ਬਿੰਦਰ ਬਸਰਾ - ਅਮਨਦੀਪ ਚੱਠਾ ਹਿੰਦਸਿਆਂ ਨਾਲ ਖੇਡਣ ਵਾਲੀ ਉੱਚ ਅਧਿਕਾਰੀ ਹੈ। ਅੰਕੜਿਆਂ ਦੀਆਂ ਚੁਸਤੀਆਂ ਅਤੇ ਬਰੀਕੀਆਂ ਫੜਨਾ ਉਨ੍ਹਾਂ ਦਾ ਕਸਬ ਹੈ। ਉਹ ਭਾਰਤੀ ਲੇਖਾ ਪ੍ਰੀਖਿਆ ਅਤੇ ਲੇਖਾ ਸੇਵਾ ਦੇ ਅਧਿਕਾਰੀ ਹਨ। ਅੱਜ ਕੱਲ੍ਹ ਉਹ ਮਹਾਨਿਰਦੇਸ਼ਕ, ਲੇਖਾ ਪ੍ਰੀਖਿਆ ਦੇ ਤੌਰ 'ਤੇ ਰੇਲ ਲੇਖਾ ਪ੍ਰੀਖਿਆ, ਸਿਕੰਦਰਾਬਾਦ 'ਚ ਕਾਰਜਸ਼ੀਲ ਹਨ। ਆਮ ਤੌਰ 'ਤੇ ਜੋੜ-ਘਟਾਓ ਕਰਨ ਵਾਲਿਆਂ ਨੂੰ ਜ਼ਿੰਦਗੀ ਦੀ ਖ਼ੂਬਸੂਰਤੀ ਨੂੰ ਮਾਣਨ ਵਾਲਿਆਂ ਦੀ ਸੂਚੀ 'ਚ ਸਭ ਤੋਂ ਅਖ਼ੀਰ 'ਚ ਰੱਖਿਆ ਜਾਂਦਾ ਹੈ। ਪਰ ਅਮਨਦੀਪ ਚੱਠਾ ਨੇ ਹਿੰਦਸਿਆਂ ਤੋਂ ਪਾਰ ਜਾ ਕੇ ਸ਼ਬਦਾਂ ਦੇ ਸਮੁੰਦਰ ਦੀ ਗਹਿਰਾਈ ਅਤੇ ਵਿਸ਼ਾਲਤਾ ਨੂੰ ਜਿਵੇਂ ਅਨੁਭਵ ਕੀਤਾ ਅਤੇ ਸਿਰਜਣਾ 'ਚ ਢਾਲਿਆ, ਉਸ ਤੋਂ ਉਕਤ ਕਥਨ ਝੂਠਾ ਪੈਂਦਾ ਨਜ਼ਰ ਆਉਂਦਾ ਹੈ। ਅਮਨਦੀਪ ਚੱਠਾ ਦੀਆਂ ਹੁਣ ਤਕ ਚਾਰ ਪੁਸਤਕਾਂ ਪ੍ਰਕਾਸ਼ਤ ਹੋ ਚੁੱਕੀਆਂ ਹਨ। ਪਹਿਲੀ ਪੁਸਤਕ 'ਅਹਿਸਾਸ ਔਰ ਬੰਦਗੀ'(2009), ਦੂਜੀ 'ਇਨਾਇਤ' (2011),ਤੀਜੀ 'ਜ਼ਰਫ-ਏ-ਨਜ਼ਰ' ਅਤੇ ਚੌਥੀ ਪੁਸਤਕ 'ਜ਼ਾਫਰਾਨ' (2015) 'ਚ ਪ੍ਰਕਾਸ਼ਤ ਹੋਈਆਂ। 'ਰਹਿਨੁਮਾ' ਉਨ੍ਹਾਂ ਦੀ ਇਸੇ ਵਰ੍ਹੇ ਪ੍ਰਕਾਸ਼ਤ ਹੋਈ ਪੁਸਤਕ ਹੈ। ਇਸ ਪੁਸਤਕ ਵਿਚ ਉਨ੍ਹਾਂ ਆਪਣੀਆਂ ਪਹਿਲਾਂ ਪ੍ਰਕਾਸ਼ਤ ਹੋਈਆਂ ਦੋ ਪੁਸਤਕਾਂ 'ਅਹਿਸਾਸ ਔਰ ਬੰਦਗੀ' ਅਤੇ 'ਇਨਾਇਤ' 'ਚੋਂ ਚੋਣਵੀਆਂ ਕਾਵਿ ਟੁਕੜੀਆਂ ਸ਼ਾਮਲ ਕੀਤੀਆਂ ਹਨ।

