ਪੱਤਰਕਾਰੀ ਤੇ ਸਾਹਿਤ ਰਚਨਾ ਦੋਵੇ ਖੇਤਰਾਂ ਦਾ ਆਪਸ 'ਚ ਗੂੜ੍ਹਾ ਸਬੰਧ ਹੈ। ਦੋਵਾਂ 'ਚ ਤਾਲਮੇਲ ਬਿਠਾਉਣਾ ਹਰ ਕਿਸੇ ਦੇ ਵੱਸ ਦਾ ਰੋਗ ਨਹੀਂ। ਪੰਜਾਬੀ ਸਾਹਿਤ 'ਚ ਅਜਿਹੀਆਂ ਟਾਂਵੀਆਂ ਹੀ ਹਸਤੀਆਂ ਹੋਈਆਂ ਹਨ, ਜਿਨ੍ਹਾਂ ਨੇ ਦੋਵਾਂ ਦੇ ਤਾਲਮੇਲ ਰਾਹੀਂ ਸਮਾਜ 'ਚ ਚੇਤਨਾ ਜਗਾਈ। ਇਨ੍ਹਾਂ 'ਚੋਂ ਹੀ ਇਕ ਸੀ ਅਮਰਜੀਤ ਸਿੰਘ ਢਿੱਲੋਂ, ਜੋ ਜ਼ਿੰਦਗੀ ਭਰ ਸਾਹਿਤਕਾਰ ਤੇ ਪੱਤਰਕਾਰ ਵਜੋਂ ਆਪਣੀ ਸਮਾਜਿਕ ਜ਼ਿੰਮੇਵਾਰੀ ਬਾਖ਼ੂਬੀ ਨਿਭਾਉਂਦਾ ਰਿਹਾ।

ਅਮਰਜੀਤ ਢਿੱਲੋਂ ਦਾ ਜਨਮ 10 ਮਈ 1955 ਨੂੰ ਜ਼ਿਲ੍ਹਾ ਫ਼ਰੀਦਕੋਟ ਦੇ ਪਿੰਡ ਦਬੜ੍ਹੀਖਾਨਾ 'ਚ ਪਿਤਾ ਹਜ਼ਾਰਾ ਸਿੰਘ ਦੇ ਘਰ ਮਾਤਾ ਕਰਤਾਰ ਕੌਰ ਦੀ ਕੁੱਖੋਂ ਹੋਇਆ। ਉਸ ਦਾ ਜ਼ਿਆਦਾਤਰ ਬਚਪਨ ਲੋਪੋਂ ਦੇ ਡੇਰੇ 'ਚ ਬੀਤਿਆ, ਜਿੱਥੇ ਗੁਰਬਾਣੀ ਦੀ ਸਿੱਖਿਆ ਹਾਸਲ ਕੀਤੀ।

