ਜਗਜੀਤ ਸਿੰਘ ਲੱਡਾ ਜੋ ਪੰਜਾਬੀ ਬਾਲ-ਸਾਹਿਤ ਵਿਚ ਅੱਜ ਧਰੂ ਤਾਰੇ ਵਾਂਗ ਚਮਕ ਰਿਹਾ ਹੈ ਦਾ ਜਨਮ 12 ਅਪ੍ਰੈਲ, 1975 ਨੂੰ ਪਿੰਡ ਲੱਡਾ ਵਿਖੇ ਕੰਮੀਆਂ ਦੇ ਵਿਹੜੇ ਮਾਤਾ ਰਣਜੀਤ ਕੌਰ ਅਤੇ ਪਿਤਾ ਹਮੀਰ ਸਿੰਘ ਦੇ ਘਰ ਹੋਇਆ। ਉਨ੍ਹਾਂ ਨੇ ਆਪਣੀ ਦਸਵੀਂ ਤਕ ਦੀ ਪੜ੍ਹਾਈ ਪਿੰਡੋਂ, ਫਿਰ ਧੂਰੀ, ਸੰਗਰੂਰ ਤੋਂ ਹੁੰਦੇ ਹੋਏ ਈ.ਟੀ.ਟੀ. ਦਾ ਕੋਰਸ ਸੰਗਰੂਰੋਂ ਕਰ ਕੇ ਅਧਿਆਪਨ ਕਿੱਤਾ ਜੁਆਇਨ ਕੀਤਾ।

ਅੱਜਕੱਲ੍ਹ ਉਹ ਬਤੌਰ ਹੈੱਡ ਟੀਚਰ ਸਰਕਾਰੀ ਪ੍ਰਾਇਮਰੀ ਸਕੂਲ ਮੌੜਾਂ ਵਿਖੇ ਸੇਵਾ ਨਿਭਾ ਰਹੇ ਹਨ। ਬਾਲ-ਸਾਹਿਤ ਦੇ ਖੇਤਰ ਵਿਚ ਕਿਤਾਬੀ ਰੂਪ 'ਚ ਪਹਿਲੀ ਵਾਰ ਸਿਰਲੇਖ ਸਾਹਿਤ ਬਾਲ-ਗ਼ਜ਼ਲ ਲਿਆਉਣ ਦਾ ਸਿਹਰਾ ਵੀ ਜਗਜੀਤ ਸਿੰਘ ਲੱਡਾ ਸਿਰ ਹੀ ਬੱਝਦਾ ਹੈ। ਬੱਚਿਆਂ ਦੇ ਮਨੋਭਾਵ ਪੜ੍ਹਨ ਵਾਲੇ ਲੱਡਾ ਨਾਲ਼ ਬਾਲ-ਸਾਹਿਤ ਸਬੰਧੀ ਖੁੱਲ੍ਹ ਕੇ ਹੋਈਆਂ ਗੱਲਾਂ ਪਾਠਕਾਂ ਨਾਲ ਸਾਂਝੀਆਂ ਕਰ ਰਹੇ ਹਾਂ-

- ਬਾਲ-ਸਾਹਿਤ ਦੀ ਸਿਰਜਣਾ ਕਰਦਿਆਂ ਕਿਹੜੀਆਂ ਗੱਲਾਂ ਦਾ ਵਧੇਰੇ ਧਿਆਨ ਰੱਖਦੇ ਹੋ?

ਮੈਂ ਸਭ ਤੋਂ ਜ਼ਿਆਦਾ ਮਹੱਤਵ ਵਿਗਿਆਨਕ ਨਜ਼ਰੀਏ ਨੂੰ ਦਿੰਦਾ ਹਾਂ। ਮੈਂ ਆਪਣੀਆਂ ਰਚਨਾਵਾਂ ਵਿਚ ਪਰੀ-ਕਥਾਵਾਂ ਜਾਂ ਕਾਲਪਨਿਕ ਕਹਾਣੀਆਂ ਨੂੰ ਕੋਈ ਥਾਂ ਨਹੀਂ ਦਿੰਦਾ ਅਤੇ ਨਾ ਹੀ ਪੁਰਾਣੇ ਸਮੇਂ ਤੋਂ ਚੱਲੀਆਂ ਆ ਰਹੀਆਂ ਭੁਲੇਖਾ-ਪਾਊ ਧਾਰਨਾਵਾਂ ਨੂੰ ਬੱਚਿਆਂ ਸਾਹਮਣੇ ਪਰੋਸਣਾ ਚਾਹੁੰਦਾ ਹਾਂ। ਮੈਂ ਆਪਣੇ ਪਾਠਕਾਂ ਅੱਗੇ ਸੱਚੀਆਂ ਅਤੇ ਸਾਰਥਿਕ ਗੱਲਾਂ ਕਹਿਣ ਵਿਚ ਹੀ ਯਕੀਨ ਰੱਖਦਾ ਹਾਂ। ਰਚਨਾਵਾਂ ਵਿਚ ਮੈਂ ਆਪਣੀ ਗ਼ੁਰਬਤ ਸਮੇਂ ਹੰਢਾਏ ਕੌੜੇ-ਮਿੱਠੇ ਤਜਰਬੇ ਸ਼ਾਮਲ ਕਰ ਕੇ ਬੱਚਿਆਂ ਨੂੰ ਪੜ੍ਹਾਈ ਅਤੇ ਜੀਵਨ ਦੇ ਹੋਰ ਖੇਤਰਾਂ ਵਿਚ ਦੱਬ ਕੇ ਮਿਹਨਤ ਕਰਨ ਲਈ ਪ੍ਰੇਰਦਾ ਰਹਿੰਦਾ ਹਾਂ।