ਕਾਵਿ ਸੰਗ੍ਰਹਿ 'ਰਹਿਨੁਮਾ' ਉਨ੍ਹਾਂ ਆਪਣੇ ਪਿਤਾ ਨੂੰ ਸਮਰਪਿਤ ਕੀਤਾ ਹੈ ਜਿਸ ਤੋਂ ਇਹ ਅੰਦਾਜ਼ਾ ਲੱਗ ਜਾਂਦਾ ਹੈ ਕਿ ਰਾਹ ਦਸੇਰਾ ਦਾ ਕੰਮ ਕਰਨ ਵਾਲੇ ਪਿਤਾ ਉਨ੍ਹਾਂ ਲਈ ਕਿੰਨੀ ਅਹਿਮੀਅਤ ਰੱਖਦੇ ਹਨ। ਪੁਸਤਕ ਦੀ ਜ਼ਿਆਦਤਰ ਸ਼ਾਇਰੀ ਬੱਚਿਆਂ ਲਈ ਮਾਂ-ਪਿਉ ਅਤੇ ਧੀਆਂ ਲਈ ਪੇਕੇ ਘਰ ਕੀ ਮਾਇਨੇ ਰੱਖਦਾ ਹੈ ਅਤੇ ਪਿਤਾ ਕਿਸ ਤਰ੍ਹਾਂ ਭਗਵਾਨ ਦਾ ਰੂਪ ਹਨ, ਦੇ ਵਿਸ਼ੇ ਦੁਆਲੇ ਘੁੰਮਦੀ ਹੈ। ਪੁਸਤਕ 'ਜ਼ਾਫਰਾਤ' ਜੀਵਨ ਦਰਸ਼ਨ ਅਤੇ ਪ੍ਰਭੂ ਭਗਤੀ ਦਾ ਸੁਮੇਲ ਹੈ।

