ਰਫਤਾਰੀ ਦੇਣ ਲਈ ਤਿਆਰ ਕਰ ਲਿਆ। ਮੈਂ ਸਥਾਨਕ ਸਭਾ ਦਾ ਜਨਰਲ ਸਕੱਤਰ ਸਾਂ। ਮਟਕਾ ਚੌਕ ਨੇੜੇ ਧਰਨਾ ਦੇ ਕੇ, ਨਾਅਰੇ ਮਾਰ ਕੇ, ਪੰਜਾਂ ਲੇਖਕਾਂ ਦੇ ਹਾਰ ਪਾ ਕੇ ਸੈਕਟਰੀਏੇਟ ਵੱਲ ਅਸੀਂ ਪੰਜਾਬ ਤੋਂ ਆਈਆਂ ਸਾਹਿਤ ਸਭਾਵਾਂ ਦੇ ਨੁਮਾਇੰਦਿਆਂ ਨਾਲ ਇਨ੍ਹਾਂ ਦੀ ਸਵੈ-ਅਰਪਿਤ ਗਿ੍ਰਫ਼ਤਾਰੀ ਲਈ ਸੜਕਾਂ ’ਤੇ ਵੱਡੇ ਜਲੂਸ ਦੇ ਰੂਪ ਵਿਚ ਚਾਲੇ ਪਾ ਦਿੱਤੇ। ਪੁਲਿਸ ਦੀ ਗੱਡੀ ਤਿੰਨ ਸੈਕਟਰ ਦੇ ਥਾਣੇ ’ਚ ਲਿਜਾਣ ਲਈ ਪਹਿਲਾਂ ਹੀ ਤਿਆਰ ਸੀ।

ਇਕ ਲੇਖਕ ਦੀ ਅਚਾਨਕ ਸਿਹਤ ਜਵਾਬ ਦੇ ਗਈ। ਹਾਰ ਗਲੋਂ ਲਾਹ ਕੇ ਮੈਨੂੰ ਫੜਾ ਦਿੱਤਾ। ਮੈਂ ਇੰਨਾ ਵੱਡਾ ਲੇਖਕ ਨਹੀਂ ਸੀ ਕਿ ਖ਼ੁਦ ਨਾਲ ਤੁਰ ਪੈਂਦਾ। ਚਾਰ ਲੇਖਕ ਥਾਣੇ ਚਲੇ ਗਏ। ਸਾਡੀ ਡਿਊਟੀ ਅੰਦਰ ਚਾਹ-ਪਾਣੀ ਭੇਜਣ ਦੀ ਸੀ। ਸਭ ਨੂੰ ਪਤਾ ਸੀ ਕਿ ਦੇਰ ਸ਼ਾਮੀਂ ਇਨ੍ਹਾਂ ਨੂੰ ਛੱਡ ਦੇਣਾ ਹੈ। ਅੰਦਰੋਂ ਕੰਨਸੋਆਂ ਤਿਲਕਣ ਲੱਗੀਆਂ ਕਿ ਇਕ ਲੇਖਕ ਕਹੇ, “ਮੈਂ ਤਾਂ ਕੁੜਤਾ- ਪਜਾਮਾ ਨਾਲ ਲੈ ਕੇ ਪੂਰੀ ਤਿਆਰੀ ਨਾਲ ਆਇਆ ਹਾਂ। ਕਈ ਦਿਨ ਰਹਿ ਕੇ ਬਾਹਰ ਜਾਵਾਂਗੇ।” ਇਕ ਕਹੇ, “ਖੀਵੇ ਧਿਆਨ ਰੱਖੀਂ। ਕਿਸੇ ਸਾਜ਼ਿਸ਼ ਤਹਿਤ ਸਾਨੂੰ ਛੱਡਣ ਹੀ ਨਾ। ਮੈਂ ਤਾਂ ਨਾਲ ਕੁਝ ਵੀ ਨਹੀਂ ਲੈ ਕੇ ਆਇਆ। ਸ਼ੂਗਰ ਦੀਆਂ ਗੋਲੀਆਂ ਵੀ ਛੱਡ ਆਇਐਂ।” ਇਕ ਸਥਾਨਕ ਲੇਖਕ ਆਖੇ, “ਖੀਵੇ, ਬੇਟੇ ਨੂੰ ਸੁਨੇਹਾ ਲਾ ਦੇਵਾਂ, ਮੈਨੂੰ ਸ਼ਾਮੀਂ ਘਰ ਸਮੇਂ ਸਿਰ ਲੈ ਜਾਵੇ।” ਚੈਨ ਜੀ ਸ਼ਾਂਤ-ਚਿੱਤ ਸਨ। ਦੇਰ ਸ਼ਾਮ ਐੱਸ.ਡੀ. ਐੱਮ. ਕੋਲੋਂ ਥਾਣੇ ਵਾਲੇ ਰਿਹਾਈ ਦੇ ਆਰਡਰ ਲੈ ਆਏ। ਅਸੀਂ ਜੇਤੂ ਅੰਦਾਜ਼ ਵਿਚ ਨਾਅਰੇ ਮਾਰਦਿਆਂ ਰਿਹਾਅ ਹੋਏ ਲੇਖਕਾਂ ਨੂੰ ‘ਰਿਸੀਵ’ ਕੀਤਾ।