- ਤੁਸੀਂ ਲਿਖਣਾ ਕਦੋਂ ਸ਼ੁਰੂ ਕੀਤਾ ਅਤੇ ਤੁਹਾਡੀਆਂ ਲਿਖਤਾਂ ਕਦੋਂ ਛਪਣ ਲੱਗੀਆਂ?

ਜਦੋਂ ਮੈਂ 1994-96 ਵਿਚ ਈ.ਟੀ.ਟੀ. ਦਾ ਕੋਰਸ ਕਰ ਰਿਹਾ ਸੀ ਤਾਂ ਉਦੋਂ ਮੈਨੂੰ ਸਾਹਿਤ ਪੜ੍ਹਨ ਦਾ ਸ਼ੌਕ ਪਿਆ। ਉਸ ਸਮੇਂ ਪਾਠਕਾਂ ਦੀ ਡਾਕ ਵਿਚ ਜਦੋਂ ਕਿਸੇ ਨੇੜਲੇ ਪਿੰਡ ਦੇ ਜਾਣਕਾਰ ਦੀ ਚਿੱਠੀ ਪੜ੍ਹੀਦੀ ਸੀ ਤਾਂ ਮਨ ਵਿਚ ਖ਼ਿਆਲ ਆਉਂਦਾ ਸੀ ਕਿ ਮੈਂ ਵੀ ਕੁਝ ਨਾ ਕੁਝ ਜ਼ਰੂਰ ਲਿਖਾਂ ਤਾਂ ਕਿ ਮੇਰਾ ਨਾਂ ਵੀ ਅਖ਼ਬਾਰ ਵਿਚ ਛਪੇ। ਫਿਰ ਕੁਝ ਸਾਹਿਤ-ਪ੍ਰੇਮੀ ਮਿੱਤਰਾਂ ਨਾਲ ਸਾਂਝ ਪਈ, ਜਿਸ ਦੇ ਫਲਸਰੂਪ ਮੈਨੂੰ ਵੀ ਸਾਹਿਤ ਸਿਰਜਣਾ ਦੀ ਚੇਟਕ ਲੱਗ ਗਈ। ਦਸੰਬਰ 1997 ਵਿਚ ਜਦੋਂ ਮੈਂ ਪ੍ਰਾਇਮਰੀ ਅਧਿਆਪਕ ਦੀ ਨੌਕਰੀ 'ਤੇ ਲੱਗ ਗਿਆ ਤਾਂ ਰੋਟੀ ਦਾ ਮਸਲਾ ਹੱਲ ਹੋਣ ਕਰ ਕੇ ਪੂਰੀ ਤਰ੍ਹਾਂ ਸਾਹਿਤ ਨੂੰ ਸਮਰਪਿਤ ਹੋ ਗਿਆ ਅਤੇ ਆਪਣੀਆਂ ਰਚਨਾਵਾਂ ਅਖ਼ਬਾਰਾਂ ਜਾਂ ਪਰਚਿਆਂ ਨੂੰ ਵੀ ਭੇਜਣ ਲੱਗਿਆ। ਅਕਤੂਬਰ 1998 ਵਿਚ ਪੰਜਾਬੀ ਟ੍ਰਿਬਿਊਨ ਵਿਚ ਪਹਿਲੀ ਵਾਰ ਮੇਰੀ ਰਚਨਾ 'ਦਾਦੀ ਮਾਂ' ਪ੍ਰਕਾਸ਼ਿਤ ਹੋਈ, ਜਿਸ ਦਾ ਮੈਨੂੰ ਵਿਆਹ ਜਿੰਨਾ ਚਾਅ ਚੜ੍ਹਿਆ।

- ਤੁਹਾਡਾ ਬਾਲ-ਕਵਿਤਾ ਤੋਂ ਬਾਲ-ਗ਼ਜ਼ਲ ਵੱਲ ਮੁੜਨ ਦਾ ਸਬੱਬ ਕਿਵੇਂ ਬਣਿਆ?