ਅਮਨਦੀਪ ਚੱਠਾ ਦੀ ਕਵਿਤਾ ਪੜ੍ਹਦਿਆਂ ਬੰਦਗੀ ਦਾ ਅਹਿਸਾਸ ਪੈਦਾ ਹੁੰਦਾ ਹੈ। ਉਹ ਕਵਿਤਾ ਨੂੰ ਅਹਿਸਾਸ ਅਤੇ ਅਨੁਭਵ ਦੀ ਭੂਮੀ ਤੋਂ ਚਿਤਵਦੀ ਹੈ। ਰਿਸ਼ਤਿਆਂ ਦੇ ਤਾਣੇ-ਬਾਣੇ ਅਤੇ ਜ਼ਿੰਦਗੀ ਦੇ ਸਰੋਕਾਰਾਂ ਨੂੰ ਉਹ ਸ਼ਬਦਾਂ 'ਚ ਪਿਰੋਂਦੀ ਹੈ। ਉਸ ਦੀ ਸ਼ਾਇਰੀ ਨੂੰ ਸਮਝਣ ਤੋਂ ਪਹਿਲਾਂ ਕਾਵਿ ਕਲਾ ਦੇ ਪਿਛੋਕੜ ਬਾਰੇ ਕੁਝ ਵਿਚਾਰ ਕਰ ਲਿਆ ਜਾਵੇ। ਕਾਵਿ-ਕਲਾ ਦੇ ਵਿਕਾਸ ਤੋਂ ਪਹਿਲਾਂ ਵੀ ਲੋਕ ਆਪਣੀ ਸੋਚ ਨੂੰ ਵਾਰਤਕ ਰਾਹੀਂ ਇਕ ਦੂਜੇ ਨਾਲ ਸਾਂਝੀ ਕਰਦੇ ਹੀ ਸਨ ਪਰ ਇਹ ਗੁਫ਼ਤਗੂ ਨੂੰ ਸਾਹਿਤ ਦਾ ਨਾਂ ਨਹੀਂ ਸੀ ਦਿੱਤਾ ਗਿਆ। ਇਹ ਵੀ ਇਕ ਸਚਾਈ ਹੈ ਕਿ ਸਭ ਤੋਂ ਪਹਿਲਾਂ ਲੈਅਬੱਧ ਵਿਚਾਰਾਂ ਨੂੰ ਹੀ ਕਵਿਤਾ ਕਿਹਾ ਗਿਆ ਹੈ ਤੇ ਇਹੀ ਸਰਵ ਪਰਵਾਨਤ ਸੱਚ ਵੀ ਹੈ ਕਿ ਸਭ ਤੋਂ ਪਹਿਲਾਂ ਲਿਖਤੀ ਸਾਹਿਤ ਕਵਿਤਾ ਵਿਚ ਹੀ ਸਿਰਜਿਆ ਗਿਆ, ਬੇਸ਼ੱਕ ਉਹ ਸਾਹਿਤ ਤੰਤਰ-ਮੰਤਰ, ਆਰਥਿਕਤਾ, ਰਾਜਨੀਤੀ, ਸਾਹਿਤਕ ਜਾ ਕਿਸੇ ਹੋਰ ਵਿਸ਼ੇ ਨਾਲ ਸਬੰਧਤ ਸੀ। ਇਹ ਸਾਰਾ ਹੀ ਗਿਆਨ ਲੈਅਬੱਧ ਕਾਵਿ ਰੂਪ ਵਿਚ ਹੀ ਪ੍ਰਾਪਤ ਹੁੰਦਾ ਹੈ।