ਪਿੰਡ ਦੇ ਕਵੀਸ਼ਰ ਰਾਮ ਮੂਰਤੀ ਤੋਂ ਪਿੰਗਲ ਤੇ ਅਰੂਜ਼ ਦੀ ਜਾਣਕਾਰੀ ਹਾਸਲ ਕੀਤੀ। ਸੰਤਾਂ ਦੇ ਡੇਰੇ 'ਚ ਧਾਰਮਿਕ ਗੰ੍ਰਥਾਂ ਦਾ ਪੂਰੀ ਬਾਰੀਕੀ ਨਾਲ ਅਧਿਐਨ ਕੀਤਾ। ਮੁੱਢਲੀ ਪੜ੍ਹਾਈ ਕਰਨ ਉਪਰੰਤ ਕਾਫ਼ੀ ਸਮਾਂ ਮੈਡੀਕਲ ਪ੍ਰੈਕਟੀਸ਼ਨਰ ਵਜੋਂ ਕੰਮ ਕੀਤਾ। ਪੜ੍ਹਨ-ਲਿਖਣ ਦਾ ਸੌਕ ਹੋਣ ਕਾਰਨ ਪੱਤਰਕਾਰੀ ਦੇ ਖੇਤਰ 'ਚ ਕਦਮ ਰੱਖਿਆ। 'ਪੰਜਾਬੀ ਟ੍ਰਿਬਿਊਨ' ਤੇ 'ਅਜੀਤ' 'ਚ ਕਈ ਸਾਲ ਪੱਤਰਕਾਰ ਵਜੋਂ ਕੰਮ ਕਰਦਿਆਂ ਤਰਕਸ਼ੀਲ ਲਹਿਰ ਨਾਲ ਸਬੰਧਤ ਖ਼ਬਰਾਂ ਨੂੰ ਬੜੀ ਪ੍ਰਮੁੱਖਤਾ ਨਾਲ ਉਭਾਰਿਆ। ਪੱਤਰਕਾਰੀ ਦੇ ਨਾਲ-ਨਾਲ ਸਾਹਿਤ ਰਚਣ ਦਾ ਕੰਮ ਵੀ ਉਹ ਬਾਖ਼ੂਬੀ ਕਰਦਾ ਰਿਹਾ। ਪਹਿਲੀ ਕਿਤਾਬ 'ਕਤਰਾ ਕਤਰਾ ਮੌਤ' 1985 'ਚ ਛਪੀ। 1998 'ਚ ਕਵਿਤਾਵਾਂ ਦੀ ਪਹਿਲੀ ਕਿਤਾਬ 'ਧੁੱਪ ਦਾ ਲਿਬਾਸ' ਛਪੀ। ਫਿਰ ਵਾਰਤਕ 'ਜੱਗ ਰਚਨਾ ਦਾ ਸੱਚ', 'ਤਰਕਸ਼ੀਲ ਕਾਵਿ ਵਿਅੰਗ', 'ਮੁਕਤੀ ਦੀ ਇੱਛਾ ਨਹੀ' (ਗ਼ਜ਼ਲ ਸੰਗ੍ਰਹਿ), 'ਨੀਲੀ ਛਤਰੀ', 'ਆਪਣੇ ਸੰਗ ਸੰਵਾਦ', ਰੱਬ ਦਾ ਯੱਬ', 'ਲਫ਼ਜ਼ਾਂ ਦੇ ਤੀਰ', 'ਜ਼ਿੰਦਗੀ ਦਾ ਹੁਸਨ' (ਲਲਿਤ ਨਿਬੰਧ), 'ਅਬਰਾਹਮ ਲਿੰਕਨ ਦੀ ਜੀਵਨੀ', 'ਜਿੱਥੇ ਦੁਨੀਆ ਮੁਕਦੀ ਹੈ' (ਸਫ਼ਰਨਾਮਾ) , 'ਰੱਬ ਦਾ ਗੋਰਖ ਧੰਦਾ' ਪੰਜਾਬੀ ਸਾਹਿਤ ਦੀ ਝੋਲੀ ਪਾਏ। ਦੁਨੀਆ ਭਰ ਦੇ ਮਹਾਨ ਦਾਰਸ਼ਨਿਕਾਂ ਦੇ ਵਿਚਾਰਾਂ ਨੂੰ ਦੋ ਕਿਤਾਬਾਂ 'ਵਿਦਵਾਨਾਂ ਦੇ ਮਹਾਨ ਵਿਚਾਰ' , 'ਅਗਾਂਹਵਧੂ ਕੁਟੇਸ਼ਨਾਂ' 'ਚ ਛਪਵਾਇਆ। 'ਜਿੱਥੇ ਦੁਨੀਆ ਮੁੱੱਕਦੀ ਹੈ' 'ਚ ਉਸ ਨੇ ਕੈਨੇਡਾ 'ਚ ਗੁਜ਼ਾਰੇ ਸਮੇਂ ਨੂੰ ਬੜੀ ਸ਼ਿੱਦਤ ਨਾਲ ਚਿਤਰਿਆ ਹੈ। ਉਹ ਚਾਹੇ ਵਾਰਤਕ ਲਿਖਦਾ ਜਾਂ ਕਵਿਤਾ, ਰਵਾਨੀ ਕਮਾਲ ਦੀ ਸੀ :

ਤੁਰਦੇ ਤੁਰਦੇ ਕੁਝ ਲੋਕਾਂ ਨਾਲ ਕਾਵਿਕ ਜਿਹੇ ਸਬੰਧ ਬਣੇ।

ਕੁਝ ਲੋਕੀਂ ਜ਼ਿੰਦਗੀ ਦੇ ਪੰਨਿਆਂ 'ਤੇ ਲਲਿਤ ਨਿਬੰਧ ਬਣੇ।

ਅਮਰਜੀਤ ਢਿੱਲੋਂ ਆਪਣੀ ਹਰ ਗੱਲ ਤਰਕ ਤੇ ਦਲੀਲ ਨਾਲ ਕਰਨੀ ਜਾਣਦਾ ਸੀ। ਜ਼ਿੰਦਗੀ ਪ੍ਰਤੀ ਉਸ ਦੀ ਸਮਝ ਤੇ ਨਜ਼ਰੀਆ ਵਿਗਿਆਨਕ ਤੇ ਦਾਰਸ਼ਨਿਕ ਸੀ। ਉਸ ਦੀਆਂ ਰਚਨਾਵਾਂ ਇਨਸਾਨ ਨੂੰ ਆਪਣੀ ਹੋਂਦ ਤੇ ਇਸ ਦੇ ਪਸਾਰ ਨੂੰ ਸਮਝਣ ਦਾ ਯਤਨ ਹਨ। ਉਹ ਤਨਹਾਈ ਸਮੇਂ ਖ਼ੁਦ ਨੂੰ ਹੀ ਆਪਣਾ ਦੋਸਤ ਬਣਾਉਣ ਦੀ ਸਲਾਹ ਦੇਣ ਵਾਲਾ ਸ਼ੁਭਚਿੰਤਕ ਸੀ।

ਹਾਲਾਂਕਿ ਕੁਝ ਸਾਲ ਪਹਿਲਾਂ ਉਹ ਕੈਨੇਡਾ 'ਚ ਹੀ ਪੱਕੇ ਤੌਰ 'ਤੇ ਵਸ ਗਿਆ ਸੀ ਪਰ ਉਹ ਆਪਣੇ ਪਿੰਡ ਨਾਲੋਂ ਨਹੀਂ ਟੁੱਟਿਆ। ਅਜੋਕੀ ਪੀੜ੍ਹੀ ਨੂੰ ਸਾਹਿਤ ਨਾਲ ਜੋੜਨ ਲਈ ਆਪਣੇ ਪਿੰਡ ਦਬੜ੍ਹੀਖਾਨਾ 'ਚ ਸ਼ਹੀਦ ਭਗਤ ਸਿੰਘ ਲਾਈਬ੍ਰੇਰੀ ਬਣਾਈ। ਕੁਝ ਦਿਨ ਪਹਿਲਾਂ ਹੀ ਉਹ ਕੈਨੇਡਾ ਤੋਂ ਵਾਪਸ ਪੰਜਾਬ ਆਇਆ ਤਾਂ ਭਿਆਨਕ ਸੜਕ ਹਾਦਸੇ ਦਾ ਸ਼ਿਕਾਰ ਹੋ ਗਿਆ। ਹਾਦਸੇ 'ਚ ਏਨੀ ਬੁਰੀ ਤਰ੍ਹਾਂ ਜ਼ਖ਼ਮੀ ਹੋਇਆ ਕਿ ਇਕ ਬਾਂਹ ਤਕ ਕੱਟਣੀ ਪਈ। ਆਖਰ ਜ਼ਖ਼ਮਾਂ ਦੀ ਤਾਬ ਨਾ ਸਹਿੰਦਿਆਂ ਉਹ 20 ਨਵੰਬਰ ਦੀ ਰਾਤ ਸਭ ਚਾਹੁਣ ਵਾਲਿਆਂ ਨੂੰ ਸਦੀਵੀ ਵਿਛੋੜਾ ਦੇ ਗਿਆ। ਉਸ ਨੇ ਸਰੀਰ ਦਾਨ ਕਰਨ ਸਬੰਧੀ ਫਾਰਮ ਵੀ ਭਰਿਆ ਹੋਇਆ ਸੀ ਪਰ ਹਾਦਸੇ ਦਾ ਸ਼ਿਕਾਰ ਹੋਣ ਕਾਰਨ ਉਸ ਦੀ ਇਹ ਤਮੰਨਾ ਪੂਰੀ ਨਾ ਹੋ ਸਕੀ ਪਰ ਉਸ ਦੇ ਪਰਿਵਾਰ ਨੇ ਉਸ ਦੀ ਸੋਚ 'ਤੇ ਪਹਿਰਾ ਦਿੰਦਿਆਂ ਉਸ ਦੀ ਰਾਖ 'ਤੇ ਬੂਟੇ ਲਾਏ। ਉਹ ਭਾਵੇਂ ਹੀ ਸਰੀਰਕ ਰੂਪ 'ਚ ਸਾਡੇ ਦਰਮਿਆਨ ਨਹੀਂ ਰਿਹਾ ਪਰ ਆਪਣੀਆਂ ਤਰਕਸ਼ੀਲਤਾ ਭਰੀਆਂ ਰਚਨਾਵਾਂ ਤੇ ਮਿੱਠਬੋਲੜੇ ਸੁਭਾਅ ਕਰਕੇ ਉਹ ਹਮੇਸ਼ਾ ਸਭ ਦੇ ਦਿਲਾਂ 'ਚ ਵਸਦਾ ਰਹੇਗਾ। ਉਹ ਖ਼ੁਦ ਆਪਣੀ ਇਕ ਗ਼ਜ਼ਲ 'ਚ ਕਹਿ ਗਿਆ :