ਮੈਂ ਜਦ ਵੀ ਅਖ਼ਬਾਰਾਂ ਵਿਚ ਗ਼ਜ਼ਲਾਂ ਪੜ੍ਹਦਾ ਤਾਂ ਉਹ ਮੈਨੂੰ ਬਹੁਤ ਵਧੀਆ ਲਗਦੀਆਂ ਅਤੇ ਬੜਾ ਆਨੰਦ ਆਉਂਦਾ। ਮੈਂ ਸੋਚਣ ਲਗਦਾ ਕਿ ਬਾਲ-ਸਾਹਿਤ ਵਿਚ ਗੀਤ ਅਤੇ ਕਵਿਤਾਵਾਂ ਤਾਂ ਲਿਖੀਆਂ ਜਾ ਰਹੀਆਂ ਹਨ ਪਰ ਕੋਈ ਲੇਖਕ ਬਾਲ-ਗ਼ਜ਼ਲ ਨਹੀਂ ਲਿਖ ਰਿਹਾ। ਮੇਰੇ ਮਨ ਵਿਚ ਖ਼ਿਆਲ ਆਇਆ ਕਿ ਕਿਉਂ ਨਾ ਇਹ ਪਹਿਲ ਮੈਂ ਹੀ ਕਰਾਂ। ਇਹ ਸੋਚ ਕੇ ਪਹਿਲਾਂ ਮੈਂ ਪਿੰਗਲ ਤੇ ਅਰੂਜ਼ ਦਾ ਮੁਕੰਮਲ ਗਿਆਨ ਪ੍ਰਾਪਤ ਕੀਤਾ ਅਤੇ ਫਿਰ ਫੇਲੁਨ ਰੁਕਨ ਨਾਲ ਰਦੀਫ਼ ਰੱਖ ਕੇ ਬਾਲ-ਗ਼ਜ਼ਲਾਂ ਲਿਖਣੀਆਂ ਸ਼ੁਰੂ ਕਰ ਦਿੱਤੀਆਂ। ਰਦੀਫ਼ ਰੱਖਣ ਨਾਲ ਗ਼ਜ਼ਲ ਕਿਸੇ ਕਹਾਣੀ ਵਾਂਗ ਲੱਗਣ ਲੱਗਦੀ ਹੈ ਜੋ ਕਿ ਬੱਚਿਆਂ ਨੂੰ ਆਸਾਨੀ ਨਾਲ ਸਮਝ ਆਉਂਦੀ ਹੈ ਅਤੇ ਉਹ ਇਸ ਨੂੰ ਗਾ ਵੀ ਸਕਦੇ ਹਨ।

- ਹੁਣ ਤਕ ਤੁਹਾਡੀਆਂ ਕਿੰਨੀਆਂ ਪੁਸਤਕਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ?

ਮੇਰੀਆਂ ਦੋ ਬਾਲ-ਕਵਿਤਾਵਾਂ ਦੀਆਂ ਪੁਸਤਕਾਂ 'ਕਿਲਕਾਰੀਆਂ' ਅਤੇ 'ਸਮੇਂ ਦਾ ਚੱਕਰ' ਸੰਗਮ ਪਬਲੀਕੇਸ਼ਨ ਸਮਾਣਾ ਵੱਲੋਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ ਅਤੇ ਅੱਠ ਪੁਸਤਕਾਂ 'ਮੈਂ ਹਾਂ ਮਿੱਤੀ', 'ਸਾਡੇ ਰਹਿਬਰ', 'ਰੁੱਖ ਦੇਣ ਸੁੱਖ', 'ਪੰਛੀ ਕਰਨ ਕਲੋਲ', 'ਮੌਜ ਮਸਤੀਆਂ', 'ਰਿਸ਼ਤੇ ਨਾਤੇ', 'ਕੰਮ ਧੰਦੇ' ਅਤੇ 'ਆਵਾਜਾਈ ਦੇ ਸਾਧਨ' ਨਵਰੰਗ ਪਬਲੀਕੇਸ਼ਨ ਸਮਾਣਾ ਵੱਲੋਂ ਪ੍ਰਕਾਸ਼ਿਤ ਹੋਈਆਂ ਹਨ । ਮੇਰੀ ਹਰ ਪੁਸਤਕ ਵਿਚ 36 ਬਾਲ-ਗ਼ਜ਼ਲਾਂ ਲਈਆਂ ਜਾਂਦੀਆਂ ਹਨ ਅਤੇ ਹਰ ਗ਼ਜ਼ਲ ਵਿਚ ਇੱਕੋ ਹੀ ਵਿਸ਼ਾ ਲਿਆ ਜਾਂਦਾ ਹੈ। ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਪੁਸਤਕ ਦਾ ਸਮਰਪਣ ਅਤੇ ਮੁੱਖ-ਸ਼ਬਦ ਵੀ ਗ਼ਜ਼ਲ ਰੂਪ ਵਿਚ ਹੀ ਹੁੰਦੇ ਹਨ ਅਤੇ ਇਕ ਵੀ ਸ਼ਬਦ ਵਾਰਤਕ ਦਾ ਨਹੀਂ ਹੁੰਦਾ।

- ਲਿਖਣ ਲਈ ਤੁਹਾਨੂੰ ਕਿਹੋ ਜਿਹਾ ਮਾਹੌਲ ਚਾਹੀਦਾ ਹੈ?