ਕਿਸੇ ਵੀ ਲੈਅ ਬੱਧ ਸਾਹਿਤਕ ਕਿਰਤ ਵਿਚ ਸਭ ਤੋਂ ਨਿੱਕੀ ਇਕਾਈ ਮਿਸਰਾ ਹੁੰਦੀ ਹੈ। ਇਹ ਇਕਾਈ ਅੱਖਰ ਤੋਂ ਸ਼ਬਦ ਤੇ ਫਿਰ ਮਿਸਰਾ ਤੇ ਮਿਸਰੇ ਤੋਂ ਸ਼ਿਅਰ ਦਾ ਰੂਪ ਇਖ਼ਤਿਆਰ ਕਰਦੀ ਹੈ। ਅੱਗੋਂ ਇਹ ਸ਼ਿਅਰ ਕਵਿਤਾ, ਗੀਤ ਜਾਂ ਗ਼ਜ਼ਲ ਦਾ ਰੂਪ ਲੈਂਦੇ ਹਨ। ਬੇਸ਼ੱਕ ਸ਼ਿਅਰ ਕਾਵਿ-ਸਾਹਿਤ ਦੀ ਛੋਟੀ ਇਕਾਈ ਹੈ ਪਰ ਇਸ ਦਾ ਘੇਰਾ ਅਸੀਮ ਹੈ। ਦੋ ਸਤਰਾਂ ਦੇ ਇਕ ਸ਼ਿਅਰ ਵਿਚ ਸਾਰੀ ਕਾਇਨਾਤ ਦੀ ਸੁੰਦਰਤਾ, ਦੁੱਖਾਂ-ਦਰਦਾਂ, ਖ਼ੁਸ਼ੀਆਂ ਚਾਵਾਂ ਦੀ ਵਿਆਖਿਆ ਕੀਤੀ ਹੁੰਦੀ ਹੈ। ਪੰਜਾਬੀ ਸਾਹਿਤ ਵਿਚ ਇਨ੍ਹਾਂ ਦੋ ਸਤਰਾਂ ਦੇ ਸਾਹਿਤ ਨੂੰ ਦੋਹਰਾ, ਸ਼ਲੋਕ ਜਾਂ ਸ਼ਿਅਰ ਕਿਹਾ ਜਾਂਦਾ ਹੈ। ਦੋ ਸਤਰੀ ਇਨ੍ਹਾਂ ਕਾਵਿ-ਵੰਨਗੀਆਂ ਦਾ ਆਪਣਾ ਪਿੰਗਲ/ਅਰੂਜ਼ ਅਨੁਸਾਰ ਬਹਿਰ ਵਜ਼ਨ ਜਾਂ ਤੋਲ ਤੁਕਾਂਤ ਹੁੰਦਾ ਹੈ। ਇਸ ਦੀ ਅਨੋਖੀ ਲੈਅ, ਸੁਹਜ-ਸੁਆਦ ਅਤੇ ਅਨੂਠੇ ਹੀ ਅੰਦਾਜ਼ ਵਿਚ ਸ਼ਾਇਰ ਦੁਆਰਾ ਲੁਕਾਈ ਜਾਂ ਆਪਣੇ ਮਨ ਦੀ ਗੱਲ ਨੂੰ ਇਨ੍ਹਾਂ ਵੰਨਗੀਆਂ ਰਹੀ ਕਿਹਾ ਜਾਂਦਾ ਹੈ। ਅਮਨਦੀਪ ਨੇ ਵੀ ਆਪਣੇ ਮਨ ਦੇ ਵਲਵਲਿਆਂ ਦੀ ਅਭਿਵਿਅਕਤੀ ਲਈ ਕਵਿ-ਸਾਹਿਤ ਦੀ ਮੁੱਢਲੀ ਇਕਾਈ ਨੂੰ ਚੁਣਿਆ ਹੈ। ਉਸ ਨੇ ਰਹਿਨੁਮਾ ਨਾਂ ਦੀ ਪੁਸਤਕ ਵਿਚ ਬਹੁਤ ਹੀ ਖ਼ੂਬਸੂਰਤ ਸ਼ਿਅਰਾਂ ਦੀ ਰਚਨਾ ਕੀਤੀ ਹੈ। ਸੌ ਪੰਨਿਆਂ ਦੀ ਇਸ ਪੁਸਤਕ ਵਿਚ ਉਸ ਨੇ ਆਪਣੀਆਂ ਪਹਿਲੀਆਂ ਪੁਸਤਕਾਂ ਵਿੱਚੋਂ ਅਤੇ ਕੁਝ ਨਵੇਂ ਸ਼ਿਅਰਾਂ ਸ਼ਾਮਿਲ ਕੀਤੇ ਹਨ। ਹੱਥਲੀ ਪੁਸਤਕ ਦਾ ਹੋਰ ਕਾਵਿ ਪੁਸਤਕਾਂ ਨਾਲੋਂ ਵੱਖਰਾਪਨ ਇਸ ਨਜ਼ਰੀਏ ਤੋਂ ਵੀ ਹੈ ਕਿ ਇਸ ਦੀ ਭਾਸ਼ਾ ਤ੍ਰੈ ਭਾਸ਼ਾਈ ਹੈ। ਤ੍ਰੈ ਭਾਸ਼ਾਈ ਉਰਦੂ, ਪੰਜਾਬੀ, ਹਿੰਦੀ ਨਹੀਂ ਬਲਕਿ ਉਰਦੂ, ਹਿੰਦੀ ਅਤੇ ਅੰਗਰੇਜ਼ੀ ਹੈ। ਅੰਗਰੇਜ਼ੀ ਦਾ ਇਹ ਅਰਥ ਨਹੀਂ ਕਿ ਇਨ੍ਹਾਂ ਸ਼ਿਅਰਾਂ ਦਾ ਅੰਗਰੇਜ਼ੀ ਭਾਸ਼ਾ ਵਿਚ ਅਨੁਵਾਦ ਕੀਤਾ ਗਿਆ ਹੈ। ਇਹ ਵਿਚ ਸਿਰਫ਼ ਰੋਮਨ ਤੇ ਉਰਦੂ ਅੱਖਰਾਂ ਦੀ ਵਰਤੋਂ ਕੀਤੀ ਗਈ ਹੈ, ਮੂਲ ਭਾਸ਼ਾ ਉਰਦੂ ਹੀ ਹੈ।ਸ਼ਿਅਰ ਦੀ ਆਤਮਾ 'ਚ ਉਰਦੂ ਦਾ ਰੰਗ ਹੈ। ਕਲਾਤਮਿਕ ਪੱਖੋਂ ਅਮਨਦੀਪ ਦੀ ਕਲਾ ਲਾਜਵਾਬ ਹੈ। ਉਸ ਦੀ ਸ਼ਾਇਰੀ ਦੀਆਂ ਰਮਜ਼ਾਂ ਸਮਝਣ ਵਾਲੀਆਂ ਹਨ। ਉਸ ਦੇ ਸ਼ਿਅਰਾਂ ਵਿਚ ਇਸ਼ਕ ਮਿਜ਼ਾਜੀ ਦੇ ਨਾਲ-ਨਾਲ ਇਸ਼ਕ ਹਕੀਕੀ ਦਾ ਝਲਕਾਰਾ ਵੀ ਪੈਂਦਾ ਹੈ। ਦੇਖੋ ਉਸ ਦੇ ਖ਼ੂਬਸੂਰਤ ਸ਼ਿਅਰਾਂ ਦਾ ਨਮੂਨਾ :