ਉਮਰ ਮੁਤਾਬਿਕ ਚੰਨ ਜੀ ਢਿੱਲੇ-ਮੱਠੇ ਰਹਿਣ ਲੱਗ ਪਏ। ਬਿਮਾਰੀ ਦੀ ਹਾਲਤ ਸਮੇਂ ਵੀ ਚੰਡੀਗੜ੍ਹ ਲੱਗਦੇ ਧਰਨਿਆਂ ਵਿਚ ਹਾਜ਼ਰ ਹੁੰਦੇ ਰਹੇ। ਬੇਟੇ ਦਿਲਦਾਰ ਨੇ ਬਹੁਤ ਸੇਵਾ ਕੀਤੀ। ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਨੇ ਉਨ੍ਹਾਂ ਨੂੰ ਸਨਮਾਨਿਤ ਕੀਤਾ ਤਾਂ ਮੈਂ ਉਨ੍ਹਾਂ ਦੀ ਦੇਣ ਉੱਤੇ ਪਰਚਾ ਪੜ੍ਹਿਆ। ਸਨਮਾਨ ਸਮਾਗਮ ਉੱਤੇ ਚੰਨ ਜੀ ਦਿਲਦਾਰ ਨਾਲ ਖ਼ੁਦ ਲੁਧਿਆਣੇ ਚੱਲ ਕੇ ਆਏ। ਢਿਲਕਿਆ ਪਜਾਮਾ, ਪਿਸ਼ਾਬ ਦੀ ਥੈਲੀ ਲੱਗੀ ਹੋਈ। ਜਦੋਂ ਹਾਲ ਵਿਚ ਨਮੂਦਾਰ ਹੋਏ ਤਾਂ ਹਾਲ ਤਾਲੀਆਂ ਨਾਲ

ਗੂੰਜ ਉੱਠਿਆ ਤੇ ਸਾਰੇ ਹਾਜ਼ਰੀਨ ਖੜ੍ਹੇ ਹੋ ਗਏ।

ਕੇਂਦਰੀ ਪੰਜਾਬੀ ਲੇਖਕ ਸਭਾ ’ਚ ਕੰਮ ਕਰਦਿਆਂ ਉਹ ਕਈ ਵਾਰ ਮੇਰੇ ਨਾਲ ਨਾਰਾਜ਼ ਹੋਏ। ਬਠਿੰਡਾ ਵਾਲੇ ਸੂਬਾ ਸਹਾਇਕ ਸਕੱਤਰ ਤੇ ਉਨ੍ਹਾਂ ਦੇ ਰਿਸ਼ਤੇਦਾਰ ਮਰਹੂਮ ਕਾਮਰੇਡ ਜੋਗਿੰਦਰ ਭਸੀਨ ਨੂੰ ਵੀ ਮੇਰੀ ਸ਼ਿਕਾਇਤ ਲਾਈ। ਕਾਮਰੇਡ ਭਸੀਨ ਨੇ ਮੈਨੂੰ ਸੱਦ ਕੇ ਸਮਝਾਇਆ ਵੀ। ਚੰਨ ਜੀ ਨਾਰਾਜ਼ ਇੰਨਾ ਕੁ ਹੀ ਹੁੰਦੇ ਕਿ ਸਾਥੀ ਲੇਖਕ ਭੱਜੇ ਨਾ।

ਉਨ੍ਹਾਂ ਮੇਰੀਆਂ ਬੜੀਆਂ ਨਾਦਾਨੀਆਂ ਮਾਫ਼ ਕੀਤੀਆਂ। ਉਨ੍ਹਾਂ ਦੇ ਸੰਪਰਕ ’ਚ ਕੋਈ ਲੇਖਕ ਆ ਜਾਂਦਾ ਤਾਂ ਉਮਰ ਭਰ ਦਾ ਹੋ ਕੇ ਰਹਿ ਜਾਂਦਾ। ਉਨ੍ਹਾਂ ਨੂੰ ਯਾਦ ਕਰਦਿਆਂ ਥਥੇਰੀਆਂ ਬਬਾਣੀਆਂ- ਕਹਾਣੀਆਂ ਹਨ।

- ਡਾ. ਲਾਭ ਸਿੰਘ ਖੀਵਾ

Posted By: Harjinder Sodhi