ਲਿਖਣ ਲਈ ਮੈਨੂੰ ਕਿਸੇ ਖ਼ਾਸ ਤਰ੍ਹਾਂ ਦੇ ਮਾਹੌਲ ਦੀ ਲੋੜ ਨਹੀਂ ਪੈਂਦੀ। ਜਦੋਂ ਇੱਕੋ ਤਰ੍ਹਾਂ ਦੇ ਵਿਸ਼ੇ ਜਿਵੇਂ 'ਪੰਜਾਬ ਦੇ ਜ਼ਿਲੇ' ਜਾਂ 'ਭਾਰਤ ਦੇ ਰਾਜ' ਦੀ ਚੋਣ ਹੋ ਜਾਂਦੀ ਹੈ ਤਾਂ ਫਿਰ ਮੈਂ ਉਸ ਸਬੰਧੀ ਸਮੱਗਰੀ ਇਕੱਠੀ ਕਰ ਕੇ ਪੜ੍ਹਨਾ ਸ਼ੁਰੂ ਕਰ ਦਿੰਦਾ ਹਾਂ ਅਤੇ ਪੜ੍ਹਦਿਆਂ-ਪੜ੍ਹਦਿਆਂ ਹੀ ਰਚਨਾ ਹੁੰਦੀ ਰਹਿੰਦੀ ਹੈ। ਮੈਂ ਇਕ ਸਾਲ ਵਿਚ ਬਾਲ-ਗ਼ਜ਼ਲ ਦੀਆਂ ਘੱਟੋ-ਘੱਟ ਦੋ ਪੁਸਤਕਾਂ ਪਾਠਕਾਂ ਨੂੰ ਦੇਣ ਦੀ ਕੋਸ਼ਿਸ਼ ਕਰਦਾ ਹਾਂ।

- ਬਾਲ ਸਾਹਿਤ ਸਿਰਫ਼ ਮਨੋਰੰਜਨ ਲਈ ਹੀ ਹੋਣਾ ਚਾਹੀਦਾ ਹੈ ਜਾਂ ਸਿਖਿਆਦਾਇਕ ਵੀ?

ਮੇਰੇ ਖ਼ਿਆਲ ਵਿਚ ਬਾਲ-ਸਾਹਿਤ ਵਿਚ ਦੋਵੇਂ ਗੁਣ ਹੋਣੇ ਬੇਹੱਦ ਜ਼ਰੂਰੀ ਹਨ ਕਿਉਂਕਿ ਜੇ ਸਿਰਫ਼ ਮਨੋਰੰਜਨ ਹੀ ਹੋਵੇਗਾ ਤਾਂ ਬਾਲ-ਸਾਹਿਤ ਬੱਚਿਆਂ ਨੂੰ ਚੇਤਨ ਕਰਨ ਦਾ ਆਪਣਾ ਮਕਸਦ ਪੂਰਾ ਨਹੀਂ ਕਰ ਸਕੇਗਾ ਅਤੇ ਜੇ ਸਿਰਫ਼ ਸਿੱਖਿਆਦਾਇਕ ਹੀ ਹੋਵੇਗਾ ਤਾਂ ਬੱਚੇ ਉਸ ਨੂੰ ਬੋਝਲ ਮੰਨ ਕੇ ਉਸ ਤੋਂ ਦੂਰ ਜਾਣਗੇ। ਇਸ ਤਰ੍ਹਾਂ ਬੱਚਿਆਂ ਦੀਆਂ ਆਦਤਾਂ ਨੂੰ ਸੁਧਾਰਨ ਵਾਲਾ ਅਤੇ ਉਨ੍ਹਾਂ ਦੇ ਜੀਵਨ ਵਿਚ ਕੰਮ ਆਉਣ ਵਾਲਾ ਬਾਲ-ਸਾਹਿਤ ਮਨੋਰੰਜਨ ਵਾਲਾ ਜ਼ਰੂਰ ਹੋਣਾ ਚਾਹੀਦਾ ਹੈ, ਨਹੀਂ ਤਾਂ ਉਹ ਬਾਲ-ਸਾਹਿਤ ਨਾ ਹੋ ਕੇ ਸਿਰਫ਼ ਵੱਡਿਆਂ ਦਾ ਸਾਹਿਤ ਹੀ ਹੋ ਕੇ ਰਹਿ ਜਾਵੇਗਾ।

- ਹੋਰਨਾਂ ਬਾਲ ਕਵੀਆਂ ਨਾਲੋਂ ਤੁਹਾਡੀ ਕੀ ਵਿਲੱਖਣਤਾ ਹੈ?