ਹਮਾਰਾ ਕੋਈ ਹਬੀਬ ਨਹੀਂ,

ਹਮਾਰਾ ਕੋਈ ਰਕੀਬ ਨਹੀਂ,

ਤੇਰੀ ਹਜ਼ੂਰੀ ਮੇਂ ਬੈਠਾ ਹੂੰ ਆਜ,

ਬਿਲਕੁੱਲ ਤਨਹਾ।

ਅਪਨੀ ਖ਼ੈਰ ਨਹੀਂ,

ਉਸ ਕੀ ਖ਼ੈਰੀਅਤ ਮਾਂਗਤਾ ਹੈ,

ਕਿਸੀ ਜਨਮ ਕਾ

ਫ਼ਰਿਸ਼ਤਾ ਹੈ ਆਸ਼ਿਕ।

ਜ਼ਰਾ ਕਮ ਪਿਆਰ ਕਰਤੇ ਤੋ

ਕਿਆ ਜਾਤਾ ਉਨਕਾ,

ਹਮ ਤੋ ਸੰਭਲ ਜਾਤੇ

ਕਿਸੀ ਅਭਾਵ ਕੇ ਤਲੇ।

ਜੋ ਦਿਲ ਮੇਂ ਸੋਜ਼ ਹੈ,

ਗਰ ਕਲਮ ਮੇਂ ਵੋ ਰਵਾਨੀ ਹੋਤੀ,

ਹਮ ਭੀ ਲਿਖਤੇ ਕੁਛ ਐਸਾ,

ਜੋ ਖ਼ੁਦਾ ਕਾ ਦੀਦਾਰ ਹੋਤਾ।

ਨਾ ਮਿਲਨੇ ਕੀ ਖ਼ਵਾਹਿਸ਼,

ਨਾ ਬਾਤ ਕਰਨੇ ਕੀ ਤਲਬ,

ਵੋਹ ਇਸ ਕਦਰ ਕਰੀਬ ਹੈ ਹਮਾਰੇ,

ਜ਼ਮਾਨੇ ਕੋ ਕੈਸੇ ਹੋਤੀ ਖ਼ਬਰ।

ਤਨਹਾਈ ਕਿਤਨੀ ਤਨਹਾ ਹੈ,

ਸਿਰਫ਼ ਆਈਨਾ ਜਾਨਤਾ ਹੈ ।

ਅਮਨਦੀਪ ਦੇ ਸ਼ਿਅਰਾਂ ਵਿਚ ਪਿਆਰ ਦਾ ਅਹਿਸਾਸ ਹੈ। ਕੁਝ ਕਹਿ ਕੇ ਵੀ ਕੁਝ ਨਾ ਕਹਿਣ ਦਾ ਮਲਾਲ ਹੈ। ਤਨਹਾਈ ਤੇ ਵਿਛੋੜੇ ਦੀਆਂ ਸਿਸਕੀਆਂ ਵੀ ਹਨ ਤੇ ਕੁਝ ਪਲ ਦੇ ਵਸਲ ਦੀ ਖ਼ੁਸ਼ੀ ਵੀ। ਉਸ ਦਾ ਇਸ਼ਕ ਜਿਸਮਾਂ ਦੀਆਂ ਹੱਦਾਂ ਬੰਨੇ ਪਾਰ ਕਰ ਕੇ ਕਿਸੇ ਅਗਮ-ਅਗੋਚਰ ਸ਼ਕਤੀ ਦੀ ਤਲਾਸ਼ ਵਿਚ ਹੈ। ਉਸ ਦੀ ਤਨਹਾਈ ਹੀ ਉਸ ਦੀ ਸਾਥਣ ਬਣਦੀ ਹੈ।

ਕੁਦਰਤ ਦੀ ਸੁੰਦਰਤਾ ਅਤੇ ਫੁੱਲਾਂ ਦੇ ਖਿੜਨ ਦਾ ਨਾਤਾ ਮਨ ਦੇ ਮੌਸਮ ਨਾਲ ਜੁੜਿਆ ਹੈ। ਬੁਝੇ ਮਨ ਲਈ ਖਿੜੇ ਫੁਲ ਵੀ ਕੋਈ ਮਾਇਨੇ ਨਹੀਂ ਰੱਖਦੇ। ਓਹੀ ਫੁੱਲ ਤੁਹਾਡੇ ਕਿਸੇ ਆਪਣੇ ਦੇ ਆਉਣ ਨਾਲ ਮਹਿਕ ਉਠਦੇ ਨੇ ਤਾਂ ਖ਼ਿਆਲ ਆਉਂਦਾ ਹੈ ਕਿ ਇਨ੍ਹਾਂ ਫੁੱਲਾਂ 'ਚ ਮਹਿਕ ਕਿੱਥੋਂ ਆਈ ਹੈ। ਇਸ ਖ਼ਿਆਲ ਨੂੰ ਅਮਨਦੀਪ ਨੇ ਆਪਣੇ ਸ਼ਿਅਰ 'ਚ ਹੋਰ ਵੀ ਦਿਲਚਸਪ ਅਤੇ ਖ਼ੂਬਸੂਰਤ ਬਣਾ ਦਿੱਤਾ ਹੈ :

ਤੁਮ ਆਏ ਲੌਟ ਕਰ ਤੋ ਯੇ ਰਾਜ਼ ਖੁਲਾ

ਫੂਲੋਂ ਕੀ ਮਹਿਕ ਕਹਾਂ ਗ਼ਾਇਬ ਥੀ।

ਅਮਨਦੀਪ ਪਰਿਵਾਰਿਕ ਰਿਸ਼ਤਿਆਂ ਦੀ ਉਧੇੜ-ਬੁਣ ਕਰਨ ਵਾਲੀ ਸ਼ਾਇਰਾ ਹੈ। ਰਿਸ਼ਤਿਆਂ ਦੇ ਟੁਟਣ-ਜੁੜਨ ਦੇ ਕਰਮ ਨੂੰ ਉਸ ਨੇ ਬਹੁਤ ਬਰੀਕੀ ਨਾਲ ਚਿਤਰਿਆ ਹੈ। ਰਿਸ਼ਤਿਆਂ ਬਾਰੇ ਉਨ੍ਹਾਂ ਦੇ ਦੋ ਸ਼ੇਅਰ ਦੇਖੋ :