ਵਿਛੜ ਕੇ ਕੋਈ ਹਮੇਸ਼ਾ ਦੇ ਲਈ ਨਹੀਂ ਵਿਛੜਦਾ,

ਜਾਣ ਵਾਲਾ ਦੂਰ ਜਾ ਕੇ ਵੀ ਪਾਸ ਬਣਿਆ ਰਹੇ।

ਇਹ ਵੀ ਅਜੀਬ ਇਤਫਾਕ ਹੈ ਕਿ ਆਪਣੀ ਮੌਤ ਤੋਂ ਛੇ ਦਿਨ ਪਹਿਲਾਂ ਉਸ ਨੇ ਫੇਸਬੁੱਕ 'ਤੇ ਗ਼ਜ਼ਲ ਸ਼ੇਅਰ ਕੀਤੀ, ਜਿਸ ਦਾ ਸਿਰਲੇਖ ਸੀ 'ਆਖ਼ਰੀ ਗ਼ਜ਼ਲ'। ਕਿਸੇ ਨੇ ਸੋਚਿਆ ਨਹੀਂ ਸੀ ਇਹ ਵਾਕਈ ਹੀ ਆਖ਼ਰੀ ਗ਼ਜ਼ਲ ਹੋ ਨਿੱਬੜੇਗੀ :

ਅੱਜ ਹੀ ਹੱਸਣਾ ਰੋਣਾ ਇਥੇ, ਕੱਲ੍ਹ ਨੂੰ ਕਿਸ ਨੇ ਹੋਣਾ ਇਥੇ।

ਵਿਰਲੇ ਦੇ ਹੀ ਹਿੱਸੇ ਆਉਂਦਾ ਹੈ ਹੰਝੂਆਂ ਹਾਰ ਪਰੋਣਾ ਇਥੇ।

ਮਾਖਿਓਂ ਮੱਖੀ ਵਾਂਗ ਇਕੱਠਾ ਕਰ ਕੇ ਸ਼ਹਿਦ ਹੈ ਚੋਣਾ ਇਥੇ।

ਹੋਰ ਨਹੀਂ ਕੋਈ ਵੀ ਦੁਨੀਆ ਇਹੀਓ ਜੱਗ ਹੈ ਸੋਹਣਾ ਇਥੇ।

ਨਵਾਂ ਪ੍ਰਾਪਤ ਕਰਨ ਲਈ ਕੁਝ ਪੈਂਦਾ ਵੀ ਕੁਝ ਖੋਹਣਾ ਇਥੇ।

ਗਿਆਨ ਰੋਸ਼ਨੀ 'ਚ ਨਹਾਉਣਾ ਹੋਰ ਨਾ ਹਨੇਰਾ ਢੋਣਾ ਇਥੇ।

ਅੱਜ ਹੀ ਹੱਸਣਾ ਰੋਣਾ ਇੱਥੇ, ਕੱਲ੍ਹ ਨੂੰ ਕਿਸ ਨੇ ਹੋਣਾ ਇਥੇ।

ਗੁਰਪ੍ਰੀਤ ਖੋਖਰ, 75289-06680

Posted By: Harjinder Sodhi