ਹੋਰਨਾਂ ਬਾਲ ਕਵੀਆਂ ਨਾਲੋਂ ਮੇਰੀ ਵਿਲੱਖਣਤਾ ਇਹ ਹੈ ਕਿ ਬਾਲ-ਸਾਹਿਤ ਵਿਚ ਕਿਤਾਬੀ ਰੂਪ ਵਿੱਚ ਬਾਲ-ਗ਼ਜ਼ਲ ਸਭ ਤੋਂ ਪਹਿਲਾਂ ਮੈਂ ਹੀ ਲੈ ਕੇ ਆਇਆ ਹਾਂ ਕਿਉਂਕਿ ਮੇਰੇ ਤੋਂ ਪਹਿਲਾਂ ਸਾਰੇ ਹੀ ਬਾਲ-ਕਵੀ ਕੇਵਲ ਬਾਲ-ਗੀਤ ਜਾਂ ਬਾਲ-ਕਵਿਤਾਵਾਂ ਹੀ ਲਿਖਦੇ ਸਨ। ਬਾਲ-ਸਾਹਿਤ ਦੇ ਵਿਹੜੇ ਵਿਚ ਬਾਲ-ਗ਼ਜ਼ਲ ਦਾ ਬੂਟਾ ਲਾਉਣ ਵਿਚ ਸਭ ਤੋਂ ਪਹਿਲਾਂ ਮੈਂ ਹੀ ਸਫ਼ਲ ਹੋ ਸਕਿਆ ਹਾਂ। ਮੇਰੀਆਂ ਬਾਲ-ਗ਼ਜ਼ਲਾਂ ਅਸਲ ਵਿਚ ਬਾਲਾਂ ਨਾਲ ਗੱਲਾਂ ਹੀ ਹਨ, ਜਿਸ ਨੂੰ ਬਾਲ-ਸਾਹਿਤ ਦੇ ਉੱਚ ਕੋਟੀ ਦੇ ਲੇਖਕਾਂ ਨੇ ਵੀ ਪ੍ਰਵਾਨ ਕੀਤਾ ਹੈ।

- ਸਾਹਿਤਕ ਸਿਰਜਣਾ ਲਈ ਪਰਿਵਾਰ ਵੱਲੋਂ ਕਿੰਨਾ ਕੁ ਸਹਿਯੋਗ ਮਿਲਿਆ?

ਜਦੋਂ ਮੈਂ ਲੱਡੇ ਪਿੰਡ ਵਿਚ ਆਪਣੇ ਮਾਂ-ਬਾਪ ਨਾਲ ਰਹਿੰਦਾ ਸੀ, ਉਦੋਂ ਉਨ੍ਹਾਂ ਨੂੰ ਅਖ਼ਬਾਰ ਵਿਚ ਮੇਰੀਆਂ ਰਚਨਾਵਾਂ ਪ੍ਰਕਾਸ਼ਿਤ ਹੋਣ 'ਤੇ ਬੜਾ ਚਾਅ ਚੜ੍ਹਦਾ ਸੀ। ਉਹ ਸਮਝਦੇ ਸਨ ਕਿ ਉਨ੍ਹਾਂ ਦਾ ਪੁੱਤ ਉਨ੍ਹਾਂ ਦਾ ਤੇ ਪਿੰਡ ਦਾ ਨਾਂ ਰੋਸ਼ਨ ਕਰ ਰਿਹਾ ਹੈ ਪਰ ਜਦੋਂ ਤੋਂ ਮੈਂ ਆਪਣੇ ਸਹੁਰੇ ਘਰ ਸੰਗਰੂਰ ਵਿਖੇ ਘਰ-ਜਵਾਈ ਦੇ ਤੌਰ 'ਤੇ ਰਹਿ ਰਿਹਾ ਹਾਂ, ਉਦੋਂ ਤੋਂ ਉਨ੍ਹਾਂ ਵੱਲੋਂ ਕੋਈ ਬਹੁਤਾ ਸਹਿਯੋਗ ਨਹੀਂ ਮਿਲ ਰਿਹਾ। ਕਿਉਂਕਿ ਉਨ੍ਹਾਂ ਦੀ ਸਾਹਿਤ ਵਿਚ ਕੋਈ ਰੁਚੀ ਨਹੀਂ ਹੈ, ਇਸ ਲਈ ਉਨ੍ਹਾਂ ਨੂੰ ਮੇਰੀਆਂ ਪੁਸਤਕਾਂ ਛਪਣ 'ਤੇ ਵੀ ਕੋਈ ਬਹੁਤੀ ਖ਼ੁਸ਼ੀ ਨਹੀਂ ਹੁੰਦੀ ਅਤੇ ਉਹ ਇਸ ਨੂੰ ਸਿਰਫ਼ ਪੈਸੇ ਖ਼ਰਾਬ ਕਰਨ ਵਾਲਾ ਕੰਮ ਹੀ ਮੰਨਦੇ ਹਨ। ਉਨ੍ਹਾਂ ਦੀ ਇੱਛਾ ਹੈ ਕਿ ਮੈਂ ਹੋਰ ਪੜ੍ਹਾਈ ਕਰਾਂ ਅਤੇ ਆਪਣੇ ਅਧਿਆਪਨ ਦੇ ਖੇਤਰ ਵਿਚ ਤਰੱਕੀ ਕਰ ਕੇ ਹਾਈ ਸਕੂਲ ਵਿਚ ਪਹੁੰਚਾਂ। ਉਹ ਵੀ ਆਪਣੀ ਜਗ੍ਹਾ ਠੀਕ ਹੋ ਸਕਦੇ ਹਨ ਪਰ ਮੈਂ ਆਪਣਾ ਪੂਰਾ ਧਿਆਨ ਬਾਲ-ਸਾਹਿਤ ਦੇ ਖੇਤਰ ਵਿਚ ਹੀ ਲਗਾਉਣਾ ਚਾਹੁੰਦਾ ਹਾਂ।

- ਸਾਹਿਤ ਸਭਾਵਾਂ ਦਾ ਲੇਖਣੀ ਦੇ ਨਿਖਾਰ 'ਚ ਕੀ ਯੋਗਦਾਨ ਹੈ?