ਪਾਨੀ ਮੇਂ ਹੁਬਾਬ ਜੈਸਾ

ਰਿਸ਼ਤਾ ਹੈ ਹਮਾਰਾ

ਆਜ ਹੈ ਕਲ ਨਹੀਂ,

ਫਿਰ ਭੀ ਬਨਤਾ ਜ਼ਰੂਰ ਹੈ।

ਏਕ ਅਜਬ ਸਾ ਰਿਸ਼ਤਾ ਹੈ,

ਏਕ ਸਾਗਰ, ਏਕ ਡੂਬਤਾ ਹੂਆ ਸਫੀਨਾ

ਕਹੀਂ ਗੁਮਾਨ ਗਹਿਰਾਈ ਕਾ,

ਕਹੀਂ ਡੂਬ ਕਰ ਉਸ ਕੋ ਮਾਪਨੇ ਕਾ।

ਕਿਸੇ ਆਪਣੇ ਪਿਆਰੇ ਦੀ ਉਡੀਕ ਲਈ ਇੰਨਾ ਸਬਰ ਅਤੇ ਸੰਜਮ ਦੇਖ ਕੇ ਮਨ ਬੇਕਾਬੂ ਹੋ ਉਠਦਾ ਹੈ। ਅਹਿਸਾਸ ਦੀ ਸ਼ਿੱਦਤ ਦੇਖੋ :

ਅਪਨਾ ਪਤਾ ਬਦਲਾ ਨਹੀਂ ਏਕ ਅਰਸੇ ਸੇ

ਤੇਰੇ ਖ਼ਤ ਕਾ ਇੰਤਜ਼ਾਰ ਹੈ।

ਪਿਆਰੇ ਨਾਲ ਮਿਲਣ ਦੇ ਅਨੁਭਵ ਨੂੰ ਕਿਸੇ ਵੀ ਤਰ੍ਹਾਂ ਬਿਆਨ ਨਹੀਂ ਕੀਤਾ ਜਾ ਸਕਦਾ। ਇਹ ਅਨੁਭਵ ਗੂੰਗੇ ਦੇ ਗੁੜ ਖਾ ਕੇ ਸਵਾਦ ਦੱਸਣ ਵਾਂਗ ਹੈ। ਇਸ ਅਨੁਭਵ ਦੀ ਦੁਹਾਈ ਉਹ ਹੀ ਲੋਕ ਪਾਉਂਦੇ ਹਨ ਜਿਨ੍ਹਾਂ ਕਦੇ ਇਸ਼ਕ-ਪਿਆਰ ਕੀਤਾ ਹੀ ਨਹੀਂ ਹੁੰਦਾ।

ਇਜ਼ਹਾਰ-ਏ-ਮੁਹੱਬਤ

ਕਰ ਸਕਤਾ ਹੈ ਵਹੀ

ਜਿਸ ਨੇ ਸ਼ਾਇਦ ਕਭੀ

ਮੁਹੱਬਤ ਕੀ ਹੀ ਨਹੀਂ

ਕਿਸੀ ਕੇ ਵਕਤ ਕੋ ਜਾਇਯਾ ਕਰਨੇ ਕਾ ਹਕ ਨਹੀਂ ਹਮਕੋ

ਹਮ ਨੇ ਕਿਆ ਮਹਿਸੂਸ ਕੀਆ, ਹਮ ਕਿਉਂ ਬਤਾਏਂ ਕਿਸੀ ਕੋ

ਇਸ ਤਰ੍ਹਾਂ ਮਿਲਣ ਲਈ ਤੜਪ ਅਤੇ ਇੰਤਜ਼ਾਰ ਦੇ ਅਨੁਭਵ ਦੇ ਬਹੁਤ ਗਹਿਰੇ ਅਰਥਾਂ ਵਾਲੇ ਸ਼ਿਅਰ ਇਸ ਪੁਸਤਕ 'ਚ ਪਏ ਹਨ।