ਮੈਨੂੰ ਬਹੁਤ ਸਾਰੀਆਂ ਸਾਹਿਤ ਸਭਾਵਾਂ ਵਿਚ ਜਾਣ ਦਾ ਮੌਕਾ ਮਿਲਿਆ ਹੈ, ਜਿਨ੍ਹਾਂ ਵਿੱਚੋਂ ਬਹੁਤੀਆਂ ਰਸਮੀ ਜਿਹੀਆਂ ਹੀ ਲੱਗੀਆਂ ਹਨ ਕਿਉਂਕਿ ਹਰ ਮਹੀਨੇ ਓਹੀ ਕੁਝ ਕੁ ਸਾਹਿਤਕਾਰ ਰਚਨਾਵਾਂ ਪੜ੍ਹਦੇ ਰਹਿੰਦੇ ਹਨ ਅਤੇ ਤਾੜੀਆਂ ਵੱਜਦੀਆਂ ਰਹਿੰਦੀਆਂ ਹਨ ਪਰ ਜਦੋਂ ਮੈਂ 2015 ਵਿਚ ਮਾਲਵਾ ਲਿਖਾਰੀ ਸਭਾ ਸੰਗਰੂਰ ਨਾਲ ਜੁੜਿਆ ਤਾਂ ਮੈਨੂੰ ਬਹੁਤ ਕੁਝ ਸਿੱਖਣ ਨੂੰ ਮਿਲਿਆ। ਸਭਾ ਦੀਆਂ ਮਹੀਨਾਵਾਰ ਇਕੱਤਰਤਾਵਾਂ ਵਿਚ ਬਹਿਰ-ਵਜ਼ਨ ਅਤੇ ਤੋਲ-ਤੁਕਾਂਤ ਸਬੰਧੀ ਹੋਣ ਵਾਲੀ ਵਿਚਾਰ-ਚਰਚਾ ਨਾਲ ਮੇਰੀ ਲਿਖਣ ਪ੍ਰਕਿਰਿਆ ਵਿਚ ਬੜਾ ਨਿਖਾਰ ਆਇਆ।

ਸਭਾ ਵੱਲੋਂ ਬਣਾਏ ਗਏ ਵ੍ਹਟਸਐਪ ਗਰੁੱਪ ਵਿਚ ਵੀ ਇਸ ਸਬੰਧੀ ਬਹੁਤ ਹੀ ਬਾਰੀਕੀ ਨਾਲ ਅਤੇ ਵਿਸਥਾਰ ਪੂਰਬਕ ਚਰਚਾ ਹੁੰਦੀ ਰਹਿੰਦੀ ਹੈ। ਮਾਲਵਾ ਲਿਖਾਰੀ ਸਭਾ ਸੰਗਰੂਰ ਦਾ ਮੈਂ ਇਕ ਸਾਲ ਲਈ ਜਨਰਲ ਸਕੱਤਰ ਰਿਹਾ ਹਾਂ ਅਤੇ ਅੱਜ ਕੱਲ੍ਹ ਖ਼ਜ਼ਾਨਚੀ ਵਜੋਂ ਸੇਵਾ ਨਿਭਾ ਰਿਹਾ ਹਾਂ। ਮੇਰੇ ਖ਼ਿਆਲ ਵਿਚ ਜੇ ਸਾਹਿਤ ਸਭਾਵਾਂ ਇਸ ਪਾਸੇ ਲੋੜੀਂਦਾ ਧਿਆਨ ਦੇਣ ਤਾਂ ਇਹ ਨਵੇਂ ਸਿਖਾਂਦਰੂਆਂ ਲਈ ਬਹੁਤ ਸਹਾਇਕ ਸਿੱਧ ਹੋ ਸਕਦੀਆਂ ਹਨ।

- ਕੀ ਤੁਸੀਂ ਪੰਜਾਬ ਸਕੂਲ ਸਿੱਖਿਆ ਬੋਰਡ ਦੀਆਂ ਪਾਠ ਪੁਸਤਕਾਂ ਵਿਚ ਛਪ ਰਹੀ ਬਾਲ-ਕਵਿਤਾ ਤੋਂ ਸੰਤੁਸ਼ਟ ਹੋ?

ਕਾਫ਼ੀ ਹੱਦ ਤਕ ਤਾਂ ਸਹਿਮਤ ਹਾਂ ਜੀ ਪਰ ਉਸ ਵਿਚ ਜੋ ਕਾਲਪਨਿਕ ਪਾਤਰ ਬਣਾ ਕੇ ਕਵਿਤਾਵਾਂ ਸ਼ਾਮਲ ਕੀਤੀਆਂ ਜਾਂਦੀਆਂ ਹਨ, ਉਨ੍ਹਾਂ ਦੀ ਥਾਂ 'ਤੇ ਨਿੱਤ ਨਵੀਆਂ ਹੋ ਰਹੀਆਂ ਵਿਗਿਆਨਕ ਕਾਢਾਂ 'ਤੇ ਲਿਖੀਆਂ ਜਾ ਰਹੀਆਂ ਕਵਿਤਾਵਾਂ ਨੂੰ ਸ਼ਾਮਲ ਕੀਤਾ ਜਾਣਾ ਚਾਹੀਦਾ ਹੈ ਤਾਂ ਕਿ ਸਾਡੇ ਬੱਚੇ ਹੁਣੇ ਤੋਂ ਹੀ ਸਮੇਂ ਦੇ ਹਾਣੀ ਬਣ ਸਕਣ ਅਤੇ ਸਾਡੇ ਭਾਰਤ ਦੇਸ਼ ਵਿਚ ਹੀ ਵਿਗਿਆਨੀ ਬਣ ਕੇ ਇਸ ਦੀ ਤਰੱਕੀ ਵਿਚ ਹਿੱਸਾ ਪਾਉਣ।

- ਬਾਲ-ਕਵੀ ਤੇ ਅਧਿਆਪਕ ਹੋਣ ਦੇ ਨਾਤੇ ਤੁਸੀਂ ਸਮਾਜ 'ਚ ਆਪਣਾ ਕਿਹੋ ਜਿਹਾ ਯੋਗਦਾਨ ਪਾਉਂਦੇ ਹੋ?

ਬਾਲ-ਕਵੀ ਅਤੇ ਅਧਿਆਪਕ ਹੋਣ ਦੇ ਨਾਤੇ ਬੱਚਿਆਂ ਨੂੰ ਪੜ੍ਹਾਉਣ ਸਮੇਂ ਕਾਵਿਕ ਸਤਰਾਂ ਬੋਲ ਕੇ ਉਨ੍ਹਾਂ ਦੀ ਪੜ੍ਹਨ ਵਿਚ ਰੁਚੀ ਬਣਾਉਣ ਵਿਚ ਸਹਿਯੋਗ ਕਰਦਾ ਹਾਂ। ਇਸ ਤਰ੍ਹਾਂ ਬੱਚੇ ਝਟ ਹੀ ਗੱਲ ਸਮਝ ਜਾਂਦੇ ਹਨ ਅਤੇ ਮੇਰਾ ਪੜ੍ਹਾਉਣ ਦਾ ਮਕਸਦ ਬੜਾ ਸੌਖੇ ਤਰੀਕੇ ਨਾਲ ਪੂਰਾ ਹੋ ਜਾਂਦਾ ਹੈ। ਬਾਕੀ ਰਹੀ ਸਮਾਜ ਦੀ ਗੱਲ, ਮੇਰੇ ਪਿੰਡ ਦੇ ਲੋਕ ਪਹਿਲਾਂ ਆਪਣੇ ਨਾਵਾਂ ਨਾਲ ਆਪਣੇ ਗੋਤ ਲਿਖਿਆ ਕਰਦੇ ਸਨ, ਜਿਸ ਨਾਲ ਉਨ੍ਹਾਂ ਦੀ ਵਿਸ਼ੇਸ਼ ਜਾਤੀ ਦਾ ਪਤਾ ਲੱਗਦਾ ਸੀ ਪਰ ਜਦੋਂ ਤੋਂ ਮੇਰਾ ਨਾਂ ਅਖ਼ਬਾਰਾਂ ਵਿਚ ਛਪਣ ਲੱਗਿਆ ਹੈ, ਉਦੋਂ ਤੋਂ ਸਾਰੇ ਹੀ ਆਪਣੇ ਨਾਵਾਂ ਦੇ ਨਾਲ-ਨਾਲ ਟਰਾਲੀਆਂ 'ਤੇ ਵੀ ਲੱਡਾ ਲਿਖਵਾਉਣ ਲੱਗ ਪਏ ਹਨ ਅਤੇ ਲੱਡਾ ਅਖਵਾ ਕੇ ਮਾਣ ਮਹਿਸੂਸ ਕਰਦੇ ਹਨ। ਇਸ ਨੂੰ ਵੀ ਮੈਂ ਆਪਣੀ ਪ੍ਰਾਪਤੀ ਮੰਨਦਾ ਹਾਂ ਕਿ ਮੈਂ ਆਪਣੇ ਪਿੰਡ ਦੇ ਲੋਕਾਂ 'ਚ ਇਕ ਭਾਈਚਾਰੇ ਦੀ ਭਾਵਨਾ ਪੈਦਾ ਕਰਨ ਵਿਚ ਸਫ਼ਲ ਹੋਇਆ ਹਾਂ।

- ਸਾਹਿਤ ਦੀਆਂ ਬਹੁਤ ਸਾਰੀਆਂ ਵਿਧਾਵਾਂ ਦੇ ਬਾਵਜੂਦ ਤੁਸੀਂ ਬਾਲ-ਸਾਹਿਤ ਨੂੰ ਹੀ ਕਿਉਂ ਚੁਣਿਆ?