ਹਮਾਰੀ ਖ਼ਵਾਹਿਸ਼ੋਂ ਪਰ ਏਤਰਾਜ਼

ਨਾ ਕੀਜੀਏ

ਹਮੇਂ ਏਕ ਔਰ ਜਨਮ ਕੀ ਸਜ਼ਾ ਸੇ

ਬਚਾ ਲੀਜੀਏ

ਬਾਤ ਅਬ ਖ਼ਵਾਹਿਸ਼ੋਂ ਸੇ ਪਰੇ ਹੈ

ਉਸ ਕੇ ਦਾਮਨ ਦਾ ਹਿੱਸਾ ਬਨ ਗਏ ਹਮ।

ਅਧੂਰੀਆਂ ਇੱਛਾਵਾਂ ਨੇ ਉਸ ਨੂੰ ਪੂਰਨਤਾ ਦੇ ਰਾਹ ਪਾਇਆ ਹੈ। ਸੋ ਅਮਨਦੀਪ ਦੀ ਸ਼ਾਇਰੀ ਨਿੱਜ ਤੋਂ ਸ਼ੁਰੂ ਹੋ ਕੇ ਪਰ ਤਕ ਦਾ ਸਫ਼ਰ ਤੈਅ ਕਰਦੀ ਹੋਈ ਸੂਫ਼ੀਅਤ ਦੀਆਂ ਰਾਹਾਂ ਵੱਲ ਦਾ ਰੁਖ਼ ਕਰਦੀ ਨਜ਼ਰ ਆਉਂਦੀ ਹੈ। ਬਾਬਾ ਫ਼ਰੀਦ ਜੀ ਨੇ ਮਿੱਟੀ ਦੇ ਮਨੁੱਖ ਨਾਲ ਸਦੀਵੀ ਰਿਸ਼ਤੇ ਦੀ ਬਾਤ ਪਾਈ ਹੈ। ਜਿਹੜੀ ਮਿੱਟੀ ਮਨੁੱਖ ਦੇ ਜਿਊਂਦੇ ਜੀਅ ਉਸ ਦੇ ਪੈਰਾਂ ਹੇਠ ਵਿਛੀ ਰਹਿੰਦੀ ਹੈ ਓਹੀ ਮਿੱਟੀ ਉਸ ਦੇ ਮੌਤ ਦੀ ਆਗ਼ੋਸ਼ 'ਚ ਚਲੇ ਜਾਣ ਤੋਂ ਬਾਅਦ ਉਸ ਨੂੰ ਢਕ ਲੈਂਦੀ ਹੈ। ਬਿਲਕੁਲ ਅਜਿਹੇ ਰਿਸ਼ਤੇ ਦੀ ਬਾਤ ਅਮਨਦੀਪ ਨੇ ਪਾਈ ਹੈ ਕਿ ਮਿੱਟੀ ਨਾਲ ਮਨੁੱਖ ਦਾ ਨਾਤਾ ਸਦੀਆਂ ਪੁਰਾਣਾ ਹੈ। ਸਾਡੇ ਇਸ ਨਾਸ਼ਵਾਨ ਸਰੀਰ ਦੇ ਮਿੱਟੀ 'ਚ ਮਿਲ ਜਾਣ ਪਿੱਛੋਂ ਉਸੇ ਮਿੱਟੀ 'ਚੋਂ ਘੁਮਿਆਰ ਕੁਲਹੜ ਤਿਆਰ ਕਰਦਾ ਹੈ। ਜਿਸ 'ਚ ਚਾਹ ਪੀਂਦਿਆਂ ਸਾਨੂੰ ਆਪਣੀ ਮਿੱਟੀ ਦੀ ਮਹਿਕ ਆਉਂਦੀ ਹੈ

ਕੁਲਹੜ ਮੇਂ ਜਬ ਚਾਏ ਪੀ ਤੋ ਆਪਣੀ ਮਹਿਕ ਆਈ।

ਕਿ ਮਿੱਟੀ ਮੇਂ ਮਿੱਟੀ ਹੋਤੇ ਹਮੇ ਭੀ ਕਿਤਨੀ ਸਦੀਆਂ ਬੀਤ ਗਈ।