ਸ਼ੁਰੂ-ਸ਼ੁਰੂ ਵਿਚ ਤਾਂ ਮੈਂ ਆਪ ਆਪਣੇ ਮਨ ਦੇ ਵਲਵਲੇ ਗੀਤਾਂ ਰਾਹੀਂ ਹੀ ਕੱਢਿਆ ਕਰਦਾ ਸੀ, ਜਿਨ੍ਹਾਂ ਵਿਚ ਇਸ਼ਕ-ਮਜ਼ਾਜੀ ਵਰਗੇ ਵਿਸ਼ੇ ਭਾਰੂ ਸਨ ਪਰ ਜਦੋਂ ਅਧਿਆਪਨ ਦੇ ਖੇਤਰ ਵਿਚ ਆਉਣ ਕਰਕੇ ਨਿੱਕੇ-ਨਿੱਕੇ ਬੱਚਿਆਂ ਨਾਲ ਮੇਰਾ ਵਾਹ ਪਿਆ ਤਾਂ ਉਨ੍ਹਾਂ ਦੀਆਂ ਭਾਵਨਾਵਾਂ ਅਤੇ ਅਨਭੋਲ ਮਨਾਂ ਦੀਆਂ ਹਰਕਤਾਂ ਤੋਂ ਪ੍ਰਭਾਵਿਤ ਹੋ ਕੇ, ਮੈਂ ਉਨ੍ਹਾਂ ਬਾਰੇ ਹੀ ਕਵਿਤਾਵਾਂ ਲਿਖਣੀਆਂ ਸ਼ੁਰੂ ਕਰ ਦਿੱਤੀਆਂ।

- ਬਾਲ-ਸਾਹਿਤ ਦੇ ਖੇਤਰ ਵਿਚ ਪ੍ਰਵੇਸ਼ ਕਰ ਰਹੇ ਨਵੇਂ ਲੇਖਕਾਂ ਲਈ ਤੁਹਾਡਾ ਕੀ ਸੁਨੇਹਾ ਹੈ?

ਬਾਲ-ਸਾਹਿਤ ਦੇ ਖੇਤਰ ਵਿਚ ਨਵੇਂ ਸ਼ਾਮਲ ਹੋ ਰਹੇ ਕਵੀਆਂ ਨੂੰ ਮੇਰੀ ਇਹੋ ਹੀ ਬੇਨਤੀ ਹੈ ਕਿ ਉਹ ਪਹਿਲਾਂ ਬੱਚਿਆਂ ਦਾ ਮਨੋ-ਵਿਗਿਆਨ ਸਮਝਣ ਲਈ ਉਨ੍ਹਾਂ ਵਿਚ ਉੱਠਣ-ਬੈਠਣ, ਮਿਲਣ-ਗਿਲਣ ਤਾਂ ਕਿ ਉਨ੍ਹਾਂ ਦੀਆਂ ਜ਼ਰੂਰਤਾਂ ਅਤੇ ਇੱਛਾਵਾਂ ਤੋਂ ਜਾਣੂ ਹੋ ਸਕਣ। ਵੱਧ ਤੋਂ ਵੱਧ ਬਾਲ-ਸਾਹਿਤ ਅਤੇ ਹੋਰ ਉਸਾਰੂ ਸਾਹਿਤ ਵੀ ਪੜ੍ਹਨ ਤਾਂ ਕਿ ਇਕ ਵਧੀਆ ਸਾਹਿਤ ਬਾਲ ਹੱਥਾਂ ਵਿਚ ਆ ਸਕੇ ਅਤੇ ਉਹ ਆਪਣੀ ਸਾਹਿਤਕ ਭੁੱਖ ਪੂਰੀ ਕਰ ਸਕਣ।

- ਸਮਕਾਲੀ ਬਾਲ ਕਵੀਆਂ ਦੀ ਸਿਰਜਣਾਤਮਿਕਤਾ ਬਾਰੇ ਕੀ ਕਹਿਣਾ ਚਾਹੋਗੇ?

ਸਮਕਾਲੀ ਬਾਲ ਕਵੀਆਂ ਵਿੱਚੋਂ ਕੁਝ ਕੁ ਤਾਂ ਵਧੀਆ ਲਿਖਦੇ ਹਨ ਪਰ ਬਹੁਤੇ ਅਜੇ ਵੀ ਸਾਧਾਰਨ ਪੱਧਰ ਦੀ ਤੁਕਬੰਦੀ ਹੀ ਪਰੋਸੀ ਜਾ ਰਹੇ ਹਨ ਜੋ ਕਿ ਅੱਜ ਦੇ ਕੰਪਿਊਟਰ ਯੁੱਗ ਵਿਚ ਕੋਈ ਅਰਥ ਨਹੀਂ ਰੱਖਦੀ। ਜਿਸ ਨੂੰ ਜੋ ਠੀਕ ਲਗਦਾ ਹੈ ਲਿਖ ਰਿਹਾ ਹੈ ਪਰ ਮੈਨੂੰ ਤਾਂ ਕੇਵਲ ਸੱਚ ਸਾਹਮਣੇ ਲਿਆਉਣ ਅਤੇ ਤਰਕ ਦੀ ਗੱਲ ਕਰਨ ਵਾਲੇ ਕਵੀ ਹੀ ਚੰਗੇ ਲੱਗਦੇ ਹਨ।

- ਕਰਮ ਸਿੰਘ ਜ਼ਖ਼ਮੀ

98146-28027

Posted By: Harjinder Sodhi